‘ਆਪ` ਦੀ ਸੁਨਾਮੀ ਨੇ ਮੂਧੇ ਕਰ ਸੁੱਟੇ ਦਰਜਨਾਂ ਸਿਆਸੀ ਥੰਮ੍ਹ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਹਨੇਰੀ ‘ਚ ਐਤਕੀਂ ਦਰਜਨਾਂ ਸਿਆਸੀ ਥੰਮ੍ਹ ਆਪਣੀ ਜ਼ਮਾਨਤ ਬਚਾਉਣ ‘ਚ ਅਸਮਰੱਥ ਰਹੇ ਹਨ। ਆਮ ਤੌਰ ‘ਤੇ ਵਿਧਾਨ ਸਭਾ ਚੋਣਾਂ ਵਿਚ ਕੋਈ ਟਾਂਵਾਂ ਉਮੀਦਵਾਰ ਹੀ ਹੁੰਦਾ ਹੈ ਜਿਸ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਪਰ ਇਸ ਵਾਰ ਵੱਡੀ ਗਿਣਤੀ ਸਿਆਸੀ ਆਗੂ ਇਸ ਮਾਰ ਹੇਠ ਆਏ ਹਨ।

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਦਰਜਨ ਤੇ ਕਾਂਗਰਸ ਪਾਰਟੀ ਦੇ 7 ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ ਜ਼ਬਤ ਹੋਈ ਹੈ। ਇਸੇ ਤਰ੍ਹਾਂ ਭਾਜਪਾ ਦੇ ਵੀ ਕਈ ਵੱਡੇ ਆਗੂ ਜ਼ਮਾਨਤ ਰਾਸ਼ੀ ਨਹੀਂ ਬਚਾਅ ਸਕੇ। ਪੰਜਾਬ ਲੋਕ ਕਾਂਗਰਸ ਇਸ ਮਾਮਲੇ ‘ਚ ਮੋਹਰੀ ਬਣੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹਲਕਾ ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ ਦੀ ਜ਼ਮਾਨਤ ਜ਼ਬਤ ਹੋਈ ਹੈ, ਜਿਨ੍ਹਾਂ ਨੂੰ ਸਿਰਫ 12,038 ਵੋਟ ਹੀ ਮਿਲੇ। ਹਲਕਾ ਲੁਧਿਆਣਾ (ਪੱਛਮੀ) ਤੋਂ ਅਕਾਲੀ ਦਲ ਦੇ ਵੱਡੇ ਥੰਮ੍ਹ ਮਹੇਸ਼ਇੰਦਰ ਸਿੰਘ ਗਰੇਵਾਲ ਵੀ ਜ਼ਮਾਨਤ ਰਾਸ਼ੀ ਨਹੀਂ ਬਚਾਅ ਸਕੇ। ਲੁਧਿਆਣਾ (ਉੱਤਰੀ) ਤੋਂ ਅਕਾਲੀ ਦਲ ਆਰ.ਡੀ. ਸ਼ਰਮਾ ਵੀ ਜ਼ਮਾਨਤ ਜ਼ਬਤ ਕਰਾ ਬੈਠੇ ਹਨ।
ਹਲਕਾ ਧੂਰੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਚੰਦ ਗਰਗ ਦੀ ਜ਼ਮਾਨਤ ਨਹੀਂ ਬਚੀ, ਜਿਨ੍ਹਾਂ ਨੂੰ ਸਿਰਫ 6,991 ਵੋਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ, ਅੰਮ੍ਰਿਤਸਰ (ਪੂਰਬ) ਤੋਂ ਅਕਾਲੀ ਉਮੀਦਵਾਰ ਦਲਬੀਰ ਸਿੰਘ, ਫਤਹਿਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਜਗਦੀਪ ਸਿੰਘ ਚੀਮਾ, ਫਾਜ਼ਿਲਕਾ ਹਲਕੇ ਤੋਂ ਅਕਾਲੀ ਉਮੀਦਵਾਰ ਹੰਸ ਰਾਜ ਜੋਸਨ, ਮਾਲੇਰਕੋਟਲਾ ਤੋਂ ਅਕਾਲੀ ਉਮੀਦਵਾਰ ਨੁਸਰਤ ਅਲੀ ਖਾਨ, ਮੁਹਾਲੀ ਤੋਂ ਅਕਾਲੀ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ, ਸੁਜਾਨਪੁਰ ਤੋਂ ਅਕਾਲੀ ਉਮੀਦਵਾਰ ਰਾਜ ਕੁਮਾਰ ਗੁਪਤਾ ਅਤੇ ਸੁਨਾਮ ਤੋਂ ਅਕਾਲੀ ਉਮੀਦਵਾਰ ਬਲਦੇਵ ਸਿੰਘ ਮਾਨ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ।
ਜੇਕਰ ਕਾਂਗਰਸੀ ਉਮੀਦਵਾਰਾਂ ‘ਤੇ ਨਜ਼ਰ ਮਾਰੀਏ ਤਾਂ ਦਿੜ੍ਹਬਾ ਹਲਕੇ ਤੋਂ ਅਜੈਬ ਸਿੰਘ ਰਟੌਲ, ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂ ਵਾਲਾ, ਹਲਕਾ ਲੰਬੀ ਤੋਂ ਜਗਪਾਲ ਸਿੰਘ, ਹਲਕਾ ਮੁਕਤਸਰ ਤੋਂ ਕਰਨ ਕੌਰ ਬਰਾੜ, ਨਵਾਂ ਸ਼ਹਿਰ ਤੋਂ ਸਤਵੀਰ ਸਿੰਘ, ਪਟਿਆਲਾ ਸ਼ਹਿਰੀ ਹਲਕੇ ਤੋਂ ਵਿਸ਼ਨੂੰ ਸ਼ਰਮਾ, ਸ਼ੁਤਰਾਣਾ ਹਲਕੇ ਤੋਂ ਦਰਬਾਰਾ ਸਿੰਘ ਦੀ ਜ਼ਮਾਨਤ ਰਾਸ਼ੀ ਜ਼ਬਤ ਹੋ ਗਈ ਹੈ। ਇਸੇ ਤਰ੍ਹਾਂ ਹਲਕਾ ਅਮਲੋਹ ਤੋਂ ਭਾਜਪਾ ਉਮੀਦਵਾਰ ਕੰਵਰਵੀਰ ਸਿੰਘ ਟੌਹੜਾ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ, ਜੋ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਹੈ। ਜ਼ਮਾਨਤ ਜ਼ਬਤ ਕਰਾਉਣ ਵਾਲੇ ਉੱਘੇ ਭਾਜਪਾ ਆਗੂਆਂ ਵਿਚ ਅੰਮ੍ਰਿਤਸਰ (ਪੂਰਬ) ਤੋਂ ਡਾ. ਜਗਮੋਹਨ ਰਾਜੂ, ਬਠਿੰਡਾ (ਸ਼ਹਿਰੀ) ਹਲਕੇ ਤੋਂ ਰਾਜ ਨੰਬਰਦਾਰ, ਹਲਕਾ ਗਿੱਲ ਤੋਂ ਸੁੱਚਾ ਰਾਮ ਲੱਧੜ, ਹਲਕਾ ਮੋਗਾ ਤੋਂ ਡਾ. ਹਰਜੋਤ ਕਮਲ ਤੇ ਹਲਕਾ ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ ਦੇ ਨਾਮ ਸ਼ਾਮਲ ਹਨ। ਐਸ.ਐਸ.ਐਮ. ਵੱਲੋਂ ਸਮਰਾਲਾ ਤੋਂ ਚੋਣ ਲੜਨ ਵਾਲੇ ਬਲਬੀਰ ਸਿੰਘ ਰਾਜੇਵਾਲ ਵੀ ਆਪਣੀ ਜ਼ਮਾਨਤ ਨਹੀਂ ਬਚਾਅ ਸਕੇ।
ਰਿਸ਼ਵਤਖੋਰ ਸਰਕਾਰੀ ਮੁਲਾਜ਼ਮਾਂ ਦੇ ਦਿਲਾਂ ‘ਚ ਡਰ ਪੈਦਾ ਕਰਨ ਵਾਲੇ ਬੈਂਸ ਭਰਾਵਾਂ ਦਾ ਸਿਆਸੀ ਭਵਿੱਖ ਇਸ ਵਾਰ ਦਾਅ ‘ਤੇ ਲੱਗ ਗਿਆ ਹੈ। ਦਸ ਸਾਲਾਂ ਤੱਕ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਬੈਂਸ ਭਰਾਵਾਂ ‘ਤੇ ਇਸ ਵਾਰ ਲੋਕਾਂ ਨੇ ਭਰੋਸਾ ਨਹੀਂ ਕੀਤਾ ਤੇ ਇਸ ਵਾਰ ਦੋਵੇਂ ਭਰਾਵਾਂ ਦੀ ਜ਼ਮਾਨਤ ਜ਼ਬਤ ਹੋ ਗਈ। ਸਿਰਫ ਬੈਂਸ ਭਰਾਵਾਂ ਦੀ ਹੀ ਨਹੀਂ ਸਗੋਂ ਉਨ੍ਹਾਂ ਦੀ ਪਾਰਟੀ ਦੇ ਹਰੇਕ ਆਗੂ ਦੀ ਇਸ ਵਾਰ ਜ਼ਮਾਨਤ ਜ਼ਬਤ ਹੋਈ ਹੈ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੋ ਵਾਰ ਕੌਂਸਲਰ ਰਹੇ। ਉਨ੍ਹਾਂ ਦੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਸ਼੍ਰੋਮਣੀ ਕਮੇਟੀ ਮੈਂਬਰ ਰਹਿਣ ਮਗਰੋਂ 2012 ‘ਚ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਸਨ। ਦੋਵੇਂ ਭਰਾਵਾਂ ਨੇ ਆਜ਼ਾਦ ਤੌਰ ‘ਤੇ ਚੋਣ ਮੈਦਾਨ ‘ਚ ਉਤਰਨ ਦਾ ਫੈਸਲਾ ਲਿਆ ਤੇ ਵੱਡੇ ਫਰਕ ਨਾਲ ਜਿੱਤ ਵੀ ਹਾਸਲ ਕੀਤੀ। 2017 ‘ਚ ਵੀ ਦੋਵੇਂ ਭਰਾਵਾਂ ਨੇ ‘ਆਪ‘ ਨਾਲ ਗੱਠਜੋੜ ਕਰਕੇ ਜਿੱਤ ਦਰਜ ਕਰਵਾਈ। ਇਸ ਵਾਰ ਦੋਵੇਂ ਭਰਾ ਉਸ ਵਿਸ਼ਵਾਸ ਨੂੰ ਕਾਇਮ ਨਾ ਰੱਖ ਸਕੇ। ਇਸ ਵਾਰ ਸਿਮਰਜੀਤ ਸਿੰਘ ਬੈਂਸ ਨੂੰ 12,720 ਵੋਟਾਂ ਤੇ ਬਲਵਿੰਦਰ ਸਿੰਘ ਬੈਂਸ ਨੂੰ ਸਿਰਫ 11,521 ਵੋਟਾਂ ਪਈਆਂ।