ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ…

ਮਨਮੋਹਨ ਸਿੰਘ ਬਾਵਾ
ਫੋਨ: 81307-82551
ਪੰਜਾਬੀ ਲੋਕਧਾਰਾ ਦੇ ਇਕ ਅਹਿਮ ਪਾਤਰ ਜੱਗੇ ਡਾਕੂ ਨਾਲ ਕਈ ਕਿਸਮ ਦੇ ਕਿੱਸੇ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਇਕ ਕਿੱਸਾ ਉਘੇ ਲਿਖਾਰੀ ਮਨਮੋਹਨ ਸਿੰਘ ਬਾਵਾ ਨੇ ਆਪਣੀ ਇਸ ਲਿਖਤ ਅੰਦਰ ਪੇਸ਼ ਕੀਤਾ ਹੈ। ਇਸ ਵਿਚੋਂ ਉਸ ਦੌਰ ਦੇ ਹਾਲਾਤ ਬਾਖੂਬੀ ਝਾਤੀਆਂ ਮਾਰਦੇ ਦਿਸਦੇ ਹਨ।
ਡਾਕੂਆਂ ਅਤੇ ਕ੍ਰਾਂਤੀਕਾਰੀਆਂ ਬਾਰੇ ਸੁਣੀਆਂ ਗੱਲਾਂ ਬੜੀਆਂ ਰੌਚਕ ਹੁੰਦੀਆਂ ਹਨ ਪਰ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਕਿਸੇ-ਕਿਸੇ ਨੇ ਹੀ ਦੇਖਿਆ ਹੁੰਦਾ ਹੈ। ਜੇ ਕਿਸੇ ਨੇ ਅਜੇ ਤੱਕ ਨਹੀਂ ਪੜ੍ਹਿਆ ਸੁਣਿਆਂ ਤਾਂ ਇਹ ਉਨ੍ਹਾਂ ਦੀ ਬਦਕਿਸਮਤੀ; ਉਂਝ, ਇਹ ਤਾਂ ਸੁਣਿਆ ਹੀ ਹੋਵੇਗਾ:

ਜੱਗੇ ਮਾਰਿਆ ਲਾਇਲਪੁਰ ਡਾਕਾ
ਤਾਰਾਂ ਖੜਕ ਪਈਆਂ… ਆਪੇ
ਤਰੀਕਾਂ ਭੁਗਤਣਗੇ ਤੇਰੇ ਮਾਪੇ

ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਇਕ ਦੀ ਥਾਂ ਦੋ ਜੰਮਦੀ… ਜੱਗਿਆ
ਤੁਰ ਪਰਦੇਸ ਗਿਉਂ ਬੂਹਾ ਵੱਜਿਆ।
ਮੇਰਾ ਮਾਮਾ ਗੁਰਦਿੱਤਾ ਮੱਲ ਆਪਣੀ ਜਵਾਨੀ ਦੇ ਦਿਨਾਂ ਤੋਂ ਭਲਵਾਨੀ ਕਰਨ ਲੱਗ ਪਿਆ। ਬਿਆਸ ਪਿੰਡ ਵਿਚ ਇਕ ਸਰਾਂ ਹੁੰਦੀ ਸੀ, ਸ਼ੇਰ ਸ਼ਾਹ ਸੂਰੀ ਦੇ ਸਮੇਂ ਦੀ ਜਿੱਥੇ ਹੁਣ ਰਾਧਾ ਸੁਆਮੀਆਂ ਦਾ ਹਸਪਤਾਲ ਹੈ। ਵੱਡਾ ਸਾਰਾ ਦਰਵਾਜ਼ਾ, ਵਿਚਕਾਰ ਵਿਹੜਾ, ਆਲੇ-ਦੁਆਲੇ ਯਾਤਰੀਆਂ ਲਈ ਕਮਰੇ। ਜਦੋਂ ਮੈਂ ਅੱਠ-ਦਸ ਸਾਲ ਦਾ ਸੀ ਤਾਂ ਉਦੋਂ ਤੱਕ ਇਸ ਸਰਾਂ ‘ਚ ਕਦੀ-ਕਦੀ ਯਾਤਰੀ ਵੀ ਆ ਕੇ ਰਹਿੰਦੇ ਸਨ। ਸ਼ਰਾਬੀ ਆ ਕੇ ਸ਼ਰਾਬ ਪੀ ਕੇ ਬੁਲਬੁਲੀਆਂ ਮਾਰਦੇ, ਜੁਆਰੀ ਜੂਆ ਖੇਡਦੇ ਪਰ ਮੈਨੂੰ ਉਸ ਸਰਾਂ ਦੇ ਵਿਹੜੇ ‘ਚ ਭਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਦਾ ਨਜ਼ਾਰਾ ਨਹੀਂ ਭੁੱਲਦਾ। ਹੁਣ ਲੱਗਦਾ ਜਿਵੇਂ ਬੀਤੇ ਯੁਗ ਦੀਆਂ ਗੱਲਾਂ। ਭਲਵਾਨ ਕਿੱਕਰ ਸਿੰਘ, ਗਾਮਾ ਭਲਵਾਨ। ਮੇਰਾ ਮਾਮਾ ਗੁਰਦਿੱਤਾ ਮੱਲ ਇੱਥੇ ਦੰਗਲ ਕਰਵਾਉਂਦਾ। ਘਰ ‘ਚ ਉਨ੍ਹਾਂ ਲਈ ਸ਼ਰਦਾਈਆਂ ਘੋਟੀਆਂ ਜਾਂਦੀਆਂ। ਮਾਮਾ ਗੁਰਦਿੱਤਾ ਕਦੀ-ਕਦੀ ਭੰਗ ਦੇ ਲੋਰ ‘ਚ ਆ ਕੇ ਭਲਵਾਨਾਂ ਬਾਰੇ ਅਬਾ-ਤਬਾ ਬੋਲਦਾ।
ਇਕ ਵਾਰੀ ਅੱਧੀ ਰਾਤ ਵੇਲੇ ਬੂਹੇ ‘ਤੇ ਦਸਤਕ ਹੋਈ। ਮਾਮੀ ਨੇ ਮਾਮੇ ਨੂੰ ਜਗਾਇਆ। ਉਹ ਕਹਿੰਦਾ- “ਮੈਂ ਦੇਖਦਾ, ਕੌਣ ਆ ਗਿਆ, ਅੱਧੀ ਰਾਤੀਂ?” ਬੂਹਾ ਖੋਲ੍ਹਿਆ ਤਾਂ ਮੋਢੇ ਨਾਲ ਬੰਦੂਕ ਲਮਕਾਈ ਜੱਗਾ ਡਾਕੂ ਖੜ੍ਹਾ ਸੀ। ਗੁਰਦਿੱਤੇ ਦੇ ਮੋਢੇ ‘ਤੇ ਆਪਣਾ ਭਾਰੀ ਹੱਥ ਮਾਰਦਿਆਂ ਬੋਲਿਆ, “ਘਬਰਾ ਨਾ। ਮੈਂ ਤੈਨੂੰ ਸਲਾਹ ਦੇਣ ਆਇਆ, ਇਹ ਕੁਸ਼ਤੀਆਂ ਭਲਵਾਨੀਆਂ ਹਟਵਾਣੀਆਂ ਦਾ ਕੰਮ ਨਹੀਂ (ਮਾਮੇ ਦੀ ਇਕ ਦੁਕਾਨ ਵੀ ਸੀ ਬਿਆਸ ‘ਚ)। ਮੇਰੇ ਸ਼ਗਿਰਦਾਂ ਪੁੱਛਿਆ, ਕਿ ਆ ਕੇ ਦੱਸਿਆ ਤਾਂ …!” ਮਾਮਾ ਕੁਝ ਘਬਰਾਉਂਦਿਆਂ ਬੋਲਿਆ, “ਵਾਹ! ਗਰੀਬ ਦੇ ਘਰ ਨਰਾਇਣ ਦੇ ਚਰਨ ਪਏ। ਆਓ ਬੈਠੇ…।”
“ਨਹੀਂ ਨਹੀਂ; ਬਸ ਇਹੀ ਕਹਿਣ ਆਇਆ ਸੀ।” ਇਹ ਕਹਿ ਕੇ ਜਿਵੇਂ ਆਇਆ ਸੀ, ਉਵੇਂ ਹੀ ਚਲਾ ਗਿਆ। ਦੂਸਰੇ ਦਿਨ ਮਾਮੇ ਨੇ ਉਮਰਾਨੰਗਲ (ਉਸ ਸਮੇਂ ਦੀ ਅਕਾਲੀ ਲੀਡਰ) ਨਾਲ ਗੱਲ ਕੀਤੀ। ਉਮਰਾਨੰਗਲ ਨੇੜਲੇ ਪਿੰਡ ਰਹਿੰਦਾ ਸੀ। ਉਹ ਬੋਲਿਆ, “ਬਸ ਚੁੱਪੀ ਵੱਟ। ਕਿਸੇ ਨਾਲ ਗੱਲ ਨਾ ਕਰੀਂ। ਨਾ ਕਿਸੇ ਦੋਸਤ ਨਾਲ, ਨਾ ਆਪਣੇ ਘਰ ਕਿਸੇ ਨਾਲ।” ਜੱਗੇ ਦੀ ਮੌਤ ਤੋਂ ਬਾਅਦ ਮਾਮਾ ਜੱਗੇ ਦੀਆਂ ਗੱਲਾਂ ਸੁਣਾਇਆ ਕਰਦਾ ਸੀ ਕਿ ਕਿਵੇਂ ਥਾਣੇਦਾਰ ਵੀ ਲੁਕ ਕੇ ਬੈਠ ਜਾਂਦੇ ਸਨ, ਜੱਗੇ ਦੇ ਆਉਣ ਦੀ ਖਬਰ ਸੁਣ ਕੇ।
ਜੱਗੇ ਨੂੰ ਪੰਜਾਬ ਦਾ ਰੌਬਿਨ ਹੁੱਡ ਕਿਹਾ ਜਾ ਸਕਦਾ ਹੈ। ਉਹ ਅਮੀਰਾਂ, ਖਾਸਕਰ ਠੱਗੀਆਂ, ਵਧੀਕੀਆਂ ਕਰਨ ਵਾਲਿਆਂ ਨੂੰ ਲੁਟਦਾ ਅਤੇ ਗਰੀਬਾਂ ‘ਚ ਵੰਡਦਾ ਸੀ। ਉਂਝ, ਆਪ ਇਹ ਚੰਗੇ ਖਾਂਦੇ ਪੀਂਦੇ ਘਰ ਦਾ ਸੀ। ਬਾਈ ਕਿੱਲੇ ਜ਼ਮੀਨ ਪਰ ‘ਹੋਣੀ’ ਹੋ ਕੇ ਹੀ ਰਹਿੰਦੀ ਹੈ। ਇਕ ਦਿਨ ਕਿਸੇ ਗੁਆਂਢੀ ਪਿੰਡ ਜਾਂ ਉਸ ਦੇ ਪਿੰਡ ਦੇ ਜ਼ਿਮੀਂਦਾਰ ਨੇ ਕਿਸੇ ਮੁਟਿਆਰ ਦੀ ਬਾਂਹ ਫੜ ਲਈ ਅਤੇ ਆਪਣੀ ਘੋੜੀ ‘ਤੇ ਚੁੱਕ ਕੇ ਲੈ ਗਿਆ। ਜਗੀਰਦਾਰ ਅਤੇ ਪੁਲਿਸ ਇਕੋ ਮਿੱਟੀ ਦੇ ਵੱਟੇ। ਕੁੜੀ ਦੇ ਮਾਂ-ਬਾਪ ਦੀ ਕਿਸੇ ਨਾ ਸੁਣੀ। ਜੱਗਾ ਆਪਣੀ ਛਵੀ ਫੜ ਕੇ ਕੁੜੀ ਨੂੰ ਛੁਡਾਉਣ ਲਈ ਤੁਰ ਪਿਆ। ਕੁੜੀ ਨੂੰ ਤਾਂ ਛੁਡਾ ਲਿਆ ਪਰ ਪਟਵਾਰੀ ਨਾਲ ਹਮੇਸ਼ਾ ਲਈ ਦੁਸ਼ਮਣੀ ਹੋ ਗਈ। ਪਟਵਾਰੀ ਨੇ ਇਕ ਵਾਰੀ ਉਸ ਨੂੰ ਕਿਸੇ ਝੂਠੇ ਕੇਸ ‘ਚ ਫਸਾ ਕੇ ਅਤੇ ਥਾਣੇਦਾਰ ਨਾਲ ਮਿਲ ਮਿਲਾ ਕੇ ਉਸ ਨੂੰ ਚਾਰ ਸਾਲ ਲਈ ਕੈਦ ਕਰਵਾ ਦਿੱਤਾ। ਚਾਰ ਸਾਲ ਦੀ ਕੈਦ ਕੱਟ ਕੇ ਬਾਹਰ ਆਇਆ ਤਾਂ ਪਟਵਾਰੀ ਨੂੰ ਮਾਰ-ਕੁੱਟ ਕੇ ਅਤੇ ਉਸ ਦੇ ਘਰ ਨੂੰ ਅੱਗ ਲਾ ਕੇ ਭਗੌੜਾ ਹੋ ਗਿਆ। ਫਿਰ ਇਕ ਸ਼ਾਹੂਕਾਰ ਦੇ ਘਰ ਡਾਕਾ ਮਾਰਿਆ ਤਾਂ ਕਈ ਕਿਲੋ ਸੋਨਾ ਇਸ ਦੇ ਹੱਥ ਆ ਗਿਆ। ਇਸ ਪੈਸੇ ਨਾਲ ਉਸ ਨੇ ਸ਼ਾਨਦਾਰ ਘੋੜਾ ਅਤੇ ਹਥਿਆਰ ਖਰੀਦ ਲਏ।
ਮਾਮਾ ਗੁਰਦਿੱਤਾ ਮੱਲ ਜੱਗੇ ਦੇ ਬੜੇ ਕਿੱਸੇ ਸੁਣਾਉਂਦਾ ਹੁੰਦਾ ਸੀ। ਕੁਝ ਮੈਨੂੰ ਭੁੱਲ ਗਏ, ਕੁਝ ਅੱਧ-ਪਚੱਧ ਯਾਦ ਹਨ। ਜਿਹੜਾ ਇਕ ਜ਼ਰਾ ਚੰਗੀ ਤਰ੍ਹਾਂ ਯਾਦ ਹੈ, ਉਹ ਕੁਝ ਇਸ ਤਰ੍ਹਾਂ ਹੈ: ਇਹ ਕਿੱਸਾ ਬਿਆਸ ‘ਚ ਨਹੀਂ ਵਾਪਰਿਆ। ਬਾਬਾ ਬਕਾਲੇ ਜਾਂ ਰੱਈਏ ਦੀ ਨਹਿਰ ਦੇ ਨਾਲ-ਨਾਲ ਜਾਂਦਿਆਂ ਨਾਗੋਕੇ ਪਿੰਡ ‘ਚ ਵਾਪਰਿਆ ਸੀ। ਇਕ ਦਿਨ ਮਾਮੇ ਦਾ ਦੋਸਤ ਬਲਕਾਰ ਸਿੰਘ ਆਪਣੀ ਪੱਗ ਉਤਾਰ ਕੇ ਆਪਣੇ ਜੂੜੇ ਨੂੰ ਉਂਗਲੀਆਂ ਨਾਲ ਠੀਕ ਕਰਦਿਆਂ ਆਪਣੇ ਵਿਹੜੇ ‘ਚ ਮੰਜੇ ਉੱਤੇ ਬੈਠਿਆ ਹੋਇਆ ਸੀ। ਉਸ ਦਾ ਸੀਰੀ ਸ਼ੱਭੂ ਵੀ ਸ਼ਾਦੀ ਕਰਕੇ ਜਾ ਚੁੱਕਿਆ ਸੀ। ਇਕ ਨੁਕਰੇ ਉਸ ਦਾ ਘੋੜਾ ਕਿੱਲੀ ਨਾਲ ਬੰਨ੍ਹਿਆ ਹੋਇਆ ਆਪਣੀ ਪੂਛ ਨਾਲ ਪਿੱਠ ‘ਤੇ ਘੜੀ-ਮੁੜੀ ਬੈਠਦੀਆਂ ਮੱਖੀਆਂ ਉਡਾ ਰਿਹਾ ਸੀ। ਉਦੋਂ ਹੀ ਉਸ ਨੂੰ ਦੂਰੋਂ ਆਉਂਦੀਆਂ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ। ਉਸ ਦੇ ਘਰ ਕੋਲ ਪਹੁੰਚ ਕੇ ਘੋੜ ਸਵਾਰ ਨੇ ਕੋਲ ਖੜ੍ਹੇ ਆਦਮੀ ਨੂੰ ਪੁੱਛਿਆ, “ਇਹ ਘਰ ਬਲਕਾਰ ਸਿੰਘ ਦਾ ਹੀ ਹੈ?” ਉਸ ਆਦਮੀ ਦੇ ‘ਹਾਂ’ ਕਹਿਣ ‘ਤੇ ਘੋੜ ਸਵਾਰ ਆਪਣੇ ਘੋੜੇ ਤੋਂ ਉੱਤਰ ਗਿਆ ਅਤੇ ਬੂਹੇ ਨੂੰ ਧੱਕਾ ਮਾਰ ਕੇ ਅੰਦਰ ਵੜਦਿਆਂ ਉਸ ਨੇ ਬਲਕਾਰ ਤੋਂ ਵੀ ਪੁੱਛਿਆ ਕਿ ਕੀ ਇਹ ਘਰ ਨੰਬਰਦਾਰ ਬਲਕਾਰ ਸਿੰਘ ਦਾ ਹੀ ਹੈ?
“ਹਾਂ, ਮੈਂ ਹੀ ਬਲਕਾਰ ਸਿੰਘ ਹਾਂ।” ਬਲਕਾਰ ਸਿੰਘ ਨੂੰ ਕਿਸੇ ਦੇ ਇਉਂ ਆਪਣੇ ਵਿਹੜੇ ‘ਚ ਵੜਦਿਆਂ ਤੋਂ ਬਹੁਤੀ ਹੈਰਾਨੀ ਨਹੀਂ ਹੋਈ, ਉਹ ਨੰਬਰਦਾਰ ਸੀ ਅਤੇ ਲੋਕੀਂ ਉਸ ਕੋਲ ਆਉਂਦੇ ਜਾਂਦੇ ਰਹਿੰਦੇ ਸਨ। ਬਲਕਾਰ ਸਿੰਘ ਨੇ ਉਸ ਨੂੰ ਆਪਣੇ ਮੰਜੇ ਦੇ ਇਕ ਪਾਸੇ ਬਿਠਾਇਆ ਅਤੇ ਇਕ ਪਾਸੇ ਖੇਡਦੇ ਦੋ ਬੱਚਿਆਂ, ਦੋ-ਤਿੰਨ ਸਾਲ ਦਾ ਮੁੰਡਾ ਅਤੇ ਚਾਰ-ਪੰਜ ਸਾਲ ਦੀ ਕੁੜੀ, ਨੂੰ ਸ਼ਰਬਤ ਲਿਆਉਣ ਲਈ ਆਖਿਆ। ਸ਼ਰਬਤ ਆ ਜਾਣ ‘ਤੇ ਜੱਗੇ ਨੇ ਸ਼ਰਬਤ ਪੀ ਕੇ ਗਲਾਸ ਭੁੰਜੇ ਰੱਖ ਦਿੱਤਾ। ਬਲਕਾਰ ਨੇ ਪੁੱਛਿਆ, “ਹਾਂ ਫਿਰ ਕਿਵੇਂ ਆਉਣਾ ਹੋਇਆ?”
“ਮੇਰਾ ਨਾਮ ਜੱਗਾ ਹੈ। ਤੈਨੂੰ ਯਾਦ ਦਿਵਾਉਣ ਆਇਆ ਹਾਂ ਕਿ ਤੂੰ ਮੈਨੂੰ ਇਕ ਕੇਸ ‘ਚ ਫਸਾ ਕੇ ਚਾਰ ਸਾਲ ਦੀ ਸਜ਼ਾ ਦਿਵਾਈ ਸੀ। ਕੁਝ ਦਿਨ ਪਹਿਲਾਂ ਹੀ ਮੈਂ ਕੈਦ ਕੱਟ ਕੇ ਆਇਆ ਹਾਂ।” ਬਲਕਾਰ ਸਿੰਘ ਨੇ ਉਸ ਦੀ ਵਧੀ ਹੋਈ ਦਾੜ੍ਹੀ ਵੱਲ ਤੱਕਦਿਆਂ ਅਤੇ ਪਛਾਣਦਿਆਂ ਆਖਿਆ, “ਹਾਂ, ਮੈਨੂੰ ਯਾਦ ਆ ਗਿਆ। ਇਹ ਗਲਤੀ ਮੇਰੇ ਕੋਲੋਂ ਹੀ ਹੋਈ ਸੀ। ਜੋ ਹੋ ਗਿਆ, ਸੋ ਹੋ ਗਿਆ। ਹੁਣ ਦੱਸ ਕਿ ਮੈਂ ਉਸ ਨੂੰ ਸਵਾਰਨ ਲਈ ਕੀ ਕਰ ਸਕਦਾ ਹਾਂ। ਜੇ ਤੂੰ ਚਾਹੇਂ ਤਾਂ…..?”
“ਉਸ ਗਲਤੀ ਨੂੰ ਹੀ ਮੈਂ ਸਵਾਰਨ ਆਇਆ ਹਾਂ, ਬਲਕਾਰ ਸਿਆਂ। ਤੇਰੇ ਘਰ ਦੇ ਬੂਹੇ ਦੇ ਬਾਹਰ ਮੇਰੇ ਚਾਰ ਬੇਲੀ ਵੀ ਖੜ੍ਹੇ ਹਨ, ਬਰਛੇ ਲੈ ਕੇ। ਹੁਣ ਤੂੰ ਮੇਰੇ ਨਾਲ ਚੱਲ। ਤੇਰੇ ਬਾਲ ਬੱਚਿਆਂ ਸਾਹਮਣੇ ਅਤੇ ਪਿੰਡ ਦੇ ਅੰਦਰ ਮੈਂ ਬਦਲਾ ਨਹੀਂ ਲੈਣਾ ਚਾਹੁੰਦਾ।”
ਬਲਕਾਰ ਮੰਜੇ ਤੋਂ ਉੱਠ ਕੇ ਚੁੱਪ-ਚਾਪ ਜੱਗੇ ਨਾਲ ਤੁਰ ਪਿਆ, ਇਹ ਸੋਚਦਿਆਂ ਕਿ ਉਸ ਨਾਲ ਜਾਂਦਿਆਂ-ਜਾਂਦਿਆਂ ਕੋਈ ਤਰਕੀਬ ਲੜਾਉਂਦਾ ਹਾਂ…। ਜੱਗੇ ਦੇ ਇਹ ਸੋਚਦਿਆਂ ਕਿ ਉਸ ਨੂੰ ਕੋਈ ਪਛਾਣ ਨਾ ਲਵੇ, ਆਪਣੀ ਪੱਗ ਦੇ ਲੜ ਨਾਲ ਆਪਣਾ ਅੱਧਾ ਕੁ ਚਿਹਰਾ ਲੁਕਾਇਆ ਹੋਇਆ ਸੀ। ਤਰਕਾਲਾਂ ਹੋ ਗਈਆਂ ਸਨ। ਜੱਟ ਆਪਣੇ ਬਲਦ ਲੈ ਕੇ ਖੇਤਾਂ ਤੋਂ ਵਾਪਸ ਆ ਰਹੇ ਸਨ। ਕੁਝ ਅੱਗੇ ਜਾ ਕੇ ਦੇਖਿਆ, ਬਲਕਾਰ ਦੀ ਬੀਬੀ ਪ੍ਰਤਾਪੋ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਆ ਰਹੀ ਹੈ। ਜੱਗੇ ਨੇ ਵੀ ਪ੍ਰਤਾਪੋ ਵੱਲ ਗੌਰ ਨਾਲ ਤੱਕਿਆ। ਬਲਕਾਰ ਇਕ ਪਲ ਲਈ ਰੁਕਿਆ ਅਤੇ ਪ੍ਰਤਾਪੋ ਨੂੰ ਆਖਿਆ, “ਮੈਂ ਕੁਝ ਦੇਰ ਬਾਅਦ ਘਰ ਵਾਪਸ ਆਵਾਂਗਾ…।” ਉਸ ਦੇ ਅੱਗੇ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਉਸ ਨੂੰ ਸਮਝ ਨਾ ਆਇਆ ਕਿ ਕੀ ਆਖੇ! ਜ਼ਰਾ ਅੱਗੇ ਜਾ ਕੇ ਜੱਗੇ ਦੇ ਚਾਰ ਸਾਥੀ ਜੋ ਪਿੱਛੇ-ਪਿੱਛੇ ਆ ਰਹੇ ਸਨ, ਜੱਗੇ ਨਾਲ ਪੈਰਾ ਮਿਲਾ ਕੇ ਤੁਰਨ ਲੱਗੇ। ਗੁਰਦੁਆਰੇ ਦੇ ਕੋਲ ਪਹੁੰਚੇ ਤਾਂ ਜੱਗਾ ਰੁਕ ਗਿਆ ਅਤੇ ਬਲਕਾਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਆਖਿਆ, “ਬਸ, ਮੇਰਾ ਇਰਾਦਾ ਬਦਲ ਗਿਆ ਹੈ। ਤੂੰ ਵਾਪਸ ਆਪਣੇ ਘਰ ਜਾ ਸਕਦਾ ਏਂ…।”
ਬਲਕਾਰ ਸਿੰਘ ਇਕ ਦਮ ਠਠੰਬਰ ਕੇ ਰੁਕ ਗਿਆ। ਇਕ ਦੋ ਪਲ ਜੱਗੇ ਵੱਲ ਗਹੁ ਨਾਲ ਤੱਕਿਆ ਕਿ ਜੋ ਉਸ ਨੇ ਸੁਣਿਆ ਹੈ, ਉਹ ਸੱਚ ਹੈ? ਬਲਕਾਰ ਸਿੰਘ ਨੇ ਮਨ ਹੀ ਮਨ ਵਾਹਿਗੁਰੂ ਦਾ ਧੰਨਵਾਦ ਕੀਤਾ, ਨਾਲੇ ਜੱਗੇ ਦਾ ਵੀ ਅਤੇ ਆਪਣੇ ਘਰ ਵੱਲ ਤੁਰ ਪਿਆ। ਚਾਰ-ਪੰਜ ਕਦਮ ਤੁਰਦੇ ਰਹਿਣ ਤੋਂ ਬਾਅਦ ਜੱਗੇ ਦੇ ਇਕ ਸਾਥੀ ਨੇ ਜੱਗੇ ਤੋਂ ਇਸ ਸਭ ਕੁਝ ਦਾ ਕਾਰਨ ਪੁੱਛਿਆ। ਜੱਗਾ ਚੁੱਪਚਾਪ ਤੁਰਦਾ ਰਿਹਾ। ਇਹ ਬਲਕਾਰ ਦੀ ਬੀਬੀ ਉਹ ਕੁੜੀ ਸੀ ਜਿਸ ਨਾਲ ਉਸ ਦੀ ਜਵਾਨੀ ਤੋਂ ਪਹਿਲਾਂ ਦੇ ਕੁਝ ਦਿਨ ਬੀਤੇ ਸਨ। ਹੁਣ ਉਸ ਦਾ ਆਪਣਾ ਘਰ ਆਪਣੇ ਦੋ ਪਿਆਰੇ-ਪਿਆਰੇ ਬੱਚੇ ਸਨ। ਉਹ ਹੋਰ ਬਹੁਤ ਕੁਝ ਕਰ ਸਕਦਾ ਸੀ ਪਰ ‘ਉਸ’ ਦੇ ਘਰ ਨੂੰ ਬਰਬਾਦ ਨਹੀਂ ਸੀ ਕਰ ਸਕਦਾ।
ਦੂਜੇ ਪਾਸੇ ਜੱਗੇ ਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਸਨ। ਪੁਲਿਸ ਦੇ ਭੇਤੀ ਵੀ ਜੱਗੇ ਦਾ ਪਿੱਛਾ ਕਰ ਰਹੇ ਸਨ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ’ ਵਾਲੀ ਗੱਲ। ਉਸ ਨੇ ਮੁੜ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਸਭ ਕੁਝ ਇੰਨੀ ਹੁਸ਼ਿਆਰੀ ਨਾਲ ਕਰਦਾ ਕਿ ਪੁਲਿਸ ਨੂੰ ਪਤਾ ਹੀ ਨਾ ਲੱਗਦਾ ਕਿ ਇਸ ‘ਬਾਜ਼’ ਦਾ ਪੰਜਾ ਕਿਸ ਉੱਤੇ ਪੈਣ ਵਾਲਾ ਹੈ? ਫੜਿਆ ਜਾਣਾ ਵੀ ਬਹੁਤ ਮੁਸ਼ਕਿਲ ਸੀ, ਸਾਰੇ ਗਰੀਬ ਗੁਰਬੇ ਉਸ ਦੇ ਵੱਲ ਸਨ। ਉਹ ਅਮੀਰਾਂ ਨੂੰ ਲੁੱਟਦਾ ਅਤੇ ਗਰੀਬਾਂ ‘ਚ ਵੰਡਦਾ। ਇਹ ਕੁਝ ਕਰਦਿਆਂ ਉਸ ਦੀ ਦਾੜ੍ਹੀ ਅਤੇ ਸਿਰ ਦੇ ਵਾਲ ਕਾਫੀ ਵਧ ਗਏ ਸਨ।
ਇਕ ਦਿਨ ਇਕ ਮੁਖਬਰੀ ਨੇ ਥਾਣੇਦਾਰ ਨੂੰ ਆ ਕੇ ਖਬਰ ਦਿੱਤੀ ਕਿ ਜੱਗੇ ਨੇ ਰੁਲਦੂ ਨਾਈ ਨੂੰ ਆਪਣੀ ਹਜ਼ਾਮਤ ਕਰਨ ਲਈ ਬੁਲਾਇਆ ਹੈ। “ਹਜ਼ਾਮਤ? ਰੁਲਦੂ ਨਾਈ?” ਥਾਣੇਦਾਰ ਨੇ ਰੁਲਦੂ ਨੂੰ ਕਿਸੇ ਨਿਵੇਕਲੀ ਜਿਹੀ ਥਾਂ ਬੁਲਾਇਆ, “ਦੇਖ ਰੁਲਦੂ! ਗੋਰੀ ਸਰਕਾਰ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਮੈਂ ਜੱਗੇ ਦਾ ਕੁਝ ਇਲਾਜ ਕਰਾਂ, ਜਾਂ ਆਪਣੀ ਨੌਕਰੀ ਤੋਂ ਹੱਥ ਧੋਵਾਂ।”
“ਤਾਂ ਹਜ਼ੂਰ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?”
“ਉਹ ਹਮੇਸ਼ਾ ਤੇਰੇ ਕੋਲੋਂ ਆਪਣੀ ਹਜ਼ਾਮਤ ਕਰਵਾਉਂਦਾ ਹੈ, ਹੁਣ ਆਪਣੀ ਹਜ਼ਾਮਤ ਲਈ ਤੈਨੂੰ ਹੀਬੁਲਾਏਗਾ…।”
“ਕੀ ਪਤਾ, ਬੁਲਾਏ ਜਾਂ ਨਾ ਬੁਲਾਏ।” ਰੁਲਦੂ ਨੇ ਵਿਚੋਂ ਹੀ ਟੋਕਦਿਆਂ ਆਖਿਆ।
“ਜੇ ਨਾ ਬੁਲਾਏ ਤਾਂ ਦੇਖੀ ਜਾਏਗੀ ਪਰ ਜੇ ਬੁਲਾਏ ਤਾਂ…।”
ਉਸ ਤੋਂ ਬਾਅਦ ਉਹ ਦੋਵੇਂ ਇਕ ਦੂਜੇ ਨਾਲ ਘੁਸਰ-ਮੁਸਰ ਕਰਦੇ ਰਹੇ। ਆਖਰ ਰੁਲਦੂ ਦੇ ਤਰਲੇ ਲੈਂਦਿਆਂ ਆਖਿਆ, “ਨਹੀਂ ਹਜ਼ੂਰ, ਇਹ ਕੰਮ ਮੇਰੇ ਕੋਲੋਂ ਨਾ ਕਰਵਾਓ। ਇਹ ਮੇਰੇ ਕੋਲੋਂ ਨਹੀਂ ਹੋਣਾ।”
“ਸੋਚ ਲੈ। ਦੇਖ ਤੇਰਾ ਪੁੱਤ ਸਰਵਣ ਜੱਟ ਦੀ ਚੋਰੀ-ਚੋਰੀ ਕਮਾਦ ਕੱਟਦਿਆਂ ਫੜਿਆ ਗਿਆ ਸੀ। ਅਜੇ ਵੀ ਸਾਡੀ ਹਿਰਾਸਤ ‘ਚ ਹੈ। ਤੇਰੇ ਖਿਲਾਫ ਵੀ ਸਾਡੇ ਕੋਲ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ (ਇਹ ਉਸ ਨੂੰ ਆਪਣੇ ਮਨੋਂ ਉਸ ਨੂੰ ਡਰਾਉਣ ਲਈ ਆਖਿਆ ਸੀ)। ਹੁਣ ਤੂੰ ਆਪ ਸੋਚ ਲੈ।” ਥਾਣੇਦਾਰ ਆਪਣੀ ਪੁਲਸੀਆਂ ਵਾਲੀ ਰੋਹਬਦਾਰ ਅਤੇ ਡਰਾਉਣੀ ਆਵਾਜ਼ ‘ਚ ਬੋਲਿਆ।
ਦੋ ਕੁ ਦਿਨ ਬਾਅਦ ਜੱਗੇ ਅਤੇ ਰੁਲਦੂ ਵਿਚਕਾਰ ਤੈਅ ਹੋਇਆ ਕਿ ਰੁਲਦੂ ਆਪਣਾ ਹਜ਼ਾਮਤ ਦਾ ਸਮਾਨ ਲੈ ਕੇ ਰੋਹੀ (ਬਰਸਾਤੀ ਨਾਲੇ) ਦੇ ਪਰਲੇ ਕੰਢੇ ਨਾਲ ਤੁਰਦਿਆਂ-ਤੁਰਦਿਆਂ ਕੱਲੂ ਫਕੀਰ ਦੇ ਤਕੀਏ ਤੋਂ ਜ਼ਰਾ ਕੁ ਅੱਗੇ ਆ ਜਾਵੇ, ਉਹ (ਜੱਗਾ) ਉਸ ਨੂੰ ਬੁੱਢੇ ਬੋਹੜ ਦੇ ਥੱਲੇ ਬੈਠਿਆ ਮਿਲ ਜਾਵੇਗਾ।
ਐਨ ਉਸ ਵੇਲੇ ਬਿਆਸ ਦੇ ਇਕੋ ਇਕ ਇਸਾਈਆਂ ਦੇ ਘਰ ਰਹਿਆ ‘ਚਾਰਲਸ ਮਸੀਹ’ ਆਪਣੀ ਪੰਛੀਆਂ ਨੂੰ ਮਾਰਨ ਦੀ ਬੰਦੂਕ ਲੈ ਕੇ ਇਕ ਰੁੱਖ ਦੀ ਛਾਵੇਂ ਬੈਠਿਆ ਹੋਇਆ ਸੀ। ਰੁਲਦੂ ਨੂੰ ਇਸ ਤਰ੍ਹਾਂ ਉਜਾੜ ਜਿਹੇ ‘ਚ ਆਪਣਾ ਹਜ਼ਾਮਤੀ ਸਮਾਨ ਲੈ ਕੇ ਅਤੇ ਕਾਹਲੀ-ਕਾਹਲੀ ਜਾਂਦਿਆਂ ਦੇਖ ਕੇ ਪੁੱਛਿਆ, “ਓਏ ਰੁਲਦੂ, ਇਧਰ ਕਿਸ ਦੀ ਹਜ਼ਾਮਤ ਕਰਨ ਚੱਲਿਆਂ? ਗਿੱਦੜ ਦੀ?” ਪਰ ਨਾਈ ਉਸ ਦੀ ਗੱਲ ਅਣਸੁਣੀ ਕਰਕੇ ਛੇਤੀ-ਛੇਤੀ ਪੈਰ ਪੁੱਟ ਦਿਆਂ ਉਸ ਦੇ ਕੋਲੋਂ ਦੀ ਹੋ ਕੇ ਲੰਘ ਗਿਆ।
ਇਸ ਤਰ੍ਹਾਂ ਦੇ ਹਾਲਾਤ ਅਤੇ ਵਾਤਾਵਰਨ ‘ਚ ਦੇਖਣ ਵਾਲੇ ਨੂੰ ਕੁਝ ‘ਅਣਹੋਣੀ’ ਵਾਪਰਨ ਦੀ ਕਨਸੋਅ ਜਿਹੀ ਪੈ ਜਾਂਦੀ ਹੈ। ਚਾਰਲਸ ਮਸੀਹ ਕੁਝ ਦੂਰੀ ਰੱਖਦਿਆਂ ਉਸ ਦੇ ਪਿੱਛੇ-ਪਿੱਛੇ ਤੁਰ ਪਿਆ। ਕੁਝ ਅੱਗੇ ਜਾ ਕੇ ਰੁਲਦੂ ਨੇ ਰੋਹੀ ਦੇ ਤਕਰੀਬਨ ਤਿੰਨ-ਚਾਰ ਸੌ ਗਜ਼ ਘਾਟ ਨੂੰ ਪਾਰ ਕੀਤਾ ਅਤੇ ਬੋਹੜ ਥੱਲੇ ਬੈਠੇ ਜੱਗੇ ਕੋਲ ਪਹੁੰਚ ਗਿਆ। ਉਹ ਉਸੇ ਪਾਸੇ ਇਕ ਰੁਖ ਦੀ ਓਟ ‘ਚ ਬੈਠ ਕੇ ਦੇਖਦਾ ਰਿਹਾ । ਰੁਲਦੂ ਨੇ ਜੱਗੇ ਕੋਲ ਜਾ ਕੇ ਉਸ ਦੇ ਪੈਰਾਂ ਨੂੰ ਹੱਥ ਲਾ ਕੇ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਆਪਣਾ ਪਹਿਲਾਂ ਤੋਂ ਹੀ ਤੇਜ਼ ਕੀਤਾ ਉਸਤਰਾ ਕੱਢ ਕੇ ਆਪਣੇ ਚਮੜੇ ਦੀ ਪੱਟੀ ‘ਤੇ ਹੋਰ ਤੇਜ਼ ਕਰਦਾ ਰਿਹਾ।
ਇਸ ਤਰ੍ਹਾਂ ਹੱਥ ਹਲਾਉਂਦਿਆਂ ਉਸ ਦਾ ਹੱਥ ਕੁਝ ਕੰਬ ਰਿਹਾ ਸੀ। ਦੇਖ ਕੇ ਜੱਗੇ ਨੇ ਪੁੱਛਿਆ ਕਿ ਤੇਰਾ ਹੱਥ ਕੰਬ ਕਿਉਂ ਰਿਹਾ ਹੈ? ਤਬੀਅਤ ਤੇ ਵੱਲ ਹੈ?”
ਇਸ ਦੇ ਅੱਗੇ ਜੋ ਦੂਸਰੇ ਪਾਰ ਚਾਰਲਸ ਮਸੀਹ ਨੇ ਦੇਖਿਆ, ਉਹ ਦਿਲ ਕੰਬਾਉਣ ਵਾਲਾ ਸੀ। ਰੁਲਦੂ ਨੇ ਆਪਣੇ ਸਾਬਣ ਨੂੰ ਪਾਣੀ ਨਾਲ ਗਿੱਲਾ ਕੀਤਾ, ਗੋਲ ਜਿਹੇ ਬਰੁਸ਼ ਨਾਲ ਸਾਬਣ ਦੀ ਝੱਗ ਨੂੰ ਆਪਣੇ ਬਰੁਸ਼ ‘ਚ ਸਮੋਇਆ ਅਤੇ ਜੱਗੇ ਦੀਆਂ ਗੱਲ੍ਹਾਂ ਤੇ ਠੋਡੀ ਉੱਤੇ ਮਲਣ ਲੱਗਾ। ਫਿਰ ਉਸ ਨੇ ਆਪਣੇ ਕੰਬਦੇ ਹੱਥਾਂ ਨੂੰ ਚੰਗੀ ਤਰ੍ਹਾਂ ਮਜ਼ਬੂਤ ਕੀਤਾ ਅਤੇ ਦੂਜੇ ਹੀ ਪਲ ਉਸ ਦਾ ਉਸਤਰਾ ਜੱਗੇ ਦੀ ਸਾਹ ਰਗ ਨੂੰ ਕੱਟ ਕੇ ਦੂਸਰੇ ਪਾਰ ਮੁੜ ਗਿਆ। ਗਲੇ ‘ਚ ਲਹੂ ਦੀ ਧਤੀਰੀ ਵਗ ਨਿਕਲੀ ਅਤੇ ਭੁੰਜੇ ਪਈ ਰੋੜ ‘ਤੇ ਫੁਲਦਿਆਂ ਰੇਤ ਨੂੰ ਲਾਲ ਰੰਗ ‘ਚ ਰੰਗਣ ਲੱਗੀ। ਜੱਗੇ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਪਹਿਲਾਂ ਆਪਣੇ ਵਗਦੇ ਲਹੂ ਅਤੇ ਫਿਰ ਇਕ ਪਲ ਰੁਲਦੂ ਵੱਲ ਤੱਕਿਆ ਅਤੇ ਦੂਜੇ ਹੀ ਪਲ ਰੇਤ ਉੱਤੇ ਜਾ ਡਿੱਗਿਆ।
ਕਈ ਵਰ੍ਹੇ ਬੀਤ ਗਏ। ਚਾਰਲਸ ਮਸੀਹ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਜਾ ਵਸਿਆ। ਮੇਰੇ ਮਾਮੇ ਨੂੰ ਵੀ ਇਕ ਵਾਰ ਟੋਰਾਂਟੋ ਜਾਣ ਦਾ ਅਵਸਰ ਮਿਲਿਆ। ਉਦੋਂ ਤੱਕ ਬਹੁਤ ਘੱਟ ਹਿੰਦੋਸਤਾਨੀ ਕੈਨੇਡਾ ਪਹੁੰਚੇ ਸਨ। ਟੋਰਾਂਟੋ ਸ਼ਹਿਰ ਦਾ ਹਰ ਹਿੰਦੁਸਤਾਨੀ ਇਕ-ਦੂਜੇ ਨੂੰ ਜਾਣਦਾ ਸੀ। ਮੇਰੇ ਮਾਮੇ ਨੇ ਆਪਣੇ ਕਿਸੇ ਜਾਣਕਾਰ ਤੋਂ ਚਾਰਲਸ ਬਾਰੇ ਪੁੱਛਿਆ ਤਾਂ ਉਸ ਨੇ ਹੱਸਦਿਆਂ ਆਖਿਆ, “ਭਲਾ ਉਸ ਨੂੰ ਕੌਣ ਨਹੀਂ ਜਾਣਦਾ। ਹੁਣ ਉਹ ਕੰਮ ਹੀ ਕਰਦਾ ਹੈ। ਪੰਜਾਬੀਆਂ ਨੂੰ ਇੱਥੇ ਮੰਗਾ ਕੇ ਵਧਾਉਣ ਦਾ।” ਦੂਸਰੇ ਦਿਨ ਹੀ ਅਸੀਂ ਦੋਵੇਂ ਉਸ ਦੇ ਘਰ ਪਹੁੰਚ ਗਏ। ਬਿਆਸ ਦੀਆਂ ਗੱਲਾਂ ਕਰਦਿਆਂ-ਕਰਦਿਆਂ ਜੱਗੇ ਡਾਕੂ ਦਾ ਜ਼ਿਕਰ ਵੀ ਆ ਗਿਆ। ਗੱਲਾਂ ਕਰਦਿਆਂ-ਕਰਦਿਆਂ ਮਾਮੇ ਨੇ ਪੁੱਛਿਆ, “ਤੂੰ ਤਾਂ ਜੱਗੇ ਨੂੰ ਰੁਲਦੂ ਦੁਆਰਾ ਮਾਰਿਆ ਜਾਂਦਿਆਂ ਆਪਣੀ ਅੱਖੀਂ ਦੇਖਿਆ ਹੈ।”
“ਹਾਂ, ਬਿਲਕੁਲ ਦੇਖਿਆ।”
“ਤੈਨੂੰ ਪਤਾ ਹੀ ਹੋਵੇਗਾ”, ਮੇਰੇ ਮਾਮੇ ਨੇ ਉਸ ਵੱਲ ਗਹੁ ਨਾਲ ਤੱਕਦਿਆਂ ਆਖਿਆ, “ਜੱਗੇ ਦਾ ਇਕ ‘ਮਲੰਗ’ ਨਾਮ ਦਾ ਜੋੜੀਦਾਰ ਵੀ ਸੀ।”
“ਹਾਂ, ਬਿਲਕੁਲ। ਉਹ ਕਿਹੜਾ ਜੱਗੇ ਤੋਂ ਘੱਟ ਸੀ। ਲੋਕੀਂ ਕਿਹਾ ਕਰਦੇ ਸਨ- ਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।”
“ਜਦੋਂ ਮਲੰਗੀ ਫੜਿਆ ਗਿਆ”, ਮਾਮੇ ਨੇ ਭੇਤਭਰੇ ਸੁਰ ਵਿਚ ਆਖਿਆ, “ਪੁਲਿਸ ਦੁਆਰਾ ਪੁੱਛ-ਗਿੱਛ ਹੁੰਦਿਆਂ ਜੱਗੇ ਦਾ ਸ਼ਿਕਾਰ ਵੀ ਆ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਜੱਗਾ ਰੁਲਦੂ ਦੁਆਰਾ ਵੱਢਿਆ ਗਿਆ ਤਾਂ ਉਸ ਦੇ ਬੋਝੇ ‘ਚ ਤਿੰਨ ਬੇਸ਼ਕੀਮਤ ਹੀਰੇ ਸਨ ਜੋ ਕੁਝ ਦਿਨ ਪਹਿਲਾਂ ਉਸ ਨੇ ਚੁਰੰਜੀ ਲਾਲ ਸ਼ਾਹੂਕਾਰ ਦੇ ਘਰੋਂ ਲੁੱਟੇ ਸਨ। ਪੁਲਿਸ ਨੂੰ ਚਾਂਦੀ ਦੇ ਰੁਪਏ ਤਾਂ ਮਿਲ ਗਏ ਪਰ ਹੀਰੇ ਨਹੀਂ ਮਿਲੇ?”
ਸੁਣ ਕੇ ਚਾਰਲਸ ਆਪਣੇ ਬੁੱਲ੍ਹਾਂ ‘ਤੇ ਭੇਤਭਰੀ ਮੁਸਕਰਾਹਟ ਖਿੰਡਾਰਦਿਆਂ ਗੁਰਦਿੱਤਾ ਮੱਲ ਵੱਲ ਤੱਕਦਾ ਰਿਹਾ।