ਮਾਨਵਤਾ ਤੇ ਮੁਹੱਬਤ ਦਾ ਪੱਖ ਪੂਰਦੇ ਟੀਵੀ ਨਾਟਕ

ਨਿਰੰਜਣ ਬੋਹਾ
89682 -82700
ਪੰਜਾਬੀ ਨਾਟਕ ਦੇ ਲੇਖਣ ਤੇ ਮੰਚਨ ਦੇ ਖੇਤਰ ਵਿਚ ਨਿਵੇਕਲੀ ਪਛਾਣ ਰੱਖਣ ਵਾਲੇ ਨਾਮਵਰ ਅਦੀਬ ਡਾ. ਸਤੀਸ਼ ਕੁਮਾਰ ਵਰਮਾ ਨੇ ਇਲੈਕਟ੍ਰੋਨਿਕਸ ਮੀਡੀਆ ਨਾਲ ਸਬੰਧਤ ਛੋਟੇ ਤੇ ਵੱਡੇ ਪਰਦੇ `ਤੇ ਫਿਲਮਾਏ ਜਾਣ ਵਾਲੇ ਨਾਟਕਾਂ ਤੇ ਫਿਲਮਾਂ ਦੇ ਲੇਖਕ ਵਜੋਂ ਵੀ ਆਪਣੀ ਕਾਬਲੀਅਤ ਦਾ ਸਿੱਕਾ ਕਾਇਮ ਕੀਤਾ ਹੋਇਆ ਹੈ। ਸਟੇਜੀ ਨਾਟਕਾਂ ਦੇ ਮੰਚਨ ਤੇ ਟੀਵੀ ਨਾਟਕ ਦੀ ਪੇਸ਼ਕਾਰੀ ਦੀ ਤਕਨੀਕੀ ਲੋੜਾਂ ਬਾਰੇ ਗੰਭੀਰ ਜਾਣਕਾਰੀ ਰੱਖਣ ਤੋਂ ਇਲਾਵਾ ਉਹ ਕੁਝ ਨਵੇਂ ਤਜਰਬੇ ਕਰਦੇ ਰਹਿਣ ਦਾ ਦਮ ਵੀ ਭਰਦਾ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿਚ ਉਸਦੀ ਵਿਲੱਖਣ ਪਛਾਣ ਬਣੀ ਹੋਈ ਹੈ।

ਪੰਜਾਬੀ ਅਦਬ, ਰੰਗਮੰਚ, ਟੀਵੀ ਤੇ ਫਿਲਮੀ ਖੇਤਰ ਬਾਰੇ ਉਸ ਦੇ ਗਿਆਨ ਨੂੰ ਦਸਤਾਵੇਜ਼ੀ ਰੂਪ ਵਿਚ ਸੰਭਾਲਦੀਆਂ ਮੌਲਿਕ, ਸੰਪਾਦਿਤ ਤੇ ਅਨੁਵਾਦਿਤ ਪੁਸਤਕਾਂ ਦੀ ਗਿਣਤੀ ਹੁਣ ਸੱਤਰ ਦਾ ਅੰਕੜਾ ਪਾਰ ਕਰ ਗਈ ਹੈ। ਉਸਦੀ ਹੱਥਲੀ ਪੁਸਤਕ ‘ਮੇਰੇ ਟੀਵੀ ਨਾਟਕ’ ਵਿਚ ਉਸ ਵੱਲੋਂ ਛੋਟੇ ਪਰਦੇ ਲਈ ਲਿਖੇ ਚਾਰ ਨਾਟਕ ਸ਼ਾਮਲ ਹਨ। ਇਹ ਨਾਟਕ ਟੀਵੀ-ਨਾਟ ਵਿਧਾ ਦੀਆਂ ਕਲਾਤਮਕ ਬਰੀਕੀਆਂ ਬਾਰੇ ਭਰਵੀਂ ਜਾਣਕਾਰੀ ਦੇਣ ਦੇ ਨਾਲ ਹੀ ਨਾਟ-ਦ੍ਰਿਸ਼ਾਵਲੀ ਦੀ ਯਥਾਰਥਕ ਪੇਸ਼ਕਾਰੀ ਬਾਰੇ ਵੀ ਪਾਠਕੀ ਗਿਆਨ ਵਿਚ ਵਾਧਾ ਕਰਦੇ ਹਨ।
ਚਾਰੇ ਟੀਵੀ ਨਾਟਕ ਪੰਜਾਬ ਦੀ ਵਰਤਮਾਨ ਸਮਾਜਿਕ, ਆਰਥਿਕ ਤੇ ਰਾਜਨੀਤਕ ਦਿਸ਼ਾ ਤੇ ਦਸ਼ਾ ਬਾਰੇ ਸੰਵਾਦ ਉਤੇਜਕ ਚਰਚਾ ਨੂੰ ਜਨਮ ਦੇਣ ਵਾਲੇ ਹਨ। ਪਹਿਲਾ ਨਾਟਕ ‘ਮ੍ਰਿਗਤ੍ਰਿਸ਼ਨਾ’ ਆਰਥਿਕ ਤੌਰ ‘ਤੇ ਟੁੱਟੀ ਹੋਈ ਪੰਜਾਬ ਦੀ ਕਿਸਾਨੀ ਦੇ ਇਸ ਭਰਮ ਭੁਲੇਖੇ ਨੂੰ ਵੀ ਬੇ-ਕਿਰਕੀ ਨਾਲ ਤੋੜਦਾ ਹੈ ਕਿ ਜਹਾਜ਼ ਦੀ ਵਿਦੇਸ਼ ਵੱਲ ਭਰੀ ਉਡਾਣ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਟੁੱਟੀ ਆਰਥਿਕਤਾ ਤੇ ਗਰੀਬੀ ਦਾ ਸੰਤਾਪ ਭੋਗ ਰਿਹਾ ਨਾਟਕ ਦਾ ਪਾਤਰ ਭਾਗ ਸਿੰਘ ਭਾਵੇਂ ਆਪਣੀ ਰਹਿੰਦੀ ਜ਼ਮੀਨ ਵੇਚ ਕੇ ਇੰਗਲੈਂਡ ਪਹੁੰਚਣ ਵਿਚ ਸਫਲ ਹੋ ਜਾਂਦਾ ਹੈ ਤੇ ਉਥੇ ਕਈ ਸਾਲ ਹੱਡ ਭੰਨਵੀਂ ਮਿਹਨਤ ਕਰ ਕੇ ਆਪਣੀ ਗਹਿਣੇ ਪਈ ਜ਼ਮੀਨ ਵੀ ਛੁਡਾ ਲੈਂਦਾ ਹੈ ਪਰ ਮਾਨਸਿਕ ਖੁਸ਼ੀ ਤੇ ਪਰਿਵਾਰਕ ਨਿੱਘ ਉਸ ਲਈ ਮ੍ਰਿਗਤ੍ਰਿਸ਼ਨਾ ਹੀ ਸਾਬਤ ਹੁੰਦੇ ਹਨ। ਇਕ ਪਾਸੇ ਉਸਦਾ ਇਕਲੌਤਾ ਪੁੱਤਰ ਉਸਦੀ ਵਿਦੇਸ਼ ਕਮਾਈ ਕਾਰਨ ਐਸ਼ਪ੍ਰਸਤ ਤੇ ਵਿਹਲੜ ਜੀਵਨ ਜਿਉਣ ਦੀ ਆਦਤ ਪਾ ਚੁੱਕਾ ਹੈ ਤਾਂ ਦੂਜੇ ਪਾਸੇ ਹੋਰ ਰਿਸ਼ਤੇਦਾਰ ਤੇ ਜਾਣ-ਪਛਾਣ ਵਾਲੇ ਉਸ ਕੋਲੋਂ ਇਹ ਤਵੱਕੋ ਰੱਖਦੇ ਹਨ ਕਿ ਉਹ ਪਿੰਡ ਆੳਂੁਦਿਆਂ ਹੀ ਵਿਦੇਸ਼ੀ ਦਰਖਤਾਂ ਤੋਂ ਤੋੜ ਕੇ ਲਿਆਂਦੇ ਨੋਟਾਂ ਦਾ ਮੀਂਹ ਉਨ੍ਹਾਂ ‘ਤੇ ਵਰਸਾਉਣ ਲੱਗ ਪਵੇ। ਉਸਨੂੰ ਆਪਣੀ ਕੀਤੀ ਮਿਹਨਤ ਦਾ ਪੂਰਾ ਅਹਿਸਾਸ ਹੈ, ਇਸ ਲਈ ਜਦੋਂ ਪਿੰਡ ਦੀ ਪੰਚਾਇਤ ਉਸਦੇ ਸਨਮਾਨ ਦੀ ਕੀਮਤ ਪਿੰਡ ਦੇ ਸਕੂਲ ਲਈ ਕੀਤੇ ਲੱਖਾਂ ਰੁਪਏ ਦੇ ਦਾਨ ਰਾਹੀਂ ਵਸੂਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ‘ਮੇਰੇ ਵਰਗੇ ਮਜ਼ਦੂਰ ਤੋਂ ਇਹ ਤਵੱਕੋਂ ਕਿਉਂ?’ ਦਾ ਮੋੜਵਾਂ ਸੁਆਲ ਕਰ ਕੇ ਪੰਚਾਇਤ ਦੇ ਨਾਲ ਨਾਟਕ ਦੇ ਦਰਸ਼ਕਾਂ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦਾ ਹੈ।
ਦੂਸਰਾ ਨਾਟਕ ‘ਮਮਤਾ’ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੇ ਤਿੜਕਣ ਤੇ ਟੁੱਟਣ ‘ਚੋਂ ਪੈਦਾ ਹੋਏ ਮਾਨਸਿਕ ਖਲਾਅ ਨੂੰ ਪਹਿਲੋਂ ਕੈਮਰੇ ਦੀ ਪਕੜ ਵਿਚ ਆਉਣ ਵਾਲੀਆਂ ਸੂਖਮ ਕਲਮੀ ਛੋਹਾਂ ਰਾਹੀਂ ਰੂਪਮਾਨ ਕਰਦਾ ਹੈ ਤੇ ਫਿਰ ਇਸ ਖਲਾਅ ਦੀ ਪੂਰਤੀ ਲਈ ਮਨੁੱਖੀ ਯਤਨਾਂ ਦੀ ਪ੍ਰਭਾਵੀ ਸਮਰੱਥਾ ਨੂੰ ਉਭਾਰਦਾ ਹੈ। ਨਾਟਕ ਵਿਚਲੀ ਕਹਾਣੀ ਅਨੁਸਾਰ ਮੱਧ ਵਰਗੀ ਕਿਸਾਨੀ ਪਰਿਵਾਰ ਦੀ ਕੁੜੀ ਬਲੰਤੋ ਦਾ ਵਿਆਹ ਵਿਦੇਸ਼ੀ ਲਾੜੇ ਮੱਖਣ ਨਾਲ ਹੋ ਜਾਂਦਾ ਹੈ ਪਰ ਉਸ ਦੇ ਪਤੀ ਵੱਲੋਂ ਕਿਸੇ ਗੋਰੀ ਕੁੜੀ ਨਾਲ ਦੂਸਰਾ ਵਿਆਹ ਕਰਵਾ ਲਏ ਜਾਣ ਤੋਂ ਬਾਅਦ ਉਸ ਦੇ ਗ੍ਰਹਿਸਥੀ ਜੀਵਨ ਦਾ ਸੁੱਖ ਮਾਨਣ ਨਾਲ ਜੁੜੇ ਸਾਰੇ ਸੁਪਨੇ ਟੁੱਟ ਜਾਂਦੇ ਹਨ। ਉਸਦਾ ਪਤੀ ਇਸ ਧੋਖੇ ਦੀ ਕੀਮਤ ਪੈਸੇ ਨਾਲ ਚੁਕਾਉਣ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਹੋਰ ਵੀ ਬੇਚੈਨ ਹੋ ਜਾਂਦੀ ਹੈ। ਉਹ ਘਰੇਲੂ ਕੰਮਾਂ-ਕਾਰਾਂ ਵਿਚ ਰੁੱਝ ਕੇ ਆਪਣੇ ਅੰਦਰਲੇ ਖਲਾਅ ਨੂੰ ਭਰਨਾ ਚਾਹੁੰਦੀ ਹੈ ਪਰ ਇਕ ਮਾਂ ਵਜੋਂ ਪੂਰਨਤਾ ਹਾਸਲ ਕਰਨ ਦੀ ਖਾਹਸ਼ ਉਸਨੂੰ ਨਿਰੰਤਰ ਉਦਾਸ ਤੇ ਪ੍ਰੇਸ਼ਾਨ ਰੱਖਦੀ ਹੈ।
ਨਾਟਕ ਵਿਚ ਉਸ ਵੇਲੇ ਵੱਡਾ ਮੋੜ ਆਉਂਦਾ ਹੈ ਜਦੋਂ ਮੱਖਣ ਦੀ ਗੋਰੀ ਪਤਨੀ ਦੀ ਮੌਤ ਹੋ ਜਾਣ ‘ਤੇ ਉਸਨੂੰ ਆਪਣੇ ਪੁੱਤਰ ਆਰਲੈਂਡ ਦੀ ਸੰਭਾਲ ਲਈ ਮਾਂ ਤੇ ਆਪਣੀ ਸੰਭਾਲ ਲਈ ਪਤਨੀ ਦੀ ਲੋੜ ਮਹਿਸੂਸ ਹੁੰਦੀ ਹੈ। ਉਹ ਪੰਜਾਬ ਵਿਚਲੇ ਸਹੁਰੇ ਘਰ ਪਹੁੰਚ ਕੇ ਬਲੰਤੋ ਤੋਂ ਆਪਣੇ ਕੀਤੇ ਦੀ ਮੁਆਫੀ ਵੀ ਮੰਗਦਾ ਹੈ ਤੇ ਟੁੱਟੇ ਰਿਸ਼ਤੇ ਨੂੰ ਫਿਰ ਤੋਂ ਜੋੜਣ ਦੀ ਕੋਸ਼ਿਸ਼ ਵੀ ਕਰਦਾ, ਪਰ ਬਲੰਤੋ ਉਸ ਨਾਲ ਕੋਈ ਵੀ ਰਿਸ਼ਤਾ ਰੱਖਣ ਤੋਂ ਸਾਫ ਨਾਂਹ ਕਰ ਦਿੰਦੀ ਹੈ। ਜਦੋਂ ਗੋਰੀ ਮਾਂ ਦੇ ਪੇਟੋਂ ਜਨਮਿਆ ਮਾਸੂਮ ਆਰਲੈਂਡ ਉਸ ਤੋਂ ਮਾਂ ਦਾ ਪਿਆਰ ਮੰਗਦਾ ਹੈ ਤਾਂ ਉਸ ਅੰਦਰਲੀ ਮਮਤਾ ਉਸਨੂੰ ਪਹਿਲਾਂ ਵਾਂਗ ਨਾਂਹ ਨਹੀਂ ਕਰਨ ਦਿੰਦੀ। ਇਸ ਤਰ੍ਹਾਂ ਨਾਟਕ ਆਪਣੇ ਇਸ ਮਾਨਵੀ ਸੰਦੇਸ਼ ਦਾ ਪ੍ਰਭਾਵੀ ਸੰਚਾਰ ਕਰਨ ਵਿਚ ਸਫਲ ਰਿਹਾ ਹੈ ਕਿ ਮਮਤਾ ਨੂੰ ਕਿਸੇ ਰੰਗ, ਭੇਦ, ਨਸਲ ਜਾਂ ਜਾਤ-ਪਾਤ ਦੀ ਹੱਦਬੰਦੀ ਵਿਚ ਕੈਦ ਨਹੀਂ ਕੀਤਾ ਜਾ ਸਕਦਾ।
ਪ੍ਰਸਿੱਧ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਬਹੁ-ਚਰਚਿਤ ਕਹਾਣੀ `ਤੇ ਅਧਾਰਿਤ ਨਾਟਕ ‘ਖੂਨ’ ਪਰਿਵਾਰਕ ਰਿਸ਼ਤਿਆਂ ਦੇ ਮਨੋ-ਵਿਗਿਆਨ ਨੂੰ ਖੂਨ ਦੀ ਸਾਂਝ ਜੋੜਦਾ ਹੈ ਤਾਂ ਮਾਨਵਤਾ ਲਈ ਇਸ ਦੇ ਸਿੱਟੇ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਵੈਲੀ ਕਰਤਾਰਾ ਤੇ ਦੀਪਾ ਰਿਸ਼ਤੇ ਵਿਚ ਸ਼ਰੀਕ ਭਰਾ ਹਨ ਪਰ ਆਪਸੀ ਵਰਤ-ਵਰਤਾਅ ਨਾ ਹੋਣ ਕਾਰਨ ਉਨ੍ਹਾਂ ਵਿਚ ਮਾਨਸਿਕ ਦੂਰੀ ਵੀ ਬਣੀ ਹੋਈ ਹੈ। ਕਰਤਾਰੇ ਨੂੰ ਇਕ ਕੈਲੇ ਦੀ ਢਾਣੀ ਵੱਲੋਂ ਦੀਪੇ ਦੇ ਕਤਲ ਕੀਤੇ ਜਾਣ ਬਾਰੇ ਜਾਣਕਾਰੀ ਹੈ ਪਰ ‘ਸ਼ਰੀਕ ਮਰਿਆ ਵਿਹੜਾ ਮੋਕਲਾ’ ਦੀ ਮਾੜੀ ਸੋਚ ਦੇ ਵੱਸ ਹੋ ਕੇ ਉਹ ਦੀਪੇ ਨੂੰ ਇਸ ਬਾਰੇ ਸੁਚੇਤ ਨਹੀਂ ਕਰਦਾ। ਉਹ ਦੀਪੇ ਦੀ ਮੌਤ ਤੋਂ ਬਾਅਦ ਉਸਦੀ ਪਤਨੀ ‘ਤੇ ਵੀ ਕਾਬਜ਼ ਹੋਣਾ ਚਾਹੁੰਦਾ ਹੈ, ਜਿਸ ਕਾਰਨ ਉਸ ਦੀ ਭਰਜਾਈ ਕੁਲਵੰਤ ਆਪਣੇ ਛੋਟੇ ਬੱਚੇ ਨਾਲ ਪੇਕੇ ਘਰ ਰਹਿਣ ਲੱਗ ਪੈਂਦੀ ਹੈ। ਉਮਰ ਵਧਣ ‘ਤੇ ਉਸਦੇ ਮਨ ਵਿਚ ਪੈਦਾ ਹੋਇਆ ਸ਼ਰੀਕ ਦੇ ਜੁਆਨ ਹੋ ਰਹੇ ਪੁੱਤਰ ਵੱਲੋਂ ਬਦਲਾ ਲੈਣ ਦਾ ਡਰ ਉਸ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਬਾਂਸ ਤੇ ਬੰਸਰੀ ਦੋਵਾਂ ਦੇ ਖਾਤਮੇ ਦੀ ਸਕੀਮ ਬਣਾ ਕੇ ਦੋ ਕਤਲ ਹੋਰ ਕਰਨ ਦਾ ਮਨ ਬਣਾ ਲੈਂਦਾ ਹੈ। ਉਹ ਘਰੋਂ ਤਾਂ ਆਪਣੀ ਭਰਜਾਈ ਤੇ ਭਤੀਜੇ ਦਾ ਕਤਲ ਕਰਨ ਦੇ ਇਰਾਦੇ ਨਾਲ ਨਿਕਲਦਾ ਹੈ ਪਰ ਉਸਦੇ ਸ਼ਿਕਾਰ ਭਤੀਜੇ ਮੂੰਹੋਂ ਨਿਕਲੇ ਇਹ ਸ਼ਬਦ ‘ਮਾਲਵੇ ‘ਚ ਮੇਰਾ ਸ਼ੇਰ ਵਰਗਾ ਚਾਚਾ ਐ ਕਰਤਾਰਾ’ ਉਸ ਨੂੰ ਇਕ ਵੈਲੀ ਤੋਂ ਖੂਨ ਦੇ ਰਿਸ਼ਤੇ ਵਿਚ ਬੱਝਾ ਭਲਾ ਮਨੁੱਖ ਬਣਾ ਦਿੰਦੇ ਹਨ। ਇਸ ਤਰ੍ਹਾਂ ਭੱਜੀਆਂ ਬਾਹਾਂ ਗਲ਼ ਨੂੰ ਆਉਣ ਦੀ ਧਾਰਨਾ ਇਸ ਨਾਟਕ ਦੀ ਉਦੇਸ਼ਾਤਮਕ ਪਹੁੰਚ ਨੂੰ ਸਿਰਜਨਾਤਮਕ ਅਰਥਾਂ ਨਾਲ ਜੋੜ ਦੇਂਦੀ ਹੈ।
ਚੌਥਾ ਨਾਟਕ ‘ਅਜੇ ਵੀ ਸੁਪਨੇ ਸੁਲਗਦੇ’ ਗਾਇਕੀ ਤੇ ਫਿਲਮ ਖੇਤਰ ਵਿਚ ਸਟਾਰ ਬਣ ਚੁੱਕੇ ਨਾਟਕਕਾਰ ਦੇ ਆਪਣੇ ਪੁੱਤਰ ਪਰਮੀਸ਼ ਵਰਮਾ ਦੇ ਸਿਡਨੀ (ਆਸਟਰੇਲੀਆ) ਦੇ ਨਿਵਾਸ ਦੌਰਾਨ ਸਮਾਜਿਕ ਤੇ ਆਰਥਿਕ ਹੋਂਦ ਸਥਾਪਿਤ ਕਰਨ ਲਈ ਕੀਤੇ ਜਾਣ ਵਾਲੇ ਸੰਘਰਸ਼ ਨੂੰ ਬਿਆਨਦੀਆਂ ਕਵਿਤਾਵਾਂ ‘ਤੇ ਅਧਾਰਿਤ ਹੈ। ਇਹ ਨਾਟਕ ਬੀਤੇ ਕਲ੍ਹ ਤੇ ਆਉਣ ਵਾਲੇ ਕੱਲ੍ਹ ਵਿਚਕਾਰਲੇ ਅੱਜ ਨੂੰ ਆਪਣੇ ਸੁਪਨਿਆਂ ਦੇ ਹਾਣ ਦਾ ਬਣਾਉਣ ਲਈ ਜੂਝ ਰਹੇ ਪਰਮੀਸ਼ ਵਰਗੇ ਲੱਖਾਂ ਨੌਜਵਾਨਾਂ ਦੇ ਆਪਣੇ ਭਵਿੱਖ ਨਾਲ ਜੁੜੇ ਸੁਪਨਿਆਂ ਦੀ ਤਰਜ਼ਮਾਨੀ ਕਰਦਾ ਹੈ। ਭਾਵੇਂ ਪਰਮੀਸ਼ ਨੂੰ ਆਪਣੀ ਮੰਜ਼ਲ ਮਿਲ ਗਈ ਹੈ ਪਰ ਅੱਜ ਵੀ ਅਨੇਕਾਂ ਹੀ ਨੌਜਵਾਨ ਆਪਣੇ ਸੁਪਨਿਆਂ ਨੂੰ ਲਾਵਾਰਸ ਲਾਸ਼ਾਂ ਵਿਚ ਤਬਦੀਲ ਹੁੰਦੇ ਵੇਖਣ ਦਾ ਸੰਤਾਪ ਭੋਗ ਰਹੇ ਹਨ। ਸੰਗ੍ਰਹਿ ਵਿਚਲੇ ਪਹਿਲੇ ਤਿੰਨ ਨਾਟਕ ਜਨ-ਸਧਾਰਨ ਦੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਾਲੇ ਹਨ ਪਰ ਇਸ ਨਾਟਕ ਵਿਚਲੀਆਂ ਕਵਿਤਾਵਾਂ ਤੇ ਇਸ ਦੀ ਸਕ੍ਰਿਪਟ ਨਾਲ ਲੇਖਕ ਦਾ ਆਪਣਾ ਰਿਸ਼ਤਾ ਜੁੜੇ ਹੋਏ ਹੋਣ ਕਾਰਨ ਇਹ ਥੋੜ੍ਹਾ ਅੰਤਰਮੁਖੀ ਹੋ ਗਿਆ ਹੈ। ਇਸ ਦੇ ਪਾਤਰ ਵੀ ਸਕ੍ਰਿਪਟ ਦੀ ਲੋੜ ਅਨੁਸਾਰ ਕਈ ਥਾਈਂ ਅੰਗਰੇਜ਼ੀ ਭਾਸ਼ਾ ਵਿਚ ਗੱਲਾਂ ਕਰਦੇ ਹਨ, ਇਸ ਲਈ ਇਹ ਨਾਟਕ ਬੌਧਿਕ ਕਿਸਮ ਦੇ ਪਾਠਕਾਂ ਦੀ ਸੁਹਜ-ਸਤੁੰਸ਼ਟੀ ਤਾਂ ਕਰਵਾ ਸਕਦਾ ਹੈ ਪਰ ਆਮ ਦਰਸ਼ਕ ਨੂੰ ਆਪਣੇ ਨਾਲ ਨਹੀਂ ਤੋਰਦਾ।
ਸੰਗ੍ਰਹਿ ਦੇ ਪਹਿਲੇ ਤਿੰਨ ਨਾਟਕਾਂ ਦੀ ਪਿੱਠ-ਭੂਮੀ ਪੇਂਡੂ ਹੈ ਪਰ ਚੌਥਾ ਨਾਟਕ ਸ਼ਹਿਰੀ ਜੀਵਨ-ਜਾਚ ਦੀ ਤਰਜ਼ਮਾਨੀ ਕਰਦਿਆਂ ਪਰਵਾਸ ਨਾਲ ਜੁੜੇ ਮਸਲਿਆਂ ਨੂੰ ਵੀ ਆਪਣੇ ਵਿਸ਼ਲੇਸ਼ਣੀ ਬੋਧ ਦਾ ਹਿੱਸਾ ਬਣਾ ਲੈਂਦਾ ਹੈ। ਪਹਿਲੇ ਦੋ ਨਾਟਕਾਂ ਵਿਚ ਪੇਂਡੂ ਸੱਥ ਵਿਚ ਜੁੜੇ ਲੋਕਾਂ ਵਿਚੋਂ ਕੋਈ ਖਾਸ ਪਾਤਰ ਨਾਟਕ ਦੀ ਕਹਾਣੀ ਦੂਸਰਿਆਂ ਨੂੰ ਸੁਣਾਉਂਦਾ ਹੈ ਤਾਂ ਉਹ ਕਹਾਣੀ ਕੇਵਲ ਨਾਟਕ ਦੇ ਪਾਤਰਾਂ ਦੀ ਕਹਾਣੀ ਨਾ ਰਹਿ ਕੇ ਸਮੁੱਚੇ ਪੇਂਡੂ ਸਮਾਜ ਦੀ ਕਹਾਣੀ ਬਣ ਜਾਂਦੀ ਹੈ। ਸਤੀਸ਼ ਕੁਮਾਰ ਵਰਮਾ ਨੇ ਸਮੇਂ ਸਮੇਂ ‘ਤੇ ਕੇਵਲ ਨਾਟਕਾਂ ਦਾ ਨਿਰਦੇਸ਼ਨ ਹੀ ਨਹੀਂ ਕੀਤਾ, ਸਗੋਂ ਲੋੜ ਪੈਣ ‘ਤੇ ਸਟੇਜਾਂ, ਫਿਲਮਾਂ ਤੇ ਟੀਵੀ ਨਾਟਕਾਂ ਵਿਚ ਆਪ ਵੀ ਅਦਾਕਾਰੀ ਕੀਤੀ ਹੈ, ਇਸ ਲਈ ਉਸਦੇ ਇਹ ਨਾਟਕ ਆਪਣੀ ਪੇਸ਼ਕਾਰੀ ਦੀਆਂ ਕਲਾਤਮਕ ਜੁਗਤਾਂ ਦਾ ਪੂਰਾ ਧਿਆਨ ਰੱਖਣ ਵਾਲੇ ਹਨ। ਟੀਵੀ ਨਾਟਕ ਨਾਲ ਸਬੰਧਤ ਪੁਸਤਕਾਂ ਦੀ ਪੰਜਾਬੀ ਸਾਹਿਤ ਵਿਚ ਅਜੇ ਬਹੁਤ ਘਾਟ ਹੈ, ਉਮੀਦ ਹੈ ਕਿ ਉਹ ਇਸ ਘਾਟ ਨੂੰ ਪੂਰਾ ਕਰਨ ਲਈ ਆਪਣੇ ਯੋਗਦਾਨ ਨਿਰੰਤਰ ਪਾਉਂਦੇ ਰਹਿਣਗੇ।