ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ…

ਜੇ ਹਰ ਵੇਲੇ ਗਿੱਧਾ ਜਾਂ ਭੰਗੜਾ ਹੀ ਪਈ ਜਾਵੇ, ਤਾਂ ਖਿਝੇ ਲੋਕਾਂ ਨੇ ਢੋਲਕੀ ਤੇ ਢੋਲ ਦੋਵੇਂ ਪਾੜ ਕੇ ਢੇਰ ‘ਤੇ ਸੁੱਟ ਆਉਣੇ ਹਨ। ਸਾਡੇ ਹੁਕਮਰਾਨਾਂ ਨੇ ਦੱਸਿਆ ਹੈ ਕਿ ਹਕੂਮਤ ਕਰਨ ਲਈ ਨਾ ਤਾਂ ਬਹੁਤਾ ਪੜ੍ਹੇ-ਲਿਖੇ ਹੋਣ ਦੀ ਲੋੜ ਹੈ, ਤੇ ਨਾ ਹੀ ਸਿਆਣਪ ਦੀ; ਰਾਜਨੀਤੀ ਸਿਰਫ਼ ਜੁਗਾੜ ਦੀ ਖੇਡ ਹੈ। ਉਂਜ ਤਾਕਤ ਦੇ ਨਸ਼ੇ ਵਿਚ ਉਹ ਗੱਦਾਫ਼ੀ ਪਰਿਵਾਰ ਵਾਂਗ ਅੱਖਾਂ ਮੀਚ ਕੇ ਅਣਦੇਖੀ ਕਰਨ ਦਾ ਯਤਨ ਕਰ ਰਹੇ ਹਨ। ਗੱਦਾਫੀ ਨੂੰ ਨਾ ਵੀ ਹੋਇਆ ਹੋਵੇ, ਪਰ ਉਹਦੇ ਪੁੱਤਰ ਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਹੈ ਕਿ ਜਦੋਂ ਵਕਤ ਆਇਆ ਤਾਂ ਲੋਕ ਜੁਗਾੜ ਵੀ ਕਿਸੇ ਹੱਦ ਤੱਕ ਹੀ ਬਰਦਾਸ਼ਤ ਕਰਨਗੇ। ਇਕ ਵਾਰ ਚਿੜੇ ਨੇ ਚਿੜੀ ਨੂੰ ਬੜੇ ਲਾਡ ਨਾਲ ਪੁੱਛਿਆ ਕਿ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਏਂ? ਚਿੜੀ ਨੂੰ ਪਤਾ ਸੀ ਕਿ ਚਿੜਾ ਜੁਗਾੜੀ ਏ, ਤੇ ਬੁੱਲ੍ਹ ਢਿੱਲੇ ਕਰੀ ਫਿਰਦੈ। ਉਹ ਕਹਿਣ ਲੱਗੀ, “ਅੜਿਆ ਤੈਨੂੰ ਮੈਂ ਏਨਾ ਪਿਆਰ ਕਰਦੀ ਆਂ ਕਿ ਕਿਤੇ ਚਕੋਰ ਵੀ ਵੇਖ ਲਵੇ ਤਾਂ ਉਹ ਵੀ ਚੰਨ ਨੂੰ ਆਖੇ, ‘ਛੱਡ ਪਰੇ ਹੁਣ ਫੇਰ ਆ ਜਾਈਂ ਕਿਤੇ’, ਪਰ ਔਂਤਰਿਆ ਇਕ ਗੱਲ ਨੇ ਮੇਰਾ ਦਿਲ ਕੋਲੇ ਕਰ ਕੇ ਰੱਖ’ਤਾæææ।” ਚਿੜਾ ਉਤਸੁਕ ਹੋ ਗਿਆ, “ਹੋ ਕੀ ਹੋ ਗਿਐ?” ਕਹਿਣ ਲੱਗੀ, “ਪਿੰਡੋਂ ਬਾਹਰ ਜਿਹੜਾ ਨਿੰਮ ਵਾਲਿਆਂ ਦਾ ਘਰ ਐ, ਉਨ੍ਹਾਂ ਦੇ ਬਨੇਰੇ ‘ਤੇ ਮੈਂ ਜਾ ਕੇ ਬੈਠ ਗਈ। ਉਨ੍ਹਾਂ ਦਾ ਨਿੰਮਾ ਧਾੜ ਦੇਣੀ ਨਿੰਮ ਹੇਠ ਡੱਠੇ ਮੰਜੇ ‘ਤੇ ਡਿੱਗ ਪਿਆ। ਉਹਦੀ ਘਰ ਵਾਲੀ ਅੰਦਰੋਂ ਵੇਲਣਾ ਚੁੱਕੀ ਆਈ, ਪੈ ਗਈ ਟੁੱਟ ਕੇ, ਆਂਹਦੀ-ਚਿੜਿਆ ਜਿਹੈ! ਅੱਜ ਫੇਰ ਆ ਗਿਆ ਟੁੰਨ ਹੋ ਕੇ। ਜੇ ਕੱਲ੍ਹ ਨੂੰ ਫੇਰ ਏਦਾਂ ਆਇਆ ਤਾਂ ਮੈਨੂੰ ਵੀ ਚਿੜੀ ਵਾਂਗ ਸ਼ਰੀਫ ਨਾ ਸਮਝੀਂ। ਤੇਰਾ ਝਾਟਾ ਪੱਟ ਕੇ ਹੱਥ ਫੜਾਊਂ। ਮੈਂ ਤਾਂ ਉਥੋਂ ਧਾਹਾਂ ਮਾਰਦੀ ਆਈ ਆਂ, ਪਈ ਇਹ ਸਾਡਾ ਮੀਆਂ ਬੀਵੀ ਦਾ ਨਾਂ ਵਿਚ ਕਾਹਨੂੰ ਫਸਾਈ ਜਾਂਦੇ ਆ।” ਚਿੜਾ ਤਾਂ ਬਾਜ਼ੀਗਰ ਵਾਂਗ ਗਿੱਠ ਗਿੱਠ ਹਾਸੇ ‘ਚ ਉਲਰੇ। ਕਹਿਣ ਲੱਗਾ, “ਨੀ ਮੇਰੀਏ ਭੋਲੀਏ ਪਤਨੀਏ ਚਿੜੀਏ! ਇਹ ਬੰਦੇ ਅੱਜਕੱਲ੍ਹ ਆਪਣੇ ਸ਼ਰੀਫਾਂ ਦਾ ਨਾਂ ਬਦਨਾਮ ਕਰਨ ਲੱਗੇ ਹੋਏ ਆ। ਹਾਲੇ ਤੱਕ ਕਿਸੇ ਮੱਛੀ, ਜਾਨਵਰ ‘ਤੇ ਇਲਜ਼ਾਮ ਨ੍ਹੀਂ ਲੱਗਾ ਕਿ ਉਹ ਪੈਗ ਲਾਉਂਦਾ ਹੋਊ, ਸਮੈਕ ਖਿੱਚਦਾ ਹੋਊ ਜਾਂ ਨਾਗਣੀ ਛਕਦਾ ਹੋਊ। ਇਹ ਬੰਦੇ ਹੁਣ ਬੰਦੇ ਨ੍ਹੀਂ ਰਹੇ। ਇਨ੍ਹਾਂ ਪਿੱਛੇ ਨਾ ਲੱਗ। ਆ ਜਾ ਤੂੰ ਆਪਾਂ ਘੁੱਟ ਕੇ ਮਿਲੀਏ।” ਬੰਦਿਆਂ ਦੀ ਕਰਤੂਤ ‘ਤੇ ਦੋਵੇਂ ਹੱਸਦੇ ਪੌਂਚੇ ‘ਚ ਪੌਚਾਂ ਫਸਾ ਕੇ ਫੁ-ਰ-ਰ ਹੋ ਗਏ। ਬੰਦਾ ਅੱਖਾਂ ਮੀਟ ਕੇ ਹੁਣ ਧਿਆਨ ਪਰਮਾਤਮਾ ਨਾਲ ਲਾਉਣ ਦਾ ਡਰਾਮਾ ਕਰਨ ਲੱਗਾ ਹੋਇਐ। ਅੱਖਾਂ ਇਸ ਕਰ ਕੇ ਨ੍ਹੀਂ ਖੋਲ੍ਹ ਰਿਹਾ ਕਿ ਡਾਢਾ ਨਾ ਕਿਤੇ ਬੋਦਾ ਪੱਟਣ ਲੱਗ ਪਵੇ।

ਐਸ਼ ਅਸ਼ੋਕ ਭੌਰਾ
ਜਦੋਂ ਜ਼ੁਬਾਨ ਚੁੱਪ ਹੋਵੇ, ਤੇ ਅੱਖਾਂ ਗੱਲਾਂ ਕਰਨ ਲੱਗ ਪੈਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਦੁਨੀਆਂ ਨਾਲ ਕਾਰਸਤਾਨੀ ਕਰਨਗੇ ਹੀ। ਮਰਦ ਦੀ ਮੁਹੱਬਤ ਪੱਲਾ ਅੱਡ ਕੇ ਖਲੋਤੀ ਹੋਵੇ ਤੇ ਔਰਤ ਸੁੰਦਰਤਾ ਨੂੰ ਹਾਸੇ ‘ਚ ਲਪੇਟ ਕੇ ਸਿਰ ਨਾਂਹ ਵਿਚ ਹਿਲਾ ਦੇਵੇ ਤਾਂ ਉਹ ਇਹ ਕਹਿਣ ਦਾ ਯਤਨ ਕਰ ਰਹੀ ਹੁੰਦੀ ਹੈ, ‘ਤੈਥੋਂ ਪਹਿਲਾਂ ਮੈਂ ਇਸ ਨਿਉਂਦੇ ਵਿਚ ਬਹੁਤ ਘਾਟੇ ਖਾ ਚੁੱਕੀ ਹਾਂ।’ ਤਜਰਬਾ ਇਹ ਵੀ ਦੱਸਦਾ ਹੈ ਕਿ ਜਦੋਂ ਕੋਈ ਇਸ ਪਿਆਰ ਦੀ ਮੁਹਾਰਨੀ ਵਿਚ ਉਲਝ ਚੁੱਕਾ ਹੋਵੇ, ਉਹਨੂੰ ਚੰਨ ‘ਤੇ ਤਾਂ ਸ਼ੱਕ ਨਹੀਂ ਹੁੰਦਾ, ਚਾਨਣੀ ਇਉਂ ਲੱਗ ਰਹੀ ਹੁੰਦੀ ਹੈ ਜਿਵੇਂ ਜੈਨਰੇਟਰ ਤੇਲ ਮੁੱਕਣ ਤੱਕ ਹੀ ਬਿਜਲੀ ਪੈਦਾ ਕਰ ਰਿਹਾ ਹੁੰਦਾ ਹੈ। ਬੱਚੇ ਤੇ ਕੁੱਤੇ ਵਿਚ ਇਕ ਸਮਾਨਤਾ ਇਹ ਹੁੰਦੀ ਹੈ ਕਿ ਉਹ ਜੋ ਵੀ ਅੱਗੇ ਪਿਆ ਹੋਵੇ, ਉਸੇ ਨੂੰ ਖਾਣ ਦੀ ਕਾਹਲ ਕਰ ਰਹੇ ਹੁੰਦੇ ਹਨ। ਦੂਜੇ ਬੰਨ੍ਹੇ, ਮਰਦ ਤੇ ਔਰਤ ਵਿਚ ਪਿਆਰ ਕਰਨ ਦੀ ਉਸਲਵੱਟ ਤਾਂ ਇਕੋ ਜਿਹੀ ਹੁੰਦੀ ਹੈ, ਪਰ ਔਰਤ ਕੁਰਬਾਨ ਹੋਣ ਤੱਕ ਜਾਣ ਨੂੰ ਕਾਹਲੀ ਹੁੰਦੀ ਹੈ ਤੇ ਮਰਦ ਇਕਾਂਤ ਜਾਂ ਹਨੇਰੀ ਰਾਤ ਲੱਭਣ ਦੇ ਯਤਨ ਵਿਚ ਲੱਗਾ ਹੋਇਆ ਹੁੰਦਾ ਹੈ। ਇਸਤਰੀ ਸ਼ਿੰਗਾਰ ਇਸ ਕਰ ਕੇ ਨਹੀਂ ਕਰਦੀ ਕਿ ਉਹ ਮਰਦ ਨੂੰ ਸੋਹਣੀ ਲੱਗੇ; ਉਹ ਖੂਬਸੂਰਤ ਕੱਪੜੇ ਇਸ ਕਰ ਕੇ ਨਹੀਂ ਪਹਿਨਦੀ ਕਿ ਸੁੰਦਰਤਾ ਨੂੰ ਰੂਪ ਦੀ ਹੋਰ ਪਾਣ ਚੜ੍ਹੇ; ਉਹ ਇਕ-ਮਾਤਰ ਫਾਰਮੂਲੇ ‘ਤੇ ਕੰਮ ਕਰ ਰਹੀ ਹੁੰਦੀ ਹੈ ਕਿ ਤੂੰ ਸਹੇਲੀ ਤਾਂ ਲੱਖ ਵਾਰ ਹੋਵੇਂਗੀ, ਪਰ ਸ਼ਿੰਗਾਰ ‘ਚ ਮੁਕਾਬਲਾ ਸੌਕਣ ਆਢੇ ਵਾਲਾ ਹੈ।
ਅਸੀਂ ਸ਼ਹਿਰਾਂ ਨੂੰ ਤਾਂ ਨਹੀਂ ਨਿੰਦਦੇ, ਪਰ ਜਿਨ੍ਹਾਂ ਦੇ ਜਨਮ ਦਾ ਇੰਦਰਾਜ ਚੌਕੀਦਾਰਾਂ ਨੇ ਪੰਜ ਰੁਪਏ ਸ਼ਗਨ ਲੈ ਕੇ ਆਪਣੇ ਹਿਸਾਬ-ਕਿਤਾਬ ਵਿਚ ਲਿਖਿਆ ਹੈ, ਉਨ੍ਹਾਂ ਨਾਲ ਕੁਦਰਤ ਦੀ ਭਾਈਵਾਲੀ ਚੰਗੀ ਬਣੀ ਰਹੀ ਹੈ; ਕਿਉਂਕਿ ਰੱਬ ਨੇ ਜਾਂ ਕੁਦਰਤ ਨੇ ਪਿੰਡਾਂ ਵਿਚ ਵਸਣ ਨੂੰ ਵੱਧ ਤਰਜੀਹ ਦਿੱਤੀ ਹੈ। ਪਿੰਡਾਂ ਦੀ ਆਲੋਚਨਾ ਕਰਨ ਵਾਲੇ ਉਥੇ ਖਿਲਾਰੀਆਂ ਰੂੜੀਆਂ ਦੀ ਗੱਲ ਕਰਨਗੇ, ਅਨਪੜ੍ਹਤਾ ਦੇ ਗੀਤ ਗਾਉਣਗੇ, ਉਠਣ-ਬੈਠਣ ਪਹਿਨਣ ਤੇ ਖਾਣ-ਪੀਣ ‘ਚ ਨੁਕਸ ਕੱਢਣਗੇ; ਪਰ ਪਿੰਡਾਂ ਵਾਲਿਆਂ ਕੋਲ ਸਾਫੇ ਦੇ ਨਾਲ ਸੁਭਾ ਦੀਆਂ ਖੁੱਲ੍ਹੀਆਂ ਚਾਦਰਾਂ ਵੀ ਹੁੰਦੀਆਂ ਹਨ। ਹਾਲੇ ਤੱਕ ਇਹ ਖਬਰ ਕਦੇ ਵੀ ਨਹੀਂ ਆਈ ਕਿ ਛੁੱਟੀਆਂ ਕੱਟਣ ਗਿਆ ਕੋਈ ਸ਼ਹਿਰੀ ਬੱਚਾ ਨਾਨਕੇ ਪਿੰਡ ਜਾ ਕੇ ਬਿਮਾਰ ਹੋ ਗਿਆ ਹੋਵੇ। ਉਹ ਵਾਪਸ ਮੁੜਦਿਆਂ ਸੇਰ ਭਾਰ ਵਧਾ ਕੇ ਹੀ ਆਇਆ ਹੋਵੇਗਾ। ਅੰਗਰੇਜ਼ੀ ਰਾਜ ਵਿਚ ਸੁਰੱਖਿਆ ਦੇ ਨਜ਼ਰੀਏ ਤੋਂ ਪਿੰਡਾਂ ਵਿਚ ਵੱਡੇ ਦਰਵਾਜ਼ੇ ਬਣਾਏ ਗਏ ਸਨ, ਪਰ ਜੇ ਗੱਲ ਪੱਖਪਾਤੀ ਨਾ ਮੰਨੋ ਤਾਂ ਇਥੇ ਦੋ ਪਾਤਰ ਅਜਿਹੇ ਰਹੇ ਹਨ ਜਿਨ੍ਹਾਂ ਦੁਆਲੇ ਅਭਿਨੇਤਾ ਅਭਿਨੇਤਰੀ ਵਾਂਗ ਫਿਲਮ ਚਲਦੀ ਰਹੀ ਹੈ, ਜਾਂ ਦੋ ਸਿਰਨਾਵੇਂ ਅਜਿਹੇ ਰਹੇ ਨੇ ਕਿ ਪੇਂਡੂਆਂ ਦੇ ਨਾਂ ਕੁਦਰਤ ਅਤੇ ਰੱਬ ਨੇ ਬਿਨਾਂ ਟਿਕਟੋਂ ਸਿੱਧੀਆਂ ਚਿੱਠੀਆਂ ਇਨ੍ਹਾਂ ਦੇ ਨਾਂ ਹੀ ਲਿਖ ਕੇ ਭੇਜੀਆਂ ਹਨ। ਸੱਚ ਇਹ ਹੈ ਕਿ ਬੋਹੜ ਤੇ ਪਿੱਪਲ ਨੂੰ ਪਿੰਡਾਂ ਤੋਂ ਅਲੱਗ ਕਰ ਕੇ ਨਹੀਂ ਵੇਖਿਆ ਜਾ ਸਕਦਾ। ਜੇ ਯੁੱਗ ਤਬਦੀਲੀ ਹੋਣ ‘ਤੇ ਸਭ ਤੋਂ ਵੱਧ ਅੱਥਰੂ ਇਹ ਵਹਾ ਰਹੇ ਹਨ ਤਾਂ ਸਿਰਫ ਇਸ ਕਰ ਕੇ ਕਿ ਲੰਮੀਆਂ ਉਮਰਾਂ ਇਨ੍ਹਾਂ ਦੀਆਂ ਹੀ ਹਨ। ਇਨ੍ਹਾਂ ਪਿੱਪਲਾਂ ਬੋਹੜਾਂ ਹੇਠ ਹੀ ਪਿੰਡਾਂ ਦੀਆਂ ਵਿਧਾਨ ਸਭਾਵਾਂ ਦੇ ਸੈਸ਼ਨ ਵੀ ਚਲਦੇ ਰਹੇ ਹਨ ਤੇ ਇਨ੍ਹਾਂ ਹੇਠਾਂ ਹੀ ਅਦਾਲਤਾਂ ਲਗਦੀਆਂ ਰਹੀਆਂ ਹਨ। ਕਿੱਕਲੀ, ਗਿੱਧੇ, ਤੀਆਂ ਦੇ ਰਾਗ ਪਿੱਪਲ ਤੇ ਬੋਹੜ ਦੇ ਟਾਹਣਿਆਂ ‘ਚੋਂ ਨਿਕਲਦੇ ਰਹੇ ਹਨ ਤੇ ਮੱਝੀਆਂ ਤੇ ਗਾਂਵਾਂ ਲਈ ਇਨ੍ਹਾਂ ਦੀਆਂ ਛਾਂਵਾਂ ‘ਮੈਰੀਡਨ’ ਹੋਟਲ ਦੇ ਏæਸੀæ ਕਮਰਿਆਂ ਵਰਗੀਆਂ ਹੁੰਦੀਆਂ ਹਨ ਤੇ ਪਿੰਡ ਦੇ ਰਾਤੀਂ ਜਾਗਣ ਵਾਲੇ ਦਰਵੇਸ਼ ਵੀ ਇਥੇ ਸੁੱਤੇ ਪਏ ਵੇਖੇ ਜਾ ਸਕਦੇ ਹਨ। ਜਿਨ੍ਹਾਂ  ਪਿੰਡਾਂ ਨੇ ਇਨ੍ਹਾਂ ਦੋ ਪਾਤਰਾਂ ਦੇ ਕਤਲ ਕਰ ਦਿੱਤੇ ਹਨ, ਉਹ ਬਰਬਾਦੀ ਦੀਆਂ ਚੀਕਾਂ ਮਾਰ ਰਹੇ ਹਨ, ਤੇ ਜਿਥੇ ਇਨ੍ਹਾਂ ਦੀ ਬੁੱਢੀ ਦੇਹ ਹਾਲੇ ਬਰਕਰਾਰ ਹੈ, ਉਥੋਂ ਦੇ ਲੋਕ ਆਸਵੰਦ ਨੇ ਕਿ ਸਤਿਯੁਗ ਪਰਤ ਆਵੇਗਾ।
ਜਵਾਨੀ ਜਦੋਂ ਜਾਣ ਵਾਲੀ ਸੀ, ਉਦੋਂ ਮੋਹਕਮ ਮੁਲਕ ਛੱਡ ਕੇ ਪਰਦੇਸੀ ਹੋ ਗਿਆ। ਉਹਦੀ ਜ਼ਿੰਦਗੀ ਵਿਚ ਵਿਛੋੜੇ ਨੇ ਦੱਸ ਦਿੱਤਾ ਸੀ ਕਿ ਤਿੰਨ ਕਾਣੇ ਕੀ ਹੁੰਦੇ ਹਨ; ਕਿਉਂਕਿ ਜ਼ਿਮੀਦਾਰਾਂ ਦਾ ਜਾਗਰ ਤੇ ਪੰਡਿਤਾਂ ਦਾ ਜੁਗਲ ਕਿਸ਼ੋਰ ਹੁਣ ਜਿਗਰੀ ਯਾਰ ਹੋ ਕੇ ਵੀ ਵਿਛੋੜੇ ਦੀਆਂ ਲਕੀਰਾਂ ਵਿਚ ਫਸ ਗਏ ਸਨ। ਪੂਰੇ ਇੱਕੀ ਸਾਲਾਂ ਬਾਅਦ ਜਦੋਂ ਉਹ ਪੂਰੇ ਦਾ ਪੂਰਾ ਸਫੈਦ ਹੋ ਕੇ ਅਮਰੀਕਾ ਤੋਂ ਦੇਸ਼ ਪਰਤ ਰਿਹਾ ਸੀ ਤਾਂ ਪੁਰਾਣੀਆਂ ਯਾਦਾਂ ਠੁਮਕ-ਠੁਮਕ ਕਰ ਰਹੀਆਂ ਸਨ ਕਿ ਜਾਗਰ ਨਾਲ ਧਾਹ ਗਲਵੱਕੜੀ ਪਾ ਕੇ ਮਿਲਾਂਗਾ। ਲਾਲੇ ਨੂੰ ਵੀ ਛੇੜਾਂਗਾ ਕਿ ਲਸਣ ਖਾਣ ਲੱਗਾ ਕਿ ਨਹੀਂ। ਪਿੰਡ ਦੀ ਜੂਹ ਵਿਚ ਜਦੋਂ ਮੋਹਕਮ ਵੜਨ ਲੱਗਾ ਤਾਂ ਸਿਵਿਆਂ ਨੂੰ ਜਾਂਦੇ ਮੋੜ ‘ਤੇ ਬੈਠਾ ਸਦੀਆਂ ਪੁਰਾਣਾ ਬੋਹੜ ਆ ਗਿਆ। ਉਹਨੇ ਪਿਛਲੀ ਸੀਟ ਤੋਂ ਗੱਡੀ ਦਾ ਸ਼ੀਸ਼ਾ ਹੇਠਾਂ ਕਰ ਕੇ ਵੇਖਿਆ ਤਾਂ ਲੱਗਾ ਜਿਵੇਂ ਸੁੱਤੀਆਂ ਪਈਆਂ ਬੱਕਰੀਆਂ ‘ਚ ਇਕ ਨਿੱਕਾ ਜਿਹਾ ਮੇਮਣਾ ਉਜਾੜ ਬੀਆਬਾਨ ਵਿਚ ਉਹਦਾ ਸਵਾਗਤ ‘ਮੈਂ ਮੈਂ’ ਕਰ ਕੇ ਕਰ ਰਿਹਾ ਹੋਵੇ।
ਪਹਿਲੇ ਚੌਰਾਹੇ ‘ਤੇ ਜਦੋਂ ਗੱਡੀ ਮੁੜਨ ਲੱਗੀ ਤਾਂ ਮੋਹਕਮ ਨੇ ਵੇਖਿਆ, ਬੱਸਾਂ, ਟੈਂਪੂ ਉਡੀਕਣ ਵਾਲੇ ਕਮਰੇ ਵਿਚ ਚੌਕੀਦਾਰ ਸਾਧੂ ਖੂੰਡੀ ਦਾ ਦੋਵੇਂ ਹੱਥਾਂ ਨਾਲ ਸਹਾਰਾ ਬਣਾ ਕੇ ਬੈਠਾ ਹੈ। ਮੋਹਕਮ ਨੇ ਗੱਡੀ ਰੁਕਵਾਈ ਤੇ ਭੱਜ ਕੇ ਸਾਧੂ ਨੂੰ ਚਿੰਬੜ ਗਿਆ।
ਐਨਕਾਂ ਉਤਾਂਹ-ਠਾਂਹ ਕਰਦਿਆਂ ਚੌਕੀਦਾਰ ਨੇ ਪੁੱਛਿਆ, “ਮੈਂ ਸਿਆਣਿਆਂ ਨ੍ਹੀਂ?”
“ਮੈਂ ਮੋਹਕਮ ਆਂ ਕਰਤਾਰ ਸਿੰਹੁ ਦਾ, ਅਮਰੀਕਾ ਤੋਂ ਆਇਆਂ।”
“ਅੱਛਾ! ਮੈਨੂੰ ਤਾਂ ਸਾਲੀ ਮਾੜੀ ਔਲਾਦ ਖਾ ਗਈ, ਤਾਂ ਹਫ਼ ਗਿਆਂ! ਤੂੰ ਵੀ ਬੁੱਢਾ ਕੁੱਕੜ ਬਣੀ ਫਿਰਦੈਂ?”
“ਚੌਕੀਦਾਰਾ, ਪਾਣੀ ਦਾ ਫਰਕ ਪੈ ਜਾਂਦਾ ਥੋੜ੍ਹਾ, ਪਰ ਭਜਨਾ ਤੇ ਕਾਂਤਾ ਠੀਕ ਐ।”
“ਉਨ੍ਹਾਂ ਦੀ ਤਾਂ ਗੱਲ ਕਰਦੈਂ। ਜੰਮੇ ਤਾਂ ਸਾਲੇ ਛੇ-ਸੱਤ ਸਾਲ ਦੇ ਫਰਕ ਨਾਲ ਸਨ, ਪਰ ਤੁਰ ਗਏ ਡੇਢ ਮਹੀਨੇ ‘ਚ ਦੋਵੇਂ।”
“ਕੀ ਗੱਲ ਹੋ ਗਈ ਸੀ, ਢਿੱਲੇ ਮੱਠੇ ਸੀ?”
“ਲੱਗ ਜੂ ਪਤਾ ਦੋ-ਚਾਰ ਦਿਨ ‘ਚ। ‘ਕੱਲੇ ਭਜਨਾ ਤੇ ਕਾਂਤਾ ਨ੍ਹੀਂ ਗਏæææ ਬੜੇ ਚਲੇ ਗਏ ਨੇ, ਤੇ ਬੜੇ ਜਾਣ ਨੂੰ ਕਾਹਲੇ ਨੇ। ਪਿੰਡ ਖਾਲੀ ਹੋਣ ਨੂੰ ਫਿਰਦੈ। ਹੁਣ ਮੋਹਕਮ ਸਿਹਾਂ ਘਰ ਵੈਲੀ ਪੁੱਤ ਆ।”
“ਚੱਲ ਆ ਬੈਠ ਗੱਡੀ ‘ਚ?”
“ਆਥਣੇ ਮਿਲੂੰ। ਹੁਣ ਤਾਂ ਚੱਲਿਆਂ ਸ਼ਹਿਰ ਨੂੰ। ਉਹਦੇ ਨਾਲ ਜਿਹੜੀ ਬਣ ਗਈ, ਦੂਜੀ ਵਾਰ ਫੇਰ ਸਰਪੰਚਣੀ। ਫੂਕਤਾ ਪਿੰਡ। ਵਜੀਰਾਂ ਨਾਲ ਰਲ ਕੇ ਵੇਚਦੀ ਆ ਸਭ ਖੇਹ-ਸੁਆਹ। ਚੋਰਾਂ ਨੇ ਕਿਹੜਾ ਸੰਤ ਲੀਡਰ ਚੁਣਨੇ ਹੁੰਦੇ ਆ। ਅੱਛਾ ਮੈਂ ਚੱਲਿਆਂ ਸ਼ਹਿਰ ਨੂੰ, ਰਾਤੇ ਦੀ ਚੋਰੀ ਹੋਈ ਆ। ਥਾਣੇਦਾਰ ਨੇ ਸੱਦਿਆ, ਪੰਚਾਇਤ ਨੂੰ ਵੀ।”
“ਚੋਰੀ ਕੀਹਦੇ ਹੋ ਗਈ?”
“ਪਰਸੋਂ ਆਇਆ ਸੀ ਜੁਗਲ ਕਿਸ਼ੋਰ ਦਾ ਤਾਇਆ ਪਿਸ਼ੌਰੀ ਲਾਲ ਵਲੈਤੋਂ। ਰਾਤੀਂ ਲੈ ਗਏ ਮਾਲ ਲੁੱਟ ਕੇ। ਹਾਲੇ ‘ਟੈਚੀਆਂ ਦੇ ਜੰਦੇ ਵੀ ਨ੍ਹੀਂ ਖੋਲ੍ਹੇ ਸੀ, ਭਰੇ-ਭਰਾਏ ਲੈ ਗਏ। ਤੂੰ ਵੀ ਬੜੇ ਚਿਰਾਂ ਬਾਅਦ ਆਇਆਂ ‘ਮਰੀਕਾ ਤੋਂ। ਖਿਆਲ ਰੱਖੀਂ, ਕਾਲੇ ਕੱਛਿਆਂ ਵਾਲੇ ਅੱਜਕੱਲ੍ਹ ਪਿੰਡੇ ਈ ਰਹਿੰਦੇ ਆ।”
ਸਾਧੂ ਤਾਂ ਟੈਂਪੂ ਚੜ੍ਹ ਗਿਆ ਸੀ ਸ਼ਹਿਰ ਨੂੰ, ਪਰ ਮੋਹਕਮ ਉਦਾਸ ਹੋ ਗਿਆ ਸੀ ਰੱਜ ਕੇ। ਐਸ ਪਿੰਡ ਲਈ ਵਿਲਕਦਾ ਰਿਹਾ ਇੱਕੀ ਸਾਲ। ਉਹਨੂੰ ਅੰਦਰੋਂ ਲੱਗ ਰਿਹਾ ਸੀ, ਸ਼ਾਇਦ ਸਿਰਨਾਵਾਂ ਗਲਤ ਹੋ ਗਿਆ। ਪਿੰਡ ਦਾ ਦਰਵਾਜ਼ਾ ਲੰਘਣ ਲੱਗਾ ਤਾਂ ਉਹਦੇ ਨਜ਼ਰੀਂ ਜਾਗਰ ਪਿਆ। ਮੋਹਕਮ ਨੇ ਕਾਰ ਰੁਕਵਾਈ। ਉਹਨੂੰ ਅਹਿਸਾਸ ਹੋਇਆ ਕਿ ਸ਼ਾਇਦ ਸੋਹਣੀ ਕੱਚੇ ‘ਤੇ ਹੀ ਝਨਾਂ ਪਾਰ ਕਰ ਗਈ ਸੀ। ਉਹ ਭੱਜ ਕੇ ਜਾਗਰ ਵੱਲ ਵਧਿਆ, ਪਰ ਹੋਇਆ ਇੰਜ ਜਿਵੇਂ ਕਿਸੇ ਸ਼ਰੀਫ ਦੇ ਅਚਾਨਕ ਤੁਰੇ ਆਉਂਦੇ ਦੇ ਗਧੇ ਨੇ ਦੁਲਤਾ ਮਾਰ ਦਿੱਤਾ ਹੋਵੇ। ਜਾਗਰ ਖਿਲਰ ਗਿਆ। ਗਲਵੱਕੜੀ ਦੀ ਥਾਂ ਬਾਹਾਂ ਗਲ ਪੈਣ ਲੱਗੀਆਂ।
“ਅੱਛਾ ਆ ਗਿਐਂ ਮੋਹਕਮਾ। ਮੈਂ ਤੈਨੂੰ ਸਮਝਦਾ ਸੀ ਜਿਗਰੀ ਯਾਰ, ਪਰ ਤੂੰ ਤਾਂ ਖੋਟੇ ਸਿੱਕੇ ਤੋਂ ਵੀ ਭੈੜਾ ਨਿਕਲਿਆ।”
“ਗੱਲ ਕੀ ਹੋਈ ਯਾਰ, ਮੈਨੂੰ ਤਾਂ ਆਏਂ ਲੱਗਾ ਪਈ ਤੂੰ ਸੁੱਤੇ ਪਏ ਦੇ ਚੁਪੇੜਾਂ ਮਾਰਨ ਲੱਗ ਪਿਐਂ।”
“ਮੰਨਿਆ ਤੂੰ ‘ਮਰੀਕਾ ਤੋਂ ਆਇਆਂ, ਪਰ ਭੋਲਾ ਨਾ ਬਣ। ਇਕ ਥਾਲੀ ‘ਚ ਖਾਂਦੇ ਰਹੇ, ਪਰ ਤੂੰ ਛੇਕ ਕਰ ਦਿੱਤਾæææ ਕੋਈ ਗੱਲ ਨ੍ਹੀਂ ਥਾਲੀ ਭੰਨ ਸੁੱਟੀ। ਪਿੰਡ ਨਿਗਲ ਜਾਣ ਵਾਲੀ ਮੁਸ਼ਟੰਡੀ ਔਰਤ ਬਣ ਗਈ ਤੇਰੇ ਪੈਸਿਆਂ ਨਾਲ ਸਰਪੰਚਣੀ। ਅਮਲੀ ਕੰਜਰ ਦੀ ਤੀਵੀਂ ਨੇ ਪਿੰਡ ਦੀ ਜਵਾਨੀ ਬਣਾ’ਤੀ ਅਮਲੀ। ਹਰ ਘਰ ‘ਚ ਗੱਭਰੂ ਦਾ ਸੱਥਰ ਵਿਛਾਉਣ ਨੂੰ ਫਿਰਦੀ ਐ, ਤੇ ਤੂੰ ਤਾਂ ਪਿੰਡ ਦਾ ਨਿਕਲਿਆ ਵੈਰੀ। ਮੇਰਾ ਪੁੱਤ ਖੜ੍ਹਾ ਸੀ ਉਹਦੇ ਮੁਕਾਬਲੇ। ਹਾਰ ਗਿਆ, ਚੜ੍ਹਾ’ਤਾ ਤੇਰਾ ਪੈਸਾ ਉਹਨੇ।”
“ਮੈਂ ਤਾਂ ਸਵਿਤਰੀ ਹਾਲੇ ਵੇਖੀ ਈ ਨ੍ਹੀਂ। ਪੈਸੇ ਤਾਂ ਮੈਂ ਭੇਜੇ ਸੀ ਟੂਰਨਾਮੈਂਟ ਕਰਾਉਣ ਲਈ, ਅੱਖਾਂ ਦਾ ਕੈਂਪ ਲਾਉਣ ਲਈ, ਸਕੂਲ ਵਾਸਤੇ ਜਨਰੇਟਰ ਲਈ, ਮੈਂ ਤਾਂ ਹੋਰ ਦੁਆਨੀ ਨ੍ਹੀਂ ਭੇਜੀ।”
“ਸਫਾਈਆਂ ਨਾ ਦੇਹ ਬਹੁਤੀਆਂ। ਹੈਂæææਪੰਜ ਜਮਾਤਾਂ ਪਾਸ ਤੀਵੀਂ ਤੁਸੀਂ ਲੋਕਾਂ ਨੇ ਚੜ੍ਹਾ’ਤੀ ਸਿਰ ਸਾਡੇ। ਅਮਲੀ ਕੰਜਰ ਦਾ ਡੇਕ ਥੱਲੇ ਪਿਆ ਰਹਿੰਦਾ ਟੱਲੀ ਹੋ ਕੇ, ਲਾਲ ਬੱਤੀਆਂ ਆਲੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਦਰਾਂ ਮੂਹਰੇ। ਤੂੰ ਵੀ ਉਧਰੇ ਈ ਜਾਇਆæææਸਾਨੂੰ ਪਤਾ ਤੁਸੀਂ ਲੋਕ ਬਾਹਰੋਂ ਆ ਕੇ ਕੀ ਕਰਦੇ ਆਂ ਇਥੇ। ਉਥੇ ਈ ਖੇਹ ਖਾਣੀ ਆਂ ਤੂੰ ਵੀ। ਹੋਰ ਪੈਸੇ ਕਾਹਦੇ ਵਾਸਤੇ ਭੇਜਦਾ ਸੀæææ।”
ਤੇ ਜਾਗਰ ਨੇ ਜਦੋਂ ਇਕੋ ਸਾਹੇ ਸਾਉਣ ਦੇ ਛੱਰਾਟੇ ਵਰਗੇ ਕਬੋਲਾਂ ਦੀ ਵਾਛੜ ਕੀਤੀ ਤਾਂ ਉਹ ਅੰਦਰੋਂ ਟੁੱਟ ਤਾਂ ਗਿਆ ਸੀ, ਪਰ ਇਹ ਗੱਲ ਜ਼ਰੂਰ ਪੱਲੇ ਪੈ ਗਈ ਸੀ ਕਿ ਜੇ ਬਿਨਾਂ ਕਸੂਰੋਂ ਛਿੱਤਰਾਂ ਦਾ ਹਾਰ ਗਲ ਪੈ ਰਿਹਾ ਹੈ ਤਾਂ ਪੱਕੀ ਗੱਲ ਹੈ ਕਿ ਇਹ ਪਿੰਡ ਹੁਣ ਸ਼ਰੀਫਾਂ ਦਾ ਡੇਰਾ ਨਹੀਂ ਰਿਹਾ। ਕਿੱਕਰਾਂ ਦੇ ਫੁਲਾਂ ਦਾ ਹਾਰ ਪੁਆ ਕੇ ਜਦੋਂ ਉਹ ਘਰ ਦੇ ਆਂਗਣ ਵਿਚ ਬੈਠਣ ਲੱਗਾ ਤਾਂ ਭਰਾ ਦੀਆਂ ਨੂੰਹਾਂ ਨੇ ਬਿਸਤਰਾ ਤਾਂ ਵਧੀਆ ਕੀਤਾ ਹੋਇਆ ਸੀ, ਪਰ ਹਾਲਾਤ ਇਹ ਸਨ ਕਿ ਧਰਤੀ ਤਾਂ ਖੜ੍ਹੀ ਸੀ ਪਰ ਮੰਜਾ ਘੁੰਮ ਰਿਹਾ ਸੀ।
ਹਾਲੇ ਮੋਹਕਮ ਨੇ ਘੁੱਟ ਪਾਣੀ ਦੀ ਬੂੰਦ ਹੀ ਅੰਦਰ ਲੰਘਾਈ ਹੋਵੇਗੀ ਕਿ ਜਦ ਨੂੰ ਸੁਣ-ਸੁਣਾ ਕੇ ਉਹਦਾ ਤੀਜਾ ਆੜੀ ਜੁਗਲ ਕਿਸ਼ੋਰ ਵੀ ਆ ਗਿਆ।
ਜਦੋਂ ਉਹ ਘੁੱਟ ਕੇ ਗਲ ਲੱਗ ਕੇ ਮਿਲਿਆ ਤਾਂ ਮੋਹਕਮ ਦਾ ਵਿਸ਼ਵਾਸ ਬਹਾਲ ਹੋਣ ਲੱਗਾ ਕਿ ਸੁਦਾਮੇ ਦਾ ਯੁੱਗ ਹੈਗਾ, ਪਰ ਜਦੋਂ ਜੁਗਲ ਕਿਸ਼ੋਰ ਨੇ ਜੱਫੀ ਛੱਡ ਕੇ ਅੱਖਾਂ ਪੂੰਝਦਿਆਂ ਕਿਹਾ, “ਮੋਹਕਮਾ! ਕਾਹਨੂੰ ਆਇਆਂ ਇਥੇ, ਤੇਰਾ ਕੀ ਰਹਿ ਗਿਆ ਸੀ ਜੋ ਫਿਰ ਲੱਭਣ ਆ ਗਿਆ ਏਂæææ ਇਹ ਸੀ ਤਾਂ ਧਰਤੀ ਪੰਜ ਦਰਿਆਵਾਂ ਦੀ, ਪਰ ਕੁਰੂਕਸ਼ੇਤਰ ਬਣ ਗਈ ਏ।”
“ਜੀਵਨ ਦਾ ਕੀ ਹਾਲੇ ਏ?”
ਜੁਗਲ ਕਿਸ਼ੋਰ ਦਰਦ ਵਿਚ ਜਿਵੇਂ ਫਿਸ ਗਿਆ ਹੋਵੇ, “ਮੋਹਕਮਾ, ਤੂੰ ਛੇੜਦਾ ਹੁੰਦਾ ਸੀ ਨਾ ਕਿ ਲਸਣ ਪਿਆਜ ਖਾਇਆ ਕਰੋ ਲਾਲਿਓæææਪਰ ਅਸੀਂ ਤਾਂ ਤੇਰਾ ਕਹਿਣਾ ਨ੍ਹੀਂ ਮੰਨਿਆ, ਪਰ ਧੋਣੇ ਧੋ ਗਿਆ ਜੀਵਨ ਸਾਰੇ।”
“ਆਂਡਾ ਊਂਡਾਂ ਖਾਣ ਲੱਗ ਪਿਐ?”
“ਆਂਡੇ ਵੀ ਖਾ ਲੈਂਦਾ, ਤਾਂ ਕੋਈ ਗੱਲ ਨ੍ਹੀਂ ਸੀ; ਮੁਰਗਾ ਬੱਕਰਾ ਖਾ ਲੈਂਦਾ ਤਾਂ ਵੀ ਦੁੱਖ ਨਾ ਮਨਾਉਂਦੇ; ਘੁੱਟ ਪੀ ਵੀ ਲੈਂਦਾ ਤਦ ਵੀ ਜਰ ਲੈਂਦੇæææ।”
“ਫੇਰ ਖਾਣ ਕੀ ਲੱਗ ਪਿਆ?”
“ਸਾਢੇ ਤਿੰਨ ਮਹੀਨੇ ਹੋ ਗਏ, ਜੇਲ੍ਹ ‘ਚ ਈ ਮਰ ਗਿਐ। ਸਮੈਕ ਪੀਣ ਲੱਗ ਪਿਆ ਸੀ। ਸਾਡਾ ਤਾਂ ਫੁਕ’ਤਾ ਸਭ ਕੁਝ। ਪ੍ਰੀਤੋ ਵਿਚਾਰੀ ਨ੍ਹੀਂ ਗਰੀਬੜੀ ਜਿਹੀ, ਉਹਦੇ ਘਰੋਂ ਭਾਂਡੇ ਚੋਰੀ ਕਰਨ ਗਿਆ ਸੀ, ਉਹਨੇ ਪਛਾਣ ਲਿਆ। ਦੋ ਹੋਰ ਸੀ ਨਾਲ। ਜੇਲ੍ਹ ‘ਚ ਨਸ਼ਾ ਨਾ ਮਿਲਿਆ। ਜਿੱਦਾਂ ਮੋਹਕਮਾ ਤੇਰਾ ਕੁੱਤਾ ਨ੍ਹੀਂ ਸੀ ਮਰਿਆ ਹਲਕ ਕੇ, ਆਏਂ ਮਰ ਗਿਆ ਨਸ਼ਿਆਂ ‘ਚ ਹਲਕਿਆ। ਮੈਂ ਤਾਂ ਕਹਿਨਾਂ ਤੂੰ ਆਇਆਂ, ਧੰਨ ਭਾਗ਼ææਜੀ ਆਇਆਂ ਨੂੰ। ਦਿਹਾੜੀ ਡੰਗ ਰਹਿ ਤੇ ਮੁੜ ਜਾ ਪਿੱਛੇ ਨੂੰ। ਮੈਂ ਤਾਂ ਤੈਨੂੰ ਦੱਸਣ ਆਇਆ ਸੀ, ਭਾਈ ਕੁੱਤੇ ਵੀ ਡਰੇ ਪਏ ਆ ਪਿੰਡ ਦੇ। ਉਹ ਵੀ ਨ੍ਹੀਂ ਭੌਂਕਦੇ ਕਿਉਂਕਿ ਪਿੰਡ ਦੇ ਕਸਾਈਆਂ ਦੀ ਢਾਣੀ ਸਾਰੀ ਰਾਤ ਜਾਗਦੀ ਐ। ਕੱਲ੍ਹ ਵਲੈਤੀਆ ਕਿਸ਼ੋਰੀ ਲਾਲ ਲੁੱਟ ਲਿਆ। ਸੁਣਿਆ ‘ਮਰੀਕਾ ਤਾਂ ਵਲੈਤ ਤੋਂ ਉਪਰ ਆ, ਆਪਣਾ ਖਿਆਲ ਰੱਖੀਂ। ਅੱਖ ਤੇਰੇ ‘ਤੇ ਹੋਣੀ ਐ ਸਾਰਿਆਂ ਦੀ।”
ਮੋਹਕਮ ਦੀਆਂ ਨਜ਼ਰਾਂ ਪਥਰਾ ਗਈਆਂ, ਜ਼ੁਬਾਨ ਖੁਸ਼ਕ ਹੋ ਗਈ ਤੇ ਜੁਗਲ ਕਿਸ਼ੋਰ ਵੀ ਬਿਨਾਂ ਜੁਆਬ ਲਏ ਹੀ ਤੁਰ ਗਿਆ।
ਗਰਮੀ ਵੀ ਅੱਤ ਦੀ ਸੀ। ਬਿਜਲੀ ਦੀ ਆਈ ਚਲਾਈ ਹੋ ਰਹੀ ਸੀ। ਪੱਖਾ ਕਦੇ ਬੰਦ ਹੋ ਜਾਂਦਾ, ਕਦੇ ਚੱਲ ਪੈਂਦਾ। ਮੋਹਕਮ ਦੀਆਂ ਅੱਖਾਂ ‘ਚ ਸਫ਼ਰ ਦੀ ਥਕਾਵਟ ਨਾਲ ਵੀ ਨੀਂਦ ਨਹੀਂ ਸੀ ਪੈ ਰਹੀ। ਉਹ ਸੋਚ ਰਿਹਾ ਸੀ, ਚੰਗਾ ਹੋਇਆ ਬਲਵੀਰੋ ਨਾਲ ਨ੍ਹੀਂ ਆਈ। ਬੇਟੀ ਸ਼ਿੰਦਰ ਆਉਣ ਨੂੰ ਤਾਂ ਕਾਹਲੀ ਸੀ, ਪਰ ਉਹਦਾ ਫੈਸਲਾ ਮੁਲਤਵੀ ਕਰਨਾ ਠੀਕ ਰਿਹਾ। ਬਲਜੀਤ ਨੂੰ ਤਾਂ ਮੈਂ ਹੁਣ ਕਦੇ ਲੈ ਕੇ ਨਹੀਂ ਆਵਾਂਗਾ। ਨੀਂਦ ਉਸ ਤੋਂ ਕੋਹਾਂ ਦੂਰ ਸੀ। ਉਹ ਉਠਿਆ ਤੇ ਸੁੱਕੇ ਖੂਹ ਲਾਗੇ ਪੁਰਾਣੇ ਪਿੱਪਲ ਹੇਠ ਜੜ੍ਹਾਂ ‘ਚ ਢੋਅ ਲਾ ਕੇ ਬੈਠ ਗਿਆ। ਬੀਤੇ ਯੁੱਗਾਂ ਦੀ ਗਿਣਤੀ ਵਿਚ ਉਹਦੀ ਅੱਖ ਲੱਗੀ ਹੀ ਸੀ ਕਿ ਪਿੱਪਲ ਬੋਲ ਪਿਆ, ‘ਮੋਹਕਮ ਸਿਹਾਂ, ਮੈਂ ਤੇਰੇ ਦਰਦ ਨੂੰ ਸਮਝਦਾਂ, ਪਰ ਤੇਰਾ ਦਰਦ ਮੈਥੋਂ ਵੱਡਾ ਨਹੀਂ ਹੈ। ਚਲੋ ਉਦਾਸ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਮੈਂ ਤਾਂ ਹਰ ਵਕਤ ਰੋਂਦਾ ਹਾਂ। ਪਹਿਲਾਂ ਖੂਹ ਸੁੱਕਿਆ ਤਾਂ ਧੀਆਂ, ਨੂੰਹਾਂ ਤੇ ਘੜੇ ਆਉਣੋਂ ਹਟ ਗਏ। ਫਿਰ ਪੀਂਘ ਵੀ ਲੱਥ ਗਈ। ਤ੍ਰਿੰਞਣ ਵੀ ਅਲਵਿਦਾ ਕਹਿ ਗਏ। ਸੱਥਾਂ ਦੇ ਵਕਤ ਕਤਲ ਕਰ ਦਿੱਤੇ। ਫਿਰ ਮੇਰੇ ਹੇਠ ਬੁੱਢੇ ਲੋਕ ਤਾਂ ਆਉਂਦੇ ਰਹੇ, ਸਿਆਣੇ ਲੋਕ ਨਹੀਂ ਆਏ। ਬਿਜਲੀ ਵਾਲਿਆਂ ਨੇ ਨਵੀਆਂ ਤਾਰਾਂ ਖਿੱਚਣ ਦੇ ਚੱਕਰ ‘ਚ ਸੱਜੇ ਪਾਸਿਉਂ ਮੇਰੀ ਬੱਖੀ ਹੀ ਛਾਂਗ ਦਿੱਤੀ। ਕੱਲ੍ਹ ਸਰਪੰਚਣੀ ਹੇਠ ਖੜ੍ਹੀ ਗੱਲਾਂ ਕਰਦੀ ਮੈਂ ਸੁਣੀ ਕਿ ਪਿੱਪਲ ਪਹਿਲਾਂ ਤਾਂ ਬੱਕਰੀਆਂ ਵਾਲੇ ਸਰਨੇ ਨੂੰ ਛਾਂਗਣ ਲਈ ਦੇਈਦਾ ਸੀ, ਹੁਣ ਤਾਂ ਮੁੰਡੇ ਕਹਿੰਦੇ ਨੇ ਕਿਹੜਾ ਹੁਣ ਇਹਦੇ ਛਾਂਵੇਂ ਬੈਠਦਾ? ਟਾਈਮ ਕੀਹਦੇ ਕੋਲ ਐ? ਜਾਨਵਰ ਸਾਰਾ ਦਿਨ ਇਹਦੇ ‘ਤੇ ਬੈਠ ਕੇ ਬਿੱਠਾਂ ਕਰ ਕੇ ਗੰਦ ਪਾਈ ਰੱਖਦੇ ਨੇ। ਵੱਢੀਏ ਫਾਹਾ ਇਹਦਾ। ਸਰਕਾਰ ਨੇ ਗ੍ਰਾਂਟ ਭੇਜੀ ਆ ਪੰਚਾਇਤ ਘਰ ਬਣਾਉਣ ਦੀ, ਇਥੇ ਹੀ ਬਣਾ ਦਿੰਨੇ ਆਂ। ਮੈਂ ਵੀ ਕੁਛ ਦਿਨ ਦਾ ਈ ਪ੍ਰਾਹੁਣਾ ਆਂæææਕਾਤਲ ਆਰੇ ਚੁੱਕੀ ਫਿਰਦੇ ਨੇ। ਨਸ਼ਈ ਮੇਰੀਆਂ ਜੜ੍ਹਾਂ ‘ਚ ਪਤਾ ਨ੍ਹੀਂ ਕੀ-ਕੀ ਫਸਾ ਕੇ ਲਕੋਈ ਜਾਂਦੇ ਨੇ,
ਬਾਂਕੇ ਦੀ ਪੋਤੀ ਨੇ ਮੱਦੀ ਦੇ ਪੁੱਤ ਨਾਲ ਪਿੰਡੇ ਵਿਆਹ ਕਰਵਾ ਲਿਐæææਜੈਲੇ ਦੀ ਜਿੰਦਰੋ ਪਿੰਡ ਦੀਆਂ ਧੀਆਂ ਭੈਣਾਂ ਨੂੰ ਸ਼ਹਿਰ ਲਿਜਾ ਕੇ ਧੰਦਾ ਕਰਵਾਉਂਦੀ ਹੈæææਪਰਸੋਂ ਸਿਆਣੀ-ਬਿਆਣੀ ਚੰਨੋ ‘ਤੇ ਪੰਚਾਇਤ ਹੋਈ ਸੀ, ਪਰ ਇਹ ਕਾਲਜ ਜਾਂਦੀਆਂ ਕੁੜੀਆਂ ਨੂੰ ਖਰਾਬ ਕਰਦੀ ਹੈæææਤੀਜੇ ਦਿਨ ਖੱਪ ਪਈ ਰਹਿੰਦੀ, ਕੋਈ ਕਿਸੇ ਦੀ ਧੀ-ਭੈਣ ਨੂੰ ਆਪਣੀ ਨ੍ਹੀਂ ਮੰਨਦਾæææਯਾਰ ਬਣਾ ਕੇ ਹੁਣ ਯਾਰ ਮਾਰ ਹੋਣ ਲੱਗੀ ਐæææਪਿੰਡ ਦੀ ਚੌਧਰਾਣੀ ਜਿਹੜੀ ਦੂਜੀ ਵਾਰ ਲੋਕਾਂ ਨੇ ਚੁਣੀ ਆ, ਮੈਂ ਚੁੱਪ ਰਿਹਾ ਹਾਂæææਪਰਸੋਂ ਅੱਧੀ ਰਾਤੀਂ ਮੇਰੀ ਪਿੱਠ ਨਾਲ ਲੱਗ ਲੰਬੜਾਂ ਦੇ ਮਹਿੰਦਰ ਨਾਲ ਕਲੋਲਾਂ ਕਰ ਰਹੀ ਸੀæææਮੋਹਕਮ ਸਿਹਾਂæææਜਾ ਮੁੜ ਜਾ! ਇਥੇ ਤੇਰਾ ਕੱਖ ਨ੍ਹੀਂæææਜੇ ਅੱਜ ਨ੍ਹੀਂ ਤਾਂ ਕੱਲ੍ਹ ਤੈਨੂੰ ਲੁੱਟ ਲਵੇਗੀ ਪਿੰਡ ਦੀ ਮੁੰਡ੍ਹੀਰ ਕਾਲੇ ਕੱਛੇ ਪਾ ਕੇæææਉਹ ਰੌਣਕਾਂ ਖਾ ਲਈਆਂ ਨੇ ਲੀਡਰਾਂ ਨੇ ਜਿਹੜੀਆਂ ਤੂੰ ਲੱਭਣ ਆਇਐਂæææ।’
ਤੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਗਈ ਸੀ। ਮੋਹਕਮ ਦਾ ਕਿਸੇ ਨੂੰ ਪਤਾ ਈ ਨ੍ਹੀਂ ਲੱਗਾ ਕਿ ਕਦੋਂ ਆਇਆ ਤੇ ਕਦੋਂ ਵਾਪਿਸ ਅਮਰੀਕਾ ਵੀ ਪਰਤ ਗਿਆ।
ਸੱਚੀਂ! ਵਕਤ ਹੁਣ ਤਰਕਹੀਣ ਨਹੀਂ ਰਿਹਾ। ਸ਼ਰਧਾ ਦਾ ਭਾਰ ਧਾਰਮਿਕ ਸਥਾਨ ਵੀ ਚੁੱਕਣ ਤੋਂ ਮੁੱਕਰ ਗਏ ਹਨ।
ਅੰਤਿਕਾ:
ਇਸ ਵਾਰੀ ਜਦ ਪਿੰਡੋਂ
ਹੋ ਕੇ ਆਇਆਂ ਹਾਂ।
ਆਪਣੇ ਹੀ ਗੱਲ ਲੱਗ ਕੇ
ਰੋ ਕੇ ਆਇਆਂ ਹਾਂ। (ਹਰਜਿੰਦਰ ਕੰਗ)

Be the first to comment

Leave a Reply

Your email address will not be published.