ਸਦੀਆਂ ਤੋਂ ਸਦੀਆਂ ਤੱਕ ਕਬੱਡੀ

ਪ੍ਰਿੰ. ਸਰਵਣ ਸਿੰਘ
‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਰਣਜੀਤ ਝੁਨੇਰ ਦੀ ਖੇਡ ਪੁਸਤਕ ਹੈ, ਜੋ 2011 ਵਿਚ ਛਪੀ। ਇਸ ਤੋਂ ਪਹਿਲਾਂ ਉਸ ਦੀਆਂ ਨੌਂ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਸਨ, ‘ਜੀਵ ਜੰਤੂਆਂ ਦੀ ਅਦਭੁਤ ਦੁਨੀਆਂ’, ‘ਪਿੰਡ ਦੀ ਸੱਥ’, ‘ਤਰਕਵਾਰਤਾ’, ‘ਸੜਕ ਹਾਦਸਿਆਂ ਤੋਂ ਕਿਵੇਂ ਬਚਾਅ ਕਰੀਏ?’, ‘ਨਸ਼ੇ ਕਿਵੇਂ ਛੱਡੀਏ?’, ‘ਹਨੇ੍ਹਰੇ `ਚ ਚਾਨਣ ਦੀ ਲੋਅ: ਡਾ. ਰਮੇਸ਼ ਐਮ ਡੀ’, ‘ਧਰਮ ਦੇ ਅੰਗ ਸੰਗ’, ‘ਸਮੁੰਦਰਾਂ ਦੇ ਉਹਲੇ’ ਅਤੇ ‘ਸੰਘਰਸ਼ ਦਾ ਯੁੱਗ: ਸ. ਕਿਰਪਾਲ ਸਿੰਘ ਮਾਂਗਟ।’ ਇਹ ਖੇਡ ਪੁਸਤਕ ਉਸ ਨੇ ਸੱਤ ਸਮੁੰਦਰੋਂ ਪਾਰ ਮਾਂ ਖੇਡ ਕਬੱਡੀ ਦੀ ਸਲਾਮਤੀ ਲਈ ਜੂਝਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ।

ਰਣਜੀਤ ਸਿੰਘ ਦਾ ਜਨਮ ਪਹਿਲੀ ਸਤੰਬਰ 1968 ਨੂੰ ਮਲੇਰਕੋਟਲੇ ਲਾਗੇ ਪਿੰਡ ਝੁਨੇਰ ਵਿਚ ਸ. ਕਰਤਾਰ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਝੁਨੇਰ ਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਸੰਦੌੜ ਤੋਂ ਕੀਤੀ। ਕਬੱਡੀ ਖੇਡਣ ਤੇ ਅਖ਼ਬਾਰਾਂ/ਰਸਾਲੇ ਪੜ੍ਹਨ ਦੀ ਚੇਟਕ ਉਸ ਨੂੰ ਸਕੂਲ ਪੜ੍ਹਦਿਆਂ ਹੀ ਲੱਗ ਗਈ। ਨੌਕਰੀ `ਤੇ ਲੱਗਦਿਆਂ ਉਸ ਨੇ ਅਖ਼ਬਾਰਾਂ, ਰਸਾਲਿਆਂ ਲਈ ਲਿਖਣਾ ਸ਼ੁਰੂ ਕਰ ਲਿਆ। 2005 ਵਿਚ ਉਹਦੀ ਪਹਿਲੀ ਪੁਸਤਕ ‘ਜੀਵ ਜੰਤੂਆਂ ਦੀ ਅਦਭੁਤ ਦੁਨੀਆਂ’ ਛਪੀ ਜੋ ਚੰਗੀ ਚਰਚਿਤ ਹੋਈ। ਅੱਜ-ਕੱਲ੍ਹ ਉਹ ਭਾਰਤੀ ਜੀਵਨ ਬੀਮਾ ਨਿਗਮ `ਚ ਸੇਵਾ ਕਰ ਰਿਹੈ।
2010 ਵਿਚ ਉਹ ਵਿਜ਼ਟਰ ਵਜੋਂ ਕੈਨੇਡਾ ਪਹੁੰਚਿਆ ਤੇ ਮੈਨੂੰ ਇਕ ਗੁਰਦੁਆਰੇ `ਚ ਮਿਲਿਆ। ਕਬੱਡੀ ਬਾਰੇ ਗੱਲਾਂ ਹੋਈਆਂ ਤਾਂ ਉਸ ਨੇ ਮੈਨੂੰ ਆਪਣੀ ਪੁਸਤਕ ‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਦੀ ਭੂਮਿਕਾ ਲਿਖਣ ਲਈ ਕਿਹਾ, ਜਿਸ ਦੀ ਮੈਂ ਹਾਮੀ ਭਰ ਦਿੱਤੀ। ਮੈਂ ਉਹਦੇ ਅਤੇ ਉਹਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ 2006 `ਚ ਉਹਦੇ ਵੱਡੇ ਭਰਾ ਮੁਖਤਿਆਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਤਰਕਸ਼ੀਲ ਹੋਣ ਕਰਕੇ ਉਸ ਨੇ ਆਪਣੇ ਭਰਾ ਦੀਆਂ ਦੋਵੇਂ ਅੱਖਾਂ ਦਾਨ ਦੇਣ ਦਾ ਫੈਸਲਾ ਕਰ ਲਿਆ। ਅਸੀਂ ਉਹਦੀਆਂ ਅੱਖਾਂ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੇ ਡਾਇਰੈਕਟਰ ਡਾ. ਰਾਮੇਸ਼ ਐਮ ਡੀ ਨੂੰ ਦਾਨ ਦੇ ਦਿੱਤੀਆਂ। ਇਲਾਕੇ `ਚ ਇਸ ਕਾਰਜ ਦੀ ਕਾਫੀ ਚਰਚਾ ਤੇ ਸਲਾਹੁਤਾ ਹੋਈ। ਬਾਅਦ ਵਿਚ ਪਰਿਵਾਰ ਨੇ ਫੈਸਲਾ ਹੀ ਕਰ ਲਿਆ ਕਿ ਜਿਹੜੇ ਜੀਅ ਦੀ ਵੀ ਕਦੇ ਮੌਤ ਹੋਵੇਗੀ ਉਹਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰ ਦਿੱਤੀ ਜਾਵੇਗੀ। ਉਹ ਆਪਣੇ ਮਾਤਾ ਅਤੇ ਪਿਤਾ ਦੀਆਂ ਦੋਵੇਂ ਅੱਖਾਂ ਦਾਨ ਕਰ ਕੇ, ਦੇਹਾਂ ਵੀ ਮੈਡੀਕਲ ਖੋਜ ਕਾਰਜ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰ ਚੁੱਕਾ ਹੈ। ਉਸ ਦੇ ਦੱਸਣ ਮੂਜਬ ਉਹ ਪੰਜਾਬ ਦਾ ਪਹਿਲਾ ਵਿਅਕਤੀ ਹੈ, ਜਿਸ ਨੇ ਆਪਣੇ ਪਰਿਵਾਰ `ਚੋਂ ਅੱਠ ਅੱਖਾਂ ਅਤੇ ਦੋ ਦੇਹਾਂ ਦਾਨ ਕੀਤੀਆਂ ਹਨ। ਉਹਦੇ ਪਰਿਵਾਰ ਦੇ ਸਾਰੇ ਮੈਂਬਰ ਮੌਤ ਉਪਰੰਤ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਦੇਣ ਦੇ ਪ੍ਰਣ ਪੱਤਰ ਭਰ ਚੁੱਕੇ ਹਨ।
ਪੁਸਤਕ ਦੀ ਭੂਮਿਕਾ
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਵੀ ਹੈ ਤੇ ਮਹਿਬੂਬ ਖੇਡ ਵੀ। ਜੇ ਇਕ ਬੰਨੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ ਤੇ ਦੂਜੇ ਬੰਨੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਵੇਖਣ ਨੂੰ ਪਹਿਲ ਦਿੰਦੇ ਹਨ। ਜਿੰਨਾ ਹੁੰਗਾਰਾ ਪੰਜਾਬ ਵਿਚ ਹੋਏ ਕਬੱਡੀ ਵਰਲਡ ਕੱਪਾਂ ਨੂੰ ਮਿਲਿਆ ਓਨਾ ਹਾਲੇ ਤਕ ਕਿਸੇ ਹੋਰ ਖੇਡ ਨੂੰ ਨਹੀਂ ਮਿਲਿਆ। ਉਦੋਂ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਕਬੱਡੀ ਦੇ ਰੰਗ ਵਿਚ ਰੰਗੇ ਗਏ ਸਨ। ਕਬੱਡੀ ਦੇ ਧਾਵਿਆਂ ਤੇ ਜੱਫਿਆਂ ਨੇ ਉਨ੍ਹਾਂ ਦੇ ਰੋਮ ਰੋਮ ਵਿਚ ਝਰਨਾ੍ਹਟਾਂ ਛੇੜ ਦਿੱਤੀਆਂ ਸਨ। ਮੈਂ ਆਪਣੀ ਕਿਤਾਬ ‘ਕਬੱਡੀ ਕਬੱਡੀ ਕਬੱਡੀ’ `ਚ ਲਿਖਿਆ ਸੀ ਕਿ ਝੱਖੜ ਝੁਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ-ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫਿਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ਵਿਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪ੍ਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ।
ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਧਾਵਿਆਂ ਤੇ ਪਕੜਾਂ ਦੀ ਨਿਆਰੀ ਲੀਲ੍ਹਾ। ਨਰੋਏ ਜੁੱਸਿਆਂ ਦਾ ਕੌਤਕੀ ਨਜ਼ਾਰਾ। ਪੰਜਾਬੀ ਇਹਦੇ ਵਿਚ ਦੀ ਆਪਣਾ ਇਤਿਹਾਸ ਵੇਖਦੇ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਸ ਦੀ ਧਰਤੀ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣੀ ਰਹੀ। ਪੰਜਾਬੀ ਹਮਲਾਵਰਾਂ ਨੂੰ ਡੱਕਦੇ, ਮਰਦੇ-ਮਾਰਦੇ ਤੇ ਜਿੱਤਦੇ ਹਾਰਦੇ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਸੁੱਖੀ ਸਾਂਦੀਂ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿਚ ਵਾਰ ਵਾਰ ਦੁਹਰਾਇਆ ਜਾਂਦਾ ਹੈ ਤੇ ਇਸੇ ਕਾਰਨ ਇਹ ਖੇਡ ਪੰਜਾਬੀਆਂ ਦੇ ਮਨਾਂ ਨੂੰ ਟੁੰਬਦੀ ਤੇ ਆਪਣੇ ਵੱਲ ਖਿੱਚਦੀ ਹੈ।
ਜਿਵੇਂ ਢੋਲ ਦਾ ਡੱਗਾ ਪੰਜਾਬੀਆਂ ਦੇ ਪੱਬ ਚੁੱਕ ਦਿੰਦਾ ਹੈ ਤਿਵੇਂ ਕੌਡੀ-ਕੌਡੀ ਦੇ ਅਲਾਪ ਨਾਲ ਜੁਆਨਾਂ ਦੇ ਡੌਲੇ ਫਰਕਣ ਲੱਗ ਪੈਂਦੇ ਹਨ। ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ। ਕਬੱਡੀ ਦਾ ਸਾਹ ਪੰਜਾਬੀਆਂ ਲਈ ਜੀਵਨ ਸੁਆਸ ਹੈ ਜੀਹਨੂੰ ਲਏ ਬਿਨਾਂ ਉਨ੍ਹਾਂ ਦਾ ਸਰਦਾ ਨਹੀਂ ਭਾਵੇਂ ਉਹ ਪੰਜਾਬ ਦੀ ਧਰਤੀ `ਤੇ ਰਹਿਣ ਭਾਵੇਂ ਵਲੈਤੀਂ ਜਾ ਵਸਣ। ਇਸ ਖੇਡ ਨੇ ਪੰਜਾਬ ਦੇ ਗਭਰੂਆਂ ਨੂੰ ਤਕੜੇ ਵੀ ਬਣਾਈ ਰੱਖਿਆ ਹੈ, ਹਿੰਮਤੀ ਵੀ ਤੇ ਜੀਵਨ ਦੀਆਂ ਰਗੜਾਂ ਸਹਿਣ ਜੋਗੇ ਵੀ। ਇਸ ਖੇਡ ਨਾਲ ਪੰਜਾਬੀਆਂ ਦਾ ਲਹੂ ਤੇ ਸਾਹ ਦਾ ਰਿਸ਼ਤਾ ਹੈ। ਇਕੇ ਸਾਹ ਕੌਡੀ-ਕੌਡੀ ਦਾ ਅਲਾਪ, ਫੇਫੜਿਆਂ ਦੀ ਗੰਦੀ ਹਵਾ ਨਿਚੋੜ ਕੇ ਉਨ੍ਹਾਂ `ਚ ਤਾਜ਼ੀ ਨਰੋਈ ਹਵਾ ਦੀ ਆਵਾਜਾਈ ਦਾ ਦਰ ਖੋਲ੍ਹਦਾ ਹੈ। ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿਚ ਵੀ ਜਿਊਣ ਦਾ ਵੱਲ ਸਿਖਾਉਂਦਾ ਹੈ।
ਕਬੱਡੀ ਦੀਆਂ ਅਨੇਕ ਕਿਸਮਾਂ ਪ੍ਰਚੱਲਿਤ ਰਹੀਆਂ ਹਨ। ਇਸ ਦਾ ਮੁੱਢਲਾ ਰੂਪ ਸੌਂਚੀ ਸੀ। ਇਹ ਇਕ ਕਿਸਮ ਦੀ ਗੁੰਗੀ ਕੌਡੀ ਸੀ, ਜਿਸ ਨੂੰ ਅੰਬਰਸਰੀ ਕਬੱਡੀ ਵੀ ਕਿਹਾ ਜਾਂਦਾ ਸੀ। ਢੇਰੀ ਵਾਲੀ ਕੌਡੀ ਵਿਚ ਚਾਟਾਂ ਬਹੁਤ ਪੈਂਦੀਆਂ ਸਨ। ਅੰਬਾਲਵੀ ਕਬੱਡੀ ਦਾ ਦਾਇਰਾ ਬੜਾ ਤੰਗ ਹੁੰਦਾ ਸੀ। ਲਾਹੌਰੀ ਕਬੱਡੀ ਵਿਚ ਦਾਇਰਾ ਨਹੀਂ ਸੀ ਹੁੰਦਾ। ਜਾਫੀ ਤੇ ਧਾਵੀ ਦੋ ਢੇਰੀਆਂ ਉਤੇ ਖੜ੍ਹ ਜਾਂਦੇ ਤੇ ਧਾਵੀ ਨੇ ਵਿਰੋਧੀ ਧਿਰ ਦੀ ਢੇਰੀ ਨੂੰ ਹੱਥ ਲਾ ਕੇ ਜਾਂ ਉਪਰ ਦੀ ਗੇੜਾ ਕੱਢ ਕੇ ਘਰ ਪਰਤਣਾ ਹੁੰਦਾ ਸੀ। ਲਾਇਲਪੁਰੀ ਕਬੱਡੀ ਵਿਚ ਖੇਡ ਦੌਰਾਨ ਪਾਣੀ ਦੀ ਘੁੱਟ ਵੀ ਨਹੀਂ ਸੀ ਭਰਨ ਦਿੱਤੀ ਜਾਂਦੀ। ਫਿਰੋਜ਼ਪੁਰੀ ਕਬੱਡੀ ਵਿਚ ਖਿਡਾਰੀ ਢੇਰੀਆਂ ਉਤੇ ਖੜ੍ਹਨ ਦੀ ਥਾਂ ਪਾਲੇ ਉਤੇ ਖੜੋਂਦੇ ਸਨ। ਇਕ ਛੇ ਹੰਧੀ ਕਬੱਡੀ ਸੀ ਤੇ ਇਕ ਸ਼ਮਲਿਆਂ ਵਾਲੀ। ਪੀਰ ਕੌਡੀ ਧਨ ਪੋਠੋਹਾਰ ਦੇ ਇਲਾਕੇ ਵਿਚ ਖੇਡੀ ਜਾਂਦੀ ਸੀ। ਬੈਠਵੀਂ ਕੌਡੀ, ਘੋੜ ਕਬੱਡੀ, ਚੀਰਵੀਂ ਕੌਡੀ, ਲੰਮੀ ਕਬੱਡੀ, ਦੋਧੇ ਤੇ ਬੁਰਜੀਆਂ ਵਾਲੀ ਕੌਡੀ ਆਦਿ ਕਈ ਹੋਰ ਸਥਾਨਕ ਵੰਨਗੀਆਂ ਸਨ। ਪਰ ਹੁਣ ਸਾਰੀਆਂ ਕਬੱਡੀਆਂ ਨੇ ਅਜੋਕੀ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ। ਕਬੱਡੀ ਨੈਸ਼ਨਲ ਸਟਾਈਲ ਵੱਖਰੀ ਹੈ।
ਭਾਰਤ ਵਿਚ ਕਬੱਡੀ ਦੇ ਕਈ ਨਾਂ ਹਨ। ਦੱਖਣ ਵਿਚ ‘ਚੇਡੂ-ਗੁਡੂ’ ਬੰਗਾਲ ਵਿਚ ‘ਡੋ-ਡੋ’ ਤੇ ਮਹਾਰਾਸ਼ਟਰ ਵਿਚ ‘ਹੂ-ਟੂ-ਟੂ’ ਹਨ। ਉਹ ਕਬੱਡੀ ਪਾਉਂਦੇ ਇਹੋ ਸ਼ਬਦ ਉਚਾਰਦੇ ਹਨ। ਕੁਝ ਇਲਾਕਿਆਂ ਵਿਚ ‘ਸੂ-ਸੂ’ ਜਾਂ ‘ਸਰ-ਸਰ’ ਅਤੇ ‘ਰਾਮ ਲਕਸ਼ਮਨ ਜਾਨਕੀ ਜੈ ਬੋਲੋ ਹਨੂਮਾਨ ਕੀ’ ਕਹਿੰਦਿਆਂ ਕਬੱਡੀ ਪਾਈ ਜਾਂਦੀ ਹੈ। ਇਨ੍ਹਾਂ ਕਬੱਡੀਆਂ ਦੀਆਂ ਵੀ ਅੱਗੋਂ ਤਿੰਨ ਕਿਸਮਾਂ ਹਨ-ਸੰਜੀਵਨੀ, ਜੈਮਨੀ ਤੇ ਅਮਰ। ਭਾਰਤ ਦੇ ਵੱਖ ਵੱਖ ਇਲਾਕਿਆਂ ਦੀਆਂ ਕਬੱਡੀਆਂ ਕਬੱਡੀ ਨੈਸ਼ਨਲ ਸਟਾਈਲ ਵਿਚ ਢਲ ਗਈਆਂ ਹਨ। ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਏਸਿ਼ਆਈ ਖੇਡਾਂ ਵਿਚ ਵੀ ਹੰੁਦੇ ਹਨ। ਕਬੱਡੀ ਸਰਕਲ ਸਟਾਈਲ ਅਜੇ ਤਕ ਭਾਰਤ ਦੀਆਂ ਨੈਸ਼ਨਲ ਖੇਡਾਂ ਤਕ ਨਹੀਂ ਪੁੱਜੀ ਪਰ ਵਿਦੇਸ਼ਾਂ ਵਿਚ ਉਥੇ ਵੀ ਪੁੱਜ ਗਈ ਹੈ ਜਿਥੇ ਕਿਤੇ ਪੰਜਾਬੀ ਪੁੱਜੇ ਹਨ। ਜੇ ਕਦੇ ਪੰਜਾਬੀ ਚੰਦ ਉਤੇ ਚਲੇ ਗਏ ਤਾਂ ਲੱਗਦੈ ਉਹ ਉਥੇ ਵੀ ਕਬੱਡੀ ਖੇਡਣਗੇ!
ਪੰਜਾਬੀ ਵਿਚ ਕਬੱਡੀ ਬਾਰੇ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਰਸਾਲਿਆਂ ਦੇ ਕਬੱਡੀ ਅੰਕ ਨਿਕਲੇ ਹਨ। ਕਬੱਡੀ ਦੇ ਦਰਜਨਾਂ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਕਬੱਡੀ ਦੀਆਂ ਫਿਲਮਾਂ ਚੱਲ ਪਈਆਂ ਹਨ। ਕਬੱਡੀ ਕੱਪਾਂ ਦੀ ਕੁਮੈਂਟਰੀ ਦੀਆਂ ਸੈਂਕੜੇ ਕੈਸਿਟਾਂ ਮਿਲਦੀਆਂ ਹਨ। ਹਰ ਸਾਲ ਪੰਜਾਬ ਦੇ ਪੰਜ ਸੌ ਤੋਂ ਵੱਧ ਕਬੱਡੀ ਖਿਡਾਰੀ ਪੱਛਮੀ ਦੇਸ਼ਾਂ ਦਾ ਕਬੱਡੀ ਸੀਜ਼ਨ ਖੇਡਣ ਜਾਂਦੇ ਹਨ। ਦਰਜਨ ਦੇ ਕਰੀਬ ਕਬੱਡੀ ਕੁਮੈਂਟੇਟਰ ਪੁੱਜਦੇ ਹਨ। ਵਿਦੇਸ਼ਾਂ ਵਿਚ ਸੌ ਤੋਂ ਵੱਧ ਤੇ ਦੇਸ਼ ਵਿਚ ਹਜ਼ਾਰ ਤੋਂ ਵੱਧ ਕਬੱਡੀ ਮੇਲੇ ਲੱਗਦੇ ਹਨ। ਹਰ ਸਾਲ ਸੌ ਕਰੋੜ ਰੁਪਏ ਦੀ ਕਬੱਡੀ ਖੇਡੀ ਜਾਂਦੀ ਹੈ। ਪੰਜਾਬ ਵਿਚ ਹੋਏ ਪਹਿਲੇ ਕਬੱਡੀ ਵਰਲਡ ਕੱਪ ਦਾ ਪਹਿਲਾ ਇਨਾਮ ਇਕ ਕਰੋੜ ਸੀ ਤੇ ਦੂਜੇ ਕੱਪ ਦਾ ਦੋ ਕਰੋੜ। ਟੋਰਾਂਟੋ ਵਿਚ ਦੋ ਜੱਫੇ ਲਾਉਣ ਦਾ ਇਨਾਮ ਇਕ ਖਿਡਾਰੀ ਨੂੰ ਦੋ ਲੱਖ ਰੁਪਏ ਮਿਲਿਆ ਹੈ। ਹੁਣ ਤਾਂ ਇਕ ਇਕ ਜੱਫੇ ਉਤੇ ਟ੍ਰੈਕਟਰਾਂ, ਜੀਪਾਂ ਦੇ ਇਨਾਮ ਵੀ ਲੱਗਣ ਲੱਗ ਪਏ ਹਨ। ਪੰਜਾਬ ਵਿਚ ਲੱਖਾਂ ਦੇ ਇਨਾਮਾਂ ਵਾਲੇ ਕਬੱਡੀ ਦੇ ਸੌ ਤੋਂ ਵੱਧ ਕੱਪ ਹੋਣ ਲੱਗ ਪਏ ਹਨ। ਪੰਜਾਬ ਦੀਆਂ ਕਬੱਡੀ ਅਕੈਡਮੀਆਂ ਤੇ ਪੇਂਡੂ ਟੀਮਾਂ ਵਿਚ ਦਸ ਹਜ਼ਾਰ ਤੋਂ ਵੱਧ ਖਿਡਾਰੀ ਕਬੱਡੀ ਖੇਡਦੇ ਹਨ।
ਮੈਨੂੰ ਖੁਸ਼ੀ ਹੈ ਕਿ ਰਣਜੀਤ ਝੁਨੇਰ ਨੇ ਇਸ ਪੁਸਤਕ ਵਿਚ ਕਬੱਡੀ ਦੇ ਚਾਲੀ ਕੁ ਖਿਡਾਰੀਆਂ ਤੇ ਪ੍ਰਮੋਟਰਾਂ ਦੀ ਜਾਣ-ਪਛਾਣ ਕਰਵਾਈ ਹੈ। ਉਹ ਕਬੱਡੀ ਦਾ ਆਸ਼ਕ ਹੈ ਤੇ ਖਿਡਾਰੀਆਂ ਬਾਰੇ ਚਾਅ ਤੇ ਉਤਸ਼ਾਹ ਨਾਲ ਲਿਖ ਰਿਹੈ। ਹਾਲੀਂ ਉਸ ਨੇ ਘੁੰਡ ਹੀ ਚੁੱਕਿਆ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹਦੀ ਸੀਮਾ ਕਿਥੇ ਤਕ ਹੈ? ਮੈਂ ਉਸ ਨੂੰ ਖੇਡ ਲੇਖਕਾਂ ਦੀ ਢਾਣੀ ਵਿਚ ਰਲਣ ਲਈ ਖ਼ੁਸ਼ ਆਮਦੀਦ ਕਹਿੰਦਾ ਹਾਂ ਤੇ ਉੱਚ ਪਾਏ ਦਾ ਲੇਖਕ ਬਣਨ ਦੀ ਕਾਮਨਾ ਕਰਦਾ ਹਾਂ। ਪੇਸ਼ ਹਨ ੳਹਦੀ ਪੁਸਤਕ `ਚੋਂ ਦੋ ਖਿਡਾਰੀਆਂ ਦੇ ਰੇਖਾ ਚਿੱਤਰ:
ਵਿਸ਼ਵ ਕੱਪ ਦਾ ਧਾਵੀ ਗੁਲਜ਼ਾਰੀ ਮੂਨਕ
ਮਾਂ ਖੇਡ ਕਬੱਡੀ ਦੇ ਚੁਸਤ ਚਲਾਕ ਧਾਵੀਆਂ `ਚ ਵਿਸ਼ੇਸ਼ ਨਾਂ ਹੈ ਗੁਲਜ਼ਾਰੀ ਮੂਨਕ, ਜੋ ਵਿਸ਼ਵ ਕਬੱਡੀ ਕੱਪ `ਚ ਖੁ਼ਸ਼ਗਵਾਰ ਹਾਜ਼ਰੀ ਲਵਾ ਕੇ ਲੱਖਾਂ ਖੇਡ ਪ੍ਰੇਮੀਆਂ ਦਾ ਚਹੇਤਾ ਖਿਡਾਰੀ ਬਣਿਆ। ਉਹਦਾ ਅਸਲੀ ਨਾਂ ਗੁਲਜ਼ਾਰ ਸਿੰਘ ਹੈ। ਉਹਦਾ ਜਨਮ ਸ. ਨੱਥਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਚਰਨਜੀਤ ਕੌਰ ਦੀ ਕੁੱਖੋਂ 7 ਸਤੰਬਰ 1980 ਨੂੰ ਏਸ਼ੀਆ `ਚ ਵੱਧ ਕਣਕ ਤੇ ਝੋਨਾ ਪੈਦਾ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੇ ਕਸਬੇ ਮੂਨਕ `ਚ ਹੋਇਆ। ਗੁਲਜ਼ਾਰੀ ਦੇ ਪਿਤਾ ਪੰਜਾਬ ਰਾਜ ਬਿਜਲੀ ਬੋਰਡ `ਚ ਲਾਈਨਮੈਨ ਸਨ। ਉਸ ਨੇ ਪਹਿਲੀ ਕਲਾਸ ਤੋਂ ਬਾਰ੍ਹਵੀਂ ਤੱਕ ਦੀ ਵਿੱਦਿਆ ਮੂਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਬੀਏ ਦੀ ਪੜ੍ਹਾਈ ਡੀਏਵੀ ਕਾਲਜ ਬਠਿੰਡਾ ਤੋਂ ਹਾਸਲ ਕੀਤੀ। ਕਬੱਡੀ ਦੀ ਸ਼ੁਰੂਆਤ ਕੋਚ ਮਦਨ ਲਾਲ ਦੀ ਸਰਪ੍ਰਸਤੀ ਹੇਠ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਕਾਲਜ ਪੱਧਰ ਤੋਂ ਹੀ ਕੀਤੀ।
ਸਕੂਲ ਵਿਚ ਉਹ ਫੁੱਟਬਾਲ ਤੇ ਵਾਲੀਬਾਲ ਦਾ ਬਹੁਤ ਵਧੀਆ ਖਿਡਾਰੀ ਰਿਹਾ। ਉਸ ਨੇ ਡੀਪੀਐਡ ਨੈਸ਼ਨਲ ਕਾਲਜ ਚੁਪਕੀ ਤੋਂ ਕੀਤੀ। 30 ਕਿਲੋਗ੍ਰਾਮ ਭਾਰ ਵਰਗ ਤੋਂ ਆਲ ਓਪਨ ਤੱਕ ਦੇ ਮੁਕਾਬਲਿਆਂ `ਚ ਧੁੰਮਾਂ ਮਚਾਉਣ ਵਾਲੇ ਗੁਲਜ਼ਾਰੀ ਨੇ ਹੰਸ ਰਾਜ ਲਾਸੀ ਦੀ ਸਰਪ੍ਰਸਤੀ ਹੇਠ ਕਬੱਡੀ ਦੇ ਗੁੱਝੇ ਭੇਤ ਗ੍ਰਹਿਣ ਕੀਤੇ। ਡੀਏਵੀ ਕਾਲਜ ਬਠਿੰਡਾ `ਚ ਗੁਲਜ਼ਾਰੀ ਨਾਲ ਗੁਰਲਾਲ ਘਨੌਰ, ਜਾਦੂ, ਵਿੱਕੀ ਘਨੌਰ, ਚੰਨਾ, ਜੀਤੀ, ਦਰਸ਼ਨ ਘਰਾਚੋਂ, ਫੰਤ ਮਟੋਰੜਾਂ, ਬਿੱਟੂ ਦੁਗਾਲ, ਜੱਸੀ ਘਨੌਰ ਅਤੇ ਅਸ਼ਵਨੀ ਨੇ ਜਿੱਥੇ ਕਾਲਜ ਦੀ ਸ਼ਾਨ ਨੂੰ ਚਾਰ ਚੰਨ ਲਾਏ ਉਥੇ ਖੇਡ ਖੇਤਰ `ਚ ਸਫਲ ਪੁਲਾਂਘਾਂ ਪੁੱਟਣ ਦਾ ਵੀ ਆਗਾਜ਼ ਕੀਤਾ। ਕਲਾਤਮਕ ਖੇਡ ਖੇਡਣ ਕਰਕੇ ਗੁਲਜ਼ਾਰੀ ਜਲਦੀ ਹੀ ਖੇਡ ਪ੍ਰੇਮੀਆਂ ਦਾ ਚਹੇਤਾ ਖਿਡਾਰੀ ਬਣ ਗਿਆ। 2005 ਦਾ ਵਰ੍ਹਾ ਉਸ ਲਈ ਬੇਹੱਦ ਖ਼ੁਸ਼ਨਸੀਬੀ ਵਾਲਾ ਰਿਹਾ ਜਦ ਉਸ ਨੇ ਪੰਜਾਬ ਦੇ ਖੇਡ ਮੈਦਾਨਾਂ `ਚੋਂ ਉੱਠ ਕੇ ਨਿਊਜ਼ੀਲੈਂਡ ਵਰਗੇ ਮੁਲਕ `ਚ ਕਲਾਤਮਿਕ ਖੇਡ ਦਾ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਖੇਡ ਮੈਦਾਨਾਂ `ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਗੁਲਜ਼ਾਰੀ ਅੰਤਰਰਾਸ਼ਟਰੀ ਖੇਡ ਮੈਦਾਨਾਂ ਦਾ ਚਰਚਿਤ ਖਿਡਾਰੀ ਬਣ ਗਿਆ।
2005-06 `ਚ ਇੰਗਲੈਂਡ ਦੇ ਸ਼ਹਿਰਾਂ ਡਰਬੀ, ਸਲੋਹ, ਸਾਊਥਾਲ ਤੇ ਬਰਮਿੰਘਮ `ਚ ਗੁਲਜ਼ਾਰੀ ਦੀਆਂ ਕਬੱਡੀਆਂ ਦੀ ਗਾਥਾ ਉਥੋਂ ਦੀਆਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਦਾ ਸ਼ਿੰਗਾਰ ਬਣੀ। ਉਹਦੀ ਖੇਡ ਕਲਾ ਦਾ ਜਾਦੂ ਠਾਠਾਂ ਮਾਰਦਾ ਨਜ਼ਰ ਆਇਆ। 2008 `ਚ ਕੈਨੇਡਾ ਦੇ ਸ਼ਹਿਰਾਂ ਵੈਨਕੂਵਰ ਤੇ ਟੋਰਾਂਟੋ `ਚ ਯੰਗ ਸਪੋਰਟਸ ਕਲੱਬ ਅਤੇ ਮੈਟਰੋ ਸਪੋਰਟਸ ਕਬੱਡੀ ਕਲੱਬ `ਚ ਗੁਲਜ਼ਾਰੀ ਨੇ ਆਪਣੀ ਖੇਡ ਕਲਾ ਨੂੰ ਚਾਰ ਚੰਨ ਲਾ ਦਿੱਤੇ। ਸੰਸਾਰ ਭਰ ਦੇ ਖੇਡ ਮੈਦਾਨਾਂ `ਚ ਗੁਲਜ਼ਾਰੀ ਦੀ ਆਮਦ `ਤੇ ਦਰਸ਼ਕਾਂ ਵੱਲੋਂ ਤਾੜੀਆਂ ਦਾ ਮੀਂਹ ਵਰ੍ਹਾ ਦਿੱਤਾ ਜਾਂਦਾ ਰਿਹਾ। 2009 `ਚ ਗੁਲਜ਼ਾਰੀ ਟੋਰਾਂਟੋ ਦੇ ਮੈਟਰੋ ਸਪੋਰਟਸ ਕਲੱਬ ਤੇ ਵੈਨਕੂਵਰ ਦੇ ਅਜ਼ਾਦ ਕਬੱਡੀ ਕਲੱਬ ਵੱਲੋਂ ਖੇਡਿਆ ਤੇ ਖੇਡ ਮੈਦਾਨਾਂ `ਚ ਨਵੇਂ ਰਿਕਾਰਡ ਸਥਾਪਿਤ ਕੀਤੇ। 2009 `ਚ ਹੀ ਅਮਰੀਕਾ ਦੀ ਧਰਤੀ `ਤੇ ਗੁਲਜ਼ਾਰੀ ਆਪਣੇ ਮੁਲਕ ਇੰਡੀਆਂ ਵੱਲੋਂ ਤਕੜੀ ਕਬੱਡੀ ਖੇਡਿਆ। 2010 `ਚ ਵੀ ਕੈਨੇਡਾ ਦੀ ਧਰਤੀ `ਤੇ ਯੰਗ ਸਪੋਰਟਸ ਕਲੱਬ ਅਤੇ ਪ੍ਰਿੰਸ ਜਾਰਜ ਕਬੱਡੀ ਕਲੱਬ ਵੱਲੋਂ ਉਸ ਨੇ ਸ਼ਾਨਦਾਰ ਕਬੱਡੀ ਖੇਡੀ।
2010 `ਚ ਪੰਜਾਬ ਦੀ ਧਰਤੀ ‘ਤੇ ਹੋਏ ਪਲੇਠੇ ਵਰਲਡ ਕਬੱਡੀ ਕੱਪ ਦੌਰਾਨ ਗੁਲਜ਼ਾਰੀ ਨੂੰ ਵੀ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਪਾਕਿਸਤਾਨ ਨਾਲ ਹੋਏ ਫਾਨੀਨਲ ਮੈਚ ਦੌਰਾਨ ਹਰ ਪੁਆਇੰਟ ‘ਤੇ ਪੰਜ ਹਜ਼ਾਰ ਰੁਪਏ ਦੇ ਨਕਦ ਇਨਾਮ ਸਨ। ਗੁਲਜ਼ਾਰੀ ਨੇ ਇਸ ਮੈਚ `ਚ ਗਿਆਰਾਂ ਕਬੱਡੀਆਂ ਪਾ ਕੇ 55000 ਰੁਪਏ ਜਿੱਤੇ। ਵਿਸ਼ਵ ਜੇਤੂ ਬਣ ਕੇ ਜਦ ਉਹ ਪਿੰਡ ਪਹੁੰਚਿਆਂ ਤਾਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਰੱਖੇ ਸਵਾਗਤੀ ਸਮਾਗਮ ਦੌਰਾਨ ਖੁਸ਼ੀ `ਚ 20 ਕੁਇੰਟਲ ਲੱਡੂ ਵੰਡੇ ਗਏ ਅਤੇ ਮੂਨਕ `ਚ ਦੋ ਕਨਾਲਾਂ ਦਾ ਪਲਾਟ ਤੋਹਫੇ ਵਜੋਂ ਦਿੱਤਾ ਗਿਆ। ਉਸ ਦਿਨ ਸਮੁੱਚੇ ਮੂਨਕ ਵਿਚ ਵਿਆਹ ਵਰਗਾ ਮਾਹੌਲ ਸੀ। ਦਿੜਬਾ ਦੇ ਖੇਡ ਮੇਲੇ ਤੇ ਸੋਨੇ ਦੀ ਮੁੰਦੀ, 2008 `ਚ ਮੂਨਕ ਦੇ ਖੇਡ ਮੇਲੇ `ਤੇ ਬੁਲਟ ਮੋਟਰਸਾਈਕਲ ਅਤੇ 2009 ਵਿਚ ਹਮੀਰਗੜ੍ਹ `ਚ ਫਿਰ ਬੁਲਟ ਮੋਟਰਸਾਈਕਲ ਨਾਲ ਉਹਦਾ ਸਨਮਾਨ ਹੋਇਆ। ਮਾਣ ਸਨਮਾਨ ਤੋਂ ਸੰਤੁਸ਼ਟ ਗੁਲਜ਼ਾਰੀ ਹੱਸਦਿਆਂ ਕਹਿੰਦਾ ਹੈ, ‘ਅਸੀਂ ਵੀ ਲੋਕਾਂ ਤੋਂ ਮਿਲਦੇ ਪਿਆਰ ਦੇ ਰਿਣੀ ਹਾਂ।’ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਵਾਹਰ ਸਿੰਘ ਤੇ ਗੁਰਪਾਲ ਸਿੰਘ ਪਾਲੀ ਦਾ ਉਹ ਉਚੇਚਾ ਜਿ਼ਕਰ ਕਰਦਾ ਹੈ। ਵੀਰ ਗੁਲਜ਼ਾਰੀ ਖੇਡ ਮੈਦਾਨਾਂ ਦਾ ਸਟਾਰ ਹੀ ਨਹੀਂ ਸਗੋਂ ਯਾਰਾਂ ਦਾ ਯਾਰ, ਮਸਤ ਮੌਲਾ ਫੱਕਰ ਇਨਸਾਨ, ਮਿੱਠ ਬੋਲੜਾ ਅਤੇ ਮਿਲਣਸਾਰ ਇਨਸਾਨ ਹੈ।
ਕੁਲਵੰਤ ਭਲਵਾਨ, ਸੰਤੀ ਫਤਿਹਗੜ੍ਹ ਸਾਹਿਬ ਤੇ ਹੰਸ ਰਾਜ ਲਾਸੀ ਦਾ ਗੁਲਜ਼ਾਰੀ ਦੀ ਖੇਡ ਕਲਾ ਨੂੰ ਤਰਾਸ਼ਣ `ਚ ਵਿਸ਼ੇਸ਼ ਯੋਗਦਾਨ ਹੈ। ਖੇਡ ਮੇਲਿਆਂ ‘ਤੇ ਗੁਲਜ਼ਾਰੀ ਦੀ ਆਮਦ ਖੇਡ ਪ੍ਰੇਮੀਆਂ `ਚ ਹੌਸਲੇ ਦਾ ਨਵਾਂ ਜੋਸ਼ ਪੈਦਾ ਕਰ ਦਿੰਦੀ ਹੈ। ਲੁਧਿਆਣੇ, ਪਾਕਿਸਤਾਨ ਵਿਰੁੱਧ ਖੇਡੇ ਫਾਈਨਲ ਮੈਚ ਸਮੇਂ ਪਾਕਿਸਤਾਨੀ ਜਾਫੀਆਂ ਨੂੰ ਬਿਪਤਾ ਛੇੜਨ ਵਾਲਾ ਗੁਲਜ਼ਾਰੀ ਨਵੀਂ ਪਨੀਰੀ ਲਈ ਪ੍ਰੇਰਨਾ ਸਰੋਤ ਹੈ। ਬਿੱਟੂ ਦੁਗਾਲ ਨਾਲ ਯਾਰੀ ਦਾ ਨਿੱਘ ਮਾਨਣ ਵਾਲਾ ਗੁਲਜ਼ਾਰੀ ਹਰ ਕਿਸੇ ਦੇ ਦੁੱਖ ਸੁੱਖ `ਚ ਸ਼ਰੀਕ ਹੋਣਾ ਆਪਣਾ ਫਰਜ਼ ਸਮਝਦਾ ਹੈ ਅਤੇ ਸਖ਼ਤ ਮਿਹਨਤ ਕਰਨ ਨੂੰ ਆਪਣਾ ਧਰਮ ਮੰਨਦਾ ਹੈ। ਮੂਨਕ ਦੀ ਗਊਸ਼ਾਲਾ `ਚ ਗੁਲਜ਼ਾਰੀ ਪਰਿਵਾਰ ਸਮੇਤ ਸੇਵਾ ਦਾ ਕੋਈ ਮੌਕਾ ਨਹੀਂ ਖੁੰਝਾਉਂਦਾ। ਲੋੜਵੰਦਾਂ ਦੀ ਮਦਦ ਕਰਨੀ ਤੇ ਬੜੇ ਫਖ਼ਰ ਨਾਲ ਕਹਿਣਾ, “ਭਰਾ ਜੀ, ਇਥੋਂ ਅਸਾਂ ਕੀ ਲੈ ਜਾਣਾ? ਸਗੋਂ ਸਾਰਾ ਕੁੱਝ ਇੱਥੇ ਹੀ ਰਹਿਣਾ, ਫਿਰ ਕਿਉਂ ਨਾ ਰਲ ਮਿਲ ਕੇ ਜ਼ਿੰਦਗੀ ਦੇ ਸਫਰ ਨੂੰ ਸੁਹਾਵਣਾ ਬਣਾਇਆ ਜਾਵੇ!”
ਸ਼ਾਨਾਮੱਤਾ ਧਾਵੀ ਲੱਖਾ ਗਾਜ਼ੀਪੁਰੀਆ
ਕਬੱਡੀ ਦਾ ਗੀਤ ‘ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ’ ਆਪਣੀ ਸਾਰਥਿਕਤਾ ਗੁਆ ਬਹਿੰਦਾ ਜਦ ਲੱਖਾ ਗਾਜ਼ੀਪੁਰੀਆ ਸੇ਼ਰ ਵਰਗੀ ਦਹਾੜ ਮਾਰਦਾ। ਮਾਂ ਖੇਡ ਕਬੱਡੀ ਦਾ ਅਜਿਹਾ ਮਾਣਮੱਤਾ ਧਾਵੀ ਹੈ ਲੱਖਾ ਗਾਜ਼ੀਪੁਰੀਆ! ਲੱਖੇ ਦਾ ਨਾਂ ਸੁਣਦਿਆਂ ਹੀ ਖੇਡ ਪ੍ਰੇਮੀਆਂ `ਚ ਨਵਾਂ ਜੋਸ਼ ਪੈਦਾ ਹੋ ਜਾਂਦਾ। ਜਤਿੰਦਰ ਸਿੰਘ ਲੱਖੇ ਦਾ ਜਨਮ ਪਿਤਾ ਬਲਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਰਬਜੀਤ ਕੌਰ ਦੀ ਕੁੱਖੋਂ 23 ਨਵੰਬਰ 1974 ਨੂੰ ਜਿ਼ਲ੍ਹਾ ਜਲੰਧਰ ਦੇ ਪਿੰਡ ਗਾਜ਼ੀਪੁਰ `ਚ ਹੋਇਆ। ਉਸ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਮੰਡ ਤੋਂ ਪ੍ਰਾਪਤ ਕੀਤੀ ਅਤੇ ਅੱਠਵੀਂ ਤੱਕ ਖਹਿਰਾ ਮਾਝਾ ਦੇ ਸਰਕਾਰੀ ਮਿਡਲ ਸਕੂਲ ਵਿਚ ਪੜ੍ਹਿਆ। ਲੱਖੇ ਦੇ ਬਾਪ ਦੀ ਜੁਆਨੀ ਵਿਚ ਹੀ ਮੌਤ ਹੋ ਗਈ ਸੀ ਅਤੇ ਦਾਦਾ ਸ. ਗੁਰਦੀਪ ਸਿੰਘ ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਸਨ।
ਲੱਖੇ ਦੇ ਮਾਮਾ ਜੀ ਸ. ਚਰਨਜੀਤ ਸਿੰਘ ਚੰਦੂ ਆਪਣੇ ਸਮੇਂ ਦੇ ਤਕੜੇ ਜਾਫੀ ਅਤੇ ਮਸ਼ਹੂਰ ਬਾਕਸਰ ਸਨ। ਦੇਵੀ ਦਿਆਲ ਦੇ ਸਮੇਂ ਉਨ੍ਹਾਂ ਨੇ ਚੋਟੀ ਦੀ ਕਬੱਡੀ ਖੇਡੀ ਸੀ। ਘਰ `ਚ ਖੇਡ ਭਰਪੂਰ ਮਾਹੌਲ ਹੋਣ ਕਰਕੇ ਲੱਖਾ ਬਚਪਨ ਤੋਂ ਹੀ ਆਪਣੇ ਅੰਦਰ ਕਬੱਡੀ ਪ੍ਰਤੀ ਮੋਹ ਦਾ ਇਜ਼ਹਾਰ ਕਰਨ ਲੱਗਿਆ। ਉਦੋਂ ਉਹ 13-14 ਸਾਲਾਂ ਦਾ ਹੀ ਸੀ ਜਦ ਉਸ ਦੇ ਮਾਮੇ ਚਰਨਜੀਤ ਸਿੰਘ ਨੇ ਉਸ ਨੂੰ ਆਪਣੀ ਦੇਖ ਰੇਖ ਹੇਠ ਕੈਨੇਡਾ ਸੱਦ ਲਿਆ। ਕੈਨੇਡਾ ਪਹੁੰਚ ਕੇ ਪਰਿਵਾਰਕ ਰੁਝੇਵਿਆਂ ਦੇ ਨਾਲ ਸਮਾਜਿਕ ਰੁਝੇਵੇਂ ਵੀ ਵਧ ਗਏ। 1989 `ਚ ਕੈਨੇਡਾ ਪਹੁੰਚਿਆ ਲੱਖਾ ਜਲਦੀ ਹੀ ਕੈਨੇਡਾ ਦੇ ਹਾਲਾਤ ਭਾਂਪ ਗਿਆ ਅਤੇ ਮਾਂ ਖੇਡ ਕਬੱਡੀ ਦੇ ਗੁੱਝੇ ਭੇਤਾਂ ਦੀ ਗੁੜ੍ਹਤੀ ਗ੍ਰਹਿਣ ਕਰਨ ਲਈ ਜੁਟ ਗਿਆ। ਨਿੱਕੇ ਹੁੰਦਿਆਂ ਉਹ ਆਪਣੇ ਪਿੰਡ ਨਾਲੋਂ ਜ਼ਿਆਦਾ ਤੀਰਥ ਗਾਖਲ ਦੇ ਪਿੰਡ ਗਾਖਲ `ਚ ਕਸਰਤ ਵਗੈਰਾ ਕਰਦਾ। ਮੁੱਛ-ਫੁੱਟ ਗੱਭਰੂ ਹੁੰਦਿਆਂ ਵੈਨਕੂਵਰ ਦੀ ਧਰਤੀ `ਤੇ ਲੱਖੇ ਦਾ ਵਾਹ ਸ਼ੇਰੇ-ਪੰਜਾਬ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨਾਲ ਪਿਆ। ਕਾਲਾ ਸੰਘਿਆਂ ਵਾਲੇ ਜਵਾਹਰੇ ਹੋਰਾਂ ਨੇ ਉਸ ਅੰਦਰ ਛੁਪੀ ਪ੍ਰਤਿਭਾ ਨੂੰ ਭਾਂਪਦਿਆਂ ਕੋਈ ਮੌਕਾ ਨਾ ਖੁੰਝਣ ਦਿੱਤਾ ਤੇ ਲੱਖਾ ਦਿਨ ਰਾਤ ਸ਼ੇਰੇ-ਪੰਜਾਬ ਸਪੋਰਟਸ ਕਲੱਬ ਦੀ ਦੇਖ-ਰੇਖ ਹੇਠ ਮਿਹਨਤ ਕਰਨ ਲੱਗ ਪਿਆ। ਪਹਿਲਾਂ ਉਸ ਨੇ 140 ਪੌਂਡ ਵਜ਼ਨ ਭਾਰ ਵਰਗ `ਚ ਫਿਰ 155 ਪੌਂਡ ਭਾਰ ਵਰਗ ਅਤੇ ਫਿਰ ਆਲ ਓਪਨ ਵਰਗ `ਚ ਚੰਗਾ ਨਾਮਣਾ ਖੱਟਿਆ।
ਆਲ ਓਪਨ ਟੂਰਨਾਮੈਂਟਾਂ ਦੌਰਾਨ ਲੱਖੇ ਦਾ ਨਾਂ ਮੂਹਰਲੀਆਂ ਸਫਾ `ਚ ਗੂੰਜਣ ਲੱਗਾ। ਉਸ ਨੇ ਕਲਾਤਮਕ ਖੇਡ ਕਲਾ ਦਾ ਮੁਜ਼ਾਹਰਾ ਕਰਦਿਆਂ ਜਲਦੀ ਹੀ ਮਾਂ ਖੇਡ ਕਬੱਡੀ ਦੇ ਖੇਤਰ `ਚ ਚੰਗੀਆਂ ਪੁਲਾਂਘਾਂ ਪੁੱਟੀਆਂ। 1994 `ਚ ਲੱਖਾ ਪਹਿਲੀ ਵਾਰੀ ਇੰਗਲੈਂਡ ਦੀ ਧਰਤੀ `ਤੇ ਵੈਨਕੂਵਰ ਵੱਲੋਂ ਛਿੰਦੇ ਅਮਲੀ ਦੀ ਟੀਮ `ਚ ਖੇਡਿਆ। ਉਦੋਂ ਪਹਿਲੀ ਵਾਰ ਹਰਜੀਤ ਬਰਾੜ ਹੋਰੀਂ ਇੰਗਲੈਂਡ ਖੇਡਣ ਗਏ ਸਨ। ਇੰਗਲੈਂਡ ਦੇ ਸ਼ਹਿਰਾਂ ਸਲੋਹ, ਡਰਬੀ, ਬਰਮਿੰਘਮ ਅਤੇ ਸਾਊਥਹਾਲ `ਚ ਖੇਡਦਿਆਂ ਲੱਖੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਨੇਡਾ, ਅਮਰੀਕਾ ਅਤੇ ਇੰਗਲੈਂਡ `ਚ ਹੁੰਦੇ ਲੋਕਲ ਮੈਚਾਂ ਦੌਰਾਨ ਉਹ ਕਈ ਵਾਰ ਬੈਸਟ ਧਾਵੀ ਚੁਣਿਆ ਗਿਆ। 2000 `ਚ ਲੱਖੇ ਨਾਲ ਬੜੀ ਮੰਦਭਾਗੀ ਘਟਨਾ ਵਾਪਰੀ ਜਦ ਵੈਨਕੂਵਰ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਦਾ ਆਖ਼ਰੀ ਮੈਚ ਅਤੇ ਮੈਚ ਦੀ ਆਖ਼ਰੀ ਕਬੱਡੀ ਪਾਉਂਦਿਆਂ ਅਚਨਚੇਤ ਵੱਡੀ ਸੱਟ ਵੱਜ ਗਈ। ਲੱਖਾ ਇਸ ਸੱਟ ਕਰਕੇ ਕਾਫੀ ਦੇਰ ਕਬੱਡੀ ਨਾ ਖੇਡ ਸਕਿਆ। 1997 `ਚ ਉਸ ਦੀ ਸ਼ਾਦੀ ਬੇਗੋਵਾਲ ਪਿੰਡ ਦੀ ਸੁੰਦਰ ਸੁਸ਼ੀਲ ਲੜਕੀ ਪ੍ਰਨੀਤ ਕੌਰ ਨਾਲ ਹੋਈ। ਲੱਖੇ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਗਰੇਸਨ ਸਿੰਘ ਅਤੇ ਆਈਵਿੱਖ ਸਿੰਘ ਨੇ ਜਨਮ ਲਿਆ ਜੋ ਕਿ ਹੁਣ ਖੇਡ ਖੇਤਰ `ਚ ਉੱਭਰਨ ਲਈ ਯਤਨਸ਼ੀਲ ਹਨ।
1997 `ਚ ਲੱਖਾ ਵਰਲਡ ਕੈਨੇਡਾ ਕੱਪ ਦੌਰਾਨ ਬੈਸਟ ਧਾਵੀ ਚੁਣਿਆ ਗਿਆ। 1999 `ਚ ਲੱਖਾ ਫਿਰ ਵਰਲਡ ਕੈਨੇਡਾ ਕੈਂਪ ਦਾ ਬੈਸਟ ਧਾਵੀ ਬਣਿਆ। ਉਹ ਦੱਸਦਾ ਹੈ ਕਿ ਅਸੀਂ ਦੋ ਰੇਡਰ ਹੁੰਦਿਆਂ ਹੀ ਲਗਾਤਾਰ ਕਬੱਡੀਆਂ ਪਾਉਂਦੇ ਰਹਿੰਦੇ। ਇੱਕ ਮੈਚ `ਚ 35-40 ਕਬੱਡੀਆਂ ਪੈ ਜਾਂਦੀਆਂ ਪਰ ਕਦੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਕਦੇ ਕੋਈ ਥਕਾਵਟ ਮਹਿਸੂਸ ਨਹੀਂ ਕੀਤੀ। ਬੱਸ ਇਉਂ ਹੁੰਦਾ ਸੀ ਕਿ ਮੈਚ ਖੇਡਣ ਗਏ ਬੱਸ ਜਿੱਤ ਕੇ ਆਈਏ। ਸਾਫ ਸੁਥਰੀ ਕਬੱਡੀ ਖੇਡਣ ਵਾਲਾ ਲੱਖਾ ਯਾਰਾਂ ਦਾ ਯਾਰ ਹੈ। ਆਤਮ ਵਿਸ਼ਵਾਸ ਦੀ ਲਟ-ਲਟ ਬਲਦੀ ਮਸ਼ਾਲ ਹੈ। ਛੇ ਫੁੱਟ ਕੱਦ ਦਾ ਮਾਲਕ ਅਤੇ ਕੁਇੰਟਲ ਕੁ ਵਜ਼ਨੀ ਲੱਖਾ ਕਹਿੰਦੇ ਕਹਾਉਂਦੇ ਜਾਫੀਆਂ ਨੂੰ ਵਕਤ ਪਾ ਦਿੰਦਾ ਹੈ। ਸੁੰਦਰ ਸਡੌਲ ਸਰੀਰ ਦਾ ਮਾਲਕ ਲੱਖਾ ਦਸਦਾ ਹੈ ਕਿ ਜਦ ਕਦੇ ਇੰਡੀਆ ਜਾਈਦਾ ਹੈ ਤਾਂ ਤੀਰਥ ਗਾਖਲ ਦੇ ਪਿੰਡ ਦੀਆਂ ਗਰਾਊਂਡਾਂ `ਚ ਹੀ ਮਿਹਨਤ ਵਗੈਰਾ ਕਰ ਲਈਦੀ ਹੈ। ਭਰਾ ਹਰਜੀਤ ਸਿੰਘ ਤੇ ਭੈਣ ਤੇਜਿੰਦਰ ਕੌਰ ਦਾ ਇਹ ਹੋਣਹਾਰ ਵੀਰ ਮਾਂ ਖੇਡ ਕਬੱਡੀ ਦੀ ਚੜ੍ਹਦੀ ਕਲਾ ਲਈ ਭਰਪੂਰ ਆਸਵੰਦ ਹੈ। ਕਬੱਡੀ `ਚ ਨਸ਼ਿਆਂ ਦੇ ਪਸਾਰੇ ਤੋਂ ਚਿੰਤਤ ਲੱਖਾ ਅਕਸਰ ਹੀ ਕਹਿੰਦਾ ਹੈ, ‘ਭਾਅ ਜੀ ਨਸੇ਼ ਕਬੱਡੀ ਖਿਡਾਰੀਆਂ ਦੀ ਮੱਤ ਮਾਰ ਦੇਣਗੇ। ਇਹ ਠੀਕ ਹੈ ਕਿ ਕਬੱਡੀ `ਚ ਪੈਸਾ ਬਹੁਤ ਹੈ, ਪਰ ਉਨਾ ਹੀ ਨਸ਼ਾ ਵੀ ਸਿਰ ਚੁੱਕ ਰਿਹਾ ਹੈ। ਸਾਨੂੰ ਸਾਰਿਆਂ ਨੂੰ ਕਬੱਡੀ `ਚ ਫੈਲਦੇ ਨਸ਼ੇ ਪ੍ਰਤੀ ਗੰਭੀਰਤਾ ਨਾਲ ਇਕੱਠੇ ਹੋਣਾ ਚਾਹੀਦਾ ਹੈ।’
ਬਲਵਿੰਦਰ ਫਿੱਡੂ, ਹਰਜੀਤ ਬਰਾੜ, ਤੀਰਥ ਗਾਖਲ ਤੇ ਹੋਰ ਸੁਪਰ ਸਟਾਰਾਂ ਨਾਲ ਡਟ ਕੇ ਕਬੱਡੀ ਖੇਡਣ ਵਾਲਾ ਲੱਖਾ ਗਰੀਬਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਹਿੰਦਾ ਹੈ, ‘ਸਾਨੂੰ ਝੁੱਗੀਆਂ ਝੋਂਪੜੀਆਂ ਵਾਲਿਆਂ ਦੀ ਵੀ ਮਦਦ ਕਰਦੇ ਰਹਿਣਾ ਚਾਹੀਦਾ ਹੈ।’ ਸਾਫ ਸੁਥਰੀ ਖੇਡ ਕਰਕੇ ਖੇਡ ਜਗਤ `ਚ ਚਰਚਿਤ ਲੱਖਾ ਮਾਂ ਖੇਡ ਕਬੱਡੀ ਦੇ ਖੇਤਰ `ਚ ਅਜੇ ਲੰਮੀ ਪਾਰੀ ਖੇਡਣ ਪ੍ਰਤੀ ਗੰਭੀਰ ਆਸਵੰਦ ਹੈ। ਲੱਖਾ ਇਹ ਵੀ ਕਹਿੰਦਾ ਹੈ ਕਿ ਸਰਕਾਰਾਂ ਵੀ ਕਬੱਡੀ ਦਾ ਖਿਆਲ ਰੱਖਣ ਤਾਂ ਕਿ ਕਬੱਡੀ ਨੂੰ ਸਰਕਾਰੀ ਮਾਨਤਾ ਮਿਲਣ ਦੇ ਰਾਹ `ਚ ਬਣਦੇ ਅੜਿੱਕੇ ਖ਼ਤਮ ਹੋ ਸਕਣ ਅਤੇ ਮਾਂ ਖੇਡ ਕਬੱਡੀ ਆਪਣਾ ਸ਼ਾਨਦਾਰ ਸਫ਼ਰ ਤੈਅ ਕਰਦੀ ਹੋਈ ਨਵੀਆਂ ਮੰਜ਼ਲਾਂ ਵੱਲ ਵਧ ਸਕੇ।