ਰੂਸ ਉਤੇ ਹੋਰ ਸਖਤ ਪਾਬੰਦੀਆਂ, ਸੰਯੁਕਤ ਰਾਸ਼ਟਰ ਵਿਚ ਮਤਾ ਪਾਸ

ਸੰਯੁਕਤ ਰਾਸ਼ਟਰ: ਯੂਕਰੇਨ ਵਿਚ ਫੌਜੀ ਕਾਰਵਾਈ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਵੱਲੋਂ ਅਸਿੱਧੇ ਰੂਪ ਵਿਚ ਦਿੱਤੀ ਪਰਮਾਣੂ ਹਮਲੇ ਦੀ ਚਿਤਾਵਨੀ ਦਰਮਿਆਨ ਸੰਯੁਕਤ ਰਾਸ਼ਟਰ ਦੀ 193ਵੇਂ ਮੈਂਬਰੀ ਜਨਰਲ ਅਸੈਂਬਲੀ ਨੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਖਿਲਾਫ ਪੇਸ਼ ਮਤੇ ਨੂੰ ਪਾਸ ਕਰ ਦਿੱਤਾ ਹੈ।

ਯੂਕਰੇਨ ‘ਚੋਂ ਰੂਸੀ ਫੌਜਾਂ ਹਟਾਉਣ ਲਈ ਪੇਸ਼ ਮਤੇ ਦੇ ਹੱਕ ਵਿਚ 141 ਵੋਟ ਪਏ ਜਦੋਂਕਿ ਪੰਜ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਭਾਰਤ ਸਣੇ 35 ਮੈਂਬਰ ਮੁਲਕ ਵੋਟਿੰਗ ਮੌਕੇ ਗੈਰਹਾਜ਼ਰ ਰਹੇ। ਮਤਾ ਪਾਸ ਹੋਣ ਮੌਕੇ ਜਨਰਲ ਅਸੈਂਬਲੀ ‘ਚ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ ਗਿਆ। ਉਧਰ ਯੂਕਰੇਨ ਨੇ ਰੂਸੀ ਹਮਲੇ ਵਿਚ 2000 ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਟਰਾਂਸਪੋਰਟ, ਹਸਪਤਾਲ, ਸਕੂਲਾਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੁੱਜਣ ਦਾ ਦਾਅਵਾ ਕੀਤਾ ਹੈ। ਯੂਕਰੇਨੀ ਸਦਰ ਵਲਾਦੀਮੀਰ ਜੇਲੈਂਸਕੀ ਨੇ ਕਿਹਾ ਕਿ ਪਿਛਲੇ 6 ਦਿਨਾਂ ਦੌਰਾਨ ਲਗਭਗ 6000 ਰੂਸੀ ਫੌਜੀ ਮਾਰੇ ਗਏ ਹਨ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਬੰਦਰਗਾਹੀ ਸ਼ਹਿਰ ਖੇਰਸਾਨ ‘ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਯੂਰਪੀ ਯੂਨੀਅਨ ਨੇ ਜੰਗ ਦੇ ਝੰਬੇ ਯੂਕਰੇਨ ਦੇ ਪੁਨਰ ਨਿਰਮਾਣ ਲਈ 100 ਅਰਬ ਯੂਰੋ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰੂਸ ਦੇ ਕਬਜ਼ੇ ਵਾਲੇ ਕਰੈਮਲਿਨ ਨੇ ਭਗੌੜੇ ਯੂਕਰੇਨੀ ਰਾਸ਼ਟਰਪਤੀ ਵਿਕਟਰ ਯਾਕੋਂਵਿਚ ਨੂੰ ਯੂਕਰੇਨ ਦਾ ਨਵਾਂ ਰਾਸ਼ਟਰਪਤੀ ਐਲਾਨੇ ਜਾਣ ਲਈ ਪੇਸ਼ਬੰਦੀਆਂ ਆਰੰਭ ਦਿੱਤੀਆਂ ਹਨ। ਯਾਕੋਂਵਿਚ ਮੌਜੂਦਾ ਸਮੇਂ ਮਿੰਸਕ (ਬੇਲਾਰੂਸ) ਵਿਚ ਹੈ। ਯੂਐੱਨ ਆਮ ਸਭਾ ਵਿਚ ਕਿਸੇ ਵੀ ਮਤੇ ਨੂੰ ਦੋ-ਤਿਹਾਈ ਬਹੁਮਤ ਮਿਲਣ ਮਗਰੋਂ ਹੀ ਪ੍ਰਵਾਨ ਕੀਤਾ ਜਾਂਦਾ ਹੈ। ਮਤੇ ਵਿਚ ਪਰਮਾਣੂ ਬਲਾਂ ਨੂੰ ਤਿਆਰ ਬਰ ਤਿਆਰ ਰੱਖਣ ਅਤੇ ਯੂਕਰੇਨ ਖਿਲਾਫ ‘ਗੈਰਕਾਨੂੰਨੀ ਬਲ‘ ਦੀ ਵਰਤੋਂ ਲਈ ਬੇਲਾਰੂਸ ਦੀ ਸ਼ਮੂਲੀਅਤ ਦੀ ਨਿਖੇਧੀ ਕੀਤੀ ਗਈ। ਮਤੇ ਵਿਚ ਕੌਮਾਂਤਰੀ ਪੇਸ਼ਬੰਦੀਆਂ ਦਾ ਵੀ ਸੱਦਾ ਦਿੱਤਾ ਗਿਆ। ਮਤੇ ਵਿਚ ਅਪੀਲ ਕੀਤੀ ਗਈ ਕਿ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਟਕਰਾਅ ਨੂੰ ਸਿਆਸੀ ਸੰਵਾਦ, ਵਿਚੋਲਗੀ ਤੇ ਹੋਰਨਾਂ ਸ਼ਾਂਤੀਪੂਰਨ ਢੰਗ ਤਰੀਕਿਆਂ ਨਾਲ ਹੱਲ ਕੀਤਾ ਜਾਵੇ।
ਰੂਸੀ ਵਿਦੇਸ਼ ਮੰਤਰੀ ਲੈਵਰੋਵ ਨੇ ਕਿਹਾ ਕਿ ਤੀਜੀ ਆਲਮੀ ਜੰਗ ਹੋਈ ਤਾਂ ਇਸ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਹੋਵੇਗੀ ਤੇ ਜੰਗ ਵਧੇਰੇ ਵਿਨਾਸ਼ਕਾਰੀ ਤੇ ਤਬਾਹਕੁਨ ਹੋਵੇਗੀ। ਲੈਵਰੋਵ ਨੇ ਯੂਕਰੇਨ ਉਤੇ ਕੀਤੇ ਹਮਲੇ ਨੂੰ ਵਿਸ਼ੇਸ਼ ਫੌਜੀ ਅਪਰੇਸ਼ਨ ਦੱਸਦਿਆਂ ਕਿਹਾ ਕਿ ਜੇਕਰ ਕੀਵ ਨੇ ਪਰਮਾਣੂ ਹਥਿਆਰ ਹਾਸਲ ਕੀਤੇ ਤਾਂ ਉਸ ਨੂੰ ‘ਅਸਲ ਖਤਰੇ` ਨਾਲ ਦੋ-ਚਾਰ ਹੋਣਾ ਪਏਗਾ। ਉਧਰ, ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਯੂਕਰੇਨ ਦੀ ਢਾਈ ਲੱਖ ਦੀ ਆਬਾਦੀ ਵਾਲੇ ਸਾਹਿਲੀ ਸ਼ਹਿਰ ਖੇਰਸਾਨ `ਤੇ ਕਬਜ਼ਾ ਕਰ ਲਿਆ ਹੈ। ਖੇਰਸਾਨ ਰਣਨੀਤਕ ਤੌਰ `ਤੇ ਬਹੁਤ ਅਹਿਮ ਇਲਾਕਾ ਹੈ, ਜਿਥੇ ਨਾਈਪਰ ਨਦੀ ਕਾਲੇ ਸਾਗਰ ਵਿਚ ਡਿੱਗਦੀ ਹੈ। ਰੂਸੀ ਪੈਰਾਟਰੁੱਪਰਾਂ ਦੇ ਸ਼ਹਿਰ ਵਿਚ ਪੁੱਜਣ ਨਾਲ ਖਾਰਕੀਵ ਦੀਆਂ ਸੜਕਾਂ `ਤੇ ਦੋਵਾਂ ਧਿਰਾਂ `ਚ ਟਕਰਾਅ ਵਧ ਗਿਆ। ਯੂਕਰੇਨ ਦੀ ਸਰਕਾਰੀ ਹੰਗਾਮੀ ਸੇਵਾ ਨੇ ਰੂਸੀ ਹਮਲੇ ਵਿਚ ਕੁਝ ਰਿਹਾਇਸ਼ੀ ਇਮਾਰਤਾਂ ਨੁਕਸਾਨੇ ਜਾਣ ਦਾ ਵੀ ਦਾਅਵਾ ਕੀਤਾ।
ਭਾਰਤ `ਤੇ ਪਾਬੰਦੀਆਂ ਬਾਰੇ
ਫੈਸਲਾ ਕਰਨਗੇ ਬਾਇਡਨ
ਵਾਸ਼ਿੰਗਟਨ: ਰੂਸ ਤੋਂ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਖਰੀਦ ਮਾਮਲੇ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸੀ.ਏ.ਏ.ਟੀ.ਐਸ.ਏ. ਕਾਨੂੰਨ ਤਹਿਤ ਭਾਰਤ ‘ਤੇ ਪਾਬੰਦੀਆਂ ਲਗਾਉਣ ਜਾਂ ਨਾ ਲਗਾਉਣ ਬਾਰੇ ਫੈਸਲਾ ਕਰਨਗੇ। ਕਾਊਂਟਰਿੰਗ ਅਮਰੀਕਾਜ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀ.ਏ.ਏ.ਟੀ.ਐਸ.ਏ.) ਤਹਿਤ ਅਮਰੀਕੀ ਪ੍ਰਸ਼ਾਸਨ ਕੋਲ ਇਰਾਨ, ਉੱਤਰੀ ਕੋਰੀਆ ਜਾਂ ਰੂਸ ਨਾਲ ਮਹੱਤਵਪੂਰਨ ਲੈਣ-ਦੇਣ ਵਾਲੇ ਕਿਸੇ ਵੀ ਦੇਸ਼ ਦੇ ਖਿਲਾਫ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ।
ਮਾਸਟਰਕਾਰਡ ਤੇ ਵੀਜ਼ਾ ਨੇ ਰੂਸ `ਚ ਸੇਵਾਵਾਂ ਬੰਦ ਕੀਤੀਆਂ
ਨਿਊ ਯਾਰਕ: ਮਾਸਟਰਕਾਰਡ ਅਤੇ ਵੀਜ਼ਾ ਨੇ ਰੂਸ ਵਿਚ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਖਿਲਾਫ ਆਰਥਿਕ ਦੇ ਮੱਦੇਨਜਰ ਇਹ ਨਵਾਂ ਕਦਮ ਹੈ। ਮਾਸਟਰਕਾਰਡ ਨੇ ਕਿਹਾ ਕਿ ਉਸ ਦਾ ਨੈੱਟਵਰਕ ਹੁਣ ਰੂਸੀ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਕਾਰਡਾਂ ਨੂੰ ਸਵੀਕਾਰ ਨਹੀਂ ਕਰੇਗਾ ਤੇ ਕਿਸੇ ਹੋਰ ਦੇਸ਼ ਵਿਚ ਜਾਰੀ ਕਾਰਡ ਰੂਸ ਵਿਚ ਸਟੋਰਾਂ ਜਾਂ ਏ.ਟੀ.ਐਮ. ਵਿਚ ਨਹੀਂ ਚੱਲੇਗਾ।
ਵਿਸ਼ਵ ਬੈਂਕ ਵੱਲੋਂ ਰੂਸ ਤੇ ਬੇਲਾਰੂਸ `ਚ ਪ੍ਰੋਜੈਕਟਾਂ `ਤੇ ਰੋਕ
ਨਿਊ ਯਾਰਕ: ਵਿਸ਼ਵ ਬੈਂਕ ਨੇ ਰੂਸ ਅਤੇ ਉਸ ਦੇ ਸਹਿਯੋਗੀ ਬੇਲਾਰੂਸ ਵਿਚ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਤੁਰਤ ਰੋਕ ਦਿੱਤਾ ਹੈ। ਵਿਸ਼ਵ ਬੈਂਕ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆਂ ਦੇ ਕਈ ਦੇਸ਼, ਸੰਗਠਨ ਅਤੇ ਕਾਰੋਬਾਰ ਤੋਂ ਪਹਿਲਾਂ ਹੀ ਰੂਸ ਅਤੇ ਉਸ ਦੇ ਸਹਿਯੋਗੀ ਬੇਲਾਰੂਸ ਤੋਂ ਸਬੰਧ ਤੋੜ ਰਹੇ ਹਨ। ਕਈ ਦੇਸ਼ਾਂ ਨੇ ਯੂਕਰੇਨ ‘ਤੇ ਹਮਲੇ ਲਈ ਰੂਸ ਅਤੇ ਉਸ ਦਾ ਸਮਰਥਨ ਅਤੇ ਸਹਿਯੋਗ ਲਈ ਬੇਲਾਰੂਸ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਆਸਟਰੇਲੀਆ ਵੱਲੋਂ ਰੂਸ ਦੇ 3.3 ਕਰੋੜ ਡਾਲਰ ਫੰਡਾਂ `ਤੇ ਰੋਕ
ਕੈਨਬਰਾ-ਆਸਟਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪੇਨੇ ਨੇ ਦੱਸਿਆ ਕਿ ਅਸੀਂ ਰੂਸ ਦੇ 3.3 ਕਰੋੜ ਅਮਰੀਕੀ ਡਾਲਰ ਦੇ ਫੰਡਾਂ ਨੂੰ ਆਸਟ੍ਰੇਲੀਆ ਦੇ ਵਿੱਤੀ ਸੰਸਥਾ ‘ਚ ਨਵੀਆਂ ਪਾਬੰਦੀਆਂ ਦੇ ਅੰਤਰਗਤ ਜਾਮ ਕਰ ਦਿੱਤਾ ਹੈ, ਪਰ ਉਨ੍ਹਾਂ ਸੰਸਥਾ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਆਸਟ੍ਰੇਲੀਆ ਹੁਣ ਤੱਕ ਰਾਸ਼ਟਰਪਤੀ ਪੂਤਿਨ ਸਮੇਤ 359 ਰੂਸੀਆਂ ਖਿਲਾਫ ਪਾਬੰਦੀਆਂ ਲਗਾ ਚੁੱਕਾ ਹੈ।