ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਹਮਲੇ ਤੇਜ਼

ਲਵੀਵ: ਯੂੁਕਰੇਨ ਸਰਕਾਰ ਨੇ ਕਿਹਾ ਕਿ ਰੂਸੀ ਫੌਜਾਂ ਵੱਲੋਂ ਮਾਰਿਉਪੋਲ ਵਿਚ ਇਕ ਮਸਜਿਦ ‘ਤੇ ਹਮਲਾ ਕੀਤਾ ਗਿਆ ਹੈ, ਜਿੱਥੇ ਬੱਚਿਆਂ ਸਣੇ 80 ਤੋਂ ਵੱਧ ਵਿਅਕਤੀਆਂ ਨੇ ਪਨਾਹ ਲਈ ਹੋਈ ਸੀ ਜਦਕਿ ਰਾਜਧਾਨੀ ਕੀਵ ਨੇੜੇ ਵੀ ਹਮਲੇ ਤੇਜ ਹੋ ਗਏ ਹਨ। ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਮਾਰਿਉਪੋਲ ਵਿਚ ਹਾਲਾਤ ਤਰਸਯੋਗ ਹੋ ਗਏ ਹਨ ਅਤੇ ਉਥੇ ਭੋਜਨ ਜਾਂ ਪਾਣੀ ਪਹੁੰਚਾਉਣ ਅਤੇ ਫਸੇ ਹੋਏ ਲੋਕਾਂ ਨੂੰ ਕੱਢ ਕੇ ਲਿਆਉਣਾ ਮੁਸ਼ਕਲ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਤੁਰਕੀ ਸਥਿਤ ਯੂਕਰੇਨੀ ਦੂਤਘਰ ਨੇ ਜਾਣਕਾਰੀ ਦਿੱਤੀ ਸੀ ਕਿ ਰੂਸ ਵੱਲੋਂ ਜਾਰੀ ਹਮਲਿਆਂ ਦੌਰਾਨ ਮਾਰਿਉਪੋਲ ਦੀ ਮਸਜਿਦ ਵਿਚ ਫਸੇ ਲੋਕਾਂ, ਜਿਨ੍ਹਾਂ ਵਿਚ ਤੁਰਕੀ ਦੇ 86 ਨਾਗਰਿਕ (36 ਬੱਚਿਆਂ ਸਣੇ) ਵੀ ਸ਼ਾਮਲ ਹਨ, ਵੱਲੋਂ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀਵ ਦੇ ਆਲੇ-ਦੁਆਲੇ ਬਹੁਤੇ ਇਲਾਕਿਆਂ ‘ਚ ਲੜਾਈ ਹੋ ਰਹੀ ਹੈ। ਰੂੁਸ ਵੱਲੋਂ ਯੂਕਰੇਨ ਦੇ ਪੱਛਮ ਵਿਚ ਹਵਾਈ ਪੱਟੀਆਂ ਤੋਂ ਇਲਾਵਾ ਇਕ ਉਦਯੋਗਿਕ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਮਾਰਿਉਪੋਲ ਮੇਅਰ ਦਫਤਰ ਵੱਲੋਂ ਦੱਸਿਆ ਕਿ ਬੰਬਾਰੀ ਕਾਰਨ ਉਥੇ ਮਰੇ ਲੋਕਾਂ ਨੂੰ ਦਫਨਾਇਆ ਨਹੀਂ ਜਾ ਸਕਿਆ ਹੈ। ਮੇਅਰ ਦਫਤਰ ਮੁਤਾਬਕ ਮਾਰਿਉਪੋਲ ਵਿੱਚ 12 ਦਿਨਾਂ ਦੇ ਹਮਲਿਆਂ ਦੌਰਾਨ ਮ੍ਰਿਤਕਾਂ ਦੀ ਗਿਣਤੀ 1,500 ਤੋਂ ਵੱਧ ਹੋ ਚੁੱਕੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਰਿਉਪੋਲ ਤੋਂ ਲਗਭਗ 489 ਕਿਲੋਮੀਟਰ ਦੂਰ ਪੱਛਮ ਵਿਚ ਸਥਿਤ ਸ਼ਹਿਰ ਮਾਈਕੋਲੋਵ ਵਿਚ ਹੋਏ ਜਬਰਦਸਤ ਹਮਲੇ ਦੌਰਾਨ ਇਕ ਕੈਂਸਰ ਹਸਪਤਾਲ ਅਤੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੈਂਸਕੀ ਨੇ ਕਿਹਾ ਕਿ ਰੂਸ ਵੱਲੋਂ ਹੋਰ ਸੈਨਿਕ ਯੁੂਕਰੇਨ ਵਿਚ ਭੇਜੇ ਜਾ ਰਹੇ ਹਨ। ਯੂਕਰੇਨੀ ਬਲਾਂ ਨੇ ਮਾਰਿਉਪੋਲ ਗੋਲੀਬੰਦੀ ਲਾਂਘੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇਣ ਲਈ ਰੂਸ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਖੇਤਰੀ ਗਵਰਨਰ ਓਲੈਕਸੀ ਕੁਲੇਬਾ ਨੇ ਕਿਹਾ ਕਿ ਯੂਕਰੇਨ ਦੇ ਕੀਵ ਇਲਾਕੇ ਦੇ ਮੂਹਰਲੇ ਕਸਬਿਆਂ ਵਿਚੋਂ ਲੋਕਾਂ ਨੂੰ ਬਚਾਅ ਕੇ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਾਇਡਨ ਵੱਲੋਂ ਯੂਕਰੇਨ ਲਈ 20 ਕਰੋੜ ਡਾਲਰ ਮਨਜ਼ੂਰ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ ਯੂਕਰੇਨ ਲਈ 20 ਕਰੋੜ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਫੰਡਾਂ ਨਾਲ ਯੂਕਰੇਨ ਵਾਸੀਆਂ ਨੂੰ ਵਾਧੂ ਹਥਿਆਰ, ਫੌਜੀ ਸੇਵਾਵਾਂ, ਸਿੱਖਿਆ ਅਤੇ ਸਿਖਲਾਈ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ।