ਮੇਲਾ ‘ਨੰਦਪੁਰ ਦਾ

ਚੱਲ ਪਏ ਅਨੰਦਪੁਰ ਨੂੰ, ਕੋਈ ਪੈਦਲ ਕੋਈ ਬੱਸ,
ਕਈ ਸਾਈਕਲ ਲੈ ਤੁਰੇ, ਕਈ ਟਰੱਕ ਚੜ੍ਹਦੇ ਨੱਸ,
ਰੇਹੜੇ, ਰਿਕਸ਼ੇ, ਬੰਬੂਕਾਟ, ਕਾਰਾਂ ਗੱਡੀਆਂ `ਚ ਧੱਸ,
ਸਕੂਟਰ ਮੋਟਰ ਬਾਈਕਾਂ, ਗਾਉਂਦੇ ਗੁਰੂ ਦਾ ਜੱਸ।

ਘੋੜੇ ਖੱਚਰ ਬੱਘੀਆਂ ਦੇ, ਲੈ ਨਿਹੰਗ ਪਾਂਦੇ ਚਾਲੇ,
ਹੋਲੇ ਮਹੱਲੇ ‘ਤੇ ਦਿਖਾਉਂਦੇ, ਗਤਕਾ ਜੌਹਰ ਨਿਰਾਲੇ,
ਲੈਂਦੇ ਪੁਲਿਸ ਨਾਲ਼ ਪੰਗਾ, ਘੋੜਸਵਾਰੀ ਮੁਕਾਬਲੇ,
ਸੁੱਖ ਨਿਧਾਨ ਨੇ ਛਕਦੇ, ਬਣ ਚੜ੍ਹਦੀ ਕਲਾ ਵਾਲੇ।

ਅਖੇ ਮੇਲਾ ‘ਨੰਦਪੁਰ ਦਾ, ਦੋ ਢੋਲਕੀਆਂ ਦੋ ਛੈਣੇ,
ਪੰਜ ਕਕਾਰ ਸਾਂਭ ਰੱਖੋ, ਛੱਡ ਦੇਓ ਪਾਉਣੇ ਗਹਿਣੇ,
ਜਾਤ ਪਾਤ ਨੂੰ ਲਾਂਬੂ ਲਾ, ਇਕੱਠੇ ਦੁੱਖ ਸੁੱਖ ਸਹਿਣੇ,
ਸਵਾਰਥ ਦਾ ਪੱਲਾ ਛੱਡੋ, ਸਦਾ ਯਥਾਰਥ ਰਹਿਣੇ।

ਜਿੱਥੇ ਦੇਖੋ ਲੰਗਰ ਚੱਲੇ, ਸੰਗਤਾਂ ਛਕ ਛਕ ਜਾਵਣ,
ਸਤਿਨਾਮ ਵਾਹਿਗੁਰੂ ਦੇ, ਜੈਕਾਰੇ ਛੱਡ ਜੱਸ ਗਾਵਣ,
ਦਿਨ ਰਾਤ ਇਕੋ ਜਿਹੇ ਨੇ, ਸੇਵਾ ਮਿੱਠਾ ਫਲ ਖਾਵਣ,
ਸੱਚਾ ਸੌਦਾ ਗੁਰਾਂ ਵਾਲਾ, ਨੱਠ ਨੱਠ ਕੇ ਵਰਤਾਵਣ।

ਛੱਤੀ ਪ੍ਰਕਾਰ ਦਾ ਖਾਣਾ, ਉਪਲਬਧ ਮੁਫ਼ਤ ਸਵੱਲ,
ਚਾਹ ਪਕੌੜੇ ਬਰੈਡ ਪੀਸ, ਖਿੱਚ ਲੱਡੂ ਜਲੇਬੀ ਵੱਲ,
ਹੜ੍ਹ ਸੰਗਤ ਦਾ ਆਇਆ, ਕਿਤੇ ਨਾ ਦਿਸਦਾ ਠੱਲ੍ਹ,
ਜਲੌਅ ਖਾਲਸਈ ਚਮਕੇ, ਜਲਾਲ ਨਾ ਹੁੰਦਾ ਝੱਲ।

ਜਨਮ ਭੂਮੀ ਖਾਲਸੇ ਦੀ, ਖੁਸ਼ਬੋਈ ਅਤਰ ਫੁਲੇਲ,
ਗੁਰੂ ਗੋਬਿੰਦ ਗਰਜਿਆ, ਜ਼ੁਲਮ ਨੂੰ ਪਾਉ ਨਕੇਲ,
ਅੱਤ ਜ਼ਾਲਿਮ ਨੇ ਕਰ’ਤੀ, ਚੁੱਕੋ ਖੰਡਾ ਤੀਰ ਗੁਲੇਲ,
ਬਾਜ਼ੀ ਪਲਟਾ ਕੇ ਯੁੱਗ ਦੀ, ਨਵਾਂ ਖੇਡਾਵਾਂਗਾ ਖੇਲ੍ਹ।

ਵੱਜਦੇ ਢੱਡ ਸਾਰੰਗੀਆਂ, ਚੱਲਦੇ ਕੀਰਤਨ ਪ੍ਰਵਾਹ,
ਵਜਦ ਵਿਚ ਆਣ ਝੂੰਮਦੇ, ਸੰਗਤ ਕਰੇ ਵਾਹ ਵਾਹ,
ਦਰਸ਼ਨ ਕਰ ਮਸਤ ਹੋਏ, ਗੁਰਧਾਮ ਨੇ ਥਾਂ-ਥਾਂ,
ਅਨੰਦ ਪੁਰੀ ਹੈ ਗੁਰੂ ਦੀ, ਜਿੱਥੇ ਵਸਦਾ ਬੇਪ੍ਰਵਾਹ।

ਹੋਲੀਆਂ ਲੋਕੀਂ ਨੇ ਖੇਡਦੇ, ਡੋਲ੍ਹ ਡੋਲ੍ਹ ਕੇ ਕੱਚਾ ਰੰਗ,
ਹੱਲ-ਮ-ਹੱਲਾ ਸਿੰਘਾਂ ਦਾ, ਦੱਸਦੈ ਲੜਾਈ ਦੇ ਢੰਗ,
ਕਿੰਝ ਵੈਰੀ ਨੂੰ ਢਾਹੀਦਾ, ਵਿਚ ਮੈਦਾਨ-ਏ-ਜੰਗ,
ਖੁਸ਼ੀਆਂ ਦੇ ਵਿਚ ਝੂਮਦਾ, ਮਿਲ ਕੇ ਦੂਜੇ ਦੇ ਸੰਗ।
ਸੇਵਾ ਸਿੰਘ ਨੂਰਪੁਰੀ