ਮੋਹ-ਜਾਲ

ਹਰਪ੍ਰੀਤ ਸੇਖਾ
ਫੋਨ: +1-778-231-1189
ਕੈਨੇਡਾ ਵੱਸਦੇ ਲਿਖਾਰੀ ਹਰਪ੍ਰੀਤ ਸੇਖਾ ਨੇ ਪਰਵਾਸੀ ਜੀਵਨ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ। ਪਿਛੇ ਜਿਹੇ ਉਸ ਦਾ ਨਾਵਲ ‘ਹਨੇਰੇ ਰਾਹ’ ਛਪਿਆ ਹੈ ਜਿਸ ਵਿਚ ਟਰੱਕ ਸਨਅਤ ਨਾਲ ਜੁੜੀ ਜੀਵਨ-ਜਾਚ ਦੇ ਵੇਰਵੇ ਦਰਜ ਹਨ। ‘ਮੋਹ-ਜਾਲ’ ਕਹਾਣੀ ਵਿਚ ਅੱਜ ਕੱਲ੍ਹ ਦੇ ਪਦਾਰਥਕ ਜੀਵਨ ਅਤੇ ਇਸ ਹਿਸਾਬ ਨਾਲ ਜੁੜਦੇ ਰਿਸ਼ਤਿਆਂ ਦੀ ਬਾਤ ਪਾਈ ਗਈ ਹੈ।

ਜਦੋਂ ਰਮਣੀਕ ਹਸਪਤਾਲ ਪਹੁੰਚੀ, ਬਾਪੂ ਦੇ ਬੈੱਡ ਦੁਆਲੇ ਪਰਦਾ ਤਾਣਿਆ ਹੋਇਆ ਸੀ। ਦੋ ਸਹਾਇਕ ਨਰਸਾਂ ਬਾਪੂ ਨੂੰ ਸਾਫ ਕਰ ਰਹੀਆਂ ਸਨ। ਉਡੀਕ ਕਰ ਰਹੀ ਰਮਣੀਕ ਨੂੰ ਲੱਗਿਆ ਕਿ ਉਹ ਬਹੁਤ ਦੇਰ ਲਗਾ ਰਹੀਆਂ ਸਨ। ਉਸਦਾ ਮਨ ਬਾਪੂ ਨੂੰ ਮਿਲਣ ਲਈ ਉਤਾਵਲਾ ਸੀ। ਉਸਦਾ ਜੀਅ ਕਰਦਾ ਸੀ ਕਿ ਮਿਲਣ ਸਾਰ ਬਾਪੂ ਨੂੰ ਜੱਫੀ ਪਾ ਲਵੇ। ਇਸੇ ਚਾਹ ਨਾਲ ਉਹ ਆਪਣੀ ਕਾਰ ਤੋਂ ਬਾਪੂ ਦੇ ਕਮਰੇ ਤਕ ਵਗੀ ਆਈ ਸੀ। ਜਿਉਂ ਹੀ ਸਹਾਇਕ ਨਰਸਾਂ ਕਮਰੇ ‘ਚੋਂ ਬਾਹਰ ਨਿਕਲੀਆਂ, ਰਮਣੀਕ ਨੇ ਸਿਰਾਹਣਿਆਂ ਸਹਾਰੇ ਟੇਢੇ ਪਾਏ ਬਾਪੂ ਦੁਆਲੇ ਬਾਹਾਂ ਵਲ ਕੇ ਕਿਹਾ, “ਬਾਪੂ, ਮੈਂ ਰਮਣੀਕ ਹਾਂ।ਕੀ ਹਾਲ ਹੈ?” ਇਸ ਤਰ੍ਹਾਂ ਆਖਦੀ ਰਮਣੀਕ ਦੀ ਆਵਾਜ਼ ਰੁੰਦ ਗਈ। ਸਵਾਏ ਇਕ-ਦੋ ਵਾਰ ਤੋਂ, ਉਸ ਨੇ ਬਾਪੂ ਨੂੰ ਦੇਖ ਕੇ ਕਦੇ ਵੀ ਇਸ ਤਰ੍ਹਾਂ ਦਿਲ ਛੋਟਾ ਨਹੀਂ ਸੀ ਕੀਤਾ। ਬਾਪੂ ਨੂੰ ਦੋ ਸਾਲ ਹੋ ਗਏ ਸਨ ਇਸ ਤਰ੍ਹਾਂ ਕੌਮਾ ਵਿਚ ਪਿਆਂ। ਰਮਣੀਕ ਨੇ ਕੁਝ ਦੇਰ ਉਸੇ ਤਰ੍ਹਾਂ ਹੀ ਬਾਪੂ ਦੀ ਬਾਂਹ ਨਾਲ ਆਪਣਾ ਸਿਰ ਲਾਈ ਰੱਖਿਆ, ਫਿਰ ਅੱਖਾਂ ਪੂੰਝ ਕੇ ਕੋਲ ਪਈ ਕੁਰਸੀ ‘ਤੇ ਬੈਠ ਗਈ। ਉਸ ਨੇ ਬਾਪੂ ਦੀ ਨੰਗੀ ਹੋਈ ਪਿੱਠ ਵੱਲ ਦੇਖਿਆ। ਮੰਜੇ ‘ਤੇ ਪਏ ਰਹਿਣ ਕਾਰਣ ਹੋਏ ਜ਼ਖਮਾਂ ਦੇ ਨਿਸ਼ਾਨ ਕੱਲ੍ਹ ਦੀ ਤਰ੍ਹਾਂ ਹੀ ਸਨ। ਭਾਵੇਂ ਹਰ ਦੋ ਘੰਟੇ ਬਾਅਦ ਸਹਾਇਕ ਨਰਸਾਂ ਉਸਦਾ ਪਾਸਾ ਪਰਤਾਉਂਦੀਆਂ ਸਨ ਪਰ ਇਹ ਜ਼ਖਮ ਫਿਰ ਵੀ ਹੋ ਹੀ ਜਾਂਦੇ ਸਨ। ਰਮਣੀਕ ਨੇ ਬਾਪੂ ਦੀਆਂ ਲੱਤਾਂ ਤੋਂ ਚਾਦਰ ਹਟਾ ਕੇ ਦੇਖਿਆ। ਰਮਣੀਕ ਨੂੰ ਉੱਥੇ ਵੀ ਕੋਈ ਬਹੁਤਾ ਮੋੜਾ ਪਿਆ ਨਾ ਦਿਸਿਆ। ਲਾਗ ਲੱਗਣ ਕਾਰਣ ਪਿੰਡੇ ਦੀ ਚਮੜੀ ‘ਤੇ ਥਾਂ ਥਾਂ ਬਣੇ ਲਾਲ ਧੱਫੜ ਉਵੇਂ ਹੀ ਸਨ। ਕੱਲ੍ਹ ਕੇਅਰ ਹੋਮ ਵਾਲਿਆਂ ਨੇ ਬਾਪੂ ਨੂੰ ਪਿਸ਼ਾਬ ਦੀ ਲਾਗ ਦੇ ਇਲਾਜ ਲਈ ਹਸਪਤਾਲ ਲੈ ਕੇ ਜਾਣ ਬਾਰੇ ਰਮਣੀਕ ਨੂੰ ਫੋਨ ਕਰ ਕੇ ਦੱਸਿਆ ਸੀ। ਬਾਪੂ ਬਾਰੇ ਉਹ ਰਮਣੀਕ ਨੂੰ ਹੀ ਫੋਨ ਕਰ ਕੇ ਫੈਸਲੇ ਕਰਦੇ। ਬਾਪੂ ਦੇ ਕੇਅਰ ਹੋਮ ਵਿਚ ਦਾਖਲੇ ਸਮੇਂ ਰਮਣੀਕ ਨੇ ਆਪ ਹੀ ਆਪਣਾ ਨਾਂ ਸਰਪ੍ਰਸਤ ਵਜੋਂ ਪੇਸ਼ ਕਰ ਦਿੱਤਾ ਸੀ। ਉਸਦੇ ਮੰਮੀ-ਡੈਡੀ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਸੀ। ਉਸਦੀ ਅੰਗਰੇਜ਼ੀ ਵਿਚ ਗੱਲਬਾਤ ਕਰਨ ਦੀ ਮੁਹਾਰਤ ਵੀ ਆਪਣੇ ਮਾਪਿਆਂ ਨਾਲੋਂ ਬਿਹਤਰ ਸੀ। ਵੈਸੇ ਵੀ ਸਾਰੇ ਪਰਿਵਾਰ ਵਿਚੋਂ ਰਮਣੀਕ ਹੀ ਬਾਪੂ ਦੇ ਸਭ ਤੋਂ ਨੇੜੇ ਸੀ ਅਤੇ ਉਹੀ ਸੀ, ਜਿਹੜੀ ਬਿਨਾਂ ਨਾਗਾ ਕੇਅਰ ਹੋਮ ਜਾਂਦੀ ਸੀ।
ਰਮਣੀਕ ਬਾਪੂ ਦੀ ਪਿੱਠ ਵਾਲੇ ਪਾਸਿਉਂ ਉੱਠ ਕੇ ਚਿਹਰੇ ਵਾਲੇ ਪਾਸੇ ਬੈਠ ਗਈ। ਉਸ ਨੇ ਟਿਕਟਿਕੀ ਲਗਾ ਕੇ ਬਾਪੂ ਦੇ ਚਿਹਰੇ ਵੱਲ ਦੇਖਿਆ। ਉਹ ਜਿਵੇਂ ਘੂਕ ਸੁੱਤਾ ਪਿਆ ਹੋਵੇ। ਹੁਣ ਰਮਣੀਕ ਨੂੰ ਇਸ ਤਰ੍ਹਾਂ ਨਹੀਂ ਸੀ ਲਗਦਾ ਕਿ ਬਾਪੂ ਹੁਣੇ ਹੀ ਅੱਖਾਂ ਖੋਲ੍ਹੇਗਾ ਅਤੇ ਪੁੱਛੇਗਾ, “ਮੇਰਾ ਸ਼ੇਰ ਪੁੱਤ ਕਦੋਂ ਆਇਆ ਸੀ?” ਪਹਿਲਾਂ-ਪਹਿਲਾਂ ਉਸ ਨੂੰ ਇਸ ਤਰ੍ਹਾਂ ਲਗਦਾ ਸੀ। ਉਦੋਂ ਡਾਕਟਰਾਂ ਨੇ ਵੀ ਕਿਹਾ ਸੀ ਕਿ ਕੋਈ ਕਰਾਮਾਤ ਵਾਪਰ ਸਕਦੀ ਹੈ ਪਰ ਇਹ ਵਾਪਰੀ ਨਹੀਂ ਸੀ। ਹੁਣ ਤਾਂ ਡਾਕਟਰ ਆਖਦੇ ਸਨ ਕਿ ਇਸਦੀ ਹਾਲਤ ਦਿਨੋ ਦਿਨ ਹੋਰ ਕਮਜ਼ੋਰ ਹੁੰਦੀ ਜਾਵੇਗੀ। ਇਕ ਡਾਕਟਰ ਨੇ ਤਾਂ ਅਸਿੱਧੇ ਤੌਰ ‘ਤੇ ਇਹ ਵੀ ਆਖ ਦਿੱਤਾ ਸੀ ਕਿ ਇਹ ਸਭ ਦੇ ਹੀ ਭਲੇ ਵਿਚ ਹੋਵੇਗਾ ਜੇ ਉਸ ਨੂੰ ਲਾਈਫ ਸਪੋਰਟ ਤੋਂ ਲਾਹ ਦਿੱਤਾ ਜਾਵੇ। ਬਾਪੂ ਦੀ ਦਿਨੋ ਦਿਨ ਨਿੱਘਰ ਰਹੀ ਸਿਹਤ ਰਮਣੀਕ ਵੀ ਦੇਖ ਰਹੀ ਸੀ। ਉਸ ਨੂੰ ਮਹੀਨੇ ਖੰਡ ਬਾਅਦ ਕਿਸੇ ਨਾ ਕਿਸੇ ਬਿਮਾਰੀ ਦੇ ਇਲਾਜ ਲਈ ਹਸਪਤਾਲ ਲਿਆਉਣਾ ਪੈਂਦਾ ਸੀ। ਕਦੇ ਕੋਈ ਇਨਫੈਕਸ਼ਨ ਹੋ ਜਾਂਦੀ, ਕਦੇ ਕੋਈ। ਰਮਣੀਕ ਬਾਪੂ ਦੇ ਸਰੀਰ ‘ਤੇ ਲੱਗੀਆਂ ਨਾਲੀਆਂ ਵੱਲ ਦੇਖਣ ਲੱਗੀ। ਸਾਹ ਲਈ ਆਕਸੀਜਨ ਦੀ ਨਾਲੀ, ਪਿਸ਼ਾਬ ਲਈ ਬੈਗ, ਖਾਣੇ ਲਈ ਨਾਲੀ ਅਤੇ ਪਿਸ਼ਾਬ ਦੀ ਲਾਗ ਦੇ ਇਲਾਜ ਲਈ ਐਂਟੀ-ਬਾਇਟੈਕ ਵਾਲੀ ਬੋਤਲ। ਨਰਸ ਕਮਰੇ ਵਿਚ ਆ ਕੇ ਬੋਲੀ, “ਬਾਪੂ, ਮੈਂ ਤੇਰੇ ਮੱਲ੍ਹਮ ਲਗਾਉਣੀ ਹੈ। ਇਸ ਨਾਲ ਤੇਰੇ ਖੁਰਕ ਘਟ ਜਾਵੇਗੀ।” ਹਸਪਤਾਲ ਤੇ ਕੇਅਰ ਹੋਮ ਦਾ ਅਮਲਾ ਫੈਲਾ ਰਮਣੀਕ ਦੀ ਰੀਸ ਨਾਲ ਬਾਪੂ ਹੀ ਕਹਿਣ ਲੱਗਾ ਸੀ। ਜਿਵੇਂ ਇਹ ਹੀ ਇਸਦਾ ਨਾਂ ਹੋਵੇ। ਉਨ੍ਹਾਂ ਦਾ ਬਾਪੂ ਨਾਲ ਇਸ ਤਰ੍ਹਾਂ ਜਾਗਦੇ ਬੰਦੇ ਵਾਲਾ ਵਿਹਾਰ ਦੇਖ ਕੇ ਰਮਣੀਕ ਵੀ ਬਾਪੂ ਨਾਲ ਉਨ੍ਹਾਂ ਵਾਂਗ ਹੀ ਗੱਲਾਂ ਕਰਨ ਲੱਗੀ ਸੀ। ਪਹਿਲੇ ਦਿਨਾਂ ਵਿਚ ਉਹ ਬਾਪੂ ਦੇ ਬੀਜੇ ਫੁੱਲਾਂ ਤੇ ਸਬਜ਼ੀਆਂ ਦੇ ਬੂਟਿਆਂ ਨੂੰ ਪਾਣੀ ਦਿੰਦੀ ਰਹੀ ਸੀ ਤੇ ਫਿਰ ਬਾਪੂ ਨੂੰ ਕੇਅਰ ਹੋਮ ਵਿਚ ਜਾ ਕੇ ਦੱਸਦੀ ਕਿ ਉਸਦੀ ਫੁਲਵਾੜੀ ਦਾ ਕੀ ਹਾਲ ਸੀ। ਇਕ ਦਿਨ ਕਹਿੰਦੀ, “ਬਾਪੂ, ਮੱਕੀ ਦੇ ਇਕ ਬੂਟੇ ਨੂੰ ਅੱਜ ਛੱਲੀ ਲੱਗੀ ਐ।” ਉਸ ਦਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਇਹ ਸੁਣ ਕੇ ਬਾਪੂ ਅੱਖਾਂ ਖੋਲ੍ਹੇਗਾ ਅਤੇ ਕਹੇਗਾ, “ਜਿਊਂਦਾ ਰਹਿ ਸ਼ੇਰਾ। ਮੇਰੀ ਬਗੀਚੀ ਦਾ ਐਨਾ ਖਿਆਲ ਰੱਖਿਐ।” ਪਰ ਰਮਣੀਕ ਨੂੰ ਇਸ ਗੱਲ ਦਾ ਬਾਪੂ ‘ਤੇ ਕੋਈ ਅਸਰ ਨਹੀਂ ਸੀ ਦਿਸਿਆ। ਉਸਦੀਆਂ ਯਾਦਾਂ ਵਿਚ ਬਗੀਚੀ ਵਿਚ ਕੰਮ ਕਰਦੇ ਬਾਪੂ ਦੇ ਮਗਰ ਮਗਰ ਫਿਰਨਾ ਤੇ ਬਾਪੂ ਦੇ ਨਿਰਦੇਸ਼ਾਂ ‘ਤੇ ਛੱਤੜੀ ਵਿਚੋਂ ਸੰਦ ਲਿਆ ਕੇ ਦੇਣੇ, ਪਾਣੀ ਵਾਲੀ ਟੂਟੀ ਨੂੰ ਚਲਾਉਣਾ ਤੇ ਹੋਰ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਕੰਮ ਕਰਨੇ ਘੁੰਮ ਗਏ ਸਨ। ਰਮਣੀਕ ਨੂੰ ਲੱਗਾ ਸੀ ਕਿ ਬਾਪੂ ਕਹੇਗਾ, “ਸ਼ੇਰਾ, ਮੇਰੇ ਟਮਾਟਰਾਂ ਦੇ ਬੂਟੇ ਲਿਫ ਨਾ ਜਾਣ। ਉਨ੍ਹਾਂ ਦੇ ਨਾਲ ਲੱਕੜ ਦੇ ਡੰਡੇ ਗੱਡ ਦੇਵੀਂ।” ਬਾਪੂ ਨੇ ਤਾਂ ਇਸ ਤਰ੍ਹਾਂ ਨਹੀਂ ਸੀ ਕਿਹਾ ਪਰ ਬਾਪੂ ਨੂੰ ਐਨੇ ਸਾਲ ਨੇੜਿਉਂ ਕੰਮ ਕਰਦੇ ਵਾਚਦਿਆਂ ਰਮਣੀਕ ਦੇ ਅਚੇਤ ਵਿਚ ਕਿਤੇ ਥੱਲੇ ਪਿਆ ਇਹ ਖਿਆਲ ਉੱਪਰ ਆ ਗਿਆ ਸੀ। ਉਸ ਨੇ ਘਰ ਜਾ ਕੇ ਪੜਛੱਤੀ ਵਿਚੋਂ ਉਹ ਡੰਡੇ ਕੱਢੇ ਅਤੇ ਟਮਾਟਰਾਂ ਦੇ ਬੂਟਿਆਂ ਦੇ ਨਾਲ ਗੱਡ ਦਿੱਤੇ। ਉਸ ਨੂੰ ਲਗਦਾ ਸੀ ਕਿ ਜਦੋਂ ਠੀਕ ਹੋ ਕੇ ਬਾਪੂ ਘਰ ਆਵੇਗਾ ਤਾਂ ਉਸ ਨੂੰ ਆਪਣੀ ਹਰੀ-ਭਰੀ ਬਗੀਚੀ ਦੇਖ ਕੇ ਖੁਸ਼ੀ ਹੋਵੇਗੀ। ਉਸ ਸਾਲ ਰਮਣੀਕ ਨੇ ਬਾਪੂ ਦੀ ਬੀਜੀ ਬਗੀਚੀ ਸੰਭਾਲ ਲਈ ਸੀ ਪਰ ਅਗਲੇ ਸਾਲ ਨਵੇਂ ਸਿਰਿਉਂ ਬੀਜਣ ਦੀ ਉਸ ਨੂੰ ਜਾਚ ਵੀ ਨਹੀਂ ਸੀ ਤੇ ਯੂਨੀਵਰਸਿਟੀ ਦੀ ਪੜ੍ਹਾਈ ਹੋਣ ਕਰਕੇ ਸਮਾਂ ਵੀ ਨਹੀਂ ਸੀ ਤੇ ਵੱਡੀ ਗੱਲ ਬਾਪੂ ਦੇ ਠੀਕ ਹੋਣ ਦੀ ਆਸ ਵੀ ਜਾਂਦੀ ਲੱਗੀ ਸੀ ਪਰ ਉਹ ਯੂਨੀਵਰਸਿਟੀ ਤੋਂ ਘਰ ਮੁੜਦੀ ਕੇਅਰ ਹੋਮ ਜ਼ਰੂਰ ਜਾਂਦੀ। ਜੇ ਬਾਪੂ ਹਸਪਤਾਲ ਹੁੰਦਾ ਤਾਂ ਉੱਥੇ ਜਾਂਦੀ। ਉਸਦੇ ਡੈਡੀ ਨਹੀਂ ਸੀ ਜਾਂਦੇ। ਉਹ ਕਹਿੰਦੇ, “ਬਾਪੂ ਨੂੰ ਕੋਈ ਸੁਰਤ ਤਾਂ ਹੈਨੀ, ਫਿਰ ਕੀ ਫਾਇਦਾ ਜਾਣ ਦਾ ਸਗੋਂ ਉਸ ਨੂੰ ਇਉਂ ਪਿਆ ਦੇਖਕੇ ਮਨ ਦੁਖੀ ਹੁੰਦਾ ਹੈ।” ਉਸਦੀਆਂ ਦੋਹੇਂ ਭੂਆ ਨੇ ਵੀ ਹੌਲੀ ਹੌਲੀ ਕੇਅਰ ਹੋਮ ਜਾਣਾ ਘਟਾ ਦਿੱਤਾ ਸੀ।
ਨਰਸ ਮੱਲ੍ਹਮ ਲਾ ਕੇ ਵਾਪਸ ਚਲੀ ਗਈ ਸੀ। ਜਦੋਂ ਪਹਿਲੀ ਵਾਰ ਬਾਪੂ ਦੇ ਪਿੰਡੇ ‘ਤੇ ਇਸ ਤਰ੍ਹਾਂ ਧੱਫੜ ਬਣੇ ਸਨ, ਉਦੋਂ ਰਮਣੀਕ ਨੇ ਸੋਚਿਆ ਸੀ ਕਿ ਉਸਦੇ ਪਿੰਡੇ ‘ਤੇ ਖੁਰਕ ਤਾਂ ਲੜਦੀ ਹੋਵੇਗੀ। ਫਿਰ ਕਿਉਂ ਨਹੀਂ ਉਹ ਖੁਰਕ ਕਰਦਾ ਜਾਂ ਕਿਉਂ ਉਸ ਨੂੰ ਬੇਚੈਨੀ ਨਹੀਂ ਸੀ ਹੁੰਦੀ ਖੁਰਕ ਮਹਿਸੂਸ ਕਰਕੇ। ਫਿਰ ਉਸਦੇ ਦਿਮਾਗ ‘ਚ ਆਈ ਕਿ ਹੋ ਸਕਦਾ ਕਿ ਉਸ ਨੂੰ ਖੁਰਕ ਮਹਿਸੂਸ ਹੀ ਨਾ ਹੁੰਦੀ ਹੋਵੇ। ਇਹ ਸੋਚ ਕੇ, ਉਦੋਂ ਰਮਣੀਕ ਦੇ ਮਨ ਵਿਚ ਆਇਆ ਸੀ ਕਿ ਫਿਰ ਕਿਉਂ ਅਸੀਂ ਬਾਪੂ ਨੂੰ ਲਟਕਾਇਆ ਹੋਇਆ ਹੈ, ਕਿਉਂ ਨਹੀਂ ਉਸ ਨੂੰ ਜਾਣ ਦਿੰਦੇ। ਉਸਦੇ ਦਿਮਾਗ ਵਿਚ ਆਇਆ ਸੀ ਕਿ ਉਹ ਆਪਣੇ ਡੈਡੀ ਨਾਲ ਸਲਾਹ ਕਰਕੇ ਬਾਪੂ ਨੂੰ ਲਾਈਫ ਸਪੋਰਟ ਤੋਂ ਲੁਹਾ ਕੇ ਮੁਕਤੀ ਦਿਵਾ ਦੇਵੇਗੀ। ਫਿਰ ਉਸ ਅੱਗੇ ਬੇਸੁਰਤ ਪਏ ਬਾਪੂ ਦੇ ਸਿਰਾਹਣੇ ਬੈਠ ਵਿਰਲਾਪ ਕਰਦੇ ਆਪਣੇ ਡੈਡੀ ਦਾ ਚਿਹਰਾ ਆ ਗਿਆ ਸੀ। ਡੈਡੀ ਦੇ ਹਿਰਦੇਵੇਧਕ ਬੋਲ ਰਮਣੀਕ ਨੂੰ ਉਵੇਂ ਹੀ ਯਾਦ ਸਨ। “ਬਾਪੂ ਯਾਰ ਇਸ ਤਰ੍ਹਾਂ ਨਾ ਰੁੱਸ। ਬੋਲ ਕੁਝ। ਕੁਝ ਤਾਂ ਬੋਲ। ਬੋਲ ਬਾਪੂ”, ਆਖਦੇ ਉਸਦੇ ਡੈਡੀ ਦੀਆਂ ਧਾਹਾਂ ਨਿਕਲ ਗਈਆਂ ਸਨ। ਉਹ ਸੀਨ ਯਾਦ ਕਰ ਕੇ ਰਮਣੀਕ ਦੀਆਂ ਅੱਖਾਂ ਤਰ ਹੋਣ ਲੱਗੀਆਂ। ਫਿਰ ਰਮਣੀਕ ਦੇ ਚੇਤਿਆਂ ਵਿਚ ਉਸਦੇ ਡੈਡੀ ਦਾ ਹਰ ਰੋਜ਼ ਕੰਮ ਤੋਂ ਵਾਪਸ ਮੁੜਕੇ ਬਾਪੂ ਕੋਲ ਬੈਠਣਾ ਆ ਗਿਆ ਸੀ, ਜਦੋਂ ਉਹ ਬੈਠੇ ਕਿੰਨੀ ਕਿੰਨੀ ਦੇਰ ਗੱਲਾਂ ਕਰਦੇ ਰਹਿੰਦੇ। ਇਹ ਸਭ ਯਾਦ ਕਰਕੇ ਰਮਣੀਕ ਨੇ ਬਾਪੂ ਨੂੰ ਲਾਈਫ ਸਪੋਰਟ ਤੋਂ ਲਹਾਉਣ ਲਈ ਡੈਡੀ ਨਾਲ ਕੋਈ ਗੱਲ ਕਰਨ ਦਾ ਇਰਾਦਾ ਤਿਆਗ ਦਿੱਤਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਡੈਡੀ ਨੂੰ ਹਾਲੇ ਵੀ ਆਸ ਹੋਵੇ ਬਾਪੂ ਦੇ ਸੁਰਤੀ ਫੜਨ ਦੀ। ‘ਲਾਈਫ ਸਪੋਰਟ ਤੋਂ ਲਾਹੁਣ ਦੀ ਗੱਲ ਸੁਣ ਕੇ ਡੈਡੀ ਦੀਆਂ ਫੀਲਿੰਗਜ਼ ਹਰਟ ਹੋਣਗੀਆਂ`, ਉਸ ਨੇ ਸੋਚਿਆ ਸੀ। ਤੇ ਫਿਰ ਉਸਦਾ ਅੰਦਰ ਲੁਟੇਰੇ ਪ੍ਰਤੀ ਰੰਜ ਨਾਲ ਭਰ ਗਿਆ ਸੀ ਜਿਸਨੇ ਤੁਰੇ ਫਿਰਦੇ ਬਾਪੂ ਨੂੰ ਇਸ ਹਾਲਤ ਵਿਚ ਪਹੁੰਚਾ ਦਿੱਤਾ ਸੀ। ਕਿੰਨੇ ਹੀ ਵਾਰ ਰਮਣੀਕ ਅੰਦਰ ਉਸ ਅਣਦੇਖੇ ਬੰਦੇ ਪ੍ਰਤੀ ਗੁੱਸਾ ਉੱਠਿਆ ਸੀ।
ਪਰ ਅੱਜ ਰਮਣੀਕ ਉਸ ਅਣਦੇਖੇ ਬੰਦੇ ਪ੍ਰਤੀ ਗੁੱਸੇ ਨਾਲ ਨਹੀਂ ਸੀ ਭਰੀ। ਅੱਜ ਤਾਂ ਉਸਦੇ ਅੰਦਰ ਬਾਪੂ ਨਾਲ ਗੁਜ਼ਾਰੇ ਵਕਤ ਦੀ ਰੀਲ ਚੱਲੀ ਸੀ। ਰਾਤ ਤੋਂ ਹੀ ਕਦੇ ਕੋਈ ਘਟਨਾ ਉਸਦੇ ਚੇਤੇ ਵਿਚ ਆ ਜਾਂਦੀ ਕਦੇ ਕੋਈ। ਸਵੇਰੇ ਜਾਗਣ ਸਾਰ ਹੀ ਬਾਪੂ ਦਾ ਚਿਹਰਾ ਉਸਦੀਆਂ ਯਾਦਾਂ ਵਿਚ ਜਾਗ ਪਿਆ। ਉਹ ਉਵੇਂ ਹੀ ਬਿਸਤਰੇ ਵਿਚ ਪਈ ਰਹੀ। ਯੂਨੀਵਰਸਿਟੀ ਵਿਚ ਉਸਦੀ ਅੱਜ ਸਵੇਰ ਦੀ ਕਲਾਸ ਸੀ। ਉਸ ਨੇ ਕਲਾਸ ਲੈਣ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ ਵਾਲੇ ਕੈਂਪਸ ‘ਚ ਜਾਣਾ ਸੀ। ਉਸ ਨੂੰ ਆਪਣੇ ਡੈਡੀ ਦੇ ਕਮਰੇ ਵਿਚਲੇ ਗੁਸਲਖਾਨੇ ਵਿਚ ਚਲਦੇ ਪਾਣੀ ਦੀ ਆਵਾਜ਼ ਸੁਣੀ। ਇਸ ਨੂੰ ਸੁਣ ਕੇ ਹੀ ਰਮਣੀਕ ਦੀ ਜਾਗ ਖੁਲ੍ਹਦੀ ਸੀ। ਇਸ ਖੜਕੇ ਨੂੰ ਸੁਣਨ ਸਾਰ ਹੀ ਉਸ ਨੇ ਬਿਸਤਰੇ ਵਿਚੋਂ ਨਿਕਲਣਾ ਸੀ ਤੇ ਯੂਨੀਵਰਸਿਟੀ ਲਈ ਤਿਆਰ ਹੋਣਾ ਸੀ ਪਰ ਉਸਦਾ ਉੱਠਣ ਲਈ ਜੀਅ ਹੀ ਨਾ ਕੀਤਾ। ਉਸ ਨੂੰ ਪਤਾ ਸੀ ਕਿ ਉਸਦੀ ਮੰਮੀ ਮੇਪਲਰਿੱਜ ਵਾਲਾ ਗੈਸ ਸਟੇਸ਼ਨ ਖੋਲ੍ਹਣ ਲਈ ਸਵੇਰੇ ਪੰਜ ਵਜੇ ਹੀ ਘਰੋਂ ਜਾ ਚੁੱਕੀ ਹੋਵੇਗੀ। ਦਸ ਕੁ ਵਜੇ ਜਦੋਂ ਉਹ ਵਾਪਸ ਮੁੜਦੀ, ਰਮਣੀਕ ਯੂਨੀਵਰਸਿਟੀ ਲਈ ਜਾ ਚੁੱਕੀ ਹੁੰਦੀ। ਜਦੋਂ ਤਕ ਰਮਣੀਕ ਨੇ ਯੂਨੀਵਰਸਿਟੀ ਤੇ ਹਸਪਤਾਲ ਤੋਂ ਵਾਪਸ ਮੁੜਨਾ ਸੀ, ਉਦੋਂ ਉਸਦੀ ਮੰਮੀ ਪਿਛਲੇ ਸਾਲ ਖੋਲ੍ਹੇ ਸ਼ਰਾਬ ਦੇ ਠੇਕੇ ‘ਤੇ ਹੁੰਦੀ। ਉਸਦੇ ਡੈਡੀ ਨੇ ਫਲੀਟਵੁੱਡ ਵਾਲੇ ਗੈਸ ਸਟੇਸ਼ਨ ‘ਤੇ ਜਾਣ ਲਈ ਤਕਰੀਬਨ ਉਦੋਂ ਹੀ ਘਰੋਂ ਨਿਕਲਣਾ ਸੀ, ਜਦੋਂ ਰਮਣੀਕ ਯੂਨੀਵਰਸਿਟੀ ਲਈ ਜਾਂਦੀ। ਉਸਦੇ ਮੰਮੀ-ਡੈਡੀ ਤਾਂ ਸਾਰਾ ਦਿਨ ਕੰਮਾਂ ਵਿਚ ਹੀ ਰੁੱਝੇ ਰਹਿੰਦੇ। ਹਾਲੇ ਉਹ ਇਕ ਹੋਰ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਤਿਆਰੀ ਕਰ ਰਹੇ ਸਨ। ਪਰਿਵਾਰ ਵਿਚ ਬਾਪੂ ਹੀ ਸੀ ਜਿਸ ਨਾਲ ਰਮਣੀਕ ਸਭ ਤੋਂ ਵੱਧ ਸਮਾਂ ਬਿਤਾਉਂਦੀ। ਇਸੇ ਤਰ੍ਹਾਂ ਹੀ ਚਲਦਾ ਆ ਰਿਹਾ ਸੀ। ਪਹਿਲਾਂ ਜਦੋਂ ਬਾਪੂ ਤੰਦਰੁਸਤ ਸੀ ਅਤੇ ਰਮਣੀਕ ਹਾਲੇ ਸਕੂਲ ਜਾਂਦੀ ਸੀ, ਉਦੋਂ ਉਹ ਆਖਦੀ, “ਬਾਪੂ, ਮੰਮੀ-ਡੈਡੀ ਬਿਜ਼ਨਸ ਵਿਚ ਬਿਜ਼ੀ ਰਹਿੰਦੇ ਆ, ਜਦੋਂ ਮੈਂ ਕਾਰ ਲੈ ਲਈ, ਤੈਨੂੰ ਮੈਂ ਲੈ ਕੇ ਜਾਇਆ ਕਰਾਂਗੀ।” ਤੇ ਜਦੋਂ ਰਮਣੀਕ ਨੇ ਕਾਰ ਲਈ, ਬਾਪੂ ਇਸ ਹਾਲਤ ਵਿਚ ਪਹੁੰਚ ਗਿਆ ਸੀ। ਬਾਪੂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਦੀ ਰਮਣੀਕ ਨੇ ਗੈਰਾਜ ਦੇ ਖੁੱਲ੍ਹਣ ਦੀ ਆਵਾਜ਼ ਸੁਣੀ। ਉਸਦੇ ਡੈਡੀ ਘਰੋਂ ਚਲੇ ਗਏ ਸਨ। ਉਹ ਬਿਸਤਰੇ ਵਿਚੋਂ ਨਿਕਲੀ ਅਤੇ ਬਾਪੂ ਦੇ ਕਮਰੇ ਵਿਚ ਚਲੀ ਗਈ। ਬੰਨ੍ਹ ਕੇ ਰੱਖੀਆਂ ਬਾਪੂ ਦੀਆਂ ਪੱਗਾਂ ਡ੍ਰੈਸਰ ‘ਤੇ ਉਵੇਂ ਹੀ ਚਿਣੀਆਂ ਪਈਆਂ ਸਨ, ਜਿਵੇਂ ਬਾਪੂ ਰੱਖ ਗਿਆ ਸੀ। ਉਹ ਧੋਤੀ ਹੋਈ ਪੱਗ ਬੰਨ੍ਹ ਕੇ ਢਾਹੁੰਦਾ ਨਹੀਂ ਸੀ, ਸਿਰ ਤੋਂ ਲਾਹ ਕੇ ਉਵੇਂ ਹੀ ਰੱਖ ਦਿੰਦਾ। ਬਾਹਰ ਜਾਣ ਲੱਗਾ ਉਵੇਂ ਹੀ ਬੰਨ੍ਹੀ ਬੰਨ੍ਹਾਈ ਸਿਰ ‘ਤੇ ਰੱਖ ਲੈਂਦਾ। ਰਮਣੀਕ ਪੱਗਾਂ ਵੱਲ ਦੇਖਦੀ ਰਹੀ। ਫਿਰ ਉਹ ਬਾਪੂ ਦੇ ਬੈੱਡ ‘ਤੇ ਬੈਠ ਗਈ। ਉਸ ਨੂੰ ਲੱਗਾ ਜਿਵੇਂ ਬਾਪੂ ਦੀ ਆਵਾਜ਼ ਆਵੇਗੀ, “ਰਮਣੀਕ ਸ਼ੇਰਾ, ਸਕੂਲੋਂ ਲੇਟ ਹੋ ਜਾਵੇਂਗੀ। ਆ ਜਾ ਹੁਣ।” ਉਦੋਂ ਰਮਣੀਕ ਨੂੰ ਬਾਪੂ ਦਾ ਇਸ ਤਰ੍ਹਾਂ ਸਵੇਰੇ-ਸਵੇਰੇ ਸਕੂਲ ਲਈ ਕਾਹਲ਼ੀ ਮਚਾਉਣਾ ਬੁਰਾ ਲਗਦਾ ਹੁੰਦਾ। ਅੱਜ ਉਹ ਉਸ ਆਵਾਜ਼ ਲਈ ਤਰਸ ਰਹੀ ਸੀ। ਰਮਣੀਕ ਨੂੰ ਬਿਸਤਰੇ ਵਿਚੋਂ ਬਾਪੂ ਵਰਗੀ ਗੰਧ ਮਹਿਸੂਸ ਹੋਈ। ਭਾਵੇਂ ਇਸ ਬਿਸਤਰੇ ਵਿਚ ਬਾਪੂ ਦੇ ਕੌਮਾ ਵਿਚ ਜਾਣ ਤੋਂ ਬਾਅਦ ਪਹਿਲਾਂ ਵੱਡੇ ਭੂਆ ਫੁੱਫੜ ਇੰਡੀਆ ਤੋਂ ਆ ਕੇ ਸੌਂਦੇ ਰਹੇ ਸਨ ਤੇ ਫਿਰ ਛੋਟੇ।
ਰਮਣੀਕ ਨੇ ਬਾਪੂ ਦਾ ਇੰਡੀਆ ਤੋਂ ਪਤਾ ਲੈਣ ਆਈ ਵੱਡੀ ਭੂਆ ਨੂੰ ਕਿਹਾ ਸੀ, “ਭੂਜੀ, ਪਲੀਜ਼ ਬਾਪੂ ਦੀਆਂ ਪੱਗਾਂ ਤੇ ਬਾਪੂ ਦੇ ਹੋਰ ਸਟੱਫ ਨੂੰ ਮੂਵ ਨਾ ਕਰਿਓ। ਜਿੱਥੇ ਪਿਆ, ਉੱਥੇ ਈ ਪਿਆ ਰਹਿਣ ਦਿਓ।”
“ਲੈ ਤੇਰਾ ਕੁਛ ਜ਼ਿਆਦਾ ਬਾਪੂ ਐ, ਮੇਰਾ ਨੀ ਕੁਛ ਲਗਦਾ ਉਹ?” ਉਸਦੀ ਭੂਆ ਨੇ ਕਿਹਾ ਸੀ ਤੇ ਫਿਰ ਉਹ ਰਮਣੀਕ ਨੂੰ ਬੁੱਕਲ਼ ਵਿਚ ਲੈ ਕੇ ਬੋਲੀ ਸੀ, “ਮੇਰਾ ਪਿਉ ਐ।” ਤੇ ਉਨ੍ਹਾਂ ਨੇ ਬਾਪੂ ਦੀਆਂ ਪੱਗਾਂ ਨੂੰ ਉਵੇਂ ਹੀ ਪਏ ਰਹਿਣ ਦਿੱਤਾ ਸੀ। ਉਨ੍ਹਾਂ ਨੇ ਰਮਣੀਕ ਦੇ ਆਖੇ ਲੱਗ ਕੇ ਬਾਪੂ ਦੀ ਕੱਪੜਿਆਂ ਵਾਲੀ ਅਲਮਾਰੀ ਵਿਚ ਟੰਗੇ ਕੱਪੜਿਆਂ ਨੂੰ ਵੀ ਨਹੀਂ ਸੀ ਛੇੜਿਆ। ਉਹ ਦੂਜੀ ਅਲਮਾਰੀ ਵਰਤਦੇ ਰਹੇ ਸਨ। ਛੇ ਮਹੀਨਿਆਂ ਬਾਅਦ ਛੋਟੀ ਭੂਆ-ਫੁੱਫੜ ਦੇ ਇੰਡੀਆ ਤੋਂ ਆਉਣ ਪਿੱਛੋਂ ਵੱਡੀ ਭੂਆ-ਫੁੱਫੜ ਆਪਣੀ ਬੇਸਮੈਂਟ ਲੈ ਕੇ ਰਹਿਣ ਲੱਗੇ ਸਨ ਤੇ ਛੋਟੇ ਭੂਆ ਫੁੱਫੜ ਇਸ ਕਮਰੇ ਵਿਚ ਰਹਿਣ ਲੱਗੇ ਸਨ। ਉਨ੍ਹਾਂ ਨੇ ਵੀ ਇਸ ਕਮਰੇ ਵਿਚ ਪਈਆਂ ਬਾਪੂ ਦੀਆਂ ਚੀਜ਼ਾਂ ਨਾਲ ਛੇੜ ਛਾੜ ਨਹੀਂ ਸੀ ਕੀਤੀ। ਮਹੀਨਾ ਕੁ ਪਹਿਲਾਂ ਉਹ ਵੀ ਫਲੀਟਵੁੱਡ ਵਾਲੇ ਗੈਸ ਸਟੇਸ਼ਨ ਦੇ ਉੱਪਰ ਬਣੇ ਅਪਾਰਟਮੈਂਟ ਵਿਚ ਰਹਿਣ ਲੱਗੇ ਸਨ। ਬਾਪੂ ਤੋਂ ਬਾਅਦ ਐਨੇ ਜਣਿਆਂ ਦੇ ਇਸ ਬੈੱਡ ਵਿਚ ਪੈਣ ਤੋਂ ਬਾਅਦ ਵੀ ਰਮਣੀਕ ਨੂੰ ਉਸ ਵਿਚੋਂ ਬਾਪੂ ਦੀ ਗੰਧ ਮਹਿਸੂਸ ਹੋ ਰਹੀ ਸੀ। ਬੈੱਡ ਦੇ ਨਾਲ ਵਾਲੇ ਮੇਜ਼ ‘ਤੇ ਬਾਪੂ ਦੀ ਫੋਟੋ ਪਈ ਸੀ ਜਿਸ ਵਿਚ ਉਹ ਬਾਪੂ ਦੀ ਉਂਗਲ ਫੜੀ ਖੜ੍ਹੀ ਸੀ। ਇਹ ਉਦੋਂ ਦੀ ਹੀ ਫੋਟੋ ਸੀ, ਜਦੋਂ ਬਾਪੂ ਵੈਨਕੂਵਰ ਆਇਆ ਸੀ। ‘ਬਾਰਾਂ-ਤੇਰਾਂ ਸਾਲ ਦਾ ਸਾਥ ਸੀ ਬਾਪੂ ਨਾਲ`, ਰਮਣੀਕ ਨੇ ਫੋਟੋ ਵੱਲ ਦੇਖਦਿਆਂ ਸੋਚਿਆ। ‘ਬਾਪੂ, ਮੇਰੇ ਕਰਕੇ ਹੀ ਇੱਥੇ ਆਇਆ ਸੀ`, ਉਸਦੇ ਦਿਮਾਗ ਵਿਚ ਫਿਰ ਆਇਆ।
ਬਾਪੂ ਨੇ ਇਵੇਂ ਹੀ ਕਿਹਾ ਸੀ ਰਮਣੀਕ ਨੂੰ, “ਸ਼ੇਰਾ, ਮੈਂ ਤਾਂ ਤੇਰੇ ਕਰਕੇ ਮੁੜ ਕੇ ਆਇਐਂ ਇੱਥੇ। ਪਹਿਲਾਂ ਤਾਂ ਮੈਂ ਆ ਕੇ ਵਾਪਸ ਮੁੜ ਗਿਆ ਸੀ। ਮੇਰਾ ਜੀਅ ਨੀ ਸੀ ਲੱਗਾ ਇੱਥੇ।” ਤੇ ਫਿਰ ਉਹ ਬੋਲਿਆ ਸੀ, “ਸ਼ੇਰਾ, ਤੈਨੂੰ ਡਰ ਨੀ ਲੱਗਾ ਓਨ੍ਹਾਂ ਕੋਲੋਂ?”
“ਡਰ ਤਾਂ ਲਗਦਾ ਸੀ।” ਰਮਣੀਕ ਬੋਲੀ ਸੀ।
“ਉਹ ਲੁਟੇਰੇ ਚੰਗੇ ਸੀ, ਜੇ ਖੂੰਖਾਰ ਕਿਸਮ ਦੇ ਹੁੰਦੇ ਤਾਂ ਪਤਾ ਨੀ ਕੀ ਬਣਨਾ ਸੀ। ਇਸੇ ਡਰ ਕਰਕੇ ਮੈਂ ਆ ਗਿਆ।” ਬਾਪੂ ਬੋਲਿਆ ਸੀ। ਉਸ ਘਟਨਾ ਤੋਂ ਬਾਅਦ ਹੀ ਉਹ ਰਮਣੀਕ ਨੂੰ ‘ਸ਼ੇਰ` ਕਹਿਣ ਲੱਗਾ ਸੀ।
ਰਮਣੀਕ ਆਪਣੇ ਕਮਰੇ ਵਿਚ ਸੀ, ਜਦੋਂ ਦੋ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਘਰ ਵਿਚ ਘੁਸ ਗਏ ਸਨ। ਉਦੋਂ ਉਹ ਤੀਜੀ ਵਿਚ ਪੜ੍ਹਦੀ ਸੀ। ਕੁਝ ਮਿੰਟ ਪਹਿਲਾਂ ਹੀ ਉਸਦੀ ਮੰਮੀ ਉਸ ਨੂੰ ਸਕੂਲੋਂ ਲੈ ਕੇ ਆਈ ਸੀ। ਰਮਣੀਕ ਆਪਣੇ ਕਮਰੇ ਵਿਚ ਸਕੂਲ ਵਾਲੇ ਕੱਪੜੇ ਬਦਲ ਰਹੀ ਸੀ, ਜਦੋਂ ਉਸ ਨੇ ਆਪਣੀ ਮੰਮੀ ਦੀ ਚੀਕ ਸੁਣੀ ਸੀ। ਉਹ ਭੱਜ ਕੇ ਆਪਣੇ ਕਮਰੇ ਤੋਂ ਬਾਹਰ ਜਾਣ ਲੱਗੀ ਤੇ ਥਾੲਂੇ ਰੁਕ ਗਈ, ਜਦੋਂ ਉਸ ਨੇ ਦੇਖਿਆ ਕਿ ਦੋ ਨਕਾਬਪੋਸ਼ ਉਸਦੀ ਮੰਮੀ ਨੂੰ ਕੁਰਸੀ ਨਾਲ ਬੰਨ੍ਹ ਰਹੇ ਸਨ। ਤੇ ਫਿਰ ਇਕ ਬੋਲਿਆ, “ਦੱਸ ਕੈਸ਼ ਕਿੱਥੇ ਰੱਖਿਆ?”
“ਅਸੀਂ ਕੈਸ਼ ਘਰ ਨਹੀਂ ਲੈ ਕੇ ਆਉਂਦੇ, ਗੈਸ ਸਟੇਸ਼ਨ ਤੋਂ ਸਿੱਧਾ ਬੈਂਕ ਜਮ੍ਹਾਂ ਕਰਾ ਆਉਨੇ ਆਂ।” ਰਮਣੀਕ ਨੂੰ ਆਪਣੀ ਮੰਮੀ ਦੀ ਇਹ ਆਵਾਜ਼ ਸੁਣੀ। ਫਿਰ ਲੁਟੇਰੇ ਦੀ। ਉਹ ਬੋਲਿਆ, “ਜੇ ਜਾਨ ਪਿਆਰੀ ਹੈ ਤਾਂ ਛੇਤੀ ਦੱਸ। ਨਹੀਂ ਤਾਂ—।” ਤੇ ਰਮਣੀਕ ਨੇ ਆਪਣੇ ਪਿੱਗੀਬੈਂਕ ਨੂੰ ਚੁੱਕਿਆ ਅਤੇ ਸਹਿਮੀ ਸਹਿਮੀ ਲੁਟੇਰਿਆਂ ਕੋਲ਼ ਜਾ ਕੇ ਬੋਲੀ, “ਆਹ ਹੀ ਹੈ ਮੇਰੇ ਕੋਲ। ਸਾਰੇ ਲੈ ਲਵੋ ਪਰ ਮੇਰੀ ਮੰਮੀ ਨੂੰ ਕੁਝ ਨਾ ਕਹੋ। ਪਲੀਜ਼।”
ਲੁਟੇਰਿਆਂ ਨੇ ਇਕ-ਦੂਜੇ ਵੱਲ ਦੇਖਿਆ ਤੇ ਬਿਨਾਂ ਕੁਝ ਲਿਆਂ ਘਰੋਂ ਨਿਕਲ ਗਏ। ਉਨ੍ਹਾਂ ਨੂੰ ਤਾਂ ਰਮਣੀਕ ਕਦੋਂ ਦੀ ਭੁੱਲ ਭਲਾ ਗਈ ਸੀ। ਉਸਦੇ ਦਿਮਾਗ ਵਿਚ ਤਾਂ ਬਾਪੂ ਨੂੰ ਇਸ ਹਾਲਤ ਵਿਚ ਪਹੁੰਚਾਉਣ ਵਾਲਾ ਲੁਟੇਰਾ ਆ ਕੇ ਖਲਬਲੀ ਮਚਾਉਂਦਾ ਸੀ।
ਫੋਟੋ ਵੱਲ ਦੇਖਦੀ ਦੇਖਦੀ ਰਮਣੀਕ ਦੇ ਦਿਮਾਗ਼ ਵਿਚ ਉਹ ਫਿਰ ਆ ਗਿਆ ਸੀ। ਉਸ ਨੇ ਸੋਚਿਆ ਕਿ ਜੇ ਲੁਟੇਰਾ ਬਾਪੂ ਦਾ ਸੋਨੇ ਦਾ ਕੜਾ ਖੋਹਣਾ ਚਾਹੁੰਦਾ ਸੀ ਤਾਂ ਖੋਹ ਲੈਂਦਾ। ਇਸ ਤਰ੍ਹਾਂ ਮਾਰਨਾ ਕਿਉਂ ਸੀ। ਫਿਰ ਉਹੀ ਗੱਲ ਉਸਦੇ ਦਿਮਾਗ ਵਿਚ ਆਈ ਜਿਹੜੀ ਪਹਿਲਾਂ ਵੀ ਕਈ ਵਾਰ ਉਸਦੇ ਦਿਮਾਗ ਵਿਚ ਆਈ ਸੀ ਕਿ ਬਾਪੂ ਚੁੱਪ ਕਰ ਕੇ ਕੜਾ ਫੜਾ ਦਿੰਦਾ ਉਸ ਨੂੰ। ਕਿਉਂ ਉਲਝਿਆ ਉਸ ਨਾਲ।
ਸੈਰ ਕਰਨ ਗਏ ਬਾਪੂ ਵੱਲ ਇਕ ਲੁਟੇਰਾ ਝਪਟਿਆ ਸੀ। ਬਾਪੂ ਨੇ ਆਪਣੀ ਛਤਰੀ ਨਾਲ ਉਸ ‘ਤੇ ਵਾਰ ਕਰ ਦਿੱਤਾ ਸੀ ਪਰ ਲੁਟੇਰੇ ਦੇ ਹੱਥ ਵਿਚ ਫੜੀ ਚੇਨ ਦਾ ਛਤਰੀ ਮੁਕਾਬਲਾ ਨਹੀਂ ਸੀ ਕਰ ਸਕੀ। ਬਾਪੂ ਸੜਕ ‘ਤੇ ਡਿੱਗ ਪਿਆ ਸੀ। ਉਸਦੀ ਪੱਗ ਪਰ੍ਹਾਂ ਜਾ ਡਿੱਗੀ ਸੀ। ਕਿਸੇ ਰਾਹ ਜਾਂਦੇ ਦੀ ਲਲਕਾਰ ਸੁਣ ਕੇ ਲੁਟੇਰਾ ਭੱਜ ਗਿਆ ਸੀ ਪਰ ਉਹ ਜਾਂਦਾ ਜਾਂਦਾ ਬਾਪੂ ਦੇ ਸਿਰ ‘ਤੇ ਚੇਨ ਨਾਲ ਵਾਰ ਕਰ ਗਿਆ ਸੀ।
ਰਮਣੀਕ ਕੁਝ ਦੇਰ ਉਸੇ ਤਰ੍ਹਾਂ ਹੀ ਬਾਪੂ ਦੀਆਂ ਯਾਦਾਂ ਵਿਚ ਗਵਾਚੀ ਉਸਦੇ ਕਮਰੇ ਵਿਚ ਬੈਠੀ ਰਹੀ। ਫਿਰ ਮਨ ਹੀ ਮਨ ਕੀਤੇ ਫੈਸਲੇ ਬਾਰੇ ਸੋਚਿਆ। ਉਸਦਾ ਬਾਪੂ ਨੂੰ ਮਿਲਣ ਲਈ ਮਨ ਉਤਾਵਲਾ ਹੋਣ ਲੱਗਾ। ਉਹ ਉੱਠ ਕੇ ਹਸਪਤਾਲ ਵੱਲ ਚੱਲ ਪਈ।
ਬਾਪੂ ਦੇ ਸਾਹਮਣੇ ਬੈਠੀ ਰਮਣੀਕ ਕੁਝ ਦੇਰ ਟਿਕਟਿਕੀ ਲਾ ਕੇ ਉਸ ਵੱਲ ਦੇਖਦੀ ਰਹੀ। ਬਾਪੂ ਨੂੰ ਲਾਈਫ ਸਪੋਰਟ ਤੋਂ ਲਹਾਉਣ ਦੇ ਆਪਣੇ ਫੈਸਲੇ ਬਾਰੇ ਸੋਚਕੇ ਉਸਦੇ ਮਨ ਨੂੰ ਹੌਲ ਪਿਆ। ਉਸ ਨੇ ਉੱਠ ਕੇ ਬਾਪੂ ਨੂੰ ਜੱਫੀ ਪਾ ਲਈ। ਮੁੜ ਕੁਰਸੀ ‘ਤੇ ਬੈਠ ਕੇ ਉਸ ਨੇ ਨਜ਼ਰ ਭਰ ਕੇ ਬਾਪੂ ਵੱਲ ਦੇਖਿਆ। ਉਸਦੇ ਮਨ ਵਿਚ ਰਾਤ ਵਾਲੀ ਗੱਲ ਆ ਗਈ। ਉਹ ਗੱਲ ਚੇਤੇ ਕਰਕੇ ਰਮਣੀਕ ਦੀਆਂ ਅੱਖਾਂ ਫਿਰ ਤਰ ਹੋ ਗਈਆਂ।
ਸਿਰ ਵਿਚ ਦਰਦ ਹੋਣ ਕਰਕੇ ਜਲਦੀ ਹੀ ਆਪਣੇ ਕਮਰੇ ਦੀ ਬੱਤੀ ਬੰਦ ਕਰਕੇ ਰਮਣੀਕ ਸੌਣ ਦੀ ਕੋਸ਼ਿਸ਼ ਕਰਨ ਲੱਗੀ ਸੀ ਪਰ ਨੀਂਦ ਨਹੀਂ ਸੀ ਆਈ। ਉਸਦੇ ਮੰਮੀ-ਡੈਡੀ ਨੇ ਸ਼ਾਇਦ ਉਸ ਨੂੰ ਸੁੱਤੀ ਸਮਝ ਲਿਆ ਸੀ। ਉਨ੍ਹਾਂ ਦੀ ਗੱਲਬਾਤ ਰਮਣੀਕ ਦੇ ਕੰਨੀਂ ਪੈ ਗਈ। ਉਸਦੀ ਮੰਮੀ ਆਖ ਰਹੀ ਸੀ, “ਬਾਪੂ ਨੂੰ ਫਿਰ ਹਸਪਤਾਲ ਲੈ ਗਏ। ਹੁਣ ਕੁਝ ਛੇਤੀ ਹੀ ਹੋਣ ਲੱਗੀ ਐ ਇਨਫੈਕਸ਼ਨ।”
“ਹਾਂ, ਹੋਣ ਤਾਂ ਲੱਗੀ ਐ। ਛੇ ਕੁ ਮਹੀਨੇ ਹੋਰ ਕਢਵਾ ਜਾਵੇ ਬਾਪੂ ਤਾਂ ਚੰਗੈ।” ਇਹ ਰਮਣੀਕ ਦੇ ਡੈਡੀ ਦੀ ਆਵਾਜ਼ ਸੀ।
“ਪਰ ਬਾਪੂ ਦੀ ਹਾਲਤ ਦੇਖ ਕੇ ਹੁਣ ਤਾਂ ਤਰਸ ਆਉਂਦੈ। ਕਈ ਵਾਰ ਤਾਂ ਜੀਅ ਕਰਦੈ ਕਿ ਲਾਈਫ ਸਪੋਰਟ ਤੋਂ ਲੁਹਾ ਹੀ ਦੇਈਏ। ਕੀ ਫਾਇਦਾ, ਹੁਣ ਕਿਹੜਾ ਬਾਪੂ ਨੇ ਵਾਪਸ ਆਉਣੈ।”
“ਫਾਇਦੇ ਦਾ ਤੈਨੂੰ ਪਤਾ ਹੀ ਹੈ। ਇਸ ਬਹਾਨੇ ਦੋਹੇਂ ਭੈਣਾਂ ਇੱਥੇ ਬੁਲਾ ਕੇ ਸੈੱਟ ਕਰ’ਤੀਆਂ। ਆਪਣੇ ਭਾਣੇ ਤਾਂ ਬਾਪੂ ਚਲਾ ਹੀ ਗਿਐ। ਆਹ ਹੁਣ ਭੂਆ ਦੇ ਪੁੱਤ ਨੂੰ ਮੰਗਵਾ ਲਈਏ। ਆਪਣੇ ਨਵੇਂ ਲੀਕੁਰ ਸਟੋਰ ਲਈ ਵੀ ਬੰਦਾ ਚਾਹੀਦਾ ਹੋਵੇਗਾ…।”
ਇਸ ਤੋਂ ਅੱਗੇ ਰਮਣੀਕ ਨੂੰ ਕੁਝ ਨਹੀਂ ਸੁਣਿਆ। ਉਸ ਨੂੰ ਆਪਣੇ ਕੰਨਾਂ ‘ਤੇ ਵਿਸ਼ਵਾਸ ਨਾ ਹੋਇਆ। ਉਸਦੇ ਅੰਦਰ ਲਾਟ ਉੱਠੀ। ਉਸ ਨੇ ਆਪਣੇ ਉੱਪਰ ਲਏ ਕੰਬਲ ਨੂੰ ਵਗਾਹ ਮਾਰਿਆ ਅਤੇ ਆਪਣੇ ਮਾਂ-ਬਾਪ ਮੂਹਰੇ ਜਾ ਖੜ੍ਹੀ ਤੇ ਬੋਲੀ, “ਤਾਂ ਏਸੇ ਕਰਕੇ ਤੁਸੀਂ ਬਾਪੂ ਨੂੰ ਰੱਖਿਆ ਹੋਇਐ?” ਉਸ ਨੇ ਆਪਣੇ ਡੈਡੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ। ਉਹ ਅਵਾਕ ਰਮਣੀਕ ਵੱਲ ਦੇਖਦਾ ਰਿਹਾ ਜਿਵੇਂ ਸੰਨ੍ਹ ਵਿਚ ਫੜਿਆ ਗਿਆ ਹੋਵੇ। ਫਿਰ ਉਸ ਦੀਆਂ ਅੱਖਾਂ ਝੁਕ ਗਈਆਂ ਸਨ।