ਪਹਿਲੀ ਫਿਲਮੀ ਪੇਸ਼ਕਸ਼ ਦਾ ਕਿੱਸਾ

ਬਲਰਾਜ ਸਾਹਨੀ
ਰਾਵਲਪਿੰਡੀ ਕੁਝ ਦਿਨ ਗੁਜ਼ਾਰ ਕੇ ਅਸੀਂ ਕਸ਼ਮੀਰ ਦੀਆਂ ਠੰਢੀਆਂ ਹਵਾਵਾਂ ਖਾਣ ਲਈ ਨਿਕਲ ਪਏ ਜਿੱਥੇ ਸਾਡਾ ਆਪਣਾ ਘਰ ਸੀ। ਅਚਾਨਕ ਇਕ ਦਿਨ ਚੇਤਨ ਆਨੰਦ ਵੀ ਉੱਥੇ ਪਹੁੰਚ ਗਿਆ ਤੇ ਸਾਡੇ ਕੋਲ ਈ ਠਹਿਰ ਗਿਆ। ਉਹਨੇ ਦੱਸਿਆ ਕਿ ‘ਨੀਚਾ ਨਗਰ’ ਬਣਾਨ ਦੀਆਂ ਤਿਆਰੀਆਂ ਉਹਨੇ ਮੁਕੰਮਲ ਕਰ ਲਈਆਂ ਹਨ, ਤੇ ਫਿਲਮ ਦੇ ਮੁੱਖ ਪਾਤਰ ਉਹ ਮੈਥੋਂ ਤੇ ਦਮੋ ਤੋਂ ਕਰਾਉਣਾ ਚਾਹੁੰਦਾ ਹੈ। ਮੁਆਵਜ਼ਾ ਵੀਹ ਹਜ਼ਾਰ ਰੁਪਏ।

ਸੁਣ ਕੇ ਅਸੀਂ ਉੱਚੀਆਂ ਹਵਾਵਾਂ ਵਿਚ ਉੱਡ ਪਏ। ਯਕੀਨ ਕਰਨਾ ਔਖਾ ਹੋ ਰਿਹਾ ਸੀ। ਕਿਤੇ ਉਹ ਸਾਨੂੰ ਸ਼ੇਖ ਚਿੱਲੀ ਦੇ ਖਾਬ ਤਾਂ ਨਹੀਂ ਵਿਖਾ ਰਿਹਾ?
ਸ੍ਰੀਨਗਰੋਂ ਮੈਂ ਸ਼ਾਂਤੀ ਨਿਕੇਤਨ ਪੰਡਤ ਹਜ਼ਾਰੀ ਪ੍ਰਸ਼ਾਦ ਦਿਵੇਦੀ ਜੀ ਨੂੰ ਖਤ ਲਿਖਿਆ ਸੀ ਕਿ ਉਹ ਮੈਨੂੰ ਦੁਬਾਰਾ ਹਿੰਦੀ ਭਵਨ ਦੀ ਸ਼ਰਨ ਵਿਚ ਲੈਣਾ ਮਨਜ਼ੂਰ ਕਰਨ। ਉਹਨਾਂ ਦਾ ਹਾਂ ਵਿਚ ਜਵਾਬ ਵੀ ਆ ਚੁੱਕਿਆ ਸੀ। ਸ਼ਾਂਤੀ ਨਿਕੇਤਨ ਵਾਪਸ ਮੁੜ ਜਾਣ ਤੇ ਆਪਣੇ ਪੁਰਾਣੇ ਮਿੱਤਰਾਂ ਨੂੰ ਦੁਬਾਰਾ ਮਿਲਣ ਦੀ ਅਸੀਂ ਦੋਵੇਂ ਬਹੁਤ ਖਾਹਿਸ਼ ਰਖਦੇ ਸਾਂ ਪਰ ਹੁਣ ਜਿਵੇਂ ਨਵਾਂ ਕੌਤਕ ਸਾਨੂੰ ਖੇਡਣ ਲਈ ਵੰਗਾਰ ਰਿਹਾ ਸੀ।
ਇਕਦਮ ਰਜ਼ਾਮੰਦ ਹੋ ਜਾਣਾ ਮੁਸ਼ਕਿਲ ਸੀ। ਮੇਰੇ ਪਿਤਾ ਜੀ ਸਾਡੇ ਸ਼ਾਂਤੀ ਨਿਕੇਤਨ ਮੁੜ ਜਾਣ ਉੱਤੇ ਵੀ ਬਹੁਤੇ ਖੁਸ਼ ਨਹੀਂ ਸਨ। ਉਹ ਚਾਹੁੰਦੇ ਸਨ ਕਿ ਬੀ.ਬੀ.ਸੀ. ਦੀ ਨੌਕਰੀ ਦਾ ਲਾਭ ਉਠਾ ਕੇ ਮੈਂ ਆਲ ਇੰਡੀਆ ਰੇਡੀਓ ਵਿਚ ਕਿਸੇ ਚੰਗੇ ਅਹੁਦੇ ਲਈ ਕੋਸ਼ਿਸ਼ ਕਰਾਂ। ਜੇ ਕਿਤੇ ਉਹ ਸੁਣ ਲੈਂਦੇ ਕਿ ਮੈਂ ਫਿਲਮਾਂ ਵਿਚ ਜਾਣ ਵਾਲਾ ਹਾਂ, ਤੇ ਆਪਣੀ ਪਤਨੀ ਨੂੰ ਵੀ ਐਕਟਰੈਸ ਬਣਾਵਾਂਗਾ ਤਾਂ ਖੌਰੇ ਘਰ ਵਿਚ ਕੀ ਅਧਮੂਲ ਮੱਚ ਜਾਂਦਾ।
ਇਕ ਵਾਰੀ ਵੀਹ ਹਜ਼ਾਰ ਦਾ ਗੱਫਾ ਲੁੱਟ ਹੀ ਲੈਣਾ ਚਾਹੀਦਾ ਹੈ – ਇਸ ਗੱਲ ਉਤੇ ਮੀਆਂ-ਬੀਵੀ ਦੋਵੇਂ ਅੰਦਰੇ-ਅੰਦਰ ਸਹਿਮਤ ਸਾਂ। ਅੱਗੇ ਵੀ ਕਿਤਨੇ ਉਸ਼ਟੰਡ ਕਰ ਬੈਠੇ ਸਾਂ, ਇਕ ਹੋਰ ਸਹੀ।
ਇਕ ਸ਼ਾਮ ਜਿਹਲਮ ਦਰਿਆ ਦੇ ਕੰਢੇ ਸੈਰ ਕਰਦਿਆਂ ਚੇਤਨ ਨੇ ਮੈਨੂੰ ਤਫਸੀਲ ਨਾਲ ‘ਨੀਚਾ ਨਗਰ’ ਦੀ ਕਹਾਣੀ ਸੁਣਾਈ। ਮੈਂ ਉਹਦੇ ਕਹਾਣੀਪਣ ਤੋਂ ਬਹੁਤਾ ਪ੍ਰਭਾਵਤ ਨਾ ਹੋਇਆ ਪਰ ਕਥਾ-ਵਸਤੂ ਵਿਚ ਆਖਰਾਂ ਦਾ ਯਥਾਰਥ ਸੀ, ਉਹੀ ਜਿਹੜਾ ਮੈਂ ਗੋਰਕੀ ਦੀਆਂ ਕਹਾਣੀਆਂ ਤੇ ਰੂਸੀ ਫਿਲਮਾਂ ਵਿਚ ਵੇਖਦਾ ਆਇਆ ਸਾਂ। ਕਈ ਨਜ਼ਾਰੇ ਚੇਤਨ ਨੇ ਐਸੀ ਖੂਬੀ ਨਾਲ ਬਿਆਨ ਕੀਤੇ ਕਿ ਮੇਰੀ ਕਲਪਨਾ ਵਿਚ ਵਾਰ-ਵਾਰ ਘੁੰਮਣ ਲਗ ਪਏ। ਨਿਸੰਦੇਹ ਚੇਤਨ ਦਲੇਰ ਕਦਮ ਪੁੱਟਣ ਵਾਲਾ ਸੀ ਜਿਸ ਵਿਚ ਉਹਦਾ ਸਾਥ ਦੇਣਾ ਕਿਸੇ ਵੀ ਪੱਖੋਂ ਮਾੜਾ ਨਹੀਂ ਸੀ ਆਖਿਆ ਜਾ ਸਕਦਾ।
ਵਾਰਤਾਲਾਪ ਲਿਖਣ ਲਈ ਚੇਤਨ ਗੁਲਮਰਗ ਚਲਾ ਗਿਆ। ਹੋਰ ਪੰਦਰਾਂ-ਵੀਹਾਂ ਦਿਨਾਂ ਪਿਛੋਂ ਯੋਜਨਾ ਦੀਆਂ ਰੇਖਾਵਾਂ ਹੋਰ ਵੀ ਸਪਸ਼ਟ ਹੋ ਗਈਆਂ।
ਫਿਲਮ ਪੂਨਾ ਵਿਚ ਬਣੇਗੀ, ਜਿਥੇ ਸਾਡਾ ਵੀਹ ਸਤੰਬਰ ਨੂੰ ਪਹੁੰਚ ਜਾਣਾ ਲਾਜ਼ਮੀ ਹੋਵੇਗਾ। ਨਿਰਮਾਤਾ ਹੋਣਗੇ ਡਬਲਿਊ.ਜ਼ੈੱਡ. ਅਹਿਮਦ ਜਿਨ੍ਹਾਂ ਨਵਯੁਗ ਸਟੂਡੀਓ ਲੈ ਰੱਖਿਆ ਸੀ, ਤੇ ਬੜੇ ਚੜ੍ਹਦੇ ਫਿਲਮਸਾਜ਼ ਸਨ। ਡਾਇਰੈਕਟਰ ਖੁਦ ਚੇਤਨ ਹੋਵੇਗਾ।
ਜੁਲਾਈ ਦੇ ਅਖੀਰ ਵਿਚ ਚੇਤਨ ਬੰਬਈ ਵਾਪਸ ਰਵਾਨਾ ਹੋ ਗਿਆ। ਤੁਰਨ ਤੋਂ ਪਹਿਲਾਂ ਅਸਾਂ ਉਹਨੂੰ ‘ਹਾਂ` ਕਰ ਦਿੱਤੀ ਪਰ ਪਰਿਵਾਰ ਕੋਲੋਂ ਭੇਤ ਹਾਲੇ ਵੀ ਰੱਖਿਆ ਗਿਆ।
ਬਹੁਤਾ ਤਾਂ ਮੈਂ ਕਸ਼ਮੀਰ ਦੀਆਂ ਸੈਰਾਂ ਹੀ ਕਰਦਾ ਰਿਹਾ ਪਰ ਕੁਝ ਕੁ ਸਾਹਿਤ ਸੰਸਾਰ ਦੇ ਵੀ ਨੇੜੇ ਆਇਆ। ਹਿੰਦੀ ਦੇ ਪ੍ਰਮੁਖ ਮਾਸਿਕ ‘ਹੰਸ’ ਦੀ ਜਿਸ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਸਪੁੱਤਰ ਸ਼੍ਰੀਪਤ ਰਾਏ ਚਲਾਉਂਦੇ ਸਨ, ਪਿਛਲੇ ਚਾਰ ਸਾਲ ਦੀ ਪੂਰੀ ਫਾਈਲ ਮੰਗਾ ਕੇ ਪੜ੍ਹੀ। ਦੋ ਰਚਨਾਵਾਂ ਨੇ ਮੇਰੇ ਦਿਲ ਉਪਰ ਅਤਿਅੰਤ ਡੂੰਘਾ ਪ੍ਰਭਾਵ ਪਾਇਆ – ਇਕ ਸੀ ਬਿਜਨ ਭੱਟਾਚਾਰਜੀ ਦਾ ਇਕਾਂਗੀ ਨਾਟਕ ‘ਜ਼ਬਾਨ ਬੰਦੀ’ ਜੋ ਹਿੰਦੀ ਵਿਚ ‘ਅੰਤਿਮ ਅਭਿਲਾਸ਼ਾ’ ਨਾਂ ਹੇਠ ਛੱਪਿਆ ਸੀ। ਬੰਗਾਲ ਦੇ ਅਕਾਲ ਪੀੜਤ ਪੇਂਡੂ ਲੋਕ ਕਿਵੇਂ ਆਪਣਾ ਘਰ ਬਾਰ ਛੱਡ ਕੇ ਕਲਕੱਤੇ ਨੱਠਦੇ ਹਨ, ਇਸ ਦਾ ਡਾਢਾ ਹਿਰਦੇ-ਵੇਦਕ ਨਜ਼ਾਰਾ ਪੇਸ਼ ਕੀਤਾ ਗਿਆ ਸੀ। ਹਿੰਦੀ ਵਿਚ ਮੈਂ ਕਦੇ ਵੀ ਇਹੋ ਜਿਹਾ ਸਰਬੰਗ-ਸੰਪੂਰਨ ਨਾਟਕ ਨਹੀਂ ਸੀ ਪੜ੍ਹਿਆ। ਦੂਜੀ ਚੀਜ਼ ਸੀ ਕ੍ਰਿਸ਼ਨ ਚੰਦਰ ਦਾ ਨਾਵਲ ‘ਅੰਨ ਦਾਤਾ’। ਉਹ ਵੀ ਸ਼ਾਹਕਾਰ ਰਚਨਾ ਸੀ!
ਵਲੈਤੋਂ ਆਪਣੇ ਦੇਸ ਲਈ ਮੈਂ ਗੂੜ੍ਹ ਪਿਆਰ ਲੈ ਕੇ ਆਇਆ ਸਾਂ, ਤੇ ਅਗੋਂ ਲੰਮੇ ਅਰਸੇ ਲਈ ਕਿਸੇ ਪਰਾਏ ਦੇਸ ਨਾ ਰਹਿਣ ਦੀ, ਭਾਵੇਂ ਉਹ ਕਿਤਨਾ ਵੀ ਵਧੀਆ ਹੋਵੇ, ਸਹੁੰ ਖਾ ਛੱਡੀ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਇੰਗਲੈਂਡ ਚਾਰ ਵਰ੍ਹੇ ਗੁਜ਼ਾਰਨ ਦਾ ਮੈਨੂੰ ਅਭਿਮਾਨ ਨਹੀਂ ਸੀ। ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸੰਸਾਰ ਨੂੰ ਆਪਣੇ ਆਲੇ-ਦੁਆਲੇ ਘੁਮਾਉਣ ਦਾ ਮਾਨਸਿਕ ਰੋਗ ਮੈਨੂੰ ਬਚਪਨ ਤੋਂ ਚਮੜਿਆ ਹੋਇਆ ਸੀ। ਮੈਂ ਸ਼ੀਸ਼ਾ ਵੇਖ ਕੇ ਆਪਣੇ ਆਪ ਨੂੰ ਮਹਾਂ ਸੁੰਦਰ ਈ ਨਹੀਂ ਸੀ ਸਮਝਦਾ, ਆਪਣੇ ਵਿਅਕਤੀਤਵ ਨੂੰ ਵੀ ਵਿਰਲਾ ਤੇ ਅਨੋਖਾ ਮਹਿਸੂਸਦਾ ਸਾਂ, ਜਿਵੇਂ ਸੰਸਾਰ ਉਤੇ ਉਹਦੀ ਛਾਪ ਮੇਰੇ ਲੱਖ ਜਤਨ ਕਰਨ ਦੇ ਬਾਵਜੂਦ ਜ਼ਰੂਰ ਪੈ ਜਾਣੀ ਹੋਵੇ। ਇਹ ਮਾਤਾ ਪਿਤਾ ਦੇ ਗੈਰ-ਮਾਮੂਲੀ ਲਾਡ-ਪਿਆਰ ਦਾ ਪੈਦਾ ਕੀਤਾ ਮਨੋਵਿਕਾਰ ਸੀ। ਮੈਂ ਪੰਜਾਂ ਭੈਣਾਂ ਪਿੱਛੋਂ ਜੰਮਿਆਂ ਸਾਂ। ਮਾਪਿਆਂ ਨੇ ਲੋਹ-ਲੋਹ ਕੇ ਪੁੱਤਰ ਦਾ ਮੂੰਹ ਵੇਖਿਆ ਸੀ ਪਰ ਇਸ ਦੇ ਉਲਟ, ਇਕ ਹੋਰ ਉਤਨੀ ਹੀ ਪ੍ਰਬਲ ਪਰਬਿਰਤੀ ਮੇਰੇ ਅੰਦਰ ਸਿਰ ਕੱਢ ਚੁੱਕੀ ਸੀ – ਹਾਰ ਨਾ ਮੰਨਣ ਦੀ, ਆਪਣੇ ਟੀਚੇ ਉਤੇ ਪਹੁੰਚ ਕੇ ਰਹਿਣ ਦੀ। ਮੇਰੀ ਸਵੈ-ਕੇਂਦਰਤਾ ਨੂੰ ਜੀਵਨ ਵਲੋਂ ਸੱਟਾਂ ਵੀ ਬੜੀਆਂ ਭਾਰੀ ਵੱਜੀਆਂ ਸਨ। ਇੰਜ ਹੋਣਾ ਸੁਭਾਵਕ ਸੀ। ਤੇ ਜ਼ਖਮੀ ਹੋ ਕੇ ਮੈਂ ਜਦੋਂ ਆਪਣੇ ਆਲੇ-ਦੁਆਲੇ ਵੇਖਦਾ ਹਾਂ, ਤੇ ਪਤਾ ਚੱਲਦਾ ਹੈ ਕਿ ਸਾਰਾ ਸੰਸਾਰ ਹੀ ਦੁਖੀ ਹੈ। ਮੇਰੇ ਅੰਦਰ ਆਪਣੇ ਦੁੱਖ ਨੂੰ ਦੂਜਿਆਂ ਦੇ ਦੁੱਖ ਨਾਲ ਰਲਾਉਣ ਤੇ ਮਨੁੱਖਤਾ ਨਾਲ ਡੂੰਘੀਆਂ ਸਾਂਝਾਂ ਪਾਉਣ ਦੀ ਕਾਮਨਾ ਦਿਨੋ-ਦਿਨ ਪ੍ਰਬਲ ਹੁੰਦੀ ਜਾ ਰਹੀ ਸੀ।
ਇਹ ਸਵੈ-ਕੇਂਦਰਤਾ ਦਾ ਵਿਰੋਧ ਮੇਰੇ ਜੀਵਨ ਵਿਚ ਸਦਾ ਰਿਹਾ ਹੈ। ਉਹ ਮੇਰਾ ਸਹਾਈ ਵੀ ਹੋਇਆ ਹੈ, ਤੇ ਉਹਨੇ ਮੇਰੇ ਰਾਹ ਵੀ ਰੋਕੇ ਹਨ। ਸਵੈ-ਕੇਂਦਰਤਾ ਤੇ ਸਮੂਹ-ਕੇਂਦਰਤਾ ਦਾ ਇਹ ਵਿਰੋਧ ਮੈਂ ਆਪਣੇ ਹਾਣ ਦੇ ਲਗਭਗ ਸਾਰੇ ਹੀ ਸਾਹਿਤਕਾਰਾਂ ਤੇ ਕਲਾਕਾਰਾਂ ਵਿਚ ਵੇਖਿਆ ਹੈ।
ਜਦੋਂ ਦੀ ਹੋਸ਼ ਸੰਭਾਲੀ ਹੈ, ਮੈਂ ਜਨਤਾ ਨਾਲ ਇਕ-ਮਿਕ ਵੀ ਹੋਣਾ ਚਾਹੁੰਦਾ ਹਾਂ ਪਰ ਜਨਤਾ ਕੋਲੋਂ ਸੰਗਦਾ ਵੀ ਹਾਂ। ਮੈਂ ਨਾ ਪੂਰੀ ਤਰ੍ਹਾਂ ਸਵੈ ਵਿਚ ਸੁਖੀ ਹਾਂ, ਤੇ ਨਾ ਸਮੂਹ ਵਿਚ। ਮੈਂ ਦੇਸ-ਕਲਿਆਣ ਦੇ ਕੰਮਾਂ ਵਿਚ ਵੀ ਮੂੰਹ ਮਾਰਦਾ ਰਿਹਾ ਹਾਂ ਪਰ ਆਪਣੇ ਸੁਆਰਥ ਨੂੰ ਵੀ ਕਦੇ ਨਹੀਂ ਛੱਡਿਆ। ਇਹੋ ਪਰਬਿਰਤੀ ਮੇਰੇ ਸਮਕਾਲੀਆਂ ਦੀ ਹੈ। ਸ਼ਾਇਦ ਨਵੀਂ ਪੀੜ੍ਹੀ ਸਾਡੇ ਕਿਰਦਾਰ ਵਿਚ ਔਗੁਣ ਤੇ ਪਖੰਡ ਹੀ ਵੇਖੇਗੀ ਪਰ ਮੈਂ ਸਮਝਦਾ ਹਾਂ ਕਿ ਇਸ ਦਵੰਦ ਵਿਚ ਕੁਝ ਗੁਣ ਵੀ ਹਨ। ਵਲੈਤੋਂ ਆ ਕੇ ਮੈਂ ਅੰਗਰੇਜ਼ੀ ਸਾਮਰਾਜ ਨੂੰ ਬੜੀ ਨਿਡਰਤਾ ਨਾਲ ਭੰਡਣ ਲਗ ਪਿਆ ਸਾਂ, ਇਤਨਾ ਕਿ ਮੇਰੇ ਦੋਸਤ ਮਿੱਤਰ ਕਦੇ-ਕਦੇ ਮੇਰਾ ਧਿਆਨ ਡੀਫੈਂਸ ਆਫ ਇੰਡੀਆ ਰੂਲਜ਼ ਵਲ ਵੀ ਦਿਵਾਉਂਦੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਸਭ ਕੁਝ ਛੱਡ ਕੇ ਆਜ਼ਾਦੀ ਅੰਦੋਲਨ ਵਿਚ ਕੁੱਦਣ ਲਈ ਤਿਆਰ ਹੋ ਚੁੱਕਾ ਸਾਂ.। ਮੇਰੀ ਬੜ-ਬੋਲਤਾ ਦਾ ਸੋਮਾ ਮੇਰਾ ਘਮੰਡ ਸੀ। ਵਲੈਤ ਜਾ ਕੇ ਮੈਂ ਆਪਣੇ ਆਪ ਨੂੰ ਅੰਗਰੇਜ਼ ਦੇ ਬਰਾਬਰ ਦਾ ਸਮਝਣ ਲਗ ਪਿਆ ਸਾਂ।
ਉਸ ਸਮੇਂ ਦੇ ਆਪਣੇ ਘਮੰਡ ਦੀ ਇਕ ਹੋਰ ਵੀ ਤਸਵੀਰ ਮੇਰੇ ਸਾਹਮਣੇ ਆਉਂਦੀ ਹੈ। ਵਲੈਤ ਜਾਣ ਤੋਂ ਪਹਿਲਾਂ ਮੇਰੀਆਂ ਕਹਾਣੀਆਂ ‘ਹੰਸ’ ਵਿਚ ਬਾਕਾਇਦਾ ਛਪਦੀਆਂ ਸਨ। ਮੈਂ ਉਹਨਾਂ ਭਾਗਸ਼ਾਲੀ ਲੇਖਕਾਂ ਵਿਚੋਂ ਸਾਂ ਜਿਨ੍ਹਾਂ ਦੀ ਕਦੇ ਵੀ ਕੋਈ ਰਚਨਾ ਨਾ-ਮਨਜ਼ੂਰ ਨਹੀਂ ਸੀ ਹੋਈ। ਵਲੈਤ ਵਿਚ ਚਾਰ ਸਾਲ ਮੈਂ ਇਕ ਵੀ ਕਹਾਣੀ ਨਹੀਂ ਸੀ ਲਿਖੀ। ਅਭਿਆਸ ਟੁੱਟ ਚੁੱਕਿਆ ਸੀ। ਹੁਣ ਮੈਂ ਉਹਨੂੰ ਬਹਾਲ ਕਰਨਾ ਚਾਹਿਆ। ਇਕ ਕਹਾਣੀ ਲਿਖ ਕੇ ਮੈਂ ‘ਹੰਸ’ ਨੂੰ ਭੇਜੀ। ਉਹ ਵਾਪਸ ਆ ਗਈ। ਮੇਰੇ ਸਵੈ-ਮਾਣ ਨੂੰ ਸਖਤ ਸੱਟ ਵੱਜੀ। ਉਸ ਸੱਟ ਦਾ ਜ਼ਖਮ ਕਿਤਨਾ ਡੂੰਘਾ ਸੀ, ਇਸ ਗੱਲ ਦਾ ਹਿਸਾਬ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਮੈਂ ਅੱਜ ਤੀਕਰ ਕੋਈ ਕਹਾਣੀ ਨਹੀਂ ਲਿਖੀ।
ਚੇਤਨ ਦੇ ਫਿਲਮਾਂ ਵਿਚ ਕੰਮ ਕਰਨ ਦੇ ਨਿਮੰਤਰਣ ਨੇ ਜਿਵੇਂ ਉਸ ਸੱਟ ਉਪਰ ਮਲ੍ਹਮ ਦਾ ਕੰਮ ਕੀਤਾ। ਫਿਲਮਾਂ ਦੀ ਰਾਹ ਫੜਨ ਦਾ ਇਕ ਕਾਰਨ ਉਹ ਅਸਵੀਕ੍ਰਿਤ ਕਹਾਣੀ ਵੀ ਸੀ।
ਫੇਰ, ਇਕ ਹੋਰ ਘਟਨਾ ਹੋਈ ਜਿਸ ਨੇ ਮੇਰੇ ਘਮੰਡ ਵਿਚ ਹੋਰ ਵੀ ਵਾਧਾ ਕਰ ਦਿਤਾ। ਮੈਨੂੰ ਕ੍ਰਿਸ਼ਨ ਚੰਦਰ ਦਾ ਖਤ ਆਇਆ। ਉਹ ਖਤ ਉਹਨੇ ਪੂਨਿਓਂ ਲਿਖਿਆ ਸੀ – ਡਬਲਿਊ.ਜੈੱਡ. ਅਹਿਮਦ ਸਾਹਿਬ ਦੇ ਸਟੂਡੀਓ ਤੋਂ ਜਿੱਥੇ ਉਹ ਚਿੱਤਰ-ਕਥਾ ਲੇਖਕ ਦੀ ਹੈਸੀਅਤ ਵਿਚ ਕੰਮ ਕਰ ਰਿਹਾ ਸੀ। ਉਸ ਵਿਚ ਪਹਿਲਾਂ ਉਹਨੇ ਡਬਲਿਊ.ਜ਼ੈੱਡ. ਅਹਿਮਦ ਸਾਹਿਬ ਦੀ ਸ਼ਖਸੀਅਤ ਦੀ ਤੇ ਉਹਨਾਂ ਦੇ ਅਗਾਂਹ-ਵਧੂ ਵਿਚਾਰਾਂ ਦੀ ਤਾਰੀਫ ਕੀਤੀ, ਫੇਰ ਲਿਖਿਆ ਕਿ ਚੇਤਨ ਰਾਹੀਂ ਫਿਲਮਾਂ ਵਿਚ ਆਉਣ ਦੀ ਕੀ ਲੋੜ ਹੈ? ਤੈਨੂੰ ਆਪਣੇ ਸਾਥੀਆਂ ਵਿਚ ਸ਼ਾਮਲ ਕਰ ਕੇ ਅਹਿਮਦ ਸਾਹਿਬ ਨੂੰ ਬੜੀ ਖੁਸ਼ੀ ਹੋਵੇਗੀ।
ਮੇਰੀ ਨਿਗਾਹ ਵਿਚ ਆਪਣੀ ਅਹਿਮੀਅਤ ਝੱਟ ਇਤਨੀ ਵਧ ਗਈ ਕਿ ਮੈਂ ਇਹ ਸੋਚਣ ਦੀ ਵੀ ਪਰਵਾਹ ਨਾ ਕੀਤੀ ਕਿ ਕ੍ਰਿਸ਼ਨ ਚੰਦਰ ਨੇ ਇਹ ਖਤ ਸ਼ੈਦ ਨਿਰੋਲ ਮਿੱਤਰ ਭਾਵਨਾ ਦੇ ਅਸਰ ਹੇਠ ਲਿਖਿਆ ਹੋਵੇ। ਮੈਂ ਇਸ ਨਤੀਜੇ ਉਤੇ ਅੱਪੜ ਗਿਆ ਕਿ ਡਬਲਿਊ.ਜ਼ੈੱਡ. ਅਹਿਮਦ ਨੇ ਹੀ ਖਤ ਲਿਖਵਾਇਆ ਹੋਵੇਗਾ। ਉਹ ਅਵੱਸ਼ ਮੈਨੂੰ ਚੇਤਨ ਨਾਲੋਂ ਪਾੜਨ ਦੀ ਕੋਸ਼ਸ਼ ਕਰ ਰਹੇ ਸਨ, ਤੇ ਕਿਤਨੀ ਘਟੀਆ ਤੇ ਨਾਵਾਜਬ ਗੱਲ ਸੀ ਇਹ।
ਮੈਂ ਬਿਨਾਂ ਜਵਾਬ ਦਿੱਤੇ ਖਤ ਚੇਤਨ ਨੂੰ ਭੇਜ ਦਿੱਤਾ। ਕ੍ਰਿਸ਼ਨ ਦਾ ਇਕ ਹੋਰ ਖਤ ਆਇਆ, ਉਹ ਵੀ ਮੈਂ ਚੇਤਨ ਨੂੰ ਭੇਜ ਦਿਤਾ।
ਪਰ ਅਜੀਬ ਗੱਲ ਕਿ ਜਾਣ ਪਿਛੋਂ ਚੇਤਨ ਨੇ ਇਕ ਵੀ ਖਤ ਨਾ ਲਿਖਿਆ। ਤੇ ਏਧਰ, ਖੌਰੇ ਕਿਵੇਂ, ਫਿਲਮਾਂ ਵਿਚ ਜਾਣ ਦੀ ਗੱਲ ਮੇਰੇ ਮੂੰਹੋਂ ਨਿਕਲ ਗਈ, ਤੇ ਝਟਪਟ ਫੈਲ ਗਈ। ਮੈਨੂੰ ਬੜੀਆਂ ‘ਖਾਸ` ਨਜ਼ਰਾਂ ਨਾਲ ਵੇਖਿਆ ਜਾਣ ਲੱਗ ਪਿਆ, ਜਿਵੇਂ ਮੈਂ ਹੁਣ ਤੋਂ ਹੀ ਫਿਲਮ ਸਟਾਰ ਬਣ ਗਿਆ ਹੋਵਾਂ। ਗੱਲ ਪਿਤਾ ਜੀ ਦੇ ਕੰਨਾਂ ਤਕ ਵੀ ਜਾ ਪਹੁੰਚੀ। ਪਹਿਲਾਂ ਤਾਂ ਉਹਨਾਂ ਟੋਕਿਆ-ਟਾਕਿਆ ਪਰ ਵੀਹ ਹਜ਼ਾਰ ਦੀ ਰਕਮ ਸੁਣ ਕੇ ਉਹ ਵੀ ਚੁੱਪ ਹੋ ਗਏ। ਦਮੋ ਬਾਰੇ ਮੈਂ ਅਜੇ ਕਿਸੇ ਨੂੰ ਨਹੀਂ ਸੀ ਦੱਸਿਆ।
ਜਿਉਂ-ਜਿਉਂ ਸਤੰਬਰ ਦੀ ਮੁਕਰਰ ਤਰੀਕ ਨੇੜੇ ਆਉਣ ਲੱਗੀ, ਮੇਰੇ ਮਨ ਵਿਚ ਧੂਹ ਪੈਣ ਲੱਗ ਪਈ। ਜੇ ਚੇਤਨ ਦਾ ਖਤ ਨਾ ਆਇਆ, ਫੇਰ? ਕਿਤੇ ਸਾਰੇ ਆਂਡੇ ਇਕੋ ਟੋਕਰੀ ਵਿਚ ਧਰਨ ਦੀ ਮੂਰਖਤਾ ਤਾਂ ਨਹੀਂ ਸਾਂ ਕਰ ਬੈਠਾ? ਉਡੀਕ-ਉਡੀਕ ਕੇ ਚੇਤਨ ਦਾ ਖਤ ਆ ਹੀ ਗਿਆ ਪਰ ਗੋਲ-ਮੋਲ ਜਿਹਾ। ਨਾ ਉਹਨੇ ਪੈਸੇ ਭੇਜੇ, ਨਾ ਹੋਰ ਕੋਈ ਗੱਲ ਪੱਕੀ ਕੀਤੀ। ਹਾਂ, ਵੀਹ ਤਰੀਕ ਪੂਨੇ ਪਹੁੰਚ ਜਾਣ ਲਈ ਅਵੱਸ਼ ਲਿਖ ਦਿੱਤਾ ਸੀ।
ਮੇਰੇ ਨਿੱਕੇ ਵੀਰ ਭੀਸ਼ਮ ਨੂੰ ਉਸ ਖਤ ਤੋਂ ਬੜੀ ਨਿਰਾਸਤਾ ਹੋਈ। ਉਹਨੇ ਉਸ ਦੇ ਆਧਾਰ ਉਤੇ ਦਮੋ ਤੇ ਬੱਚਿਆਂ ਨੂੰ ਨਾਲ ਲੈ ਜਾਣ ਦਾ ਸਖਤ ਵਿਰੋਧ ਕੀਤਾ। ਅਖੀਰ ਮੈਂ ਇਕੱਲਾ ਹੀ ਪਾਣੀ ਦੀ ਧਾਰ ਵੇਖਣ ਪੂਨੇ ਚਲਾ ਗਿਆ। ਬਰਸਾਤ ਦੇ ਦਿਨ ਸਨ। ਸਫਰ ਬੜਾ ਖੁਸ਼ਗਵਾਰ ਸੀ। ਖਾਸਕਰ ਪੂਨੇ ਦੇ ਨੇੜੇ ਪਹੁੰਚ ਕੇ ਤਾਂ ਇੰਜ ਲਗਾ, ਜਿਵੇਂ ਮੁੜ ਇੰਗਲਿਸਤਾਨ ਪਹੁੰਚ ਗਿਆ ਹੋਵਾਂ। ਹੁਣ ਪਤਾ ਚੱਲਿਆ ਕਿ ਹਿੰਦੋਸਤਾਨੋਂ ਜਾ ਕੇ ਅੰਗਰੇਜ਼ ਪੂਨੇ ਨੂੰ ਕਿਉਂ ਇਤਨੇ ਪਿਆਰ ਨਾਲ ਯਾਦ ਕਰਦੇ ਹਨ। ਉਥੋਂ ਦੀ ਆਬੋ-ਹਵਾ ਤੇ ਕੁਦਰਤੀ ਨਜ਼ਾਰੇ ਸੱਚਮੁੱਚ ਜਵਾਬ ਨਹੀਂ ਰਖਦੇ। ਸਟੇਸ਼ਨ ਉਤੇ ਕ੍ਰਿਸ਼ਨ ਚੰਦਰ ਮੈਨੂੰ ਲੈਣ ਆਇਆ ਹੋਇਆ ਸੀ। ਰਾਤ ਮੈਂ ਉਸੇ ਦੇ ਘਰ ਰਿਹਾ। ਉਹਨੇ ਆਪਣੇ ਖਤਾਂ ਦਾ ਮੇਰੇ ਨਾਲ ਲੋਈ ਜ਼ਿਕਰ ਨਹੀਂ ਕੀਤਾ। ਮੈਂ ਹੈਰਾਨ ਸਾਂ ਕਿ ਚੇਤਨ ਕਿਉਂ ਨਹੀਂ ਸੀ ਆਇਆ। ਮੈਂ ਕ੍ਰਿਸ਼ਨ ਵਲੋਂ ਸੰਗ ਜਿਹੀ ਮਹਿਸੂਸ ਕਰਦਾ ਰਿਹਾ। ਦੂਜੇ ਦਿਨ ਸਵੇਰੇ ਦਸ ਕੁ ਵਜੇ ਚੇਤਨ ਆ ਗਿਆ, ਤੇ ਫੇਰ ਅਸੀਂ ਦੋਵੇਂ ਸਟੂਡੀਓ ਵਲ ਚਲ ਪਏ।
ਉਥੇ ਪਹੁੰਚ ਕੇ ਬੜਾ ਖਿੰਡਿਆ ਤੇ ਬੇਥਵਾ ਜਿਹਾ ਮਾਹੌਲ ਵੇਖਿਆ। ਸ਼ੂਟਿੰਗ ਕੋਈ ਨਹੀਂ ਸੀ ਹੋ ਰਹੀ। ਬਹੁਤ ਸਾਰੇ ਵਿਹਲੜ ਟੋਲੀਆਂ ਬਣਾ ਕੇ ਇੰਜ ਏਧਰ ਓਧਰ ਟਹਿਲ ਰਹੇ ਸਨ, ਜਿਵੇਂ ਬਬਾਨ ਉਠਾਉਣ ਨੂੰ ਲੋਕੀਂ ਉਡੀਕਦੇ ਹਨ। ਕੋਈ ਬੈਠਣ-ਉਠਣ ਦੀ ਥਾਂ ਨਹੀਂ ਸੀ। ਟਹਿਲਣ ਵਾਲਿਆਂ ਵਿਚ ਕੁਝ ਇਕ ਜਾਣੇ-ਪਛਾਣੇ ਬੰਦੇ ਮਿਲੇ। ਡੇਵਿਡ ਅਬਰਾਹਮ ਮਿਲਿਆ। ਉਸ ਨੂੰ ਛੇ ਕੁ ਸਾਲ ਪਹਿਲਾਂ ਮੈਂ ਕਸ਼ਮੀਰ ਮਿਲਿਆ ਸਾਂ, ਜਦੋਂ ਈਨਾਖਸ਼ੀ ਰਾਮਾ ਰਾਓ ਤੇ ਉਹਨਾਂ ਦੇ ਪਤੀ ਸ਼੍ਰੀ ਭਵਨਾਨੀ ਆਪਣੀ ਫਿਲਮ ‘ਹਿਮਾਲ ਕੀ ਬੇਟੀ` ਬਣਾਨ ਲਈ ਕਸ਼ਮੀਰ ਆਏ ਸਨ। ਡੇਵਿਡ ਉਦੋਂ ਉਹਨਾਂ ਦਾ ਪ੍ਰਾਈਵੇਟ ਸੈਕਰੇਟਰੀ ਸੀ।
‘ਹਿਮਾਲ ਕੀ ਬੇਟੀ’ ਸ਼ਾਇਦ ਪਹਿਲੀ ਹਿੰਦੀ ਫਿਲਮ ਸੀ ਜਿਸ ਦੀ ਸ਼ੂਟਿੰਗ ਕਸ਼ਮੀਰ ਵਿਚ ਹੋਈ। ਉਹ ਕਿੱਸਾ ਵੀ ਥੋੜ੍ਹਾ ਜਿਹਾ ਵਿਸਥਾਰ ਮੰਗਦਾ ਹੈ।
ਉਹਨੀਂ ਦਿਨੀਂ ਮੈਂ ਸ਼ਾਂਤੀ ਨਿਕੇਤਨ ਵਿਚ ਅਧਿਆਪਕ ਸਾਂ। ਈਨਾਖਸ਼ੀ ਰਾਮਾ ਰਾਓ ਗੁਰੂਦੇਵ ਟੈਗੋਰ ਨੂੰ ਆਪਣਾ ਨਾਚ ਵਿਖਾਉਣ ਆਈ। ਦਮੋ ਦਾ ਉਸ ਨਾਲ ਸਹੇਲ ਪੈ ਗਿਆ। ਗੱਲਾਂ-ਗੱਲਾਂ ਵਿਚ ਦਮੋ ਨੇ ਉਸ ਅੱਗੇ ਜ਼ਿਕਰ ਕੀਤਾ ਕਿ ਕਸ਼ਮੀਰ ਵਿਚ ਸਾਡਾ ਆਪਣਾ ਘਰ ਹੈ, ਤੇ ਗਰਮੀਆਂ ਦੀਆਂ ਛੁੱਟੀਆਂ ਅਸੀਂ ਉਥੇ ਗੁਜ਼ਾਰਨ ਜਾ ਰਹੇ ਹਾਂ। ਈਨਾਖਸ਼ੀ ਨੇ ਦੱਸਿਆ ਕਿ ਉਹ ਫਿਲਮਾਂ ਵਿਚ ਵੀ ਕੰਮ ਕਰਦੀ ਹੈ ਤੇ ਉਸ ਦੇ ਪਤੀ ਵੀ ਆਊਟ-ਡੋਰ ਸ਼ੂਟਿੰਗ ਲਈ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ। ਸ਼ਾਇਦ ਉਥੇ ਫੇਰ ਮੁਲਾਕਾਤ ਹੋਵੇਗੀ।
(ਚੱਲਦਾ)