ਪੰਜਾਬੀਆਂ ਉਤੇ ਵੀ ਪੈਣ ਲੱਗੀ ਰੂਸ-ਯੂਕਰੇਨ ਜੰਗ ਦੀ ਮਾਰ

ਚੰਡੀਗੜ੍ਹ: ਪੰਜਾਬ ਵਿਚ ਰੇਤ ਅਤੇ ਬਜਰੀ ਦੇ ਭਾਅ ਮਗਰੋਂ ਹੁਣ ਉਸਾਰੀ ਨਾਲ ਜੁੜੀਆਂ ਹੋਰ ਅਹਿਮ ਵਸਤਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹ ਗਈਆਂ ਹਨ। ਰੂਸ ਅਤੇ ਯੂਕਰੇਨ ਦਰਮਿਆਨ ਛਿੜੀ ਜੰਗ ਤੋਂ ਬਾਅਦ ਲੋਹੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਉਸਾਰੀ ਦੇ ਕੰਮ ਲਈ ਵਰਤੋਂ ‘ਚ ਆਉਣ ਵਾਲੀ ਧਾਤੂ ਲੋਹੇ ਅਤੇ ਸਰੀਏ ਦੇ ਭਾਅ ਵਿਚ ਹਰ ਹਫਤੇ ਵਾਧਾ ਹੋ ਰਿਹਾ ਹੈ। ਉਸਾਰੀ ਦੇ ਕੰਮ ਨਾਲ ਜੁੜੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਦੌਰਾਨ ਲੋਹੇ ਅਤੇ ਸਰੀਏ ਦਾ ਭਾਅ ਕਰੀਬ 13 ਫੀਸਦੀ ਦਾ ਵਧਿਆ ਹੈ।

ਇਸੇ ਤਰ੍ਹਾਂ ਲੋਹੇ ਦੀਆਂ ਹੋਰਨਾਂ ਵਸਤਾਂ ਦੇ ਭਾਅ ਵਿਚ 20 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਉਸਾਰੀ ਦੇ ਕੰਮ ‘ਚ ਜ਼ਰੂਰੀ ਸੀਮਿੰਟ ਤੇ ਇੱਟਾਂ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ। ਕੋਲੇ ਦੇ ਭਾਅ ‘ਚ ਵਾਧਾ ਹੋਣ ਕਾਰਨ ਹਰ ਵਸਤੂ ਦੇ ਭਾਅ ਨੂੰ ਅੱਗ ਲੱਗ ਰਹੀ ਹੈ। ਰੰਗ ਰੋਗਨ ਦੇ ਭਾਅ ‘ਚ 40 ਫੀਸਦੀ ਦਾ ਵਾਧਾ ਹੋਇਆ ਹੈ। ਅਹਿਮ ਵਸਤਾਂ ਦੇ ਭਾਅ ਵਧਣ ਕਾਰਨ ਮਕਾਨ ਦੀ ਉਸਾਰੀ ਕਰਨੀ ਆਮ ਬੰਦੇ ਦੇ ਵੱਸੋਂ ਬਾਹਰ ਹੈ।
ਰੂਸ ਅਤੇ ਯੂਕਰੇਨ ਦਰਮਿਆਨ ਛਿੜੀ ਜੰਗ ਤੋਂ ਪਹਿਲਾਂ 16 ਹਜ਼ਾਰ ਰੁਪਏ ਪ੍ਰਤੀ ਟਨ ਮਿਲਣ ਵਾਲਾ ਕੋਲਾ ਹੁਣ 21 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਿਆ ਹੈ, ਜਦਕਿ ਇਕ ਸਾਲ ਪਹਿਲਾਂ ਇਸ ਦੀ ਕੀਮਤ 7 ਹਜ਼ਾਰ ਰੁਪਏ ਪ੍ਰਤੀ ਟਨ ਸੀ। ਯੁੱਧ ਛਿੜਨ ਤੋਂ ਪਹਿਲਾਂ 82 ਹਜ਼ਾਰ ਰੁਪਏ ਟਨ ਦੇ ਆਸ ਪਾਸ ਸੀ, ਜੋ ਹੁਣ 93 ਹਜ਼ਾਰ ਟਨ ਤੱਕ ਪਹੁੰਚ ਗਿਆ ਹੈ। ਲੰਘੇ ਸਾਲ ਇਹੀ ਭਾਅ 50 ਹਜ਼ਾਰ ਰੁਪਏ ਪ੍ਰਤੀ ਟਨ ਸੀ। ਇਸੇ ਤਰ੍ਹਾਂ ਪੀ.ਵੀ.ਸੀ. ਪਾਈਪਾਂ ਦਾ ਭਾਅ ਪ੍ਰਤੀ ਪਾਈਪ 2100 ਤੋਂ ਵਧ ਕੇ 2400 ਰੁਪਏ ਤੱਕ ਪਹੁੰਚ ਗਿਆ ਹੈ।
ਸਨਅਤਕਾਰਾਂ ਦੇ ਅੱਠ ਹਜ਼ਾਰ ਕਰੋੜ ਫਸੇ
ਲੁਧਿਆਣਾ: ਰੂਸ ਅਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੇ ਜਿਥੇ ਪੂਰੀ ਦੁਨੀਆਂ ਨੂੰ ਚਿੰਤਾ ‘ਚ ਪਾ ਰੱਖਿਆ ਹੈ, ਉਥੇ ਭਾਰਤ ਦੇ ਵਪਾਰੀ ਵੀ ਪਰੇਸ਼ਾਨੀ ‘ਚ ਹਨ। ਪੰਜ ਮੁੱਖ ਬੈਂਕਾਂ ਵੱਲੋਂ ਸਵਿਫਟ ਪ੍ਰਣਾਲੀ ਤਹਿਤ ਰੂਸ ਦੇ ਬੈਂਕਾਂ ਨਾਲ ਲੈਣ-ਦੇਣ ਬੰਦ ਕਰਨ ਕਾਰਨ ਦੇਸ਼ ਦੇ ਵਪਾਰੀਆਂ ਦੇ ਅੱਠ ਹਜ਼ਾਰ ਕਰੋੜ ਦੀ ਰਕਮ ਫਸ ਗਈ ਹੈ। ਇਨ੍ਹਾਂ ‘ਚ ਪੰਜਾਬ ਦੇ ਕਈ ਸਨਅਤਕਾਰ ਸ਼ਾਮਲ ਹਨ, ਜੋ ਰੂਸ ਤੇ ਯੂਕਰੇਨ ਦੇ ਸਨਅਤਕਾਰਾਂ ਨਾਲ ਵਪਾਰ ਕਰਦੇ ਹਨ।