ਵੱਡੇ ਲੋਕ ਫਤਵੇ ਪਿੱਛੋਂ ਆਪ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ

ਚੰਡੀਗੜ੍ਹ: ਪੰਜਾਬ ਦੀ ਸੱਤਾ ‘ਤੇ ਲੰਮਾ ਸਮਾਂ ਕਾਬਜ਼ ਰਹੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕੇ ਪੰਜਾਬੀਆਂ ਲਈ ਆਮ ਆਦਮੀ ਪਾਰਟੀ ਵੱਡੀ ਉਮੀਦ ਬਣ ਕੇ ਉਭਰੀ ਹੈ। ਇਨ੍ਹਾਂ ਉਮੀਦਾਂ ਖਾਤਰ ਹੀ ਪੰਜਾਬੀਆਂ ਨੇ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਮੂਧੇ ਮੂੰਹ ਸੁੱਟ ਕੇ ‘ਆਪ‘ ਨੂੰ ਵੱਡਾ ਹੁੰਗਾਰਾ ਦਿੰਦਿਆਂ 117 ‘ਚੋਂ 92 ਸੀਟਾਂ ‘ਤੇ ਜਿੱਤ ਦਿਵਾਈ ਹੈ।

ਪੰਜਾਬੀਆਂ ਦੇ ਭਰੋਸੇ ਸਦਕਾ ‘ਆਪ` ਨੇ ਜਿੰਨੀ ਵੱਡੀ ਜਿੱਤ ਹਾਸਲ ਕੀਤੀ ਹੈ, ਹੁਣ ‘ਆਪ` ਆਗੂਆਂ ਦੇ ਸਿਰ ਜ਼ਿੰਮੇਵਾਰੀ ਵੀ ਓਨੀ ਵੱਡੀ ਹੈ। ਮੌਜੂਦਾ ਸਮੇਂ `ਚ ਪੰਜਾਬ ਨਸ਼ਿਆਂ ਦਾ ਗੜ੍ਹ ਬਣ ਗਿਆ ਹੈ, ਇਥੇ ਨਕਲੀ ਸ਼ਰਾਬ ਦਾ ਵੀ ਕਾਰੋਬਾਰ ਚੱਲ ਰਿਹਾ ਹੈ। ਸੂਬੇ ਵਿਚ ਸਿੱਖਿਆ ਪ੍ਰਣਾਲੀ ਹੈ ਤੇ ਸਿਹਤ ਪ੍ਰਬੰਧ ਦਾ ਵੀ ਬੁਰਾ ਹਾਲ ਹੈ। ਬੇਰੁਜ਼ਗਾਰ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ। ਔਰਤਾਂ ਦੀ ਸਮਾਜਿਕ ਸੁਰੱਖਿਆ ਵੀ ਦਾਅ `ਤੇ ਲੱਗੀ ਹੋਈ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ `ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਪੰਜਾਬ ਦੀ ਜ਼ਮੀਨ ਬੰਜਰ ਤੇ ਵਾਤਾਵਰਨ ਪਲੀਤ ਹੁੰਦਾ ਜਾ ਰਿਹਾ ਹੈ।
ਮਗਨਰੇਗਾ ਤਹਿਤ ਪੂਰਾ ਕੰਮ ਨਹੀਂ ਮਿਲ ਰਿਹਾ। ਰਵਾਇਤੀ ਪਾਰਟੀਆਂ ਨੇ ਲੰਮਾ ਸਮਾਂ ਪੰਜਾਬ ‘ਤੇ ਰਾਜ ਕੀਤਾ, ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸੱਕਿਆ। ਹੁਣ ‘ਆਪ‘ ਨੇ ਪੰਜਾਬੀਆਂ ਦੇ ਮਨਾਂ ਵਿਚ ਬਦਲਾਅ ਦੀ ਨਵੀਂ ਕਿਰਨ ਜਗਾਈ ਹੈ ਜਿਸ ਕਰਕੇ ਹੀ ਅੱਜ ‘ਆਪ‘ ਨੂੰ ਬਹੁਮਤ ਨਾਲ ਜਿੱਤ ਹਾਸਲ ਹੋਈ ਹੈ। ਸੂਬਾ ਵਾਸੀਆਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਲਈ ਹੁਣ ਜਰੂਰੀ ਹੈ ਕਿ ਸੂਬੇ ‘ਚ ਨਵੀਂ ਬਣਨ ਵਾਲੀ ‘ਆਪ‘ ਸਰਕਾਰ ਉੱਪਰ ਬਿਆਨੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਪੱਖੀ ਫੈਸਲੇ ਲਵੇ। ਸੂਬੇ ‘ਚ ਖੇਤੀਬਾੜੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ‘ਚ ਵਿਕਾਸ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੀ ਥਾਂ ਆਪਣੇ ਸੂਬੇ ਵਿਚ ਰਹਿ ਕੇ ਰੁਜ਼ਗਾਰ ਹਾਸਲ ਕਰ ਸਕਣ।
‘ਆਪ’ ਦੇ ਦਿੱਲੀ ਮਾਡਲ ਨੇ ਵੋਟਰਾਂ ਨੂੰ ਕੀਤਾ ਆਕਰਸਿ਼ਤ
ਨਵੀਂ ਦਿੱਲੀ: ਪੰਜਾਬ ਵਿਚ ‘ਆਪ` ਦੀ ਹੂੰਝਾ ਫੇਰ ਜਿੱਤ `ਚ ਦਿੱਲੀ ਮਾਡਲ ਨੇ ਅਹਿਮ ਭੂਮਿਕਾ ਨਿਭਾਈ। ਦਿੱਲੀ `ਚ ਜਨ ਸੇਵਾਵਾਂ, ਸਕੂਲਾਂ ਅਤੇ ਹਸਪਤਾਲਾਂ ਦੀ ਵਧੀਆ ਹਾਲਤ ਨੇ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਚੋਣ ਪ੍ਰਚਾਰ ਦੌਰਾਨ ‘ਆਪ` ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 10 ਨੁਕਾਤੀ ‘ਪੰਜਾਬ ਮਾਡਲ` ਦਾ ਖਾਕਾ ਪੇਸ਼ ਕਰਦਿਆਂ ਵੋਟਰਾਂ ਨੂੰ ਭਰੋਸਾ ਦਿੱਤਾ ਸੀ ਕਿ ਸੱਤਾ `ਚ ਆਉਣ `ਤੇ ਉਹ ਪੰਜਾਬ ਨੂੰ ਖੁਸ਼ਹਾਲ ਅਤੇ ਅਗਾਂਹਵਧੂ ਸੂਬਾ ਬਣਾਉਣਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹੁਣ ਪੂਰਾ ਮੁਲਕ ਕੇਜਰੀਵਾਲ ਦੇ ਦਿੱਲੀ ਮਾਡਲ ਵੱਲ ਦੇਖ ਰਿਹਾ ਹੈ। ‘ਆਪ` ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ `ਚ ਹੋਏ ਕੰਮਾਂ ਨੂੰ ਦੇਖ ਕੇ ਫਤਵਾ ਦਿੱਤਾ ਹੈ।