ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ

ਡਾ. ਜੋਗਿੰਦਰ ਸਿੰਘ
ਫੋਨ: +91-98158-46460
1880 ਤਕ ਪੰਜਾਬ ਵਿਚ ਅਨੇਕਾਂ ਸਥਾਨਕ ਸਿੱਖ ਆਗੂਆਂ ਨੇ ਆਪੋ-ਆਪਣੇ ਸਿੱਖ ਧਾਰਮਿਕ ਵਿਚਾਰਾਂ ਅਤੇ ਸਥਾਨਕ ਸਿੱਖ ਵਸੋਂ ਦੀ ਗੁਣਾਤਮਕ ਤਾਕਤ ਅਨੁਸਾਰ ਸਿੰਘ ਸਭਾਵਾਂ ਅਤੇ ਦੀਵਾਨ ਸਥਾਪਿਤ ਕਰ ਲਏ ਸਨ। ਇਉਂ ਨਾ ਕੇਵਲ ਪੰਜਾਬ ਵਿਚ ਸਗੋਂ ਭਾਰਤ ਦੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਸਿੰਘ ਸਭਾਵਾਂ ਸਥਾਪਿਤ ਹੋ ਗਈਆਂ ਸਨ। ਇਨ੍ਹਾਂ ਦੀ ਗਿਣਤੀ 150 ਦੇ ਕਰੀਬ ਦੱਸੀ ਜਾਂਦੀ ਹੈ। ਇਨ੍ਹਾਂ ਸਮੁੱਚੇ ਹਾਲਾਤ ਬਾਰੇ ਚਰਚਾ ਡਾ. ਜੋਗਿੰਦਰ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਨਵੇਂ ਸਰੋਕਾਰ ਅਤੇ ਚੁਣੌਤੀਆਂ ਰਵਾਇਤੀ ਨਿਰੰਕਾਰੀ ਅਤੇ ਨਾਮਧਾਰੀ ਆਗੂਆਂ ਦੀ ਦਿਸ਼ਾ ਅਤੇ ਦ੍ਰਿਸ਼ਟੀ ਤੋਂ ਬਾਹਰ ਸਨ। ਇਹ ਆਗੂ, ਈਸਟ ਇੰਡੀਆ ਕੰਪਨੀ ਦੇ ਅਫਸਰਾਂ ਅਤੇ ਲੇਖਕਾਂ ਨੇ ਜੋ ਬੌਧਿਕ ਮਸਲੇ ਖੜ੍ਹੇ ਕੀਤੇ ਸਨ, ਉਨ੍ਹਾਂ ਤੋਂ ਅਣਜਾਣ ਸਨ। ਦਰਅਸਲ, ਸਿੱਖ ਰਾਜੇ-ਮਹਾਰਾਜਿਆਂ, ਕੁਲੀਨ ਅਤੇ ਮੱਧਵਰਗੀ ਆਗੂਆਂ ਅਤੇ ਨਵੀਂ ਪੀੜ੍ਹੀ ਦੇ ਸਿੱਖ ਵਿਦਵਾਨਾਂ ਨੂੰ ਵੀ ਬੌਧਿਕ ਮਸਲਿਆਂ ਦੀ ਜਾਣਕਾਰੀ ਸਹਿਜੇ-ਸਹਿਜੇ ਮਿਲੀ। ਜੋ ਮਸਲੇ ਜੀ.ਡਬਲਿਊ. ਲਾਇਤਨਰ ਅਤੇ ਡਾ. ਅਰਨੈਸਟ ਟਰੰਪ ਨੇ ਉਠਾਏ ਸਨ, ਸਿੱਖ ਵਿਦਵਾਨ ਉਨ੍ਹਾਂ ਬਾਰੇ ਵੀ ਸੁਚੇਤ ਸਨ। ਸਿੱਖ ਆਗੂ ਸਮਕਾਲੀ ਇਸਾਈ, ਬ੍ਰਹਮੋ ਸਮਾਜ ਅਤੇ ਸਰਕਾਰੀ ਸਭਿਆਚਾਰਕ ਅਤੇ ਵਿਦਿਅਕ ਸੰਸਥਾਵਾਂ ਦੀਆਂ ਗਤੀਵਿਧੀਆਂ ਤੋਂ ਤੁਰੰਤ ਪ੍ਰਭਾਵਿਤ ਹੋਏ। ਉਹ ਸੁਚੇਤ ਹੋਏ ਕਿ ਉਨ੍ਹਾਂ ਨੂੰ ਵੀ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਕੁਝ ਕਰਨਾ ਚਾਹੀਦਾ ਹੈ।
ਸਿੱਖ ਵਿਦਿਆਰਥੀਆਂ (ਅਤਰ ਸਿੰਘ, ਆਇਆ ਸਿੰਘ, ਸੰਤੋਖ ਸਿੰਘ ਤੇ ਸਾਧੂ ਸਿੰਘ) ਦੇ ਇਸਾਈ ਮਤ ਗ੍ਰਹਿਣ ਕਰਨ ਦੇ ਐਲਾਨ ਨੇ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਅਤੇ ਗਿਆਨੀ ਹਰਸਾ ਸਿੰਘ ਧੂਪੀਆ ਦੀ ਸਿੱਖੀ ਭਾਵਨਾ ਨੂੰ ਝੰਜੋੜਿਆ ਅਤੇ ਸਮੂਹਿਕ ਕਾਰਵਾਈ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਖਾਨਦਾਨੀ ਸਿੱਖ ਅਤੇ ਸੰਪਰਦਾਈ ਆਗੂਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਬੁੰਗਾ ਮਜੀਠੀਆ ਉੱਤੇ ਇਕੱਠੇ ਹੋਣ ਲਈ ਪ੍ਰੇਰਿਆ। ਉਨ੍ਹਾਂ ਦੀ ਆਸ ਨਾਲੋਂ ਵੱਧ ਸਰਦਾਰਾਂ, ਉਦਾਸੀਆਂ, ਨਿਰਮਲਿਆਂ, ਗਿਆਨੀਆਂ ਅਤੇ ਗ੍ਰੰਥੀਆਂ ਨੇ ਇਕੱਤਰਤਾ ਵਿਚ ਹਿੱਸਾ ਲਿਆ। ਇਕੱਤਰਤਾ ਦੇ ਪਹਿਲੇ ਇਜਲਾਸ ਵਿਚ ਨਾਮਵਰ ਆਗੂ ਬਾਬਾ ਖੇਮ ਸਿੰਘ ਬੇਦੀ, ਕੰਵਰ ਬਿਕ੍ਰਮਾ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਬੂੜ ਸਿੰਘ, ਭਾਈ ਆਗਿਆ ਸਿੰਘ ਹਕੀਮ, ਭਾਈ ਅਮਰ ਸਿੰਘ ਅਤੇ ਗਿਆਨੀ ਹਜ਼ਾਰਾ ਸਿੰਘ ਨੇ ਹਿੱਸਾ ਲਿਆ। ਉਨ੍ਹਾਂ ਨੇ ਪਹਿਲੀ ਸ੍ਰੀ ਗੁਰੂ ਸਿੰਘ ਸਭਾ 30 ਜੁਲਾਈ 1873 ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੀ ਅਤੇ ਬਹੁਪੱਖੀ ਉਦੇਸ਼ ਮਿਥੇ ਗਏ: (ੳ) ਸਿੱਖ ਮਤ ਨੂੰ ਆਪਣੀ ਪੁਰਾਤਨ ਪਵਿੱਤਰਤਾ ਦੇ ਦਰਜੇ ਤਕ ਪਹੁੰਚਾਉਣਾ ਅਤੇ ਇਸ ਦਾ ਪ੍ਰਚਾਰ ਕਰਨਾ; (ਅ) ਇਤਿਹਾਸ ਤੇ ਧਾਰਮਿਕ ਪੁਸਤਕਾਂ ਸੰਪਾਦਤ ਅਤੇ ਪ੍ਰਕਾਸ਼ਿਤ ਕਰਨਾ; (ੲ) ਨਵੀਨ ਵਿਦਿਆ ਦੇ ਪਾਸਾਰ ਲਈ ਸਕੂਲ ਤੇ ਕਾਲਜ ਸਥਾਪਿਤ ਕਰਨਾ; (ਸ) ਅਖਬਾਰਾਂ, ਰਸਾਲੇ ਅਤੇ ਪੱਤ੍ਰਿਕਾਵਾਂ ਜਾਰੀ ਕਰਨਾ। ਪ੍ਰਚਾਰ ਅਤੇ ਪਾਸਾਰ ਦਾ ਕੰਮ ਪੰਜਾਬੀ ਭਾਸ਼ਾ ਵਿਚ ਕਰਨਾ।
ਸ੍ਰੀ ਗੁਰੂ ਸਿੰਘ ਸਭਾ ਦਾ ਦੂਸਰਾ ਮੁੱਢਲਾ ਉਦੇਸ਼ ਸਿੱਖ ਗ੍ਰੰਥਾਂ ਵਿਚੋਂ ਸਿੱਖ ਧਰਮ ਦੇ ਵਿਗਾੜ ਨੂੰ ਦੂਰ ਇੰਨਾ ਕਰਨਾ ਸੀ। ਓਰੀਐਂਟਲ ਵਿਦਵਾਨਾਂ ਅਤੇ ਸਿੱਖ ਵਿਦਵਾਨਾਂ ਦੇ ਸੰਵਾਦ ਨੇ ਸਿੱਖ ਮਤ ਵਿਚ ਪਾਏ ਹੋਏ ਵਿਗਾੜ ਨੂੰ ਉਜਾਗਰ ਕੀਤਾ। ‘ਸਿੱਖ ਮਤ’ ਨੂੰ ਪ੍ਰਾਚੀਨ ਸੋਭਾ ਦਿਵਾਉਣ ਲਈ ਇਨ੍ਹਾਂ ਗ੍ਰੰਥਾਂ ਦੀ ਸੁਧਾਈ ਕਰਨੀ ਜ਼ਰੂਰੀ ਹੋ ਗਈ ਸੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਹੁ-ਭਾਸ਼ਾਈ ਮਾਹਿਰਾਂ ਦੀ ਲੋੜ ਸੀ। ਸੰਪਾਦਕੀ ਤਜਰਬੇ ਅਤੇ ਛਪਾਈ ਦੀ ਨਵੀਂ ਤਕਨੀਕ ਦੀ ਲੋੜ ਸੀ।
ਸ੍ਰੀ ਗੁਰੂ ਸਿੰਘ ਸਭਾ ਦੇ ਆਗੂਆਂ ਦਾ ਤੀਸਰਾ ਮੁੱਢਲਾ ਉਦੇਸ਼ ‘ਵਰਤਮਾਨ ਗਿਆਨ’ ਦਾ ਪਾਸਾਰ ਕਰਨਾ ਸੀ। 1870ਵਿਆਂ ਦੇ ਦਹਾਕੇ ਤਕ ਪੰਜਾਬ ਅਤੇ ਹਿੰਦੋਸਤਾਨ ਵਿਚ ਇਸਾਈਆਂ, ਬ੍ਰਹਮੋ ਸਮਾਜੀਆਂ ਅਤੇ ਮੁਸਲਮਾਨਾਂ ਦੇ ਨਵੀਨ ਵਿਦਿਅਕ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਚੁੱਕੇ ਸਨ। ਇਨ੍ਹਾਂ ਵਿਚ ਵਰਤਮਾਨ ਵਿਗਿਆਨ ਅਰਥਾਤ ਅੰਗਰੇਜ਼ੀ, ਉਰਦੂ ਤੇ ਫਾਰਸੀ ਦੀ ਪੜ੍ਹਾਈ ਦੇ ਨਾਲ-ਨਾਲ ਗਣਿਤ, ਰੇਖਾ-ਗਣਿਤ, ਭੂਗੋਲ ਵਿਗਿਆਨ, ਕਾਨੂੰਨੀ ਸਿੱਖਿਆ ਅਤੇ ਤਕਨੀਕੀ ਗਿਆਨ ਦੀ ਪੜ੍ਹਾਈ/ਸਿਖਲਾਈ ਕਰਵਾਈ ਜਾਂਦੀ ਸੀ। ਸਿੱਖ ਆਗੂ ਵੀ ਨੌਜਵਾਨ ਸਿੱਖ ਪੀੜ੍ਹੀ ਨੂੰ ਅਜਿਹੇ ਗਿਆਨ ਦੀ ਪੜ੍ਹਾਈ ਤੇ ਸਿਖਲਾਈ ਦੇਣਾ ਚਾਹੁੰਦੇ ਸਨ।
ਇਨ੍ਹਾਂ ਸਿੱਖ ਆਗੂਆਂ ਦਾ ਵਿਚਾਰ ਸੀ ਕਿ ਸਿੰਘ ਸਭਾ ਦਾ ਇਹ ਮਿਸ਼ਨ ਸਰਕਾਰ ਦੇ ਮਿਲਵਰਤਣ ਨਾਲ ਹੀ ਸਫਲ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਸਿੰਘ ਸਭਾ ਦਾ ਵਿਧਾਨ ਬਣਾਉਂਦੇ ਸਮੇਂ ਇਹ ਖਿਆਲ ਰੱਖਿਆ ਕਿ ਸਭਾ ਦੇ ਇਜਲਾਸਾਂ ਵਿਚ ਸਰਕਾਰ ਵਿਰੋਧੀ ਕੋਈ ਗੱਲਬਾਤ ਨਾ ਕੀਤੀ ਜਾਵੇ। ਸਿੰਘ ਸਭਾ ਦਾ ਮੈਂਬਰ ਬਣਨ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ। ਪਹਿਲੀ, ਸਿੰਘ ਸਭਾ ਦਾ ਮੈਂਬਰ ਉਹ ਹੀ ਸਿੱਖ ਬਣ ਸਕਦਾ ਸੀ ਜਿਹੜਾ ਦਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੋਵੇ। ਬਾਅਦ ਵਿਚ ਸਭਾ ਦੇ ਮੈਂਬਰ ਲਈ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਬਣਾ ਦਿੱਤਾ। ਦੂਜੀ ਸ਼ਰਤ ਸਭਾ ਦੇ ਮੈਂਬਰ ਨੂੰ ਹਰ ਮਹੀਨੇ ਚੰਦਾ ਦੇਣ ਬਾਰੇ ਸੀ। ਤੀਸਰੀ ਸ਼ਰਤ ਸਭਾ ਦੇ ਮੈਂਬਰ ਨੂੰ ਵਿਸ਼ਵਾਸਪਾਤਰ ਰਹਿ ਕੇ ਸਿੱਖ ਭਾਈਚਾਰੇ ਦੀ ਸੇਵਾ ਕਰਨ ਦੀ ਰੱਖੀ ਗਈ। ਚੌਥੀ ਸ਼ਰਤ ਇਹ ਸੀ ਕਿ ਜਿਹੜਾ ਸਿੱਖ ਨਾਸਤਕ ਅਤੇ ਸਰਕਾਰ ਵਿਰੋਧੀ ਹੋਵੇ, ਉਹ ਇਸ ਸਭਾ ਦਾ ਮੈਂਬਰ ਨਹੀਂ ਬਣ ਸਕਦਾ ਸੀ। ਇਹ ਹਵਾਲਾ ਕੂਕਿਆਂ ਬਾਰੇ ਸੀ।
ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਕ੍ਰਮਵਾਰ ਅਹੁਦੇਦਾਰ ਇਹ ਸਨ: ਪ੍ਰਧਾਨ ਠਾਕਰ ਸਿੰਘ ਸੰਧਾਵਾਲੀਆ (1837-1887), ਸਕੱਤਰ ਗਿਆਨੀ ਗਿਆਨ ਸਿੰਘ (1824-1884), ਮੀਤ ਸਕੱਤਰ ਸਰਦਾਰ ਅਮਰ ਸਿੰਘ ਅਤੇ ਖਜ਼ਾਨਚੀ ਭਾਈ ਧਰਮ ਸਿੰਘ ਬੰਗਾ ਨਿਯੁਕਤ ਕੀਤੇ ਗਏ। ਬਾਬਾ ਖੇਮ ਸਿੰਘ ਬੇਦੀ (1832-1905) ਅਤੇ ਕੰਵਰ ਬਿਕਰਮਾ ਸਿੰਘ (1835-87) ਸਰਪ੍ਰਸਤ ਬਣੇ।
ਥੋੜ੍ਹੇ ਸਮੇਂ ਵਿਚ ਹੀ ਇਨ੍ਹਾਂ ਆਗੂਆਂ ਦੇ ਵਿਚਾਰਧਾਰਕ ਮੱਤਭੇਦ ਪੈਦਾ ਹੋ ਗਏ। ਮਹਾਰਾਜਾ ਫਰੀਦਕੋਟ ਬਿਕ੍ਰਮਾ ਸਿੰਘ ਅਤੇ ਬਾਬਾ ਖੇਮ ਸਿੰਘ ਬੇਦੀ ਆਪਣੇ ਕੁਲੀਨ ਵਰਗ ਦੇ ਰੁਤਬੇ ਬਾਰੇ ਬਹੁਤ ਸੁਚੇਤ ਸਨ ਅਤੇ ਸਿੱਖ ਸੰਸਥਾਵਾਂ ਦਾ ਪ੍ਰਬੰਧਕੀ ਕੰਟਰੋਲ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ। ਬਾਬਾ ਖੇਮ ਸਿੰਘ ਬੇਦੀ ਸਭਾ ਦੀਆਂ ਮੀਟਿੰਗਾਂ ਵਿਚ ਗਦੇਲਾ ਲਾ ਕੇ ਬੈਠਦੇ ਸਨ ਜਦੋਂਕਿ ਸਭਾ ਦੇ ਅਨੇਕਾਂ ਮੱਧਵਰਗੀ ਅਤੇ ਨਿਮਨ ਵਰਗੀ ਪਿਛੋਕੜ ਦੇ ਆਗੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰ-ਮਰਿਆਦਾ ਦੇ ਬਰਾਬਰੀ ਦੇ ਸਿਧਾਂਤ ਦੀ ਪਾਲਣਾ ਦੇ ਮੁਦੱਈ ਸਨ। ਇਸ ਤੋਂ ਇਲਾਵਾ ਪ੍ਰੋਫੈਸਰ ਗੁਰਮੁਖ ਸਿੰਘ (1849-1898) ਅਤੇ ਇਸ ਦੇ ਸਹਿਯੋਗੀ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀਆਂ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਦੀ ਰਫਤਾਰ ਤੋਂ ਸੰਤੁਸ਼ਟ ਨਹੀਂ ਸਨ। ਉਹ ਸਿੱਖ ਮੂਲ ਸਰੋਤਾਂ ਅਰਥਾਤ ਖਰੜਿਆਂ ਦੀ ਭਾਲ ਕਰਨਾ ਅਤੇ ਉਨ੍ਹਾਂ ਵਿਚ ਵਾਧੇ ਘਾਟੇ ਦੀ ਸੁਧਾਈ ਕਰਨਾ, ਗੁਰ ਮਰਿਆਦਾ ਤੇ ਗੁਰ ਪ੍ਰਣਾਲੀਆਂ ਤਿਆਰ ਕਰਨਾ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਲਿਖਣ ਦੇ ਕਾਰਜ ਸ਼ੁਰੂ ਕਰਨਾ ਚਾਹੁੰਦੇ ਸਨ। ਉਹ ਇਹ ਵੀ ਚਾਹੁੰਦੇ ਸਨ ਕਿ ਲਾਹੌਰ ਸ਼ਹਿਰ ਦੇ ਉਨ੍ਹਾਂ ਅਨੇਕਾਂ ਸਥਾਨਾਂ ਅਤੇ ਸਮਾਰਕਾਂ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਸਿੱਖ ਵਿਰਸਾ ਸੰਭਾਲੀ ਬੈਠੇ ਸਨ। ਸਿੱਖ ਪ੍ਰੋਫੈਸਰ ਨੇ ਵਿਦਿਆ ਦੇ ਪਸਾਰ ਲਈ ਯੂਨੀਵਰਸਿਟੀ ਅਤੇ ਕਾਲਜ ਖੋਲ੍ਹਣ ਦੀ ਵਕਾਲਤ ਕੀਤੀ। ਉਸ ਨੇ ਜ਼ੋਰ ਦੇ ਕੇ ਆਖਿਆ ਕਿ ਸਿੱਖ ਭਾਈਚਾਰੇ ਨੂੰ ਨਵੀਨ ਵਿਦਿਅਕ ਕੇਂਦਰਾਂ ਵਿਚ ਗੁਰਮੁਖੀ ਪੜ੍ਹਾਉਣ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ। ਪ੍ਰੋਫੈਸਰ ਗੁਰਮੁਖ ਸਿੰਘ (1849-1898) ਨੂੰ ਗਿਆਨ ਸੀ ਕਿ ਓਰੀਐਂਟਲ ਵਿਦਵਾਨਾਂ ਨੇ ਭਾਰਤ ਦੀਆਂ ਕਲਾਸੀਕਲ ਭਾਸ਼ਾਵਾਂ ਦੇ ਵਿਕਾਸ ਲਈ ਮੁੱਢਲੇ ਯਤਨ ਕੀਤੇ ਸਨ। ਇਨ੍ਹਾਂ ਵਿਦਵਾਨਾਂ ਨੇ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕੀਤਾ। ਪ੍ਰੋਫੈਸਰ ਗੁਰਮੁਖ ਸਿੰਘ ਇਸ ਤੱਥ ਤੋਂ ਜਾਣੂ ਵੀ ਸਨ ਕਿ ਗੁਰਮੁਖੀ ਪੜ੍ਹਾਉਣ ਦਾ ਕਾਰਜ ਸਿੱਖ ਸੰਪਰਦਾਇ ਸੰਗਠਨ ਕਰ ਰਹੇ ਸਨ। ਇਨ੍ਹਾਂ ਸੰਗਠਨਾਂ ਦਾ ਮੁੱਖ ਕੇਂਦਰ ਸਿੱਖਾਂ ਦਾ ਤੀਰਥ ਅਸਥਾਨ ਅੰਮ੍ਰਿਤਸਰ ਸੀ ਜਿੱਥੇ ਭਾਈ, ਗਿਆਨੀ ਅਤੇ ਗ੍ਰੰਥੀ ਇਸ ਕਾਰਜ ਲਈ ਯਤਨਸ਼ੀਲ ਸਨ। ਸਿੱਖ ਭਾਈਚਾਰੇ ਦਾ ਇਹ ਅਮੀਰ ਵਿਰਸਾ ਸੀ। ਪ੍ਰੋਫੈਸਰ ਗੁਰਮੁਖ ਸਿੰਘ ਇਸ ਪ੍ਰਣਾਲੀ ਦਾ ਨਵੀਨੀਕਰਨ ਕਰਨਾ ਚਾਹੁੰਦੇ ਸਨ ਤਾਂ ਕਿ ਨਵੀਨ ਗੁਰਮੁਖੀ ਵਿਦਿਅਕ ਸੰਸਥਾਵਾਂ ਨੂੰ ਓਰੀਐਂਟਲ ਕਾਲਜ ਲਾਹੌਰ ਨਾਲ ਜੋੜਿਆ ਜਾ ਸਕਦਾ ਸੀ।
ਸੰਗਤ ਵਿਚ ਹਾਜ਼ਰ ਨੌਕਰੀਪੇਸ਼ਾ ਅਤੇ ਕਾਰੋਬਾਰੀ ਸਿੱਖਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਉੱਦਮ ਦੀ ਸ਼ਲਾਘਾ ਕੀਤੀ। ਦੋ ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ, ਲਾਹੌਰ ਦੀ ਸਥਾਪਨਾ ਕੀਤੀ। ਇਹ ਵੀ ਫੈਸਲਾ ਹੋਇਆ ਕਿ ਹਫਤੇ ਦੇ ਆਖਰੀ ਦਿਨ ਅਰਥਾਤ ਐਤਵਾਰ ਨੂੰ ਸਲਾਹ ਮਸ਼ਵਰੇ ਲਈ ਬੈਠਕ ਕੀਤੀ ਜਾਵੇਗੀ। ਇਸ ਸਭਾ ਦਾ ਨਾਮਕਰਨ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ‘ਤੇ ਕੀਤਾ ਗਿਆ ਸੀ। ਦੀਵਾਨ ਬੂਟਾ ਸਿੰਘ ਇਸ ਸਭਾ ਦੇ ਪ੍ਰਧਾਨ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਸਕੱਤਰ ਬਣੇ। ਸਰ ਰੌਬਰਟ ਈਗਰਟਨ ਇਸ ਸਭਾ ਦੇ ਸਰਪ੍ਰਸਤ ਬਣਾਏ ਗਏ। ਭਾਈ ਹਰਸ਼ਾ ਸਿੰਘ ਧੂਪੀਆ, ਰਾਮ ਸਿੰਘ ਅਤੇ ਕਰਮ ਸਿੰਘ ਕਾਰਜਕਾਰੀ ਕਮੇਟੀ ਦੇ ਮੈਂਬਰ ਸਨ। ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਉਦੇਸ਼ ਅਤੇ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਉਦੇਸ਼ ਬੁਨਿਆਦੀ ਤੌਰ ‘ਤੇ ਸਾਂਝੇ ਸਨ। ਦੋਵੇਂ ਸਭਾਵਾਂ ਦੇ ਆਗੂ ਪੰਥਕ ਵਿਕਾਸ ਦੇ ਮੁਦੱਈ ਸਨ। ਉਨ੍ਹਾਂ ਦੀ ਮਾਨਤਾ ਸੀ ਕਿ ਪੰਥਕ ਵਿਕਾਸ ਸਿਰਫ ਅੰਗਰੇਜ਼ ਸਰਕਾਰ ਦੀ ਸਰਪ੍ਰਸਤੀ ਅਧੀਨ ਹੀ ਹੋ ਸਕਦਾ ਸੀ। ਫਰਕ ਸਿਰਫ ਦੋਵੇਂ ਸਭਾਵਾਂ ਦੇ ਆਗੂਆਂ ਦੀ ਨਿੱਜੀ ਜੀਵਨ ਸ਼ੈਲੀ ਅਤੇ ਅਕਾਂਖਿਆ ਦਾ ਸੀ। ਥੋੜ੍ਹੇ ਸਮੇਂ ਵਿਚ ਇਸ ਸਭਾ ਦੇ ਉਤਸ਼ਾਹ ਨਾਲ ਪੰਜਾਬ, ਭਾਰਤ ਅਤੇ ਵਿਦੇਸ਼ਾਂ ਜਿਵੇਂ ਲੰਡਨ, ਸ਼ੰਘਾਈ (ਚੀਨ) ਆਦਿ ਵਿਚ ਸਿੰਘ ਸਭਾਵਾਂ ਬਣ ਗਈਆਂ।
ਪ੍ਰੋਫੈਸਰ ਗੁਰਮੁਖ ਸਿੰਘ ਨੇ ਸਿੰਘ ਸਭਾ ਲਾਹੌਰ ਨੂੰ ਸਰਕਾਰੀ ਅਤੇ ਸਰਦਾਰਾਂ ਦੀ ਮਾਨਤਾ ਦਿਵਾਉਣ ਲਈ ਬਾਬਾ ਖੇਮ ਸਿੰਘ ਬੇਦੀ ਅਤੇ ਠਾਕਰ ਸਿੰਘ ਸੰਧਾਵਾਲੀਆ ਨੂੰ ਲਾਹੌਰ ਵਿਚ ਸਭਾ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਬੇਨਤੀ ਕੀਤੀ। ਗਿਆਰਾਂ ਅਪਰੈਲ 1880 ਨੂੰ ਦੋਵੇਂ ਸਭਾਵਾਂ ਦੇ ਤਾਲਮੇਲ ਲਈ ਸ੍ਰੀ ਗੁਰੂ ਸਿੰਘ ਸਭਾ ਜਨਰਲ ਬਣਾ ਦਿੱਤੀ। ਰਾਜਾ ਫਰੀਦਕੋਟ ਅਤੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਇਸ ਤਾਲਮੇਲ ਸਭਾ ਦੇ ਸਰਪ੍ਰਸਤ ਬਣੇ। ਬਾਬਾ ਖੇਮ ਸਿੰਘ ਬੇਦੀ ਇਸ ਦਾ ਪ੍ਰਧਾਨ ਸੀ। ਸਰਦਾਰ ਮਾਨ ਸਿੰਘ, ਸਰਬਰਾਹ ਦਰਬਾਰ ਸਾਹਿਬ ਅੰਮ੍ਰਿਤਸਰ ਉਪ ਪ੍ਰਧਾਨ ਸੀ। ਭਾਈ ਗਣੇਸ਼ਾ ਸਿੰਘ ਅਤੇ ਭਾਈ ਗੁਰਮੁਖ ਸਿੰਘ ਚੀਫ ਸਕੱਤਰ ਬਣੇ।
1880 ਤਕ ਪੰਜਾਬ ਵਿਚ ਅਨੇਕਾਂ ਸਥਾਨਕ ਸਿੱਖ ਆਗੂਆਂ ਨੇ ਆਪਣੇ ਆਪਣੇ ਸਿੱਖ ਧਾਰਮਿਕ ਵਿਚਾਰਾਂ ਅਤੇ ਸਥਾਨਕ ਸਿੱਖ ਵਸੋਂ ਦੀ ਗੁਣਾਤਮਕ ਤਾਕਤ ਅਨੁਸਾਰ ਸਿੰਘ ਸਭਾਵਾਂ ਅਤੇ ਦੀਵਾਨ ਸਥਾਪਿਤ ਕਰ ਲਏ ਸਨ। ਇਨ੍ਹਾਂ ਸੰਗਠਨਾਂ ਵਿਚ ਤਾਲਮੇਲ ਦੀ ਘਾਟ ਸੀ। ਇਨ੍ਹਾਂ ਆਗੂਆਂ ਨੇ ਆਪਣੀ ਵਿਚਾਰਧਾਰਾ ਅਨੁਸਾਰ ਵੱਖ-ਵੱਖ ਧਾਰਮਿਕ, ਵਿਦਿਅਕ ਅਤੇ ਸਭਿਆਚਾਰਕ ਉਦੇਸ਼ ਮਿਥ ਲਏ ਸਨ। ਭਾਈ ਤਖਤ ਸਿੰਘ (1860-1937) ਨੇ ਆਪਣੀ ਸਾਰੀ ਸ਼ਕਤੀ ਸਿੱਖ ਬੀਬੀਆਂ ਦੀ ਨਵੀਨ ਵਿਦਿਆ ਅਤੇ ਗੁਰ-ਮਰਿਆਦਾ ਦੇ ਵਿਕਾਸ ਲਈ ਲਗਾ ਦਿੱਤੀ ਸੀ। ਉਸ ਨੇ ਫਿਰੋਜ਼ਪੁਰ ਵਿਖੇ ਸਿੱਖ ਕੰਨਿਆ ਮਹਾਵਿਦਿਆਲਿਆ ਅਤੇ ਬੋਰਡਿੰਗ ਸਕੂਲ ਸਥਾਪਿਤ ਕੀਤਾ। ਬਾਬੂ ਤੇਜਾ ਸਿੰਘ (1867-1933) ਨੇ ਭਸੌੜ ਵਿਖੇ ਸਿੰਘ ਸਭਾ ਸਥਾਪਿਤ ਕੀਤੀ ਜੋ ਸਿੱਖ ਜੁਝਾਰੂ ਸ਼ਕਤੀ ਦੀ ਕੇਂਦਰ ਬਣ ਗਈ। ਉਸ ਨੇ ਗੁਰੂ ਗ੍ਰੰਥ ਵਿਚ ਅੰਕਤ ਰਾਗਮਾਲਾ ਸ਼ਲੋਕਾਂ ਦੀ ਪ੍ਰਮਾਣਿਕਤਾ ‘ਤੇ ਸਵਾਲ ਖੜ੍ਹੇ ਕੀਤੇ; ਰਵਾਇਤੀ ਅਰਦਾਸ ਵਿਚ ਬਦਲਾਓ ਕੀਤਾ; ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਵਿਦਵਾਨਾਂ ਵੱਲੋਂ ਤਿਆਰ ਕੀਤੀ ਗੁਰ ਮਰਿਆਦਾ ‘ਤੇ ਕਿੰਤੂ-ਪ੍ਰੰਤੂ ਕੀਤਾ; ਅੰਮ੍ਰਿਤ ਛਕਾਉਣ ਦੀ ਵਿਧੀ ਵਿਚ ਤਬਦੀਲੀ ਕੀਤੀ ਅਤੇ ਸਿੱਖ ਇਸਤਰੀਆਂ ਨੂੰ ਪਾਹੁਲ ਛਕਾ ਕੇ ਪਗੜੀ ਧਾਰਨ ਕਰਵਾਈ ਆਦਿ। ਕਰਾਚੀ ਸਿੰਘ ਸਭਾ ਨੇ ਕੇਸਧਾਰੀ ਅਤੇ ਸਹਿਜਧਾਰੀ ਸਿੱਖਾਂ ਦੀ ਨੁਮਾਇੰਦਗੀ ਕੀਤੀ। ਇਸ ਦੇ ਉਦੇਸ਼ ਬਾਬਾ ਖੇਮ ਸਿੰਘ ਬੇਦੀ ਦੀ ਸਰਪ੍ਰਸਤੀ ਅਧੀਨ ਸਿੱਖ ਸਭਾ ਰਾਵਲਪਿੰਡੀ ਨਾਲ ਮਿਲਦੇ-ਜੁਲਦੇ ਸਨ। ਨਾ ਕੇਵਲ ਪੰਜਾਬ ਵਿਚ ਸਗੋਂ ਭਾਰਤ ਦੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਸਿੰਘ ਸਭਾਵਾਂ ਸਥਾਪਿਤ ਹੋ ਗਈਆਂ ਸਨ। ਇਨ੍ਹਾਂ ਦੀ ਗਿਣਤੀ 150 ਦੇ ਕਰੀਬ ਦੱਸੀ ਜਾਂਦੀ ਹੈ।
ਇਸ ਪ੍ਰਸੰਗ ਵਿਚ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਥਾਪਿਤ ਕੀਤਾ ਗਿਆ। ਪੰਜਾਬ ਦਾ ਲੈਫਟੀਨੈਂਟ ਗਵਰਨਰ ਅਤੇ ਰਾਜਾ ਬਿਕ੍ਰਮ ਸਿੰਘ (ਫਰੀਦਕੋਟ ਰਿਆਸਤ) ਇਸ ਦੇ ਸਰਪ੍ਰਸਤ ਬਣੇ। ਬਾਬਾ ਖੇਮ ਸਿੰਘ ਬੇਦੀ ਅਤੇ ਭਾਈ ਗੁਰਮੁਖ ਸਿੰਘ ਕ੍ਰਮਵਾਰ ਪ੍ਰਧਾਨ ਅਤੇ ਸਕੱਤਰ ਬਣੇ। ਰਈਸ ਸਰਦਾਰਾਂ ਦੀ ਸਲਾਹ ਨਾਲ ਪੰਜਾਬ ਦੇ ਗਵਰਨਰ ਨੂੰ ਵਿਦਿਅਕ ਸੰਸਥਾਵਾਂ ਖੋਲ੍ਹਣ ਲਈ ਮੰਗ ਪੱਤਰ ਦਿੱਤਾ ਗਿਆ। ਸਿੰਘ ਸਭਾਵਾਂ ਦੇ ਨਿਯਮਾਂ ਅਤੇ ਉਦੇਸ਼ਾਂ ਬਾਰੇ ਮਸੌਦਾ ਤਿਆਰ ਕੀਤਾ ਗਿਆ। ਖਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਵਿਸਾਖੀ ਅਤੇ ਦੀਵਾਲੀ ਦੇ ਦਿਨਾਂ ‘ਤੇ ਪੰਥਕ ਪ੍ਰਤੀਨਿਧ ਇਕੱਤਰ ਹੋ ਕੇ ਪੰਥਕ ਹਿੱਤਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਪਰ ਸਿੱਖਾਂ ਦੇ ਜਾਤ-ਪਾਤ ਤੇ ਛੂਤ-ਛਾਤ ਅਤੇ ਹਿੰਦੂ ਰਹੁ-ਰੀਤਾਂ ਤੋਂ ਮੁਕਤ ਕਰਵਾਉਣ ਦੇ ਮਸਲਿਆਂ ‘ਤੇ ਮਤਭੇਦ ਜਾਰੀ ਰਹੇ। ਵਿਅਕਤਿਤਵ ਮਤਭੇਦ ਵੀ ਜਾਰੀ ਰਹੇ। ਦਰਅਸਲ, ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿਤ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਤੇਜ਼ ਰਫਤਾਰ ਨਾਲ ਖਾਲਸਾ ਮਰਿਆਦਾ ਦਾ ਪ੍ਰਚਾਰ ਅਤੇ ਪਸਾਰ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 1883 ਈਸਵੀ ਵਿਚ ਖਾਲਸਾ ਦੀਵਾਨ ਲਾਹੌਰ ਸਥਾਪਿਤ ਕੀਤਾ।
ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਖਾਲਸਾ ਦੀਵਾਨ ਲਾਹੌਰ ਦੇ ਆਪਸੀ ਝਗੜੇ ਦਾ ਮੁੱਢਲਾ ਕਾਰਨ ਚੌਧਰ ਦਾ ਵੀ ਸੀ। ਇਸ ਕਰਕੇ ਦੋਵੇਂ ਦੀਵਾਨ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਨਤਕ ਇਕੱਠਾਂ ਵਿਚ ਦੂਸ਼ਣਬਾਜ਼ੀ ਕਰਦੇ ਸਨ। ਅਖਬਾਰਾਂ ਵਿਚ ਭੰਡੀ ਪ੍ਰਚਾਰ ਕਰਦੇ ਸਨ। ਅੰਮ੍ਰਿਤਸਰੀ ਧੜੇ ਨੇ ਆਪਣਾ ਅਸਰ ਰਸੂਖ ਵਰਤ ਕੇ ਦਰਬਾਰ ਸਾਹਿਬ ਦੇ ਪੁਜਾਰੀਆਂ ਤੋਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਾ ਦਿੱਤਾ। ਗਿਆਨੀ ਦਿੱਤ ਸਿੰਘ ‘ਤੇ ਮੁਕੱਦਮਾ ਦਾਇਰ ਕਰ ਦਿੱਤਾ। ਕੁਝ ਸਮੇਂ ਲਈ ਖਾਲਸਾ ਦੀਵਾਨ ਲਾਹੌਰ ਦੀਆਂ ਗਤੀਵਿਧੀਆਂ ਵਿਚ ਖੜੋਤ ਆ ਗਈ। ਪਰ ਸਿੱਖਾਂ ਵਿਚ ਕੌਮੀ ਜਾਗ੍ਰਿਤੀ ਨੇ ਇਸ ਦੀਵਾਨ ਨੂੰ ਚੜ੍ਹਤ ਵੱਲ ਲੈ ਆਂਦਾ। ਪਹਿਲੀ ਜਨਵਰੀ 1892 ਨੂੰ ਇਸ ਦੀਵਾਨ ਦੇ ਪ੍ਰਧਾਨ ਸਰਦਾਰ ਅਤਰ ਸਿੰਘ ਰਈਸ ਭਦੌੜ ਪ੍ਰਧਾਨ ਥਾਪੇ ਗਏ। ਕ੍ਰਮਵਾਰ ਨਾਇਬ ਪ੍ਰਧਾਨ ਸਰਦਾਰ ਧਰਮ ਸਿੰਘ ਰਈਸ ਘਰਜਾਖ, ਸ. ਗੁਰਦਿੱਤ ਸਿੰਘ ਆਨਰੇਰੀ ਮੈਜਿਸਟ੍ਰੇਟ ਅੰਮ੍ਰਿਤਸਰ ਅਤੇ ਭਾਈ ਗੁਰਦਿੱਤ ਸਿੰਘ ਰਈਸ ਲਾਹੌਰ ਬਣਾਏ ਗਏ। ਭਾਈ ਗੁਰਮੁਖ ਸਿੰਘ ਚੀਫ ਸਕੱਤਰ, ਭਾਈ ਮਈਆ ਸਿੰਘ ਜਾਇੰਟ ਸਕੱਤਰ ਅਤੇ ਬਿਸ਼ਨ ਸਿੰਘ ਅਸਿਸਟੈਂਟ ਸਕੱਤਰ ਨਿਯੁਕਤ ਹੋਏ। ਭਾਈ ਤੇਜਾ ਸਿੰਘ ਦਫਤਰ ਅਕਾਊਂਟੈਂਟ ਜਨਰਲ ਬਣਾਏ ਗਏ।
10-11 ਅਪਰੈਲ 1886 ਨੂੰ ਖਾਲਸਾ ਦੀਵਾਨ ਲਾਹੌਰ ਸਥਾਪਿਤ ਕੀਤਾ ਗਿਆ ਸੀ। ਪ੍ਰੋਫੈਸਰ ਗੁਰਮੁਖ ਸਿੰਘ ਨੇ ਸਿੱਖਾਂ ਦੀ ਫਰਮਾਬਰਦਾਰੀ ਯਕੀਨੀ ਬਣਾਉਣ ਲਈ ਖਾਲਸਾ ਦੀਵਾਨ ਦੀ ਨਿਯਮਾਵਲੀ ਵਿਚ ਅੰਕਤ ਕਰ ਦਿੱਤਾ ਸੀ ਕਿ ਖਾਲਸਾ ਦੀਵਾਨ ਦਾ ਚੀਫ ਸਕੱਤਰ ਉਹੋ ਆਦਮੀ ਬਣ ਸਕੇਗਾ ਜੋ ਅੰਗਰੇਜ਼ੀ ਪੜ੍ਹਿਆ ਲਿਖਿਆ ਹੋਵੇ। ਖਾਲਸਾ ਦੀਵਾਨ ਅੰਮ੍ਰਿਤਸਰ ਨੇ ਇਸ ਮਦ ਨੂੰ ਰੱਦ ਕਰ ਦਿੱਤਾ। 1887 ਦੀ ਦੀਵਾਲੀ ਵਾਲੇ ਦਿਨ ਇਸ ਦੀਵਾਨ ਦੇ ਦੋ ਸਦਨ ਮਹਾਨ ਖੰਡ ਅਤੇ ਸਮਾਨ ਖੰਡ ਬਣਾਏ ਗਏ। ਮਹਾਨ ਖੰਡ ਵਿਚ ਸਿੱਖ ਸਰਦਾਰ ਸਨ ਜਦੋਂਕਿ ਸਮਾਨ ਖੰਡ ਵਿਚ ਸਾਧਾਰਨ ਸਿੱਖ ਸਨ। ਸਮਾਨ ਖੰਡ ਵਿਚ ਮਸਲੇ ਵਿਚਾਰੇ ਅਤੇ ਪਾਸ ਕਰ ਕੇ ਮਹਾਨ ਖੰਡ ਦੀ ਪ੍ਰਵਾਨਗੀ ਲਈ ਪੇਸ਼ ਕੀਤੇ ਜਾਂਦੇ ਸਨ। ਖਾਲਸਾ ਦੀਵਾਨ ਨੇ ਫੈਸਲਾ ਕੀਤਾ ਕਿ ਨਵੀਆਂ ਸਿੰਘ ਸਭਾਵਾਂ ਵੀ ਸਥਾਪਿਤ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਜਨਰਲ ਸਭਾ ਦੇ ਮੈਂਬਰ ਬਣਾਇਆ ਜਾਵੇ। ਲਾਹੌਰ ਸਿੰਘ ਸਭਾ ਦੇ ਅਹੁਦੇਦਾਰਾਂ ਦੇ ਯਤਨਾਂ ਨਾਲ ਲਾਹੌਰ ਸਭਾ ਦੀ ਮੈਂਬਰਸ਼ਿਪ 268 ਤਕ ਪਹੁੰਚ ਗਈ।