ਕੈਨੇਡਾ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਫਰੀਦਕੋਟ: ਕੈਨੇਡਾ ਦੇ ਸ਼ਹਿਰ ਓਂਟਾਰੀਓ ਦੀ ਟਾਊਨਸ਼ਿਪ ਹਰਬਰ ਹਾਈਵੇਅ ਉੱਪਰ ਇਕ ਵੈਨ ਅਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਫਰੀਦਕੋਟ ਦੇ ਨੌਜਵਾਨ ਕਿਰਨਪ੍ਰੀਤ ਸਿੰਘ ਗਿੱਲ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਬਾਕੀ ਦੋਵੇਂ ਨੌਜਵਾਨ ਵੀ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧਤ ਹਨ। ਕਿਰਨਪ੍ਰੀਤ ਸਿੰਘ ਗਿੱਲ (22 ਸਾਲ) ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸਿਮਰੇਵਾਲਾ ਦਾ ਵਸਨੀਕ ਸੀ

ਅਤੇ ਉਹ 2019 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਕਿਰਨਪ੍ਰੀਤ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਗੁਰਿੰਦਰ ਪਾਲ ਸਿੰਘ ਲਿੱਧੜ (ਜਲੰਧਰ) ਅਤੇ ਸਨੀ ਖੁਰਾਣਾ (ਲੁਧਿਆਣਾ) ਦੀ ਵੀ ਮੌਤ ਹੋ ਗਈ। ਸੂਚਨਾ ਅਨੁਸਾਰ ਇਹ ਤਿੰਨੇ ਨੌਜਵਾਨ ਆਪਸ ਵਿਚ ਦੋਸਤ ਸਨ ਅਤੇ ਕੰਮ ਤੋਂ ਘਰ ਪਰਤਦਿਆਂ ਇਹ ਸੜਕ ਹਾਦਸਾ ਵਾਪਰ ਗਿਆ।
ਕਰਮਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਲੜਕੇ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਚਾਰਾਜੋਈ ਕਰ ਰਹੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਹੈ। ਕਿਰਨਪ੍ਰੀਤ ਸਿੰਘ ਗਿੱਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਨੇ ਅਪਰੈਲ ਮਹੀਨੇ ਵਿਚ ਆਪਣੇ ਘਰ ਵਾਪਸ ਆਉਣਾ ਸੀ।