ਮਾਨਸ ਤੋਂ ਦੇਵਤਾ: ਤੇਰੇ ਖੇਤ ਦਾ ਅੰਨ ਖਾ ਕੇ ਮੈਂ ਨਰਕਾਂ ਨੂੰ ਜਾਵਾਂ!

ਗੁਰਬਚਨ ਸਿੰਘ ਭੁੱਲਰ
ਗੱਲ ਸੌ ਸਾਲ ਤੋਂ ਵੱਧ ਪੁਰਾਣੀ ਹੈ। ਓਦੋਂ ਧੀਆਂ ਦਾ ਮਾਪਿਆਂ ਦੀ ਜਾਂ ਨੂੰਹਾਂ ਦਾ ਸਹੁਰਿਆਂ ਦੀ ਜ਼ਮੀਨ-ਜਾਇਦਾਦ ਵਿਚੋਂ ਹਿੱਸੇਦਾਰ ਹੋਣਾ ਸਮਾਜਿਕ ਸੋਚ ਦਾ ਹਿੱਸਾ ਨਹੀਂ ਸੀ। ਅਜੇ ਨਾ ਇਹਦੀ ਕੋਈ ਕਲਪਨਾ ਹੀ ਕਰਦਾ ਸੀ ਤੇ ਨਾ ਮੰਗ। ਇਸਤਰੀ ਦੇ ਹੱਕਾਂ ਦੀ ਗੱਲ ਕੋਈ ਸੋਚਦਾ ਵੀ ਨਹੀਂ ਸੀ।

ਮੁੰਡੇ ਵਾਲੇ ਵੀ ਅਜੇ ਦਾਜ ਦੀ ਅਤੇ ਵਿਆਹ ਵੇਲੇ ਦੀਆਂ ਸੁਖ-ਸਹੂਲਤਾਂ ਦੀ ਲੰਮੀ ਸੂਚੀ ਕੁੜੀ ਵਾਲਿਆਂ ਅੱਗੇ ਪੇਸ਼ ਕਰਨ ਨਹੀਂ ਸਨ ਲੱਗੇ। ਜੋ ਜ਼ੇਵਰ ਤੇ ਲੀੜਾ-ਕੱਪੜਾ ਆਦਿ, ਜਿਸ ਨੂੰ ਆਮ ਬੋਲੀ ਵਿਚ ਟੂਮ-ਟਾਕੀ ਕਿਹਾ ਜਾਂਦਾ ਸੀ, ਧੀ-ਵਾਲੇ ਆਪੇ ਹੀ ਦੇ ਦਿੰਦੇ ਸਨ, ਉਹੋ ਮੁੰਡੇ ਵਾਲਿਆਂ ਨੂੰ ਪਰਵਾਨ ਹੁੰਦਾ ਸੀ। ਇਸ ਦਾ ਫ਼ੈਸਲਾ ਧੀ ਵਾਲਿਆਂ ਦੀ ਸਮਾਜਿਕ ਹੈਸੀਅਤ, ਮਾਇਕ ਸਮਰੱਥਾ ਤੇ ਪਰਿਵਾਰਕ ਇੱਛਾ ਕਰਦੀ। ਵਿਚੋਲਾ ਜ਼ਰੂਰ ਅੰਦਰੇ-ਅੰਦਰ ਇਹ ਖ਼ਿਆਲ ਰੱਖਦਾ ਕਿ ਦੇਣ-ਲੈਣ ਧੀ ਵਾਲਿਆਂ ਦੀ ਪੁੱਜਤ ਵਿਚ ਵੀ ਹੋਵੇ ਤੇ ਪੁੱਤ ਵਾਲਿਆਂ ਦੀ ਅਣਕਹੀ ਝਾਕ ਤੇ ਇੱਛਾ ਵੀ ਪੂਰੀ ਕਰ ਦੇਵੇ। ਇਸੇ ਕਰਕੇ ਕਹਾਵਤ ਸੀ, “ਜੀਹਨੇ ਧੀ ਦੇ ਦਿੱਤੀ, ਭਾਈ, ਉਹਨੇ ਪਿੱਛੇ ਕੀ ਰੱਖ ਲਿਆ? ਸਮਝੋ, ਸਭੋ ਕੁਛ ਹੀ ਦੇ ਦਿੱਤਾ!”
ਉਸ ਜ਼ਮਾਨੇ ਵਿਚ ਮੇਰਾ ਨਾਨਾ ਪੂਰਾ ਹੋਣ ਵੇਲੇ ਪੁੱਤਾਂ ਨੂੰ, ਮੇਰੇ ਮਾਮਿਆਂ ਨੂੰ, ਆਖ ਗਿਆ, “ਬਾਕੀ ਸਭ ਕੁਛ ਥੋਡਾ, ਟਾਹਲੀ ਵਾਲਾ ਖੇਤ ਮੈਂ ਧਨਕੁਰ ਨੂੰ ਦੇ ਚੱਲਿਆਂ।” ਧਨ ਕੌਰ ਮੇਰੀ ਮਾਂ ਦਾ ਨਾਂ ਸੀ। ਮੈਂ ਅੱਜ ਵੀ ਹੈਰਾਨ ਹੁੰਦਾ ਹਾਂ ਕਿ ਉਸ ਮਾਹੌਲ ਤੇ ਉਸ ਜ਼ਮਾਨੇ ਵਿਚ ਨਾਨੇ ਦੇ ਮਨ ਵਿਚ ਇਹ ਉੱਚਾ-ਸੁੱਚਾ ਵਿਚਾਰ ਕਿਵੇਂ ਆਇਆ ਹੋਵੇਗਾ! ਮੈਂ ਦੇਖਿਆ ਤਾਂ ਨਹੀਂ ਪਰ ਉਹ ਕੋਈ ਅਗਾਂਹਵਧੂ ਸਮਾਜਿਕ ਸਮਝ ਵਾਲਾ ਪੜ੍ਹਿਆ-ਲਿਖਿਆ ਬੰਦਾ ਯਕੀਨਨ ਹੀ ਨਹੀਂ ਸੀ। ਉਹਨੇ ਕਿਥੋਂ ਪੜ੍ਹਨਾ ਸੀ, ਮੇਰੇ ਮਾਮੇ ਵੀ ਸੁੱਧੇ ਅਨਪੜ੍ਹ ਸਨ। ਕਾਲ਼ਾ ਅੱਖਰ ਮ੍ਹੈਂਸ ਬਰਾਬਰ! ਕਿਸੇ ਨੇ ਡੇਰੇ ਜਾਂ ਗੁਰਦੁਆਰੇ ਜਾ ਕੇ ਰੇਤੇ ਉੱਤੇ ਊੜਾ-ਆੜਾ ਪਾਉਣਾ ਸਿੱਖਣ ਦੀ ਲੋੜ ਵੀ ਨਹੀਂ ਸੀ ਸਮਝੀ।
ਓਦੋਂ ਪਿੰਡਾਂ ਦੇ ਪਿੰਡ ਹੀ ਅਨਪੜ੍ਹਾਂ ਦੇ ਹੁੰਦੇ ਸਨ। ਕੋਈ ਕੋਈ ਬੰਦਾ ਡੇਰਿਉਂ-ਗੁਰਦੁਆਰਿਉਂ ਪੰਜ-ਗ੍ਰੰਥੀ, ਦਸ-ਗ੍ਰੰਥੀ ਦਾ ਪਾਠ ਸਿੱਖਦਾ। ਜੋ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰ ਲੈਂਦਾ, ਉਹ ਤਾਂ ਪਿੰਡ ਦਾ ਵਿਦਵਾਨ ਹੁੰਦਾ। ਲੋਕ ਉਹਨੂੰ ਅਕਸਰ ਗਿਆਨੀ ਜਾਂ ਗਿਆਨੀ-ਜੀ ਆਖ ਕੇ ਬੁਲਾਉਂਦੇ। ਕੋਈ ਵਿਰਲਾ-ਟਾਂਵਾਂ, ਖਾਸ ਕਰਕੇ ਕਿਸੇ ਫ਼ੌਜੀ ਜਾਂ ਹੋਰ ਮੁਲਾਜ਼ਮ ਦਾ ਮੁੰਡਾ ਦੂਰ-ਨੇੜੇ ਦੇ ਸਕੂਲ ਦਾ ਮੂੰਹ ਦੇਖਦਾ। ਕੁੜੀਆਂ ਨੂੰ ਪੜ੍ਹਾਉਣਾ ਤਾਂ ਪਾਪ ਕਮਾਉਣ ਤੁੱਲ ਸਮਝਿਆ ਹੀ ਜਾਂਦਾ ਸੀ, ਮੁੰਡਿਆਂ ਬਾਰੇ ਵੀ ਪੜ੍ਹਾਈ-ਵਿਰੋਧੀ ਕਹਾਵਤ ਸੀ, “ਜੱਟ ਦਾ ਪੁੱਤ ਪੜ੍ਹ ਗਿਆ, ਬਲ੍ਹਦ ਕੋਠੇ ਚੜ੍ਹ ਗਿਆ! ਇਕ ਬਰਾਬਰ!” (ਜੇ ਕਿਸੇ ਘਰ ਪੌੜੀਆਂ ਬਣੀਆਂ ਹੁੰਦੀਆਂ ਤੇ ਕਿਸੇ ਕਾਰਨ ਡਰਿਆ ਬਲ੍ਹਦ ਪੌੜੀਆਂ ਰਾਹੀਂ ਭੱਜ ਕੇ ਛੱਤ ਉੱਤੇ ਜਾ ਚੜ੍ਹਦਾ ਤਾਂ ਉਹ ਵੱਡੀ ਮੁਸੀਬਤ ਖੜ੍ਹੀ ਕਰ ਦਿੰਦਾ ਕਿਉਂਕਿ ਉਹਨੂੰ ਏਨੀ ਸਮਝ ਹੋਣ ਦਾ ਤਾਂ ਸਵਾਲ ਹੀ ਨਹੀਂ ਸੀ ਕਿ ਜਿਨ੍ਹੀਂ ਪੌੜੀਏਂ ਚੜ੍ਹਿਆ ਸੀ, ਉਹਨੀਂ ਪੌੜੀਏਂ ਉੱਤਰ ਵੀ ਆਵੇ। ਜਿਉਂ-ਜਿਉਂ ਲੋਕ ਉਹਨੂੰ ਉਤਾਰਨ ਦਾ ਹੀਲਾ ਕਰਦੇ, ਉਹ ਹੋਰ-ਹੋਰ ਡਰਦਾ। ਆਖ਼ਰ ਨੂੰ ਬਹੁਤੀ ਵਾਰ ਉਹ ਘਬਰਾ ਕੇ ਛੱਤ ਤੋਂ ਛਾਲ਼ ਮਾਰ ਦਿੰਦਾ ਤੇ ਲੱਤਾਂ ਤੁੜਵਾ ਲੈਂਦਾ!) ਲੋਕਾਂ ਦਾ ਯਕੀਨ ਸੀ, ਜੱਟ ਦਾ ਪੁੱਤ ਵੀ ਪੜ੍ਹ ਕੇ ਘਰ ਵਾਸਤੇ ਕੋਈ ਮੁਸੀਬਤ ਹੀ ਖੜ੍ਹੀ ਕਰੇਗਾ। ਗੱਲ ਕੀ, ਪੜ੍ਹਨਾ ਓਦੋਂ ਪੇਂਡੂਆਂ ਦੇ ਜੀਵਨ-ਉਦੇਸ਼ਾਂ ਵਿਚ ਸ਼ਾਮਲ ਨਹੀਂ ਸੀ। ਪਾੜ੍ਹਿਆਂ ਨੂੰ ਆਮ ਲੋਕ ਲੁੱਚੇ ਤਾਂ ਸਮਝਦੇ-ਆਖਦੇ ਹੀ ਸਨ।
ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨਾ ਵੀ ਆਮ ਵਰਤਾਰਾ ਸੀ। ਦਾਈ ਤੋਂ ਇਲਾਵਾ ਹਰ ਪਿੰਡ ਵਿਚ ਕਿਸੇ ਨਾ ਕਿਸੇ ਚਾਚੀ-ਤਾਈ ਨੇ ਅਨੁਭਵ ਦੇ ਆਧਾਰ ਉੱਤੇ ਇਸ ਕੰਮ ਦੀ ਮੁਹਾਰਤ ਹਾਸਲ ਕੀਤੀ ਹੋਈ ਹੁੰਦੀ। ਕੁੜੀ ਜੰਮੀ ਦਾ ਸੁਨੇਹਾ ਮਿਲੇ ਤੋਂ ਉਹ ਝੱਟ ਹਾਜ਼ਰ ਆ ਹੁੰਦੀ ਜਿਵੇਂ ਕੋਈ ਜ਼ਰੂਰੀ ਜ਼ਿੰਮੇਵਾਰੀ ਨਿਭਾਉਣ ਆਈ ਹੋਵੇ! ਉਹ ਮਾਂ ਦੇ ਦੁੱਧ ਵਾਸਤੇ ਬੁੱਲ੍ਹ ਹਿਲਾਉਂਦੀ ਨਵ-ਜਨਮੀ ਬਾਲੜੀ ਨੂੰ ਬੜੀ ਸਹਿਜਤਾ ਨਾਲ ਗੋਦ ਵਿਚ ਪਾ ਕੇ ਉਹਦੇ ਮੂੰਹ ਨੂੰ ਅੱਕ ਦੇ ਦੁੱਧ ਵਿਚ ਜਾਂ ਫ਼ੀਮ ਦੇ ਘੋਲ਼ ਵਿਚ ਭਿੱਜਿਆ ਰੂੰ ਦਾ ਫੰਭਾ ਲਾ ਦਿੰਦੀ। ਨਾਲ ਹੀ ਉਹ ਬੜੇ ਪਿਆਰ ਨਾਲ ਗਾਉਂਦੀ, “ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ, ਵੀਰ ਨੂੰ ਘੱਤੀਂ!” ਰੂੰ ਦਾ ਜ਼ਹਿਰੀਲਾ ਫੰਭਾ ਚਪੋਲ ਕੇ ਤੇ ਇਹ ਯਮਦੂਤੀ ‘ਲੋਰੀ’ ਸੁਣ ਕੇ ਬਾਲੜੀ ਇਸ ਜੱਗ ਵਿਚ ਅੱਖਾਂ ਖੋਲ੍ਹਣ ਤੋਂ ਪਹਿਲਾਂ ਹੀ ਜਿਧਰੋਂ ਆਈ ਹੁੰਦੀ, ਪੁਠ-ਪੈਰੀਂ ਉਧਰੇ ਹੀ ਮੁੜ ਜਾਂਦੀ ਸੀ। ਜਦੋਂ ਵੱਡਾ ਹੋ ਕੇ ਮੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਆਈ, ਮੇਰਾ ਸਿਰ ਨਾਨੇ ਦੀ ਯਾਦ ਅੱਗੇ ਝੁਕਣਾ ਸੁਭਾਵਿਕ ਸੀ।
ਮੇਰੇ ਨਾਨਕੇ ਰੋਮਾਣਾ ਅਜੀਤ ਸਿੰਘ ਸਨ। ਪੰਦਰਾਂ ਕੋਹ ਵਾਟ ਅਸੀਂ ਆਮ ਕਰ ਕੇ ਪੈਦਲ ਹੀ ਜਾਂਦੇ।ਪਰ ਨਾਨਕਿਆਂ ਦੇ ਚਾਅ ਵਿਚ ਥਕੇਵਾਂ ਸਾਡੇ ਨੇੜੇ ਵੀ ਨਾ ਢੁਕਦਾ! ਮਾਮੇ ਤਾਂ ਮੇਰੇ ਤਿੰਨ ਸਨ। ਉਨ੍ਹਾਂ ਦੀ ਇਕ ਗੱਲ ਬੜੀ ਦਿਲਚਸਪ ਸੀ। ਉਹ ਜਿਸ ਜਿਸ ਮਹੀਨੇ ਜੰਮਦੇ ਗਏ, ਨਾਨੇ-ਨਾਨੀ ਨੇ ਉਹੋ ਉਨ੍ਹਾਂ ਦਾ ਨਾਂ ਰੱਖ ਦਿੱਤਾ। ਚੇਤ ਵੱਡਾ ਸੀ, ਸਾਉਣ ਵਿਚਕਾਰਲਾ ਤੇ ਮੱਘਰ ਛੋਟਾ। ਨਾਮਕਰਨ ਦੀ ਇਸ ਵਿਧੀ ਤੋਂ ਮੇਰੀ ਮਾਂ ਪਤਾ ਨਹੀਂ ਕਿਵੇਂ ਬਾਹਰ ਰਹਿ ਗਈ! ਸਾਉਣ ਮਾਮਾ ਮੇਰੀ ਸੁਰਤ ਤੋਂ ਪਹਿਲਾਂ ਗੁਜ਼ਰ ਗਿਆ। ਚੇਤ ਮਾਮੇ ਨੇ ਇਥੋਂ ਕੁਛ ਜ਼ਮੀਨ ਵੇਚ ਕੇ ਰਾਜਸਥਾਨ ਵਿਚ ਖੁੱਲ੍ਹੀ ਸਸਤੀ ਜ਼ਮੀਨ ਜਾ ਖਰੀਦੀ। ਉਹ ਬਹੁਤਾ ਉਥੇ ਹੀ ਰਹਿੰਦਾ। ਬੱਸ ਮਾਮਾ ਮੱਘਰ ਹੀ ਸਾਡੇ ਸਮੁੱਚੇ ਨਾਨਕੇ ਸੀ।
ਮੇਰੀ ਮਾਂ ਦਸਦੀ ਹੁੰਦੀ, ਉਹ ਜਦੋਂ ਪਹਿਲਾਂ-ਪਹਿਲ ਆਉਂਦਾ, ਸਵੇਰ ਦੀ ਰੋਟੀ ਘਰੋਂ ਖਾ ਕੇ ਆਉਂਦਾ ਤੇ ਸ਼ਾਮ ਦੀ ਰੋਟੀ ਨਾਲ ਲੈ ਕੇ ਆਉਂਦਾ। ਅਗਲੇ ਦਿਨ ਦੇ ਰੋਟੀ ਵੇਲ਼ੇ ਤੋਂ ਪਹਿਲਾਂ ਹੀ ਉਹ ਸਵੇਰੇ-ਸਵੇਰੇ ਲੱਸੀ ਦੇ ਦੋ ਛੰਨੇ ਪੀ ਕੇ ਵਾਪਸ ਪਿੰਡ ਨੂੰ ਚੱਲ ਪੈਂਦਾ। ਘਰ ਦੀ ਲੱਸੀ ਹੋਣ ਦੇ ਬਾਵਜੂਦ ਮਾਂ ਨੂੰ ਮਾਮੇ ਲਈ ਲੱਸੀ ਗੁਆਂਢੀਆਂ ਦਿਉਂ ਲਿਆਉਣੀ ਪੈਂਦੀ। ਲੱਸੀ ਤਾਂ ਉਹਨੇ ਸਾਡੇ ਘਰ ਦੀ ਕਿਥੋਂ ਪੀਣੀ ਸੀ, ਉਹਦੇ ਪੀਣ ਵਾਸਤੇ ਪਾਣੀ ਵੀ ਮਾਂ ਗੁਆਂਢੀਆਂ ਦੇ ਘਰੋਂ ਲਿਆਉਂਦੀ।
ਕੁਛ ਚਿਰ ਇਹ ਰੀਤ ਇਉਂ ਨਿਭਦੀ ਰਹੀ। ਫੇਰ ਇਕ ਦਿਨ ਮੇਰੀ ਮਾਂ ਨੇ ਕਿਹਾ, “ਵੇ ਵੀਰ ਮੱਘਰਾ, ਛੱਡ ਇਹ ਝੇੜਾ, ਤੂੰ ਮੇਰੇ ਘਰੋਂ ਸੱਜਰੀ ਰੋਟੀ ਖਾਇਆ ਕਰ ਤੇ ਜਾਣ ਲੱਗਿਆ ਸਾਰੇ ਰੋਟੀ-ਟੁੱਕ ਤੇ ਦੁੱਧ-ਲੱਸੀ ਦਾ ਹਿਸਾਬ ਲਾ ਕੇ ਮੈਨੂੰ ਪੈਸੇ ਦੇ ਜਾਇਆ ਕਰ।” ਉਹ ਹੱਸੀ, “ਵਿਚੇ ਪਾਣੀ ਦੇ ਪੈਸੇ ਜੋੜ ਲਿਆ ਕਰ।”
ਮਾਂ ਦੀ ਅੱਧੀ ਗੰਭੀਰਤਾ ਨਾਲ਼ ਤੇ ਅੱਧੀ ਹਾਸੇ ਵਿਚ ਕਹੀ ਗੱਲ ਮਾਮੇ ਦੇ ਦਿਲ ਨੂੰ ਜਚ ਗਈ ਤੇ ਉਹ ਬਾਗੋ-ਬਾਗ ਹੋ ਕੇ ਬੋਲਿਆ, “ਕਾਕੀ, ਇਹ ਤੂੰ ਬਹੁਤ ਵਧੀਆ ਸੋਚਿਆ। ਲੈ, ਇਹ ਗੱਲ ਮੇਰੀ ਅਕਲ ਵਿਚ ਕਿਉਂ ਨਹੀਂ ਆਈ!” ਉਹ ਮੇਰੀ ਮਾਂ ਨੂੰ ਕਾਕੀ ਹੀ ਆਖਦਾ ਸੀ।
ਜਦੋਂ ਅਸੀਂ ਵੱਡੇ ਹੋਏ, ਜਾਣ ਵੇਲੇ ਉਹਨੂੰ ਖਾਧੇ-ਪੀਤੇ ਦੇ ਪੈਸੇ ਦਿੰਦਾ ਦੇਖ ਕੇ ਟੋਕਦੇ, “ਮਾਮਾ ਜੀ, ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ, ਥੋਡੀ ਭੈਣ ਦਾ ਘਰ ਹੈ, ਛੱਡੋ ਹੁਣ ਇਹ ਗੱਲਾਂ।”
ਉਹ ਝਿੜਕਦਾ, “ਆਬਦੀਆਂ ਅਕਲਾਂ ਆਬਦੇ ਕੋਲ਼ ਰੱਖੋ। ਚਾਰ ਅੱਖਰ ਪੜ੍ਹ ਕੇ ਤੁਸੀਂ ਮੈਥੋਂ ਸਿਆਣੇ ਨਹੀਂ ਹੋ ਗਏ! ਜਾਣਦਾਂ ਮੈਂ ਥੋਡੇ ਜ਼ਮਾਨੇ ਨੂੰ! ਸਾਡੇ ਜ਼ਮਾਨੇ ਨਾਲੋਂ ਮਾੜਾ ਈ ਐ ਇਹ ਥੋਡਾ ਜ਼ਮਾਨਾ!”
ਅਸੀਂ ਕੱਚੇ ਜਿਹੇ ਹੋ ਕੇ ਚੁੱਪ ਕਰ ਜਾਂਦੇ।
ਓਦੋਂ ਖੇਤੀ ਆਮ ਕਰਕੇ ਇਕ-ਫ਼ਸਲੀ ਹੀ ਹੁੰਦੀ ਸੀ। ਮਾਮਾ ਸਾਡੀ ਜ਼ਮੀਨ ਵਿਚ ਕਣਕ ਬੀਜਦਾ। ਉਸ ਜ਼ਮੀਨ ਵਿਚ ਇਕ ਬੇਰੀ ਸੀ, ਪੁਰਾਣੀ, ਬਹੁਤ ਵੱਡੀ। ਉਹ ਸੀ ਤਾਂ ਦੇਸੀ ਹੀ, ਪਿਉਂਦੀ ਨਹੀਂ, ਪਰ ਉਹਨੂੰ ਬੇਰ ਬੜੇ ਮਿੱਠੇ ਤੇ ਵੱਡੇ ਗੁੱਦੇਦਾਰ ਲਗਦੇ। ਮਾਮਾ ਉਹਨੂੰ ਸਿਉ ਬੇਰੀ ਆਖਦਾ। ਬੇਰ ਕਣਕ ਤੋਂ ਥੋੜ੍ਹਾ ਪਹਿਲਾਂ ਪੱਕ ਜਾਂਦੇ। ਮਾਮਾ ਸੀਰੀ ਨੂੰ ਜਿੰਨੀ ਹਦਾਇਤ ਡੰਗਰ-ਪਸੂ਼ ਤੋਂ ਕਣਕ ਦੀ ਰਾਖੀ ਦੀ ਦਿੰਦਾ, ਓਨੀ ਹੀ ਮੁੰਡਿਆਂ-ਖੁੰਡਿਆਂ ਤੋਂ ਬੇਰਾਂ ਦੀ ਰਾਖੀ ਦੀ ਦਿੰਦਾ। ਬੇਰ ਪੱਕਿਆਂ ਤੋਂ ਉਹ ਢਾਂਗੇ ਨਾਲ ਇਕ-ਇਕ ਡਾਹਣੀ ਹਲੂਣਦਾ ਤੇ ਘਰ ਲਿਆ ਕੇ ਸੁੱਕਣੇ ਪਾ ਦਿੰਦਾ। ਸੁੱਕ ਕੇ ਉਹ ਛੁਹਾਰਿਆਂ ਵਰਗੇ ਹੋ ਜਾਂਦੇ। ਮਾਮਾ ਬੋਤੇ ਉੱਤੇ ਆਉਂਦਾ ਤੇ ਸੁੱਕੇ ਬੇਰਾਂ ਦੀ ਬੋਰੀ ਲਿਆ ਰਖਦਾ। ਏਨੇ ਬੇਰ ਕੌਣ ਖਾਵੇ! ਸਾਡੇ ਕਈ ਸਕੇ ਤੇ ਹੋਰ ਗੁਆਂਢੀ ਘਰਾਂ ਦੇ ਕੰਮ ਆਉਂਦੇ।
ਕਣਕ ਨਿੱਕਲਦੀ ਤਾਂ ਮਾਮੇ ਦੇ ਗੱਡੇ ਸਾਡੇ ਬਾਰ ਅੱਗੇ ਆ ਖਲੋਂਦੇ। ਉਹ ਸਾਡੀ ਮਾਂ ਦੇ ਖੇਤ ਦੀ ਫ਼ਸਲ ਵਿਚੋਂ ਵਾਹੀਵਾਨ ਵਜੋਂ ਆਪਣਾ ਕੋਈ ਹਿੱਸਾ ਵੀ ਨਹੀਂ ਸੀ ਰੱਖਦਾ। ਕਣਕ ਦੀਆਂ ਬੋਰੀਆਂ, ਤੂੜੀ ਅਤੇ ਉਹਦੇ ਉੱਤੇ ਰੱਖੀ ਹੋਈ ਘੁੰਡੀਆਂ ਦੀ ਪੰਡ। (ਕਣਕ ਦੀ ਗਹਾਈ ਵੇਲ਼ੇ ਬਲ੍ਹਦਾਂ ਦੇ ਪੈਰਾਂ ਨਾਲ਼ ਦਾਣੇ ਤਾਂ ਬੱਲੀਆਂ ਵਿਚੋਂ ਨਿਕਲਦੇ ਹੀ, ਨਾੜ ਵੀ ਟੁੱਟ ਕੇ ਤੂੜੀ ਬਣ ਜਾਂਦਾ। ਨਾੜ ਦੇ ਗੰਢਾਂ ਵਾਲ਼ੇ ਹਿੱਸੇ, ਜੋ ਪਸੂ਼ਆਂ ਨੂੰ ਚਾਰਨ ਦੇ ਕੰਮ ਨਹੀਂ ਸਨ ਆਉਂਦੇ, ਤੂੜੀ ਨਾਲੋਂ ਭਾਰੀ ਹੋਣ ਕਰਕੇ ਛਜਲ਼ੀ ਲਾਉਣ ਵੇਲ਼ੇ ਹਵਾ ਨਾਲ ਵੱਖ ਹੋ ਜਾਂਦੇ। ਇਨ੍ਹਾਂ ਨੂੰ ਘੁੰਡੀਆਂ ਕਿਹਾ ਜਾਂਦਾ ਸੀ ਤੇ ਇਹ ਤੰਦੂਰ ਵਿਚ ਬਾਲਣ ਦੇ ਕੰਮ ਹੀ ਆਉਂਦੀਆਂ ਸਨ।)
ਕਾਲੇ ਖਾਂ ਘੁਮਿਆਰ ਮਾਮੇ ਦਾ ਪੂਰਾ ਇਤਬਾਰੀ ਬੰਦਾ ਸੀ। ਘਰ ਵਿਚ ਜੋ ਮਰਜ਼ੀ ਚੱਕੇ, ਜੋ ਮਰਜ਼ੀ ਰੱਖੇ। ਮਾਮਾ ਫਸਲਾਂ ਦੀਆਂ ਗਿਣਤੀਆਂ-ਮਿਣਤੀਆਂ ਤੋਂ ਵੀ ਮੁਕਤ ਸੀ। ਇਹੋ ਜਿਹੇ ਸਭ ਝੰਜਟ ਉਹਨੇ ਕਾਲ਼ੇ ਦੇ ਗਲ਼ ਪਾਏ ਹੋਏ ਸਨ। ਮਾਮੇ ਨਾਲ ਕਾਲ਼ਾ ਵੀ ਆਉਂਦਾ।
ਇਕ ਵਾਰੀਂ ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, “ਵੇ ਭਾਈ ਕਾਲ਼ਿਆ, ਮੇਰਾ ਭੋਲ਼ਾ ਭਰਾ ਤਾਂ ਜਿਹੋ ਜਿਹਾ ਹੈ ਸੋ ਹੈ, ਤੂੰ ਹੀ ਇਹਨੂੰ ਸਮਝਾਇਆ ਕਰ। ਭਲਾਂ ਇਹ ਘੁੰਡੀਆਂ ਦਾ ਗੱਠੜ ਕਿਉਂ ਐਵੇਂ ਵਾਧੂ ਚਕਦੇ ਫਿਰਦੇ ਹੋਂ। ਮੇਰੇ ਇਹ ਕਿਸ ਕੰਮ? ਤੰਦੂਰ ਮੈਂ ਬਾਲਣਾ ਨਹੀਂ, ਹੋਰ ਇਹ ਮੇਰੇ ਕਿਸੇ ਕੰਮ ਆਉਂਦੀਆਂ ਨਹੀਂ।”
ਕਾਲ਼ਾ ਹੱਸਿਆ,“ਭੂਆ, ਚੰਗਾ ਫਸਾਉਣ ਲੱਗੀ ਹੈਂ ਤੂੰ ਮੈਨੂੰ! ਚਾਚੇ ਨੂੰ ਮੈਂ ਕਹਾਂ, ਭੂਆ ਦੀ ਕਣਕ ਦੀਆਂ ਘੁੰਡੀਆਂ ਇਥੇ ਹੀ ਪਈਆਂ ਰਹਿਣ ਦੇ ਤੇ ਫੇਰ ਕਈ ਦਿਨ ਉਹਦੇ ਸਲੋਕ ਸੁਣਦਾ ਰਹਾਂ!”
ਇਹ ਗੱਲ ਇਧਰ ਨੂੰ ਆਉਂਦੇ ਮਾਮੇ ਨੂੰ ਵੀ ਸੁਣ ਗਈ। ਉਹ ਬੋਲਿਆ, “ਕੌਣ ਕੀਹਨੂੰ ਸਲੋਕ ਸੁਣਾਉਂਦਾ ਐ ਬਈ ਕਾਲ਼ੇ ਖਾਂ?”
ਕਾਲ਼ਾ ਕਹਿੰਦਾ, “ਚਾਚਾ, ਸਲੋਕ ਮੈਨੂੰ ਤੂੰ ਸੁਣਾਏਂਗਾ, ਹੋਰ ਕੌਣ ਸੁਣਾਊ!…ਭੂਆ ਕਹਿੰਦੀ ਹੈ, ਆਬਦੇ ਚਾਚੇ ਨੂੰ ਆਖ, ਘੁੰਡੀਆਂ ਨਾ ਲਿਆਇਆ ਕਰੇ, ਮੇਰੇ ਕਿਸੇ ਕੰਮ ਨਹੀਂ।”
ਮਾਮੇ ਨੇ ਸਲਾਹ ਦਿੱਤੀ, “ਕਾਕੀ, ਜੇ ਤੰਦੂਰ ਨਹੀਂ ਬਾਲਣਾ, ਰੂੜੀ ਉੱਤੇ ਸਿੱਟ ਦਿਆ ਕਰ, ਵਧੀਆ ਰੇਹ ਬਣੂ!”
ਕਾਲ਼ੇ ਨੇ ਮੇਰੀ ਮਾਂ ਦੀ ਓਟ ਤੱਕ ਕੇ ਭੇਤ ਖੋਲ੍ਹਿਆ, “ਚਾਚੇ ਨੇ ਘੁੰਡੀਆਂ ਕਿਥੋਂ ਪਿੱਛੇ ਛੱਡ ਕੇ ਆਉਣੀਆਂ ਨੇ, ਭੂਆ, ਆਪਣੇ ਢੇਰ ਤੋਂ ਤੇਰੀ ਤੂੜੀ ਵਿਚ ਪੰਡ ਤੂੜੀ ਦੀ ਤੇ ਦਾਣਿਆਂ ਵਿਚ ਦੋ ਪਰਾਂਤਾਂ ਦਾਣਿਆਂ ਦੀਆਂ ਵਾਧੂ ਪਾ ਦਿੰਦਾ ਐ।”
ਮੇਰੀ ਮਾਂ ਹੈਰਾਨ ਹੋਈ, “ਭਾਈ ਮੱਘਰਾ, ਇਹ ਕਿਉਂ?”
ਮਾਮੇ ਨੇ ਭੇਤ ਸਮਝਾਇਆ, “ਹਵਾ-ਹਨੇਰੀ ਨਾਲ ਤੇਰੇ ਖੇਤ ਦੀਆਂ ਬੱਲੀਆਂ ਮੇਰੇ ਖੇਤ ਵਿਚ ਤੇ ਤੇਰੇ ਪਿੜ ਦੇ ਦਾਣੇ ਮੇਰੇ ਪਿੜ ਵਿਚ ਰਲ਼ ਜਾਣ ਤਾਂ ਤੇਰੇ ਖੇਤ ਦਾ ਅੰਨ ਖਾ ਕੇ ਮੈਂ ਨਰਕਾਂ ਨੂੰ ਜਾਵਾਂ?”
ਹੁਣ ਉਹ ਅਵਸਥਾ ਬਣ ਗਈ ਸੀ ਜਿਥੇ ਪਹੁੰਚ ਕੇ ਸਭ ਸ਼ਬਦ ਖ਼ਤਮ ਹੋ ਜਾਂਦੇ ਹਨ। ਮੇਰੀ ਮਾਂ ਵੀ ਮੋਹ-ਮਮਤਾ ਨਾਲ ਛਲਕਦੀਆਂ ਅੱਖਾਂ ਪੂੰਝ ਕੇ ਚੁੱਪ ਕਰ ਗਈ।