ਪਹਿਲੀ ਫਿਲਮੀ ਪੇਸ਼ਕਸ਼ ਦਾ ਕਿੱਸਾ-2

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਉਸ ਜ਼ਮਾਨੇ ਮਹਾਰਾਜਾ ਹਰੀ ਸਿੰਘ ਦਾ ਰਾਜ ਸੀ, ਤੇ ‘ਆਗੰਤਕਾਂ` ਉਪਰ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਸਨ। ਸ਼ੂਟਿੰਗ ਲਈ ਰਿਆਸਤ ਦੇ ਦੀਵਾਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਸੀ। ਕਸ਼ਮੀਰ ਪਹੁੰਚ ਕੇ ਮੈਂ ਇਹ ਇਜਾਜ਼ਤ ਭਵਨਾਨੀ ਸਾਹਿਬ ਲਈ ਹਾਸਲ ਕਰਕੇ ਉਹਨਾਂ ਨੂੰ ਭੇਜ ਦਿਤੀ। ਦੋ ਕੁ ਹਫਤਿਆਂ ਬਾਅਦ ਭਵਨਾਨੀ ਸਾਹਿਬ ਆਪਣੇ ਅਮਲੇ ਸਮੇਤ ਸ੍ਰੀਨਗਰ ਆ ਪਹੁੰਚੇ। ਡੇਵਿਡ, ਈਨਾਖਸ਼ੀ, ਤੇ ਮਿਸਟਰ ਭਵਨਾਨੀ ਨੇ ਪਹਿਲੇ ਇਕ-ਦੋ ਦਿਨ ਸਾਡੇ ਘਰ ਹੀ ਉਤਾਰਾ ਕੀਤਾ। ਇਸ ਤਰ੍ਹਾਂ ਡੇਵਿਡ ਨਾਲ ਮੇਰੀ ਜਾਣ-ਪਛਾਣ ਹੋਈ। ਉਹ ਵੀ ਉਦੋਂ ਨਵਾਂ-ਨਵਾਂ ਕਾਲਜ ਵਿਚੋਂ ਨਿਕਲਿਆ ਸੀ। ਵੁਡ-ਹਾਊਸ ਦੀਆਂ ਕਿਤਾਬਾਂ ਪੜ੍ਹਨ ਦਾ, ਮੇਰੇ ਵਾਂਗ, ਉਹਨੂੰ ਵੀ ਬੜਾ ਸ਼ੌਕ ਸੀ। ਸਾਡੀ ਚੰਗੀ ਦੋਸਤੀ ਹੋ ਗਈ।
ਇਕ ਦਿਨ ਸਵੇਰ ਵੇਲੇ ਡਲ ਝੀਲ ਉਪਰ ਮੈਂ ਆਪਣੇ ਦੋਸਤਾਂ ਨਾਲ ਬੇੜੀ ਚਲਾ ਰਿਹਾ ਸਾਂ। ਗਗਰੀਬਲ ਦੀ ਕੰਧ ਕੋਲ ਅਸਾਂ ਵੇਖਿਆ, ਭਵਨਾਨੀ ਸਾਹਿਬ ਦਾ ਯੂਨਿਟ ਸ਼ੂਟਿੰਗ ਦੀਆਂ ਤਿਆਰਿਆਂ ਕਰ ਰਿਹਾ ਹੈ। ਤਮਾਸ਼ਾ ਵੇਖਣ ਲਈ ਅਸਾਂ ਵੀ ਕਿਸ਼ਤੀ ਕੰਢੇ ਲਾ ਲਈ। ਪਤਾ ਚਲਿਆ ਕਿ ਇਕ ਮੁੰਡੇ ਦੇ ਪਾਣੀ ਵਿਚ ਛਾਲ ਮਾਰਨ ਦਾ ਸੀਨ ਲੈਣਾ ਹੈ। ਕੰਧ ਬੜੀ ਉੱਚੀ ਸੀ ਤੇ ਉਸ ਥਾਂ ਪਾਣੀ ਨਾ ਸਿਰਫ ਪੇਤਲਾ ਸੀ ਸਗੋਂ ਹੇਠਾਂ ਪੱਥਰ ਵੀ ਸਨ। ਮੈਂ ਭਵਨਾਨੀ ਜੀ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਪਰ ਉਹਨਾਂ ਮੇਰੇ ਵਲ ਇੰਜ ਵੇਖਿਆ, ਜਿਵੇਂ ਮੈਨੂੰ ਪਛਾਣ ਹੀ ਨਾ ਸਕੇ ਹੋਣ। ਬੜੀ ਲਾ-ਪਰਵਾਹੀ ਨਾਲ ਉਹਨਾਂ ਮੇਰੀ ਗੱਲ ਅਣਸੁਣੀ ਕਰ ਦਿਤੀ। ਅਸੀਂ ਵੀ ਕਿਸ਼ਤੀ ਲੈ ਕੇ ਅਗਾਂਹ ਲੰਘ ਗਏ।
ਜਦੋਂ ਘੰਟੇ ਕੁ ਪਿਛੋਂ ਅਸੀਂ ਵਾਪਸ ਮੁੜੇ ਤਾਂ ਗਗਰੀਬਲ ਦੇ ਮੋੜ ਉਤੇ ਕਾਫੀ ਭੀੜ ਜਮ੍ਹਾਂ ਸੀ। ਪਤਾ ਲੱਗਾ ਕਿ ਜਿਸ ਨੌਜਵਾਨ ਨੇ ਛਾਲ ਮਾਰੀ ਸੀ, ਉਹਦੀ ਲੱਤ ਟੁੱਟ ਗਈ ਸੀ, ਤੇ ਹੋਰ ਵੀ ਸਖਤ ਸੱਟਾਂ ਵੱਜੀਆਂ ਸਨ। ਮੈਂ ਭਵਨਾਨੀ ਸਾਹਿਬ ਦੀ ਲਾ-ਪਰਵਾਹੀ ਉਪਰ ਦੰਗ ਰਹਿ ਗਿਆ!
ਉਦੋਂ ਮੈਨੂੰ ਨਹੀਂ ਸੀ ਪਤਾ ਕਿ ਨਵੇਂ, ਅਥਵਾ ਛੋਟੇ-ਮੋਟੇ ਐਕਟਰਾਂ ਦੀ ਜਾਨ ਨਾਲ ਖੇਡਣਾ ਫਿਲਮ ਇੰਡਸਟਰੀ ਦਾ ਦਸਤੂਰ ਹੀ ਬਣਿਆ ਹੋਇਆ ਹੈ।
ਡੇਵਿਡ ਦੀ ਗਿਣਤੀ ਹੁਣ ਸਿਤਾਰਿਆਂ ਵਿਚ ਹੈ। ਜਦੋਂ ਪਹਿਲਾਂ ਮਿਲੇ ਸਾਂ, ਉਹਦੀ ਤਨਖਾਹ ਡੇਢ ਸੌ ਦੇ ਲਗਭਗ ਸੀ। ਹੁਣ ਇਕ ਫਿਲਮ ਦੇ ਘਟ ਤੋਂ ਘਟ ਦਸ ਹਜ਼ਾਰ ਮਿਲ ਜਾਂਦੇ ਸਨ। ਤੇ ਇਕੋ ਸਾਹੇ ਪੰਦਰਾਂ ਕਾਂਟਰੈਕਟ ਉਹਨੇ ਲੈ ਰੱਖੇ ਸਨ। ਸ਼ਾਮ ਮਰਹੂਮ ਮਿਲਿਆ ਜਿਸ ਦੀ ਮੌਤ ਵੀ ਫਿਲਮੀ ਹਾਦਸੇ ਵਿਚ ਹੋਣੀ ਲਿਖੀ ਸੀ। ਉਹ ਵੀ ਸਾਡੇ ਰਾਵਲਪਿੰਡੀ ਦਾ ਸੀ। ਉਹਨਾਂ ਦੇ ਪਰਿਵਾਰ ਨਾਲ ਸਾਡੀ ਬੜੀ ਡੂੰਘੀ ਸਾਂਝ-ਪ੍ਰੀਤ ਸੀ। ਬੜੇ ਅਦਬ ਤੇ ਮਾਨ ਨਾਲ ਮੈਨੂੰ ਉਹ ਮਿਲਿਆ। ਅਜੇ ਉਹ ਸ਼ੁਹਰਤਾਂ ਦਾ ਮਾਲਕ ਨਹੀਂ ਸੀ ਬਣਿਆ ਪਰ ਹੁਣ ਬਹੁਤੀ ਦੇਰ ਵੀ ਨਹੀਂ ਸੀ ਲਗਣੀ। ਅਹਿਮਦ ਸਾਹਿਰ ਦੀਆਂ ਦੋ ਫਿਲਮਾਂ ਵਿਚ ਉਹ ਨੀਨਾ ਦੇ ਨਾਲ ਹੀਰੋ ਆ ਰਿਹਾ ਸੀ।
ਕਰਨ ਦੀਵਾਨ ਮਿਲਿਆ ਜੋ ਫਿਲਮ ‘ਰਤਨ’ ਦੀ ਕਾਮਯਾਬੀ ਪਿਛੋਂ ਲੋਕਪ੍ਰਿਯਾ ਸਿਤਾਰਾ ਬਣ ਗਿਆ ਸੀ। ਕਾਲਜ ਦੇ ਦਿਨਾਂ ਵਿਚ ਉਹਦਾ ਵੱਡਾ ਵੀਰ ਸਾਡਾ ਯਾਰ ਸੀ। ਲਾਹੌਰ ਅਸੀਂ ਇਕੱਠੇ ਡਰਾਮੇ ਖੇਡਦੇ ਰਹੇ ਸਾਂ। ਹਮੀਦ ਬੱਟ ਦੇ ਦਰਸ਼ਨ ਹੋਏ ਜਿਸ ਨੂੰ ਮੈਂ ਪਹਿਲਾਂ ਇਕ ਵਾਰ ਲਖਨਊ ਵਿਚ ਮਿਲ ਚੁੱਕਿਆ ਸਾਂ। ਉਹਦੇ ਕੋਲੋਂ ਸੁਣੇ ਸੁਰੀਲੇ ਗੀਤ ਮੇਰੀ ਯਾਦ ਵਿਚ ਹਾਲੇ ਵੀ ਸੱਜਰੇ ਸਨ। …
ਗੱਪ-ਸ਼ੱਪ ਮਾਰਦਿਆਂ ਕਾਫੀ ਸਮਾਂ ਲੰਘ ਗਿਆ ਤੇ ਅਕੇਵਾਂ ਜਿਹਾ ਮਹਿਸੂਸ ਹੋਣ ਲਗ ਪਿਆ। ਫਿਲਮੀ ਇਨਸਾਨ ਬਣਨ ਲਈ ਮੱਖੀਆਂ ਮਾਰ-ਮਾਰ ਕੇ ਸਮੇਂ ਗੁਜ਼ਾਰਨ ਦੀ ਆਦਤ ਪਾਉਣਾ ਬੜਾ ਜ਼ਰੂਰੀ ਹੈ। ਮੈਂ ਅਜੇ ਨਵਾਂ ਸਾਂ। ਇਹਨਾਂ ਗਲਾਂ ਦਾ ਨਹੀਂ ਸੀ ਪਤਾ।
ਅਖੀਰ ਇਕ ਆਦਮੀ ਨੇ ਆ ਕੇ ਕਿਹਾ, “ਤੁਸੀਂ ਮੇਕ-ਅੱਪ ਕਰ ਲਓ, ਤੁਹਾਡੇ ਫੋਟੋ ਲੈਣੇ ਨੇ। ਸਾਹਬ (ਡਬਲਿਊ.ਜ਼ੈੱਡ. ਅਹਿਮਦ) ਤੁਹਾਨੂੰ ਦੋ ਵਜੇ ਮਿਲਣਗੇ।”
ਨਿੱਕੇ ਜਿਹੇ ਕਮਰੇ ਵਿਚ ਮੈਂ ਮੇਕ-ਅੱਪ ਲਈ ਬੈਠ ਗਿਆ। ਇਹ ਮੇਰਾ ਪਹਿਲਾ ਮੇਕ-ਅੱਪ ਨਹੀਂ ਸੀ। ਕਾਲਜ ਦੇ ਡਰਾਮਿਆਂ ਵਿਚ, ਸ਼ਾਂਤੀ ਨਿਕੇਤਨ ਡਰਾਮੇ ਕਰਦਿਆਂ, ਮੇਕ-ਅੱਪ ਕਰਦੇ ਹੁੰਦੇ ਸਾਂ ਪਰ ਇਸ ਦੇ ਤੇ ਉਹਦੇ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਇਹ ਉਸ ਤੋਂ ਹਜ਼ਾਰ ਗੁਣਾਂ ਜ਼ਿਆਦਾ ਸੁਭਾਵਕ, ਸੁਹਜ ਭਰਪੂਰ, ਤੇ ਸੁੰਦਰ ਸੀ। ਵੇਖਦਿਆਂ-ਵੇਖਦਿਆਂ ਮੇਕ-ਅੱਪ ਮੈਨ ਨੇ ਮੇਰਾ ਚਿਹਰਾ ਇੰਜ ਮੁਨੱਵਰ ਕਰ ਦਿਤਾ ਕਿ ਮੈਂ ਆਪ ਤਾਰੀਫ ਕੀਤੇ ਬਿਨਾਂ ਨਾ ਰਹਿ ਸਕਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਮੇਕ-ਅੱਪ ਮੈਨ ਦੀਆਂ ਜਿਤਨਾ ਵਧ ਚੜ੍ਹ ਕੇ ਤਾਰੀਫਾਂ ਕਰਦਾ, ਉਤਨਾ ਹੀ ਉਹ ਵਿਅੰਗਾਤਮਕ ਜਿਹੀ ਮੁਸਕਣੀ ਚਿਹਰੇ ਉਤੇ ਲਿਆ ਕੇ ਹੋਰ ਪਾਸੇ ਵੇਖ ਛੱਡਦਾ।
ਅਸਲ ਗੱਲ ਇਹ ਸੀ ਕਿ ਚੰਗਾ ਮੇਕ-ਅੱਪ ਫਿਲਮਾਂ ਵਿਚ ਇਕ ਰੋਜ਼ਮੱਰਾ ਦਾ ਅਮਲ ਹੈ। ਉਸ ਮੇਕ-ਅੱਪ ਮੈਨ ਨੇ ਕੋਈ ਅਸਾਧਾਰਨ ਕਾਰਨਾਮਾ ਨਹੀਂ ਸੀ ਕੀਤਾ।
ਮੇਕ-ਅੱਪ ਪਿਛੋਂ ਫੋਟੋ ਵੀ ਲੈ ਗਏ। ਇਕ ਡੇਢ ਵਜਿਆ ਸੀ ਉਸ ਵੇਲੇ। ਹੁਣ ਅਹਿਮਦ ਸਾਹਿਬ ਨਾਲ ਮੁਲਾਕਾਤ ਕਰਨ ਦੀਆਂ ਉਡੀਕਾਂ ਹੋਣ ਲਗ ਪਈਆਂ। ਦੋ ਵਜ ਗਏ, ਤਿੰਨ ਵਜ ਗਏ, ਚਾਰ ਵਜ ਗਏ, ਪੰਜ ਵਜ ਗਏ। …
ਮੈਂ ਵਲੈਤੋਂ ਨਵਾਂ-ਨਵਾਂ ਆਇਆ ਹੋਇਆ, ਜਿਥੇ ਦਸ ਮਿੰਟ ਤੋਂ ਵਧ ਲੇਟ ਹੋਣ ਦੀ ਜੁਰਅਤ ਬਾਦਸ਼ਾਹ ਸਲਾਮਤ ਵੀ ਨਹੀਂ ਸੀ ਕਰ ਸਕਦਾ, ਮੈਥੋਂ ਕਿਵੇਂ ਇਹ ਅਪਮਾਨ ਬਰਦਾਸ਼ਤ ਹੁੰਦਾ? ਜੋ ਹਵਾਈ ਕਿਲ੍ਹੇ ਮੈਂ ਦਿਮਾਗ ਵਿਚ ਬਣਾ ਕੇ ਲਿਆਇਆ ਸਾਂ, ਸਭ ਟੁੱਟਣ ਲਗ ਪਏ। ਕ੍ਰਿਸ਼ਨ ਚੰਦਰ ਦੇ ਖਤਾਂ ਤੋਂ ਤਾਂ ਮੈਂ ਅਨੁਮਾਨ ਕੀਤਾ ਸੀ ਕਿ ਅਹਿਮਦ ਸਾਹਿਬ ਫੁੱਲਾਂ ਦਾ ਹਾਰ ਫੜ ਕੇ ਮੈਨੂੰ ਸਟੂਡੀਓ ਦੇ ਫਾਟਕ ਉਤੇ ਉਡੀਕਣਗੇ; ਤੇ ਹੁਣ ਹਾਲਤ ਇਹ ਸੀ ਜਿਵੇਂ ਨੌਕਰੀ ਦਾ ਉਮੀਦਵਾਰ ਬਣ ਕੇ ਕਤਾਰ ਵਿਚ ਖਲੋਤਾ ਹੋਇਆ ਹੋਵਾਂ। ਮੈਂ ਡੇਵਿਡ, ਤਿਵਾੜੀ, ਤੇ ਦੂਜੇ ਮਿੱਤਰਾਂ ਦੀਆਂ ਨਜ਼ਰਾਂ ਸਾਹਮਣੇ ਆਪਣੇ ਆਪ ਨੂੰ ਕਿਸੇ ਡੂੰਘੇ ਖੂਹ ਵਿਚ ਢਹਿੰਦਾ ਮਹਿਸੂਸ ਕੀਤਾ। ਮੈਂ ਘੜੀ-ਮੁੜੀ ਚੇਤਨ ਦੀ ਬਾਂਹ ਫੜ ਕੇ ਉਹਨੂੰ ਉਥੋਂ ਚੱਲਣ ਲਈ ਕਹਿੰਦਾ। ਚੇਤਨ ਵੀ ਬੜੇ ਸ਼ਸ਼ੋਪੰਜ ਵਿਚ ਸੀ। ਉਹ ਇਸ ਲਾਈਨ ਤੋਂ ਵਧੇਰੇ ਵਾਕਫ ਹੋ ਚੁੱਕਾ ਸੀ। ਜਾਣਦਾ ਸੀ ਕਿ ਉਡੀਕਣ ਤੋਂ ਸਿਵਾ ਕੋਈ ਚਾਰਾ ਨਹੀਂ ਤੇ ਨਾ ਹੀ ਉਸ ਵਿਚ ਉਤਨਾ ਅਪਮਾਨ ਹੈ, ਜਿਤਨਾ ਮੈਂ ਮਨ ਵਿਚ ਮਿੱਥੀ ਬੈਠਾ ਸਾਂ। ਕਦੇ ਕਦੇ ਮੈਂ ਵੀ ਸੋਚਦਾ, ਚੇਤਨ ਨੂੰ ਚੱਲਣ ਲਈ ਕਹਿ ਤਾਂ ਰਿਹਾ ਹਾਂ ਪਰ ਜਾਵਾਂਗੇ ਕਿੱਥੇ? ਵਾਪਸੀ ਦਾ ਟਿਕਟ ਕਟਾਉਣ ਤੋਂ ਛੁਟ ਹੁਣ ਚਾਰਾ ਈ ਕੀ ਸੀ? ਤੇ ਸ੍ਰੀਨਗਰ ਜਾ ਕੇ ਕੀ ਮੂੰਹ ਵਿਖਾਵਾਂਗਾ? ਮੈਂ ਅੰਦਰੇ-ਅੰਦਰ ਆਪਣੇ ਆਪ ਨੂੰ ਬੜੇ ਕੋਸਣੇ ਦੇਂਦਾ ਕਿ ਕਿਉਂ ਕੋਈ ਪੱਕੀ ਲਿਖਾ-ਪੜ੍ਹੀ ਕੀਤੇ ਬਿਨਾਂ ਆਪਣੇ ਖਰਚੇ ਉਤੇ ਇਤਨੀ ਦੂਰ ਭਜਦਾ ਆਇਆ। ਆਪਣੀ ਬੇ-ਕੁਰਬੀ ਦਾ ਜ਼ਿੰਮੇਵਾਰ ਤਾਂ ਮੈਂ ਆਪ ਹਾਂ ਪਰ ਜਦੋਂ ਸਵੈ-ਮਾਣ ਦੀ ਰੱਖਿਆ ਦਾ ਸਵਾਲ ਆ ਖਲੋਵੇ, ਮੈਂ ਅੱਗਾ-ਪਿੱਛਾ ਵੇਖੇ ਬਿਨਾਂ ਅੜ ਜਾਣ ਵਾਲਾ ਆਦਮੀ ਸਾਂ। ਮੈਂ ਹੁਣ ਉਸ ਮੁਲਾਕਾਤ ਨੂੰ ਡਬਲਿਊ.ਜ਼ੈਡ. ਅਹਿਮਦ ਸਾਹਿਬ ਦੀ ਖੁੰਭ ਠੱਪਣ ਦੇ ਅਵਸਰ ਦੇ ਰੂਪ ਵੇਖਣ ਲਗ ਪਿਆ।
ਅਖੀਰ ਛੇ ਕੁ ਵਜੇ ਅਹਿਮਦ ਸਾਹਿਬ ਨੇ ਅੰਦਰ ਬੁਲਾਇਆ। ਉਹਨਾਂ ਆਪਣੀਆਂ ਅੱਖਾਂ ਉਤੇ ਕਾਲੀ ਐਨਕ ਚਾੜ੍ਹੀ ਹੋਈ ਸੀ ਜੋ ਮੈਂ ਸੋਚਿਆ ਕਿ ਸਿਰ ਦੇ ਮੁਕੰਮਲ ਗੰਜ ਕਾਰਨ ਪੈਦਾ ਹੋਈ ਚਿਹਰੇ ਦੀ ਕਮਜ਼ੋਰੀ ਨੂੰ ਲੁਕਾਉਣ ਦਾ ਯਤਨ ਸੀ। ਵੈਸੇ ਨਕਸ਼ ਉਹਨਾਂ ਦੇ ਸੁਹਣੇ ਸਨ।
ਉਹ ਮੇਰੀਆਂ ਸਵੇਰੇ ਖਿੱਚੀਆਂ ਤਸਵੀਰਾਂ ਨੂੰ ਸਾਹਮਣੇ ਰੱਖੀ ਬੈਠੇ ਸਨ। ਮੇਰੇ ਕੁਰਸੀ ਉਤੇ ਬਹਿੰਦਿਆਂ ਹੀ ਉਹਨਾਂ ਸਿਗਾਰ ਦਾ ਲੰਮਾ ਕੱਸ਼ ਮਾਰਦਿਆਂ ਉਹ ਫੋਟੋਆਂ ਮੇਰੇ ਸਾਹਮਣੇ ਕਰ ਦਿੱਤੀਆਂ। ਇਕ ਉਹਨਾਂ ਵਿਚੋਂ ਵਾਕਿਆ ਈ ਬੜੇ ਮਾਅਰਕੇ ਦੀ ਸੀ। ਉਸ ਨੂੰ ਉਹਨਾਂ ਮੇਰੇ ਹੱਥ ਵਿਚੋਂ ਵਾਪਸ ਲੈ ਕੇ ਫੇਰ ਕੁਝ ਮਿੰਟਾਂ ਲਈ ਨਿਹਾਰਿਆ। ‘ਬੜੀ ਚੰਗੀ ਆਈ ਹੈ।” ਉਹਨਾਂ ਕਿਹਾ।
ਮੈਂ ਜਵਾਬ ਵਿਚ ਫੇਰ ਉਹਨਾਂ ਦੇ ਮੇਕ-ਅੱਪ ਮੈਨ ਦੀ ਤਾਰੀਫ ਦੇ ਪੁਲ ਬੰਨ੍ਹ ਦਿਤੇ। ਇਸ ਦੇ ਪ੍ਰਤੀਕਰਮ ਸਰੂਪ ਉਹਨਾਂ ਦੇ ਬੁੱਲ੍ਹਾਂ ਉਪਰ ਵੀ ਹੂ-ਬ-ਹੂ ਉਸੇ ਤਰ੍ਹਾਂ ਦੀ ਵਿਅੰਗਾਤਮਿਕ ਮੁਸਕਣੀ ਖੇਡਦੀ ਦਿਸੀ ਜੋ ਮੇਕ-ਅੱਪ ਮੈਨ ਦੇ ਮੂੰਹ ਉੱਤੇ ਵੇਖੀ ਸੀ। ਫੇਰ ਉਹ ਟਾਈਪ ਕੀਤਾ ਕਾਗਜ਼ ਮੇਰੇ ਵਲ ਵਧਾਉਂਦੇ ਹੋਏ ਕਹਿਣ ਲਗੇ, “ਦੇਖੀਏ, ਚੇਤਨ ਸਾਹਿਬ ਕੀ ਪਿਕਚਰ ਬਨਾਨੇ ਕਾ ਫਿਲਹਾਲ ਮੇਰਾ ਇਰਾਦਾ ਨਹੀਂ ਹੈ। ਪਹਿਲੇ ਮੈਂ ਮਹਾਂਭਾਰਤ ਬਨਾਨਾ ਚਾਹਤਾ ਹੂੰ। ਉਸ ਮੇਂ ਕ੍ਰਿਸ਼ਨ ਜੀ ਕਾ ਰੋਲ ਮੈਂ ਚੇਤਨ ਸਾਹਿਬ ਕੋ ਦੇਨਾ ਚਾਹਤਾ ਹੂੰ, ਔਰ ਅਰਜਨ ਕਾ ਆਪ ਕੋ। ਚੇਤਨ ਸਾਹਿਬ ਕੋ ਡੇਢ ਹਜ਼ਾਰ ਰੁਪਿਆ ਮਾਹਵਾਰ ਦੇਨੇ ਕਾ ਮੇਰਾ ਇਰਾਦਾ ਹੈ, ਔਰ ਆਪ ਕੋ ਏਕ ਹਜ਼ਾਰ। ਅਗਰ ਮਨਜ਼ੂਰ ਹੋ ਤੋ ਇਸ ਕਾਂਟਰੈਕਟ ਪਰ ਦਸਖਤ ਕਰ ਦੀਜੀਏ।” ਤਨਖਾਹ ਬਹੁਤ ਸੀ ਕਿ ਥੋੜ੍ਹੀ, ਉਸ ਵਲ ਮੇਰਾ ਧਿਆਨ ਨਹੀਂ ਗਿਆ। ਉਸ ਤੋਂ ਤਿੱਗਣੀ ਤਨਖਾਹ ਵਾਲੀ ਨੌਕਰੀ ਮੈਂ ਵਲੈਤੋਂ ਛੱਡ ਕੇ ਆਇਆ ਸਾਂ। ਮੈਂ ਗੁੱਸੇ ਦੀ ਭਾਫ ਛਡਦਿਆਂ ਜਵਾਬ ਦਿਤਾ, “ਨੌਕਰੀ ਔਰ ਤਨਖਾਹ ਕਾ ਜ਼ਿਕਰ ਕਰਨੇ ਸੇ ਪਹਿਲੇ ਮੁਝੇ ਉਮੀਦ ਥੀ ਕਿ ਆ ਮੁਝ ਸੇ ਚਾਰ ਘੰਟੇ ਇੰਤਜ਼ਾਰ ਕਰਵਾਨੇ ਕੀ ਮੁਆਫੀ ਮਾਂਗੇਗੇ। ਬਹਰਹਾਲ, ਮੈਂ ਆਪ ਸੇ ਅਰਜ਼ ਕਰਨਾ ਚਾਹਤਾ ਹੂੰ ਕਿ ਮੈਂ ਯਹਾਂ ਸਿਰਫ ਚੇਤਨ ਕੀ ਪਿਕਚਰ ਕੇ ਕਾਮ ਕੇ ਖਿਆਲ ਸੇ ਆਯਾ ਹੂੰ, ਅਰਜੁਨ ਵਰਜੁਨ ਬਨਨੇ ਕਾ ਮੇਰਾ ਕੋਈ ਇਰਾਦਾ ਨਹੀਂ ਹੈ।”
ਅਹਿਮਦ ਸਾਹਿਬ ਖਾਮੋਸ਼ ਹੋ ਗਏ। ਇਤਨੇ ਵਿਚ ਨੀਨਾ ਅੰਦਰ ਆ ਕੇ ਸੋਫੇ ਉਪਰ ਬਹਿ ਗਈ। ਗੁਲਾਬੀ ਰੰਗਤ, ਸਫੈਦ ਸਾੜ੍ਹੀ। ਉਹਦੀ ਸੁੰਦਰਤਾ ਨਾਲ ਕਮਰਾ ਟਹਿਕ ਪਿਆ। ਅਹਿਮਦ ਸਾਹਿਬ ਵੀ ਅਚਾਨਕ ਸੁਹਿਰਦ ਤੇ ਬੇ-ਤਕੱਲਫ ਹੋ ਗਏ। “ਸਾਹਨੀ ਸਾਹਬ, ਮੈਂ ਚਾਹਤਾ ਥਾ ਕਿ ਮੁਲਾਕਾਤ ਸੇ ਪਹਿਲੇ ਤਸਵੀਰੇਂ ਮੇਰੇ ਪਾਸ ਆ ਜਾਏਂ। ਕੈਮਰਾ ਡਿਪਾਰਮੈਂਟ ਵਾਲੋਂ ਸੇ ਡੀਵੈਲਪਿੰਗ, ਪ੍ਰਿੰਟਿੰਗ ਮੇਂ ਕੁਛ ਦੇਰ ਹੋ ਗਈ, ਔਰ ਆਪ ਕੋ ਜ਼ਹਿਮਤ ਉਠਾਨੀ ਪੜੀ। ਨੀਨਾ, ਸਾਹਨੀ ਸਾਹਿਬ ਅਰਜਨ ਕੇ ਰੋਲ ਕੇ ਲੀਏ ਯਕੀਨਨ ਬਹੁਤ ਮੌਜ਼ੂੰ ਹੈਂ, ਮਗਰ ਧਾਰਮਿਕ ਪਿਕਚਰ ਮੇਂ ਕਾਮ ਕਰਨਾ ਇਨਹੇਂ ਪਸੰਦ ਨਹੀਂ ਹੈ। ਕੋਈ ਜਲਦੀ ਨਹੀਂ ਹੈ। ਸਾਹਨੀ ਸਾਹਿਬ, ਆਪ ਸੋਚ ਲੀਜੀਏ। ਹਮਾਰੀ ਮਹਾਂਭਾਰਤ ਮਹਿਜ਼ ਧਾਰਮਿਕ ਪਿਕਚਰ ਨਹੀਂ ਹੋਗੀ, ਉਸ ਕੇ ਕੁਛ ਤਰੱਕੀ-ਪਸੰਦ ਪਹਿਲੂ ਭੀ ਹੋਂਗੇ ਜਿਨ੍ਹੇਂ ਆਪ ਜ਼ਰੂਰ ਪਸੰਦ ਕਰੇਂਗੇ।”
“ਮੈਨੇ ਅਪਨਾ ਇਰਾਦਾ ਬਤਾ ਦੀਆ ਹੈ। ਇਸ ਸੇ ਜ਼ਿਆਦਾ ਮੁਝੇ ਨਾ ਕੁਛ ਕਹਿਨਾ ਹੈ, ਨਾ ਸੋਚਨਾ ਹੈ।” ਇਹ ਕਹਿ ਕੇ ਮੈਂ ਉੱਠ ਖਲੋਤਾ, ਤੇ ਸਲਾਮ ਕਰਕੇ ਬਾਹਰ ਚਲਾ ਆਇਆ।
ਬਾਹਰ ਆ ਕੇ ਵੇਖਿਆ, ਚੇਤਨ ਨਹੀਂ ਸੀ। ਸ਼ਾਇਦ ਉਹਨੂੰ ਅਹਿਮਦ ਸਾਹਿਬ ਨੇ ਕਿਸੇ ਹੋਰ ਪਾਸਿਓਂ ਅੰਦਰ ਬੁਲਾ ਲਿਆ ਸੀ।
ਬਗੀਚੇ ਵਿਚ ਹਮੀਦ ਬੱਟ, ਮੋਹਸਿਨ ਅਬਦੁੱਲਾ, ਤਿਵਾੜੀ, ਡੇਵਿਡ ਤੇ ਮੈਂ ਕਿਤਨਾ ਚਿਰ ਟਹਿਲਦੇ ਰਹੇ। ਅਖੀਰ, ਚੇਤਨ ਉਸੇ ਦਰਵਾਜ਼ੇ ਵਿਚੋਂ ਬਾਹਰ ਆਇਆ ਜਿਸ ਵਿਚੋਂ ਮੈਂ ਨਿਕਲਿਆ ਸਾਂ। ਮੇਰੀ ਪ੍ਰਸ਼ਨ-ਸੂਚਕ ਤੱਕਣੀ ਦੇ ਜਵਾਬ ਵਿਚ ਚੇਤਨ ਨੇ ਹਾਰੇ ਜਿਹੇ ਅੰਦਾਜ਼ ਵਿਚ ਕਿਹਾ, “ਭਈ, ਮੈਂ ਤੋ ਕਾਂਟਰੈਕਟ ਸਾਈਨ ਕਰ ਆਇਆ ਹੂੰ।”
ਮੈਂ ਭੁਚਲਾ ਗਿਆ, “ਮੈਂ ਤੇਰੀ ਖਾਤਰ ਉਹਨੂੰ ਮੂੰਹ ਨਹੀਂ ਲਾਇਆ ਤੇ ਤੂੰ ਕਾਂਟਰੈਕਟ ਸਾਈਨ ਕਰ ਆਇਆਂ ਏਂ?” ਅਹਿਮਦ ਸਾਹਿਬ ਨੇ ਮੇਰੇ ਕਾਂਟਰੈਕਟ ਦੀ ਗੱਲ ਚੇਤਨ ਤੋਂ ਲੁਕਾ ਕੇ ਰੱਖੀ ਸੀ। ਚੇਤਨ ਵੀ ਕੋਈ ਘਟ ਅਣਖੀਲਾ ਬੰਦਾ ਨਹੀਂ ਸੀ। ਉਹ ਝਟ ਪਲਟ ਕੇ ਕੋਠੀ ਦੇ ਅੰਦਰ ਦੌੜ ਗਿਆ, ਤੇ ਉਸ ਨੇ ਅਹਿਮਦ ਸਾਹਿਬ ਤੋਂ ਮੰਗ ਕੀਤੀ ਕਿ ਉਹਦਾ ਕਾਂਟਰੈਕਟ ਪਾੜ ਦਿੱਤਾ ਜਾਏ।
ਅਹਿਮਦ ਸਾਹਿਬ ਕਾਂਟਰੈਕਟ ਪਾੜਨ ਲਈ ਤਾਂ ਤਿਆਰ ਨਾ ਹੋਏ ਪਰ ਉਹਨਾਂ ਵਾਇਦਾ ਕੀਤਾ ਕਿ ਉਹ ਚੇਤਨ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕਰਨਗੇ। ਤੇ ਇੰਜ ਅਗਲੇ ਦਿਨ ਅਸੀਂ ਦੋਵੇਂ, ਹਮੀਦ ਬੱਟ ਦੇ ਨਾਲ, ਜੋ ਪਹਿਲਾਂ ਤੋਂ ਅਹਿਮਦ ਸਾਹਿਬ ਨੂੰ ਅਸਤੀਫਾ ਦੇ ਬੈਠਾ ਸੀ, ‘ਡੱਕਨ ਕਵੀਨ` ਗੱਡੀ ਵਿਚ ਬਹਿ ਕੇ ਠਨ-ਠਨ ਗੋਪਾਲੀ ਦੀ ਹਾਲਤ ਵਿਚ ਬੰਬਈ ਵਲ ਠਿੱਲ੍ਹ ਪਏ।
ਡਬਲਿਊ.ਜ਼ੈੱਡ. ਅਹਿਮਦ ਤੇ ਨੀਨਾ ਹੁਣ ਪਾਕਿਸਤਾਨ ਵਿਚ ਹਨ। ਪਿਛੇ ਜਦੋਂ ਮੈਂ ਲਾਹੌਰ ਗਿਆ ਸਾਂ ਤਾਂ ਇਮਤਿਆਜ਼ ਅਲੀ ਤਾਜ ਸਾਹਿਬ ਦੇ ਘਰ ਉਹਨਾਂ ਦੋਵਾਂ ਦੇ ਦਰਸ਼ਨ ਹੋਏ ਸਨ। ਬੜੇ ਪਿਆਰ-ਮੁਹੱਬਤ ਨਾਲ ਅਸੀਂ ਮਿਲੇ। ਸੱਚ ਪੁੱਛਿਆ ਜਾਏ ਤਾਂ ਆਪਣੀ ਥਾਂ ਅਹਿਮਦ ਸਾਹਿਬ ਨੇ ਮੇਰੇ ਉੱਪਰ ਬੜੀ ਮਿਹਰਬਾਨੀ ਕਰਨੀ ਚਾਹੀ ਸੀ, ਨਹੀਂ ਤੇ ਕੌਣ ਅਜਿਹਾ ਪ੍ਰੋਡਿਊਸਰ ਹੈ ਜੋ ਨਵੇਂ ਆਏ ਆਦਮੀ ਨੂੰ ਸਟੂਡੀਓ ਵਿਚ ਪੈਰ ਧਰਦਿਆਂ ਸਾਰ ਇਕ ਹਜ਼ਾਰ ਰੁਪਏ ਦੀ ਨੌਕਰੀ ਪੇਸ਼ ਕਰ ਦੇਵੇ? (ਚੱਲਦਾ)