ਆਲਮੀ ਲਾਮਬੰਦੀ ਦੇ ਬਾਵਜੂਦ ਪਿੱਛੇ ਨਹੀਂ ਹਟ ਰਿਹਾ ਰੂਸ

ਕੀਵ: ਰੂਸ ਖਿਲਾਫ ਵਿਸ਼ਵ ਪੱਧਰ ਉਤੇ ਲਾਮਬੰਦੀ ਦੇ ਬਾਵਜੂਦ ਯੂਕਰੇਨ ਉਤੇ ਹਮਲੇ ਜਾਰੀ ਹਨ। ਸੰਯੁਕਤ ਰਾਸ਼ਟਰ ਵਿਚ ਜ਼ਿਆਦਾਤਰ ਦੇਸ਼ਾਂ ਨੇ ਯੂਕਰੇਨ ਵਿਚੋਂ ਉਸ ਨੂੰ ਬਾਹਰ ਨਿਕਲਣ ਦੀ ਮੰਗ ਕੀਤੀ। ਦੂਜੇ ਪਾਸੇ ਰੂਸੀ ਫੌਜ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ‘ਤੇ ਬੰਬਾਰੀ ਮੁੜ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ ਦੀ ਰਾਜਧਾਨੀ ਨੂੰ ਖਤਰਾ ਪੈਦਾ ਹੋ ਗਿਆ ਹੈ। ਰੂਸ ਨੇ ਯੂਕਰੇਨ ਦੀਆਂ ਪ੍ਰਮੁੱਖ ਰਣਨੀਤਕ ਬੰਦਰਗਾਹਾਂ ਨੂੰ ਵੀ ਘੇਰ ਲਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੇਸ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਉਤੇ ਰੂਸੀ ਬਲਾਂ ਨੇ ਕਬਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿਚ ਪਾਵਰ ਪਲਾਂਟ ‘ਤੇ ਰੂਸੀ ਫੌਜੀ ਹਮਲੇ ਕਾਰਨ ਅੱਗ ਲਗਾ ਗਈ।

ਰੂਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤੋਂ ਸ਼ੁਰੂ ਹੋਏ ਫੌਜੀ ਕਾਰਵਾਈ ਵਿਚ ਉਸ ਦੇ 500 ਫੌਜੀ ਮਾਰੇ ਗਏ ਹਨ ਅਤੇ 1600 ਫੌਜੀ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਯੂਕਰੇਨ ਨੇ ਆਪਣੀ ਫੌਜ ਜਾਨੀ ਨੁਕਸਾਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਹਾਲਾਂਕਿ ਯੂਕਰੇਨ ਨੇ ਕਿਹਾ ਕਿ 2,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਦੋਵਾਂ ਦੇਸਾਂ ਦੇ ਦਾਅਵਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ।
ਰੂਸੀ ਸੈਨਾ ਨੇ ਇਕ ਰਣਨੀਤਕ ਯੂਕਰੇਨੀ ਬੰਦਰਗਾਹ ‘ਤੇ ਕਬਜ਼ਾ ਕਰ ਲਿਆ ਹੈ ਅਤੇ ਦੇਸ ਨੂੰ ਸਮੁੰਦਰੀ ਤਟ ਨਾਲੋਂ ਕੱਟਣ ਦੇ ਯਤਨਾਂ ਤਹਿਤ ਇਕ ਹੋਰ ਨੂੰ ਘੇਰ ਲਿਆ ਹੈ। ਇਸ ਦੇ ਨਾਲ ਹੀ ਮਾਸਕੋ ਨੇ ਕਿਹਾ ਕਿ ਉਹ ਲੜਾਈ ਖਤਮ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਹੈ। ਲੜਾਈ ਦੇ ਕਾਰਨ 10 ਲੱਖ ਲੋਕ ਯੂਕਰੇਨ ਛੱਡ ਕੇ ਗੁਆਂਢੀ ਮੁਲਕਾਂ ‘ਚ ਚਲੇ ਗਏ ਹਨ। ਰੂਸੀ ਸੈਨਾ ਨੇ ਕਿਹਾ ਕਿ ਉਸ ਨੇ ਖੇਰਸਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਸਥਾਨਿਕ ਯੂਕਰੇਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬਲਾਂ ਨੇ ਕਾਲਾ ਸਾਗਰ ਬੰਦਰਗਾਹ ‘ਚ ਸਥਾਨਿਕ ਸਰਕਾਰੀ ਮੁੱਖ ਦਫਤਰ ਉਤੇ ਕਬਜ਼ਾ ਕਰ ਲਿਆ ਹੈ। ਇਸ ਦੇ ਇਲਾਵਾ ਕਈ ਮੋਰਚਿਆਂ ‘ਤੇ ਰੂਸੀਆਂ ਨੇ ਆਪਣੇ ਹਮਲੇ ਜਾਰੀ ਰੱਖੇ। ਅਜੋਵ ਸਾਗਰ ਉਤੇ ਇਕ ਹੋਰ ਰਣਨੀਤਕ ਬੰਦਰਗਾਹ ਸ਼ਹਿਰ ਮਰੀਯੂਪੋਲ ਦੇ ਬਾਹਰੀ ਇਲਾਕੇ ‘ਚ ਭਿਆਨਕ ਲੜਾਈ ਜਾਰੀ ਰਹੀ, ਜਿਸ ਨਾਲ ਸ਼ਹਿਰ ਹਨ੍ਹੇਰੇ ‘ਚ ਡੁੱਬ ਗਿਆ ਅਤੇ ਕੱਟਿਆ ਗਿਆ ਅਤੇ ਹਰ ਪਾਸੇ ਡਰ ਦਾ ਮਾਹੌਲ ਸੀ। ਬਿਜਲੀ ਅਤੇ ਫੋਨ ਕੁਨੈਕਸ਼ਨ ਕਾਫੀ ਹੱਦ ਤੱਕ ਬੰਦ ਹਨ ਅਤੇ ਘਰਾਂ ਅਤੇ ਦੁਕਾਨਾਂ ਨੂੰ ਭੋਜਨ ਅਤੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੂਸੀ ਫੌਜ ਨੇ ਖਾਰਕੀਵ ‘ਤੇ ਬੰਬਾਰੀ ਕਰਦਿਆਂ ਰਣਨੀਤਕ ਪੱਖੋਂ ਅਹਿਮ ਬੰਦਰਗਾਹੀ ਸ਼ਹਿਰ ਖੇਰਸਾਨ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦੋਂਕਿ ਯੂਕਰੇਨ ਨੂੰ ਉਸ ਦੀ ਸਾਹਿਲੀ ਰੇਖਾ ਨਾਲੋਂ ਤੋੜਨ ਲਈ ਆਜੋਵ ਸਾਗਰ ਕੰਢੇ ਵਸੇ ਵੱਡੇ ਸ਼ਹਿਰ ਮਾਰੀਓਪੋਲ ਦੀ ਘੇਰਾਬੰਦੀ ਜਾਰੀ ਹੈ। ਉਧਰ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਪਾਸ ਨਿਖੇਧੀ ਮਤੇ ਮਗਰੋਂ ਇਕੱਲੇ ਪਏ ਰੂਸ ਨੇ ਕਿਹਾ ਕਿ ਉਹ ਜੰਗ ਖਤਮ ਕਰਨ ਲਈ ਗੱਲਬਾਤ ਦੇ ਰਾਹ ਪੈਣ ਲਈ ਤਿਆਰ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹਾਲਾਂਕਿ ਸਾਫ ਕਰ ਦਿੱਤਾ ਕਿ ਯੂਕਰੇਨ ਨੂੰ ਨਾਟੋ ਮੈਂਬਰ ਨਾ ਬਣਾਉਣ ਤੇ ਹਥਿਆਰਾਂ ਦੀ ਸਪਲਾਈ ਰੋਕਣ ਸਬੰਧੀ ਮੰਗ ਦਾ ਕੋਈ ਕੂਟਨੀਤਕ ਹੱਲ ਨਾ ਨਿਕਲਿਆ ਤਾਂ ਉਹ ਯੂਕਰੇਨ ‘ਚ ਫੌਜੀ ਕਾਰਵਾਈ ਜਾਰੀ ਰੱਖਣਗੇ। ਉਧਰ, ਕੌਮਾਂਤਰੀ ਅਪਰਾਧਕ ਅਦਾਲਤ ਨੇ ਸੰਭਾਵੀ ਜੰਗੀ ਅਪਰਾਧ ਦੇ ਦੋਸ਼ਾਂ ਨੂੰ ਲੈ ਕੇ ਰੂਸ ਖਿਲਾਫ ਜਾਂਚ ਵਿੱਢ ਦਿੱਤੀ ਹੈ।
ਰੂਸੀ ਫੌਜ ਨੇ ਕਿਹਾ ਉਸ ਨੇ ਸਾਹਿਲੀ ਸ਼ਹਿਰ ਖੇਰਸਾਨ ‘ਤੇ ਕਬਜ਼ਾ ਕਰ ਲਿਆ ਹੈ। ਸਥਾਨਕ ਯੂਕਰੇਨੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੂਸੀ ਸਲਾਮਤੀ ਦਸਤਿਆਂ ਨੇ ਕਾਲਾ ਸਾਗਰ ਬੰਦਰਗਾਹ ‘ਤੇ ਮੁਕਾਮੀ ਸਰਕਾਰੀ ਹੈੱਡਕੁਆਰਟਰਾਂ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਹੈ। ਖੇਰਸਾਨ ਦੀ ਗਵਰਨਰ ਹੀਨਾਡੀ ਲਾਹੁਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਤੇ ਹੋਰ ਅਧਿਕਾਰੀ ਪਹਿਲਾਂ ਵਾਂਗ ਆਪਣੀ ਡਿਊਟੀ ਕਰ ਰਹੇ ਹਨ।
ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨੇ ਕਿਹਾ ਕਿ ਰੂਸ ਦੀ ਜ਼ਮੀਨੀ ਫੌਜ ਵੱਲੋਂ ਹਮਲੇ ਰੁਕਣ ਮਗਰੋਂ ਮਾਸਕੋ ਨੇ ਹਵਾਈ ਹਮਲੇ ਤੇਜ ਕਰ ਦਿੱਤੇ ਹਨ, ਜਿਨ੍ਹਾਂ ਨੂੰ ਯੂਕਰੇਨੀ ਰੱਖਿਆ ਸਿਸਟਮ ਵੱਲੋਂ ਨਕਾਰਾ ਕੀਤਾ ਜਾ ਰਿਹਾ ਹੈ। ਜੇਲੈਂਸਕੀ ਨੇ ਇਕ ਵੀਡੀਓ ਸੁਨੇਹੇ ‘ਚ ਕਿਹਾ, ”ਅਸੀਂ ਉਹ ਲੋਕ ਹਾਂ ਜਿਨ੍ਹਾਂ ਇਕ ਹਫਤੇ ਅੰਦਰ ਹੀ ਦੁਸ਼ਮਣ ਦੀਆਂ ਸਾਰੀਆਂ ਵਿਉਂਤਾਂ ਨੂੰ ਤਹਿਸ ਨਹਿਸ ਕਰ ਛੱਡਿਆ ਹੈ।“ ਉਧਰ, ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਕੀਵ ਤੋਂ 25 ਕਿਲੋਮੀਟਰ ਦੂਰ ਸੈਂਕੜੇ ਟੈਂਕਾਂ ਤੇ ਹੋਰ ਫੌਜੀ ਵਾਹਨਾਂ ਦਾ ਵੱਡਾ ਕਾਫਲਾ ਮੌਜੂਦਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਉਥੇ ਹੀ ਖੜ੍ਹਾ ਹੈ। ਯੂਕਰੇਨੀ ਰਾਸ਼ਟਰਪਤੀ ਜੇਲੈਂਸਕੀ ਦੇ ਸਿਖਰਲੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਮੁਤਾਬਕ ਯੂਕਰੇਨੀ ਫੌਜਾਂ ਨੇ ਖਾਰਕੀਵ ‘ਤੇ ਕਈ ਰੂਸੀ ਜਹਾਜ਼ਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਖਾਰਕੀਵ 21ਵੀਂ ਸਦੀ ਦਾ ਸਟੈਲਿਨਗਾਰਡ ਬਣ ਗਿਆ ਹੈ।‘
ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਜੰਗ ਦੇ ਐਲਾਨ ਬਰਾਬਰ: ਪੂਤਿਨ
ਲਵੀਵ (ਯੂਕਰੇਨ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦਾ ਦੇਸ਼ ਦਾ ਦਰਜਾ ਖਤਰੇ ਵਿਚ ਹੈ। ਪੱਛਮੀ ਪਾਬੰਦੀਆਂ ਨੂੰ ਰੂਸ ਖਿਲਾਫ ਜੰਗ ਦਾ ਐਲਾਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਬਜ਼ੇ ਵਾਲੇ ਬੰਦਰਗਾਹ ਸ਼ਹਿਰ ਮਾਰੀਯੁਪੋਲ ਵਿਚ ਅਤਿਵਾਦੀ ਘਟਨਾਵਾਂ ਕਾਰਨ ਜੰਗਬੰਦੀ ਨੂੰ ਤੋੜ ਦਿੱਤਾ ਗਿਆ ਹੈ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੂਸੀ ਬਲਾਂ ਨੇ ਮਾਰੀਯੁਪੋਲ ਵਿਚ ਬੰਬਾਰੀ ਤੇਜ ਕਰ ਦਿੱਤੀ ਹੈ ਅਤੇ ਕੀਵ ਦੇ ਉੱਤਰ ਵਿਚ ਚੇਰਨੀਹੀਵ ਦੇ ਰਿਹਾਇਸ਼ੀ ਖੇਤਰਾਂ ‘ਤੇ ਸ਼ਕਤੀਸ਼ਾਲੀ ਬੰਬ ਸੁੱਟ ਰਹੇ ਹਨ।
ਰੂਸ ਨੂੰ ਕੀਮਤ ਚੁਕਾਉਣੀ ਪਵੇਗੀ: ਬਾਇਡਨ
ਸਿਆਟਲ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਖੜ੍ਹਾ ਹੈ ਤੇ ਉਸ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਬਾਇਡਨ ਨੇ ਆਪਣੇ ਪਹਿਲੇ ‘ਸਟੇਟ ਆਫ ਦ ਯੂਨੀਅਨ` ਦੇ ਸੰਬੋਧਨ ਵਿਚ ਰੂਸ ਦੇ ਹਮਲੇ ਦਾ ਸਾਹਮਣਾ ਕਰਨ ਅਤੇ ਅਮਰੀਕਾ ਵਿਚ ਮਹਿੰਗਾਈ ਨੂੰ ਕਾਬੂ ਕਰਨ ਦੀ ਸਹੁੰ ਖਾਧੀ। ਬਾਇਡਨ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਵਰਗੇ ਤਾਨਾਸ਼ਾਹਾਂ ਨੂੰ ਵਿਦੇਸ਼ੀ ਦੇਸ `ਤੇ ਹਮਲਾ ਕਰਨ ਦੀ ਕੀਮਤ ਚੁਕਾਉਣੀ ਪਵੇਗੀ, ਪਰ ਇਸ ਦੇ ਨਾਲ ਹੀ ਬਾਇਡਨ ਨੇ ਅਮਰੀਕੀ ਫੌਜ ਲੜਾਈ `ਚ ਭੇਜਣ ਤੋਂ ਇਨਕਾਰ ਕੀਤਾ। ਬਾਇਡਨ ਨੇ ਕਿਹਾ ਕਿ ਅਸੀਂ ਆਪਣੇ ਪੂਰੇ ਇਤਿਹਾਸ ਦੌਰਾਨ ਜੋ ਸਬਕ ਲਿਆ ਹੈ, ਉਹ ਹੈ ਕਿ ਜਦੋਂ ਤੱਕ ਤਾਨਾਸ਼ਾਹ ਨੂੰ ਆਪਣੇ ਹਮਲੇ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤਾਂ ਉਹ ਵਧੇਰੇ ਅਰਾਜਕਤਾ ਫੈਲਾਉਂਦੇ ਹਨ।