ਪੰਜਾਬੀ ਔਰਤਾਂ ਅਤੇ ਨਸ਼ੇ

ਸੁਰਿੰਦਰ ਗੀਤ
ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਕ ਹੱਡ-ਬੀਤੀ ਸੁਣਾਉਣਾ ਚਾਹੁੰਦੀ ਹਾਂ, ਜੋ ਇਸ ਵਿਸ਼ੇ ਨੂੰ ਸਮਝਣ ਵਿਚ ਕੁਝ ਸਹਾਈ ਹੋ ਸਕੇਗੀ।
ਮੈਂ 1974 ਵਿਚ ਕੈਨੇਡਾ ਆ ਗਈ। ਆਉਣ ਸਾਰ ਕੰਮ ਦੀ ਭਾਲ ਸ਼ੁਰੂ ਹੋ ਗਈ। ਇਹ ਉਹ ਦਿਨ ਸਨ ਜਦੋਂ ਭਾਰਤੀ ਮੂਲ ਦੀਆਂ ਔਰਤਾਂ ਨੂੰ ਪੜ੍ਹੀਆਂ-ਲਿਖੀਆਂ ਹੋਣ ਦੇ ਬਾਵਜੂਦ ਦਫਤਰਾਂ ਵਿਚ ਜਾਂ ਕੋਈ ਹੋਰ ਚੰਗਾ ਕੰਮ ਨਹੀਂ ਸੀ ਮਿਲਦਾ। ਮੈਂ ਸੁਣਿਆ ਸੀ ਕਿ ਸਾਰਿਆਂ ਨੂੰ ਸਫਾਈ ਜਾਂ ਹੋਟਲਾਂ ਵਿਚ ਭਾਂਡੇ ਧੋਣ ਦੇ ਕੰਮ ਤੋਂ ਹੀ ਸ਼ੁਰੂ ਕਰਨਾ ਪੈਂਦਾ ਹੈ।

ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਮੈਨੂੰ ਕੈਨੇਡਾ ਆਈ ਨੂੰ ਭਾਵੇਂ ਦੋ-ਤਿੰਨ ਸਾਲ ਹੋ ਗਏ ਸਨ ਤੇ ਕਈ ਥਾਈਂ ਕੰਮ ਕਰ ਚੁੱਕੀ ਸਾਂ ਪਰ ਜਿਸ ਵਕਤ ਦੀ ਘਟਨਾ ਦਾ ਮੈਂ ਜ਼ਿਕਰ ਕਰਨਾ ਹੈ, ਉਸ ਸਮੇਂ ਮੈਂ ਬੇਰੁਜ਼ਗਾਰ ਸਾਂ ਅਤੇ ਕੰਮ ਦੀ ਮੈਨੂੰ ਸਖ਼ਤ ਲੋੜ ਸੀ।
ਹੋਇਆ ਇਉਂ ਕਿ ਮੈਨੂੰ ਡਾਊਨ ਟਾਊਨ ਦੇ ਇਕ ਕਾਫੀ ਮਹਿੰਗੇ ਹੋਟਲ ਦੀ ਕਿਚਨ ਵਿਚ ਕਿਚਨ ਹੈਲਪਰ ਦਾ ਕੰਮ ਮਿਲ ਗਿਆ। ਆਪਣਾ ਪਰਸ ਤੇ ਕੋਟ ਮੈਂ ਦਿੱਤੇ ਗਏ ਲਾਕਰ ਵਿਚ ਰੱਖ ਕੇ ਕਿਚਨ ਵਿਚ ਚਲੀ ਗਈ। ਤਸਮਿਆਂ ਵਾਲੇ ਬੂਟ ਮੈਂ ਘਰੋਂ ਹੀ ਪਾ ਕੇ ਗਈ ਸਾਂ। ਸ਼ਾਮ ਦੀ ਸਿ਼ਫ਼ਟ ਸੀ ਭਾਵ ਚਾਰ ਤੋਂ ਰਾਤ 12 ਵਜੇ ਤਕ। ਘੰਟਾ ਕੁ ਆਰਾਮ ਨਾਲ ਬੀਤਿਆ। ਮੈਂ ਕੁਝ ਕੰਮ ਵੀ ਕੀਤਾ। ਕੀ ਦੇਖਦੀ ਹਾਂ ਕਿ ਬੜੀ ਸੋਹਣੀ ਸੁਨੱਖੀ ਮੁਟਿਆਰ ਆਈ ਤੇ ਇਕ ਬੋਤਲ ਚੁੱਕ ਕੇ ਤਿੰਨ ਗਲਾਸਾਂ ਵਿਚ ਸ਼ਰਾਬ ਪਾ ਕੇ, ਟਰੇਅ ਵਿਚ ਰੱਖ ਕੇ ਕਾਹਲੀ-ਕਾਹਲੀ ਚਲੀ ਗਈ। ਉਸ ਦੇ ਕੱਪੜੇ ਵੀ ਬਹੁਤ ਅਜੀਬ ਜਿਹੇ ਸਨ। ਮੈਂ ਸਮਝਿਆ ਕਿ ਨਾਚ ਗਾਣੇ ਵਾਲੀ ਹੈ। ਉਸਨੂੰ ਗਲਾਸ ਵਿਚ ਸ਼ਰਾਬ ਪਾਉਂਦਿਆਂ ਦੇਖ ਮੈਂ ਕੰਬ ਗਈ। ਮਿਊਜਿ਼ਕ ਚੱਲ ਰਿਹਾ ਸੀ। ਭਾਵੇਂ ਅੰਗਰੇਜ਼ੀ ਗੀਤ ਦੀ ਸਮਝ ਨਹੀਂ ਸੀ ਆ ਰਹੀ ਪਰ ਮੈਨੂੰ ਚੰਗਾ ਲੱਗਿਆ। ਫਿਰ ਇਕ ਹੋਰ ਜਵਾਨ ਕੁੜੀ ਆਈ। ਉਸਨੇ ਮੈਨੂੰ ਹੈਲੋ ਕਿਹਾ ਤੇ ਗੱਲ ਕਰਨੀ ਚਾਹੀ। ਮੈਂ ਹੈਲੋ ਕਹਿ ਕੇ ਛੇਤੀ ਨਾਲ ਪਰ੍ਹੇ ਨੂੰ ਹੋ ਗਈ। ਹੁਣ ਤਕ ਸ਼ਰਾਬ ਦੀ ਬਦਬੂ ਵੀ ਆਉਣੀ ਸ਼ੁਰੂ ਹੋ ਗਈ ਸੀ। ਮੈਨੂੰ ਘਬਰਾਈ ਹੋਈ ਨੂੰ ਦੇਖ ਕੇ ਕਿਚਨ ਵਿਚ ਕੰਮ ਕਰਦਾ ਇਕ ਆਦਮੀ ਮੇਰੇ ਵੱਲ ਆਇਆ। ਉਹ ਕਿਚਨ ਦਾ ਸੁਪਰਵਾਈਜ਼ਰ ਸੀ। ਮੈਨੂੰ ਉਸ ਕੋਲੋਂ ਵੀ ਸ਼ਰਾਬ ਦੀ ਬਦਬੂ ਆਈ। ਮੈਂ ਸੋਚਿਆ ਉਸਨੇ ਪੀਤੀ ਹੋਈ ਹੈ ਤੇ ਮੇਰਾ ਡਰ ਹੋਰ ਵੀ ਵਧ ਗਿਆ। ਉਸ ਨੇ ਪੀਤੀ ਨਹੀਂ ਸੀ ਸਗੋਂ ਕਿਚਨ `ਚੋਂ ਹੀ ਸ਼ਰਾਬ ਦੀ ਬਦਬੂ ਆ ਰਹੀ ਸੀ। ਉਸ ਨੇ ਮੇਰੇ ਮੋਢੇ `ਤੇ ਹੱਥ ਰੱਖਿਆ ਹੀ ਸੀ ਕਿ ਮੈਂ ਇਕਦਮ ਪਰ੍ਹੇ ਹੋ ਗਈ। ਹੋਰ ਦੋ-ਤਿੰਨ ਕੁੜੀਆਂ ਆਈਆਂ ਤੇ ਟਰੇਆਂ ਵਿਚ ਸ਼ਰਾਬ ਰੱਖ ਕੇ ਚਲੀਆਂ ਗਈਆਂ। ਕੁੱਕ ਆਪਣੇ ਆਹਰ ਲੱਗਿਆ ਹੋਇਆ ਸੀ। ਸ਼ਰਾਬ ਦੀ ਬਦਬੂ ਤੇ ਕੁੜੀਆਂ ਦੇ ਪਹਿਰਾਵੇ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਕੰਬਾ ਦਿੱਤਾ। ਮੈਂ ਰੋਣ ਲੱਗ ਗਈ। ਸੁਪਰਵਾਈਜ਼ਰ, ਫਿਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਕੋਈ ਪ੍ਰਾਬਲਮ ਹੈ। ਮੈਂ ਏਨਾ ਹੀ ਕਿਹਾ ਕਿ ਮੈਨੂੰ ਡਰ ਲੱਗਦਾ ਹੈ। ਮੈਂ ਘਰ ਜਾਣਾ ਹੈ। ਮੈਂ ਏਥੇ ਕੰਮ ਨਹੀਂ ਕਰ ਸਕਦੀ। ਉਸ ਨੇ ਇਕ ਹੋਰ ਸੂਟਿਡ ਬੂਟਿਡ ਆਦਮੀ ਨੂੰ ਬੁਲਾਇਆ ਤੇ ਮੇਰੇ ਡਰਨ ਦੀ ਕਹਾਣੀ ਦੱਸੀ।
‘ਯੂ ਕੈਨ ਗੋ’ ਕਹਿ ਕੇ ਉਸ ਨੇ ਪਿੱਠ ਭਵਾ ਲਈ ਤੇ ਜਾਂਦਾ-ਜਾਂਦਾ ਕਹਿ ਰਿਹਾ ਸੀ ‘ਦਿਸ ਪਲੇਸ ਇਜ਼ ਨਾਟ ਸੂਟੇਬਲ ਫਾਰ ਇੰਡੀਅਨ ਪੀਪਲ’ ਭਾਵ ਇਹ ਭਾਰਤੀ ਲੋਕਾਂ ਦੇ ਕੰਮ ਕਰਨ ਲਈ ਢੁਕਵੀਂ ਜਗ੍ਹਾ ਨਹੀਂ ਹੈ।
ਮੈਂ ਦੋ ਘੰਟੇ ਕੰਮ ਕਰਕੇ ਜਾਂ ਇੰਜ ਕਹਿ ਲਵੋ ਕਿ ਡਰ ਕੇ, ਕੰਬ ਕੇ, ਬੱਸ ਲੈ ਘਰ ਆ ਗਈ। ਪੰਦਰਾਂ ਕੁ ਦਿਨਾਂ ਬਾਅਦ ਡਾਕ ਵਿਚ ਉਨ੍ਹਾਂ ਚਾਰ ਘੰਟੇ ਦੀ ਬਣਦੀ ਤਨਖਾਹ ਦਾ ਚੈੱਕ ਭੇਜ ਦਿੱਤਾ। ਅੱਜ ਵੀ ਜਦੋਂ ਕਦੇ ਉਸ ਹੋਟਲ ਦੇ ਅੱਗੋਂ ਲੰਘਦੀ ਹਾਂ ਤਾਂ ਸੋਚਦੀ ਹਾਂ ਕਿ ਕਿੰਨਾ ਅੰਤਰ ਸੀ ਅੱਜ ਤੋਂ 40 ਕੁ ਸਾਲ ਪਹਿਲਾਂ ਤੇ ਹੁਣ ਦੇ ਸਮੇਂ ਵਿਚ। ਮੈਂ ਹੋਸਟਲਾਂ `ਚ ਪੜ੍ਹਨ ਵਾਲੀ ਤੇ ਆਪਣੇ ਆਪ ਨੂੰ ਮਾਡਰਨ ਅਖਵਾਉਣ ਵਾਲੀ ਔਰਤ ਸ਼ਰਾਬ ਦੀ ਬਦਬੂ ਤੇ ਵੇਟਰਸ ਕੁੜੀਆਂ ਦੇ ਪਹਿਰਾਵੇ ਤੋਂ ਹੀ ਡਰ ਗਈ ਸਾਂ।
ਹਥਲਾ ਵਿਸ਼ਾ ਪੰਜਾਬੀ ਔਰਤਾਂ ਦਾ ਨਸ਼ਿਆਂ ਪ੍ਰਤੀ ਵਧ ਰਿਹਾ ਰੁਝਾਨ ਹੈ। ਇਸ ਲਈ ਗੱਲ ਔਰਤਾਂ `ਤੇ ਹੀ ਕੇਂਦਰਿਤ ਰੱਖਾਂਗੀ। ਜਿਵੇਂ-ਜਿਵੇਂ ਕੈਨੇਡਾ ਜਾਂ ਹੋਰ ਪੱਛਮੀ ਮੁਲਕਾਂ ਵਿਚ ਸਾਡੀ ਆਬਾਦੀ ਤੇ ਖਾਸ ਕਰ ਔਰਤਾਂ ਦੀ ਜਨਸੰਖਿਆ ਵਧਦੀ ਗਈ, ਦੇਖੋ ਦੇਖ ਨਿਆਣੀ ਉਮਰ ਦੀਆਂ ਕੁੜੀਆਂ ਦਾ ਸ਼ਰਾਬ ਪੀਣ ਦਾ ਰੁਝਾਨ ਵਧਣ ਲੱਗਾ। ਅੱਜ-ਕੱਲ੍ਹ ਪਾਰਟੀਆਂ ਵਿਚ ਸਾਡੀਆਂ ਕੁੜੀਆਂ ਦੇ ਹੱਥਾਂ ਵਿਚ ਸ਼ਰਾਬ ਨਾਲ ਭਰੇ ਗਿਲਾਸ ਆਮ ਦੇਖੇ ਜਾਂਦੇ ਹਨ। ਵਕਤ ਦੇ ਨਾਲ-ਨਾਲ ਮੈਨੂੰ ਵੀ ਚੰਗੀਆਂ ਨੌਕਰੀਆਂ ਮਿਲਣ ਲੱਗੀਆਂ ਤੇ 1981 ਵਿਚ ਮਿਊਂਸੀਪਲ ਦਫ਼ਤਰ ਵਿਚ ਕਲਰਕੀ ਦਾ ਕੰਮ ਮਿਲ ਗਿਆ, ਜਿਸਦੀ ਮੈਨੂੰ ਇੱਛਾ ਸੀ। ਏਸੇ ਅਧੀਨ ਮੈਂ ਕੁਝ ਸਾਲ ਕੈਲਗਰੀ ਪੁਲੀਸ ਦੇ ਪ੍ਰਬੰਧਕੀ ਮਹਿਕਮੇ ਵਿਚ ਕੰਮ ਕੀਤਾ। ਹੁਣ ਮੈਨੂੰ ਕੈਨੇਡਾ ਦੇ ਰਹਿਣ-ਸਹਿਣ ਅਤੇ ਸਭਿਆਚਾਰ ਦੀ ਪੂਰੀ ਸਮਝ ਆ ਚੁੱਕੀ ਸੀ। ਮੈਨੂੰ ਕਿਸੇ ਤੋਂ ਡਰ ਨਹੀਂ ਸੀ ਲੱਗਦਾ। ਕੈਲਗਰੀ ਸ਼ਹਿਰ ਵਿਚ ਘਟਣ ਵਾਲੀਆਂ ਘਟਨਾਵਾਂ ਦਾ ਸਾਰਾ ਲੇਖਾ ਜੋਖਾ ਦਫ਼ਤਰ ਵਿਚ ਹੁੰਦਾ ਸੀ ਪਰ ਮੇਰਾ ਜਿ਼ਆਦਾ ਧਿਆਨ ਭਾਰਤੀ ਮੂਲ ਤੇ ਖਾਸਕਰ ਪੰਜਾਬੀ ਲੋਕਾਂ ਦੇ ਕੇਸ ਹੀ ਖਿੱਚਦੇ ਸਨ।
ਕੀ ਹੁੰਦਾ ਸੀ ਓਥੇ? ਸ਼ੁਕਰਵਾਰ ਸ਼ਾਮ ਤੋਂ ਹੀ ਸ਼ੁਰੂ ਹੋ ਜਾਂਦਾ ਸੀ, ਸਾਡੇ ਮੁੰਡੇ ਕੁੜੀਆਂ ਦਾ ਰਾਤ ਨੂੰ ਹੋਟਲਾਂ, ਬਾਰਾਂ ਵਿਚ ਜਾਣਾ, ਸ਼ਰਾਬ ਪੀਣਾ ਤੇ ਭੱਦੇ ਨਾਚ ਗਾਣਿਆਂ `ਤੇ ਤੜਕੇ ਦੇ ਦੋ-ਤਿੰਨ ਵਜੇ ਤਕ ਟਪੂਸੀਆਂ ਮਾਰਦੇ ਰਹਿਣਾ। ਆਪਸ ਵਿਚ ਲੜਨਾ, ਸਿਰ ਪਾੜਨੇ, ਪੁਲੀਸ ਦਾ ਆਉਣਾ ਤੇ ਫੜਨਾ ਆਮ ਜਿਹੀ ਗੱਲ ਹੁੰਦੀ ਸੀ। ਮੈਨੂੰ ਇਕ ਪਰਿਵਾਰ ਦੀ ਕਹਾਣੀ ਯਾਦ ਹੈ। ਬੜਾ ਇੱਜ਼ਤਦਾਰ ਪਰਿਵਾਰ ਸੀ ਪਰ ਉਸ ਪਰਿਵਾਰ ਦੀ ਬੇਟੀ ਨੂੰ ਸ਼ਰਾਬ ਦੀ ਆਦਤ ਨੇ ਅਜਿਹਾ ਜਕੜਿਆ ਕਿ ਉਨ੍ਹਾਂ ਦਾ ਘਰ ਨਰਕ ਬਣ ਗਿਆ। ਬਾਰਾਂ ਵਿਚ ਹੋਣ ਵਾਲੀਆਂ ਲੜਾਈਆਂ `ਚ ਮੁੱਖ ਭੂਮਿਕਾ ਉਸਦੀ ਹੁੰਦੀ ਸੀ। ਮਾਪਿਆਂ ਨੇ ਬੜੀ ਮੁਸ਼ਕਿਲ ਨਾਲ ਡਾਕਟਰੀ ਮਦਦ ਨਾਲ ਉਸਦਾ ਸ਼ਰਾਬ ਤੋਂ ਖਹਿੜਾ ਛੁਡਾਇਆ। ਉਸ ਕੁੜੀ ਦਾ ਵਿਆਹ ਹੋ ਗਿਆ ਤੇ ਉਹ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਚਲੀ ਗਈ।
ਇਹ ਉਹ ਸਮਾਂ ਸੀ ਜਦੋਂ ਕੁਝ ਸ਼ਰਮ ਹਯਾ ਬਾਕੀ ਸੀ ਸਾਡੇ ਵਿਚ। ਕੋਈ ਕਿਸੇ ਦੇ ਧੀ ਪੁੱਤ ਦੀ ਗੱਲ ਨਹੀਂ ਸੀ ਕਰਦਾ ਪਰ ਹੁਣ ਤਾਂ ਧੀਆਂ ਪੁੱਤ ਆਪ ਹੀ ਦੱਸ ਦਿੰਦੇ ਹਨ। ਜਵਾਨ ਕੁੜੀਆਂ ਇਕੱਲੀਆਂ ਰਹਿਣ ਲੱਗੀਆਂ। ਆਜ਼ਾਦੀ ਦਾ ਕੀੜਾ ਅੰਦਰ ਵਸ ਗਿਆ। ਮੁੰਡੇ ਕੁੜੀਆਂ ਦਾ ਰਲ ਮਿਲ ਕੇ ਸ਼ਰਾਬ ਪੀਣਾ ਆਮ ਹੋ ਗਿਆ। ਸ਼ਰਾਬ ਦੇ ਨਾਲ ਨਾਲ ਹੋਰ ਨਸ਼ੇ ਵੀ ਆ ਗਏ ਆਪਣਾ ਰੰਗ ਢੰਗ ਦਿਖਾਉਣ।
ਏਥੋਂ ਦੀਆਂ ਜੰਮਪਲ ਕੁੜੀਆਂ ਦੀ ਗੱਲ ਇਕ ਪਾਸੇ ਰਹੀ, ਉਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਨੂੰ ਭਾਰਤ ਵਿਚ ਸ਼ਰਾਬ ਦੀ ਬਦਬੂ ਬੁਰੀ ਲੱਗਦੀ ਸੀ ਜਾਂ ਜਿਨ੍ਹਾਂ ਦੇ ਸੰਘ ਹੇਠੋਂ ਸ਼ਰਾਬ ਦੀ ਇਕ ਬੂੰਦ ਵੀ ਦਵਾਈ ਦੇ ਤੌਰ `ਤੇ ਨਹੀਂ ਸੀ ਉਤਰਦੀ, ਅੱਜ ਬੋਤਲਾਂ ਦੀਆਂ ਬੋਤਲਾਂ ਖਾਲੀ ਕਰ ਦਿੰਦੀਆਂ ਹਨ। ਆਮ ਦੇਖਣ ਵਿਚ ਆਉਂਦਾ ਹੈ ਕਿ ਪਾਰਟੀਆਂ ਵਿਚ ਜਿੱਥੇ ਆਦਮੀ ਆਪਣਾ ਗਿਲਾਸ ਭਰ ਕੇ ਲਿਆਉਂਦਾ ਹੈ ਓਥੇ ਆਪਣੀ ਪਤਨੀ ਲਈ ਵੀ ਉਸਦਾ ਮਨਪਸੰਦ ਡਰਿੰਕ ਲੈ ਕੇ ਆਉਂਦਾ ਹੈ। ਆਪਣੇ ਹੱਥ ਵਿਚ ਮਰਦਾਂ ਵਾਂਗ ਸ਼ਰਾਬ ਦਾ ਗਿਲਾਸ ਲੈ ਕੇ ਬੈਠਣਾ ਉਨ੍ਹਾਂ ਔਰਤਾਂ ਲਈ ਆਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਦਾ ਸੁਨਹਿਰੀ ਮੌਕਾ ਹੁੰਦਾ ਹੈ ਅਤੇ ਉਹ ਘੁੱਟਾਂ ਭਰ-ਭਰ ਆਖਦੀਆਂ ਸੁਣਦੀਆਂ ਹਨ ਕਿ ਅੱਜ-ਕਲ੍ਹ ਕੌਣ ਪ੍ਰਵਾਹ ਕਰਦਾ ਹੈ! ਸਾਰੇ ਹੀ ਪੀਂਦੇ ਹਨ। ਡੀ ਜੇ ਤੇ ਟੱਲੀ ਹੋ ਕੇ ਲੱਚਰ ਪੰਜਾਬੀ ਗੀਤਾਂ `ਤੇ ਝੂਮਣਾ ਆਮ ਗੱਲ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜੇ ਕੋਈ ਪ੍ਰੋਗਰਾਮ ਕੇਵਲ ਔਰਤਾਂ ਦਾ ਹੋਵੇ ਤਾਂ ਔਰਤਾਂ ਸਾਰੀਆਂ ਹੱਦਾਂ ਬੰਨ੍ਹੇ ਟੱਪ ਜਾਂਦੀਆਂ ਹਨ। ਇਨ੍ਹਾਂ ਵਿਚੋਂ ਤੀਆਂ ਦਾ ਮੇਲਾ ਜੋ ਅੱਜ-ਕਲ੍ਹ ਪੂਰਨ ਤੌਰ `ਤੇ ਵਪਾਰਕ ਮੇਲਾ ਬਣ ਚੁੱਕਾ ਹੈ, ਵਰਣਨਯੋਗ ਹੈ। ਇਸ ਵਿਚ ਸਿਰਫ ਔਰਤਾਂ ਦੀ ਸ਼ਮੂਲੀਅਤ ਹੁੰਦੀ ਹੈ। ਪੂਰੀ ਤਰ੍ਹਾਂ ਆਜ਼ਾਦੀ ਮਾਣਦੀਆਂ ਔਰਤਾਂ ਆਪਣਾ ਆਪ ਭੁੱਲ ਜਾਂਦੀਆਂ ਹਨ। ਮਰਦਾਂ ਵਾਂਗ ਕਾਰਾਂ ਵਿਚ ਬੋਤਲਾਂ ਰੱਖਣੀਆਂ ਅਤੇ ਸ਼ਰਾਬ ਦਾ ਖੁੱਲ੍ਹਮ ਖੁੱਲ੍ਹਾ ਸੇਵਨ ਤੇ ਫਿਰ ਨਸ਼ੇ ਦੀ ਹਾਲਤ ਵਿਚ ਚੀਕਾਂ ਮਾਰ ਹੁੱਲੜਬਾਜ਼ੀ ਕਰ ਕੇ ਆਨੰਦ ਮਾਣਦੀਆਂ ਹਨ। ਅਜਿਹੇ ਹਾਲਾਤ ਵਿਚ ਗਲਤ ਕੰਮ ਵੀ ਹੋ ਜਾਂਦੇ ਹਨ, ਜੋ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਮੁੱਕਦੀ ਗੱਲ ਪੰਜਾਬੀ ਔਰਤਾਂ ਦਾ ਸ਼ਰਾਬ ਪੀਣਾ ਫੈਸ਼ਨ ਅਤੇ ਆਧੁਨਿਕਤਾ ਦੇ ਖਾਤੇ ਵਿਚ ਪੈ ਜਾਂਦਾ ਹੈ। ਜਿਹੜੀਆਂ ਵਿਚਾਰੀਆਂ ਤੀਆਂ ਦੇ ਨਾਮ `ਤੇ ਹੱਸਣ ਖੇਡਣ ਗਈਆਂ ਹੁੰਦੀਆਂ ਹਨ, ਉਹ ਨਿਰਾਸ਼ ਹੋ ਕੇ ਘਰਾਂ ਨੂੰ ਪਰਤਦੀਆਂ ਹਨ।
ਬਾਹਰਲੇ ਮੁਲਕਾਂ ਵਿਚ ਔਰਤਾਂ ਦੇ ਸ਼ਰਾਬ ਪੀਣ ਦੇ ਵਰਤਾਰੇ ਵਿਚ ਕਿਤੇ-ਕਿਤੇ ਮਰਦਾਂ ਦਾ ਵੀ ਦੋਸ਼ ਹੈ। ਮੇਰੀ ਇਕ ਬਹੁਤ ਹੀ ਨਜ਼ਦੀਕੀ ਸਹੇਲੀ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਨਵੀਂ-ਨਵੀਂ ਆਈ ਤਾਂ ਉਸ ਨਾਲ ਸ਼ਰਾਬ ਨਾ ਪੀਣ ਕਾਰਨ ਬਹੁਤ ਕਲੇਸ਼ ਹੋਇਆ। ਉਸ ਦੇ ਪਤੀ ਦੇ ਦੋਸਤ ਨੇ ਆਪਣੇ ਘਰ ਡਿਨਰ `ਤੇ ਬੁਲਾਇਆ। ਸਾਰਿਆਂ ਨੇ ਗਿਲਾਸਾਂ ਵਿਚ ਸ਼ਰਾਬ ਪਾ ਲਈ। ਦੂਸਰੀਆਂ ਔਰਤਾਂ ਜੋ ਓਥੇ ਹਾਜ਼ਰ ਸਨ, ਉਹ ਵੀ ਗਿਲਾਸ ਲੈ ਕੇ ਬਹਿ ਗਈਆਂ। ਕੋਈ ਆਖੇ ਰੈੱਡ ਵਾਈਨ ਪਾ ਦੇਵੋ, ਕੋਈ ਆਖੇ ਥੋੜ੍ਹੀ ਆਹ ਪਾ ਦੇਵੋ, ਔਹ ਪਾ ਦੇਵੋ। ਮੇਰੀ ਸਹੇਲੀ ਨੇ ਕਦੇ ਪੀਤੀ ਨਹੀਂ ਸੀ। ਇਸ ਲਈ ਨਾਂਹ ਕਰ ਦਿੱਤੀ ਪਰ ਉਹ ਸਾਰੇ ਜਣੇ ਉਸ ਦੇ ਪਤੀ ਸਮੇਤ ਮਗਰ ਪੈ ਗਏ। ਇਕ ਨੇ ਜ਼ਬਰਦਸਤੀ ਉਸ ਦੇ ਗਿਲਾਸ ਵਿਚ ਸ਼ਰਾਬ ਪਾ ਦਿੱਤੀ। ਉਹ ਥੋੜ੍ਹਾ ਚਿਰ ਗਿਲਾਸ ਲੈ ਕੇ ਬੈਠੀ ਰਹੀ। ਡਰਦੀ ਮਾਰੀ ਨੇ ਪੀਣ ਦਾ ਦਿਖਾਵਾ ਵੀ ਕੀਤਾ ਪਰ ਘੁੱਟ ਉਸ ਦੇ ਸੰਘ ਤੋਂ ਥੱਲੇ ਨਾ ਉਤਰੀ। ਉਹ ਅੱਖ ਬਚਾ ਕੇ ਕਿਚਨ `ਚ ਗਈ ਤੇ ਸਿੰਕ ਵਿਚ ਡੋਲ੍ਹ ਆਈ। ਕਿਸੇ ਨੂੰ ਪਤਾ ਲੱਗ ਗਿਆ। ਉਸਦਾ ਮਜ਼ਾਕ ਉੱਡਿਆ। ਘਰ ਆ ਕੇ ਉਸਦੇ ਪਤੀ ਨੇ ਕਲੇਸ਼ ਕੀਤਾ। ਉਸ ਦੇ ਪਤੀ ਦਾ ਕਹਿਣਾ ਸੀ ਕਿ ਲੋਕੀਂ ਕੀ ਆਖਣਗੇ ਕਿ ਉਹ ਅਨਪੜ੍ਹਾਂ ਵਾਂਗ ਵਿਹਾਰ ਕਰਦੀ ਹੈ ਜਦਕਿ ਉਹ ਓਥੇ ਬੈਠੀਆਂ ਸਾਰੀਆਂ ਔਰਤਾਂ ਤੋਂ ਵੱਧ ਪੜ੍ਹੀ-ਲਿਖੀ ਸੀ। ਹੁਣ ਉਹ ਪਾਰਟੀਆਂ ਵਿਚ ਮਾੜੀ ਮੋਟੀ ਪੀ ਲੈਂਦੀ ਹੈ। ਬਹੁਤੀ ਵਾਰ ਥੋੜ੍ਹੇ ਤੋਂ ਹੀ ਕੰਮ ਵਧ ਜਾਂਦਾ। ਸ਼ਰਾਬ ਪੀਣਾ ਪੱਕੀ ਆਦਤ ਬਣ ਜਾਂਦੀ ਹੈ।
ਮੈਂ ਕੈਨੇਡਾ ਦੇ ਸ਼ਹਿਰ ਸਰੀ (ਬ੍ਰਿਟਿਸ਼ ਕੋਲੰਬੀਆ) ਵਿਚ ਇਕ ਪੰਜਾਬੀ ਕਾਨਫਰੰਸ ਵਿਚ ਹਿੱਸਾ ਲਿਆ। ਡਰੱਗ ਯੂਨਿਟ ਵਿਚ ਕੰਮ ਕਰਦੇ ਸਾਰਜੈਂਟ ਜੈਗ ਖੋਸਾ ਨੇ ਖੁਲਾਸਾ ਕੀਤਾ ਕਿ ਪੰਜਾਬੀ ਮੁੰਡੇ ਜੋ ਡਰੱਗ ਦਾ ਧੰਦਾ ਕਰਦੇ ਹਨ, ਉਨ੍ਹਾਂ ਨਾਲ ਕੁੜੀਆਂ ਵੀ ਸ਼ਾਮਲ ਹੁੰਦੀਆਂ ਹਨ। ਹਰੇਕ ਗੈਂਗਸਟਰ ਦੀਆਂ ਦੋ-ਤਿੰਨ ਗਰਲ ਫਰੈਂਡਜ਼ ਦੇਖਣ ਨੂੰ ਮਿਲੀਆਂ ਹਨ। ਅਜਿਹੀਆਂ ਕੁੜੀਆਂ ਪੁੱਠੇ ਨਸ਼ੇ ਕਰਨ ਲੱਗ ਪੈਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਗੈਰ-ਕਾਨੂੰਨੀ ਧੰਦਿਆਂ ਵਿਚ ਆਪ ਹੀ ਨਹੀਂ ਧੱਸਦੀਆਂ ਸਗੋਂ ਹੋਰਨਾਂ ਦਾ ਵੀ ਬੇੜਾ ਗਰਕ ਕਰਦੀਆਂ ਹਨ। ਪੈਸੇ ਦੀ ਲਿਸ਼ਕੋਰ ਵਿਚ ਅੱਖਾਂ ਚੁੰਧਿਆ ਜਾਂਦੀਆਂ ਹਨ। ਪੁੱਠੇ ਸਿੱਧੇ ਨਸ਼ੇ ਤੋਂ ਮੇਰਾ ਭਾਵ ਸਿੰਥੈਟਿਕ ਨਸ਼ੇ ਤੋਂ ਹੈ। ਇਸ ਸਭ ਕਾਸੇ ਦਾ ਮੁੱਢ ਸ਼ਰਾਬ ਤੋਂ ਬੱਝਦਾ ਹੈ ਅਤੇ ਹੈਰੋਇਨ ਵਰਗੀਆਂ ਘਾਤਕ ਡਰੱਗਾਂ ਤਕ ਜਾ ਪੁੱਜਦਾ ਹੈ। ਨਸ਼ਿਆਂ ਅਤੇ ਸਰੀਰਕ ਧੰਦਿਆਂ ਦਾ ਕੰਮ ਦੇਸ਼ਾਂ ਵਿਦੇਸ਼ਾਂ ਤੋਂ ਪੜ੍ਹਨ ਆਈਆਂ ਕੁੜੀਆਂ ਵਿਚ ਵੀ ਕੁਝ ਹੱਦ ਤਕ ਦਿਸਣ ਲੱਗ ਪਿਆ ਹੈ। ਸਾਰਜੈਂਟ ਜੈਗ ਖੋਸਾ ਨੇ ਓਸੇ ਕਾਨਫਰੰਸ ਵਿਚ ਜਿਸਦਾ ਜ਼ਿਕਰ ਮੈਂ ਉਪਰ ਕੀਤਾ ਹੈ, ਵਿਚ ਖੁਲਾਸਾ ਕੀਤਾ ਕਿ ਕੁੜੀਆਂ ਨੂੰ ਏਸ ਪਾਸੇ ਧਕੇਲਣ ਵਾਲੇ ਵੀ ਅਸੀਂ ਖੁਦ ਹਾਂ।

ਜਿਵੇਂ ਮੈਂ ਉਪਰ ਲਿਖਿਆ ਹੈ ਕਿ ਨਸ਼ਾ ਤਸਕਰੀ ਵਿਚ ਔਰਤਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਕਦੇ ਕਦੇ ਕਿਸੇ ਪੰਜਾਬੀ ਔਰਤ ਦੇ ਏਅਰ ਪੋਰਟ `ਤੇ ਨਸ਼ੇ ਸਮੇਤ ਫੜੇ ਜਾਣ ਦੀ ਘਟਨਾ ਨੂੰ ਅਖ਼ਬਾਰ ਮੋਟੇ ਅੱਖਰਾਂ ਵਿਚ ਛਾਪਦੇ ਹਨ। ਔਰਤਾਂ ਲਈ ਨਸ਼ੇ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਸੌਖਾ ਹੁੰਦਾ ਹੈ। ਸ਼ੱਕ ਘੱਟ ਹੁੰਦਾ ਹੈ ਅਤੇ ਪੁਲੀਸ ਦੀਆਂ ਨਜ਼ਰਾਂ ਤੋਂ ਬਚਣਾ ਸੌਖਾ ਹੁੰਦਾ ਹੈ। ਮਹਿਲਾਂ ਵਰਗੇ ਘਰਾਂ `ਚ ਬੈਠ ਨਸ਼ੇ ਦੀਆਂ ਪੁੜੀਆਂ ਗਾਹਕਾਂ ਨੂੰ ਫੜਾਉਣੀਆਂ ਤੇ ਪੈਸੇ ਵਟੋਰਨੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਆਸਾਨ ਧੰਦਾ ਹੈ ਪਰ ਉਨ੍ਹਾਂ ਨੂੰ ਇਸਦੇ ਨੁਕਸਾਨ ਦਾ ਪਤਾ ਓਦੋਂ ਲੱਗਦਾ ਹੈ ਜਦੋਂ ਉਨ੍ਹਾਂ `ਚੋਂ ਕਿਸੇ ਦਾ ਆਪਣਾ ਬੱਚਾ ਓਵਰਡੋਜ਼ ਨਾਲ ਮਰਿਆ ਮਿਲਦਾ ਹੈ। ਅਜਿਹੇ ਵਰਤਾਰੇ ਅਗਾਂਹ ਜਾ ਕੇ ਗੈਂਗ ਕਲਚਰ ਨੂੰ ਜਨਮ ਦਿੰਦੇ ਹਨ।
ਔਰਤਾਂ ਵਿਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਸਿਰਫ ਪ੍ਰਦੇਸ਼ਾਂ ਵਿਚ ਹੀ ਨਹੀਂ ਸਗੋਂ ਪੰਜਾਬ ਵਿਚ ਵੀ ਲੱਤਾਂ ਬਾਹਾਂ ਖਿਲਾਰੀ ਫਿਰਦਾ ਹੈ। ਨਸ਼ਿਆਂ ਦੀ ਤਸਕਰੀ ਤੋਂ ਲੈ ਕੇ ਨਸ਼ੇ ਖਾਣ ਪੀਣ ਤਕ `ਚ ਸਾਡੀਆਂ ਮੁਟਿਆਰਾਂ ਰੁੱਝੀਆਂ ਹੋਈਆਂ ਹਨ। ਪਿੰਡਾਂ ਵਿਚ ਔਰਤਾਂ ਦਾ ਘਰ ਦੀ ਕੱਢੀ ਸ਼ਰਾਬ ਵੇਚਣਾ ਪ੍ਰਚਲਤ ਹੈ। ਘਰੋਂ ਬਾਹਰ ਪੜ੍ਹਦੀਆਂ ਕੁੜੀਆਂ ਹੋਸਟਲਾਂ ਵਿਚ ਪੈੱਗ ਨਾਲ ਪੈੱਗ ਟਕਰਾ ਆਪਣੇ ਆਪ ਨੂੰ ਅਗਾਂਹ-ਵਧੂ ਅਖਵਾਉਣ ਵਿਚ ਮਾਣ ਮਹਿਸੂਸ ਕਰਦੀਆਂ ਹਨ। ਉਨ੍ਹਾਂ ਲਈ ਇਹ ਨਵੀਂ ਤਹਿਜ਼ੀਬ ਜਾਂ ਨਵੀਂ ਤਰਜ਼ ਦੀ ਜ਼ਿੰਦਗੀ ਹੁੰਦੀ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਜਿਉਂ-ਜਿਉਂ ਅਕਾਦਮਿਕ ਸਿੱਖਿਆ ਦਾ ਪਸਾਰ ਹੋ ਰਿਹਾ ਹੈ ਤਿਉਂ ਤਿਉਂ ਔਰਤਾਂ ਦਾ ਸ਼ਰਾਬ ਪੀਣਾ ਪੜ੍ਹੇ-ਲਿਖੇ ਹੋਣ ਦਾ ਪੈਮਾਨਾ ਸਮਝਿਆ ਜਾਣ ਲੱਗਾ ਹੈ।
ਸ਼ਰਾਬ ਦੀ ਗੱਲ ਛੱਡ ਦੂਸਰੇ ਪਾਸੇ ਆਉਂਦੇ ਹਾਂ। ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਵਿਦੇਸ਼ੀ ਤਰਜ਼ `ਤੇ ਹੁੱਕਾਂ ਬਾਰ ਖੁੱਲ੍ਹ ਚੁੱਕੇ ਹਨ। ਸਕੂਲਾਂ-ਕਾਲਜਾਂ ਦੀਆਂ ਕੁੜੀਆਂ ਦਾ ਵੀਕ-ਐਂੰਡ ਇਨ੍ਹਾਂ ਹੁੱਕਾਂ ਬਾਰਾਂ `ਚ ਬੀਤਦਾ ਹੈ। ਜਿਹੜੇ ਸਮਾਜ ਵਿਚ ਕੁੜੀਆਂ ਦੇ ਹੋਸਟਲ ਮੂਹਰੇ ਖੁੱਲ੍ਹੇ ਮੈਡੀਕਲ ਸਟੋਰ `ਚੋਂ ਖੰਘ ਦੀਆਂ ਦਵਾਈਆਂ ਹੀ ਖਤਮ ਹੋਈਆਂ ਰਹਿੰਦੀਆਂ ਹੋਣ, ਓਥੇ ਰੱਬ ਹੀ ਰਾਖਾ ਹੈ। ਫੈਂਸੀ ਵਰਗੀ ਖੰਘ ਦੀ ਦਵਾਈ ਨਸ਼ੇ ਵਜੋਂ ਵਰਤੀ ਜਾਂਦੀ ਹੈ। ਇਹ ਸਾਡੇ ਭਵਿੱਖ ਦੀਆਂ ਮਾਵਾਂ ਹਨ ਅਤੇ ਇਨ੍ਹਾਂ ਤੋਂ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਦੀ ਆਸ ਕਿਵੇਂ ਹੋ ਸਕਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਸਭ ਕਾਸੇ ਲਈ ਕੌਣ ਜਿ਼ੰਮੇਵਾਰ ਹੈ। ਅਸੀਂ ਖੁਦ ਜਿ਼ੰਮੇਵਾਰ ਹਾਂ। ਔਰਤ ਦੀ ਆਜ਼ਾਦੀ ਲਈ ਚੁੱਕਿਆ ਜਾ ਰਿਹਾ ਮਸਲਾ ਪੁੱਠਾ ਪੈਂਦਾ ਨਜ਼ਰ ਆਉਂਦਾ ਹੈ। ਮੇਰਾ ਭਾਵ ਹੈ ਕਿ ਇਸ ਨਾਅਰੇ ਅਧੀਨ ਔਰਤਾਂ ਅਸਲੀ ਆਜ਼ਾਦੀ ਦਾ ਰਾਹ ਛੱਡ ਕੇ ਵਿੰਗੇ ਟੇਡੇ ਰਾਹ ਅਖਤਿਆਰ ਕਰ ਰਹੀਆਂ ਹਨ। ਜਦੋਂ ਕਿਤੇ ਔਰਤਾਂ ਦੇ ਸ਼ਰਾਬ ਪੀਣ `ਤੇ ਉਂਗਲ ਉਠਾਈ ਜਾਂਦੀ ਹੈ ਤਾਂ ਔਰਤਾਂ ਵਲੋਂ ਹੀ ਜਵਾਬ ਮਿਲਦਾ ਹੈ ਕਿ ਜੇ ਮਰਦ ਪੀ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਅਜੋਕੇ ਸਮੇਂ ਵਿਚ ਜੀਵਨ ਦੇ ਹਰ ਪਹਿਲੂ ਵਿਚ ਔਰਤ ਮਰਦ ਦੇ ਬਰਾਬਰ ਹੈ। ਔਰਤ ਡਾਕਟਰ, ਇੰਜਨੀਅਰ ਹੈ, ਪਾਇਲਾਟ ਹੈ ਤੇ ਅਸਮਾਨੀ ਉਡਾਰੀਆਂ ਲਾਉਂਦੀ ਹੈ, ਮਰਦ ਵਾਂਗ ਕਮਾਉਂਦੀ ਹੈ ਤਾਂ ਫਿਰ ਮਰਦ ਵਾਂਗ ਸ਼ਰਾਬ ਕਿਉਂ ਨਹੀਂ ਪੀ ਸਕਦੀ। ਵਾਹ …. ਕਿੰਨਾ ਵਧੀਆ ਤਰਕ ਪੇਸ਼ ਕੀਤਾ ਜਾਂਦਾ ਹੈ ਤੇ ਉਹ ਵੀ ਪੜ੍ਹੀਆਂ ਲਿਖੀਆਂ ਔਰਤਾਂ ਵਲੋਂ। ਗੱਲ ਕੀ ਉਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮਾਡਰਨ, ਗਿਆਨਵਾਨ ਤੇ ਬੁੱਧੀਜੀਵੀ ਹੋਣ ਦਾ ਸਬੂਤ ਦੇਣਾ ਹੁੰਦਾ ਹੈ।
ਸੱਭਿਆਚਾਰ `ਤੇ ਜਦੋਂ ਮਾਰੂ ਟੱਕ ਵੱਜਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ। ਸਾਡੇ ਆਸੇ ਪਾਸੇ ਵਿਚਰਦੇ ਸੱਭਿਆਚਾਰ ਦਾ ਉਹ ਪੱਖ ਭਾਰੂ ਹੋ ਜਾਂਦਾ ਹੈ, ਜਿਹੜਾ ਕਹਿੰਦਾ ਹੈ ਕਿ ਸਾਨੂੰ ਪੁਰਾਤਨ ਚੀਜ਼ਾਂ ਕਬੂਲ ਨਹੀ, ਅਸੀਂ ਪੂਰਨ ਤੌਰ `ਤੇ ਨਵੇਂ ਤੌਰ ਤਰੀਕਿਆਂ ਵਿਚ ਯਕੀਨ ਰੱਖਦੇ ਹਾਂ। ਉਨ੍ਹਾਂ ਤੌਰ ਤਰੀਕਿਆਂ ਵਿਚ ਔਰਤ ਦੀ ਅਖੌਤੀ ਆਜ਼ਾਦੀ ਦਾ ਤੱਤ ਵੀ ਸਾਹਮਣੇ ਆ ਜਾਂਦਾ ਹੈ। ਅਸੀਂ ਆਪਣੀ ਵਾਹਵਾ ਲਈ ਬਾਲੜੀਆਂ ਦੇ ਰਾਹਾਂ ਵਿਚ ਅਜਿਹੀ ਗੰਦਗੀ ਬਿਖੇਰ ਜਾਂਦੇ ਹਾਂ ਕਿ ਉਨ੍ਹਾਂ ਦੇ ਪੈਰ ਲਿੱਬੜ ਜਾਂਦੇ ਹਨ। ਇਹ ਗੰਦਗੀ ਹੌਲੀ ਹੌਲੀ ਉਨ੍ਹਾਂ ਦੀਆਂ ਰੂਹਾਂ ਤਕ ਅੱਪੜ ਕੇ ਰੂਹਾਂ ਪਲੀਤ ਕਰ ਦਿੰਦੀ ਹੈ।
ਔਰਤਾਂ ਦੇ ਨਸ਼ਿਆਂ ਦੀ ਗੱਲ ਕਰਦਿਆਂ ਆਪਣੇ ਸਮਾਜਿਕ ਤਾਣੇ-ਬਾਣੇ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਘਰ ਵਿਚ ਕੁੜੀ ਨੂੰ ਮੁੰਡੇ ਨਾਲੋਂ ਭਾਵ ਉਸ ਦੇ ਭਰਾ ਨਾਲੋਂ ਘਟੀਆ ਸਮਝਣਾ, ਬਾਪ ਵਲੋਂ ਮਾਂ ਦੀ ਕੁੱਟਮਾਰ ਕਰਨਾ ਅਤੇ ਛੋਟੀ ਉਮਰ ਵਿਚ ਹੀ ਕਿਸੇ ਕੁੜੀ ਦਾ ਉਸਦੇ ਰਿਸ਼ਤੇਦਾਰ ਵਲੋਂ ਵਾਰ ਵਾਰ ਸਰੀਰਕ ਸੋਸ਼ਣ ਕਰਨਾ, ਇਸ ਪੀੜ ਨੂੰ ਕੁੜੀ ਆਪਣੇ ਅੰਦਰ ਹੀ ਸਮਾ ਲੈਂਦੀ ਹੈ ਅਤੇ ਬਹੁਤੀ ਵਾਰ ਇਸ ਤੋਂ ਛੁਟਕਾਰਾ ਪਾਉਣ ਲਈ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦੀ ਹੈ। ਇਹ ਸਰੀਰਕ ਸ਼ੋਸ਼ਣ ਭਾਰਤੀ ਜਾਂ ਪੰਜਾਬੀ ਸਮਾਜ ਵਿਚ ਹੀ ਨਹੀਂ ਹੁੰਦਾ ਸਗੋਂ ਪੱਛਮੀ ਮੁਲਕਾਂ ਵਿਚ ਵੀ ਆਮ ਹੈ। ਮੇਰੇ ਨਾਲ ਕੰਮ ਕਰਦੀ ਇਕ ਗੋਰੀ ਕੁੜੀ ਨੇ ਮੈਨੂੰ ਦੱਸਿਆ ਕਿ ਉਸਦਾ ਮਤਰੇਆ ਬਾਪ ਉਸ ਨਾਲ ਸਰੀਰਕ ਸੋ਼ਸ਼ਣ ਕਰਦਾ ਸੀ ਪਰ ਉਸਦੀ ਸਕੀ ਮਾਂ ਇਹ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਨਫ਼ਰਤ ਕਰਦੀ ਹੈ। ਭਾਵੇਂ ਡਾਕਟਰੀ ਸਹਾਇਤਾ ਨਾਲ ਉਹ ਕੁੜੀ ਪੂਰਨ ਤੌਰ `ਤੇ ਠੀਕ ਹੋ ਚੁੱਕੀ ਸੀ ਪਰ ਉਸਦੇ ਦੱਸਣ ਮੁਤਾਬਕ ਇਕ ਵੇਲਾ ਅਜਿਹਾ ਵੀ ਸੀ ਕਿ ਸ਼ਰਾਬ ਨੇ ਉਸਨੂੰ ਪੂਰੀ ਤਰ੍ਹਾਂ ਜਕੜ ਲਿਆ ਸੀ। ਆਪਣੇ ਮਾੜੇ ਦਿਨ ਯਾਦ ਕਰ ਕੇ ਉਸ ਦੀਆਂ ਅੱਖਾਂ ਅਕਸਰ ਨਮ ਹੋ ਜਾਂਦੀਆਂ ਸਨ।
ਮੇਰਾ ਇਕ ਰਿਸ਼ਤੇਦਾਰ ਕੈਨੇਡੀਅਨ ਇਮੀਗਰਾਂਟ ਮੁੰਡਾ ਭਾਰਤ ਜਾ ਕੇ ਪੜ੍ਹੀ-ਲਿਖੀ ਸੋਹਣੀ ਸੁਨੱਖੀ ਕੁੜੀ ਨਾਲ ਵਿਆਹ ਕਰਵਾ ਆਇਆ। ਕੁੜੀ ਸਾਧਾਰਨ ਕਿਸਾਨ ਜੱਟ ਪਰਿਵਾਰ ਦੀ ਧੀ ਸੀ ਪਰ ਮਾਪਿਆਂ ਨੇ ਉਸ ਨੂੰ ਹੋਸਟਲਾਂ ਵਿਚ ਰੱਖ ਕੇ ਚੰਗੀ ਤਾਲੀਮ ਦਿਵਾਈ। ਵਿਆਹ ਤੋਂ ਬਾਅਦ ਮੁੰਡੇ ਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਡਰੱਗ ਲੈਂਦੀ ਹੈ। ਉਹ ਉਸ ਤੋਂ ਡਰੱਗ ਦੀ ਮੰਗ ਕਰਨ ਲੱਗੀ। ਬਹਾਨੇ ਬਣਾ ਬਣਾ ਸਹੇਲੀਆਂ ਨਾਲ ਚਲੇ ਜਾਣਾ ਅਤੇ ਨਸ਼ਾ ਖਰੀਦ ਲਿਆਉਣਾ। ਏਥੋਂ ਤਕ ਕਿ ਉਸ ਦੀਆਂ ਸਹੇਲੀਆਂ ਘਰ ਆ ਕੇ ਨਸ਼ੇ ਵਾਲੀਆਂ ਗੋਲੀਆਂ ਦੇ ਜਾਇਆ ਕਰਦੀਆਂ ਸਨ। ਜਿਸ ਦਿਨ ਨਸ਼ਾ ਨਾ ਮਿਲਦਾ ਉਹ ਘਰ ਸਿਰ `ਤੇ ਚੁੱਕ ਲੈਂਦੀ। ਉਸ ਮੁੰਡੇ ਨੇ ਦੱਸਿਆ ਕਿ ਕਈ ਵਾਰ ਉਸ ਨੇ ਆਪ ਉਸ ਨੂੰ ਮੈਡੀਕਲ ਸਟੋਰ ਤੋਂ ਨਸ਼ੇ ਦੀਆਂ ਗੋਲੀਆਂ ਲਿਆ ਕੇ ਦਿੱਤੀਆਂ ਸਨ। ਉਹ ਨਾ ਆਪ ਸੌਂਦੀ ਸੀ ਤੇ ਨਾ ਉਸ ਨੂੰ ਸੌਣ ਦਿੰਦੀ ਸੀ। ਨਸ਼ੇ ਦੀ ਤੋੜ ਵਿਚ ਉਹ ਲੱਤਾਂ ਮਾਰ-ਮਾਰ ਉਸਦਾ ਬੁਰਾ ਹਾਲ ਕਰ ਦਿੰਦੀ ਸੀ। ਦੂਜੇ ਪਾਸੇ ਮੁੰਡੇ ਨੇ ਕਦੇ ਬੀਅਰ ਦਾ ਸਵਾਦ ਵੀ ਨਹੀਂ ਸੀ ਚੱਖਿਆ। ਉਸ ਮੁੰਡੇ ਨੇ ਦੱਸਿਆ ਕਿ ਕੁੜੀ ਦੇ ਮਾਪਿਆਂ ਨੂੰ ਉਸਦੀ ਆਦਤ ਦਾ ਪਤਾ ਨਹੀਂ ਸੀ। ਜਦੋਂ ਉਸ ਨੇ ਸਬੂਤਾਂ ਸਮੇਤ ਉਨ੍ਹਾਂ ਦੀ ਜਾਣਕਾਰੀ ਵਿਚ ਲਿਆਂਦਾ ਤਾਂ ਵਿਚਾਰਿਆਂ ਦੇ ਹੋਸ਼ ਉੱਡ ਗਏ। ਔਖੇ-ਸੌਖੇ ਨੇ ਮਹੀਨਾ ਉਸ ਨਾਲ ਕੱਟਿਆ ਤੇ ਕੈਨੇਡਾ ਵਾਪਸ ਆ ਗਿਆ। ਅੰਤ ਦੋਵਾਂ ਪਰਿਵਾਰਾਂ ਦੀ ਖ਼ੱਜਲ ਖੁਆਰੀ ਪਿੱਛੋਂ ਤਲਾਕ ਹੋ ਗਿਆ।
ਮਰਦ ਅਤੇ ਔਰਤ ਜੀਵਨ ਦੀ ਗੱਡੀ ਦੇ ਦੋ ਪਹੀਏ ਹਨ ਪਰ ਕੁਦਰਤ ਨੇ ਮਰਦ ਅਤੇ ਔਰਤ ਦੇ ਜਿਸਮ ਅਤੇ ਸਰੀਰਕ ਅੰਗਾਂ ਵਿਚ ਅਜਿਹੀ ਭਿੰਨਤਾ ਦਰਸਾਈ ਹੈ ਜਿਸ ਕਰਕੇ ਮਰਦ ਮਰਦ ਹੈ ਅਤੇ ਔਰਤ ਔਰਤ ਹੈ। ਇਸ ਨੂੰ ਸਪੱਸ਼ਟ ਕਰਨ ਲਈ ਅਸੀਂ ਜੰਮਣ ਕਿਰਿਆ ਨੂੰ ਉਦਾਹਰਨ ਤੇ ਤੌਰ `ਤੇ ਵਰਤ ਸਕਦੇ ਹਾਂ। ਬੱਚਾ ਮਾਂ ਦੀ ਕੁੱਖ ਵਿਚ ਨੌਂ ਮਹੀਨੇ ਪਲਦਾ ਹੈ ਨਾ ਕਿ ਮਰਦ ਦੀ ਕੁੱਖ ਵਿਚ। ਜਿਹੜੀ ਔਰਤ ਆਪ ਸ਼ਰਾਬ ਪੀਂਦੀ ਹੈ ਜਾਂ ਹੋਰ ਨਸ਼ਾ ਕਰਦੀ ਹੈ ਉਹ ਤੰਦਰੁਸਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ।
ਡਾ. ਹਰਸ਼ਿੰਦਰ ਕੌਰ ਪਟਿਆਲਾ ਅਨੁਸਾਰ ਇਕ ਮੈਡੀਕਲ ਤੱਥ ਇਹ ਵੀ ਹੈ ਕਿ ਮਰਦ ਅਤੇ ਔਰਤਾਂ ਦੇ ਸਰੀਰ ਵਿਚ ਅਲ਼ਕੋਹਲ ਡੀਹਾਈਡਰੋਜਨ ਇਨਜਾਈਮ ਹੁੰਦਾ ਹੈ, ਜੋ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਕਿਤੇ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਤੱਤ ਸ਼ਰਾਬ ਨੂੰ ਹਜ਼ਮ ਕਰਨ ਵਿਚ ਸਹਾਈ ਹੁੰਦਾ ਹੈ। ਕਿਉਂਕਿ ਔਰਤਾਂ ਵਿਚ ਇਹ ਘੱਟ ਮਾਤਰਾ ਵਿਚ ਹੁੰਦਾ ਹੈ, ਇਸ ਲਈ ਮਰਦਾਂ ਦੇ ਮੁਕਾਬਲੇ ਅਲਕੋਹਲ ਔਰਤਾਂ ਨੂੰ ਛੇਤੀ ਚੜ੍ਹ ਜਾਂਦੀ ਹੈ ਅਤੇ ਲਿਵਰ ਨੂੰ ਵੀ ਛੇਤੀ ਖ਼ਰਾਬ ਕਰ ਦਿੰਦੀ ਹੈ। ਸ਼ਰਾਬ ਵਿਚ ਅਜਿਹੇ ਤੱਤ ਵੀ ਮੌਜੂਦ ਹੁੰਦੇ ਹਨ ਜਿਨ੍ਹਾਂ ਦਾ ਅਸਰ ਕੁੱਖ ਵਿਚ ਪਲਦੇ ਬੱਚੇ `ਤੇ ਬਹੁਤ ਹੁੰਦਾ ਹੈ। ਇਸ ਕਰਕੇ ਹੀ ਨਸ਼ਈ ਔਰਤਾਂ ਦੀ ਔਲਾਦ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਹੁੰਦੀ ਹੈ। ਬੱਚੇ ਦੇ ਨੈਣ-ਨਕਸ਼ ਅਜੀਬ ਤਰ੍ਹਾਂ ਦੇ ਹੋ ਜਾਂਦੇ ਹਨ। ਬੱਚਾ ਸਮੇਂ ਤੋਂ ਪਹਿਲਾਂ ਵੀ ਜੰਮ ਸਕਦਾ ਹੈ ਅਤੇ ਮੰਦਬੁੱਧੀ ਵੀ ਹੋ ਸਕਦਾ ਹੈ। ਨਸ਼ਿਆਂ ਦੀ ਵਰਤੋਂ ਨੂੰ ਲੈ ਕੇ ਮਰਦ ਅਤੇ ਔਰਤ ਦੀ ਬਰਾਬਰੀ ਦਾ ਨਾਅਰਾ ਲਾਉਣ ਵਾਲੇ ਲੋਕ ਸ਼ਾਇਦ ਇਸ ਤੱਥ ਤੋਂ ਅਣਜਾਣ ਹੁੰਦੇ ਹਨ।
ਮੇਰੇ ਸ਼ਬਦ ਕਦਾਚਿਤ ਮਰਦ ਦੀ ਨਸ਼ਿਆਂ ਪ੍ਰਤੀ ਖੁੱਲ੍ਹ ਦੀ ਵਕਾਲਤ ਨਹੀਂ ਕਰਦੇ। ਹਰ ਪ੍ਰਕਾਰ ਦਾ ਨਸ਼ਾ ਦੋਵਾਂ ਲਈ ਘਾਤਕ ਹੈ ਪਰ ਇਸ ਲੇਖ ਵਿਚ ਗੱਲ ਔਰਤ ਦੀ ਹੋ ਰਹੀ ਹੈ, ਇਸ ਲਈ ਮੈਂ ਔਰਤਾਂ `ਤੇ ਹੀ ਕੇਂਦਰਿਤ ਰਹਾਂਗੀ। ਨਸ਼ੇ ਕਰਦੀ ਔਰਤ ਦਾ ਮਾਨਸਿਕ ਸੰਤੁਲਨ ਬਹੁਤ ਛੇਤੀ ਵਿਗੜ ਜਾਂਦਾ ਹੈ ਅਤੇ ਮਾਨਸਿਕ ਤੌਰ `ਤੇ ਰੋਗੀ ਔਰਤ ਤੋਂ ਤੰਦਰੁਸਤ ਸਮਾਜ ਜਾਂ ਪੌਂਦ ਦੀ ਆਸ ਨਹੀਂ ਕੀਤੀ ਜਾ ਸਕਦੀ।
ਤੇ ਹਾਂ ਇਹ ਗੱਲ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਮੈਂ ਕਦੇ ਵੀ ਔਰਤ ਦੀ ਆਜ਼ਾਦੀ, ਉਸ ਦੇ ਹੱਕਾਂ ਦੀ ਵਿਰੋਧਤਾ ਨਹੀਂ ਕਰਦੀ। ਮੈਂ ਜ਼ੋਰਦਾਰ ਸ਼ਬਦਾਂ ਵਿਚ ਔਰਤ ਦੇ ਮਾਣ ਸਨਮਾਨ ਦੀ ਹਾਮੀ ਭਰਦੀ ਹਾਂ ਅਤੇ ਭਰਦੀ ਰਹਾਂਗੀ। ਨਸ਼ਿਆਂ ਦੇ ਖੇਤਰ ਵਿਚ ਕਦੇ ਵੀ ਮਰਦ ਦੀ ਬਰਾਬਰੀ ਕਰਨ ਦੀ ਕਿਸੇ ਔਰਤ ਨੂੰ ਸਲਾਹ ਨਹੀਂ ਦੇਵਾਂਗੀ। ਦੂਸਰੀ ਗੱਲ ਇਹ ਕਿ ਮਰਦ ਅਤੇ ਔਰਤ ਨੂੰ ਇਕ ਦੂਸਰੇ ਦੇ ਚੰਗੇ ਗੁਣਾਂ ਦੀ ਰੀਸ ਕਰਨੀ ਚਾਹੀਦੀ ਹੈ ਨਾ ਕਿ ਇਹ ਕਿ ਜੇ ਮਰਦ ਨੇ ਖੂਹ ਵਿਚ ਛਾਲ ਮਾਰਨੀ ਹੈ ਤਾਂ ਔਰਤ ਨੇ ਬਰਾਬਰੀ ਦਾ ਦਾਅਵਾ ਕਰਕੇ ਖਾਤੇ ਵਿਚ ਜ਼ਰੂਰ ਗਰਕ ਹੋਣਾ ਹੈ।
ਵੇਖਣ ਵਿਚ ਆਉਂਦਾ ਹੈ ਕਿ ਔਰਤਾਂ ਕਈ ਪ੍ਰਕਾਰ ਦੀਆਂ ਮਾਰੂ ਸਥਿਤੀਆਂ ਦੀਆਂ ਆਸਾਨੀ ਨਾਲ ਸ਼ਿਕਾਰ ਹੋ ਜਾਂਦੀਆਂ ਹਨ, ਜਿਨ੍ਹਾਂ `ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇੱਥੇ ਇਕ ਘਟਨਾ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਇਕ 22-23 ਸਾਲ ਦੇ ਪੰਜਾਬੀ ਮੂਲ ਦੇ ਮੁੰਡੇ ਨੇ ਛੇਤੀ ਅਮੀਰ ਹੋਣ ਦੀ ਲਾਲਸਾ ਨਾਲ ਭੈੜਾ ਕਾਰੋਬਾਰ ਸ਼ੁਰੂ ਕਰ ਲਿਆ। ਉਸਨੇ ਸਕੂਲ ਪੜ੍ਹਦੀਆਂ ਕੁੜੀਆਂ ਨੂੰ ਝਾਂਸੇ ਵਿਚ ਲੈ ਕੇ ਡਰੱਗ ਨਮੂਨੇ ਦੇ ਤੌਰ `ਤੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ। ਕਈ ਨਸ਼ੇ ਅਜਿਹੇ ਹਨ ਕਿ ਜੇ ਉਹ ਦੋ-ਤਿੰਨ ਵਾਰ ਸੰਘ `ਚੋਂ ਲੰਘ ਜਾਣ ਤਾਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਦੋ-ਤਿੰਨ ਦਿਨ ਨਸ਼ਾ ਦਿੱਤਾ ਤੇ ਬੰਦ ਕਰ ਦਿੱਤਾ। ਏਨ੍ਹੇ `ਚ ਜਵਾਨ ਛੋਟੀ ਉਮਰ ਦੀ ਕੁੜੀ ਨਸ਼ੇ ਦੀ ਆਦੀ ਹੋ ਗਈ। ਉਸਨੇ ਨਸ਼ੇ ਲਈ ਮੁੰਡੇ ਦੀਆਂ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨੇ ਮਜਬੂਰੀ ਵੱਸ ਸਰੀਰ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਉਸ ਮੁੰਡੇ ਨੇ ਕੁੜੀਆਂ ਦੇ ਭਵਿੱਖ ਨੂੰ ਦਾਅ `ਤੇ ਲਾ ਕੇ ਚੰਗੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਪਰ ਅੰਤ ਪੁਲੀਸ ਦੇ ਕਾਬੂ ਆ ਗਿਆ ਪਰ ਉਸ ਸਮੇਂ ਤਕ ਉਹ ਬਹੁਤ ਨੁਕਸਾਨ ਕਰ ਚੁੱਕਾ ਸੀ। ਕਈ ਕੁੜੀਆਂ ਦਾ ਭਵਿੱਖ ਹਨੇਰਾ ਹੋ ਗਿਆ।
ਇਹ ਘਟਨਾ ਕਿਸੇ ਇਕ ਸ਼ਹਿਰ ਦੀ ਨਹੀਂ ਸਗੋਂ ਹਰ ਸ਼ਹਿਰ ਦੀ ਹੈ। ਜਿਨ੍ਹਾਂ ਦਿਨਾਂ ਵਿਚ ਇਹ ਘਟਨਾ ਹੋਈ, ਮੈਂ ਸ਼ਹਿਰ ਦੀ ਪੁਲੀਸ ਨਾਲ ਕੰਮ ਕਰਦੀ ਸਾਂ। ਉਸ ਮੁੰਡੇ ਨੂੰ ਪੁਲੀਸ ਨੇ ਜਿਸ ਤਰ੍ਹਾਂ ਕਾਬੂ ਕੀਤਾ ਉਹ ਬਹੁਤ ਹੀ ਨਾਟਕੀ ਸੀ। ਖੈਰ ਉਸ ਸਭ ਕਾਸੇ ਦਾ ਵਰਣਨ ਕਰਨਾ ਜ਼ਰੂਰੀ ਨਹੀਂ। ਜਿਸ ਦਿਨ ਉਹ ਮੁੰਡਾ ਪੁਲੀਸ ਦੇ ਹੱਥ ਆਇਆ, ਉਸ ਦਿਨ ਮੈਂ ਭਰੇ ਮਨ ਨਾਲ ਦਫ਼ਤਰ ਵਿਚ ਬੈਠ ਕੇ ਇਕ ਕਵਿਤਾ ਲਿਖੀ, ਜਿਸ ਦੀਆਂ ਅੰਤਿਮ ਸਤਰਾਂ ਇਸ ਤਰ੍ਹਾਂ ਸਨ:
ਕਿਸੇ ਜਿਸਮ ਵੇਚਿਆ
ਕਿਸੇ ਜਿਸਮ ਖਰੀਦਿਆ
ਤੇ ਜਿਸਨੇ ਮਾਲ ਸਮੇਟਿਆ
ਉਹ ਉਨ੍ਹਾਂ `ਚੋਂ ਸੀ
ਜੋ ਹਰ ਪਰ ਨਾਰੀ ਨੂੰ
ਧੀ, ਭੈਣ ਜਾਂ ਮਾਂ ਕਹਿੰਦੇ ਨੇ।
ਸੋ ਛੇਤੀ ਅਮੀਰ ਹੋਣ ਦੇ ਚੱਕਰ ਵਿਚ ਵੀ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਪਣੇ ਘਿਨੌਣੇ ਕਾਰੇ ਵਿਚ ਕਈ ਨਿਰਦੋਸ਼ ਜਿ਼ੰਦਗੀਆਂ ਨੂੰ ਲਪੇਟ ਲੈਂਦਾ ਹੈ।
ਜਿੱਥੇ ਨਸ਼ਿਆਂ ਦਾ ਨਾਮ ਆ ਜਾਂਦਾ ਹੈ, ਓਥੇ ਕਿਸੇ ਕਿਸਮ ਦੀ ਭਲਾਈ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਇਨ੍ਹਾਂ ਨਸ਼ਿਆਂ ਨੇ ਚੰਗੇ ਭਲੇ ਹੱਸਦੇ ਖੇਡਦੇ ਜੀਵਨ ਤਬਾਹ ਕੀਤੇ ਹਨ। ਜਿਹੜੇ ਘਰ ਵਿਚ ਆਦਮੀ ਤੇ ਔਰਤ ਦੋਨੋਂ ਹੀ ਨਸ਼ਿਆਂ ਦੇ ਆਦੀ ਹੋਣ ਤਾਂ ਜ਼ਰਾ ਦਿਲ `ਤੇ ਹੱਥ ਰੱਖ ਕੇ ਸੋਚੋ ਕਿ ਇਸ ਘਰ ਦੀ ਕੀ ਹਾਲਤ ਹੋਵੇਗੀ। ਇਨ੍ਹਾਂ ਦੇ ਬੱਚਿਆਂ ਦਾ ਭਵਿੱਖ ਕਿਹੜੇ ਰਾਹ ਪਵੇਗਾ। ਆਮ ਕਰਕੇ ਔਰਤਾਂ ਵਲੋਂ ਕਿਹਾ ਜਾਂਦਾ ਹੈ ਕਿ ਥੋੜ੍ਹੀ ਜਿਹੀ ਪੀਤੀ ਸੀ। ਇਹ ਥੋੜ੍ਹੀ ਥੋੜ੍ਹੀ ਆਦਤ ਜੇ ਮਰਦ ਨੂੰ ਨਸ਼ਈ ਬਣਾ ਦਿੰਦੀ ਹੈ ਤਾਂ ਔਰਤ ਨੂੰ ਤਾਂ ਉਸ ਤੋਂ ਕਿਤੇ ਵੱਧ ਰਫ਼ਤਾਰ ਨਾਲ ਕਿਤੇ ਵੱਧ ਭਿਅੰਕਰ ਸਥਿਤੀ `ਤੇ ਲਿਆ ਸੁੱਟਦੀ ਹੈ। ਕਈ ਵਾਰ ਨੌਬਤ ਏਥੋਂ ਤਕ ਆ ਜਾਂਦੀ ਹੈ ਕਿ ਔਰਤ ਨਸ਼ੇ ਦੀ ਪੂਰਤੀ ਲਈ ਜਿਸਮ ਵੇਚਣ ਲਈ ਮਜਬੂਰ ਹੋ ਜਾਂਦੀ ਹੈ। ਮੈਂ ਸੋਹਣੀਆਂ ਸੁਨੱਖੀਆਂ, ਸਿਰਾਂ `ਤੇ ਚੁੰਨੀ ਲੈਣ ਵਾਲੀਆਂ ਔਰਤਾਂ ਨੂੰ ਕੁਰਾਹੇ ਪਈਆਂ ਤੱਕਿਆ ਹੈ।
ਅੰਤ ਵਿਚ ਸਵਾਲ ਉੱਠਦਾ ਹੈ ਕਿ ਔਰਤ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾਵੇ। ਇਸ ਸਵਾਲ ਦੇ ਜਵਾਬ ਵਿਚ ਜੋ ਪਹਿਲਾ ਕਦਮ ਹੈ, ਉਹ ਸਾਡੇ ਆਪਣੇ ਵੱਲ ਜਾਂਦਾ ਹੈ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਸਮਾਂ ਬੱਚਿਆਂ ਨੂੰ ਦਿੱਤਾ ਜਾਵੇ। ਕੁੜੀਆਂ ਨੂੰ ਤਾਅਨੇ ਮਿਹਣੇ ਨਾ ਮਾਰੇ ਜਾਣ, ਸਗੋਂ ਉਨ੍ਹਾਂ ਨੂੰ ਗਲ ਨਾਲ ਲਾਵੋ। ਉਨ੍ਹਾਂ ਦੇ ਨੈਣਾਂ ਵਿਚ ਪਲਦੇ ਸੁਪਨਿਆਂ ਦੀ ਕਦਰ ਕਰੋ ਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਦਦ ਕਰੋ। ਮਾਂ ਪਿਉ ਦੇ ਨਾਲ-ਨਾਲ ਆਪਣੀ ਧੀ ਦੇ ਦੋਸਤ ਵੀ ਬਣੋ ਤਾਂ ਜੋ ਉਹ ਆਪਣੇ ਮਨ ਦੀ ਗੱਲ ਕਿਸੇ ਹੋਰ ਨੂੰ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰੇ। ਉਸ ਦੇ ਕੰਮਾਂ ਕਾਰਾਂ `ਤੇ ਨਿਗਾਹ ਰੱਖਣ ਦੇ ਨਾਲ ਨਾਲ ਉਸ ਨੂੰ ਵਧਣ-ਫੁੱਲਣ ਦਾ ਵੀ ਮੌਕਾ ਦੇਣਾ ਚਾਹੀਦਾ ਹੈ। ਉਸ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਬਣਨ ਦੇ ਤਰੀਕੇ ਨਾ ਸਮਝਾਵੋ। ਉਸਨੂੰ ਮਹਿੰਗੀਆਂ ਕਾਰਾਂ, ਕੋਠੀਆਂ ਜਾਂ ਸੋਨੇ ਚਾਂਦੀ ਤੇ ਹੀਰੇ ਦੇ ਗਹਿਣਿਆਂ ਦੀਆਂ ਬਾਤਾਂ ਨਾ ਸੁਣਾਵੋ, ਸਗੋਂ ਮਹਾਨ ਔਰਤਾਂ ਦੀਆਂ ਕਹਾਣੀਆਂ ਸੁਣਾਓ ਕਿ ਉਨ੍ਹਾਂ ਨੇ ਕਿਹੜੀਆਂ ਮੁਸ਼ਕਿਲਾਂ ਸਰ ਕਰ ਕੇ ਜਿੱਤ ਦਾ ਝੰਡਾ ਲਹਿਰਾਇਆ ਹੈ। ਬਚਪਨ ਵਿਚ ਹੀ ਆਪਣੀ ਧੀ ਨੂੰ ਆਪਣੇ ਰਾਹ ਆਪ ਬਣਾਉਣੇ ਸਿਖਾਉ। ਕੇਵਲ ਹੱਕਾਂ ਦੀ ਗੱਲ ਨਾ ਕਰੋ, ਫਰਜ਼ਾਂ ਦਾ ਪਾਠ ਵੀ ਪੜ੍ਹਾਓ। ਉਨ੍ਹਾਂ ਦਾ ਚੌਗਿਰਦਾ ਰੌਸ਼ਨ ਕਰੋ। ਸ਼ਰਾਬ ਪੀਣ ਦਾ ਫੈਸ਼ਨ ਛੱਡ ਕੇ ਉਨ੍ਹਾਂ ਨੂੰ ਰੌਸ਼ਨ ਜੀਵਨ ਜਾਚ ਦਾ ਫੈਸ਼ਨ ਕਰਨਾ ਸਿਖਾਓ ਅਤੇ ਆਪ ਵੀ ਰੌਸ਼ਨ ਰੌਸ਼ਨ ਹੋ ਜਾਓ। ਸਾਡੀਆਂ ਧੀਆਂ ਕਦੇ ਵੀ ਨਸ਼ਿਆਂ ਵੱਲ ਮੂੰਹ ਨਹੀਂ ਕਰਨਗੀਆਂ।
ਸਾਡੀਆਂ ਧੀਆਂ ਜ਼ਰੂਰ ਪ੍ਰਧਾਨ ਮੰਤਰੀ, ਡੀ.ਸੀ.,ਏਅਰ ਮਾਰਸ਼ਲ, ਕੋਈ ਕਲਪਨਾ ਤੇ ਕੋਈ ਮਦਰ ਟੈਰੇਸਾ ਬਣ ਕੇ ਸਮਾਜ, ਸਭਿਆਚਾਰ, ਦੇਸ਼ ਅਤੇ ਸਮੁੱਚੀ ਮਨੁੱਖਤਾ ਦਾ ਸੁੱਖ ਬਣਨਗੀਆਂ। ਔਰਤ ਮਨੁੱਖਤਾ ਦਾ ਸੁੱਖ ਹੈ।