ਨਵੀਂ ਰੰਨ ਮੁਬਾਰਕ ਪੰਜਾਬ ਸਿਆਂ!

ਪਿਛਲੀਆਂ ਦੋਹਾਂ ਤੋਂ ਆਜਿਜ ਆਏ ਪੰਜਾਬ ਨੂੰ ਆਖਰ ਨਵੀਂ ਨਵੇਲੀ ਹਾਸਲ ਹੋ ਹੀ ਗਈ। ਹੋ ਤਾਂ ਪਿਛਲੀ ਵਾਰ ਹੀ ਜਾਣੀ ਸੀ ਪਰ ਐਨ.ਆਰ.ਆਈਜ.਼ ਦੀ ਬਹੁਤੀ ਲਾਅਲਾ ਲਾਅਲਾ ਨੇ ਕੰਮ ਵਿਗਾੜ ਦਿੱਤਾ ਸੀ।

ਇਸ ਵਾਰ ਐਨ ਆਰ ਆਈਜ਼ ਨੇ ਬਹੁਤੀ ਚੱਕ ਲੋ ਚੱਕ ਲੋ ਤੋਂ ਪਰਹੇਜ਼ ਕੀਤਾ ਤੇ ਕੰਮ ਰਾਸ ਆ ਗਿਆ। ਹੁਣ ਨਵੀਂ ਦੁਲਹਨ ਨੂੰ ਸੰਭਲ ਕੇ ਚੱਲਣ ਦੀ ਤਾਕੀਦ ਹੈ ਕਿਉਂਕਿ ਪੰਜਾਬੀ ਬਹੁਤਾ ਚਿਰ ਸਬਰ ਨੀ ਕਰਦੇ ਅਤੇ ਡਾਹਢੇ ਖਸਮ ਵਾਂਗੂੰ ਕਦੇ ਲੂਣ ਘੱਟ ਵੱਧ `ਤੇ ਕਦੇ ਕਿਸੇ ਹੋਰ ਬਹਾਨੇ ਧੌਣ `ਤੇ ਗੋਡਾ ਦੇਣ ਨੂੰ ਤਿਆਰ ਰਹਿੰਦੇ ਹਨ। ਖੁੱਡੇ ਲਾਈਨ ਲੱਗੇ ਅਕਾਲੀਆਂ ਬਿੱਲੀਆਂ ਦੀ ਲੜਾਈ ਵਿਚੋਂ ਬਾਂਦਰ ਦਾ ਦਾਅ ਲੱਗਣ ਵਾਂਗ ਕਾਂਗਰਸੀਆਂ ਦੀ ਕੁੱਕੜ ਖੇਹ ਦਾ ਫਾਇਦਾ ਚੁੱਕਣ ਬਾਰੇ ਸੋਚਿਆ ਸੀ ਪਰ ਜਨਾਬ ਸਿੱਧੂ ਹੁਰਾਂ ‘ਨਾ ਖੇਲੇਂਗੇ ਨਾ ਖੇਲਨੇ ਦੇਂਗੇ ਗੁੱਚੀ ਮੇਂ ਮੂਤੇਂਗੇ’ ਕਰ ਕੇ ਕਾਂਗਰਸ ਦਾ ਭੱਠਾ ਬਿਠਾ ਦਿੱਤਾ। ਇਸ ਦਾ ਫਾਇਦਾ ਤੀਜਾ ਬਦਲ ਲੈ ਗਿਆ।
ਜਨਾਬ ਸਿਮਰਨਜੀਤ ਸਿੰਘ ਮਾਨ ਹੁਰੀਂ ਅਰਸੇ ਤੋਂ ਸਿੱਖਾਂ ਦੇ ਜੁਝਾਰੂ ਇਤਿਹਾਸ ਦਾ ਮੁੱਲ ਪਾਉਣ ਦੀ ਝੂਠੀ ਆਸ ਵਿਚ ਗੋਤੇ ਲਾਉਂਦੇ ਰਹੇ, ਐਥੋਂ ਤਕ ਕਿ ਯੁਕਰੇਨ ਦੀ ਮਦਦ ਬਹਾਨੇ ਕਮਜੋ਼ਰ ਦੀ ਬਾਂਹ ਫੜਨ ਦਾ ਹਾਸੋਹੀਣਾ ਡਰਾਮਾ ਵੀ ਕੀਤਾ ਪਰ ਪੰਜਾਬ ਵਾਸੀ ਜਾਣਦੇ ਹਨ ਕਿ ਕੁਰਬਾਨੀਆਂ ਕੈਸ਼ ਕਰਾਉਣ ਵਾਲੇ ਕਦੇ ਵਰਤਮਾਨ ਦਾ ਭਲਾ ਨਹੀਂ ਕਰ ਸਕਦੇ। ਸ਼ਹੀਦੀਆਂ ਦਾ ਰੌਲਾ ਪਾ ਲੋਕਾਂ ਨੂੰ ਹੋਰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਇਨ੍ਹਾਂ ਚੋਣਾਂ ਵਿਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਗੋਦੀ ਮੀਡੀਆ ਦੇ ਮੋਦੀ ਆਰ ਐਸ ਐਸ ਜਾਂ ਹਿੰਦੁਤਵ ਦੇ ਧੂੰਆਂਧਾਰ ਵਿਰੋਧ ਦਾ ਹਮੇਸ਼ਾ ਵਾਂਗ ਉਲਟਾ ਅਸਰ ਹੋਇਆ ਹੈ। ਮੇਰੇ ਯੂ ਪੀ ਰਹਿੰਦੇ ਮਿੱਤਰਾਂ ਦਾ ਕਹਿਣਾ ਸੀ ਕਿ ਯੋਗੀ ਨੇ ਸਖਤ ਪ੍ਰਸ਼ਾਸਕ ਵਜੋਂ ਚੰਗਾ ਕੰਮ ਕੀਤਾ ਹੈ ਜਿਸ ਦਾ ਲਾਭ ਉਸਦੀ ਪਾਰਟੀ ਨੂੰ ਮਿਲਿਆ ਹੈ। ਹੁਣ “ਕੋਈ ਵੀ ਬਟਨ ਦੱਬੋ ਵੋਟ ਬੀਜੇਪੀ ਨੂੰ ਹੀ ਜਾਏਗੀ” ਦਾ ਰਾਗ ਅਲਾਪਣਾ ਵੀ ਬੇਅਰਥ ਹੋ ਗਿਆ ਹੈ। ਕਿਸਾਨ ਪਾਰਟੀ ਦਾ ਕਿਰਤੀ ਅਤੇ ਕਿਸਾਨ ਦੀ ਸਾਂਝ ਦਾ ਭਾਂਡਾ ਵੀ ਵਿਚ ਚੁਰਸਤੇ ਫੁੱਟਿਆ ਹੈ ਕਿਉਂਕਿ ਬਹੁਗਿਣਤੀ ਕਿਰਤੀ ਜਾਣਦੇ ਹਨ ਕਿ ਕਿਰਤੀ ਤਾਂ ਵਿਚਾਰਾ ਹਮੇਸ਼ਾ ਇੱਟਾਂ ਦੇ ਚੁੱਲ੍ਹੇ `ਤੇ ਅਲਮੂਨੀਅਮ ਦੇ ਪਤੀਲੇ ਵਿਚ ਚੌਲ ਉਬਾਲਦਾ ਆਇਆ ਹੈ ਜਿੱਥੇ ਜਿ਼ਮੀਂਦਾਰਾਂ ਦੇ ਵਿਆਹਾਂ ਆਦਿ `ਤੇ ਅੰਨ੍ਹਾ ਖਰਚ ਜੱਗ ਜ਼ਾਹਰ ਹੈ। ਖੈਰ ਇਹ ਲੋਕਤੰਤਰ ਦਾ ਇੱਕ ਸੁਖਾਵਾਂ ਪਹਿਲੂ ਹੀ ਹੈ ਕਿ ਰਾਜ ਦੀ ਵਾਗਡੋਰ ਵੋਟਰਾਂ ਹੱਥ ਹੀ ਰਹੀ ਹੈ ਭਾਵੇਂ ਹਕੂਮਤਾਂ ਦੇ ਦਾਅਵੇਦਾਰ ਉਨ੍ਹਾਂ ਨੂੰ ਲੁਭਾਉਣ ਖਾਤਰ ਭਾਂਤ ਭਾਂਤ ਦੇ ਹਥਕੰਡੇ ਵਰਤਦੇ ਆਏ ਹਨ। ਖੈਰ “ਆਗਾਜ਼ ਤੋ ਅੱਛਾ ਹੈ ਅ਼ੰਜਾਮ ਖੁਦਾ ਜਾਨੇ” ਆਸ ਕਰਦੇ ਹਾਂ ਕਿ ਪੰਜਾਬ ਸਿੰਘ ਨੂੰ ਨਵੀਂ ਚੂੜੇ ਵਾਲੀ ਤੋਂ ਵੀ ਨਿਰਾਸ਼ ਨਾ ਹੋਣਾ ਪਵੇ। ਆਮੀਨ!