ਰੂਸ-ਯੂਕਰੇਨ ਜੰਗ: ਕੌੜੇ ਤਜਰਬੇ ਲੈ ਕੇ ਵਤਨ ਪਰਤ ਰਹੇ ਨੇ ਭਾਰਤੀ ਪਾੜ੍ਹੇ

ਚੰਡੀਗੜ੍ਹ: ਰੂਸ-ਯੂਕਰੇਨ ਜੰਗ ਦਰਮਿਆਨ ਅਜੇ ਵੀ ਭਾਰਤ ਸਣੇ ਹੋਰ ਦੇਸ਼ਾਂ ਦੇ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਇਨ੍ਹਾਂ ਨੂੰ ਰੇਲਵੇ ਸਟੇਸ਼ਨਾਂ ‘ਤੇ ਜਿਥੇ ਖਾਣ-ਪੀਣ ਦਾ ਸਾਮਾਨ ਖਰੀਦਣ ਦੀ ਸਮੱਸਿਆ ਆ ਰਹੀ ਹੈ, ਉਥੇ ਹੀ ਸਥਾਨਕ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਵੀਡੀਓ ਬਣਾਉਣ ਅਤੇ ਫੋਟੋ ਖਿੱਚਣ ‘ਤੇ ਪਾਬੰਦੀ ਲਾ ਦਿੱਤੀ ਹੈ।

ਵਤਨ ਪੁੱਜੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਰੇਲ ਗੱਡੀਆਂ ‘ਚ ਚੜ੍ਹਨ ਸਮੇਂ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ-ਯੂਕਰੇਨ ਜੰਗ ਨਾਲ ਜਿਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੱਡ ਚੀਰਵੀਂ ਠੰਢ ਨੇ ਵੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਕੀਵ ਤੋਂ ਬਾਅਦ ਖਾਰਕੀਵ, ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਥੇ ਸਭ ਤੋਂ ਵੱਧ ਯੂਨੀਵਰਸਿਟੀਆਂ ਹਨ। ਇਨ੍ਹਾਂ ਇਲਾਕਿਆਂ ‘ਚ ਬੰਬਾਰੀ ਤੇ ਗੋਲਾਬਾਰੀ ਜ਼ਿਆਦਾ ਹੋਣ ਕਾਰਨ ਉਥੋਂ ਨਿਕਲਣ ਵਿਚ ਮੁਸ਼ਕਲ ਆ ਰਹੀ ਹੈ। ਯੂਕਰੇਨ ‘ਚੋਂ ਬਾਹਰ ਨਿਕਲਣ ਲਈ ਵਿਦਿਆਰਥੀ ਪੋਲੈਂਡ, ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਮਾਲਦੋਵਾ ਦੀਆਂ ਸਰਹੱਦਾਂ ਵੱਲ ਜਾ ਰਹੇ ਹਨ।
ਰੇਲਵੇ ਸਟੇਸ਼ਨ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਤੇ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਦਿਆਰਥੀਆਂ ਨੂੰ ਨਾ ਤਾਂ ਵੀਡੀਓ ਬਣਾਉਣ ਦੇ ਰਹੇ ਹਨ ਤੇ ਨਾ ਹੀ ਫੋਟੋ ਖਿੱਚਣ ਦੀ ਇਜਾਜ਼ਤ ਦੇ ਰਹੇ ਹਨ।
ਯੂਕਰੇਨ ਵਿਚੋਂ ਨਿਕਲਣ ਲਈ ਖਾਰਕੀਵ ਤੋਂ ਚੱਲੇ ਹਜ਼ਾਰਾਂ ਵਿਦਿਆਰਥੀਆਂ ਨੇ ਪਹਿਲਾਂ ਹਾਲੈਂਡ ਰਾਹੀਂ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਸੀ ਪਰ ਹਾਲੈਂਡ ਵੱਲ ਜਾਂਦੀਆਂ ਸੜਕਾਂ ‘ਤੇ ਜਾਮ ਲੱਗੇ ਹੋਣ ਕਰਕੇ ਹੁਣ ਉਨ੍ਹਾਂ ਨੂੰ ਰੋਮਾਨੀਆ ਰਾਹੀਂ ਵਾਪਸ ਆਉਣਾ ਪੈ ਰਿਹਾ ਹੈ।
ਇਨ੍ਹਾਂ ਹਜ਼ਾਰ ਦੇ ਕਰੀਬ ਵਿਦਿਆਰਥੀਆਂ ‘ਚ ਸ਼ਾਮਲ ਮੁਕਤਸਰ ਦੇ ਜਸਮੀਨ ਕੌਰ, ਅਨੀਸ ਚਾਵਲਾ ਤੇ ਅਸਮਿਤਾ ਨੇ ਦੱਸਿਆ ਕਿ ਉਹ ਇਕ ਹਫਤਾ ਪਹਿਲਾਂ ਆਪਣੇ ਹੋਸਟਲਾਂ ਤੋਂ ਨਿਕਲ ਕੇ ਖਾਰਕੀਵ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਸਨ, ਪਰ ਉਥੋਂ ਰੇਲ ਗੱਡੀ ਵਿਚ ਨਾ ਚੜ੍ਹ ਸਕਣ ਕਾਰਨ ਉਨ੍ਹਾਂ ਨੂੰ ਲਗਭਗ 8 ਕਿਲੋਮੀਟਰ ਦਾ ਸਫਰ ਤੁਰ ਕੇ ਤੈਅ ਕਰਨਾ ਪਿਆ। ਰਾਤ ਸਮੇਂ ਇਹ ਵਿਦਿਆਰਥੀ ਪਿਸਤੋਨੀਆ ਦੇ ਇਕ ਸਕੂਲ ਵਿਚ ਪੁੱਜੇ, ਜਿੱਥੇ ਉਹ ਤਿੰਨ ਦਿਨ ਰੁਕੇ। ਇਸ ਮਗਰੋਂ ਉਨ੍ਹਾਂ ਬੱਸਾਂ ਰਾਹੀਂ 14 ਸੌ ਕਿਲੋਮੀਟਰ ਦੂਰ ਸਥਿਤ ਹਾਲੈਂਡ ਦੀ ਸਰਹੱਦ ‘ਤੇ ਪਹੁੰਚਣ ਲਈ ਸਫਰ ਆਰੰਭਿਆ ਪਰ ਰਾਹ ‘ਚ ਪਤਾ ਲੱਗਿਆ ਕਿ ਹਾਲੈਂਡ ਵੱਲ ਜਾਣ ਵਾਲੇ ਰਾਹਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਹ ਵੀ ਸੂਚਨਾ ਮਿਲੀ ਹੈ ਕਿ ਸਰਹੱਦ ‘ਤੇ ਵੱਡੀ ਗਿਣਤੀ ਯੂਕਰੇਨ ਵਾਸੀਆਂ ਦੇ ਪਹੁੰਚਣ ਕਾਰਨ ਹੁਣ ਹਾਲੈਂਡ ਦੀ ਸਰਹੱਦ ਬੰਦ ਕਰ ਦਿੱਤੀ ਗਈ ਹੈ।
ਇਸ ਮਗਰੋਂ ਵਿਦਿਆਰਥੀਆਂ ਨੇ ਰੋਮਾਨੀਆ ਰਾਹੀਂ ਭਾਰਤ ਪੁੱਜਣ ਦਾ ਫੈਸਲਾ ਕੀਤਾ। 26 ਘੰਟਿਆਂ ਦੇ ਸਫਰ ਮਗਰੋਂ ਉਹ ਰੋਮਾਨੀਆ ਪਹੁੰਚੇ, ਜਿੱਥੇ 24 ਘੰਟਿਆਂ ਦੀ ਉਡੀਕ ਮਗਰੋਂ ਵੀ ਹਾਲੇ ਉਨ੍ਹਾਂ ਨੂੰ ਉਡਾਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਿਛਲੇ ਦਸ ਦਿਨਾਂ ਤੋਂ ਨਾ ਤਾਂ ਨਹਾਏ ਹਨ ਤੇ ਨਾ ਹੀ ਰੱਜ ਕੇ ਖਾਣਾ ਖਾਧਾ ਹੈ।
ਪੰਜਾਬੀ ਵਿਦਿਆਰਥੀਆਂ ਨੇ ਪੱਖਪਾਤ ਦੇ ਦੋਸ਼ ਲਾਏ
ਨਵੀਂ ਦਿੱਲੀ: ਯੂਕਰੇਨ ਦੇ ਸ਼ਹਿਰ ਖਾਰਕੀਵ ਮੈਡੀਕਲ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਯੂਨੀਵਰਸਿਟੀ ਦੇ ਬੰਕਰ ਵਿਚ ਰਹਿ ਕੇ ਹੀ ਦਿਨ ਬਿਤਾਏ। ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਉਹ ਆਪਣੀ ਹਿੰਮਤ ਨਾਲ ਹੀ ਕਈ-ਕਈ ਘੰਟੇ ਪੈਦਲ ਚੱਲੇ ਤੇੇ ਬਿਨਾਂ ਕੁਝ ਖਾਧੇ-ਪੀਤੇ ਰੇਲਵੇ ਸਟੇਸ਼ਨ ਅਤੇ ਉਥੋਂ ਪੋਲੈਂਡ ‘ਚੋਂ ਹੁੰਦੇ ਹੋਏ ਭਾਰਤ ਪੁੱਜੇ। ਯੂਕਰੇਨ ਦੇ ਲੋਕਾਂ ਵੱਲੋਂ ਭਾਰਤ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਯੂਕਰੇਨ ਤੋਂ ਨਿਕਲਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਰਿਹਾ ਹੈ।