ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ

ਚੰਡੀਗੜ੍ਹ: ਪੰਜਾਬ ਭਰ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿਚੋਂ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖਤਮ ਕਰਨ ਦੇ ਫੈਸਲੇ ਵਿਰੁੱਧ, ਚੰਡੀਗੜ੍ਹ ‘ਚ ਪੰਜਾਬ ਦਾ ਨਿਰਧਾਰਿਤ ਕੋਟਾ ਬਹਾਲ ਕਰਨ,

ਲਖੀਮਪੁਰ ਖੀਰੀ ਕਾਂਡ ਵਿਚ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਅਤੇ ਮੁੱਖ ਸਾਜ਼ਿਸ਼ ਕਰਤਿਆਂ ਵਿਚ ਸ਼ੁਮਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ, ਯੂਕਰੇਨ ਵਿਚ ਪੜ੍ਹਨ ਗਏ ਵਿਦਿਆਰਥੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਯਤਨ ਤੇਜ਼ ਕਰਨ ਅਤੇ ਹਿਜਾਬ ਦਸਤਾਰ ਵਿਵਾਦ ਸਬੰਧੀ ਘੱਟ ਗਿਣਤੀਆਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੂਰ ਕਰਕੇ ਬਰਾਬਰੀ ਅਤੇ ਆਜ਼ਾਦੀ ਦੇ ਸੰਵਿਧਾਨਕ ਹੱਕ ਬਰਕਰਾਰ ਰੱਖਣ ਆਦਿ ਮੁੱਦਿਆਂ ‘ਤੇ ਰੋਸ ਜਤਾਇਆ।
ਕਿਸਾਨ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਬਾਰੇ ਲਏ ਜਾ ਰਹੇ ਫੈਸਲੇ ਅਤੇ ਚੰਡੀਗੜ੍ਹ ਵਿਚੋਂ ਪੰਜਾਬ ਦੀ ਭਰਤੀ ਦੇ ਕੋਟੇ ਨੂੰ ਘਟਾ ਕੇ ਕੇਂਦਰੀ ਦਖਲਅੰਦਾਜ਼ੀ ਦਾ ਵਾਧਾ ਇਸ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਮੁਫਤ ਲੁਟਾਉਣਾ ਬੰਦ ਕਰਕੇ ਸੂਬੇ ਦੀ ਜਰੂਰਤਾਂ ਨੂੰ ਪੂਰਾ ਕੀਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਹੱਕੀ ਸੰਘਰਸ਼ ਦਾ ਦਾਇਰਾ ਸਾਰੇ ਪੀੜਤ ਲੋਕਾਂ ਨੂੰ ਸ਼ਾਮਲ ਕਰਕੇ ਵਧਾਇਆ ਜਾਵੇਗਾ ਅਤੇ ਸੰਘਰਸ਼ ਤੇਜ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਰਨਾਟਕ ਵਿਚ ਹਿਜਾਬ ਦਸਤਾਰ ਵਿਵਾਦ ਨੂੰ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਾਰ ਦਿੱਤਾ।