ਸਿਹਤਮੰਦ ਖ਼ੁਰਾਕ ਕਿਹੜੀ ਹੁੰਦੀ ਹੈ?

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
ਫੋਨ: 0175-2216783ਅੱਜ ਕੱਲ੍ਹ ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਹੈ। ਕੋਈ ਆਰਗੈਨਿਕ ਅਤੇ ਕੋਈ ਪ੍ਰੋਟੀਨ ਜਾਂ ਵਿਟਾਮਿਨ ਦਾ ਹਵਾਲਾ ਦੇ ਕੇ ਬਾਜ਼ਾਰ ਵਿਚ ਆਪਣੀਆਂ ਚੀਜ਼ਾਂ ਵੇਚਣ ਲਈ ਉਤਾਵਲਾ ਹੋਇਆ ਦਿਸਦਾ ਹੈ ਕਿਉਂਕਿ ਇਸ ਤਰੀਕੇ ਭਰਮਾ ਕੇ ਆਮ ਚੀਜ਼ਾਂ ਵੀ ਤਿੰਨ ਗੁਣਾ ਰੇਟ ਵਧਾ ਕੇ ਵੇਚੀਆਂ ਜਾ ਸਕਦੀਆਂ ਹਨ।

35 ਤੋਂ 50 ਸਾਲਾਂ ਦੀ ਉਮਰ ਵਿਚ ਖ਼ੁਰਾਕ ਦੀ ਬਹੁਤ ਮਹੱਤਤਾ ਹੁੰਦੀ ਹੈ ਕਿਉਂਕਿ ਇਸ ਉਮਰ ਵਿਚ ਖਾਧੀ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਅੱਗੋਂ ਬਿਮਾਰੀਆਂ ਤੋਂ ਬਚਾ ਕੇ ਲੰਮੀ ਉਮਰ ਦਾ ਰਾਜ਼ ਬਣ ਸਕਦੀ ਹੈ। ਰੋਜ਼ ਦੀ ਖਾਧੀ ਜਾ ਰਹੀ ਖ਼ੁਰਾਕ ਵਿਚ ਕਾਰਬੋਹਾਈਡੇ੍ਰਟ, ਥਿੰਦਾ, ਪੋ੍ਰਟੀਨ, ਪਾਣੀ, ਮਿਨਰਲ ਤੱਤ, ਵਿਟਾਮਿਨ ਆਦਿ ਦੀ ਸਹੀ ਮਾਤਰਾ ਹੋਣੀ ਜ਼ਰੂਰੀ ਹੈ।
ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਕੁਝ ਤੱਥ ਪ੍ਰੇਸ਼ਾਨ ਕਰਨ ਵਾਲੇ ਹਨ। ਪਹਿਲਾ, ਦੁਨੀਆ ਭਰ ਦੇ ਲੋਕਾਂ ਦੇ ਅੰਕੜਿਆਂ ਅਨੁਸਾਰ ਹਰ ਦਸਾਂ ਵਿਚੋਂ ਸਿਰਫ਼ ਇੱਕ ਬੰਦਾ ਸਹੀ ਮਾਤਰਾ ਵਿਚ ਲੋੜੀਂਦੇ ਫਲ ਅਤੇ ਸਬਜ਼ੀਆਂ ਖਾ ਰਿਹਾ ਹੈ। ਦੂਜਾ, ਤਾਜ਼ੇ ਫਲ ਸਬਜ਼ੀਆਂ ਵੇਚਣ ਨਾਲੋਂ ਪ੍ਰੋਸੈੱਸਡ ਖਾਣੇ ਵੱਧ ਬਾਜ਼ਾਰ ਵਿਚ ਵੇਚੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੇਚਣ ਵਿਚ ਕੰਪਨੀਆਂ ਨੂੰ ਵੱਧ ਫ਼ਾਇਦਾ ਮਿਲਦਾ ਹੈ। ਹੱਦ ਤਾਂ ਇਹ ਹੈ ਕਿ ਕਣਕ, ਛੋਲੇ, ਛੱਲੀਆਂ, ਸੋਇਆਬੀਨ ਵਗੈਰਾ ਦੇ ਏਨੇ ਵੱਖੋ-ਵੱਖ ਤਰ੍ਹਾਂ ਦੇ ਖਾਣੇ ਬਣਾ ਕੇ ਵੇਚੇ ਜਾ ਰਹੇ ਹਨ ਜਿਨ੍ਹਾਂ ਵਿਚਲਾ ਵਾਧੂ ਲੂਣ ਅਤੇ ਪ੍ਰੋਸੈੱਸਿੰਗ ਲਈ ਵਰਤਿਆ ਜਾ ਰਿਹਾ ਸਾਮਾਨ ਸਿਹਤ ਦਾ ਨਾਸ ਮਾਰਨ ਲੱਗ ਪਿਆ ਹੈ। ਇਨ੍ਹਾਂ ਦੀ ਵਰਤੋਂ ‘ਜੰਕ ਫੂਡਜ਼’ ਵਿਚ ਵੀ ਕੀਤੀ ਜਾਣ ਲੱਗ ਪਈ ਹੈ।
ਡੱਬਾ ਬੰਦ ਚੀਜ਼ਾਂ ਦੇ ਬਾਹਰ ਲੱਗੇ ਲੇਬਲ ਵੀ ਬਹੁਤ ਭਰਮਾਉਣ ਵਾਲੇ ਬਣਾ ਕੇ ਵੇਚੇ ਜਾ ਰਹੇ ਹਨ।
ਡਾ. ਨੀਲਸਨ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਬਾਜ਼ਾਰ ਵਿਚ ਖਾਣ ਲਈ ਮਿਲ ਰਹੀਆਂ ਚੀਜ਼ਾਂ ਵਿਚੋਂ 60 ਫੀਸਦੀ ਦੇ ਲੇਬਲ ਸਹੀ ਢੰਗ ਨਾਲ ਨੁਕਸਾਨਾਂ ਬਾਰੇ ਚੇਤੰਨ ਨਹੀਂ ਕਰ ਰਹੇ। ਇਨ੍ਹਾਂ ਲੇਬਲਾਂ ਉੱਤੇ ਵਧੀਆ ਕਸਰਤ ਕਰਦੇ ਸਰੀਰ ਦੀ ਦਿਖ, ‘ਕੇਵਲ ਨੈਚੁਰਲ’, ‘ਕੁਦਰਤੀ ਤੱਤਾਂ ਨਾਲ ਭਰਪੂਰ’, ‘ਨਿਰੀ ਕਣਕ’, ਪੂਰੀ ਕਣਕ (ਹੋਲ ਵ੍ਹੀਟ), ਛਾਣਬੂਰੇ ਨਾਲ ਲਬਾਲਬ, ਆਦਿ ਲਿਖ ਕੇ ਕੀਮਤ ਚਾਰ ਗੁਣਾ ਰੱਖ ਦਿੱਤੀ ਜਾਂਦੀ ਹੈ। ਕਿਤੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪ੍ਰੋਸੈੱਸਿੰਗ ਦੌਰਾਨ ਇਸ ਵਿਚਲੇ 80 ਫੀਸਦੀ ਤੱਤ ਖ਼ਤਮ ਹੋ ਚੁੱਕੇ ਹਨ।
ਇਸੇ ਲਈ ਜਦੋਂ ਵੀ ਕੋਈ ਡੱਬਾਬੰਦ ਚੀਜ਼ ਖਰੀਦਣੀ ਹੋਵੇ ਤਾਂ ਹੇਠ ਲਿਖੇ ਤੱਥਾਂ ਬਾਰੇ ਜਾਣਕਾਰੀ ਜ਼ਰੂਰੀ ਹੈ:
1. ਖੰਡ: ਬਹੁਤ ਸਾਰੇ ਡੱਬਾ ਬੰਦ ਖਾਣਿਆਂ ਵਿਚ ਉਨ੍ਹਾਂ ਨੂੰ ਲੰਮੇ ਸਮੇਂ ਤਕ ਠੀਕ ਰੱਖਣ ਲਈ ਵਾਧੂ ਖੰਡ ਪਾ ਦਿੱਤੀ ਜਾਂਦੀ ਹੈ। ਇੰਜ ਹੀ ਨਮਕੀਨ ਚੀਜ਼ਾਂ ਵਿਚ ਵੀ ਹਲਕੀ ਖੰਡ ਜ਼ਰੂਰ ਪਾਈ ਜਾਂਦੀ ਹੈ। ਰੋਜ਼ਾਨਾ ਦੀ ਖੰਡ ਦੀ ਮਾਤਰਾ ਸਿਰਫ਼ 25 ਗ੍ਰਾਮ ਯਾਨੀ ਪੰਜ ਕੁ ਚੱਮਚ ਹੀ ਬਥੇਰੇ ਹੁੰਦੇ ਹਨ। ਇਸੇ ਲਈ ਡੱਬਾ ਬੰਦ ਸਾਮਾਨ ਦੇ ਬਾਹਰ ਲਿਖੇ ਲੇਬਲ ਨੂੰ ਧਿਆਨ ਨਾਲ ਪੜ੍ਹ ਕੇ ਹੀ ਖਾਣਾ ਚਾਹੀਦਾ ਹੈ।
2. ਥਿੰਦਾ: ਸਿਰਫ਼ 50 ਗ੍ਰਾਮ ਪ੍ਰਤੀਦਿਨ ਤੋਂ ਵੱਧ ਥਿੰਦਾ ਨਹੀਂ ਖਾਣਾ ਚਾਹੀਦਾ। ਇਸੇ ਲਈ ਤਲੀਆਂ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ।
3. ਸੋਡੀਅਮ: ਔਰਤਾਂ ਨੂੰ 1500 ਮਿਲੀਗ੍ਰਾਮ ਤੋਂ ਵੱਧ ਰੋਜ਼ ਲੂਣ ਨਹੀਂ ਖਾਣਾ ਚਾਹੀਦਾ। ਯਾਨੀ ਪੌਣਾ ਚਮਚ ਲੂਣ ਤਕ ਹੀ ਸੀਮਤ ਹੋਣਾ ਚਾਹੀਦਾ ਹੈ। ਕਿਸੇ ਵੀ ਹਾਲ ਵਿਚ 3.8 ਗ੍ਰਾਮ ਤੋਂ ਵੱਧ ਲੂਣ ਨਹੀਂ ਵਰਤਣਾ ਹੁੰਦਾ। ਇਸੇ ਲਈ ਡੱਬਾ ਬੰਦ ਚੀਜ਼ਾਂ ਜੇ ਵਰਤਣੀਆਂ ਹੋਣ ਤਾਂ ਉਸ ਵਿਚ ਲੂਣ ਦੀ ਮਾਤਰਾ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। 4. ਪ੍ਰੋਟੀਨ: ਜਿਹੜੀਆਂ ਔਰਤਾਂ ਰੋਜ਼ 30 ਮਿੰਟ ਤੋਂ ਘੱਟ ਕਸਰਤ ਕਰਦੀਆਂ ਹੋਣ ਉਨ੍ਹਾਂ ਨੂੰ ਰੋਜ਼ 46 ਗ੍ਰਾਮ ਪ੍ਰੋਟੀਨ ਜ਼ਰੂਰ ਖਾਣੀ ਚਾਹੀਦੀ ਹੈ।
5. ਵਿਟਾਮਿਨ: ਕੁਦਰਤੀ ਤੌਰ ਉੱਤੇ ਭਰੇ ਵਿਟਾਮਿਨ ਤਾਂ ਅਨਮੋਲ ਕੁਦਰਤੀ ਸੁਗ਼ਾਤਾਂ ਵਿਚੋਂ ਲੱਭ ਜਾਂਦੇ ਹਨ। ਇਸੇ ਲਈ ਗੋਲੀਆਂ ਖਾਣ ਨਾਲੋਂ ਕੁਦਰਤੀ ਤੌਰ ਉੱਤੇ ਖ਼ੁਰਾਕ ਵਿਚੋਂ ਹੀ ਵਿਟਾਮਿਨ ਲੈਣੇ ਬਿਹਤਰ ਹੁੰਦੇ ਹਨ।
6. ਕੈਲਰੀਜ਼: ਔਰਤਾਂ ਨੂੰ ਮੋਟਾਪੇ ਤੋਂ ਬਚਣ ਲਈ 1500 ਕੈਲਰੀਜ਼ ਪ੍ਰਤੀ ਦਿਨ ਤਕ ਹੀ ਲੈਣੀਆਂ ਚਾਹੀਦੀਆਂ ਹਨ। ਜੇ ਸਰੀਰ ਪਤਲਾ ਹੋਵੇ ਅਤੇ ਹਿਲਜੁਲ ਵੀ ਚੰਗੀ ਹੋ ਰਹੀ ਹੋਵੇ ਤਾਂ 2000 ਕੈਲਰੀਜ਼ ਪ੍ਰਤੀ ਦਿਨ ਖਾਧੀਆਂ ਜਾ ਸਕਦੀਆਂ ਹਨ।
7. ਕੈਲਸ਼ੀਅਮ, ਲੋਹ ਕਣ ਅਤੇ ਓਮੇਗਾ ਤਿੰਨ ਫੈਟੀ ਏਸਿਡ ਜ਼ਰੂਰ ਖਾਣੇ ਚਾਹੀਦੇ ਹਨ।
ਸਿਹਤਮੰਦ ਰਹਿਣ ਲਈ ਔਰਤਾਂ ਕਿਹੜੀ ਖ਼ੁਰਾਕ ਲੈਣ?
1. ਸਬਜ਼ੀਆਂ, ਖ਼ਾਸ ਕਰ ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਫਲੀਆਂ ਆਦਿ।
2. ਫਲ
3. ਛਾਣਬੂਰੇ ਵਾਲਾ ਆਟਾ, ਕਿਨੋਆ, ਮੱਕੀ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਭੂਰੇ ਚੌਲ
4. ਘੱਟ ਥਿੰਦੇ ਵਾਲਾ ਦੁੱਧ, ਦਹੀਂ
5. ਅੰਡਾ, ਮੀਟ, ਪੇਠੇ ਦੇ ਬੀਜ, ਸੋਇਆਬੀਨ, ਸੁੱਕੇ ਮੇਵੇ
6. ਐਵੋਕੈਡੋ, ਆਲਿਵ
ਹੈਰਾਨੀਜਨਕ ਤੱਥ ਇਹ ਹੈ ਕਿ ਦੁਨੀਆ ਦੇ ਸਿਰਫ਼ ਇੱਕ ਚੌਥਾਈ ਲੋਕ ਹੀ ਸਹੀ ਮਾਤਰਾ ਵਿਚ ਫਲ, ਸਬਜ਼ੀਆਂ, ਦੁੱਧ ਆਦਿ ਲੈ ਰਹੇ ਹਨ। ਕੁੱਝ ਲੋੜੋਂ ਵੱਧ ਤੇ ਕੁੱਝ ਵਿਚਾਰੇ ਖ਼ੁਰਾਕ ਦੀ ਕਮੀ ਨਾਲ ਜੂਝ ਰਹੇ ਹਨ।
ਕਿਹੜੇ ਸਿਹਤਮੰਦ ਕਹੇ ਜਾਣ ਵਾਲੇ ਖਾਣੇ ਨਹੀਂ ਖਾਣੇ ਚਾਹੀਦੇ:
1. ਮਾਈਕਰੋਵੇਵ ਵਿਚ ਬਣਾਏ ਜਾਣ ਵਾਲੇ ਪੌਪਕੌਰਨ:
ਪੈਕ ਕੀਤੇ ਕੱਚੇ ਪੌਪਕੌਰਨ ਵਿਚ ਵਾਧੂ ਲੂਣ ਅਤੇ ਡਾਈਐਸੀਟਾਈਲ ਕੈਮੀਕਲ ਪਾਇਆ ਹੁੰਦਾ ਹੈ। ਇਸੇ ਲਈ ਕੁਕਰ ਵਿਚ ਜਾਂ ਤਵੇ ਉੱਤੇ ਬਣਾਉਣ ਵਾਲੇ ਦਾਣੇ ਹੀ ਠੀਕ ਹਨ।
2. ਹਲਕੀ ਸਲਾਦ ਡਰੈਸਿੰਗ (ਲਾਈਟ ਡਰੈਸਿੰਗ):
ਬਾਜ਼ਾਰ ਵਿਚ ਆਮ ਹੀ ਲਾਈਟ ਸਲਾਦ ਡਰੈਸਿੰਗ ਮਿਲ ਜਾਂਦੀ ਹੈ ਜਿਸ ਨੂੰ ਸਲਾਦ ਉੱਤੇ ਪਾ ਕੇ ਖਾਧਾ ਜਾਂਦਾ ਹੈ। ਇਸ ਵਿਚ ਢੇਰ ਸਾਰੇ ਪ੍ਰੀਜ਼ਰਵੇਟਿਵ ਪਏ ਹੋਣ ਸਦਕਾ ਇਹ ਓਨੀ ਹਲਕੀ ਨਹੀਂ ਹੁੰਦੀ ਜਿੰਨਾ ਇਸ ਦਾ ਨਾਂ ਦੇ ਦਿੱਤਾ ਗਿਆ ਹੈ। ਇਸ ਵਿਚ ਲੂਣ ਅਤੇ ਖੰਡ ਵੀ ਵਾਧੂ ਪਾਏ ਹੁੰਦੇ ਹਨ। ਇਨ੍ਹਾਂ ਦੀ ਥਾਂ ਸਿਰਕਾ ਜਾਂ ਕੁੱਝ ਬੂੰਦਾਂ ਵਰਜਿਨ ਆਲਿਵ ਤੇਲ ਵਰਤੇ ਜਾ ਸਕਦੇ ਹਨ।
3. ਚਾਕਲੇਟ ਨਾਲ ਸੁੱਕੇ ਮੇਵਿਆਂ ਦੀ ਟਰੇਲ ਮਿਕਸ:
ਬਾਜ਼ਾਰ ਵਿਚ ਇਸ ਤਰ੍ਹਾਂ ਦੇ ਰਲੇ ਮਿਲੇ ਸਿਹਤਮੰਦ ਕਹੇ ਜਾਂਦੇ ਨਿੱਕੇ ਪੈਕਟ ਮਿਲ ਜਾਂਦੇ ਹਨ। ਚੇਤੇ ਰਹੇ ਕਿ ਇਨ੍ਹਾਂ ਨਿੱਕੇ ਪੈਕਟਾਂ ਵਿਚ ਵੀ 300 ਕੈਲਰੀਜ਼ ਤਕ ਹੋ ਸਕਦੀਆਂ ਹਨ ਜੋ ਕਿਸੇ ਵੀ ਪਾਸਿਓਂ ਸਿਹਤਮੰਦ ਨਹੀਂ ਹੁੰਦੀਆਂ। ਇਸੇ ਲਈ ਭੁੱਜੇ ਹੋਏ ਛੋਲੇ ਜਾਂ ਛੱਲੀ ਖਾਣੀ ਹੀ ਠੀਕ ਰਹਿੰਦੀ ਹੈ।
4. ਥਿੰਦਾ ਰਹਿਤ ਖੁਸ਼ਬੂਦਾਰ ਦਹੀਂ:
‘ਫੈਟ-ਫਰੀ ਫਲੇਵਰਡ ਯੋਗਰਟ’ ਨਾਂ ਹੇਠ ਇਸ ਵੇਲੇ ਬਾਜ਼ਾਰ ਵਿਚ ਅਣਗਿਣਤ ਕੰਪਨੀਆਂ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਵੇਖਣ, ਸੁਣਨ ਨੂੰ ਸਿਹਤਮੰਦ ਜਾਪਦਾ ਇਹ ਦਹੀਂ ਭਾਵੇਂ ਸਿਰਫ਼ 6 ਔਂਸ ਹੀ ਹੁੰਦਾ ਹੈ, ਪਰ ਇਸ ਵਿਚ 15 ਗ੍ਰਾਮ ਖੰਡ ਪਾਈ ਹੁੰਦੀ ਹੈ। ਇਸੇ ਲਈ ਦਹੀਂ ਵਿਚ ਤਾਜ਼ੇ ਫਲ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਖਾਧਾ ਜਾ ਸਕਦਾ ਹੈ। ‘ਗਰੀਕ ਯੋਗਰਟ’ ਦੀ ਇਕ ਕਿਸਮ ਦੀ ਵੇਚੀ ਜਾ ਰਹੀ ਦਹੀਂ ਵਿਚ ਖੰਡ ਦੀ ਥਾਂ ਥੋੜੀ ਮਾਤਰਾ ਵਿਚ ਸ਼ਹਿਦ ਪਾਇਆ ਮਿਲਦਾ ਹੈ।
5. ਪਾਲਕ-ਪਾਸਤਾ:
‘ਸਪਿਨਚ-ਪਾਸਤਾ’ ਅੱਜ ਕੱਲ੍ਹ ਖਾਣ ਦਾ ਫੈਸ਼ਨ ਬਣ ਚੁੱਕਿਆ ਹੋਇਆ ਹੈ। ਪਾਲਕ ਨਾਂ ਹੀ ਬਦੋਬਦੀ ਇਸ ਨੂੰ ਖਾਣ ਲਈ ਉਕਸਾਉਂਦਾ ਹੈ। ਦਰਅਸਲ ਇਸ ਵਿਚ ਪਾਲਕ ਏਨੀ ਮਧੋਲ ਦਿੱਤੀ ਹੁੰਦੀ ਹੈ ਕਿ ਬਸ ਨਾਂ ਹੀ ਬਚਦਾ ਹੈ। ਬਿਨਾਂ ਪਾਲਕ ਦੇ ਇੱਕ ਵੀ ਫ਼ਾਇਦੇਮੰਦ ਅੰਸ਼ ਸਦਕਾ ਇਹ ਪਾਸਤਾ ਨਾ ਖਾਣਾ ਹੀ ਬਿਹਤਰ ਹੈ।
6. ਥਿੰਦਾ ਰਹਿਤ ਜਾਂ ਘੱਟ ਥਿੰਦੇ ਵਾਲੇ ਖਾਣੇ:
ਥਿੰਦਾ ਕੱਢਣ ਦੇ ਨਾਲ ਹੀ ਖਾਣੇ ਨੂੰ ਸੁਆਦੀ ਬਣਾਉਣ ਲਈ ਉਸ ਤਰ੍ਹਾਂ ਦੇ ਖਾਣੇ ਵਿਚ ਵੱਧ ਲੂਣ ਜਾਂ ਖੰਡ ਪਾਉਣੀ ਪੈਂਦੀ ਹੈ। ਇਸੇ ਲਈ ਡੱਬੇ ਬਾਹਰ ਅੰਸ਼ ਜ਼ਰੂਰ ਪੜ੍ਹ ਲੈਣੇ ਚਾਹੀਦੇ ਹਨ।
7. ਹੋਲ-ਵ੍ਹੀਟ ਬਰੈੱਡ:
ਸਾਬਤ ਕਣਕ ਦੇ ਨਾਂ ਹੇਠ ਕਈ ਕੰਪਨੀਆਂ ਬਰੈੱਡ ਵਿਚ ਖੰਡ ਪਾ ਕੇ ਉਸ ਦਾ ਰੰਗ ਭੂਰਾ ਬਣਾ ਦਿੰਦੀਆਂ ਹਨ। ਇਸੇ ਲਈ ਬਾਹਰ ਲਿਖੇ ਅੰਸ਼ ਵੇਖ ਕੇ ਹੀ ਬਰੈੱਡ ਖਰੀਦਣੀ ਚਾਹੀਦੀ ਹੈ।
8. ਗਲੂਟਨ-ਫਰੀ ਖਾਣੇ:
ਕਈ ਗਲੂਟਨ-ਫਰੀ ਖਾਣਿਆਂ ਨੂੰ ਵੀ ਸਵਾਦੀ ਬਣਾਉਣ ਲਈ ਵਾਧੂ ਲੂਣ ਅਤੇ ਖੰਡ ਜਾਂ ਘਿਓ ਪਾ ਦਿੱਤਾ ਜਾਂਦਾ ਹੈ। ਇਸੇ ਲਈ ਤਾਜ਼ੇ ਫਲ, ਸਬਜ਼ੀਆਂ ਖਾਣੇ ਬਿਹਤਰ ਰਹਿੰਦੇ ਹਨ।
9. ਫਰੋਜ਼ਨ ਚੀਜ਼ਾਂ:
ਬਣੀਆਂ ਬਣਾਈਆਂ ਫਰੀਜ਼ਰ ਵਿਚ ਰੱਖਣ ਵਾਲੀਆਂ ਚੀਜ਼ਾਂ ਭਾਵੇਂ ਮੀਟ ਹੋਣ ਜਾਂ ਸਬਜ਼ੀਆਂ, ਪ੍ਰੀਜ਼ਰਵੇਟਿਵ ਅਤੇ ਲੂਣ ਨਾਲ ਲਬਾਲਬ ਹੁੰਦੀਆਂ ਹਨ।
10. ਪਰੈਟਜ਼ੈਲ, ਕੁਰਕੁਰੇ ਆਦਿ ਥਿੰਦੇ ਅਤੇ ਲੂਣ ਤੋਂ ਇਲਾਵਾ ਹੋਰ ਕੁੱਝ ਵੀ ਸਰੀਰ ਅੰਦਰ ਨਹੀਂ ਭੇਜਦੇ। ਇਨ੍ਹਾਂ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਵੀ ਵਧ ਜਾਂਦੀ ਹੈ।
11. ਵੈੱਜ-ਚਿਪਸ:
ਇਨ੍ਹਾਂ ਵਿਚ ਸਬਜ਼ੀ ਦਾ ਇਕ ਵੀ ਵਧੀਆ ਤੱਤ ਨਹੀਂ ਬਚਿਆ ਹੁੰਦਾ। ਨਿਰਾ ਫੋਕ ਅਤੇ ਕੈਲਰੀਆਂ ਹੀ ਹੁੰਦੀਆਂ ਹਨ।
12. ਪ੍ਰੋਟੀਨ-ਬਾਰ:
ਇਹ ਨਾਂ ਹੀ ਏਨੀ ਖਿੱਚ ਪਾਉਂਦਾ ਹੈ ਕਿ ਕੋਈ ਵਿਰਲਾ ਹੀ ਇਨ੍ਹਾਂ ਨੂੰ ਖਾਧੇ ਬਗ਼ੈਰ ਰਹਿ ਸਕਿਆ ਹੋਵੇਗਾ। ਇਨ੍ਹਾਂ ਵਿਚ ਕੈਲਰੀਜ਼ ਅਤੇ ਮਿੱਠਾ ਜ਼ਰੂਰ ਵੱਧ ਹੁੰਦਾ ਹੈ ਪਰ ਬਹੁਤੀਆਂ ਪ੍ਰੋਟੀਨ-ਬਾਰ ਵਿਚ ਪ੍ਰੋਟੀਨ ਨਾ ਬਰਾਬਰ ਹੀ ਹੰੁਦੀ ਹੈ।
13. ਆਰਗੈਨਿਕ-ਖਾਣੇ: ਭਾਵੇਂ ਹਾਨੀਕਾਰਕ ਸਪਰੇਅ ਰਹਿਤ ਹੋਣ ਪਰ ਅਜਿਹੇ ਖਾਣੇ ਵੀ ਖਾਣ ਤੋਂ ਪਹਿਲਾਂ ਡੱਬੇ ਬਾਹਰ ਲਿਖੀਆਂ ਕੈਲਰੀਜ਼ ਵੱਲ ਧਿਆਨ ਦੇਣਾ ਜ਼ਰੂਰੀ ਹੈ।
14. ਸਮੂਦੀ: ਘਰ ਅੰਦਰ ਤਾਜ਼ੇ ਫਲ, ਸਬਜ਼ੀਆਂ, ਫਲੈਕਸ ਬੀਜ, ਪੇਠੇ ਦੇ ਬੀਜ ਆਦਿ ਰਲਾ ਕੇ ਵਧੀਆ ਸਮੂਦੀ ਬਣਾ ਕੇ ਪੀਤੀ ਜਾ ਸਕਦੀ ਹੈ। ਬਾਜ਼ਾਰੀ ਸਮੂਦੀ ਵਿਚ ਕਈ ਪਾਊਡਰ ਅਤੇ ਵਾਧੂ ਖੰਡ ਦੇ ਨਾਲ ਆਈਸਕ੍ਰੀਮ ਵੀ ਪਾ ਦਿੱਤੀ ਜਾਂਦੀ ਹੈ ਜੋ ਸਿਹਤਮੰਦ ਨਹੀਂ ਗਿਣੀ ਜਾ ਸਕਦੀ।
15. ਸੋਇਆ ਦੁੱਧ: ਖੁਸ਼ਬੂਦਾਰ ਅਤੇ ਮਿੱਠੇ ਸੋਇਆ ਦੁੱਧ ਦੇ ਪੈਕਟ ਬਾਜ਼ਾਰ ਵਿਚ ਪਏ ਮਿਲਦੇ ਹਨ ਜਿਨ੍ਹਾਂ ਵਿਚ ਪੋਟਾਸ਼ੀਅਮ, ਪ੍ਰੋਟੀਨ ਅਤੇ ਘੱਟ ਕੋਲੈਸਟਰੋਲ ਹੁੰਦਾ ਹੈ। ਜਿਹੜੇ ਚਾਕਲੇਟ, ਅੰਬ ਜਾਂ ਹੋਰ ਖੁਸ਼ਬੂ ਨਾਲ ਭਰਪੂਰ ਹੋਣ, ਉਨ੍ਹਾਂ ਵਿਚ ਵਾਧੂ ਖੰਡ ਅਤੇ ਕੈਲਰੀਜ਼ ਹੁੰਦੀਆਂ ਹਨ।
16. ਕੌਫ਼ੀ: ਗਰਮ ਬਾਜ਼ਾਰੀ ਕੌਫੀ, ਜਿਸ ਵਿਚ ਖੰਡ ਨਾ ਹੋਵੇ ਅਤੇ ਦੁੱਧ ਵੀ ਘੱਟ ਥਿੰਦੇ ਵਾਲਾ ਹੋਵੇ, ਤਾਂ ਠੀਕ ਰਹਿੰਦੀ ਹੈ। ਠੰਡੀ ਕੌਫ਼ੀ ਸਿਰਫ਼ ਕੈਲਰੀਜ਼ ਤੇ ਖੰਡ ਨਾਲ ਭਰੀ ਹੁੰਦੀ ਹੈ।
ਸਾਰ:
ਪ੍ਰੋਸੈੱਸਡ ਖਾਣੇ, ਕੈਲਰੀਜ਼ ਅਤੇ ਖੰਡ ਸਰੀਰ ਦਾ ਨਾਸ ਤਾਂ ਮਾਰਦੇ ਹੀ ਹਨ, ਨਾਲੋ-ਨਾਲ ਉਮਰ ਛੋਟੀ ਕਰ ਦਿੰਦੇ ਹਨ। ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਰੈਗੂਲਰ ਕਸਰਤ ਕਰਨ ਦੇ ਨਾਲ-ਨਾਲ ਤਣਾਅ ਨੂੰ ਵੀ ਜ਼ਰੂਰ ਛੰਡਣਾ ਚਾਹੀਦਾ ਹੈ।