‘ਨਾਗਮਣੀ’ ਅਤੇ ਅੰਮ੍ਰਿਤਾ ਦੀ ਕਹਾਣੀ

ਅਮੀਆ ਕੁੰਵਰ
ਫੋਨ: +91-84470-75572
ਅੰਮ੍ਰਿਤਾ ਪ੍ਰੀਤਮ ਨੂੰ ਇਹ ਲੋਕ ਤੱਜਿਆਂ 16 ਵਰ੍ਹੇ ਹੋ ਗਏ ਹਨ ਤੇ ਉਸ ਦੀ ਅਦਬੀ ਜਾਈ ‘ਨਾਗਮਣੀ ਨੂੰ ਪ੍ਰਕਾਸ਼ਨ ਤੋਂ ਵਿਰਵੇ ਹੋਇਆਂ ਸਾਢੇ ਉੱਨੀ ਵਰ੍ਹੇ ਪਰ ਅੱਜ ਵੀ ਇਨ੍ਹਾਂ ਦੋਹਾਂ ਦਾ ਖਿਆਲ, ਬਿੰਬ, ਪਾਠਕਾਂ, ਪ੍ਰਸ਼ੰਸਕਾਂ, ਆਲੋਚਕਾਂ ਦੇ ਹਾਫਿਜ਼ੇ ਵਿਚ ਸੱਜਰਾ ਹੈ। ਕਾਰਨ, ਦੋਵੇਂ ਹੀ ਇਸ ਸੰਸਾਰ ਦੀਆਂ ਅਲੋਕਾਰ ਘਟਨਾਵਾਂ ਸਨ ਜੋ ਜੀਵੰਤ ਮਿੱਥ ਵਿਚ ਰੂਪਾਂਤਰਿਤ ਹੋ ਗਈਆਂ।

‘ਨਾਗਮਣੀ’ ਜਿਹਾ ਨਿਆਰਾ ਰਸਾਲਾ ਅੰਮ੍ਰਿਤਾ ਪ੍ਰੀਤਮ ਵਰਗੀ ਅਨੂਠੀ ਸ਼ਖਸੀਅਤ ਵਲੋਂ ਹੀ ਹੋਂਦ ਵਿਚ ਆ ਸਕਦਾ ਸੀ। ਅੰਮ੍ਰਿਤਾ ਨੇ ਜਦ ਹੱਥ ‘ਚ ਕਾਨੀ ਫੜੀ ਤਾਂ ਉਸ ਵੇਲੇ ਇਕ ਤਾਂ ਉਹ ਉਮਰ ਕੱਚੀ ਵਰੇਸ ਸੀ; ਦੂਜੇ, ਪਿਤਾ ਵੱਲੋਂ ਪਰੰਪਰਕ, ਧਾਰਮਿਕ ਪਰਛਾਵਿਆਂ ਦੀ ਵਲਗਣ ‘ਚ ਸੀ। ਸੋ, ਉਸ ਦੀਆਂ ਉਸ ਵੇਲੇ ਦੀਆਂ ਰਚਨਾਵਾਂ ਕੁਝ ਕੱਚ-ਘਰੜ, ਧਾਰਮਿਕ, ਪਰੰਪਰਕ, ਰੁਮਾਂਟਿਕ ਸ਼ਬਦਾਂ ਅਤੇ ਵੱਥ ਨਾਲ ਪ੍ਰੋਤੀਆਂ ਹੁੰਦੀਆਂ। ਅਉਧ ਹੰਢਾ ਕੇ ਉਸ ਦੀ ਲਿਖਤ ਵਿਚ ਪਕਿਆਈ ਆਉਂਦੀ ਗਈ। ਉਸ ਨੂੰ ਆਪਣੀਆਂ ਪਹਿਲੀਆਂ ਲਿਖਤਾਂ ਬਹੁਤ ਓਪਰੀਆਂ ਅਤੇ ਗੈਰ-ਅੰਮ੍ਰਿਤਾ ਜਾਪਣ ਲੱਗੀਆਂ ਤੇ ਉਸ ਨੇ ਆਪਣੇ ਅੱਧਿਉਂ ਵੱਧ ਰਚਨਾ-ਸੰਸਾਰ ਤੋਂ ਆਪਣਾ ਨਾਂ ਖਾਰਜ ਕਰ ਲਿਆ।
ਪੰਜਾਬੀ ਅਕਾਦਮੀ ਦਿੱਲੀ ਦੇ ਰਸਾਲੇ ‘ਸਮਦਰਸ਼ੀ’ (ਅਪਰੈਲ-ਜੂਨ 1987) ਦੇ ਕਾਲਮ ‘ਮੇਰੀ ਪਹਿਲੀ ਕਿਤਾਬ’ ਵਿਚ ਉਹ ਸਪਸ਼ਟ ਤੌਰ ‘ਤੇ ਉਲੀਕਦੀ ਹੈ ਕਿ “ਮੇਰੀ ਪਹਿਲੀ ਕਿਤਾਬ ‘ਠੰਢੀਆਂ ਕਿਰਨਾਂ’ 1935 ਵਿਚ ਪ੍ਰਕਾਸ਼ਿਤ ਹੋਈ (ਉਸ ਵੇਲੇ ਉਹ ਮਹਿਜ਼ ਸੋਲਾਂ ਵਰ੍ਹਿਆਂ ਦੀ ਸੀ)। ਮੇਰੀ ਨਜ਼ਰ ਵਿਚ ਮੇਰੀ ਪਹਿਲੀ ਕਿਤਾਬ ਬਿਲਕੁਲ ਬਚਗਾਨਾ ਜਿਹੀ ਤੁਕਬੰਦੀ ਦਾ ਸੰਗ੍ਰਹਿ ਸੀ ਜੋ ਛਪਣਾ ਨਹੀਂ ਸੀ ਚਾਹੀਦਾ। ਹਕੀਕਤ ਇਹ ਹੈ ਕਿ ਪਹਿਲੇ ਪੰਜ ਕਾਵਿ-ਸੰਗ੍ਰਹਿ ਇਹੋ ਜਿਹੇ ਹਨ ਜਿਨ੍ਹਾਂ ਦੇ ਉਸ ਕਾਲ ਵਿਚ ਛਪਣ ਦੀ ਰੀਝ ਮੇਰੀ ਬੜੀ ਅੰਙਾਣੀ ਰੀਝ ਸੀ।”
ਜਦ ਅੰਮ੍ਰਿਤਾ ਨੇ ਮੈਗਜ਼ੀਨ ਕੱਢਣ ਦਾ ਖਿਆਲ ਕੀਤਾ, ਉਦੋਂ ਉਹ 48ਵੇਂ ਦੇ ਨੇੜੇ ਢੁੱਕ ਰਹੀ ਸੀ। ਆਰਜ਼ਾਂ ਪੱਖੋਂ ਤਾਂ ਉਹ ਪਰਿਪੱਕ ਹੋਈ ਈ; ਦੂਜੇ, ਹਾਦਸਿਆਂ ਤੇ ਅਨੁਭਵਾਂ ਨੇ ਉਸ ਦੀ ਜ਼ਿਹਨੀ ਜ਼ਮੀਨ ਨੂੰ ਇੰਨਾ ਜ਼ਰਖੇਜ਼ ਕਰ ਦਿੱਤਾ ਜਿਸ ਨਾਲ ਉਸ ਦੀ ਲਿਖਤ, ਸੁਭਾਅ, ਸ਼ਖਸੀਅਤ ਵਿਚ ਇੰਨੀ ਪਕਿਆਈ ਆ ਗਈ ਸੀ ਕਿ ‘ਨਾਗਮਣੀ’ ਨੂੰ ਉਸ ਨੇ ਆਪਣੇ ਦਿਲ-ਦਿਮਾਗ ਦੇ ਹਾਣ ਦਾ ਰੱਖਿਆ ਅਤੇ ਪੂਰੀ ਉਮਰ ਆਪਣੀਆਂ ਸੋਚਾਂ, ਪਸੰਦ, ਅਸੂਲਾਂ ‘ਤੇ ਚੱਲਦਿਆਂ ਇਸ ਦਾ ਮਿਆਰ ਕਾਇਮ ਰੱਖਿਆ।
‘ਨਾਗਮਣੀ’ ਆਪਣੇ ਪਹਿਲੇ ਅੰਕ ਤੋਂ ਹੀ ਅਦਬੀ ਜਗਤ ਵਿਚ ਨਾ ਕੇਵਲ ਮਕਬੂਲ ਹੋਈ ਸਗੋਂ ਇਸ ਵਿਚ ਛਪਣਾ ਕਿਸੇ ਲੇਖਕ ਦੇ ਵਧੀਆ ਲੇਖਕ ਹੋਣ ਦਾ ਪ੍ਰਮਾਣ-ਪੱਤਰ ਹੋ ਗਿਆ। ਕਹਾਣੀਕਾਰ ਪ੍ਰੇਮ ਗੋਰਖੀ, ਕੇ. ਐਲ. ਗਰਗ ਦਾ ਕਹਿਣਾ ਹੈ ਕਿ “ਅੰਮ੍ਰਿਤਾ ਜੀ ਅਤੇ ਨਾਗਮਣੀ ਦਾ ਸਾਥ ਨਾ ਮਿਲਦਾ ਤਾਂ ਅਸੀਂ ਇਹੋ ਜਿਹੇ ਲੇਖਕ ਨਹੀਂ ਸੀ ਹੋਣਾ ਜਿਹੋ ਜਿਹੇ ਬਣ ਗਏ ਹਾਂ।” ਮੁਖਤਿਆਰ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ “ਮੈਨੂੰ ਅੰਮ੍ਰਿਤਾ ਪ੍ਰੀਤਮ ਨੇ ਕਹਾਣੀਕਾਰ ਬਣਾਇਆ। 1976-77 ਵਰ੍ਹੇ ਦੇ ਮੁਢਲੇ ਸਾਹਿਤਿਕ ਸਫਰ ਦੇ ਸ਼ੁਰੂ ਹੋਣ ਵਾਲੇ ਸਮੇਂ ਵੱਲ ਝਾਤੀ ਮਾਰਦਿਆਂ ਨਾਗਮਣੀ ਤੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਕਦੇ ਵੀ ਨਹੀਂ ਭੁਲਾਈ ਜਾ ਸਕਦੀ।” ਇੰਜ ਹੀ ਇਸ ਲੇਖ ਦੀ ਲੇਖਕਾ ਸਮੇਤ ਬਲਦੇਵ ਸਿੰਘ ਸੜਕਨਾਮਾ, ਕਿਰਪਾਲ ਕਜ਼ਾਕ, ਸਤੀ ਰੰਧਾਵਾ, ਵਿਸ਼ਾਲ ਆਦਿ ਦੇ ਨਾਵਾਂ ਦੀ ਲੰਮੀ ਫਹਿਰਿਸਤ ਗਿਣਾਈ ਜਾ ਸਕਦੀ ਹੈ।
ਮਈ 1966 ਦੇ ਪਲੇਠੇ ਅੰਕ ਤੋਂ ਲੈ ਕੇ ਦਸੰਬਰ 1978 ਤੱਕ ਪ੍ਰਚਲਿਤ ਰਵਾਇਤ ਵਾਂਗ ਸੰਪਾਦਕ ਵਾਲੀ ਥਾਂ ‘ਤੇ ਅੰਮ੍ਰਿਤਾ ਪ੍ਰੀਤਮ ਦਾ ਨਾਂ ਹੁੰਦਾ ਅਤੇ ਉਸ ਤੋਂ ਹੇਠਾਂ ਚਿੱਤਰਕਾਰ ਇਮਰੋਜ਼ ਲਿਖਿਆ ਹੁੰਦਾ ਪਰ ਜਨਵਰੀ 1969 ਤੋਂ ਇੱਕ ਨਿਆਰਾ ਰੂਪਾਂਤਰਨ ਵਾਪਰਿਆ, ਸੰਪਾਦਕ ਤੇ ਚਿੱਤਰਕਾਰ ਇੱਕਮਿਕ ਹੋ ਗਏ ਅਤੇ ਉਸ ਅੰਕ ਤੋਂ ਲੈ ਕੇ ਅਖੀਰਲੇ ਅੰਕ ਤੱਕ ‘ਨਾਗਮਣੀ’ ਦੇ ਪਹਿਲੇ ਜਾਂ ਕਦੇ ਆਖਰੀ ਪੰਨੇ ਉੱਤੇ ਸੰਪਾਦਕ ਵਾਲੀ ਥਾਂ ‘ਤੇ ਲਿਖਿਆ ਹੁੰਦਾ, ਕਾਮੇ: ਅੰਮ੍ਰਿਤਾ ਇਮਰੋਜ਼।
‘ਨਾਗਮਣੀ’ ਮੈਗਜ਼ੀਨ ਦੀ ਸੰਪਾਦਨਾ ਕਰਦਿਆਂ ਅੰਮ੍ਰਿਤਾ ਪ੍ਰੀਤਮ ਨੇ ਕਈ ਨਵੀਆਂ ਪਿਰਤਾਂ ਪਾਈਆਂ। ਮੈਗਜ਼ੀਨ ਲਈ ਸਾਦਾ ਜਿਹੇ, ਰਫ ਕਾਗਜ਼ ਦਾ ਇਸਤੇਮਾਲ ਕੀਤਾ ਜਾਂਦਾ। ਇਕ ਵੇਰ ਕਿਸੇ ਨੇ ਮਜ਼ਾਕ ਵੀ ਕੀਤਾ- ਇਹ ਕਿਹੋ ਜਿਹਾ ਕਾਗਜ਼ ਇਸਤੇਮਾਲ ਕਰਦੇ ਹੋ ਜਿਸ ਦੇ ਕੋਈ ਦੁਕਾਨਦਾਰ ਲਿਫਾਫੇ ਵੀ ਨਹੀਂ ਬਣਾ ਸਕਦਾ। ਇਮਰੋਜ਼ ਜੀ ਦਾ ਜਵਾਬ ਸੀ, ਇਹੀ ਇਕੋ-ਇਕ ਅਜਿਹਾ ਮੈਗਜ਼ੀਨ ਹੈ ਜਿਸ ਦੇ ਪੰਨਿਆਂ ਦੇ ਲਿਫਾਫੇ ਨਹੀਂ ਬਣਦੇ। ਸਰਵਰਕ ਤੇ ਪਿੱਠਵਰਕ ਦਾ ਰੰਗ ਸਮੇਂ-ਸਮੇਂ ‘ਤੇ ਬਦਲਦਾ ਰਿਹਾ- ਭੂਰਾ, ਮਟਿਆਲਾ, ਸਲੇਟੀ, ਪੀਲਾ, ਨੀਲਾ, ਜੋਗੀਆ ਤੇ ਖਾਕੀ ਪਰ ਉਸ ਦੀ ਸਾਧਾਰਨ ਦਿੱਖ ਉਵੇਂ ਹੀ ਬਰਕਰਾਰ ਰਹੀ। ਇਹੀ ਉਸ ਦੀ ਖਾਸੀਅਤ ਵੀ ਬਣੀ। ਗਿਣਤੀ ਪੱਖੋਂ ਸਿਰਫ ਅਠਾਈ ਤੋਂ ਚਾਲੀ ਪੰਨਿਆਂ ‘ਚ ਸਾਹਿਤਕ ਸਮੱਗਰੀ ਬੀੜੀ ਹੋਈ ਪਰ ਪੜ੍ਹਦਿਆਂ ਹੀ ਭੁੱਖ ਲਹਿ ਜਾਂਦੀ। ਸੰਜਮੀ ਸ਼ਬਦਾਵਲੀ, ਬੇਲੋੜਾ ਵਿਸਥਾਰ ਨਹੀਂ। ਕਾਗਜ਼ ਦੀ ਕੁਵਰਤੋਂ ਨਹੀਂ, ਸਰਵਰਕ ਤੇ ਪਿੱਠਵਰਕ ਉੱਤੇ ਵੀ ਰਚਨਾਵਾਂ ਹੁੰਦੀਆਂ।
ਪਹਿਲੀ ਤੇ ਆਖਰੀ ਵਾਰ ਇਹ ਹੋਇਆ ਕਿ ਕਿਸੇ ਮੈਗਜ਼ੀਨ ਦੀ ਸੰਪਾਦਕ ਵਾਲੀ ਥਾਂ ਉੱਤੇ ‘ਕਾਮੇ’ ਸ਼ਬਦ ਦੀ ਵਰਤੋਂ ਹੋਈ। ਕਾਮੇ ਸਾਹਵੇਂ ਦੁਬਿੰਦੀ (:) ਪਾ ਕੇ ਅੰਮ੍ਰਿਤਾ ਇਮਰੋਜ਼ ਲਿਖਿਆ ਗਿਆ। ਇਉਂ ਸੰਪਾਦਕ ਵਾਲੀ ਆਫਰੀ ਸੱਤਾ ਤੋਂ ਗੁਰੇਜ਼ ਕਰ, ਹਉਂ ਨੂੰ ਤਿਆਗ ਖੁਦ ਨੂੰ ਨਿਰੋਲ ਕਾਮੇ ਮੰਨਣਾ ਬਹੁਤ ਹਲੀਮੀ ਭਰੀ ਪਹਿਲ ਸੀ। ਮਈ 1966 ਤੋਂ ਲੈ ਕੇ ਅਪਰੈਲ 2002 ਤਕ ਪੂਰੇ ਛੱਤੀ (36) ਸਾਲ ਉਹ ਸ਼ੌਕੀਆ ਮਜ਼ਦੂਰੀ ਕਰਦੇ ਰਹੇ। ਰਚਨਾਵਾਂ ਦੀ ਚੋਣ ਅੰਮ੍ਰਿਤਾ ਕਰਦੀ। ਇਸ ਵਿਚ ਵੱਡਾ ਛੋਟਾ ਲੇਖਕ ਨਾ ਦੇਖ, ਰਚਨਾਵਾਂ ਦਾ ਮਿਆਰ ਦੇਖਿਆ ਜਾਂਦਾ। ਸ਼ੁਰੂਆਤੀ ਦੌਰ ਵਿਚ ਲਗਪਗ 25 ਵਰ੍ਹੇ ਤਕ ਪੁਰਾਣੀ ਸਬਜ਼ੀ ਮੰਡੀ (ਆਜ਼ਾਦਪੁਰ) ਦੀਆਂ ਭੀੜੀਆਂ ਗਲੀਆਂ ‘ਚੋਂ ਲੰਘ ਕੇ ਸਰਦਾਰ ਬਲਵੰਤ ਸਿੰਘ ਦੇ ਛਾਪੇਖਾਨੇ ਦੇ ਸਟੂਲ ‘ਤੇ ਬੈਠ ਕੇ ਰਚਨਾਵਾਂ ਦੇ ਪਰੂਫ ਪੜ੍ਹਦੇ, ਸੋਧਦੇ। ਉਦੋਂ ਆਫਸੈੱਟ ਪ੍ਰਿੰਟਿੰਗ ਮਸ਼ੀਨਾਂ ਅਜੇ ਆਈਆਂ ਨਹੀਂ ਸਨ। ਲੈਟਰ ਪ੍ਰੈੱਸ ਦਾ ਜ਼ਮਾਨਾ ਸੀ। ਕਈ ਵੇਰ ਫਾਈਨਲ ‘ਚੈੱਕ ਹੋਣ ਮਗਰੋਂ ਸਾਰੀ ਮੈਗਜ਼ੀਨ ਤਿਆਰ ਹੋ ਜਾਂਦੀ, ਪ੍ਰੈੱਸ ਵਿਚ ਛਪਾਈ ਲਈ ਜਾਣ ਲਗਦੀ ਤਾਂ ਅਚਾਨਕ ਕੋਈ ਅਜਿਹੀ ਰਚਨਾ ਆ ਜਾਂਦੀ ਜੋ ਉਨ੍ਹਾਂ ਨੂੰ ਇੰਨੀ ਪਸੰਦ ਆਉਂਦੀ ਤੇ ਉਨ੍ਹਾਂ ਦੇ ਦਿਲ ‘ਚ ਆਉਂਦਾ ਕਿ ਢਿੱਲ ਨਾ ਕਰ, ਹਾਲ ਦੀ ਮੈਗਜ਼ੀਨ ਵਿਚ ਹੀ ਛਪੇ। ਪਾਠਕਾਂ ਨੂੰ ਪੜ੍ਹਨ ਲਈ ਤੁਰੰਤ ਮਿਲੇ ਤਾਂ ਉਹ ਕਾਰ ਕੱਢਦੇ-ਰਾਤੀਂ-ਬਰਾਤੀਂ ਪ੍ਰੈਸ ਖੁਲ੍ਹਵਾਂਦੇ ਤੇ ਇਕ-ਅੱਧ ਰਚਨਾ ਅਗਲੀ ਵਾਰੀ ਪਾਉਣ ਨੂੰ ਕਹਿ, ਉਸ ਦੀ ਗੋਲੀ ਬਾਹਰ ਕਢਾ ਕੇ, ਹੱਥ ਵਾਲੀ ਰਚਨਾ ਦੇ ਪਰੂਫ ਤਿਆਰ ਕਰਨ ਨੂੰ ਕਹਿ ਆਉਂਦੇ। ਇਸ ਸੰਦਰਭ ਵਿਚ ਕਿਰਪਾਲ ਕਜ਼ਾਕ ਦੇ ਚੇਤਿਆਂ ‘ਚੋਂ ਕਸ਼ੀਦ ਕੀਤੀ ਘਟਨਾ ਹੁੰਗਾਰਾ ਭਰਦੀ ਹੈ।
ਇਕ ਵਾਰ ਕਿਰਪਾਲ ਕਜ਼ਾਕ ਦਿੱਲੀ ਗਏ। ਜ਼ਾਹਿਰਾ ਗੱਲ ਹੈ, ਅੰਮ੍ਰਿਤਾ ਨੂੰ ਮਿਲ ਕੇ ਹੀ ਆਉਣਾ ਸੀ। ‘ਨਾਗਮਣੀ’ ਵਿਚ ਛਪਣ ਲਈ ਪ੍ਰੇਮ ਗੋਰਖੀ ਨੇ ਉਨ੍ਹਾਂ ਹੱਥ ਆਪਣੀ ਕਹਾਣੀ ਭਿਜਵਾਈ। ਕਜ਼ਾਕ ਜੀ ਬਹੁਤ ਹੱਸ ਕੇ ਇਹ ਬਿਰਤਾਂਤ ਸੁਣਾਇਆ ਕਰਦੇ ਹਨ ਕਿ ਉਹ ਆਪਣੀ ਕਹਾਣੀ ਵੀ ਨਾਲ ਲੈ ਗਏ ਸਨ। ਅੰਮ੍ਰਿਤਾ ਨੂੰ ਮਿਲੇ ਤੇ ਕਹਿਣ ਲੱਗੇ, “ਦੀਦੀ ਕਹਾਣੀ ਮੈਂ ਮਿਹਨਤ ਨਾਲ ਲਿਖੀ ਹੈ। ਆਸ ਹੈ, ਪਸੰਦ ਆਵੇਗੀ। ਨਾਲ ਗੋਰਖੀ ਦੀ ਵੀ ਹੈ। ਦੇਖ ਲੈਣਾ ਜੇ ਛਪਣ ਲਾਇਕ ਹੋਈ ਤਾਂ ਛਾਪ ਲੈਣਾ। ਦੇਰ ਰਾਤ ਗੱਲਾਂ ਕਰਦੇ ਰਹੇ। ਅਗਲੀ ਸਵੇਰ ਪਰਤਣ ਲੱਗੇ ਤਾਂ ਕਜ਼ਾਕ ਨੇ ਅੰਮ੍ਰਿਤਾ ਜੀ ਨੂੰ ਕਿਹਾ, “ਗੋਰਖੀ ਨੂੰ ਛਪਣ ਜਾਂ ਨਾ ਛਪਣ ਬਾਰੇ ਖਤ ਲਿਖ ਦੇਣਾ।” ਅੰਮ੍ਰਿਤਾ ਨੇ ਹੱਸਦੇ ਹੋਇਆਂ ਇਮਰੋਜ਼ ਨੂੰ ਕਿਹਾ “ਇਮੂ ਦੱਸ ਇਹਨੂੰ।” ਇਮਰੋਜ਼ ਹੁਰਾਂ ਦੱਸਿਆ, “ਕਜ਼ਾਕ ਪਿਆਰੇ, ਤੇਰੇ ਸੌਣ ਲਈ ਜਾਣ ਮਗਰੋਂ ਅੰਮ੍ਰਿਤਾ ਨੇ ਦੋਵੇਂ ਕਹਾਣੀਆਂ ਪੜ੍ਹੀਆਂ। ਗੋਰਖੀ ਦੀ ਕਹਾਣੀ ਇੰਨੀ ਚੰਗੀ ਲੱਗੀ, ਉਸੇ ਵੇਲੇ ਮੈਥੋਂ ਕਾਰ ਕਢਵਾਈ, ਜਮਨਾ ਪਾਰ ‘ਲੋਕ ਪ੍ਰਿੰਟਰ’ (ਸ. ਬਲਵੰਤ ਸਿੰਘ ਮਗਰੋਂ ਨਾਗਮਣੀ ਇਥੋਂ ਛਪਣ ਲਗ ਪਈ ਸੀ) ਵਾਲੇ ਨੂੰ ‘ਨਾਗਮਣੀ’ ਦੇ ਫਾਈਨਲ ਅੰਕ ਵਿਚੋਂ ਆਪਣੇ ਇਕ ਲੰਮੇ ਲੇਖ ਦੀਆਂ ਗੇਲੀਆਂ ਕਢਾ ਕੇ ਗੋਰਖੀ ਦੀ ਕਹਾਣੀ ਛਪਣ ਲਈ ਦੇ ਕੇ ਆਈ। ਮੈਂ ਕਿਹਾ ਵੀ, ਮਾਜਾ ਕਹਾਣੀ ਅਗਲੇ ਮਹੀਨੇ ਛਪ ਜਾਂਦੀ। ਕਹਿਣ ਲਗੀ, ਨਹੀਂ ਮੈਂ ਇਤਨੀ ਚੰਗੀ ਕਹਾਣੀ ਤੋਂ ‘ਨਾਗਮਣੀ’ ਦੇ ਪਾਠਕਾਂ ਨੂੰ ਇਕ ਮਹੀਨਾ ਵਿਰਵਾ ਨਹੀਂ ਸਾਂ ਰੱਖ ਸਕਦੀ।
ਜਦੋਂ ਮੈਂ (ਅਮੀਆ ਕੁੰਵਰ) ‘ਦਸ ਕਦਮ’ ਕਾਲਮ ਲਈ ਆਪਣਾ ਲੇਖ ਦੇ ਕੇ ਆਈ ਸਾਂ, ਉਦੋਂ ਇੰਨੀ ਤਮੀਜ਼ ਜਾਂ ਸਮਝ ਵੀ ਨਹੀਂ ਸੀ ਕਿ ਪੰਨੇ ਦੇ ਇਕ ਪਾਸੇ ਲਿਖਣਾ ਹੁੰਦੈ। ਰਫ ਜਿਹੇ ਕਾਗ਼ਜ਼ਾਂ ‘ਤੇ ਲਿਖ ਕੇ ਦੇ ਆਈ। ਘੰਟੇ ਮਗਰੋਂ ਹੀ ਉਨ੍ਹਾਂ ਦਾ ਫੋਨ ਆ ਗਿਆ, “ਕਮਾਲ ਕੀਤਾ ਈ। ਲੇਖ ਲੰਮਾ ਹੈ। ਦੋ ਰਚਨਾਵਾਂ ਨਿਕਾਲ ਕੇ ਤੇਰਾ ਲੇਖ ਪਾ ਰਹੀ ਆਂ।”
ਰਚਨਾਵਾਂ ਮੁਤਾਬਕ ਇਮਰੋਜ਼ ਸਕੈੱਚ ਤਿਆਰ ਕਰਦੇ। ਲੇਖਕਾਂ ਦੇ ਰੇਖਾ-ਚਿੱਤਰ ਬਣਾਉਂਦੇ। ਪਾਠਕਾਂ ਦੀਆਂ ਚਿੱਠੀਆਂ ਦੇ ਜਵਾਬ ਕਦੇ ਇਮਰੋਜ਼, ਕਦੇ ਅੰਮ੍ਰਿਤਾ ਹੁਰੀਂ ਦਿੰਦੇ। ਇਹ ਸਵਾਲ ਜਵਾਬ ਬਹੁਤ ਢੁਕਵੇਂ, ਵਾਜਬ ਅਤੇ ਦਿਲਚਸਪ ਹੁੰਦੇ। ਪਰਚਾ ਛਪਣ ਮਗਰੋਂ ਦੋਵੇਂ ਜੀਅ (ਅੰਮ੍ਰਿਤਾ-ਇਮਰੋਜ਼) ਆਪਣੇ ਹੱਥੀਂ ਉਨ੍ਹਾਂ ‘ਤੇ ਵਾਜਬ ਟਿਕਟਾਂ ਲਾਉਂਦੇ, ਤੇ ਜਿਹੜੇ ਮੈਗਜ਼ੀਨ ਦਾ ਚੰਦਾ ਦੇ ਕੇ ਮੈਂਬਰ ਬਣੇ ਹੋਏ ਸਨ, ਉਨ੍ਹਾਂ ਦਾ ਸਿਰਨਾਵਾਂ ਲਿਖਦੇ ਤੇ ਪੋਸਟ ਆਫਿਸ ਜਾ ਕੇ ਪੋਸਟ ਕਰਦੇ। ਇਉਂ ਉਹ ਪੂਰੀ ਤਰ੍ਹਾਂ ਕਾਮੇ ਹੋਣ ਦਾ ਫਰਜ਼ ਨਿਭਾ ਰਹੇ ਸਨ। ਸੰਪਾਦਕੀ ਹਉਮੈ ਦਾ ਤਾਂ ਸਵਾਲ ਹੀ ਨਹੀਂ ਸੀ ਹੁੰਦਾ। ਕਿਸੇ ਦੀ ਰਚਨਾ ਮਿਲਣ ‘ਤੇ ਪੜ੍ਹਦੇ ਅਤੇ ਝੱਟ ਦੇਣੀ ਛਾਪਣ ਨਾ ਛਾਪਣ ਦਾ ਫੈਸਲਾ ਕਰ ਲੇਖਕ ਨੂੰ ਆਪਣੀ ਹੱਥੀਂ ਪੋਸਟ ਕਾਰਡ ‘ਤੇ ਦੋ ਸਤਰਾਂ ਲਿਖ ਕੇ ਭੇਜਦੇ। ਅੱਜ ਵੀ ਕਿੰਨੇ ਲੋਕਾਂ ਨੇ ਉਨ੍ਹਾਂ ਦੀ ਹੱਥ-ਲਿਖਤ ਦੇ ਪੋਸਟ ਕਾਰਡ ਸਾਂਭ ਕੇ ਰੱਖੇ ਹੋਏ ਹਨ- ਜਸਬੀਰ ਭੁੱਲਰ, ਕਿਰਪਾਲ ਕਜ਼ਾਕ, ਅਮਰਜੀਤ ਕੌਂਕੇ, ਵਿਸ਼ਾਲ, ਪਾਲ ਕੌਰ, ਪ੍ਰੇਮ ਗੋਰਖੀ, ਮੁਖਤਿਆਰ ਸਿੰਘ ਆਦਿ; ਇੰਨਾ ਹੀ ਨਹੀਂ, ਜੇਕਰ ਉਨ੍ਹਾਂ ਦੇ ਕਿਸੇ ਪਸੰਦੀਦਾ ਲੇਖਕ ਦੀ ‘ਨਾਗਮਣੀ’ ਵਿਚ ਲੰਮੀ ਗੈਰ-ਹਾਜ਼ਰੀ ਹੁੰਦੀ ਤਾਂ ਵਿਰਾਗੇ ਹੋਏ, ਉਸ ਨੂੰ ਹਲੂਣਾ ਦਿੰਦੇ ਕਿ ਉਹ ਛੇਤੀ ਆਪਣੀ ਰਚਨਾ ‘ਨਾਗਮਣੀ’ ਲਈ ਭੇਜੇ। ਇਸ ਤਰ੍ਹਾਂ ਦਾ ਇਕ ਖਤ ਕਿਰਪਾਲ ਕਜ਼ਾਕ ਨੂੰ ਆਇਆ, ਜਦ ਉਹ ਕਾਫੀ ਸਮਾਂ ਨਾਗਮਣੀ ਲਈ ਰਚਨਾ ਨਹੀਂ ਭੇਜ ਸਕਿਆ- ‘ਪਿਆਰੇ ਕਜ਼ਾਕ, ਇਤਨਾ ਲੰਮਾ ਸਮਾਂ ਗੈਰ-ਹਾਜ਼ਰ ਰਹਿਣ ਦਾ ਕਾਰਨ? ਤੈਨੂੰ ਤੇ ਤੇਰੀ ਕਹਾਣੀ ਨੂੰ ‘ਨਾਗਮਣੀ’ ਤੇ ਅਸੀਂ ਸ਼ਿੱਦਤ ਨਾਲ ਉਡੀਕ ਰਹੇ ਹਾਂ।’
ਚੰਗੀ ਰਚਨਾ ‘ਨਾਗਮਣੀ’ ਵਿਚ ਛਾਪਣ ਦੀ ਤਲਬ ਤੇ ਬਿਹਬਲਤਾ ਉਨ੍ਹਾਂ ਨੂੰ ਹਮੇਸ਼ਾ ਰਹਿੰਦੀ ਸੀ। ਲਿਖਣ ਵਾਲਾ ਦੋਸਤ ਹੈ ਜਾਂ ਨਿੰਦਕ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਸਾਹਿਤ ਜਗਤ ਵਿਚ ਇਹ ਕਥਾ ਬਹੁਤ ਪ੍ਰਚਲਿਤ ਹੈ। ਅਜਮੇਰ ਔਲਖ ਅਤੇ ਕੁਝ ਹੋਰ ਲੇਖਕਾਂ ਦੇ ਸੰਪਾਦਕੀ ਬੋਰਡ ਦੀ ਨਿਗਰਾਨੀ ਵਿਚ ਇਕ ਪਰਚਾ ਨਿਕਲਣਾ ਸ਼ੁਰੂ ਹੋਇਆ- ‘ਨਾਗ ਨਿਵਾਸ’। ਉਸ ਦੇ ਕੁਝ ਅੰਕਾਂ ਵਿਚ ਅੰਮ੍ਰਿਤਾ ਬਾਰੇ ਮਾੜੇ ਸ਼ਬਦਾਂ ਵਿਚ ਜ਼ਿਕਰ ਕੀਤਾ ਗਿਆ। ਫਿਰ ਉਹ ਪਰਚਾ ਕੁਝ ਸਮਾਂ ਨਿਕਲਣ ਮਗਰੋਂ ਬੰਦ ਹੋ ਗਿਆ। ਹੁਣ ਔਲਖ ਨੂੰ ਆਪਣੀ ਕਹਾਣੀ ‘ਨਾਗਮਣੀ’ ਵਿਚ ਭੇਜਣ ਦਾ ਖਿਆਲ ਆਇਆ। ਉਸ ਨੇ ਔਲਖ ਫਰਮਾਹੀ ਦੇ ਨਾਂ ਹੇਠ ‘ਨਾਗਮਣੀ’ ਨੂੰ ਕਹਾਣੀ ਭੇਜੀ ਤੇ ਉਹ ਛਪ ਗਈ। ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਤੇ ਕੁਝ ਹੋਰ ਲੇਖਕਾਂ ਨੇ ਅੰਮ੍ਰਿਤਾ ਅੱਗੇ ਆਪਣਾ ਇਤਰਾਜ਼ ਤੇ ਰੋਸ ਦਰਸਾਇਆ ਕਿ ਜੋ ਤੁਹਾਡੇ ਬਾਰੇ ਇੰਨਾ ਮਾੜਾ ਲਿਖਦਾ ਰਿਹਾ, ਨਾਂ ਬਦਲ ਕੇ ਉਸ ਨੇ ਕਹਾਣੀ ਭੇਜੀ ਤੇ ਤੁਸੀਂ ਛਾਪ ਦਿੱਤੀ। ਕਜ਼ਾਕ ਨੂੰ ਅੰਮ੍ਰਿਤਾ ਦਾ ਜੋ ਮੋੜਵਾਂ ਖਤ ਆਇਆ, ਉਸ ਦੀ ਸੰਪਾਦਕੀ ਲਿਆਕਤ ਦੇ ਸਦਕੇ ਜਾਣ ਨੂੰ ਚਿਤ ਕਰਦੈ- “ਪਿਆਰੇ ਕਜ਼ਾਕ, ਜੋ ਤੂੰ ਲਿਖਿਆ ਮੇਰੀ ਜਾਣਕਾਰੀ ਵਿਚ ਨਹੀਂ ਸੀ। ਹੁੰਦਾ, ਤਦ ਵੀ ਫਰਕ ਨਹੀਂ ਸੀ ਪੈਣਾ, ਕਿਉਂਕਿ ਮੈਂ ‘ਨਾਗ ਨਿਵਾਸ’ ਵਾਲੇ ਔਲਖ ਨੂੰ ਜਾਣਦੀ ਹੀ ਨਹੀਂ, ਮੈਂ ਅਲਖ ਫਰਮਾਹੀ ਵਾਲੇ ਨੂੰ ਜਾਣਦੀ ਹਾਂ ਜੋ ਮੇਰਾ ਤੇ ‘ਨਾਗਮਣੀ’ ਦਾ ਚਹੇਤਾ ਲੇਖਕ ਹੈ।”
‘ਨਾਗਮਣੀ’ ਅਤੇ ਉਸ ਦੇ ਪਾਠਕਾਂ ਲਈ ਚੰਗੀ ਰਚਨਾ ਦੀ ਤਲਬ ਇੰਨੀ ਤੀਖਣ ਸੀ ਕਿ ਉਨ੍ਹਾਂ ਲਈ ਲੇਖਕ ਦਾ ਨਾਂ, ਕੱਦ ਕੋਈ ਮਾਇਨੇ ਨਹੀਂ ਰੱਖਦਾ ਸੀ। ਜਦ ਅਮਰਜੀਤ ਕੌਂਕੇ ਨੇ ਪਹਿਲੀ ਵਾਰ ਆਪਣੀ ਨਜ਼ਮ ‘ਨਾਗਮਣੀ’ ਵਿਚ ਛਪਣ ਲਈ ਭੇਜੀ ਤੇ ਨਾਲ ਹੀ ਲਿਖਿਆ ਕਿ ਜੇ ਇਹ ‘ਨਾਗਮਣੀ’ ਦੇ ਯੋਗ ਹੋਵੇ ਤਾਂ ਛਾਪ ਦੇਣਾ। ਅੰਮ੍ਰਿਤਾ ਦਾ ਜਵਾਬੀ ਖਤ ਮਿਲਿਆ- “ਪਿਆਰ ਅਮਰਜੀਤ, ਰਚਨਾ ਮਿਆਰੀ ਹੋਵੇ, ਭਾਵੇਂ ਇਸ ਵਿਚ ਮਸ਼ਹੂਰੀ ਦਾ ਲਕਬ ਨਾ ਹੋਵੇ। ਤੇਰੀ ਨਜ਼ਮ ਛਾਪ ਰਹੀ ਹਾਂ।” ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ‘ਨਾਗਮਣੀ’ ਦੇ ਅਹਾਤੇ ਵਿਚ ਆਏ ਲੇਖਕਾਂ ਨੇ ਪੰਜਾਬ ਵਿਚ ਆਪਣੀ ਆਪਣੀ ਥਾਂ ਅੰਮ੍ਰਿਤਾ ਤੇ ‘ਨਾਗਮਣੀ’ ਦੀਆਂ ਚੌਕੀਆਂ ਸਥਾਪਤ ਕਰ ਲਈਆਂ। ‘ਨਾਗਮਣੀ’ ਦਾ ਆਪਣਾ ਜਲੌਅ ਸੀ। ਉਸ ਵਿਚ ਛਪਣਾ, ਖਾਸ ਕਰਕੇ ਨਵੇਂ ਲੇਖਕਾਂ ਲਈ ਬੜੇ ਮਾਣ ਦੀ ਗੱਲ ਸੀ। ਉਹ ਆਪਣੀ ਰਚਨਾ ਵਾਲਾ ਅੰਕ ਤਮਗੇ ਵਾਂਗ ਚੁੱਕੀ ਫਿਰਦੇ।
ਇਸ ਵਰਤਾਰੇ ਦਾ ‘ਵਿਰੋਧ-ਵਿਕਾਸੀ’ ਪ੍ਰਤੀਕਰਮ ਵੀ ਹੋਇਆ। ਕਿਸੇ ਕਾਰਨ ਪਾਸੇ ਰਹਿ ਗਏ ਲੇਖਕ ‘ਨਾਗਮਣੀ’ ਨੂੰ ਅਸ਼ਲੀਲ ਤੇ ਪਿਛਲਖੁਰੀ ਰਸਾਲਾ ਕਹਿਣ ਲੱਗੇ। ਅਸਲ ਕਾਰਨ ਅੰਮ੍ਰਿਤਾ ਤਕ ਪਹੁੰਚ ਦਾ ਕੋਈ ਵਸੀਲਾ, ਬਹਾਨਾ ਜਾਂ ਸਬੱਬ ਨਾ ਮਿਲਣਾ ਹੁੰਦਾ ਸੀ। ਮਿਸਾਲ ਵਜੋਂ ਬਰਨਾਲਾ ਦੇ ਕੁਝ ਲੇਖਕ ਸਮਾਜਕ ਕਦਰਾਂ-ਕੀਮਤਾਂ ਦੇ ਕੁਝ ਬਹੁਤ ਹੀ ਰਖਵਾਲੇ ਬਣ ਗਏ। ਉਨ੍ਹਾਂ ਨੇ ਅੰਮ੍ਰਿਤਾ ਵਿਰੋਧੀ ਜਲੂਸ ਕੱਢਿਆ ਤੇ ਛੱਤਾ ਖੂਹ ਚੌਕ ਵਿਚ ‘ਨਾਗਮਣੀ’ ਦੇ ਪਰਚੇ ਫੂਕੇ। ‘ਨਾਗਮਣੀ’ ਰਾਹੀਂ ਪਾਠਕਾਂ ਨੂੰ ਕਿਵੇਂ ਕੁਝ ਨਵਾਂ ਦਿੱਤਾ ਜਾਏ, ਹਮੇਸ਼ਾ ਇਹੀ ਖਿਆਲ ਅੰਮ੍ਰਿਤਾ ਦੇ ਮਨ ਵਿਚ ਰਹਿੰਦਾ। ਇਸੇ ਸੋਚ ਨੇ ਕਈ ਕਾਲਮਾਂ ਨੂੰ ਜਨਮ ਦਿੱਤਾ ਜੋ ਲੇਖਕਾਂ ਦੇ ਲਿਖਣ ਦੀ ਪ੍ਰੇਰਨਾ ਬਣੇ- ਜ਼ਿਕਰੇ ਯਾਰ, ਉਹ ਘੜੀ ਉਹ ਘਟਨਾ, ਮੇਰਾ ਕਮਰਾ, ਦਸ ਕਦਮ, ਜੰਗ ਜਾਰੀ ਹੈ, ਕਾਲੇ ਤਿਲੀਅਰ, ਸ਼ੌਕ ਸੁਰਾਹੀ, ਅੱਖਰ ਬੋਲਦੇ ਹਨ, ਇਕ ਖਤ ਤੇਰੇ ਨਾਂ, ਪਹਿਲਾ ਚੇਤਰ, ਕੰਧਾਂ ਦੇ ਕੰਨ-ਕੰਧਾਂ ਦੇ ਬੁੱਲ੍ਹ, ਮੈਂ ਤੇ ਮੈਂ, ਦੇਖ ਕਬੀਰਾ ਰੋਇਆ, ਦੇਖ ਕਬੀਰਾ ਹੱਸਿਆ, ਮੇਰੀ ਪਹਿਲੀ ਉਦਾਸੀ, ਸੁਣ ਵੇ ਵਿਹੜੇ ਵਾਲਿਓ, ਸਿਰੁ ਧਰਿ ਤਲੀ ਗਲੀ ਮੇਰੀ ਆਉ, ਸੱਤ ਸਵਾਲ, ਪੰਜ ਬਾਰੀਆਂ, ਇਕ ਸਵਾਲ ਆਦਿ। ‘ਧੁਣੀ’ ਦੀ ਅੱਗ ਸਕਦੇ ਸਾਈਂ ਲੋਕ (ਇਮਰੋਜ਼), ਬਰਕਤੇ (ਅੰਮ੍ਰਿਤਾ ਪ੍ਰੀਤਮ) ਅਤੇ ਦਿੰਦੀ ਸ਼ਾਹ (ਦੇਵਿੰਦਰ) ਸਮਾਜ ਦੇ ਭਖਦੇ ਮਸਲਿਆਂ ਉੱਤੇ ਸਵਾਲ ਖੜ੍ਹੇ ਕਰਦੇ।
ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਲਈ ਕੁਝ ਹੋਰ ਵੀ ਫੈਸਲੇ ਲਏ ਸਨ। ਮਸਲਨ- ਮੈਗਜ਼ੀਨ ਵਿਚ ਨਾ ਇਸ਼ਤਿਹਾਰਾਂ ਨੂੰ ਥਾਂ ਦਿੱਤੀ ਜਾਵੇਗੀ ਅਤੇ ਨਾ ਕਿਸੇ ਤਰ੍ਹਾਂ ਦੀ ਪੁਸਤਕ ਸਮੀਖਿਆ ਨੂੰ ਪਰ ਉਨ੍ਹਾਂ ਨੇ ਇਹ ਅਸੂਲ ਤੋੜਿਆ ਫਰਵਰੀ 2001 ਦੇ ਅੰਕ ਵਿਚ ਮੇਰੇ ਕਾਵਿ-ਸੰਗ੍ਰਹਿ ‘ਛਿਣਾਂ ਦੀ ਗਾਥਾ’ ‘ਤੇ ਮੇਰੀ ਦੋਸਤ ਡਾ. ਬੇਅੰਤ ਕੌਰ ਦੇ ਲਿਖੇ ਲੰਮੇ ਸਮੀਖਿਆ ਪੱਤਰ ਨੂੰ ਛਾਪ ਕੇ। ਹਾਲਾਂਕਿ ਉਹ ਸੀ ਅਕਾਦਮਿਕ ਜਿਹਾ- ‘ਅਮੀਆ ਕੁੰਵਰ ਦਾ ਕਾਵਿ-ਸੰਗ੍ਰਹਿ ‘ਛਿਣਾਂ ਦੀ ਗਾਥਾ’ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ’। ਇਹ ਮੈਂ ਉਨ੍ਹਾਂ ਦੇ ਕਹਿਣ ‘ਤੇ ਪੜ੍ਹਨ ਲਈ ਦਿੱਤਾ ਸੀ ਜੋ ਉਨ੍ਹਾਂ ਆਉਂਦੇ ਅੰਕ ਵਿਚ ਹੀ ਸ਼ਾਇਆ ਕਰ ਦਿੱਤਾ। ਦਰਅਸਲ ਇਸ ਪਿੱਛੇ ਇਕ ਵਜ੍ਹਾ ਸੀ, ਮੇਰੇ ਇਸ ਪਲੇਠੇ ਕਾਵਿ-ਸੰਗ੍ਰਹਿ ਦੀ ਉਨ੍ਹਾਂ ਭੂਮਿਕਾ ਲਿਖਣੀ ਸੀ ਪਰ ਉਦੋਂ ਉਨ੍ਹਾਂ ਦੀ ਤਬੀਅਤ ਕਾਫੀ ਨਾਸਾਜ਼ ਸੀ। ਸੋ ਕਿਤਾਬ ਦੇ ਪਿੱਠ-ਵਰਕ ਲਈ ਚਾਰ ਸਤਰਾਂ ਲਿਖ ਕੇ ਡਾ. ਮੋਹਨਜੀਤ ਦੇ ਜ਼ਿੰਮੇ ਭੂਮਿਕਾ ਲਿਖਣਾ ਲਾ ਦਿੱਤਾ। ਉਹ ਆਪਣੇ ਦੋਸਤਾਂ, ਲੇਖਕਾਂ, ਨਾਗਮਣੀ-ਪਾਠਕਾਂ ਲਈ ਇਹ ਉਚੇਚ ਆਪਣੇ ਫਰਜ਼ ਦਾ ਹਿੱਸਾ ਸਮਝਦੇ ਸਨ। ‘ਨਾਗਮਣੀ’ ਰਾਹੀਂ ਜਿਥੇ ਉਨ੍ਹਾਂ ਨੇ ਨਵੇਂ ਲੇਖਕਾਂ ਨੂੰ ਸਥਾਪਤ ਕੀਤਾ, ਉਥੇ ਕਈਆਂ ਦਾ ਨਾਂ-ਕਰਨ ਕਰ ਕਲਮੀ ਨਾਂ ਦਿੱਤੇ ਜੋ ਉਨ੍ਹਾਂ ਦੀ ਸਥਾਈ ਵੱਲੋਂ ਪਛਾਣ ਬਣ ਗਏ। ਸਤੀਸ਼ ਕੁਮਾਰ ਕਪਿਲ ਦਾ ਸਤੀ ਕੁਮਾਰ, ਰਤਨ ਕੌਰ ਦਾ ਰਤਨੀਵ, ਸਤਵੰਤ ਕੌਰ ਦਾ ਸਤੀ ਰੰਧਾਵਾ, ਇੰਦਰਜੀਤ ਦਾ ਇਮਰੋਜ਼, ਕਿਰਪਾਲ ਸਿੰਘ ਅਵਾਰਾ ਦਾ ਕਿਰਪਾਲ ਕਜ਼ਾਕ, ਪ੍ਰੇਮ ਨਿਮਾਣਾ ਦਾ ਪ੍ਰੇਮ ਗੋਰਖੀ ਅਤੇ ਅਮਰਜੀਤ ਕੌਰ ਦਾ ਅਮੀਆ ਕੁੰਵਰ ਕਰ ‘ਨਾਗਮਣੀ’ ਵਿਚ ਉਨ੍ਹਾਂ ਦੀਆਂ ਰਚਨਾਵਾਂ ਛਾਪੀਆਂ ਤੇ ਹਮੇਸ਼ਾ ਲਈ ਪੰਜਾਬੀ ਅਦਬ ਵਿਚ ਵੱਖਰਾ ਮੁਕਾਮ ਬਣਾ ਦਿੱਤਾ।
ਆਮ ਮੈਗਜ਼ੀਨ ਦੇ ਸੰਪਾਦਕ ਇਸ ਜ਼ਿੰਮੇਵਾਰੀ ਤੋਂ ਖੁਦ ਨੂੰ ਬਰੀ ਰੱਖਦੇ ਹਨ ਕਿ ਮੈਗਜ਼ੀਨ ਵਿਚਲੀਆਂ ਰਚਨਾਵਾਂ ਦੇ ਕਿਸੇ ਵਿਵਾਦ ਲਈ ਉਹ ਜ਼ਿੰਮੇਵਾਰ ਨਹੀਂ, ਇਸ ਦਾ ਜ਼ਿੰਮੇਵਾਰ ਲੇਖਕ ਹੀ ਹੋਏਗਾ ਪਰ ਅੰਮ੍ਰਿਤਾ ਜੀ ਆਪਣੀ ਮੈਗਜ਼ੀਨ ਵਿਚਲੇ ਗਲਤ-ਸਹੀ ਛਪਣ ਦੀ ਪੂਰੀ ਜ਼ਿੰਮੇਵਾਰੀ ਆਪਣੇ ‘ਤੇ ਲੈਂਦੇ ਸਨ। ਕਹਿੰਦੇ ਸਨ, ਅਸੀਂ ਰਚਨਾਵਾਂ ਪੜ੍ਹ ਕੇ ਛਾਪਦੇ ਹਾਂ। ਉਸ ਨਾਲ ਸਹਿਮਤ ਹੁੰਦੇ ਹਾਂ, ਤਾਂ ਹੀ ਤਾਂ ਆਪਣੀ ਮੈਗਜ਼ੀਨ ਵਿਚ ਥਾਂ ਦਿੰਦੇ ਹਾਂ। ਨਾਗਮਣੀ ਦੀ ਸੰਪਾਦਨਾ ਦੌਰਾਨ ਉਨ੍ਹਾਂ ਨੇ ਇਕ ਹੋਰ ਮੈਗਜ਼ੀਨ ਦੀ ਸੰਪਾਦਨਾ ਵੀ ਕੁਝ ਸਾਲ ਕੀਤੀ। ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਪ੍ਰਕਾਸ਼ਿਤ ਹੁੰਦੇ ਤ੍ਰੈਮਾਸਿਕ ਰਸਾਲੇ ‘ਸਮਦਰਸ਼ੀ’ ਦਾ 1986 ਤੋਂ 1991 ਤਕ ਪੰਜ ਵਰ੍ਹੇ ਸੰਪਾਦਨ ਕੀਤਾ। ਇਸ ਮੈਗਜ਼ੀਨ ਦੇ ਸੰਪਾਦਕੀ ਬੋਰਡ ਵਿਚ ਡਾ. ਹਰਿਭਜਨ ਸਿੰਘ, ਮਹਿੰਦਰ ਸਿੰਘ ਜੋਸ਼ੀ, ਕਰਤਾਰ ਸਿੰਘ ਦੁੱਗਲ ਵਰਗੇ ਵੱਡੇ ਲੇਖਕ ਸਨ। ‘ਨਾਗਮਣੀ’ ਦਾ ਪ੍ਰਤੱਖ ਪ੍ਰਭਾਵ ਇਸ ਮੈਗਜ਼ੀਨ ‘ਤੇ ਇੰਨਾ ਜ਼ਿਆਦਾ ਨਜ਼ਰ ਆਉਂਦਾ ਸੀ ਕਿ ਲੋਕ ‘ਸਮਦਰਸ਼ੀ’ ਨੂੰ ‘ਨਾਗਮਣੀ’ ਦਾ ਡੀਲਕਸ ਮੈਗਜ਼ੀਨ ਕਹਿਣ ਲੱਗੇ। ਇਸ ਮੈਗਜ਼ੀਨ ‘ਚ ਵੀ ਅੰਮ੍ਰਿਤਾ ਨੇ ਸਾਡੇ ਨਵੇਂ ਸ਼ਾਇਰ, ਸਾਡੇ ਨਵੇਂ ਕਲਾਕਾਰ ਦੇ ਸਿਰਲੇਖ ਹੇਠਾਂ ਨਵੇਂ ਲੇਖਕਾਂ, ਕਲਾਕਾਰਾਂ ਨੂੰ ਛਾਪਿਆ। ਕਈ ਕਾਲਮ ਸ਼ੁਰੂ ਕੀਤਾ- ਆਪਣੇ ਸਨਮੁਖ, ਦਸਤਾਵੇਜ਼, ਮਹਿਮਾਨ ਰਚਨਾ, ਸੱਜਣ ਮੈਂਡੇ ਰਾਂਗਲੇ, ਗੱਲ ਦਰਿਆਉਂ ਪਾਰ ਦੀ, ਇਕ ਬੈਠਕ, ਸੱਤ ਕਵਿਤਾਵਾਂ ਆਦਿ। ਸੰਪਾਦਕੀ ਨੂੰ ਵੀ ਉਸ ਨੇ ਵੱਖਰੀ ਤਰ੍ਹਾਂ ਦਾ ਸਿਰਲੇਖ ਦਿੱਤਾ- ਆਪਣੇ ਖਿਲਾਫ, ਪਰ ਇਹ ਸਰਕਾਰੀ ਪਰਚਾ ਸੀ ਜੋ ਅੰਮ੍ਰਿਤਾ ਦੇ ਜ਼ਿਹਨੀ ਕੱਦ ਦੇ ਮੇਚ ਨਹੀਂ ਆ ਰਿਹਾ ਸੀ, ਸੋ ਪੰਜ ਸਾਲਾਂ ਮਗਰੋਂ ਡਾ. ਸੁਤਿੰਦਰ ਸਿੰਘ ਨੂਰ ਇਸ ਦੇ ਮੁੱਖ ਸੰਪਾਦਕ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਲੱਗੇ।
ਅੰਮ੍ਰਿਤਾ ਨੇ ਤਾਂ ਜ਼ਿੰਦਗੀ ਵੀ ਆਪਣੀ ਮਰਜ਼ੀ ਨਾਲ ਜੀਵੀ ਤੇ ਸੰਪਾਦਕੀ ਵੀ ਆਪਣੀ ਮਨ-ਮਰਜ਼ੀ ਅਨੁਸਾਰ ਕੀਤੀ। ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਰਾਹੀਂ ਕੁਝ ਹੋਰ ਵੀ ਨਵੀਆਂ ਪਿਰਤਾਂ ਪਾਈਆਂ। ਹਰ ਮਹੀਨੇ ਮੈਗਜ਼ੀਨ ਪ੍ਰਕਾਸ਼ਿਤ ਹੋਣ ਮਗਰੋਂ ‘ਨਾਗਮਣੀ ਸ਼ਾਮ’ ਮਨਾਈ ਜਾਂਦੀ। ਇਹ ਗੈਰ-ਰਸਮੀ ਇਕੱਠ ਅੰਮ੍ਰਿਤਾ ਪ੍ਰੀਤਮ ਦੇ ਘਰ ਹੀ ਹੁੰਦਾ ਜਿਥੇ ਨਾਗਮਣੀ ‘ਚ ਛਪੀਆਂ ਰਚਨਾਵਾਂ ਉੱੱਤੇ ਚਰਚਾ ਹੁੰਦੀ, ਸੁਝਾਅ ਦਿੱਤੇ ਜਾਂਦੇ, ਉਥੇ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ। ਜੋ ਉਨ੍ਹਾਂ ਵਿਚੋਂ ਕੋਈ ਰਚਨਾ ਅੰਮ੍ਰਿਤਾ ਪ੍ਰੀਤਮ ਹੁਰਾਂ ਨੂੰ ਪਸੰਦ ਆਉਂਦੀ ਤਾਂ ਉਹ ‘ਨਾਗਮਣੀ’ ਲਈ ਲੈ ਲੈਂਦੇ। ਇਉਂ ਜਿੱਥੇ ਨਾਗਮਣੀ ਨੂੰ ਛਾਪਣ ਦੀ ਸਮੱਗਰੀ ਮਿਲਦੀ, ਉਥੇ ਲੇਖਕਾਂ ਨੂੰ ਵੀ ਹੌਂਸਲਾ ਤੇ ਪ੍ਰੇਰਨਾ ਮਿਲਦੀ। ਉਹ ਹੋਰ ਵਧੀਆ ਲਿਖਣ ਵੱਲ ਰੁਚਿਤ ਹੁੰਦੇ।
ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ ਦਾ ਸੰਪਾਦਨ ਕਰਦਿਆਂ, ਇਕ ਹਰ ਨਵੀਂ ਰਵਾਇਤ ਸ਼ੁਰੂ ਕੀਤੀ ਜਿਸ ਨਾਲ ਲੇਖਕਾਂ ਨੂੰ ਚੰਗਾ ਲਿਖਣ ਦਾ ਹੋਰ ਵੱਧ ਉਤਸ਼ਾਹ ਮਿਲਿਆ। ਅਪਰੈਲ 1983 ਵਿਚ ਨਾਗਮਣੀ ਨੇ ‘ਨਾਗਮਣੀ ਲਾਇਬ੍ਰੇਰੀ’ ਦੀ ਛੋਟੀ ਜਿਹੀ ਰਵਾਇਤ ਸ਼ੁਰੂ ਕੀਤੀ ਕਿ ਨਾਗਮਣੀ ਆਪਣੀ ਹਰ ਵਰ੍ਹੇਗੰਢ ‘ਤੇ (ਹਰ ਮਈ ਮਹੀਨੇ ਵਿਚ) ਪੰਜ ਸੌ ਇਕ ਰੁਪਏ ਦੀ ਪੇਸ਼ਕਸ਼ ਨਾਲ, ਆਪਣੇ ਕਿਸੇ ਚੰਗੇ ਲੇਖਕ ਦੀ ਲਾਇਬ੍ਰੇਰੀ ਵੱਡੀ ਕਰਨਾ ਚਾਹੇਗੀ। ਹਰ ਸਾਲ ਕਿਰਪਾਲ ਕਜ਼ਾਕ, ਦੇਵਿੰਦਰ, ਕੇ.ਐਲ. ਗਰਗ, ਜਸਬੀਰ ਭੁੱਲਰ ਆਦਿ ਕਿਸੇ ਨਾ ਕਿਸੇ ਨਾਗਮਣੀ ਲੇਖਕ ਨੂੰ ਇਸ ਇਨਾਮ ਨਾਲ ਨਵਾਜਿਆ ਗਿਆ। ਇਸ ਦੀ ਤਿੰਨ ਮੈਂਬਰੀ ਕਮੇਟੀ ਵਿਚ ਅੰਮ੍ਰਿਤਾ, ਇਮਰੋਜ਼ ਤੇ ਸੁਰਿੰਦਰ ਸ਼ਰਮਾ ਸਨ।
ਚੰਗੇ ਲੇਖਕਾਂ ਨੂੰ ‘ਨਾਗਮਣੀ’ ਨਾਲ ਜੋੜਨ ਲਈ ਅੰਮ੍ਰਿਤਾ ਪ੍ਰੀਤਮ ਨੇ ਇਕ ਹੋਰ ਵਧੀਆ ਉਚੇਚ ਕੀਤਾ। ਉਹ ਲੇਖਕਾਂ ਨੂੰ ਸਿਰਫ ਸੰਪਾਦਕ-ਲੇਖਕ ਦੇ ਰਿਸ਼ਤੇ ਤਕ ਮਹਿਦੂਦ ਨਹੀਂ ਰੱਖਦੇ ਸਨ ਸਗੋਂ ਉਨ੍ਹਾਂ ਨਾਲ ਪਰਿਵਾਰਕ ਸੰਬੰਧ ਕਾਇਮ ਕਰ ਲੈਂਦੇ। ਉਨ੍ਹਾਂ ਦੇ ਦੁੱਖ ਸੁੱਖ ਦਾ ਖਿਆਲ ਕਰਦੇ। ਕੋਈ ਔਖ ਹੁੰਦੀ, ਉਸ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ। 1982 ਵਿਚ ਕਲਕੱਤਾ ਹੋਏ ਇਕ ਸਮਾਰੋਹ ਵਿਚ ਪ੍ਰਬੰਧਕਾਂ ਵੱਲੋਂ ਫਾਈਵ ਸਟਾਰ ਹੋਟਲ ਵਿਚ ਠਹਿਰਾਉਣ ਦੇ ਬਾਵਜੂਦ ਅੰਮ੍ਰਿਤਾ/ਇਮਰੋਜ਼ ਨੇ ਹੋਟਲ ਦਾ ਵਧੀਆ ਖਾਣਾ ਤਿਆਗ ਕੇ ਕਲਕੱਤਾ ਦੇ ਕਿਸੇ ਇਲਾਕੇ ਦੀਆਂ ਭੀੜੀਆਂ ਗਲੀਆਂ ‘ਚੋਂ ਲੰਘ ਬਲਦੇਵ ਸਿੰਘ ਸੜਕਨਾਮਾ ਦੇ ਘਰ ਜਾ ਕੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾ ਆਨੰਦ ਮਾਣਿਆ। ਕੇਵਲ ਸੂਦ, ਰਮੇਸ਼ ਬਖਸ਼ੀ, ਸਤੀ ਰੰਧਾਵਾ, ਅਮੀਆ ਕੁੰਵਰ ਦੀ ਲੋੜ ਵੇਲੇ ਉਹ ਉਨ੍ਹਾਂ ਦੇ ਘਰ ਆਪਣੀ ਸਿਹਤ-ਨਾਸਾਜ਼ੀ ਵਿਚ ਵੀ ਪਹੁੰਚੇ।
ਅੰਮ੍ਰਿਤਾ ਜੀ ਦੀ ਲਗਾਤਾਰ ਡਿੱਗਦੀ ਸਿਹਤ ਵੇਖ ਨਾਗਮਣੀ ਦਾ ਇਕ ਪਾਠਕ ਤੌਖਲੇ ਨਾਲ ਭਰ ਗਿਆ। ‘ਨਾਗਮਣੀ’ ਦੇ ਖਤਾਂ ਵਾਲੀ ਥਾਂ ਉੱਤੇ ਅਪਰੈਲ 1999 ਵਿਚ ਉਸ ਦਾ ਖਤ ਉਲੀਕਿਆ ਮਿਲਦਾ ਹੈ- ‘ਨਾਗਮਣੀਂ ਪੜ੍ਹ ਕੇ ਪਹਿਲੋਂ ਹੱਸਿਆ, ਫੇਰ ਰੋਇਆ। ਹੱਸਿਆ ਇਸ ਲਈ ਕਿ ਪੱਤਰਕਾਰੀ ਨੂੰ ਇਸ ਪਾਏ ‘ਤੇ ਲੈ ਜਾਣ ਵਾਲੀ ਸਾਡੇ ਕੋਲ ‘ਨਾਗਮਣੀ’ ਹੈ, ਤੇ ਰੋਇਆ ਇਸ ਲਈ ਕਿ ਕੱਲ੍ਹ ਨੂੰ ‘ਨਾਗਮਣੀ’ ਤੋਂ ਬਾਅਦ ਕੀ ਹੋਵੇਗਾ? -‘ਨਾਗਮਣੀ’ ਦੇ ਰੰਗ ਵਿਚ ਰੱਤਾ ਇਕ ਪਾਠਕ!
ਆਖਰ ਉਹ ਦਿਨ ਆ ਹੀ ਗਿਆ, ਜਦ ਅੰਮ੍ਰਿਤਾ ਨੂੰ ਲੱਗਿਆ ਕਿ ਹੁਣ ‘ਨਾਗਮਣੀ’ ਦੀ ਸੰਪਾਦਨਾ ਉਸ ਦੇ ਵਿਚੋਂ ਬਾਹਰ ਹੋ ਗਈ ਹੈ ਤਾਂ ਉਸ ਨੇ ਇਹ ਫੈਸਲਾ ਕਰਨ ਵਿਚ ਢਿੱਲ ਨਾ ਲਈ ਕਿ ‘ਨਾਗਮਣੀ’ ਦੀ ਉਮਰ ਪੁੱਗ ਗਈ ਜੋ 36 ਵਰ੍ਹੇ ਅਰੁਕ ਪ੍ਰਕਾਸ਼ਿਤ ਹੋ ਪਾਠਕਾਂ ਤੱਕ ਪੁੱਜਦੀ ਰਹੀ। ਇਹ ਅੰਮ੍ਰਿਤਾ ਦੇ ਸੁਪਨਿਆਂ ਦੀ ਤਾਬੀਰ ਸੀ। ਸੋਚ ਦਾ ਹੁੰਗਾਰਾ ਸੀ। ਵਿਚਾਰਾਂ ਦੀ ਤਰਜਮਾਨੀ ਸੀ। ਆਪਣੇ ਜ਼ਮੀਰ ਨਾਲ ਵਾਅਦਾ ਸੀ ਜੋ ਤੋੜ ਤੀਕ ਨਿਭਾਇਆ ਪਰ ਇਹ ਨਿਰੋਲ ਨਿੱਜੀ, ਆਪਣੀਆਂ ਸ਼ਰਤਾਂ, ਅਸੂਲਾਂ ਉੱਤੇ ਟਿਕਿਆ ਉਪਰਾਲਾ ਸੀ। ਇਹੀ ਕਾਰਨ ਹੈ ਕਿ ਅੰਮ੍ਰਿਤਾ ਦੇ ਸਿਹਤ ਤੋਂ ਅਸਮਰੱਥ ਹੋਣ ‘ਤੇ, ਇਹ ਰਸਾਲਾ ਕਿਸੇ ਦੂਜੇ ਦੇ ਹੱਥਾਂ ਵਿਚ ਨਹੀਂ ਪਹੁੰਚਿਆ। ਨਾ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਹੋਇਆ। ਨਾ ਵਿਕਿਆ। ਨਾ ਕਿਸੇ ਸੰਸਥਾ ਦੇ ਅਧੀਨ ਹੋਇਆ।
‘ਨਾਗਮਣੀ’ ਦਾ ਅੰਤਲਾ ਅੰਕ ਅਪਰੈਲ 2002 ਸੀ। ਰਸਾਲੇ ਨੂੰ ਬੰਦ ਕਰਨ ਦੇ ਕਾਰਨਾਂ ਨੂੰ ਦੱਸਣ ਜਾਂ ਸਪਸ਼ਟੀਕਰਨ ਲਈ ਵਾਧੂ ਪੰਨੇ ਨਹੀਂ ਜ਼ਾਇਆ ਕੀਤੇ ਗਏ। ਅੰਤਲੇ ਅੰਕ ਵਿਚ ਵੀ ਰਚਨਾਵਾਂ ਨੂੰ ਪਹਿਲ ਦਿੱਤੀ ਗਈ। ਸਰਵਰਕ ਦੀ ਸਭ ਤੋਂ ਉੱਤਲੀ ਥਾਂ ‘ਤੇ ਜਿਥੇ ਲਿਖਿਆ ਹੁੰਦਾ ਸੀ- ਕਾਮੇ: ਅੰਮ੍ਰਿਤਾ-ਇਮਰੋਜ਼, ਉਥੇ ਸਿਰਫ ਇੰਨਾ ਹੀ ਲਿਖਿਆ ਮਿਲਿਆ- ਕਾਮੇ ਅਲਵਿਦਾ ਆਖਦੇ ਹਨ। ਤੇ ਫਿਰ ਪੰਨਾ-13 ਦੇ ਹੇਠਾਂ ਬਚੀ ਹੋਈ ਥੋੜ੍ਹੀ ਜਿਹੀ ਥਾਂ ‘ਤੇ ਇੰਨਾ ਹੀ ਲਿਖਿਆ ਸੀ-
ਅਲਵਿਦਾ ਐ ਕਾਫਲੇ ਵਾਲੋ
ਨਾਗਮਣੀ ਦਾ ਇਹ ਅੰਕ ਆਖਰੀ ਅੰਕ ਹੋਵੇਗਾ
ਕਿਉਂਕਿ ਮੇਰੀ ਸਿਹਤ ਮੇਰੇ ਮਨ ਦਾ ਸਾਥ ਨਹੀਂ ਦੇ ਰਹੀ -ਅੰਮ੍ਰਿਤਾ
ਪੋਸਟ ਸਕ੍ਰਿਪਟ
‘ਨਾਗਮਣੀ’ ਦੇ ਬੰਦ ਕਰਨ ਨਾਲ ਹੀ ਅੰਮ੍ਰਿਤਾ ਆਪਣੇ ਸੰਪਾਦਕੀ ਧਰਮ ਤੋਂ ਮੁਕਤ ਨਹੀਂ ਹੋਈ। ਨਵੰਬਰ 2001 ਵਿਚ ਮੈਂ ਰਿਫਰੈਸ਼ਰ ਕੋਰਸ ਕਰਨ ਕੁਰੂਕਸ਼ੇਤਰ ਯੂਨੀਵਰਸਿਟੀ ਗਈ ਸਾਂ। ਉਥੇ ਮੇਰੇ ਨਾਲ ਕੋਰਸ ਕਰਦੀਆਂ ਕੁਝ ਸਾਥਣਾਂ ਨੇ ਮੇਰੇ ਹੱਥੀਂ ‘ਨਾਗਮਣੀ’ ਦੀ ਇਕ ਸਾਲ ਦੀ ਭੇਟਾ ਭੇਜੀ ਸੀ। ‘ਨਾਗਮਣੀ’ ਦੇ ਪੰਜ ਅੰਕ ਹੀ ਉਨ੍ਹਾਂ ਨੂੰ ਮਿਲ ਸਕੇ। ਅੰਮ੍ਰਿਤਾ ਜੀ ਨੇ ਮੈਨੂੰ ਬਿਠਾ ਕੇ, ਉਨ੍ਹਾਂ ਦਾ ਹਿਸਾਬ ਕਰ ਬਚਦੀ ਰਕਮ ਉਨ੍ਹਾਂ ਨੂੰ ਭਿਜਵਾ ਦਿੱਤੀ। ਪਟਿਆਲੇ ਵਾਲੇ ਸੁਰਿੰਦਰ ਸ਼ਰਮਾ ਦੱਸਦੇ ਹਨ ਕਿ ਮੈਨੂੰ ਇਹੋ ਜਿਹਾ ਅਨੁਭਵ ਸਿਰਫ ਦੋ ਵਾਰ ਹੋਇਆ ਹੈ। ਇੱਕ ‘ਰੀਡਰਜ਼ ਡਾਇਜੈਸਟ’ ਦੇ ਬੰਦ ਹੋਣ ‘ਤੇ ਮੇਰੀ ਬਕਾਇਆ ਰਕਮ ਮਿਲੀ। ਦੂਜੇ ‘ਨਾਗਮਣੀ’ ਬੰਦ ਹੋਣ ‘ਤੇ ਅੰਮ੍ਰਿਤਾ ਜੀ ਦਾ ਖਤ ਆਇਆ, “ਇਹ ਤੁਹਾਡੀ ਬਕਾਇਆ ਰਕਮ ਹੈ (ਸ਼ਾਇਦ 36.50 ਰੁਪਏ), ਕਬੂਲ ਕਰਨਾ। ਸ਼ੁਕਰੀਆ।” -ਅੰਮ੍ਰਿਤਾ
ਇੰਨਾ ਹੀ ਨਹੀਂ, ਤਾਰਨ ਗੁਜਰਾਲ ਲਿਖਦੇ ਹਨ ਕਿ ਇਕ ਵਾਰ ‘ਨਾਗਮਣੀ’ ਨਾ ਮਿਲਣ ਉੱਤੇ ਮੈਂ ਅੰਮ੍ਰਿਤਾ ਜੀ ਨਾਲ ਉਲਝ ਪਈ ਕਿ ਤੁਸੀਂ ਜਿੰਨੇ ਪੈਸੇ ਲੈਣੇ ਨੇ, ਲੈ ਲਵੋ, ਪਰ ਰੱਬ ਵਾਸਤੇ ‘ਨਾਗਮਣੀ ਨਾ ਰੋਕਿਆ ਕਰੋ!
ਇਮਰੋਜ਼ ਜੀ ਕਹਿਣ ਲੱਗੇ ਕਿ ਲਾਈਫ ਮੈਂਬਰਸ਼ਿਪ ਲੈ ਲਵੋ। ਮੈਂ ਤਿਆਰ ਹੋ ਗਈ ਪਰ ਅੰਮ੍ਰਿਤਾ ਨੇ ਰੋਕ ਲਿਆ, ਨਹੀਂ-ਨਹੀਂ, ਹੁਣ ਨਹੀਂ, ਪਤਾ ਨਹੀਂ ਕਿੰਨੀ ਕੁ ਮੇਰੀ ਜ਼ਿੰਦਗੀ ਹੈ, ਤੇ ਕਿੰਨੀ ਕੁ ਇਹ ਚੱਲ ਸਕਦੀ ਹੈ, ਐਵੇਂ ਵਾਧੂ ਪੈਸੇ ਮੈਂ ਨਹੀਂ ਲੈ ਸਕਦੀ, ਤੁਸੀਂ ਜਿਹੜੇ ਅੰਕ ਇਹਦੇ ਬਾਕੀ ਨੇ, ਇਸ ਨੂੰ ਦੇ ਦਿਉ।
ਇਉਂ ਅੰਮ੍ਰਿਤਾ ਨੇ ਕਿਸੇ ਦਾ ਕੋਈ ਵੀ ਬਕਾਇਆ ਆਪਣੇ ਖਾਤੇ ‘ਚ ਨਹੀਂ ਰੱਖਿਆ। ਨਹੀਂ ਤਾਂ ਕਿੰਨੇ ਹੀ ਸੰਪਾਦਕ ਇਸ ਫਰਜ਼ ਤੋਂ ਕੋਰੇ ਹੁੰਦੇ ਹਨ। ਮਹੀਨਿਆਂ ਬੱਧੀ ਲੇਖਕਾਂ ਦੀਆਂ ਰਚਨਾਵਾਂ ਉਨ੍ਹਾਂ ਦੀ ਮੇਜ਼ ‘ਤੇ ਪਈਆਂ ਸੜਦੀਆਂ ਰਹਿੰਦੀਆਂ ਨੇ। ਉਹ ਨਾ ਵਾਪਸ ਭਿਜਵਾਂਦੇ ਹਨ, ਨਾ ਛਾਪਦੇ ਹਨ। ਖਤ ਲਿਖਣਾ ਤਾਂ ਦੂਰ ਦੀ ਗੱਲ। ਇੱਕਾ-ਦੁੱਕਾ ਅੰਕ ਭੇਜਣ ਮਗਰੋਂ ਕਈ ਤਾਂ ਮੈਗਜ਼ੀਨ ਵੀ ਭੇਜਣਾ ਬੰਦ ਕਰ ਦਿੰਦੇ ਹਨ। ਆਪਣੇ ਇਨ੍ਹਾਂ ਹੀ ਮੀਰੀ ਗੁਣਾਂ ਕਰਕੇ ਅੰਮ੍ਰਿਤਾ ਤੇ ਨਾਗਮਣੀ ਚਿਰਜੀਵੀ ਹੋ ਗਏ।