ਮਾਨਸ ਤੋਂ ਦੇਵਤਾ: ਲਾਲੀ ਅੱਖੀਆਂ ਦੀ ਇਹ ਪਈ ਦੱਸਦੀ ਏ…

ਗੁਰਬਚਨ ਸਿੰਘ ਭੁੱਲਰ
ਫੋਨ: +91-80763-63058
ਇਕ ਬੱਸ ਕਾਲ਼ਾ ਘੁਮਿਆਰ ਸੀ ਜਿਸ ਉੱਤੇ ਮੇਰਾ ਮਾਮਾ ਮੱਘਰ ਸਿੰਘ ਅੱਖਾਂ ਮੀਚ ਕੇ ਭਰੋਸਾ ਕਰਦਾ ਸੀ। ਨਾਂ ਤਾਂ ਉਹਦਾ ਕਾਲ਼ੇ ਖਾਂ ਸੀ ਪਰ ਇਕ ਮੇਰੇ ਮਾਮੇ ਤੋਂ ਬਿਨਾਂ ਸਭ ਉਹਨੂੰ ਕਾਲ਼ਾ ਹੀ ਆਖਦੇ। ਮਾਮਾ ਉਹਨੂੰ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੋਹ ਨਾਲ਼ ਕਾਲੇ ਖਾਂ ਆਖਦਾ। ਅੰਦਰ-ਬਾਹਰ ਦੇ ਉਹਦੇ ਸਾਰੇ ਕੰਮ ਕਾਲ਼ਾ ਹੀ ਕਰਦਾ। ਇਥੋਂ ਤੱਕ ਕਿ ਮਾਮਾ ਫ਼ਸਲ ਵੇਚਣ ਵੀ ਆਪ ਨਹੀਂ ਸੀ ਜਾਂਦਾ। ਕਾਲ਼ਾ ਆਪਣੇ ਗਧਿਆਂ ਉੱਤੇ ਫ਼ਸਲ ਲੱਦਦਾ ਤੇ ਗੋਨਿਆਣੇ ਮੰਡੀ ਆੜ੍ਹਤੀਏ ਦੇ ਲੈ ਜਾਂਦਾ। ਜੇ ਮਾਮਾ ਆਪ ਜਾਂਦਾ ਵੀ, ਉਹਨੇ ਕਿਹੜਾ ਹਿਸਾਬ-ਕਿਤਾਬ ਕਰ ਲੈਣਾ ਸੀ! ਉਹ ਉਨ੍ਹਾਂ ਵੇਲ਼ਿਆਂ ਦੇ ਉਨ੍ਹਾਂ ਅਨੇਕ ਪੇਂਡੂ ਲੋਕਾਂ ਵਿਚੋਂ ਸੀ ਜਿਹੜੇ ਉਮਰ ਭੋਗ ਕੇ ਬੁੜ੍ਹੇ ਹੋ ਗਏ ਹੋਣ ਦੇ ਬਾਵਜੂਦ ਵੀਹ ਤੋਂ ਵੱਧ ਗਿਣਤੀ ਨਹੀਂ ਸਨ ਜਾਣਦੇ। ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਇਹਦੀ ਲੋੜ ਹੀ ਨਹੀਂ ਸੀ ਪੈਂਦੀ।

ਜਿਵੇਂ ਹੁਣ ਚੀਜ਼ਾਂ ਦੀ ਖਰੀਦ-ਵਿਕਰੀ ਦੀ ਰਕਮ ਦਾ ਜ਼ਿਕਰ ਸੈਂਕੜਿਆਂ-ਹਜ਼ਾਰਾਂ ਵਿਚ ਹੁੰਦਾ ਹੈ, ਓਦੋਂ ਵੀਹਾਂ ਵਿਚ ਹੁੰਦਾ ਸੀ। ਗਾਂ, ਬਲ੍ਹਦ, ਮ੍ਹੈਂਸ, ਆਦਿ ਪਸੂ ਐਨੀਆਂ ਵੀਹਾਂ ਦਾ ਆਇਆ ਅਤੇ ਫ਼ਸਲ ਦੇ ਐਨੇ ਵੀਹਾਂ ਵੱਟੇ ਗਏ। ਆਰਥਿਕਤਾ ਦੇ ਉਸ ਦੌਰ ਵਿਚ ਕਿਸਾਨਾਂ ਨੂੰ ਵੀਹਾਂ ਵਿਚ ਗਿਣੇ ਜਾਂਦੇ ਨੋਟਾਂ ਦੇ ਦਰਸ਼ਨ ਵੀ ਰੋਜ਼-ਰੋਜ਼ ਨਹੀਂ ਸਨ ਹੁੰਦੇ ਸਗੋਂ ਛੇ ਮਹੀਨਿਆਂ ਮਗਰੋਂ ਹਾੜ੍ਹੀ-ਸਾਉਣੀ ਦੀ ਫ਼ਸਲ ਆਈ ਤੋਂ ਹੀ ਹੁੰਦੇ ਸਨ। ਕੁਦਰਤੀ ਹੀ, ਕਿਸਾਨ ਉੱਤੇ ਨਿਰਭਰ ਭਾਂਤ-ਭਾਂਤ ਦੇ ਕਾਮਿਆਂ-ਕਿਰਤੀਆਂ ਨੂੰ ਵੀ ਹਿੱਸੇ ਬੈਠਦੇ ਨੋਟ ਉਸ ਸਮੇਂ ਹੀ ਦਰਸ਼ਨ ਦਿੰਦੇ। ਇਸ ਕਰਕੇ ਰੋਜ਼-ਰੋਜ਼ ਦੀ ਖਰੀਦਦਾਰੀ ਲਈ ਦਾਣਿਆਂ ਦੀ ਚੁੰਗ ਹੀ ਕੰਮ ਆਉਂਦੀ। ਜਾਂ ਫੇਰ ਹੁਧਾਰ, ਜੋ ਬਾਣੀਏ ਬਹੀ ਉੱਤੇ ਲਿਖਦੇ ਰਹਿੰਦੇ ਅਤੇ ਫ਼ਸਲ ਆਈ ਤੋਂ ਲੈ ਲੈਂਦੇ।
ਮਾਮੇ ਮੱਘਰ ਤੇ ਕਾਲ਼ੇ ਦੇ ਕਿੱਸੇ ਤਾਂ ਕਈ ਹਨ ਪਰ ਇਹ ਇਕ ਤਾਂ ਜ਼ਰੂਰ ਸੁਣਾਉਣ ਵਾਲ਼ਾ ਹੈ। ਇਸ ਵਿਚ ਈਮਾਨਦਾਰ, ਨਿਮਰ ਤੇ ਨਿਰਛਲ ਕਾਲ਼ੇ ਦੇ ਸੰਬੰਧ ਵਿਚ ਮਾਮੇ ਦਾ ਭੋਲ਼ਾਪਨ ਵੀ ਹੈ, ਸੁਹਿਰਦਤਾ ਵੀ ਹੈ ਅਤੇ ਘੋਰ ਨਫ਼ਰਤ ਦੇ ਦੌਰ ਵਿਚ ਆਪਣੀ ਇਨਸਾਨੀਅਤ ਨੂੰ ਅਡੋਲ ਰੱਖ ਸਕਣ ਦੀ ਸਮਰੱਥਾ ਵੀ ਹੈ।
ਮਾਮੀ ਛੋਟੇ-ਛੋਟੇ ਦੋ ਬੱਚੇ, ਇਕ ਮੁੰਡਾ ਤੇ ਇਕ ਕੁੜੀ, ਛੱਡ ਕੇ ਚਲਾਣਾ ਕਰ ਗਈ। ਮਾਮਾ ਭੋਲ਼ਾ ਤਾਂ ਜਮਾਂਦਰੂ ਹੀ ਸੀ, ਉੱਤੋਂ ਹੁਣ ਉਹਦੇ ਭੋਲ਼ੇਪਨ ਵਿਚ ਵਹਿਮ ਜੁੜ ਗਿਆ। ਜ਼ਮੀਨ ਬਹੁਤ ਸੀ। ਉਹਨੂੰ ਡਰ ਬੈਠ ਗਿਆ ਕਿ ਕੋਈ ਸ਼ਰੀਕ ਜ਼ਮੀਨ ਦੇ ਲਾਲਚ ਵਿਚ ਜੁਆਕਾਂ ਨੂੰ ਹੀ ਨਾ ਮਾਰ ਦੇਵੇ। ਨਤੀਜਾ ਇਹ ਹੋਇਆ ਕਿ ਲੋਕਾਂ ਤੋਂ ਉਹਦਾ ਭਰੋਸਾ ਹੀ ਚੁੱਕਿਆ ਗਿਆ। ਕਾਲ਼ੇ ਤੇ ਉਹਦੀ ਘਰਵਾਲ਼ੀ ਨਾਲ਼ ਮਾਮੇ ਦਾ ਵਾਹ ਮਾਮੀ ਦੇ ਜਿਉਂਦੀ ਹੋਣ ਵੇਲ਼ੇ ਦਾ ਸੀ। ਕਾਲ਼ੇ ਦੀ ਘਰਵਾਲ਼ੀ ਕੱਪੜੇ ਧੋਂਦੀ, ਕਣਕ ਛੰਡਦੀ ਤੇ ਆਟਾ ਪੀਂਹਦੀ, ਬਰਸਾਤਾਂ ਤੋਂ ਪਹਿਲਾਂ ਘਰ ਵਿਚ ਤੇ ਛੱਤਾਂ ਉੱਤੇ ਤਲ਼ੀਆਂ ਦਿੰਦੀ ਅਤੇ ਕੰਧਾਂ ਉੱਤੇ ਪਾਂਡੋ-ਪੋਚਾ ਫੇਰਦੀ। ਮਾਮਾ ਕਾਲ਼ੇ ਵਾਂਗ ਹੀ ਉਹਨੂੰ ਵੀ ਉਹਦੇ ਬਣਦੇ ਹੱਕ ਤੋਂ ਵੱਧ ਹੀ ਦਿੰਦਾ। ਸ਼ਾਇਦ ਇਸ ਲੰਮੇ ਵਾਹ ਵਿਚੋਂ ਹੀ ਮਾਮਾ ਇਸ ਸਿੱਟੇ ਉੱਤੇ ਪਹੁੰਚਿਆ ਸੀ ਕਿ ਕਾਲ਼ਾ ਭਰੋਸੇਯੋਗ ਬੰਦਾ ਹੈ।
ਕਾਲ਼ਾ ਫ਼ਸਲ ਵੇਚ ਕੇ ਆਉਂਦਾ ਤਾਂ ਆਖਦਾ, “ਐਹ ਲੈ ਚਾਚਾ, ਐਨੇ ਵੀਹਾਂ ਜੋ ਤੂੰ ਲਿਆਉਣ ਨੂੰ ਕਿਹਾ ਸੀ ਤੇ ਬਾਕੀ ਐਨੇ ਵੀਹਾਂ ਆੜ੍ਹਤੀਏ ਕੋਲ ਜਮ੍ਹਾਂ ਕਰਵਾ ਦਿੱਤੇ।”
ਮਾਮਾ ਹਿਸਾਬ-ਕਿਤਾਬ ਦੀ ਕਿਸੇ ਵੀ ਪੁੱਛ-ਗਿੱਛ ਤੋਂ ਬਿਨਾਂ ਪੈਸੇ ਫੜ ਕੇ ਸਾਂਭ ਲੈਂਦਾ।
ਤੇ ਫੇਰ ਸੰਨ ਸੰਤਾਲ਼ੀ ਆ ਗਿਆ। ਕੁਛ ਭਲੇ ਲੋਕਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਫ਼ਿਰੋਜ਼ਪੁਰ ਤੋਂ ਸਰਹੱਦ ਪਾਰ ਕਰਵਾਉਣ ਦਾ ਫ਼ੈਸਲਾ ਕਰ ਲਿਆ। ਆਥਣ ਵੇਲ਼ੇ ਕਾਲ਼ੇ ਨੇ ਆ ਕੇ ਇਹ ਸਭ ਤਾਂ ਮਾਮੇ ਨੂੰ ਦੱਸਿਆ ਹੀ, ਨਾਲ਼ ਹੀ ਇਕ ਪੋਟਲੀ ਵੀ ਫੜਾ ਦਿੱਤੀ। ਮਾਮੇ ਦੀ ਪੁੱਛ ਦੇ ਜਵਾਬ ਵਿਚ ਉਹ ਬੋਲਿਆ, “ਹੋਰਾਂ ਦੇ ਐਵੇਂ ਨਿੱਕੇ-ਮੋਟੇ ਕੰਮਾਂ ਨੂੰ ਛੱਡ ਕੇ ਮੈਂ ਤਾਂ ਤੇਰੇ ਘਰ ਤੋਂ ਬਿਨਾਂ ਕਦੇ ਕਿਸੇ ਦਾ ਕੁਛ ਖਾਸ ਕੀਤਾ ਹੀ ਨਹੀਂ। ਤੇ ਤੂੰ ਮੈਨੂੰ ਹਮੇਸ਼ਾ ਮੇਰੇ ਬਣਦੇ ਤੋਂ ਵੱਧ ਦਿੱਤਾ। ਮੈਂ ਜੋ ਕੁਛ ਮਾੜਾ-ਮੋਟਾ ਬਣਾਇਆ ਹੈ, ਸਭ ਤੇਰੇ ਹੱਥੋਂ ਮਿਲੇ ਨਾਲ਼ ਹੀ ਬਣਾਇਆ ਹੈ। ਜੇ ਕਦੇ ਕਿਸਮਤ ਨੇ ਸਾਥ ਦਿੱਤਾ ਤੇ ਅਮਨ-ਚੈਨ ਹੋਏ ਤੋਂ ਆਉਣ ਦੀ ਖੁੱਲ੍ਹ ਮਿਲੀ, ਮੈਂ ਆਬਦੀ ਚੀਜ਼ ਲੈ ਜਾਊਂ। ਜੇ ਕਦੇ ਵੀ ਆਉਣਾ ਨਾ ਬਣਿਆ, ਤਾਂ ਮੇਰੇ ਵਾਂਗੂੰ ਤੂੰ ਵੀ ਇਹੋ ਸਮਝੀਂ ਕਿ ਇਹ ਚੀਜ਼-ਵਸਤ ਤੇਰੀ ਹੀ ਸੀ, ਤੈਨੂੰ ਮਿਲ ਗਈ!”
ਮਾਮੇ ਨੇ ਪੁੱਛਿਆ, “ਜਾਣਾ ਕਦੋਂ ਪਊ?… ਨਾਲ਼ੇ ਇਹ ਤਾਂ ਚਾਰ ਦਿਨਾਂ ਦੀ ਨ੍ਹੇਰੀ ਹੈ ਕਾਲ਼ੇ ਖ਼ਾਂ, ਨੰਘੀ ਤੋਂ ਫੇਰ ਸਭ ਠੀਕ ਹੋ ਜਾਊ। ਤੂੰ ਇਥੇ ਹੀ ਆਉਣੈਂ ਮੁੜ ਕੇ!”
ਕਾਲ਼ਾ ਬੋਲਿਆ, “ਕਦੋਂ ਕੀ ਚਾਚਾ, ਚਾਰ-ਚੁਫੇਰੇ ਤਾਂ ਹਾਹਾਕਾਰ ਮੱਚੀ ਪਈ ਹੈ, ਅੱਜ ਰਾਤ ਨੂੰ ਹੀ ਨਿੱਕਲ ਜਾਣੈ।” ਉਹ ਬਾਹਰਲੀ ਦੁਨੀਆ ਬਾਰੇ ਮਾਮੇ ਨਾਲੋਂ ਯਕੀਨਨ ਵੱਧ ਅਨੁਭਵੀ ਸੀ, ਉਹਦੀ ਦੂਜੀ ਗੱਲ ਦੇ ਜਵਾਬ ਵਿਚ ਬੋਲਿਆ, “ਰੱਬ ਕਰੇ, ਤੇਰੀ ਗੱਲ ਸੱਚੀ ਹੋਵੇ, ਚਾਚਾ। ਪਰ ਰੱਬ ਦੀਆਂ ਰੱਬ ਹੀ ਜਾਣੇਂ! ਖ਼ਬਰੈ ਕਿਸਮਤ ਵਿਚ ਕੀ-ਕੀ ਧੱਕੇ ਖਾਣੇ ਲਿਖੇ ਐ!”
ਮਾਮੇ ਦਾ ਦਿਲ ਹੇਠ ਨੂੰ ਗਿਆ, “ਅੱਜ ਰਾਤ ਨੂੰ ਹੀ?” ਤੇ ਉਹ ਕਾਲ਼ੇ ਨੂੰ ਹਿੱਕ ਨਾਲ਼ ਲਾ ਕੇ ਜ਼ਾਰੋ-ਜ਼ਾਰ ਰੋ ਪਿਆ। ਕਾਲ਼ੇ ਦੇ ਦੁੱਖ ਦਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਪਿਆ ਸੀ, ਉਹਨੇ ਤਾਂ ਉੱਛਲਣਾ ਹੀ ਸੀ। ਧਾਹਾਂ ਮਾਰਦੇ ਹੀ ਦੋਵੇਂ ਵੱਖ ਹੋਏ। ਪਿੰਡ ਵਾਲ਼ੇ ਮੁਸਲਮਾਨਾਂ ਨੂੰ ਹੱਦ ਲੰਘਾਉਣ ਦਾ ਨੇਕ ਕੰਮ ਕਰ ਆਏ। ਉਸ ਪਿੱਛੋਂ ਕਿਸੇ ਨੂੰ ਕਿਸੇ ਦੀ ਕੋਈ ਖ਼ਬਰ ਨਹੀਂ ਸੀ ਕਿ ਕੌਣ ਕਿੱਧਰ ਗਿਆ। ਚਲੋ, ਪਿੰਡ ਵਾਲ਼ਿਆਂ ਵਾਸਤੇ ਇਹੋ ਤਸੱਲੀ ਬਹੁਤ ਸੀ ਕਿ ਉਨ੍ਹਾਂ ਨੇ ਕੁਛ ਜਾਨਾਂ ਬਚਾ ਦਿੱਤੀਆਂ ਸਨ।
ਕੁਛ ਦਿਨ ਬੀਤੇ, ਥਾਣੇਦਾਰ ਡੇਰੇ ਦੇ ਵਿਹੜੇ ਵਿਚ ਮੇਜ਼-ਕੁਰਸੀ ਲੁਆ ਕੇ ਬੈਠ ਗਿਆ। ਉਹਨੇ ਨੰਬਰਦਾਰ ਤੇ ਪਿੰਡ ਦੇ ਹੋਰ ਮੋਹਰੀ ਬੁਲਾ ਲਏ। ਚੌਕੀਦਾਰ ਨੂੰ ਆਖ ਕੇ ਪਿੰਡ ਵਿਚ ਹੋਕਾ ਦੁਆ ਦਿੱਤਾ ਕਿ ਜਿਸ ਕਿਸੇ ਕੋਲ ਮੁਸਲਮਾਨਾਂ ਦੀ ਲੁੱਟ ਦਾ ਮਾਲ ਹੈ, ਆ ਕੇ ਇਤਲਾਹ ਕਰੇ। ਉਹਦਾ ਖਾਸ ਜ਼ੋਰ ਮੁਸਲਮਾਨ ਲੜਕੀਆਂ ਤੇ ਔਰਤਾਂ ਦੀ ਜਾਣਕਾਰੀ ਲੈਣ ਉੱਤੇ ਸੀ। ਹੌਲ਼ੀ-ਹੌਲ਼ੀ ਡੇਰੇ ਦਾ ਵਿਹੜਾ ਬੰਦਿਆਂ ਨਾਲ਼ ਭਰ ਗਿਆ ਜਿਨ੍ਹਾਂ ਵਿਚੋਂ ਬਹੁਤੇ ਤਮਾਸ਼ਬੀਨ ਸਨ।
ਮਾਮੇ ਮੱਘਰ ਨੇ ਵੀ ਹੋਕਾ ਸੁਣਿਆ ਤੇ ਚੌਕੀਦਾਰ ਨੂੰ ਰੋਕ ਕੇ ਉਹਤੋਂ ਵੀ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਲਈ। ਉਹਨੇ ਕਾਲ਼ੇ ਵਾਲ਼ੀ ਪੋਟਲੀ ਪਰਨੇ ਵਿਚ ਲਪੇਟੀ ਤੇ ਚੁੱਪਚਾਪ ਥਾਣੇਦਾਰ ਦੇ ਮੇਜ਼ ਕੋਲ ਪਹੁੰਚ ਗਿਆ। ਉਹਨੂੰ ਥਾਣੇਦਾਰ ਵੱਲ ਤੁਰਿਆ ਜਾਂਦਾ ਦੇਖ ਕੇ ਸਭ ਹੈਰਾਨ! ਇਹ ਬੰਦਾ ਤਾਂ ਕਿਸੇ ਦੂਜੇ ਦੀ ਮਿੱਟੀ ਦੀ ਮੁੱਠੀ ਤੱਕ ਨਹੀਂ ਲੈਂਦਾ, ਇਹ ਇਥੇ ਕਿਵੇਂ! ਮਾਮੇ ਨੇ ਪੋਟਲੀ ਮੇਜ਼ ਉੱਤੇ ਰੱਖ ਕੇ ਹੱਥ ਜੋੜੇ, “ਸਰਕਾਰ, ਇਹ ਵਸਤ ਕਾਲ਼ੇ ਖਾਂ ਵਲਦ ਫਤਿਹ ਖਾਂ ਦੀ ਮੇਰੇ ਕੋਲ ਅਮਾਨਤ ਹੈ। ਹੁਣ ਜਦੋਂ ਤੁਸੀਂ ਆਪ ਹੀ ਆ ਗਏ, ਮੇਰਾ ਫ਼ਿਕਰ ਮੁੱਕਿਆ। ਇਹ ਲਉ, ਐਨੇ ਤੋਲ਼ੇ ਸਿਉਣਾ ਤੇ ਐਨੀ ਚਾਂਦੀ। ਉਹਨੂੰ ਪਾਕਸਤਾਨ ਪਹੁੰਚਦੀ ਕਰ ਦਿਉ। ਮੇਰੇ ਸਿਰੋਂ ਭਾਰ ਉੱਤਰਿਆ।”
ਉਹ ਜਿਵੇਂ ਚੁੱਪਚਾਪ ਆਇਆ ਸੀ, ਉਸੇ ਤਰ੍ਹਾਂ ਕਿਸੇ ਨਾਲ਼ ਕੋਈ ਗੱਲ ਕਰੇ ਬਿਨਾਂ ਡੇਰੇ ਵਿਚੋਂ ਨਿੱਕਲ ਗਿਆ। ਉਥੇ ਉਹਨੂੰ ਇਹ ਆਖਣ ਦੀ ਹਿੰਮਤ ਕੌਣ ਕਰਦਾ ਕਿ ਭਲਿਆਮਾਨਸਾ, ਇਹ ਕੀ ਕਰ ਚੱਲਿਆ ਹੈਂ! ਥਾਣੇਦਾਰ ਨੇ ਅੰਦਰੋਂ ਗਦਗਦ ਹੋ ਕੇ ਬਾਹਰੋਂ ਗੰਭੀਰ ਰਹਿੰਦਿਆਂ ਕਿਹਾ, “ਇਹੋ ਜਿਹਾ ਸਭ ਮਾਲ ਸਰਕਾਰੀ ਖ਼ਜ਼ਾਨੇ ਵਿਚ ਚਲਿਆ ਜਾਣਾ ਹੈ!” ਸੱਚ ਜਾਣਦਿਆਂ ਵੀ ਕੋਈ ਕੀ ਆਖਦਾ!
ਦਿਨ ਬੀਤਦੇ ਗਏ। ਮਹੀਨੇ ਬੀਤਣ ਲੱਗੇ। ਫੇਰ ਚਾਰ-ਪੰਜ ਸਾਲ ਬੀਤ ਗਏ। ਪੰਜਾਹਵਿਆਂ ਦੇ ਸ਼ੁਰੂ ਵਿਚ ਦੋਵਾਂ ਪਾਸਿਆਂ ਦੇ ਉੱਜੜਿਆਂ ਵਾਸਤੇ ਇਕ ਵਿਰਲ ਖੁੱਲ੍ਹ ਗਈ। ਉਹ ਅਜਿਹਾ ਗਹਿਣਾ-ਗੱਟਾ ਲੈ ਕੇ ਜਾ ਸਕਦੇ ਸਨ। ਮਾਮੇ ਦਾ ਅਜਿਹੀਆਂ ਗੱਲਾਂ ਨਾਲ਼ ਜਾਂ ਖ਼ਬਰਾਂ ਨਾਲ਼ ਕੋਈ ਵਾਸਤਾ ਨਹੀਂ ਸੀ ਹੁੰਦਾ। ਆਪਣੀ ਸੀਮਤ ਜਿਹੀ ਹੋਂਦ ਤੋਂ ਬਾਹਰ ਉਹਦੇ ਲਈ ਸਭ ਕੁਛ ਬੇਮਤਲਬ ਤੇ ਅਣਹੋਂਦਾ ਸੀ!
ਤੇ ਫੇਰ ਇਕ ਦਿਨ ਅਚਾਨਕ ਕਾਲ਼ਾ ਆ ਗਿਆ। ਵਿਛੜਨ ਵੇਲ਼ੇ ਵਾਂਗ ਹੁਣ ਮਿਲ ਕੇ ਵੀ ਦੋਵੇਂ ਇਕ ਦੂਜੇ ਦੇ ਗਲ਼ ਲੱਗ ਕੇ ਬੁੱਕਾਂ ਦੇ ਬੁੱਕ ਅੱਥਰੂ ਰੋਏ। ਲਗਦਾ ਹੈ, ਉਸਤਾਦ ਦਾਮਨ ਨੇ ਕਿਸੇ ਮੱਘਰ ਤੇ ਕਾਲ਼ੇ ਦੀਆਂ ਇਕ ਦੂਜੇ ਦੇ ਗਲ਼ ਲੱਗ ਕੇ ਮਾਰੀਆਂ ਧਾਹਾਂ ਦਾ ਕੋਈ ਅਜਿਹਾ ਨਜ਼ਾਰਾ ਦੇਖ ਕੇ ਹੀ ਲਿਖਿਆ ਹੋਵੇਗਾ: ਲਾਲੀ ਅੱਖੀਆਂ ਦੀ ਪਈ ਦੱਸਦੀ ਐ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ!
ਏਨਾ ਜ਼ਰੂਰ ਸੀ ਕਿ ਵਿਛੜਨ ਵੇਲ਼ੇ ਦੇ ਅਣਦੇਖੀ-ਅਣਜਾਣੀ ਦੁਨੀਆ ਵਿਚ ਖ਼ਾਲੀ ਹੱਥ ਜਾਣ ਦੇ ਭੈ ਦੇ ਉਲਟ ਹੁਣ ਇਸ ਗੱਲ ਦੀ ਕੁਛ-ਕੁਛ ਤਸੱਲੀ ਸੀ ਕਿ ਉਹ ਜਿਥੇ ਵੀ ਪਹੁੰਚਿਆ ਸੀ, ਠੀਕ-ਠਾਕ ਪਹੁੰਚ ਗਿਆ ਸੀ। ਦੋਵੇਂ ਸਭ ਦੀ ਸੁੱਖਸਾਂਦ ਪੁੱਛ-ਦੱਸ ਕੇ ਸੰਤੁਸ਼ਟ ਹੋ ਗਏ। ਸੁਖ ਦਾ ਸਾਹ ਲੈ ਕੇ ਮਾਮੇ ਨੇ ਪੁੱਛਿਆ, “ਕਾਲ਼ੇ ਖ਼ਾਂ, ਤੇਰੀ ਵਸਤ ਤੈਨੂੰ ਸਹੀ-ਸਲਾਮਤ ਪਹੁੰਚ ਗਈ ਸੀ?”
ਕਾਲ਼ੇ ਨੇ ਕਾਹਲ਼ੀ ਨਾਲ਼ ਜਵਾਬੀ ਸਵਾਲ ਕੀਤਾ, “ਕੀਹਦੇ ਹੱਥ ਭੇਜੀ ਸੀ, ਚਾਚਾ, ਮੇਰੀ ਵਸਤ?”
ਮਾਮੇ ਨੇ ਸਾਰਾ ਕਿੱਸਾ ਕਹਿ ਸੁਣਾਇਆ।
ਕਾਲ਼ੇ ਨੇ ਹਉਕਾ ਲਿਆ, “ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ। ਦੇਸ ਇਕ ਦੇ ਦੋ ਹੋ ਗਏ। ਪਰ ਤੂੰ ਮੇਰਾ ਉਹੋ ਭੋਲ਼ੇ ਦਾ ਭੋਲ਼ਾ ਚਾਚਾ ਰਿਹਾ! ਲ਼ੱਖਾਂ ਉੱਜੜ ਕੇ ਐਧਰ ਆਏ, ਲੱਖਾਂ ਉੱਜੜ ਕੇ ਓਧਰ ਗਏ। ਕੌਣ ਜਾਣੇ ਕੀਹਨੂੰ ਕਿਥੇ ਸਿਰ ਲੁਕੋਣ ਦੀ ਥਾਂ ਮਿਲੀ ਹੈ। ਅਣਗਿਣਤ ਕਾਲ਼ੇ ਖ਼ਾਂ ਵਲਦ ਫ਼ਤਿਹ ਖਾਂ ਕਿਸਮਤ ਦੇ ਮਾਰੇ ਭਟਕਦੇ ਫਿਰਦੇ ਰਹੇ।… ਉਹ ਤਾਂ ਠਾਨੇਦਾਰਨੀ ਨੇ ਪੁਰਾਣੇ ਤੁੜਵਾ ਕੇ ਨਵੇਂ ਬਣਵਾ ਲਏ ਹੋਣਗੇ ਤੇ ਮੌਜ ਨਾਲ ਲਿਸ਼ਕਾਉਂਦੀ ਹੋਊ।”
ਮਾਮਾ ਹੈਰਾਨ ਹੋਇਆ, “ਕੀ ਕਹਿੰਦਾ ਹੈਂ ਕਾਲ਼ੇ ਖ਼ਾਂ! ਕਦੇ ਸਰਕਾਰ ਵੀ ਇਉਂ ਬੇਈਮਾਨੀ ਕਰਦੀ ਐ! ਸਰਕਾਰ ਤਾਂ ਪਰਜਾ ਦੀ ਮਾਈ-ਬਾਪ ਹੁੰਦੀ ਐ!”
ਕਾਲ਼ੇ ਨੇ ਉਹਦੀ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ਕਿਹਾ, “ਪਰ ਚਾਚਾ, ਤੂੰ ਚਿੰਤਾ ਨਾ ਕਰ। ਤੂੰ ਭੇਜ ਦਿੱਤੇ ਤੇ ਮੈਨੂੰ ਮਿਲ ਗਏ। ਗੱਲ ਮੁਕਦੀ ਹੋਈ।”
ਮਾਮੇ ਨੂੰ ਤਸੱਲੀ ਹੋਈ ਕਿ ਕਾਲ਼ੇ ਨੇ ਅਜੇ ਦੋ ਕੁ ਦਿਨ ਰਹਿਣਾ ਸੀ। ਉਹ ਸੁਨਿਆਰ ਦੇ ਗਿਆ ਤੇ ਓਨਾ ਸਿਉਣਾ-ਚਾਂਦੀ ਲੈ ਕੇ ਕਾਲ਼ੇ ਦੀ ਝੋਲ਼ੀ ਆ ਪਾਏ। ਕਾਲ਼ੇ ਨੇ ਲੱਖ ਸਿਰ ਮਾਰਿਆ ਪਰ ਮਾਮੇ ਦੀ ਇਕੋ ਜ਼ਿੱਦ, “ਉਹ ਮਾਲ ਠਾਨੇਦਾਰਨੀ ਦੇ ਕਰਮਾਂ ਵਿਚ ਲਿਖਿਆ ਸੀ, ਉਹਨੂੰ ਮਿਲ ਗਿਆ। ਇਹ ਮੇਰੀ ਨੂੰਹ ਦੀ ਅਮਾਨਤ ਹੈ, ਉਹਦੀ ਤੇ ਤੇਰੀ ਦਸਾਂ ਨਹੁੰਆਂ ਦੀ ਕਮਾਈ। ਇਹ ਉਹਨੂੰ ਦੇ ਦੇਈਂ ਜਾ ਕੇ।”