ਰਵਾਇਤੀ ਪਾਰਟੀਆਂ ਫਿਕਰਮੰਦ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਪੰਜਾਬ ਦੀਆਂ ਰਵਾਇਤੀ ਧਿਰਾਂ (ਅਕਾਲੀ ਦਲ ਤੇ ਕਾਂਗਰਸ) ਆਪੋ-ਆਪਣੇ ਭਵਿੱਖ ਬਾਰੇ ਫਿਕਰਮੰਦ ਹਨ। ਦੋਵਾਂ ਧਿਰਾਂ ਵੱਲੋਂ ਇਨ੍ਹੀਂ ਦਿਨੀਂ ਮੰਥਨਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਜਿਸ ਵਿਚ ਮੁਢਲੇ ਤੌਰ ਉਤੇ ਇੰਨੀ ਭੈੜੀ ਹਾਰ ਦਾ ਮੁੱਖ ਕਾਰਨ ਮਾੜੀ ਅਗਵਾਈ ਤੇ ਆਪਸੀ ਕਲੇਸ਼ ਹੀ ਉਭਰ ਕੇ ਸਾਹਮਣੇ ਆ ਰਿਹਾ ਹੈ।

ਅਕਾਲੀ ਦਲ ਦੀ ਹਾਰ ਲਈ ਭਾਵੇਂ ਸਿਆਸੀ ਮਾਹਰਾਂ ਤੋਂ ਲੈ ਕੇ ਪਾਰਟੀ ਆਗੂਆਂ ਵੱਲੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾੜੀ ਅਗਵਾਈ ਉਤੇ ਉਂਗਲ ਚੁੱਕੀ ਜਾ ਰਹੀ ਹੈ ਪਰ ਕੋਰ ਕਮੇਟੀ ਦੀ ਮੀਟਿੰਗ ਅੰਦਰੋਂ ਇਕੋ ਹੀ ਆਵਾਜ਼ ਆ ਰਹੀ ਹੈ- ‘ਬਾਦਲ ਸਾਹਬ ਕੁਰਸੀ ਉਤੇ ਡਟੇ ਰਹਿਣਗੇ`। ਹਾਲਾਂਕਿ ਸੁਖਬੀਰ ਨੇ ਚੋਣ ਨਤੀਜਿਆਂ ਦੇ ਤੁਰੰਤ ਬਾਅਦ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਪਰ ਇਕ-ਦੋ ਆਗੂਆਂ ਨੂੰ ਛੱਡ ਕੇ ਅਜੇ ਤੱਕ ਕਿਸੇ ਦੀ ਹਿੰਮਤ ਨਹੀਂ ਕਿ ਸੁਖਬੀਰ ਤੋਂ ਪ੍ਰਧਾਨਗੀ ਖੋਹਣ ਦੀ ਗੱਲ ਕਰ ਸਕੇ।
ਇਹੀ ਹਾਲ ਕਾਂਗਰਸ ਦਾ ਹੈ। ਮੁਲਕ ਵਿਚ ਪੰਜ ਵਿਧਾਨ ਸਭਾ ਚੋਣਾਂ ਵਿਚ ਅਤਿ ਦੀ ਮਾੜੀ ਕਾਰਗੁਜ਼ਾਰੀ ਪਿੱਛੋਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਮੰਥਨਾਂ ਦਾ ਦੌਰ ਤਾਂ ਜਾਰੀ ਹੈ ਪਰ ਇਕ-ਦੂਜੇ ਸਿਰ ਚਿੱਕੜ ਸੁੱਟ ਕੇ ਗੱਲ ਨਿਬੇੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪੰਜਾਬ ਵਿਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਹਾਰ ਦਾ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ; ਹਾਲਾਂਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲ ਉਂਗਲ ਕਰਨ ਵਾਲੇ ਨੂੰ ਪਾਰਟੀ ਤੋਂ ਬਾਹਰ ਕਰਨ ਦੀਆਂ ਧਮਕੀਆਂ ਵੀ ਨਾਲੋਂ ਨਾਲ ਆ ਰਹੀਆਂ ਹਨ।
ਸਵਾਲ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਆਗੂਆਂ (ਸਿੱਧੂ-ਚੰਨੀ) ਨੂੰ ਕਮਾਨ ਸੌਂਪਣ ਵਾਲੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਨ ਤਾਂ ਫਿਰ ਸਵਾਲ ਦਿੱਲੀ ਵਾਲਿਆਂ ਨੂੰ ਵੀ ਕਰਨੇ ਬਣਦੇ ਹਨ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਸਵਾਲ ਹੈ ਕਿ ਕਾਂਗਰਸ ਤਾਂ ਇਸ ਵਾਰ ਭ੍ਰਿਸ਼ਟਾਚਾਰ ਰਹਿਤ ਸਰਕਾਰ ਅਤੇ ਗਰੀਬ ਮੁੱਖ ਮੰਤਰੀ ਦੀਆਂ ਗੱਲ ਕਰਦੀ ਸੀ ਪਰ ਪਾਰਟੀ ਦੇ ਇਸ ਗਰੀਬ ਆਗੂ (ਚੰਨੀ) ਦੇ ਘਰੋਂ 10 ਕਰੋੜ ਫੜਿਆ ਗਿਆ, ਉਸ ਦੇ ਖਾਤੇ ਵਿਚ 25 ਕਰੋੜ ਪਏ ਸਨ, ਇਹ ਸਭ ਦੇਖਦੇ ਹੋਏ ਵੀ ਉਸ ਨੂੰ ਲਾਂਭੇ ਨਹੀਂ ਕੀਤਾ ਗਿਆ। ਦੂਜੇ ਪਾਸੇ ਸਿੱਧੂ, ਚੋਣ ਪ੍ਰਚਾਰ ਦੌਰਾਨ ਕੇਂਦਰੀ ਆਗੂਆਂ ਦੀ ਹਾਜ਼ਰੀ ਵਿਚ ਸਟੇਜ ਉਤੇ ਆਕੜ ਰਿਹਾ ਸੀ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਦਰਅਸਲ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਭਾਵੇਂ ਖੁੱਲ੍ਹ ਕੇ ਬੋਲਣ ਤੋਂ ਟਲ ਰਹੀ ਹੈ ਪਰ ਉਨ੍ਹਾਂ ਦੇ ਜ਼ਿਆਦਾਤਰ ਸਵਾਲ ਦਿੱਲੀ ਬੈਠੇ ਆਗੂਆਂ (ਰਾਹੁਲ-ਸੋਨੀਆ) ਵੱਲ ਜਾਂਦੇ ਹਨ।
ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਸਣੇ ਵੱਡੀ ਗਿਣਤੀ ਆਗੂਆਂ ਦਾ ਮੰਨਣਾ ਹੈ ਕਿ ਗਾਂਧੀ ਪਰਿਵਾਰ ਨੂੰ ਲੀਡਰਸ਼ਿਪ ਦੀ ਭੂਮਿਕਾ ਤੋਂ ਹਟ ਕੇ ਪਾਰਟੀ ਦੀ ਅਗਵਾਈ ਕਰਨ ਲਈ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ। ਸਾਲ 2014 ਦੀ ਚੋਣ ਹਾਰ ਤੋਂ ਬਾਅਦ ਕਾਂਗਰਸ ਕੁਝ ਮੌਕਿਆਂ ਨੂੰ ਛੱਡ ਕੇ ਲਗਾਤਾਰ ਚੋਣਾਂ ਹਾਰ ਗਈ ਹੈ।
ਦਰਅਸਲ, ਅਕਾਲੀ ਦਲ-ਕਾਂਗਰਸ, ਦੋਵੇਂ ਧਿਰ ਆਪਣੀ ਸਿਖਰਲੀ ਲੀਡਰਸ਼ਿਪ ਦੀ ਨਾਕਾਮੀ ਨੂੰ ਵੇਖਦੇ ਹੋਏ ਵੀ ਚੁੱਪ ਧਾਰਨ ਲਈ ਮਜਬੂਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਮੁਖੀ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਤਾਂ ਕੀਤੀ ਪਰ ਪਾਰਟੀ ਆਗੂਆਂ ਨੇ ਤੁਰੰਤ ਰੱਦ ਕਰ ਦਿੱਤੀ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੁਖਬੀਰ ਦੀ ਅਜਿਹੀ ‘ਪੇਸ਼ਕਸ਼` ਨੂੰ ਤੁਰੰਤ ਠੁਕਰਾ ਦਿੱਤਾ ਜਾਵੇ। 2017 ਦੀਆਂ ਵਿਧਾਨ ਸਭਾ ਤੇ 2019 ਦੀਆਂ ਲੋਕ ਸਭਾ ਚੋਣਾਂ ਪਿੱਛੋਂ ਵੀ ਕੋਰ ਕਮੇਟੀ ਨੇ ਅਜਿਹੀ ਹੀ ਫੁਰਤੀ ਦਿਖਾਈ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੋਰ ਕਮੇਟੀ ਦੀ ਬਣਤਰ ਹੀ ਅਜਿਹੀ ਕਰ ਦਿੱਤੀ ਗਈ ਹੈ ਕਿ ਬਾਦਲ ਪਰਿਵਾਰ ਖਿਲਾਫ ਆਵਾਜ਼ ਚੁੱਕਣ ਵਾਲਾ ਤੁਰਤ ‘ਗੱਦਾਰ` ਕਰਾਰ ਦੇ ਦਿੱਤਾ ਜਾਵੇਗਾ। ਇਧਰ, ਪੰਥਕ ਮਾਹਰਾਂ ਦਾ ਤਰਕ ਹੈ ਕਿ ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ‘ਅਕਾਲੀ ਦਲ ਦਾ ਖਾਤਮਾ, ਪੰਥ ਲਈ ਘਾਤਕ` ਵਰਗੇ ਬਿਆਨ ਦਿਵਾਏ ਜਾ ਰਹੇ ਹਨ ਪਰ ਅਸਲ ਵਿਚ ਇਹ ਹਾਰ ਅਕਾਲੀ ਦਲ ਦੀ ਨਹੀਂ ਸਗੋਂ ਬਾਦਲ ਪਰਿਵਾਰ ਖਿਲਾਫ ਰੋਹ ਕਾਰਨ ਹੋਈ ਹੈ। ਇਸ ਦਾ ਜਿਊਂਦਾ ਜਾਗਦਾ ਸਬੂਤ ਪੂਰੇ ਬਾਦਲ ਟੱਬਰ ਦੀ ਹਾਰ ਹੈ। ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਇਨ੍ਹਾਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਏ। ਪਾਰਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ਵਿਚ ਸਿਰਫ 3 ਸੀਟਾਂ ਨਸੀਬ ਹੋਈਆਂ। ਅਜਿਹੀ ਮਾੜੀ ਕਾਰਗੁਜ਼ਾਰੀ ਪਿੱਛੋਂ ਸੌ ਸਾਲ ਪੁਰਾਣੀ ਪਾਰਟੀ ਦੇ ਭਵਿੱਖ ਬਾਰੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਆਪਣੇ ਚੋਣ ਇਤਿਹਾਸ ਦੀਆਂ ਸਭ ਤੋਂ ਘੱਟ, ਭਾਵ 15 ਸੀਟਾਂ ਤੱਕ ਸੀਮਤ ਹੋਣਾ ਪਿਆ ਸੀ। ਉਸ ਵਕਤ ਦਲੀਲ ਦਿੱਤੀ ਗਈ ਕਿ ਪਾਰਟੀ ਨੂੰ 25.3% ਵੋਟਾਂ ਮਿਲੀਆਂ ਹਨ ਜੋ ਆਮ ਆਦਮੀ ਪਾਰਟੀ (23.9%) ਤੋਂ ਵੱਧ ਹਨ। ਮੌਜੂਦਾ ਚੋਣਾਂ ਦੌਰਾਨ ਪਾਰਟੀ ਦੇ ਸਿਰਫ ਤਿੰਨ ਉਮੀਦਵਾਰ ਜਿੱਤੇ ਅਤੇ ਵੋਟ ਪ੍ਰਤੀਸ਼ਤ ਘਟ ਕੇ 18.38 ਤੱਕ ਸਿਮਟ ਗਈ।
ਇਹ ਸਥਾਪਤ ਸਿਆਸੀ ਧਿਰਾਂ, ਭਾਵ ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਪੈਦਾ ਹੋਈ ਨਾਰਾਜ਼ਗੀ ਦਾ ਪ੍ਰਤੱਖ ਪ੍ਰਮਾਣ ਹੈ। ਬੇਅਦਬੀ, ਨਸ਼ਾ, ਰੇਤ-ਬਜਰੀ, ਕੇਬਲ ਅਤੇ ਵੱਖ-ਵੱਖ ਤਰ੍ਹਾਂ ਦੇ ਹੋਰ ਮਾਫੀਆ ਦੇ ਮੁੱਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਪਦਵੀਆਂ ਉਤੇ ਮਨਪਸੰਦ ਦੇ ਵਿਅਕਤੀ ਲਗਾਉਣਾ ਇਸ ਨਾਰਾਜ਼ਗੀ ਦਾ ਆਧਾਰ ਮੰਨੇ ਜਾ ਰਹੇ ਹਨ। ਪੰਥਕ ਸਿਆਸਤ ਵਿਚ ਆਪਣੇ ਪੈਰ ਜਮਾਉਣ ਤੋਂ ਪਹਿਲਾਂ ਕੁਰਬਾਨੀਆਂ ਦੇ ਇਤਿਹਾਸ ਵਾਲੀ ਇਹ ਪਾਰਟੀ ਆਪਣੀ ਟੇਕ ਪੰਥ, ਪੰਜਾਬ ਅਤੇ ਕਿਸਾਨੀ ਉੱਤੇ ਰੱਖਦੀ ਆਈ ਹੈ। ਪੰਜਾਬੀ ਸੂਬੇ, ਐਮਰਜੈਂਸੀ ਦੌਰਾਨ ਮਨੁੱਖੀ ਅਧਿਕਾਰਾਂ ਅਤੇ 1982 ਵਿਚ ਪਾਣੀਆਂ ਲਈ ਲਗਾਏ ਗਏ ਮੋਰਚੇ ਪਾਰਟੀ ਦੀ ਪੰਜਾਬ ਨਾਲ ਪ੍ਰਤੀਬੱਧਤਾ ਦੇ ਪ੍ਰਤੀਕ ਸਨ। ਦਰਅਸਲ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਆਉਣ ਨਾਲ ਸੀਨੀਅਰ ਆਗੂ ਘੁਟਣ ਮਹਿਸੂਸ ਕਰਦੇ ਆ ਰਹੇ ਹਨ। ਸੁਖਬੀਰ ਵੱਲੋਂ ਵੋਟਾਂ ਲਈ ਡੇਰਿਆਂ ਦੇ ਗੇੜੇ ਮਾਰਨਾ, ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੁਆਉਣ ਦੇ ਦੋਸ਼ਾਂ ਸਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੇ ਪਾਰਟੀ ਨੂੰ ਵੱਡਾ ਖੋਰਾ ਲਾਇਆ।
ਸਿਆਸੀ ਮਾਹਰਾਂ ਮੰਨਦੇ ਹਨ ਕਿ ਰਵਾਇਤੀ ਧਿਰਾਂ ਦੀ ਨਾਕਾਮੀ ਕਾਰਨ ਹੀ ਲੋਕ ਤੀਜੀ ਧਿਰ ਦੀ ਭਾਲ ਵਿਚ ਸਨ। ਇਹੀ ਕਾਰਨ ਹੈ ਕਿ ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਤਾ ਵਿਚ ਬਿਠਾਉਂਦੇ ਰਹੇ ਪੰਜਾਬੀਆਂ ਨੇ ਇਸ ਵਾਰ ਆਮ ਆਦਮੀ ਪਾਰਟੀ ਉਤੇ ਭਰੋਸਾ ਕੀਤਾ ਹੈ ਅਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ‘ਆਪ` 92 ਸੀਟਾਂ `ਤੇ ਜੇਤੂ ਹੋਈ ਹੈ। ਇਹ ਜਿੱਤ ਇਤਿਹਾਸਕ ਹੈ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਦੇ ਦਲਿਤ ਵੋਟਾਂ ਦੇ ਆਸਰੇ ਚੋਣਾਂ ਜਿੱਤਣ ਦੇ ਖੁਆਬ ਢਹਿ-ਢੇਰੀ ਹੋ ਗਏ ਹਨ ਅਤੇ ਕਾਂਗਰਸ 18 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਹਨ ਅਤੇ ਇਸ ਦੇ ਸ਼ਕਤੀਸ਼ਾਲੀ ਆਗੂ ਹਾਰ ਗਏ ਹਨ।
‘ਆਪ’ ਦੀ ਸਰਕਾਰ `ਤੇ ਸਵਾਲ!
ਚੰਡੀਗੜ੍ਹ: ਪੰਜਾਬ ਵਿਚ ਪਹਿਲੀ ਵਾਰ ਆਪ ਦੀ ਸਰਕਾਰ ਬਣ ਗਈ ਹੈ। ਇਸ ਵਾਰ ਪਾਰਟੀ ਦੇ 80 ਫੀਸਦੀ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਨਵੇਂ ਵਿਧਾਇਕਾਂ ਨੇ ਜਿਸ ਤਰ੍ਹਾਂ ਆਪ-ਹੁਦਰਾਪਣ ਦਿਖਾਇਆ ਹੈ, ਉਸ ਤੋਂ ਸਵਾਲ ਉਠ ਰਹੇ ਹਨ ਕਿ ਸਰਕਾਰ ਲਈ ਸੱਤਾ ਦੇ ਪੰਜ ਸਾਲ ਪੂਰੇ ਕਰਨੇ ਆਸਾਨ ਹੋਣਗੇ? ਵਿਧਾਇਕਾਂ ਵੱਲੋਂ ਸਰਕਾਰੀ ਦਫਤਰਾਂ ਵਿਚ ਧੜਾਧੜ ਛਾਪੇ ਮਾਰੇ ਜਾ ਰਹੇ ਹਨ। ਵਿਧਾਇਕ ਆਪਣੇ ਵੱਡੀ ਗਿਣਤੀ ਸਮਰਥਕ ਲੈ ਕੇ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ। ਭਗਵੰਤ ਮਾਨ ਦੇ ਜੇਤੂ ਰੋਡ ਸ਼ੋਅ ਵਿਚ ਸਰਕਾਰੀ ਬੱਸਾਂ ਦੀ ਵਰਤੋਂ ਤੇ ਸਹੁੰ ਚੁੱਕ ਸਮਾਗਮ ਉਤੇ ਕਰੋੜਾਂ ਰੁਪਏ ਖਰਚ, ਸਮਾਗਮ ਲਈ 150 ਏਕੜ ਕਣਕ ਦੇ ਫਸਲ ਬਰਬਾਦ ਕਰਨ ਵਰਗੀਆਂ ਖਬਰਾਂ ਵੀ ਪੰਜਾਬੀਆਂ ਦੇ ਮਨ ਵਿਚ ਅਜਿਹੇ ਹੀ ਸ਼ੰਕੇ ਖੜ੍ਹੇ ਕਰ ਰਹੀਆਂ ਹਨ।