ਸੁਖਨ ਦੇ ਵਾਰਿਸ ਦੀ ਤੀਸਰੀ ਜਨਮ ਸ਼ਤਾਬਦੀ

ਈਸ਼ਵਰ ਦਿਆਲ ਗੌੜ
ਫੋਨ: +91-98783-69932
ਸਾਲ 2022 ਪੰਜਾਬੀ ਦੇ ਸਰਕਰਦਾ ਸ਼ਾਇਰ ਵਾਰਿਸ ਸ਼ਾਹ ਤੀਜੀ ਜਨਮ ਸ਼ਤਾਬਦੀ ਵਾਲਾ ਸਾਲ ਹੈ। ਰਿਕਾਰਡ ਮੁਤਾਬਿਕ ਉਸ ਦਾ ਜਨਮ 1722 ਦਾ ਹੈ ਅਤੇ ਉਹ 1798 ਵਿਚ ਫੌਤ ਹੋ ਗਿਆ ਪਰ ਉਹ ਆਪਣੀ ਲਿਖੀ ਰਚਨਾ ‘ਹੀਰ’ ਕਾਰਨ ਸਾਹਿਤ ਜਗਤ ਧਰੂ ਤਾਰਾ ਹੋ ਨਿਬੜਿਆ। ਈਸ਼ਵਰ ਦਿਆਲ ਗੌੜ ਨੇ ਆਪਣੇ ਇਸ ਲੇਖ ਵਿਚ ਹੀਰ ਦੀ ਪੋਥੀ ਦੇ ਸਮਾਜਕ, ਸਭਿਆਚਾਰਕ ਅਤੇ ਕਈ ਹੋਰ ਪ੍ਰਸੰਗ ਵਿਚਾਰੇ ਹਨ ਜਿਨ੍ਹਾਂ ਦਾ ਪੰਜਾਬੀ ਰਹਿਤਲ ਉਤੇ ਖਾਸ ਅਸਰ ਹੈ।

ਵਾਰਿਸ ਸ਼ਾਹ ਮਾਹਿਰ ਕਿੱਸਾਕਾਰ ਹੈ। ਉਸ ਨੇ ਪੰਜਾਬ ਦੇ ਸਭਿਆਚਾਰ ਦੇ ਇਤਿਹਾਸ ਦੀਆਂ ਵੰਨ-ਸੁਵੰਨੀਆਂ ਸਚਾਈਆਂ ਨੂੰ ਇਸ ਕਦਰ ਕੱਤਿਆ ਕਿ ਉਸ ਦੀ ਕਿਰਤ ‘ਹੀਰ’, ਵਾਰਿਸ ਦੇ ਨਾਂ ਨਾਲ ਪੂਰੀ ਦੁਨੀਆ ‘ਚ ਮਕਬੂਲ ਹੋਈ। ਵਾਰਿਸ ਸ਼ਾਹ ਪਾਸ ਪੰਜਾਬੀ ਜਗਤ ਨੂੰ ਪੇਸ਼ ਕਰਨ ਦੀ ਜੁਗਤ ਕਾਬਲ-ਏ-ਤਾਰੀਫ ਹੈ। ਅਜਿਹੀ ਵਿਉਂਤ ਨਿਗਾਰੀ ਉਸ ਦੀ ਸਭਿਆਚਾਰ-ਸੰਚਾਰ ਕਲਾ ਨਾਲ ਗਹਿਰਾ ਤਅੱਲੁਕ ਰੱਖਦੀ ਹੈ। ਉਹ ਪੰਜਾਬੀ ਲੋਕਾਈ ਦੇ ਵਜੂਦ ਦੇ ਰਹਿਤਲੀ ਪਿੜ ਦੀ ਜ਼ਿਆਰਤ ਕਰਨ ਵਾਲਾ ਇਮਾਨਦਾਰ ਹਾਜੀ ਹੈ। ਉਹ ਗੈਰ-ਰਵਾਇਤੀ ਕਿਸਮ ਦਾ ਕਿੱਸਾਕਾਰ ਹੈ। ਸਥਾਪਤ ਤੇ ਗਾਲਬ ਮਿਸਲਖਾਨਿਆਂ ਵੱਲ ਜਾਣ ਦੀ ਬਜਾਇ, ਰਹਿਤਲ ਵੱਲ ਜਾਂਦਾ ਹੈ। ਪੋਥੀ ਨੂੰ ਸਮਾਜ ਵਿਚ ਫੈਲੇ ਹੋਏ ਗਾਲਬ ਅਤੇ ਹਕੂਮਤੀ ਸੰਸਾਰ ਵਿਰੋਧੀ ਬਣਾਉਣ ਲਈ ਕਿਵੇਂ ਘੜਨਾ-ਤਰਾਸ਼ਣਾ ਹੈ, ਇਸ ਚੱਕਰਵਿਊਹ ਦੀ ਉਸਾਰੀ ਦਾ ਉਹ ਉਸਤਾਦ ਹੈ। ਪੋਥੀ-ਸਿਰਜਣਾ ਦਾ ਤਲਿੱਸਮੀ ਪੈਰਾਡਾਈਮ ਵਾਰਿਸ ਸ਼ਾਹ ਕੋਲ ਹੀ ਹੈ।
ਦੇਖਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਸਥਾਪਤੀ ਵਿਰੋਧੀ ਪੋਥੀ ਦਾ ਮਰਕਜ਼ ਜਾਂ ਸੰਤੁਲਨ ਬਿੰਦੂ ਇਸ਼ਕ ਹੈ ਜੋ ਸ਼ਸਤਰ ਨਹੀਂ, ਸ਼ਾਸਤਰ ਹੈ। ਵਾਰਿਸ ਸ਼ਾਹ ਆਪਣੀ ਪੋਥੀ ਦਾ ਆਗਾਜ਼ ਹੀ ਇਸ ਪ੍ਰੇਮ-ਸ਼ਾਸਤਰ ਤੇ ਇਸ ਦੇ ਹੋਣ ਵਾਲੇ ਅਸਰ ਤੋਂ ਕਰਦਾ ਹੈ: “ਖਿਲੇ ਤਿਨ੍ਹਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ।” ਪੋਥੀ ਦੀ ਪੜ੍ਹਤ ਦੱਸਦੀ ਹੈ ਕਿ ਇਸ਼ਕ ਕੇਵਲ ਔਰਤ-ਮਰਦ ਦਰਮਿਆਨ ਹੀ ਨਹੀਂ ਹੁੰਦਾ। ਇਸ਼ਕ ਦਾ ਮਸਲਾ ਸਮੁੱਚੀ ਮਨੁੱਖਤਾ ਨਾਲ ਜੁੜਿਆ ਹੈ। ਹੀਰ ਦਾ ਆਪਣੇ ਮਾਪਿਆਂ ਤੇ ਕਾਜ਼ੀ ਨਾਲ ਸਦੀਵੀ ਝਗੜਾ ਇਸ਼ਕ ਦੇ ਅਰਥਾਂ ‘ਤੇ ਹੀ ਹੈ। ਸੂਫੀ ‘ਇਸ਼ਕ’ ਅਤੇ ‘ਮੁਹੱਬਤ’ ਦਰਮਿਆਨ ਵੀ ਸੂਖਮ ਕਿਸਮ ਦਾ ਫਰਕ ਕਰਦੇ ਹਨ। ਇਸ਼ਕ ਦਾ ਤਅੱਲੁਕ ਦੀਦਾਰ ਕਰਨ ਨਾਲ ਹੈ ਜਦੋਂਕਿ ਮੁਹੱਬਤ ਸਿਮਰ ਕੇ ਜਾਂ ਸਰਵਣ ਕਰ ਕੇ ਵੀ ਹੋ ਜਾਂਦੀ ਹੈ।
ਇਸ਼ਕ ‘ਚ ਮਹਿਜ਼ ਦੇਹ ਤੇ ਵਾਸਨਾ ਹੀ ਨਹੀਂ ਹੁੰਦੇ, ਇਮਾਨ ਵੀ ਰੁਮਕਦਾ ਹੁੰਦਾ ਹੈ। ਅਜਿਹੇ ਇਸ਼ਕ ਵਿਚ/ਲਈ ਮਰਨ ਨੂੰ ਸ਼ਹਾਦਤ ਆਖਦੇ ਹਨ। ਰੰਗਪੁਰ ਖੇੜਿਆਂ ਦਾ ਅਯਾਲ ਰਾਂਝੇ ਨੂੰ ਤਾਹਨਾ ਮਾਰਦਾ ਹੈ: “ਬਣੇਂ ਗਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖਲਕ ਤੇਰੇ ਹੱਥ ਆਵਣੀ ਸੀ।” ਆਸ਼ਕ ਮੌਤ ਤ੍ਰਾਸ ਦੇ ਸ਼ਿਕਾਰ ਨਹੀਂ ਹੁੰਦੇ ਸਗੋਂ ਇਮਾਨ-ਇਸ਼ਕ ਲਈ ਸ਼ਹਾਦਤ ਮੂਲਕ ਜ਼ਿੰਦਗੀ ਜਿਊਣ ਦੀ ਤੀਬਰ ਅੰਤਰਪ੍ਰੇਰਨਾ, ਅੰਤਰਕਾਮਨਾ ਜਾਂ ਮੋਹ ਹਰ ਪਲ ਚੜ੍ਹਦੀ ਕਲਾ ‘ਚ ‘ਮੌਤ’ ਉਤੇ ਹਾਵੀ ਰਹਿੰਦਾ ਹੈ, ਜਾਂ ਉਸ ਦੇ ਵਸਲ ਲਈ ਲੁੱਛ ਰਿਹਾ ਹੁੰਦਾ ਹੈ। ਵਸਲ ਜਿੰਦ ਦੇ ਵਿਛੋੜੇ ਬਗੈਰ ਸੰਭਵ ਨਹੀਂ: “ਵਾਰਿਸ ਸ਼ਾਹ ਮੀਆਂ ਇਨ੍ਹਾਂ ਆਸ਼ਕਾਂ ਨੂੰ, ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।” ਸ਼ਾਹ ਹੁਸੈਨ ਸੂਲੀ ‘ਤੇ ਚੜ੍ਹ ਕੇ ਸ਼ਹਾਦਤ ਦੇ ਹੁਲਾਰੇ ਲੈਣਾ ਲੋਚਦਾ ਹੈ। ਇਸ਼ਕ ਦੇ ਸੰਸਾਰ ਵਿਚ ਆਸ਼ਕ ਦੀ ਦੇਹ ਅਤੇ ਉਸ ਦਾ ਇਮਾਨ ਨਾਲੋ-ਨਾਲ ਵਿਚਰਦੇ ਹਨ। ਵਸਲ ਦੀ ਸਿੱਕ ਮੁਸਲਸਲ ਤੀਬਰ ਰਹਿੰਦੀ ਹੈ। ਭਗਤੀ ਕਾਵਿ ‘ਚ ਭਗਵਾਨ ਕ੍ਰਿਸ਼ਨ ਦਾ ‘ਮਦਨ ਮੋਹਨਾ’ ਅਕਸ ਬੜਾ ਬਲਵਾਨ ਹੈ। ਉਹ ਮਦਨ ਮੋਹਨ ਹੈ, ਮੋਂਹਦਾ ਹੈ। ਪੋਥੀ ਹੀਰ ਵਾਰਿਸ ‘ਚ ਸ਼ਹਾਦਤ ਤੇ ਸ਼ਹਾਦਤ ਮੂਲਕ ਜ਼ਿੰਦਗੀ ਜਿਊਣ ਦੀ ਤੀਬਰ ਅੰਤਰ-ਕਾਮਨਾ ਦਾ ਸੁਮੇਲ ਅਮਲ ਤੇ ਪ੍ਰਵਚਨ ਦੇ ਪੱਧਰ ‘ਤੇ ਮੌਜੂਦ ਹੈ ਜੋ ਗਾਲਬ ਸਮਾਜਕ ਵਿਵਸਥਾ ‘ਚ ਜ਼ਿੰਦਗੀ ਜਿਊਣ ਨੂੰ ਖਾਸ ਸੇਧ ਦਿੰਦਾ ਹੈ। ਇਮਾਨ-ਇਸ਼ਕ ਦੀ ਜ਼ਿੰਦਗੀ ਬਸਰ ਕਰਨ ਵਾਲਿਆਂ ਲਈ ਕੰਤ ਦਾ ਦਰ ਲੋਚਨਯੋਗ ਹੁੰਦਾ ਹੈ: “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥” ਰਾਂਝਾ ਇਸ ਦਰ ਦੇ ਦੀਦਾਰ ਲਈ ਜੋਗੀ ਹੋ ਜਾਂਦਾ ਹੈ। ਇਮਾਨ-ਇਸ਼ਕ ਦਾ ਸੰਸਾਰ ਤੇ ਇਸ ਦਾ ਸੁਹਜ-ਸ਼ਾਸਤਰ ਕਮਾਲ ਹੈ। ਜੇ ਕੰਤ ਦੇ ਦਰ ‘ਤੇ ਨਹੀਂ ਜਾਇਆ ਜਾ ਸਕਦਾ ਤਾਂ ਕੰਤ ਆਪ ਆਣ ਦਸਤਕ ਦੇ ਦਿੰਦਾ ਹੈ।
ਕਾਸਦ ਜਾਇ ਕੇ ਰਾਂਝੇ ਨੂੰ ਖਤ ਦਿੱਤਾ,
ਨੱਢੀ ਮੋਈ ਪਈ, ਨੱਕ ‘ਤੇ ਜਾਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ,
ਕਿਸ਼ਤੀ ਨੂਹ ਦੀ ਵਿਚ ਤੂਫਾਨ ਮੀਆਂ
ਇਕ ਘੜੀ ਆਰਾਮ ਨਾ ਆਉਂਦਾ ਏ,
ਕੇਹਾ ਠੋਕਿਉ ਪ੍ਰੇਮ ਦਾ ਬਾਨ ਮੀਆਂ
ਰਾਤੀਂ ਘੜੀ ਨਾ ਸੇਜ ‘ਤੇ ਮੂਲ ਸੌਂਦੀ,
ਰਹੇ ਲੋਕ ਬਥੇਰੜੇ ਰਾਨ ਮੀਆਂ
ਵਾਰਿਸ ਸ਼ਾਹ ਨੂੰ ਇਲਮ ਹੈ ਕਿ ਕਹਾਣੀ ਦੇ ਸੁਚੱਜੇ ਕੱਤ ‘ਚੋਂ ਹੀ ਕਥਾਨਕ ਪੈਦਾ ਹੁੰਦਾ ਹੈ; ਪ੍ਰਵਚਨ ਦੀ ਪਦਵੀ ‘ਤੇ ਪਹੁੰਚਦਾ ਹੈ; ਤੇ ਅਖੀਰ ਪੋਥੀ ਦਾ ਰੁਤਬਾ ਹਾਸਿਲ ਕਰਦਾ ਹੈ। ਕਥਾ ਤੋਂ ਪੋਥੀ ਤੀਕ ਦਾ ਸਫਰ ਬੜਾ ਕਠਿਨ ਹੁੰਦਾ ਹੈ। ਪੋਥੀ ਹੀ ਪ੍ਰਵਚਨ ਹੁੰਦੀ ਹੈ। ਵਾਰਿਸ ਸ਼ਾਹ ਅਜਿਹੇ ਸਫਰ ਦਾ ਜ਼ਿਕਰ ਇੱਕ-ਦੋ ਵਾਰ ਕਰਦਾ ਵੀ ਹੈ: “ਬਹੁਤ ਜੀਉ ਦੇ ਵਿਚ ਤਤਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ।” ਪੋਥੀ ਦੀ ਸਿਰਜਣਾ ਤੀਕ ਪਹੁੰਚਣ ਦਾ ਮਾਰਗ ਇਸ਼ਕ ਦੇ ਤਸੀਹੇ ਭਰੇ ਮਾਰਗ ਜਿਹਾ ਵੰਗਾਰਮਈ ਹੈ। ਜੇ ਅਜਿਹਾ ਨਾ ਹੁੰਦਾ ਤਾਂ ਹੀਰ ਦੀ ਸਿਰਜਣਾ ਕਰਦਿਆਂ ਵਾਰਿਸ ਸ਼ਾਹ ਨੂੰ ‘ਫਰਹਾਦ’ ਤੇ ‘ਪਹਾੜ’ ਜਿਹੀਆਂ ਵਿਰਾਟ ਤਸ਼ਬੀਹਾਂ ਦੀ ਲੋੜ ਨਾ ਪੈਂਦੀ। ਰਾਂਝੇ ਦਾ ਜਦੋਂ ਆਖਰੀ ਸਾਹ ਨਿਕਲਦਾ ਹੈ ਉਦੋਂ ਵੀ ਫਰਹਾਦ ਹਾਜ਼ਰ ਹੁੰਦਾ ਹੈ: “ਰਾਂਝੇ ਵਾਂਗ ਫਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋਇ ਹਵਾਇ ਮੀਆਂ।” ਸੋ, ਗੁੱਝੀ ਬਾਤ ਇਹ ਹੈ ਕਿ ਉਹ ਪੋਥੀ ਦੇ ਸਿਰਜਨਾ ਕਰਨ ਦੇ ਅਮਲ ਨੂੰ ਇਸ਼ਕ ਹੋ ਜਾਣ ਦੇ ਬਰਾਬਰ ਸਮਝਦਾ ਹੈ। ਉਹ ਸਾਹਿਤ ਅਤੇ ਸਾਹਿਤਕਾਰ ਦਾ ਮਿਜ਼ਾਜ ਦੱਸ ਰਿਹਾ ਹੈ। ਇਸ਼ਕ ਦੀ ਪੋਥੀ ਨੂੰ ਲਿਖਣ ਲਈ ਲੁੱਛ ਰਿਹਾ ਵਾਰਿਸ ਸ਼ਾਹ, ਅਤੇ ਹੀਰ ਦੇ ਦੀਦਾਰ ਨੂੰ ਲੁੱਛ ਰਿਹਾ ਰਾਂਝਾ ਇਸ਼ਕ ਦੇ ਪੈਂਡੇ ਦੇ ਅਣਥੱਕ ਮੁਸਾਫਰ ਹਨ: “ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜੇਹਾ।”
ਪੀਰਾਂ ਦਿੱਤਾ ਤ੍ਰੱਗੜ ਦੀ ਸੰਪਾਦਨ ਕੀਤੀ ਹੀਰ ਵਾਰਿਸ (ਜੋ 1910 ਵਿਚ ਕੁਤਬ-ਖਾਨਾ ਮੁਹੰਮਦੀ, ਲਾਹੌਰ ਨੇ ਛਾਪੀ) ‘ਚ ਬਹੁਤ ਰਲੇਵੇਂ ਪਾਏ ਗਏ ਹਨ ਪਰ ਉਸ ਦੇ ਇੱਕ ਐਡੀਸ਼ਨ ‘ਚ ਵਾਰਿਸ ਸ਼ਾਹ ਦੀ ਮਲਕਾ ਹਾਂਸ ਦੀ ਮਸੀਤ ਦੇ ਹੁਜਰੇ ਵਿਚ ਬੈਠੇ ਦੀ ਛਪੀ ਤਸਵੀਰ ਕਮਾਲ ਦੀ ਹੈ। ਇਸ ਤਸਵੀਰ ‘ਚ ਕਲਾਕਾਰ ਨੇ ਹੀਰ ਲਿਖਣ ਦੇ ਮੰਜ਼ਰ ਨੂੰ ਪੇਸ਼ ਕੀਤਾ ਹੈ। ਉਹ ਚੰਨ-ਚਾਨਣੀ ਰਾਤ ‘ਚ ਬੜੀ ਗੰਭੀਰ ਮੁਦਰਾ ਵਿਚ ਬੈਠਾ ਹੀਰ ਲਿਖ ਰਿਹਾ ਹੈ। ਹੁਜਰੇ ਦਾ ਦਰਵਾਜ਼ਾ ਖੁੱਲ੍ਹਾ, ਸਾਹਮਣੇ ਮਸੀਤ ਅਤੇ ਚੰਨ ਗਵਾਹੀ ਦੇ ਰਿਹਾ ਹੈ। ਉਸ ਦੇ ਚਾਨਣ ਨੇ ਵਾਰਿਸ ਸ਼ਾਹ ਨੂੰ ਆਪਣੀ ਬੁੱਕਲ ਵਿਚ ਲਪੇਟਿਆ ਹੋਇਆ ਹੈ। ਹੀਰ ਦੇ ਲਿਖੇ ਕੁਝ ਪੰਨੇ ਉਸ ਦੇ ਅੱਗੇ ਪਏ ਹਨ। ਉਸ ਦੀ ਪਿੱਠ ਪਿੱਛੇ ਸੁਰਾਹੀ ਲੁਕੀ ਬੈਠੀ ਹੈ ਜੋ ਇਸ ਬਾਤ ਨੂੰ ਦਰਸਾਉਂਦੀ ਹੈ ਕਿ ਸਰੂਰ ਦਾ ਵਾਸ ਜਿਸਮ ‘ਚ ਹੁੰਦਾ ਹੈ। ਜਿੰਨੀ ਦੇਰ ਸਰੂਰ ਜਿਸਮ ‘ਚ ਰਹਿੰਦਾ ਹੈ ਬੰਦਾ ਸੂਫੀਆਨਾ ਮਸਤੀ ‘ਚ ਝੂਮਦਾ ਰਹਿੰਦਾ ਹੈ। ਉਸ ਸਮੇਂ ਉਹ ਰਚਨਾਕਾਰ ਹੁੰਦਾ ਹੈ। ਸਰੂਰ ਤੇ ਨਸ਼ੇ ‘ਚ ਇਹੋ ਗੌਰਤਲਬ ਫਰਕ ਹੈ। ਸਰੂਰ ਰੂਪੋਸ਼ ਰਹਿੰਦਾ ਹੈ। ਉਸ ਨੂੰ ਮਸੀਤ ਜਾਂ ਕਾਨੂੰਨਦਾਨਾਂ ਦੇ ਸਾਹਵੇਂ ਹੋਣ ਦੀ ਇਜਾਜ਼ਤ ਨਹੀਂ। ਹੀਰ ਰਾਂਝੇ ਦੇ ਇਸ਼ਕ ਦੀ ਕਲਮਬੰਦੀ, ਰਾਤ, ਚੰਨ, ਮਸੀਤ, ਹੁਜਰਾ, ਸੁਰਾਹੀ ਤੇ ਵਾਰਿਸ ਸ਼ਾਹ ਦਾ ਸੰਜੀਦਾ ਅੰਦਾਜ਼ ਸਭੇ ਮਿਲ ਕੇ ਪੋਥੀ ਹੀਰ ਵਾਰਿਸ ਦੀ ਸਿਰਜਨ ਪ੍ਰਕਿਰਿਆ ਨੂੰ ਦਰਸਾ ਰਹੇ ਹਨ। ਤਸਵੀਰ ਆਪਣੇ ਆਪ ‘ਚ ਮੁਕੰਮਲ ਹੈ, ਦੱਸਦੀ ਹੈ ਕਿ ਵਾਰਿਸ ਸ਼ਾਹ ਪੋਥੀ ਦੀ ਸਿਰਜਨਾ ਤੇ ਇਸ਼ਕ ਦੇ ਮਸਲੇ ਨੂੰ ਕਿਵੇਂ ਸਮਝ ਰਿਹਾ ਹੈ ਅਤੇ ਕਿਵੇਂ ਉਸ ਨੂੰ ਸੰਵੇਦਨਸ਼ੀਲ ਬਣਾ ਰਿਹਾ ਹੈ। ਉਸ ਨੂੰ ਸਿਰਜਣਾ ਤੇ ਇਸ਼ਕ ਦੇ ਪੈਂਡਿਆਂ ਦੀਆਂ ਔਖਿਆਈਆਂ-ਖੁਆਰੀਆਂ ਦਾ ਬਾਖੂਬੀ ਇਲਮ ਹੈ: “ਕੀਤੀਆਂ ਮਿਹਨਤਾਂ, ਵਾਰਿਸਾ ਦੁੱਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਚੱਲੀਆਂ ਨੇ।”
ਜੇ ਹਵਾਲਾ ਅਧੀਨ ਤਸਵੀਰ ‘ਚ ਦਿਖਾਏ ਹੁਜਰੇ (ਜਿਸ ਵਿਚ ਦਾਨਿਸ਼ਮੰਦ ਵਾਰਿਸ ਸ਼ਾਹ ਬਿਰਾਜਿਆ ਹੋਇਆ ਕਹਾਣੀ ਦੀ ਕਥਾਨਕਸਾਜ਼ੀ ਕਰ ਰਿਹਾ ਹੈ) ਦੀ ਤੁਲਨਾ ਹੀਰ ਵਿਚ ਬਿਆਨੇ ਕਾਜ਼ੀ ਦੇ ਹੁਜਰੇ ਨਾਲ ਕੀਤੀ ਜਾਵੇ, ਤਦ ਹੁਜਰੇ ਦੇ ਸੁਚੱਜੇ ਅਤੇ ਕੁਚੱਜੇ ਇਸਤੇਮਾਲ ਦਾ ਫਰਕ ਮਾਲੂਮ ਹੁੰਦਾ ਹੈ: “ਵਾਰਿਸ ਸ਼ਾਹ ਵਿਚ ਹੁਜਰਿਆਂ ਫਿਹਲ ਕਰਦੇ, ਮੁੱਲਾਂ ਲਾਂਵਦੇ ਜੋਤਰੇ ਵਾਹੀਆਂ ਨੂੰ।”
ਵਾਰਿਸ ਸ਼ਾਹ ਆਪਣੀ ਕਿਰਤ ਨੂੰ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਪਰਖਣ ਦਾ ਵੀ ਪ੍ਰਸਤਾਵ ਰੱਖਦਾ ਹੈ: “ਖਰਲ ਹਾਂਸ ਦਾ ਸ਼ਹਿਰ ਮਲਕਾ, ਜਿੱਥੇ ਸ਼ਿਅਰ ਕੀਤਾ ਯਾਰਾਂ ਵਾਸਤੇ ਮੈਂ/ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿਚ ਨਖਾਸ ਦੇ ਮੈਂ।” ਐਪਰ ਵਾਰਿਸ ਸ਼ਾਹ ‘ਚ ਗਰੂਰ ਨਹੀਂ: “ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ।”
ਅਜੋਕੇ ਸਾਹਿਤਕ ਤੇ ਇਸ਼ਕ ਦੇ ਪਿੜ ‘ਚੋਂ ‘ਸਰੂਰ’ ‘ਚ ਝੂਮਦੇ ਵਾਰਿਸ ਸ਼ਾਹ ਤੇ ਰਾਂਝੇ ਹੁਰੀਂ ਕਿਉਂ, ਕਿਵੇਂ, ਕਿਧਰੇ ਟੁਰ ਕੇ ਗਾਇਬ ਹੋ ਗਏ ਵਿਚਾਰਨ ਵਾਲਾ ਗੰਭੀਰ ਮੁੱਦਾ ਹੈ। ਪੋਥੀ ਹੀਰ ਵਾਰਿਸ ਵਿਚਲੇ ਸੁਨੇਹੇ ਦੀ ਸਮਝ ਇਸ ਸਵਾਲ ਦੇ ਜਵਾਬ ਨੂੰ ਲੱਭ ਕੇ ਹੀ ਹੋ ਸਕਦੀ ਹੈ। ਅਜੋਕੇ ਸਮਿਆਂ ‘ਚ ਜਦੋਂ ਤੀਕ ਅਸੀਂ ਆਪਣੇ ਸਭਿਆਚਾਰਕ/ਸਾਹਿਤਕ ਸਰਮਾਏ ਦੇ ਸਿਰਜਕਾਂ ਤੇ ਉਨ੍ਹਾਂ ਦੁਆਰਾ ਸਿਰਜੇ ਪਾਤਰਾਂ ਦੇ ਗੁੰਮ-ਗ਼ਾਇਬ ਹੋਣ ਦੇ ਕਾਰਨਾਂ ਵੱਲ ਅਵੇਸਲੇ ਰਹਾਂਗੇ, ਸਾਡਾ ਸਭਿਆਚਾਰਕ/ਸਾਹਿਤਕ ਸਰਮਾਇਆ ਬੇਜ਼ੁਬਾਨ ਹੋਇਆ ਮੰਡੀ ਦੀ ਵਿਕਾਊ ਵਸਤ ਬਣਿਆ ਰਹੇਗਾ। ਇਸ ਦਾ ਸਿਆਸੀਕਰਨ, ਕੋਝਾ ਫਿਲਮੀਕਰਨ ਤੇ ਮਜ਼ਹਬੀਕਰਨ ਨਿਰਵਿਘਨ ਜਾਰੀ ਰਹੇਗਾ। ਆਪਣੀ ਰਾਇ ਦਾ ਬਿਗਲ ਵਜਾਉਣਾ ਸਿਰਫ ਵਿਦਵਾਨ-ਆਲੋਚਕਾਂ ਦਾ ਹੀ ਹੱਕ ਨਹੀਂ, ਪੋਥੀ ਨੂੰ ਵੀ ਆਪਣਾ ਨਾਦ ਵਜਾਉਣ ਦਾ ਹੱਕ ਹੈ। ਪੋਥੀ ਜਿਊਂਦੀ-ਜਾਗਦੀ ਹਸਤੀ ਹੁੰਦੀ ਹੈ। ਪੋਥੀ ਵਿਚ ਉਸ ਦਾ ਰਚਨਾਕਾਰ ਵੀ ਬੈਠਾ ਹੁੰਦਾ ਹੈ। ਸਭਿਆਚਾਰਕ/ਸਾਹਿਤਕ ਸਰਮਾਏ ਵਿਚਾਰਨ ਤੇ ਵਿਚਰਨ ਲਈ ਹੁੰਦੇ ਹਨ।
ਪੋਥੀ ਹੀਰ ਵਾਰਿਸ ਪੰਜਾਬੀ ਰਹਿਤਲ ਦਾ ਸਰਮਾਇਆ ਹੈ: “ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।” ਨਚੋੜ ‘ਚ ‘ਸਤ’ ਅਤੇ ‘ਸਤਿ’ ਵਿਦਮਾਨ ਹੁੰਦਾ ਹੈ। ਵਾਰਿਸ ਸ਼ਾਹ ਸਤ ਅਤੇ ਸਤਿ ਦੇ ਅਰਥ ਸਮਝਦਾ ਹੈ, ਸਮਝਾਉਂਦਾ ਹੈ। ਉਸ ਨੂੰ ਪਤਾ ਹੈ ਕਿ ਸਭਿਆਚਾਰ ਦੇ ਸਤ ਅਤੇ ਸਤਿ ਨੂੰ ਪੇਸ਼ ਕਰਨ ਲਈ ਇਤਿਹਾਸਸਾਜ਼ੀ ਦੀ ਵਾਰਤਕ ਦੀਆਂ ਸੀਮਾਵਾਂ ਹਨ। ਇਹ ਸਾਧਾਰਨ ਹੁਨਰ ਦੀ ਮਾਲਕ ਹੈ। ਇਸ ਨੂੰ ਰੰਗ-ਬਰੰਗੀਆਂ ਫੁਲਕਾਰੀਆਂ ਨਹੀਂ ਕੱਢਣੀਆਂ ਆਉਂਦੀਆਂ। ਇਹ ਹਰ ਸ਼ੈਅ ਨੂੰ ਉੱਪਰੋਂ-ਉੱਪਰੋਂ ਹੀ ਦੇਖਦੀ ਹੈ। ਫੁਲਕਾਰੀਆਂ ਤਾਂ ਪੁੱਠੇ ਪਾਸਿਉਂ ਕੱਢੀਆਂ ਜਾਂਦੀਆਂ ਹਨ। ਕਾਵਿ ਦੀ ਕਸੀਦਾਕਾਰੀ ਬੜੀ ਪੇਚੀਦਾ ਕਲਾ ਹੈ। ਵਾਰਤਕ ਇਕਹਿਰੇ ਸੁਭਾਅ ਵਾਲੀ ਹੁੰਦੀ ਹੈ, ਇੱਕੋ ਦਿਸ਼ਾ ਵੱਲ ਚੱਲਣਾ ਤੇ ਚਲਾਉਣਾ ਇਸ ਦਾ ਜਮਾਂਦਰੂ ਸੁਭਾਅ ਹੁੰਦਾ ਹੈ। ਇਸ ਲਈ ਇਹ ਨੀਰਸ ਸੁਭਾਅ ਵਾਲੀ ਮੇਜ਼ਬਾਨ ਹੁੰਦੀ ਹੈ। ਇਸ ਨੂੰ ਸਟੇਟ ਤੇ ਸੱਤਾ ਨਾਲ ਗੰਢ-ਤੁੱਪ ਕਰਨ ਵਿਚ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਸਟੇਟ ਤੇ ਸੱਤਾ ਵੀ ਇਸ ਵਾਂਗ ਇਕ-ਪਾਸਾਰੀ ਹੁੰਦੀਆਂ ਹਨ। ਐਨਤੋਨਿਓ ਗ੍ਰਾਮਸ਼ੀ ਤੋਂ ਪ੍ਰੇਰਿਤ ਸਬਾਲਟਰਨ ਸਟੱਡੀਜ਼ ਦੇ ਬਾਨੀ, ਇਤਿਹਾਸਕਾਰ ਰਣਾਜੀਤ ਗੁਹਾ ਨੇ ਇਕਹਿਰੇ ਸੁਭਾਅ ਵਾਲੀ ਵਾਰਤਕ ਨੂੰ ਗਾਲਬ ਰਾਜਸੀ ਅਤੇ ਆਰਥਿਕ ਵਿਵਸਥਾ ਦੇ ਪੱਖੋਂ ਵਿਚਾਰਿਆ ਅਤੇ ਹਰ ਇੱਕ ਸਮਾਜ ਦੀ ਕਾਵਿਕ ਰੂਹ ਨੂੰ ਕਿਵੇਂ ਲੱਭਣਾ ਹੈ, ਕਿਵੇਂ ਕਾਇਮ ਰੱਖਣਾ ਅਤੇ ਜਰਖੇਜ਼ ਬਣਾਉਣਾ ਹੈ ਇਸ ਦਾ ਰਾਹ ਵੀ ਦੱਸਿਆ। ਵਾਰਿਸ ਸ਼ਾਹ ਦੀ ਹੀਰ ਵੀ ਇਸ ਪੱਖੋਂ ਪੰਜਾਬ ਦੇ ਇਤਿਹਾਸਕਾਰਾਂ, ਸਾਹਿਤਕ ਆਲੋਚਕਾਂ ਲਈ ਪੱਥ-ਪ੍ਰਦਰਸ਼ਕ ਹੋ ਸਕਦੀ ਹੈ।