ਵਰਤੋਂ ਕੰਪਿਊਟਰ ਦੀ: ਟੇਬਲ 3

ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਸਿਲੈੱਕਟ ਕਰਨਾ: ਕਿਸੇ ਨਾ ਕਿਸੇ ਲੋੜ ਲਈ ਪੂਰੇ ਟੇਬਲ ਜਾਂ ਇਸਦੇ ਕੁੱਝ ਭਾਗ ਨੂੰ ਸਿਲੈੱਕਟ ਕਰਨਾ ਪੈਂਦਾ ਹੈ। ਉਸ ਲਈ ਕਮਾਂਡ ਪਾਥ ਹੈ; ਕਰਸਰ ਨੂੰ ਲੋੜੀਂਦੇ ਮੂਲ ਤੱਤ ਵਿਚ ਲੈ ਜਾਓ। ‘ਟੇਬਲ ਟੂਲਜ਼’ ਦੀ ਲੇਅਆਊਟ ਕਮਾਂਡ ਟੈਬ ਪਹਿਲੇ ਕਮਾਂਡ ਸੈੱਟ ‘ਟੇਬਲ’ ਵਿਚ ‘ਸਿਲੈੱਕਟ’ ਹੇਠਾਂ ਵਾਲ਼ੀ ਵਿੰਡੋ ਖੁੱਲ੍ਹ ਜਾਇਗੀ। ਉਸ ਵਿਚ ਸਿਲੈੱਕਟ ਸੈੱਲ, ਕੌਲਮ, ਰੋਅ ਅਤੇ ਟੇਬਲ ਦੀਆਂ ਚਾਰ ਕਮਾਂਡਾਂ ਹਨ। ਜਿਸ ਵੀ ਕਮਾਂਡ ਨੂੰ ਕਲਿੱਕ ਕੀਤਾ ਜਾਏਗਾ ਟੇਬਲ ਦਾ ਓਹੋ ਮੂਲ ਤੱਤ ਸਿਲੈੱਕਟ ਹੋ ਜਾਏਗਾ। ਸਿਲੈੱਕਟ ਕੀਤੇ ਏਰੀਏ ਨੂੰ ਡੀਸਿਲੈੱਕਟ ਕਰਨ ਲਈ ਮਾਊਸ ਨੂੰ ਕਿਤੇ ਵੀ ਕਲਿੱਕ ਕਰੋ।

ਸਿਲੈੱਕਟ ਵਿੰਡੋ ਵਿਚ ਜੇ ‘ਵਿਊ ਗ੍ਰਿੱਡ ਲਾਈਨਜ਼’ ਨੂੰ ਕਲਿੱਕ ਕੀਤਾ ਜਾਵੇਗਾ ਤਾਂ ਟੇਬਲ ਦੇ ਬਾਰਡਰਾਂ `ਤੇ ਗ੍ਰਿੱਡ ਲਾਈਨਾਂ ਦਿਖਾਈ ਦੇਣਗੀਆਂ। ਦੋਬਾਰਾ ਕਲਿੱਕ ਕਰਨ ਨਾਲ਼ ਉਹ ਹਟ ਜਾਣਗੀਆਂ। ਯਾਦ ਰਹੇ ਕਿ ਇਹ ਕਾਰਵਾਈ ਕਰਨ ਵੇਲ਼ੇ ਟੇਬਲ ਦੀਆਂ ਬਾਰਡਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ ਤਾਂ ਗ੍ਰਿੱਡ ਲਾਈਨਾਂ ਉਨ੍ਹਾਂ ਥੱਲੇ ਛੁਪ ਕੇ ਰਹਿ ਜਾਣਗੀਆਂ।
ਜੇ ਪਰਾਪਰਟੀਜ਼ ਕਮਾਂਡ ਨੂੰ ਕਲਿੱਕ ਕੀਤਾ ਜਾਏਗਾ ਤਾਂ ਸੱਜੇ ਪਾਸੇ ਵਾਲ਼ੀ ਵੱਡੀ ਵਿੰਡੋ ਖੁੱਲ੍ਹ ਜਾਵੇਗੀ। ਇਸ ਵਿਚ ਚਾਰੇ ਮੂਲ ਤੱਤਾਂ ਵਿਚੋਂ ਜਿਸ ਤੱਤ ਦੀ ਟੈਬ ਨੂੰ ਵੀ ਕਲਿੱਕ ਕੀਤਾ ਜਾਏਗਾ ਉਸ ਦੀਆਂ ਹੀ ਪਰਾਪਰਟੀਜ਼ ਖੁੱਲ੍ਹ ਜਾਣਗੀਆਂ। ਜਿਨ੍ਹਾਂ ਵਿਚੋਂ ਆਪਣੀ ਲੋੜ ਅਨੁਸਾਰ ਕਲਿੱਕ ਕਰ ਕੇ, ਓਕੇ ਕੀਤਾ ਜਾ ਸਕਦਾ ਹੈ।
ਅਲਾਈਨਮੈਂਟ: ਲੇਅਆਊਟ ਕਮਾਂਡ ਟੈਬ ਵਿਚ ਅਗਲਾ ਮਹੱਤਵਪੂਰਨ ਕਮਾਂਡ ਸੈੱਟ ਹੈ ਛੇਵਾਂ, ਅਲਾਈਨਮੈਂਟ। ਇਸ ਵਿਚ ਸੈੱਲ ਅੰਦਰ ਟੈੱਕਸਟ ਦੀ ਅਲਾਈਨਮੈਂਟ ਦਾ ਪ੍ਰਬੰਧ ਹੈ। ਇੱਕ ਸੈੱਲ ਵਿਚ 3 ਗੁਣਾ 3, ਕੁੱਲ 9 ਤਰ੍ਹਾਂ ਨਾਲ਼ ਟੈੱਕਸਟ ਨੂੰ ਪਾ ਸਕਦੇ ਹਾਂ। ਖੱਬਿਓਂ ਸੱਜੇ ਨੂੰ; ਖੱਬੇ, ਸੈਂਟਰ ਅਤੇ ਸੱਜੇ, ਉੱਪਰੋਂ ਥੱਲੇ ਨੂੰ; ਉੱਪਰ, ਸੈਂਟਰ ਅਤੇ ਥੱਲੇ। ਇਸ ਸੈੱਟ ਵਿਚ ਸੈੱਲ ਦੇ ਚਾਰੇ ਮਾਰਜਨ ਵੀ ਸੈੱਟ ਕੀਤੇ ਜਾ ਸਕਦੇ ਹਨ। ਇਸ ਵਿਚ ਜ਼ਰੂਰੀ ਕਮਾਂਡ ਹੈ ਟੈੱਕਸਟ ਡਾਇਰੈਕਸ਼ਨ ਦੀ। ਜਿਸ ਨੂੰ ਵਾਰ-ਵਾਰ ਕਲਿੱਕ ਕਰ ਕੇ ਟੈੱਕਸਟ ਨੂੰ ਖੱਬੇ ਤੋਂ ਸੱਜੇ, ਉੱਪਰੋਂ ਥੱਲੇ ਅਤੇ ਥੱਲਿਓਂ ਉੱਪਰ ਨੂੰ ਲਿਖਿਆ ਜਾ ਸਕਦਾ ਹੈ। ਇਹ ਪ੍ਰਬੰਧ ਖਾਸ ਕਰਕੇ ਲੰਮੇ ਹੈਡਿੰਗਾਂ ਵਿਚ ਕੰਮ ਆਉਂਦਾ ਹੈ।
ਕਮਾਂਡ ਸੈੱਟ ਡੈਟਾ: ਅਗਲਾ ਜ਼ਰੂਰੀ ਕਮਾਂਡ ਸੈੱਟ ਹੈ ਡੈਟਾ ਦਾ। ਇਸ ਵਿਚ ਪਹਿਲੀ ਕਮਾਂਡ ਹੈ ‘ਸੌਰਟ’। ਇਹ ਏ ਤੋਂ ਜ਼ੈੱਡ ਅਤੇ ਜ਼ੈੱਡ ਤੋਂ ਏ ਦੀ ਤਰਤੀਬ ਵਿਚ ਡੈਟੇ ਦੀ ਤਰਤੀਬ ਦੇਣ ਦੇ ਕੰਮ ਆਉਂਦੀ ਹੈ। ਦੂਜੀ ਉੱਪਰਲੀ ਕਮਾਂਡ ‘ਰਿਪੀਟ ਹੈੱਡਰ ਰੋਅਜ਼’ ਹੈ। ਬਹੁਤੇ ਪੰਨਿਆਂ ਦੇ ਡੈਟੇ ਵਿਚ ਉੱਪਰਲੀ ਹੈੱਡਰ ਰੋਅ ਨੂੰ ਹਰ ਪੇਜ ਉੱਤੇ ਦਰਸਾਉਣ ਦੇ ਕੰਮ ਆਉਂਦੀ ਹੈ। ਉਸ ਤੋਂ ਹੇਠਲੀ ਭਾਵ ਵਿਚਕਾਰਲੀ ਕਮਾਂਡ ‘ਕਨਵਰਟ ਟੂ ਟੈੱਕਸਟ’ ਟੇਬਲ ਨੂੰ ਟੈੱਕਸਟ ਵਿਚ ਬਦਲਣ ਦੇ ਕੰਮ ਆਉਂਦੀ ਹੈ। ਸਭ ਤੋਂ ਹੇਠਲੀ ਕਮਾਂਡ ‘ਫਾਰਮੂਲਾ’ ਹਿਸਾਬ ਕਿਤਾਬ ਕਰਨ ਦੇ ਕੰਮ ਆਉਂਦੀ ਹੈ। ਡੈਟਾ ਕਮਾਂਡ ਸੈੱਟ ਦੇ ਪ੍ਰਬੰਧਾਂ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ:
ਸੌਰਟ: ਕੋਈ ਵੀ ਸੂਚੀ ਜੇ ਡਿਕਸ਼ਨਰੀ ਅਨੁਸਾਰ ਨਾ ਹੋਵੇ ਤਾਂ ਉਸ ਵਿਚੋਂ ਵਿਸ਼ੇਸ਼ ਨਾਂ ਲੱਭਣਾ ਘਾਹ ਦੇ ਢੇਰ ਵਿਚੋਂ ਸੂਈ ਲੱਭਣ ਦੇ ਬਰਾਬਰ ਹੁੰਦਾ ਹੈ। ਟੇਬਲ ਵਿਚ ਸੌਰਟਿੰਗ ਦਾ ਖਾਸ ਪ੍ਰਬੰਧ ਹੈ। ਜਿਸ ਟੈੱਕਸਟ ਨੂੰ ਸੌਰਟ ਕਰਨਾ ਹੈ, ਉਸ ਦੀਆਂ ਪੂਰੀਆਂ ਰੋਅਜ਼ ਨੂੰ ਸਿਲੈੱਕਟ ਕਰ ਲਵੋ। ਜਿਸ ਕੌਲਮ ਨੂੰ ਮੁੱਖ ਰੱਖਣਾ ਹੈ ਉਸਨੂੰ ਕਲਿੱਕ ਕਰ ਲਵੋ। ਦੂਜੇ ਅਤੇ ਤੀਜੇ ਨੰਬਰ ਉੱਤੇ ਚੋਣ ਵਿਚ ਆਉਣ ਵਾਲ਼ਿਆਂ ਕੌਲਮਾਂ ਨੂੰ ਵੀ ਕਲਿੱਕ ਕਰ ਲਵੋ। ਨਾਲ਼-ਨਾਲ਼ ਘਟਦੇ-ਵਧਦੇ ਕ੍ਰਮ ਨੂੰ ਵੀ ਕਲਿੱਕ ਕਰ ਲਵੋ। ਲਿਸਟ ਵਿਚ ਹੈੱਡਰ ਹੈ ਕਿ ਨਹੀਂ ਕਲਿੱਕ ਕਰ ਲਵੋ। ਓਕੇ ਕਰਨ ਨਾਲ਼ ਸਾਰੀ ਲਿਸਟ ਇੱਛਾ ਅਨੁਸਾਰ ਸੌਰਟ ਹੋ ਜਾਇਗੀ।
ਕਨਵਰਟ ਟੇਬਲ ਟੂ ਟੈੱਕਸਟ: ਟੇਬਲ ਨੂੰ ਟੈੱਕਸਟ ਵਿਚ ਬਦਲਣ ਲਈ ਸੈਪਰੇਟਰ ਵਾਸਤੇ ਸਭ ਤੋਂ ਵੱਧ ਢੁਕਵੀਂ ਕਮਾਂਡ ‘ਟੈਬ ‘ਹੀ ਹੈ। ਲੋੜ ਅਨੁਸਾਰ ਕਿਸੇ ਕਮਾਂਡ ਦੀ ਵੀ ਚੋਣ ਕੀਤੀ ਜਾ ਸਕਦੀ ਹੈ। ਅਦਰ ਕਮਾਂਡ ਵਿਚ ਹਾਈਫਨ, ਸਟਾਰ, ਪਰਸੈਂਟ ਆਦਿ ਵਿਚੋਂ ਕੋਈ ਵੀ ਚੁਣ ਸਕਦੇ ਹੋ।
ਫਾਰਮੂਲਾ: ਇਸ ਵਿਚ ਜੋੜ ਘਟਾਓ ਦੇ ਨਾਲ਼-ਨਾਲ਼ ਐਵਰੇਜ ਆਦਿ ਕਈ ਫਾਰਮੂਲਿਆਂ ਦਾ ਪ੍ਰਬੰਧ ਹੈ। ਅਗਾਂਹਵਧੂ ਇਨਸਾਨ ਵਿਚ ਫਰੋਲਾ-ਫਰਾਲੀ ਦੀ ਰੁਚੀ ਹੋਣੀ ਚਾਹੀਦੀ ਹੈ। ਉਹ ਥੋੜ੍ਹੀ ਜਿਹੀ ਸੇਧ ਮਿਲ਼ ਜਾਣ ਪਿੱਛੋਂ ਬਾਕੀ ਦੀ ਫਰੋਲਾ ਫਰਾਲੀ ਆਪ ਕਰ ਕੇ ਹਰ ਚੀਜ਼ ਦੀ ਤਹਿ ਤੀਕਰ ਪਹੁੰਚ ਜਾਂਦਾ ਹੈ। ਕੰਪਿਊਟਰ ਵਿਚ ਤਾਂ ਹਰ ਪਾਸੇ ਹੀ ਬਦਲਵੇਂ ਪ੍ਰਬੰਧ ਅਤੇ ਅੱਗੇ ਹੋਰ ਅੱਗੇ ਬੇਅੰਤ ਹੈ। (ਚਲਦਾ …)