ਮਿਸ਼ਨ ਪੰਜਾਬ: ਆਮ ਆਦਮੀ ਪਾਰਟੀ ਨੇ ਇਤਿਹਾਸ ਸਿਰਜਿਆ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਦਾ ਸਫਾਇਆ ਹੀ ਕਰ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਇਕਪਾਸੜ ਫਤਿਹ ਹਾਸਲ ਕਰਦੇ ਹੋਏ 92 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ। ਬਾਕੀ ਸੀਟਾਂ ਵਿਚ ਅਕਾਲੀ ਦਲ ਨੂੰ 4, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।
ਪੰਜਾਬ ਦੀਆਂ 117 ਸੀਟਾਂ ਉਤੇ ਹੋਈਆਂ ਚੋਣਾਂ `ਚ ਕਈ ਦਿੱਗਜ ਆਪਣੀ ਭਰੋਸੇਯੋਗਤਾ ਨਹੀਂ ਬਚਾ ਸਕੇ। ਪੰਜਾਬ ਦੀ ਸਿਆਸਤ ਵਿਚ ਦਬਦਬਾ ਰੱਖਣ ਵਾਲੇ ਵੱਡੇ-ਵੱਡੇ ਆਗੂ ਇਸ ਚੋਣ ਵਿਚ ਹਾਰ ਗਏ। ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਚੋਣਾਂ ਵਿਚ ਹਾਰ ਗਏ। ਪੰਜਾਬ ਦੀ ਸਭ ਤੋਂ ਸੁਰੱਖਿਅਤ ਸੀਟ ਲੰਬੀ ਤੋਂ ਹਾਰ ਲੋਕਾਂ ਨੂੰ ਹੈਰਾਨ ਕਰਨ ਵਾਲੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਰੀਬ 9000 ਵੋਟਾਂ ਦੇ ਫਰਕ ਨਾਲ ਹਰਾਇਆ।
ਇੰਨਾ ਹੀ ਨਹੀਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ ਹਨ। ਚੰਨੀ ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਚਿਹਰੇ ਲਾਭ ਸਿੰਘ ਉਗੋਕੇ ਨੇ ਹਰਾਇਆ ਸੀ। ਇਸ ਤੋਂ ਇਲਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸੀਟ ਨਹੀਂ ਬਚਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਪਿਛਲੇ ਕੁਝ ਦਿਨਾਂ ਦੀਆਂ ਸਿਆਸੀ ਸਰਗਰਮੀਆਂ ਤੋਂ ਜਾਪਦਾ ਹੈ ਕਿ ਕਿਸੇ ਵੀ ਧਿਰ ਨੂੰ ਇਸ ਹੋਣੀ ਦੀ ਉਮੀਦ ਹੀ ਨਹੀਂ ਸੀ। ਨਤੀਜਿਆਂ ਤੋਂ ਇਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੇ ਘਰ ਮਹਿਫਲ ਵਿਚ ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਵਿਧਾਇਕ ਪੱਟਣ ਦੇ ਇਸ਼ਾਰੇ ਕੀਤੇ ਜਾ ਰਹੇ ਹਨ। ਭਾਜਪਾ ਆਗੂ ਲੋੜ ਪੈਣ ਉਤੇ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਸਨ, ਪਰ ਇਸ ਵਾਰ ਪੰਜਾਬ ਦਾ ਇਤਿਹਾਸ ਬਦਲ ਗਿਆ ਹੈ।
ਕਾਂਗਰਸ ਅਤੇ ਭਾਜਪਾ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸੱਤਾ ਉਤੇ ਕਾਬਜ਼ ਹੋਣ ਦਾ ਸੁਪਨਾ ਚਕਨਾਚੂਰ ਹੋ ਗਿਆ। ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ ਅਤੇ ਉਸ ਦਾ ਸੱਤਾ ਉਤੇ ਕਾਬਜ਼ ਹੋਣ ਦਾ ਰਾਹ ਬਣ ਗਿਆ। ਆਮ ਆਦਮੀ ਪਾਰਟੀ ਨੂੰ ਸੂਬੇ ਵਿਚ ਬੰਪਰ ਬਹੁਮਤ ਮਿਲਿਆ ਹੈ। ਭਗਵੰਤ ਮਾਨ ਲਈ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਉੱਥੇ ਹੀ ਕਾਂਗਰਸ ਦੂਜੇ ਨੰਬਰ ਉਤੇ ਨਜ਼ਰ ਰਹੀ ਹੈ।