ਔਰਤ ਦੀ ਮਰਜ਼ੀ ਦਾ ਸਮਾਜਿਕ ਪ੍ਰਸੰਗ

ਗੌਰਵੀ ਸ਼ਰਮਾ
ਇਤਿਹਾਸ ਵਿਚ ਅਜਿਹੇ ਪਲ ਨਾਂ-ਮਾਤਰ ਹੀ ਮਿਲਦੇ ਹਨ, ਜਦੋਂ ਔਰਤ ਦੇ ਵਜੂਦ ਦੀ ਲੜਾਈ ਕਿਸੇ ਨੇਸ਼ਨ ਦਾ ਏਜੰਡਾ ਰਿਹਾ ਹੋਵੇ। ਫਿਰ ਵੀ ਇਤਿਹਾਸ ਅਜਿਹੀਆਂ ਔਰਤਾਂ ਦੀ ਗਵਾਹੀ ਭਰਦਾ ਹੈ ਜਿਨ੍ਹਾਂ ਦੇ ਰੂਹ ਦੀ ਭਟਕਣ ਅਤੇ ਜ਼ਿੰਦਗੀ ਜਿਉਣ ਦੀ ਸ਼ਿੱਦਤ ਲਈ ਕੀਤੀ ‘ਚੋਣ’ ਨੇ ਨਾ ਸਿਰਫ ਔਰਤ ਸਗੋਂ ਮਨੁੱਖੀ ਹੋਂਦ ਦੀ ਵੀ ਨਵੀਂ ਕਹਾਣੀ ਲਿਖੀ।

ਇਨ੍ਹਾਂ ਔਰਤਾਂ ਦੀ ਖੂਬਸੂਰਤੀ ਦੇ ਹਰ ਪੱਖ ਨੂੰ ਸਮਝਣ ਲਈ ਸਾਡੇ ਸਮਾਜ ਨੂੰ ਲੰਬਾ ਪੈਂਡਾ ਤੈਅ ਕਰਨਾ ਪੈਣਾ ਹੈ। ਫਰੈਡਰਿਕ ਨਿਤਸ਼ੇ ਅਨੁਸਾਰ ਮਨੁੱਖ ਆਪਣੀਆਂ ਚੋਣਾਂ ਦਾ ਨਤੀਜਾ ਹੈ। ਪ੍ਰਸਿੱਧ ਨਾਰੀਵਾਦੀ ਚਿੰਤਕ ਸਿਮੋ ਦਿ ਬੂਆ ਨੇ ਵੀ ਆਖਿਆ ਹੈ- “ਔਰਤ ਲਈ ਸਵਾਲ ਮਹਿਜ਼ ਔਰਤ ਹੋਣ ਦਾ ਦਾਅਵਾ ਕਰਨਾ ਨਹੀਂ ਸਗੋਂ ਸੰਪੂਰਨ ਮਨੁੱਖ ਹੋਣ ਦਾ ਹੈ।” ਪਰ ਕੋਈ ਵੀ ਚੋਣ ਆਪਣੇ ਆਪ ਵਿਚ ਸੰਪੂਰਨ ਨਹੀਂ ਹੁੰਦੀ ਸਗੋਂ ਸਮਾਜਕ, ਆਰਥਕ, ਸਿੱਖਿਆ, ਸਭਿਆਚਾਰਕ ਅਤੇ ਧਾਰਮਿਕ ਪ੍ਰਸੰਗ ਹੀ ਚੋਣ ਅਤੇ ਹਾਲਾਤ ਨੂੰ ਪ੍ਰਭਾਵਿਤ/ਨਿਰਧਾਰਿਤ ਕਰਦੇ ਹਨ। ਇਨ੍ਹਾਂ ਪੱਖਾਂ ਦੀਆਂ ਸੀਮਾਵਾਂ ਦੇ ਬਾਵਜੂਦ ਚੋਣ ਦਾ ਸੁਆਲ ਬਹੁਤ ਅਹਿਮ ਹੈ ਜਿਸ ਵਿਚ ਕੋਈ ਵੀ ਕੀਤੀ ਚੋਣ, ਚੋਣ ਵਜੋਂ ਉਭਰਦੀ ਹੈ।
ਸਿਮਰਨ ਕੌਰ ਢਾਡਲੀ ਦੇ ਗੀਤ ‘ਲਹੂ ਦੀ ਅਵਾਜ਼’ ਵਿਚ ਔਰਤ ਦੀ ਪੇਸ਼ਕਾਰੀ ਬਹੁਤ ਹੀ ਗੈਰ-ਮਨੁੱਖੀ ਅਤੇ ਸੀਮਿਤ ਢੰਗ ਨਾਲ ਦਿਖਾਈ ਗਈ ਹੈ। ਇਸ ਗੀਤ ਵਿਚ ਔਰਤਾਂ ਨੂੰ ਸਿੱਧੇ ਰੂਪ ਵਿਚ ਦੋ ਸ਼੍ਰੇਣੀਆਂ ਵਿਚ ਵੰਡਿਆ ਦਿਖਾਇਆ ਗਿਆ ਹੈ। ਇਸ ਅਨੁਸਾਰ ਆਦਰਸ਼ ਔਰਤ ਉਹ ਹੈ ਜੋ ਪਿਉ ਅਤੇ ਭਰਾ ਸਾਹਮਣੇ ਨੀਵੀਂ ਪਾਈ ਚੁੱਪ ਵੱਟੀ ਖੜ੍ਹੀ ਹੈ। ਕੁੱਖੋਂ ਯੋਧੇ ਜੰਮਣਾ ਅਤੇ ਮਰਦਾਂ ਦੀ ਸੇਵਾ ਜਿਸ ਦਾ ਮੁੱਢਲਾ ਧਰਮ ਹੈ। ਦੂਜੀ ਧਿਰ ਵਿਚ ਉਹ ਔਰਤਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਦੇਹ ਦੀ ਨੁਮਾਇਸ਼ ਤੋਂ ਇਤਰਾਜ਼ ਨਹੀਂ। ਗੀਤ ਦੇ ਬੋਲਾਂ ਅਨੁਸਾਰ ਅਜਿਹੀਆਂ ਔਰਤਾਂ ਪ੍ਰੰਪਰਾਗਤ ਅਣਖ ਅਤੇ ਇੱਜ਼ਤ ਨੂੰ ਰੋਲਦੀਆਂ ਹਨ। ਇਹ ਔਰਤਾਂ ਫੈਮਿਨਿਸਟ (ਨਾਰੀਵਾਦੀ) ਕਹਾਉਂਦੀਆਂ ਹਨ ਜਿਨ੍ਹਾਂ ਨੂੰ ਦੇਹ ਦੀ ਪੇਸ਼ਕਾਰੀ ਤੋਂ ਗੁਰੇਜ ਨਹੀਂ। ਔਰਤਾਂ ਦੀ ਕੱਪੜਿਆਂ, ਸ਼ਰਾਬ ਦਾ ਸੇਵਨ, ਆਪਣੀ ਦੇਹ ਆਦਿ ਲਈ ਕੀਤੀਆਂ ਨਿੱਜੀ ਚੋਣਾਂ ਨੂੰ ‘ਚੋਣਵੇਂ ਨਾਰੀਵਾਦ’ ਦਾ ਠੱਪਾ ਲਗਾ ਕੇ ਉਦਾਰਵਾਦੀ ਖੇਮੇ ਵੱਲੋਂ ਵੀ ਨਕਾਰ ਦਿੱਤਾ ਜਾਂਦਾ ਹੈ। ਵਿਚਾਰਨਯੋਗ ਗੱਲ ਇਹ ਹੈ ਕਿ ਅਜੋਕੇ ਸਮੇਂ ਵਿਚ ਔਰਤ ਦੇ ਸਰੋਕਾਰਾਂ ਜਾਂ ਨਾਰੀਵਾਦ ਦੇ ਸੰਕਲਪ ਨੂੰ ਇੱਥੇ ਦਰਸਾਈਆਂ ਦੋਹਾਂ ਕਿਸਮਾਂ ਦੀਆਂ ਚੋਣਾਂ (ਮੱਧਯੁਗੀ ਆਦਰਸ਼ ਔਰਤ ਅਤੇ ਔਰਤਾਂ ਦੀ ਉਹ ਸ਼੍ਰੇਣੀ ਜੋ ਮਹਿਜ਼ ਜੀਵਨ-ਸ਼ੈਲੀ ਦੇ ਬਦਲਾਅ ਚਾਹੁੰਦੀ ਹੈ) ਤੱਕ ਸੀਮਤ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਹ ਸਿਰਫ ਨਵ-ਉਦਾਰਵਾਦੀ ਨੀਤੀਆਂ ਤਹਿਤ ਚੋਣ ਸ਼ਬਦ ਦੀ ਸਿਆਸਤ ਹੇਠ ਔਰਤਾਂ ਦੀ ਕਿਰਤ ਅਤੇ ਕਿਰਦਾਰ ਨੂੰ ਵਰਤਣ ਦਾ ਸਾਧਨ ਮਾਤਰ ਹਨ ਜੋ ਸਿੱਧੇ ਅਸਿੱਧੇ ਰੂਪ ‘ਚ ਸਿਸਟਮ ਦੀਆਂ ਊਣਤਾਈਆਂ ਦੀ ਹਮਾਇਤ ਕਰਦੀਆਂ ਹਨ।
ਇਸ ਦੇ ਨਾਲ ਹੀ ਇਹ ਵੀ ਦੇਖਣਾ ਲਾਜ਼ਮੀ ਹੈ ਕਿ ਕੀ ਸਾਡੇ ਸਮਾਜ ਵਿਚ ਵਾਕਈ ਕਿਸੇ ਵੀ ਵਰਗ ਦੀ ਔਰਤ ਕੋਈ ਚੋਣ ਕਰਨ ਲਈ ਸੁਤੰਤਰ ਹੈ? ਜੇਕਰ ਔਰਤ ਕੁਝ ਕੁ ਨਿੱਜੀ ਚੋਣਾਂ ਨੂੰ ਹੀ ਆਜ਼ਾਦੀ ਦਾ ਭਰਮ ਸਮਝਦੀ ਹੋਵੇ, ਕੀ ਚੋਣ ਅਤੇ ਆਜ਼ਾਦੀ ਵਰਗੇ ਸ਼ਬਦ ਇਸ ਸੰਦਰਭ ਵਿਚ ਵਰਤੇ ਜਾ ਸਕਦੇ ਹਨ? 21ਵੀਂ ਸਦੀ ਦੀ ਔਰਤ ਚੋਣਵੇਂ ਨਾਰੀਵਾਦ ਅਤੇ ਮੱਧਯੁਗੀ ਔਰਤ ਦੇ ਅਕਸ ਵਿਚਕਾਰ ਖੜ੍ਹੀ ਹੈ ਜੋ ਕਿ ਹਰੇਕ ਪੱਧਰ ‘ਤੇ ਆਪਣੇ ਕਿਰਦਾਰ ਦੀ ਹੋਂਦ ਅਤੇ ਕੀਤੇ ਫੈਸਲਿਆਂ ਲਈ ਲੜ ਰਹੀ ਹੈ। ਔਰਤ ਦੀ ਜ਼ਿੰਦਗੀ ਨੂੰ ਮਰਦ ਦੀ ਹੋਂਦ ਤੋਂ ਬਿਨਾ ਸਮਾਜਕ ਪ੍ਰਵਾਨਗੀ ਨਹੀਂ ਹੈ। ਔਰਤ ਭਾਵੇਂ ਯੂਨੀਵਰਸਿਟੀ ਤੱਕ ਪਹੁੰਚ ਗਈ ਹੈ ਪਰ ਉਸ ਦੀ ਪੜ੍ਹਾਈ ਮੈਟਰੀਮੋਨੀਅਲ ਪ੍ਰੋਫਾਈਲ ਪੁਖਤਾ ਕਰਨ ਤੱਕ ਸੀਮਤ ਹੈ। ਕੁੜੀਆਂ ਦੀ ਪੜ੍ਹਾਈ-ਲਿਖਾਈ ਤਾਂ ਹੀ ਸਫਲ ਮੰਨੀ ਜਾਂਦੀ ਹੈ ਜੇ ਉਸ ਨੂੰ ਵਿਆਹ ਲਈ ਚੰਗਾ ਘਰ, ਪਰਿਵਾਰ (ਜ਼ਮੀਨ-ਜਾਇਦਾਦ ਆਦਿ) ਨਿਰਧਾਰਿਤ ਸਮੇਂ ਤੱਕ ਮਿਲ ਜਾਵੇ। ਕੁਝ ਸਾਲ ਪਹਿਲਾਂ ਆਈ ‘ਕੁਈਨ’ ਫਿਲਮ ਕਾਫੀ ਚਰਚਿਤ ਰਹੀ। ਇਹ ਫਿਲਮ ਇਸ ਲਈ ਵੀ ਅਗਾਂਹਵਧੂ ਮੰਨੀ ਗਈ ਕਿਉਂਕਿ ਇਹ ਫਿਲਮ ਉਨ੍ਹਾਂ 5 ਫੀਸਦੀ ਫਿਲਮਾਂ ਵਿਚੋਂ ਹੈ ਜੋ ਔਰਤ ਕਿਰਦਾਰ ‘ਤੇ ਕੇਂਦਰਿਤ ਹਨ ਜਦੋਂਕਿ 95 ਫੀਸਦੀ ਸਿਨਮਾ ਜਾਂ ਤਾਂ ਮਰਦ ਕੇਂਦਰਿਤ ਹੈ ਜਾਂ ਮਰਦਾਵੇਂ ਨਜ਼ਰੀਏ ਤੋਂ ਦੇਖਿਆ ਜਾਂ ਬਣਾਇਆ ਜਾਂਦਾ ਹੈ। ਇਹ ਫਿਲਮ ਔਰਤਾਂ ਦੇ ਕਿਸੇ ਖਾਸ ਜਾਂ ਮੁੱਢਲੇ ਮੁੱਦਿਆਂ ਨੂੰ ਮੁਖਾਤਬ ਨਹੀਂ ਹੁੰਦੀ ਸਗੋਂ ਮੱਧਵਰਗੀ ਪਰਿਵਾਰ ਦੀ ਭੋਲੀ ਜਿਹੀ ਕੁੜੀ ਦੇ ਉਸ ਸਫਰ ਦੁਆਲੇ ਘੁੰਮਦੀ ਹੈ ਜਦੋਂ ਵਿਆਹ ਟੁੱਟਣ ਤੋਂ ਬਾਅਦ ਉਹ ਆਪਣੇ ਪਤੀ ਤੋਂ ਬਗੈਰ ਇਕੱਲਿਆਂ ਹੀ ਹਨੀਮੂਨ ‘ਤੇ ਜਾਣ ਦਾ ਫੈਸਲਾ ਕਰ ਲੈਂਦੀ ਹੈ। ਇਸ ਕਿਰਦਾਰ ਦੀ ਚੋਣ ਭਾਵੇਂ ਕੋਈ ਅਸਾਧਾਰਨ ਚੋਣ ਨਹੀਂ ਪਰ ਉਹ ਇਸ ਅਧੂਰੇ ਸਫਰ ਵਿਚ ਵੀ ਆਪਣੇ ਸਵੈ, ਵਜੂਦ ਅਤੇ ਸ਼ਖਸੀਅਤ (ਪਛਾਣ) ਨਾਲ ਦੋ-ਚਾਰ ਹੁੰਦਿਆਂ ਦੁਨੀਆ ‘ਚ ਵਿਚਰਦੀ ਹੈ। ਉਸ ਦੇ ਨਿੱਕੇ-ਨਿੱਕੇ ਫੈਸਲੇ ਉਸ ਦੇ ਜ਼ਿਹਨ ਵਿਚ ਸਥਾਪਤ ਸਮਾਜਕ-ਮਨੋਵਿਗਿਆਨਕ ਰੁਕਾਵਟਾਂ ਨੂੰ ਤੋੜਦੇ ਹਨ, ਫਿਰ ਭਾਵੇਂ ਆਪਣੇ ਲਈ ਕੱਪੜਿਆਂ ਦੀ ਚੋਣ ਹੋਵੇ, ਤਿੰਨ ਮੁੰਡਿਆਂ ਨਾਲ ਹੋਸਟਲ ‘ਚ ਰਹਿਣਾ ਹੋਵੇ, ਇਕੱਲੇ ਇੱਕ ਦੇਸ਼ ਜਾਂ ਸ਼ਹਿਰ ਤੋਂ ਸਫਰ ਕਰਨਾ ਹੋਵੇ ਆਦਿ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਸਮੇਂ ਜਾਂ ਹਾਲਾਤ ਵਿਚ ਕੀਤੀ ਚੋਣ ਨੂੰ ਨਤੀਜਿਆਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਔਰਤਾਂ ਨਾਲ ਘਰਾਂ ਵਿਚ ਨਿੱਤ ਹੁੰਦੀ ਹਿੰਸਾ ਦੇ ਬਾਵਜੂਦ ਮਹਿਜ਼ ਕੁਝ ਗਿਣਤੀ ਔਰਤਾਂ ਹੀ ਤਲਾਕ ਦੀ ਚੋਣ ਕਰ ਸਕਦੀਆਂ ਹਨ। ‘ਥੱਪੜ’ ਫਿਲਮ ਦੀ ਮੁੱਖ ਕਿਰਦਾਰ ਆਦਰਸ਼ ਪਤਨੀ ਅਤੇ ਨੂੰਹ ਹੈ। ਸਿਰਫ ਇੱਕ ਥੱਪੜ ਉਸ ਦੇ ਸਾਰੇ ਵਜੂਦ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਅਤੇ ਸਮਾਜ ਵਿਚ ਸਥਾਪਤ ਰੂੜੀਵਾਦੀ ਪਤੀ ਦੀ ਭੂਮਿਕਾ ਦੇ ਹਰੇਕ ਪੱਖ ਨੂੰ ਨੰਗਾ ਕਰ ਦਿੰਦਾ ਹੈ ਜਿਸ ਦੇ ਤਹਿਤ ਪਤੀ ਨੂੰ ਪਤਨੀ ‘ਤੇ ਹੱਥ ਚੁੱਕਣ ਦਾ ਹੱਕ ਸਹਿਜੇ ਹੀ ਪ੍ਰਾਪਤ ਹੈ, ਫਿਰ ਭਾਵੇਂ ਸ਼ੁਰੂਆਤ ਵਿਚ ਇੱਕ ਥੱਪੜ ਹੀ ਕਿਉਂ ਨਾ ਹੋਵੇ। ਜਿੱਥੇ ਔਰਤ ਦਾ ਤਲਾਕ ਲੈਣਾ ਵਿਸਫੋਟਕ ਚੋਣ ਬਣ ਜਾਂਦਾ ਹੈ, ਉਥੇ ਮਰਦ ਦੇ ਔਰਤ ਉਤੇ ਹੱਥ ਚੁੱਕਣ ਦੇ ਰੁਝਾਨ ‘ਤੇ ਸਾਡਾ ਸਮਾਜ ਚੁੱਪ ਕਿਉਂ ਧਾਰ ਲੈਂਦਾ ਹੈ?
ਪਿੱਤਰਸੱਤਾ ਵਾਲੇ ਢਾਂਚੇ ਵਿਚ ਪਰਿਵਾਰ ਨੂੰ ਜੋੜ ਕੇ ਰੱਖਣਾ (ਭਾਵਨਾਤਮਕ ਲੇਬਰ) ਹੀ ਨਹੀਂ ਸਗੋਂ ਰਸੋਈ ਅਤੇ ਪਾਲਣ-ਪੋਸ਼ਣ ਦੀ ਮੁੱਢਲੀ ਜ਼ਿੰਮੇਵਾਰੀ ਵੀ ਔਰਤ ਦੇ ਹਿੱਸੇ ਆਉਂਦੀ ਹੈ ਜੋ ਉਸ ਤੋਂ ਅਸਾਧਾਰਨ ਸਹਿਣਸ਼ੀਲਤਾ ਦੀ ਮੰਗ ਕਰਦੀ ਹੈ। ਮਲਿਆਲਮ ਫਿਲਮ ‘ਦਿ ਗਰੇਟ ਇੰਡੀਅਨ ਕਿਚਨ’ ਵਿਚ ਰਸੋਈ, ਔਰਤ ਅਤੇ ਘਰਾਂ ਵਿਚ ਰੋਜ਼ਮੱਰਾ ਦੇ ਜੀਵਨ ਵਿਚ ਘੁਟਣ ਦੇ ਅੰਸ਼ਾਂ ਨੂੰ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਫਿਲਮ ਦੇ ਪਹਿਲੇ ਦ੍ਰਿਸ਼ ਵਿਚ ਮੁੱਖ ਕਿਰਦਾਰ ਦੇ ਡਾਂਸ ਕਰਨ ਦੀ ਝਲਕ ਦੇ ਨਾਲ-ਨਾਲ ਉਸ ਦੇ ਵਿਆਹ ਲਈ ਰਿਸ਼ਤੇ ਦੀ ਹੁੰਦੀ ਗੱਲਬਾਤ ਦੀ ਝਲਕ ਦਿਖਾਈ ਦਿੰਦੀ ਹੈ। ਵਿਆਹ ਤੋਂ ਬਾਅਦ ਮਹਿਜ਼ ਪਤਨੀ ਦੀ ਭੂਮਿਕਾ ਵਿਚ ਉਸ ਦੀ ਜ਼ਿੰਦਗੀ ਰਸੋਈ ਤੱਕ ਸਿਮਟੀ ਨਜ਼ਰ ਆਉਂਦੀ ਹੈ। ਪਤੀ ਅਤੇ ਸਹੁਰੇ ਦਾ ਰਵਾਇਤੀ ਵਿਹਾਰ ਸਮਾਜ ਵਿਚ ਪ੍ਰਚਲਿਤ ਡੂੰਘੀਆਂ ਸੱਚਾਈਆਂ ਨੂੰ ਬਿਆਨ ਕਰਦਾ ਹੈ। ਇਸ ਸਭ ਦੌਰਾਨ ਮੁੱਖ ਕਿਰਦਾਰ ਦੀ ਵਿਆਹ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਬਚਾਉਣ ਲਈ ਕੀਤੀ ਭਾਵਨਾਤਮਕ ਅਤੇ ਸਰੀਰਕ ਜਦੋ-ਜਹਿਦ ਬਾਖੂਬੀ ਨਜ਼ਰ ਆਉਂਦੀ ਹੈ। ਸਹੁਰੇ ਪਰਿਵਾਰ ਵੱਲੋਂ ਡਾਂਸ ਜਾਂ ਨੌਕਰੀ ਕਰਨ ਦੀ ਇੱਛਾ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਅੰਤ ਵਿਚ ਉਹ ਵਿਆਹ ਦੀ ਸੰਸਥਾ ਵਿਚ ਹਾਲਾਤ ਨਾਲ ਸਮਝੌਤਾ ਨਹੀਂ ਕਰਦੀ ਸਗੋਂ ਆਪਣੇ ਵਜੂਦ ਦੀ ਚੋਣ ਕਰਦਿਆਂ ਡਾਂਸ (ਕਲਾ) ਵੱਲ ਕਦਮ ਵਧਾਉਂਦੀ ਹੈ। ਔਕਸਫੈਮ (ਇੰਡੀਆ) ਦੀ ਰਿਪੋਰਟ ਵਿਚ ਸਾਫ ਦੱਸਿਆ ਗਿਆ ਹੈ ਕਿ ਔਰਤਾਂ ਘਰਾਂ ਵਿਚ ਮਰਦਾਂ ਦੇ ਮੁਕਾਬਲਤਨ 238 ਮਿੰਟ ਜ਼ਿਆਦਾ ਕੰਮ ਕਰਦੀਆਂ ਹਨ ਜਿਸ ਦੀ ਕੋਈ ਤੈਅਸ਼ੁਦਾ ਅਦਾਇਗੀ ਨਹੀਂ ਮਿਲਦੀ। ਇਹ ਪਰਿਵਾਰ ਵਿਚ ਸਥਾਪਿਤ ਭੈਣ, ਪਤਨੀ, ਮਾਂ ਆਦਿ ਦੀਆਂ ਰੂੜੀਬੱਧ ਭੂਮਿਕਾਵਾਂ ਨੂੰ ਹੋਰ ਮਜ਼ਬੂਤੀ ਦਿੰਦਾ ਹੈ। ਔਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ 6.4 ਕਰੋੜ ਔਰਤਾਂ ਨੂੰ ਨੌਕਰੀਆਂ ਗੁਆਉਣੀਆਂ ਪਈਆਂ ਜੋ ਮਰਦਾਂ ਦੇ ਮੁਕਾਬਲੇ 39 ਫੀਸਦੀ ਜ਼ਿਆਦਾ ਸਨ।
ਕਿਸੇ ਵੀ ਸਮਾਜ ਵਿਚ ਔਰਤ ਜਾਂ ਲਿੰਗ ਕੋਈ ਸਥਾਪਿਤ ਇਕਾਈ ਨਹੀਂ ਹੈ। ਔਰਤਾਂ ਦੀ ਪਛਾਣ ਜਾਤ, ਜਮਾਤ, ਨਸਲ, ਕਿੱਤੇ, ਖਿੱਤੇ ਆਦਿ ਵਿਚ ਵੰਡੀ ਹੋਈ ਹੈ। ਸੁਭਾਵਿਕ ਹੈ ਕਿ ਔਰਤ ਵੱਲੋਂ ਕੀਤੀ ਕੋਈ ਵੀ ਚੋਣ ਇਨ੍ਹਾਂ ਦਾਇਰਿਆਂ ਤੋਂ ਬਾਹਰ ਨਹੀਂ ਹੋ ਸਕਦੀ। ਅਮਰਤਿਆ ਸੇਨ ਅਨੁਸਾਰ, “ਇਸ ਤੱਥ ਤੋਂ ਮੁੱਢਲਾ ਅਤੇ ਸਰਵ-ਵਿਆਪੀ ਹੋਰ ਕੁਝ ਨਹੀਂ ਹੋ ਸਕਦਾ ਕਿ ਹਰ ਖੇਤਰ ਵਿਚ ਹਰ ਕਿਸਮ ਦੀਆਂ ਚੋਣਾਂ ਇੱਕ ਵਿਸ਼ੇਸ਼ ਸੀਮਾ ਦੇ ਅੰਦਰ ਹੀ ਕੀਤੀਆਂ ਜਾਂਦੀਆਂ ਹਨ।” ਇਹ ਦਾਇਰੇ ਆਰਥਕਤਾ, ਜਾਤ, ਜਮਾਤ ਅਤੇ ਮੰਡੀ ਵੀ ਨਿਰਧਾਰਿਤ ਕਰਦੀ ਹੈ। ਇੱਕ ਮਜ਼ਦੂਰ ਦਾ ਬੱਚਾ ਸਿੱਧ ਪੱਧਰੀ ਡਾਕਟਰ ਜਾਂ ਇੰਜਨੀਅਰ ਬਣਨ ਦੀ ‘ਚੋਣ’ ਨਹੀਂ ਕਰ ਸਕਦਾ। ਔਰਤਾਂ ਲਈ ਇਹ ਚੋਣ ਕਰਨੀ ਹੋਰ ਵੀ ਮੁਸ਼ਕਿਲ ਹੈ ਕਿਉਂਕਿ ਉਸ ਤੋਂ ਰਵਾਇਤੀ ਸਥਾਪਿਤ ਭੂਮਿਕਾਵਾਂ ਦੀ ਪੂਰਤੀ ਦੀ ਵੀ ਤਵੱਕੋ ਕੀਤੀ ਜਾਂਦੀ ਹੈ ਜੋ ਬਹੁਤੀ ਵਾਰ ਗੈਰ-ਮਨੁੱਖੀ ਹੋ ਨਿਬੜਦੀਆਂ ਹਨ। ਇਸ ਤੋਂ ਇਲਾਵਾ ਨਿਮਨ ਵਰਗ ਦੀ ਔਰਤ ਹਾਲੇ ਵੀ ਆਪਣੀਆਂ ਮੁੱਢਲੀਆਂ ਲੋੜਾਂ, ਸਮੇਂ ਸਿਰ ਮਿਹਨਤਾਨਾ ਨਾ ਮਿਲਣ, ਕਿਰਤ ਦੀ ਬਰਾਬਰੀ ਆਦਿ ਲਈ ਸੰਘਰਸ਼ ਕਰ ਰਹੀ ਹੈ। ਹਾਲ ਹੀ ਵਿਚ ਹੋਏ ਕਿਸਾਨ ਅੰਦੋਲਨ ਵਿਚ ਔਰਤਾਂ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਅੰਤ ਤੱਕ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਔਰਤਾਂ ਨੂੰ ਘਰ ਵਾਪਸੀ ਲਈ ਕਹਿ ਦਿੱਤਾ ਗਿਆ ਸੀ ਪਰ ਘਰ ਮੁੜਨ ਦੀ ਬਜਾਏ ਉਨ੍ਹਾਂ ਨੇ ਆਪਣੀ ਭਾਗੀਦਾਰੀ ਦੀ ਚੋਣ ਨੂੰ ਤਰਜੀਹ ਦਿੱਤੀ। ਅੰਦੋਲਨ ਵਿਚ ਸ਼ਮੂਲੀਅਤ ਦੀ ਚੋਣ ਨਾਲ ਇੱਕ ਪਲੇਟਫਾਰਮ ਹਾਸਿਲ ਕੀਤਾ ਜਿਸ ਦੇ ਤਹਿਤ ਔਰਤਾਂ ਨੇ ਆਪਣੇ ਸਵੈ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਹੌਸਲਾ ਜਤਾਇਆ ਪਰ ਇਹ ਤਾਂ ਹੀ ਹੋ ਸਕਿਆ ਜੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਅਤੇ ਸਮਾਜਕ ਥਾਵਾਂ ਉਪਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਵੀ ਮੁੜ ਪਛਾਣਿਆ।
ਉਨ੍ਹਾਂ ਦੇਸ਼ਾਂ ਵਿਚ ਜਿੱਥੇ ਕੱਪੜੇ, ਨੰਗੇਜ਼, ਸਿਗਰਟ, ਸ਼ਰਾਬ ਆਦਿ ਵਸਤਾਂ ਦੀ ਚੋਣ ਨਾਲ ਔਰਤਾਂ ‘ਤੇ ਨੈਤਿਕ ਅਤੇ ਮੌਲਿਕ ਫਰਮਾਨ ਜਾਰੀ ਨਹੀਂ ਹੁੰਦਾ, ਉਥੇ ਵੀ ਔਰਤਾਂ ਸੰਘਰਸ਼ ਕਰ ਰਹੀਆਂ ਹਨ। 2018 ਵਿਚ ਸਪੇਨ ਵਿਚ 50 ਲੱਖ ਔਰਤਾਂ, ਜਿਨਸੀ ਸ਼ੋਸ਼ਣ ਅਤੇ ਹਿੰਸਾ ਖਿਲਾਫ ਸੜਕਾਂ ‘ਤੇ ਉਤਰੀਆਂ। ਦੱਖਣੀ ਅਰਬ ਮੁਲਕਾਂ ਵਿਚ ਔਰਤਾਂ ਨੇ ਡਰਾਈਵਿੰਗ ਦਾ ਅਧਿਕਾਰ ਲੜ ਕੇ ਲਿਆ। ਵਿਅਕਤੀਗਤ ਤੌਰ ‘ਤੇ ਪਾਸਪੋਰਟ ਅਪਲਾਈ ਕਰਨਾ ਵੀ ਇਕੱਲੀ ਔਰਤ ਲਈ ਸੰਭਵ ਨਹੀਂ ਸੀ। ਅਜਿਹੇ ਸਮਿਆਂ ਵਿਚ ਔਰਤ ਵੱਲੋਂ ਕੀਤੀ ਚੋਣ ਛੋਟੀ ਹੈ ਜਾਂ ਵੱਡੀ, ਸੱਚੀ ਹੈ ਜਾਂ ਝੂਠੀ, ਇਸ ਦਾ ਫੈਸਲਾ ਕੌਣ ਕਰੇਗਾ? ਕੀ ਆਪਣੇ ਆਪੇ, ਸਵੈ, ਵਜੂਦ ਨਾਲ ਰੂ-ਬ-ਰੂ ਹੋਏ ਬਿਨਾ ਕਿਸੇ ਵੀ ਵੱਡੇ ਜਾਂ ਛੋਟੇ ਸੰਘਰਸ਼ ਲਈ ਜੋਸ਼ ਤੇ ਜਜ਼ਬੇ ਉਧਾਰੇ ਲਏ ਜਾ ਸਕਦੇ ਹਨ? ਔਰਤ ਦੀ ਕੀਤੀ ਸਾਧਾਰਨ ਤੋਂ ਸਾਧਾਰਨ ਚੋਣ ਉਸ ਦਾ ਖੁਦ ਨਾਲ ਰਿਸ਼ਤਾ ਨਿਰਧਾਰਿਤ ਕਰਦੀ ਹੈ ਜੋ ਉਹ ਸਦੀਆਂ ਤੋਂ ਦੂਜਿਆਂ ਵਿਚੋਂ ਤਲਾਸ਼ਦੀ ਨਜ਼ਰ ਆਉਂਦੀ ਹੈ। ਅਜਿਹੇ ਸਮੇਂ ਘਰ ਤੋਂ ਬਾਹਰ ਪੜ੍ਹਾਈ ਕਰਨ, ਨੌਕਰੀ ਕਰਨ, ਜਨਤਕ ਥਾਵਾਂ ‘ਤੇ ਭਾਗੀਦਾਰੀ, ਵਿਆਹ ਕਰਵਾਉਣ ਜਾਂ ਨਾ ਕਰਵਾਉਣ, ਮਾਂ ਬਣਨ ਜਾਂ ਨਾ ਬਣਨ, ਤਲਾਕ ਲੈਣ ਦੀ ਚੋਣ ਆਦਿ ਦੇ ਪੈਮਾਨੇ ਸਹੀ ਜਾਂ ਗ਼ਲਤ ਹੋਣ ਦਾ ਨਿਬੇੜਾ ਕੌਣ ਕਰੇਗਾ? ਸਾਡੇ ਸਮਾਜ ਵਿਚ ਹਰ ਵਰਗ, ਜਾਤ, ਜਮਾਤ ਅਤੇ ਖਿੱਤੇ ਦੀ ਔਰਤ ਆਪਣੇ-ਆਪਣੇ ਪੱਧਰ ‘ਤੇ ਸੰਘਰਸ਼ ਕਰ ਰਹੀ ਹੈ। ਕੀ ਉਚ-ਵਰਗ, ਮੱਧ-ਵਰਗ ਅਤੇ ਨਿਮਨ-ਵਰਗ ਦੀ ਔਰਤ ਦੇ ਸੰਘਰਸ਼ ‘ਚ ਸਾਂਝ ਸੰਭਵ ਹੈ? ਇਨ੍ਹਾਂ ਸੰਘਰਸ਼ਾਂ ਨੂੰ ਕਿਵੇਂ ਲੜਿਆ ਜਾ ਸਕਦਾ ਹੈ? ਅੱਜ ਦੀ ਔਰਤ ਅਤੀਤ ਅਤੇ ਇੱਕ ਸੰਭਾਵੀ ਪਰ ਮੁਸ਼ਕਿਲ ਅਤੇ ਅਜੇ ਵੀ ਅਣਜਾਣ ਭਵਿੱਖ ਵਿਚਕਾਰ ਖੜ੍ਹੀ ਹੈ। ਚੋਣ ਦਾ ਸਵਾਲ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੁੰਦਾ, ਸਮਾਜਕ ਵਰਤਾਰਿਆਂ ਦੇ ਸੰਦਰਭ ਵਿਚ ਹੀ ਇਸ ਸਵਾਲ ਨੂੰ ਮੁਖਾਤਿਬ ਹੋਇਆ ਜਾ ਸਕਦਾ ਹੈ।