ਕੈਨੇਡਾ ਸੜਕ ਹਾਦਸੇ `ਚ ਪੰਜ ਪੰਜਾਬੀ ਵਿਦਿਆਰਥੀ ਹਲਾਕ

ਓਂਟਾਰੀਓ: ਕੈਨੇਡਾ ਦੇ ਟੋਰਾਂਟੋ ਸੂਬੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਮਾਰੇ ਗਏ ਵਿਦਿਆਰਥੀਆਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਸੀ ਤੇ ਸਾਰੇ ਪੰਜਾਬ ਨਾਲ ਸਬੰਧਤ ਹਨ।

ਇਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਤੇ ਪਵਨ ਕੁਮਾਰ ਵਜੋਂ ਹੋਈ ਹੈ। ਮੁਸਾਫ਼ਰ ਵੈਨ ਤੇ ਟਰੈਕਟਰ-ਟਰੇਲਰ ਦਰਮਿਆਨ ਟੱਕਰ ਇੰਨੀ ਜਬਰਦਸਤ ਸੀ ਕਿ ਵਿਦਿਆਰਥੀਆਂ ਦੀ ਥਾਂ ‘ਤੇ ਹੀ ਮੌਤ ਹੋ ਗਈ। ਹਾਦਸਾ ਦੱਖਣੀ ਓਂਟਾਰੀਓ ਦੇ ਕੁਇੰਟੇ ਵੈਸਟ ਸਿਟੀ ਦੇ ਹਾਈਵੇਅ 401 ‘ਤੇ ਬੈਲੇਵਿਲ ਤੇ ਟਰੈਂਟਲ ਕਸਬਿਆਂ ਨੇੜੇ ਹੋਇਆ। ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੀਆਂ ਜੇਬਾਂ ‘ਚੋਂ ਮਿਲੇ ਕਾਲਜਾਂ ਦੇ ਆਈ-ਕਾਰਡਾਂ ਤੋਂ ਹੋਈ। ਉਹ ਟੋਰਾਂਟੋ ਅਤੇ ਮੌਂਟਰੀਅਲ ਦੇ ਵਿਦਿਆਰਥੀ ਸਨ। ਓਂਟਾਰੀਓ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੇ ਹਾਦਸੇ ਨੂੰ ‘ਦਿਲ ਦਹਿਲਾਉਣ ਵਾਲਾ ਦੁਖਾਂਤ‘ ਦੱਸਦਿਆਂ ਕਿਹਾ ਕਿ ਟੋਰਾਂਟੋ ਸਥਿਤ ਭਾਰਤੀ ਮਿਸ਼ਨ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਪੀੜਤ ਵਿਦਿਆਰਥੀਆਂ ਦੇ ਦੋਸਤਾਂ-ਮਿੱਤਰਾਂ ਦੇ ਸੰਪਰਕ ਵਿਚ ਹੈ।