ਵੇਲਾ-ਕੁਵੇਲਾ

ਦੀਪ ਦਵਿੰਦਰ ਸਿੰਘ
ਫੋਨ: 98721-65707
ਦੀਪ ਦਵਿੰਦਰ ਸਿੰਘ ਦੀ ਕਹਾਣੀ ‘ਵੇਲਾ-ਕੁਵੇਲਾ’ ਲੋਕ-ਮਨ ਦੀ ਵੇਦਨਾ ਹੈ। ਇਸ ਵਿਚ ਬੀਤੇ ਵਕਤਾਂ ਦੀਆਂ ਵਧੀਕੀਆਂ ਦੇ ਵੇਰਵੇ ਇਸ ਢੰਗ ਨਾਲ ਪਰੋਏ ਗਏ ਹਨ ਕਿ ਪਾਠਕ-ਮਨ ਕਹਾਣੀ ਦੇ ਅੰਤ `ਤੇ ਮੁੱਖ ਪਾਤਰ ਦੀ ਔਲਾਦ ਵਾਂਗ ਖੁਦ ਨੂੰ ਇਕ ਖਾਸ ਬੋਝ ਤੋਂ ਮੁਕਤ ਹੋਇਆ ਮਹਿਸੂਸ ਕਰਦਾ ਹੈ। ਇਹੀ ਅਸਲ ਵਿਚ ਮਨੁੱਖ ਦੇ ਮਨੁੱਖ ਬਣੇ ਰਹਿਣ ਦੀ ਕਥਾ ਹੈ।

ਬਾਪੂ ਨੂੰ ਕਈ ਵਰ੍ਹਿਆਂ ਬਾਅਦ ਏਨਾ ਸ਼ਾਂਤ ਤੇ ਅੱਖਾਂ ਮੀਟੀ ਪਏ ਵੇਖਿਆ ਹੈ, ਨਹੀਂ ਤਾਂ ਉਸ ਦੀਆਂ ਚਿੱਟੀਆਂ-ਚਿੱਟੀਆਂ ਅੱਖਾਂ ਵਿਚਲੇ ਸੁਰਖ਼ ਬਲੌਰਾਂ ਵਰਗੇ ਡੇਲੇ ਸੁੱਤੇ ਪਏ ਦੇ ਵੀ ਨੱਚਦੇ ਜਿਹੇ ਵਿਖਾਈ ਦੇਂਦੇ ਸਨ। ਭਾਵੇਂ ਉਹ ਮੰਜੇ `ਤੇ ਲੱਤਾਂ ਲਮਕਾ ਕੇ ਬੈਠਾ ਹੁੰਦਾ ਜਾਂ ਫਿਰ ਕੰਧਾਂ ਨੂੰ ਟੋਹ-ਟੋਹ ਕੇ ਵਿਹੜੇ ਵਿਚ ਤੁਰਿਆ ਫਿਰਦਾ, ਉਹਦੀਆਂ ਅੱਖਾਂ ਇੱਕੋ ਮੁਦਰਾ ਵਿਚ ਹਰਕਤ ਕਰਦੀਆਂ ਰਹਿੰਦੀਆਂ। ਅੱਜ ਸਵੇਰੇ ਹੀ ਉਸਦੇ ਆਖਰੀ ਸਾਹ ਦੀ ਹਲਕੀ ਜਿਹੀ ਫੂਕ ਬਾਹਰ ਨਿਕਲੀ ਸੀ। ਉਸ ਦੀਆਂ ਮੁੱਛਾਂ ਦੇ ਵਿਰਲੇ-ਟਾਵੇਂ ਦੁੱਧ-ਚਿੱਟੇ ਵਾਲ ਥੋੜ੍ਹੇ ਕੁ ਉਪਰ ਨੂੰ ਉਠੇ ਤੇ ਉਹ ਸਹਿਜ ਹੋ ਗਿਆ। ਪਿਛਲੇ ਕਈ ਵਰ੍ਹਿਆਂ ਤੋਂ ਖੁੱਲ੍ਹੀਆਂ ਜੋਤਹੀਣ ਅੱਖਾਂ ਨੇ ਆਪਣਾ ਪੰਧ ਸਮੇਟ ਕੇ ਪਲਕਾਂ ਦੇ ਬੂਹੇ ਢੋ ਲਏ ਸਨ। ਪਿੰਡ ਦੀ ਲਹਿੰਦੀ ਗੁੱਠੇ ਛੱਪੜ-ਕੰਢੇ ਸ਼ਾਮਲਾਟੀ ਕੁਤਰ ‘ਚ ਬਣੇ ਕੰਮੀਆਂ ਦੇ ਸ਼ਮਸ਼ਾਨਘਾਟ ਵਿਚ ਬਾਪੂ ਲੱਕੜਾਂ ‘ਚ ਚਿਣਿਆ ਪਿਆ ਹੈ। ਸਿਰਫ਼ ਮੂੰਹ `ਤੇ ਲੱਕੜਾਂ ਰੱਖਣੀਆਂ ਬਾਕੀ ਨੇ। ਕੈਰੋਂ ਵਾਲੀ ਭੂਆ ਦੀ ਉਡੀਕ ਹੋ ਰਹੀ ਹੈ। ਅੱਧਾ ਪਿੰਡ ਸ਼ਮਸ਼ਾਨਘਾਟ ‘ਚ ਜੁੜਿਆ ਖੜ੍ਹਾ ਹੈ। ਕੁਝ ਬਾਪੂ ਦੀ ਪੀੜ੍ਹੀ ਦੇ ਹਨ, ਕੁਝ ਮੇਰੀ ਉਮਰ ਦੇ ਤੇ ਕੁਝ ਅਗਾਂਹ ਮੇਰੇ ਮੁੰਡੇ ਦੇ ਹਾਣੀ। ਚਿਖ਼ਾ ਦੇ ਆਸ-ਪਾਸ ਖੜ੍ਹੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੇ ਹਨ। ਬਾਪੂ ਦੀ ਕਾਰੀਗਰੀ ਦੀਆਂ ਗੱਲਾਂ। ਉਹਦੇ ਜਵਾਨੀ ਵੇਲੇ ਦੇ ਕਿੱਸੇ।
ਜਿਨ੍ਹਾਂ ਦੀਆਂ ਆਵਾਜ਼ਾਂ ਮੇਰੀ ਕੰਨੀਂ ਪੈਂਦੀਆਂ ਹਨ। ‘ਭਈ ਬੜਾ ਵਖ਼ਤ ਵੇਖਿਆ ਭਾਊ ਚੈਂਚਲ ਸਿਹੁੰ ਨੇ। ਦੀਦਿਆਂ ਤੋਂ ਬਿਨਾਂ ਪੰਡ ਬਣ ਕੇ ਬੈਠੇ ਰਹਿਣਾ ਬੜੀ ਸਜ਼ਾ ਐ ਬੰਦੇ ਲਈ।’
‘ਸ਼ਾਬਾਸ਼ੇ ਮੰਗੇ ਤੇ ਇਹਦੇ ਟੱਬਰ ਦੇ, ਕਿਤੇ ਮਜਾਲ ਚੈਂਚਲ ਸਿਹੁੰ ਦੀ ਸਾਂਭ ਸੰਭਾਲ ਦੀ ਕੋਈ ਕਸਰ ਛੱਡੀ ਹੋਵੇ।’
ਸੋਚਦਾ ਹਾਂ ਕਿ ਮੇਰੇ ਤੋਂ ਵੱਧ ਬਾਪੂ ਬਾਰੇ ਕੌਣ ਜਾਣਦਾ ਹੈ। ਮੈਂ ਤਾਂ ਨਿੱਕੇ ਹੁੰਦਿਆਂ ਇਹਦੇ ਕੰਧਾੜੇ ਚੜ੍ਹ ਕੇ ਝੂਟੇ ਲਏ ਸਨ। ਇਸੇ ਕੋਲੋਂ ਉਚੇ-ਨੀਵੇਂ ਥਾਵਾਂ `ਤੇ ਚੜ੍ਹ ਕੇ ਇੱਟਾਂ ਲਾਉਣੀਆਂ ਵੀ ਸਿੱਖੀਆਂ। ਪਿਛਲੇ ਵੀਹਾਂ ਵਰ੍ਹਿਆਂ ਤੋਂ ਹੱਥ ਫੜ ਕੇ ਬਾਹਰ ਅੰਦਰ ਵੀ ਲਿਜਾਂਦਾ ਰਿਹਾ ਤੇ ਡੋਲੂ ਵਿਚਲੇ ਪਾਣੀ ਨੂੰ ਇਹਦੀ ਪਿੱਠ ਪਿੱਛੇ ਪਾ ਕੇ ਇਹਦੇ ਜੰਗਲ ਪਾਣੀ ਵਾਲੇ ਹੱਥ ਵੀ ਧਵਾਉਂਦਾ ਰਿਹਾ।
‘ਅੱਖਾਂ ਨਾਲ ਹੀ ਜਹਾਂ ਵਸਦੈ ਬੰਦੇ ਦਾ।’ ਮੇਰੀ ਸੁਰਤੀ ਲੰਬੜਦਾਰ ਵੱਲ ਮੁੜਦੀ ਹੈ। ਬਾਪੂ ਦਾ ਟੋਹ-ਟੋਹ ਕੇ ਪੈਰ ਪੁੱਟਣ ਦਾ ਲੰਮਾ ਪੈਂਡਾ ਮੇਰੇ ਅੰਤਰ ਮਨ ਵਿਚੋਂ ਗੁਜ਼ਰਦਾ ਹੈ। ਉਸ ਨਾਲ ਕੰਮ ‘ਤੇ ਪਏ ਨੂੰ ਤਿੰਨ-ਚਾਰ ਵਰ੍ਹੇ ਹੀ ਹੋਏ ਸਨ, ਜਦੋਂ ਉਸ ਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਜਾਂਦੀ ਰਹੀ। ਉਸ ਸਮੇਂ ਬਾਪੂ ਦੀ ਕਾਰੀਗਰੀ ਉਹਦੇ ਸਿਰ ਚੜ੍ਹ ਬੋਲਦੀ ਸੀ। ਉਹਦੇ ਖੱਬੇ ਹੱਥ ਨਾਲ ਚਲਦੀ ਕਾਂਡੀ ਦਾ ਲਾਗੇ-ਚਾਗੇ ਚਹੁੰ ਪਿੰਡਾਂ ਵਿਚ ਕੋਈ ਮੁਕਾਬਲਾ ਨਹੀਂ ਸੀ। ਮਗਰ ਲੱਗੇ ਦਿਹਾੜੀਦਾਰ ਭੱਜ-ਭੱਜ ਕੰਮ ਕਰਦੇ। ਜੁਗਤ ਨਾਲ ਇੱਟਾਂ ਜੁੜਦੀਆਂ। ਕੰਧਾਂ ਉਸਰਦੀਆਂ, ਛੱਤਾਂ ਪੈਂਦੀਆਂ, ਘਰ ਬਣਦੇ। ਬਾਪੂ ਦਾ ਆਪਣੇ ਹੱਥੀਂ ਬਣਾਏ ਘਰਾਂ ਨਾਲ ਖਾਸ ਮੋਹ ਹੁੰਦਾ ਸੀ।
ਉਨ੍ਹਾਂ ਦਿਨਾਂ ‘ਚ ਹੀ ਤਾਂ ਰਸਤੇ ‘ਚ ਆਉਂਦਿਆਂ-ਜਾਂਦਿਆਂ ਵਗਦੀਆਂ ਖੁਸ਼ਕ ਹਵਾਵਾਂ ਨਾਲ ਕਣਕ ਦੇ ਕਸੀਰ ਉਡ ਕੇ ਉਸ ਦੀਆਂ ਅੱਖਾਂ ਵਿਚ ਪੈ ਗਏ, ਜਿਸ ਦੀ ਰੜਕ ਕਈ ਦਿਨ ਪੈਂਦੀ ਰਹੀ। ਅੱਖਾਂ ਸੁੱਜ ਗਈਆਂ ਤੇ ਡੇਲੇ ਲਾਲ ਸੁਰਖ਼ ਹੋ ਗਏ ਸਨ। ਉਹ ਦਿਨ ਵਿਚ ਕਈ ਵਾਰੀ ਪਾਣੀ ਦੇ ਛਿੱਟੇ ਮਾਰਦਾ ਤੇ ਉਸੇ ਹਾਲ ਆਪਣੇ ਕੰਮ ਨੂੰ ਵੀ ਜੁਟਿਆ ਰਹਿੰਦਾ। ਪਾਣੀ ਦੇ ਛਿੱਟਿਆਂ ਨਾਲ ਉਹ ਨੂੰ ਦੋ ਕੁ ਘੜੀਆਂ ਚੈਨ ਆਉਂਦਾ ਪਰ ਬਾਅਦ ਵਿਚ ਉਹ ਰੜਕ ਨਾਲ ਉਸੇ ਤਰ੍ਹਾਂ ਤਰਲੋ-ਮੱਛੀ ਹੋਣ ਲੱਗਦਾ।
ਉਸ ਦਿਨ ਵੀ ਸਰਪੰਚਾਂ ਦੀ ਹਵੇਲੀ ਵਿਚ ਦੋ ਘੜੀਆਂ ਸਾਹ ਲੈਣ ਲਈ ਬੈਠੇ ਸਾਂ ਜਦੋਂ ਦੋ ਲੰਮੇ ਚੋਲਿਆਂ ਵਾਲੇ ਜੋਗੀ ਮੋਢੇ `ਤੇ ਵਹਿੰਗੀ ਲਮਕਾਈ ਉਨ੍ਹਾਂ ਦੇ ਕੋਲ ਆਣ ਬੈਠੇ।
ਬਾਪੂ ਨੂੰ ਮੁੜ-ਮੁੜ ਅੱਖਾਂ ‘ਤੇ ਪਾਣੀ ਦੇ ਛਿੱਟੇ ਮਾਰਦਿਆਂ ਵੇਖ ਜੋਗੀਆਂ ਨੇ ਉਨ੍ਹਾਂ ਵੱਲੋਂ ਤਿਆਰ ਕੀਤਾ ਕੋਈ ਸੁਰਮਾ ਪਾਉਣ ਦੀ ਸਲਾਹ ਦਿੱਤੀ। ਜੱਕੋ-ਤੱਕੀ ‘ਚ ਬਾਪੂ ਉਨ੍ਹਾਂ ਅੱਗੇ ਪੈਰਾਂ ਭਾਰ ਜਾ ਬੈਠਾ। ਉਨ੍ਹਾਂ ਵਿਚੋਂ ਇਕ ਨੇ ਮੈਲੀ ਜਿਹੀ ਡੱਬੀ ਵਿਚੋਂ ਸੁਆਹ ਵਰਗਾ ਕੋਈ ਪਾਊਡਰ ਕੱਢਿਆ ਤੇ ਸੁਰਮਚੂ ਨਾਲ ਬਾਪੂ ਦੀਆਂ ਦੋਹਾਂ ਅੱਖਾਂ ਵਿਚ ਪਾ ਦਿੱਤਾ। ਸੁਰਮਾ ਉਹਦੀਆਂ ਅੱਖਾਂ ਵਿਚ ਠੰਢ ਪਾਉਣ ਦੀ ਥਾਂ ਮਿਰਚਾਂ ਵਾਂਗ ਲੜਿਆ ਲੱਗਦਾ ਸੀ। ਜੋਗੀ ਦੋ ਕੁ ਰੱਤੀਆਂ ਦੀ ਪੁੜੀ ਬਣਾ ਕੇ ਬਾਪੂ ਦੀ ਤਲੀ ਉਤੇ ਰੱਖ ਕੇ ਘੰਟੇ-ਘੰਟੇ ਬਾਅਦ ਪਾਉਣ ਦੀ ਸਲਾਹ ਦੇ ਕੇ ਚਲਦੇ ਬਣੇ। ਲਗਾਤਾਰ ਸੁਰਮਾ ਪਾਉਣ ਨਾਲ ਰੜਕ ਦਾ ਤਾਂ ਭਾਵੇਂ ਫਰਕ ਪੈ ਗਿਆ, ਪਰ ਅੱਖਾਂ ਅੱਗੇ ਹਲਕਾ ਜਿਹਾ ਧੁੰਦਲਕਾ ਪਸਰਦਾ ਅੰਤ ਅੱਖਾਂ ਵਿਚਲੀ ਲੋਅ ਨੂੰ ਸਦਾ ਲਈ ਲੈ ਬੈਠਾ।
ਜਿੱਥੇ ਕਿਸੇ ਦੱਸ ਪਈ ਉਥੇ ਹੀ ਵਿਖਾਇਆ, ਪਰ ਬਾਪੂ ਦੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਸੀ ਪਰਤੀ। ਕਿੰਨਾ ਬੇਚੈਨ ਰਹਿਣ ਲੱਗਾ ਸੀ ਬਾਪੂ ਉਨ੍ਹਾਂ ਦਿਨਾਂ ਵਿਚ। ਉਹ ਵੇਲੇ ਸਿਰ ਹੀ ਉਠ ਬੈਠਦਾ। ਸਿਰਹਾਣੇ ਪਈ ਪੱਗ ਨੂੰ ਸਲੀਕੇ ਨਾਲ ਵਲੇਟਣ ਦੀ ਕੋਸ਼ਿਸ਼ ਕਰਦਾ। ਫਿਰ ਹੌਲੀ ਹੌਲੀ ਕੰਧ ਨਾਲ ਟੰਗੇ ਸ਼ੀਸ਼ੇ ਮੂਹਰੇ ਜਾ ਖਲੋਂਦਾ।
ਧੁੰਦਲੇ ਜਿਹੇ ਸ਼ੀਸ਼ੇ ਵਿਚ ਅੱਖਾਂ ਮੀਚ-ਮੀਚ ਵਲੇਟੀ ਪੱਗ ਦੇ ਪੇਚਾਂ ਨੂੰ ਜਾਚਣ ਦੀ ਕੋਸ਼ਿਸ਼ ਕਰਦਾ ਤੇ ਫਿਰ ਨਿੰਮੋਝੂਣਾ ਜਿਹਾ ਹੋ ਪਰ੍ਹਾਂ ਜਾ ਬਹਿੰਦਾ। ਕਦੀ ਵੱਡੇ ਸੁਫ਼ੇ ਦੀ ਗੁੱਠੇ ਪਈ ਔਜ਼ਾਰਾਂ ਵਾਲੀ ਪੇਟੀ ਖੋਲ੍ਹ ਕੇ ਬੈਠ ਜਾਂਦਾ। ਇਕੱਲੇ ਇਕੱਲੇ ਔਜ਼ਾਰ ਨੂੰ ਹੱਥ ਫੇਰ-ਫੇਰ ਕੇ ਵੇਖਦਾ। ਉਨ੍ਹਾਂ ਨੂੰ ਝਾੜਦਾ-ਪੂੰਝਦਾ ਤੇ ਮੁੜ ਥਾਂ ਸਿਰ ਕਰਦਿਆਂ ਉਂਗਲਾਂ `ਤੇ ਉਨ੍ਹਾਂ ਦੀ ਗਿਣਤੀ ਕਰਦਾ।
ਉਹ ਕਈ ਵਾਰ ਜ਼ਿਦ ਕਰ ਕੇ ਮੇਰੇ ਨਾਲ ਕੰਮ ‘ਤੇ ਚਲੇ ਜਾਂਦਾ। ਟੋਹ-ਟੋਹ ਕੇ ਲੱਗ ਗਈ ਚਿਣਾਈ ਦੇ ਵਾਰ ਗਿਣਦਾ। ਹੱਥ ਫੇਰ ਫੇਰ ਕੇ ਚਿਣੀਆਂ ਇੱਟਾਂ ਦੀ ਸਫਾਈ ਜਾਚਦਾ। ਵਾਰ-ਵਾਰ ਹੱਥ ਛੋਹਲਾ ਮਾਰਨ ਦੀ ਤਕੀਦ ਕਰਦਾ ਰਹਿੰਦਾ।
ਅਸਮਾਨ ਵੱਲ ਝਾਕਦਿਆਂ ਲਹਿੰਦੇ ਵਲ ਸਰਕਦੇ ਜਾ ਰਹੇ ਸੂਰਜ ਵੱਲ ਮੇਰਾ ਧਿਆਨ ਜਾਂਦਾ ਹੈ। ਰਿਸ਼ਤੇਦਾਰਾਂ ਨੂੰ ਵਾਪਸ ਮੁੜਨ ਦੀ ਕਾਹਲੀ ਵੀ ਹੈ। ਖੜ੍ਹੇ ਲੋਕ ਵੱਡੀ ਸੜਕ ਤੋਂ ਪਿੰਡ ਨੂੰ ਮੁੜਦੇ ਪਹੇ ਵੱਲ ਮੁੜ ਮੁੜ ਝਾਕਦੇ ਹਨ। ਭੂਆ ਦੇ ਪੁੱਤ ਨੂੰ ਫ਼ੋਨ ਕਰਕੇ ਕਈ ਵਾਰੀ ਪੁੱਛ ਲਿਆ। ਪਿੰਡ ਦੇ ਉਪਰਲੇ ਪਾਸੇ ਪਹੁੰਚਣ ਦਾ ਪਤਾ ਚਲਿਆ ਹੈ ਉਨ੍ਹਾਂ ਦਾ।
‘ਕੋਈ ਨਾ ਪਹੁੰਚ ਗਏ ਹੁਣ ਤਾਂ। ਉਡੀਕ ਹੀ ਲੈਣਾ ਚਾਹੀਦਾ ਭਾਈ।’ ਕੋਈ ਬਜ਼ੁਰਗ ਬੋਲਿਆ। ‘ਦੋ ਘੜੀਆਂ ਦੀ ਖੇਡ ਐ। ਜਾਂਦੀ ਵਾਰ ਦਾ ਮੂੰਹ ਵੇਖ ਲੈਣਗੇ। ਫਿਰ ਤਾਂ ਬੰਦਾ ਸੁਪਨਾ ਹੀ ਹੋ ਜਾਂਦੈ।’
ਪਰ ਬੰਦਾ ਕੁਝ ਕਰਕੇ ਮਰਿਆ ਹੋਵੇ ਥੋੜ੍ਹੇ ਕੀਤਿਆਂ ਕਿੱਥੇ ਭੁੱਲਦਾ ਲੋਕਾਂ ਨੂੰ? ਭਾ ਚੈਂਚਲ ਸਿਹੁੰ, ਵੱਡੇ ਰੌਲਿਆਂ ‘ਚ ਪਿੰਡ ਦਾ ਬੰਨ੍ਹ ਬਣ ਕੇ ਖਲੋਤਾ ਸੀ। ਲਾਗਲੇ ਪਿੰਡਾਂ ‘ਚ ਭਾਵੇਂ ਗੜ੍ਹ ਸੀ ਮੁਸਲਮਾਨਾਂ ਦਾ ਪਰ ਕੀ ਮਜ਼ਾਲ ਪਿੰਡ ਵੱਲ ਕਿਸੇ ਨੇ ਅੱਖ ਚੁੱਕ ਕੇ ਵੇਖਣ ਦੀ ਵੀ ਹਿੰਮਤ ਕੀਤੀ ਹੋਵੇ। ਕੱਟ-ਵੱਢ ਕਰਨ ਨੂੰ ਮੁੰਡਿਆਂ ਦੀ ਢਾਹਣੀ ‘ਚ ਸਭ ਤੋਂ ਮੂਹਰੇ ਹੋ ਕੇ ਤੁਰਿਆ ਸੀ। ਜਿਸ ਪਾਸੇ ਨੂੰ ਵੀ ਆਪਣੀ ਟੋਲੀ ਲੈ ਕੇ ਮੂੰਹ ਕੀਤਾ, ਭਾਜੜਾਂ ਪੁਆ ਦਿੱਤੀਆਂ। ਭਜਨ ਸਿਹੁੰ ਲੁਹਾਰ ਉਸ ਵੇਲੇ ਨੂੰ ਯਾਦ ਕਰਦਾ ਦੱਸ ਰਿਹਾ ਸੀ। ਉਹ ਬਾਪੂ ਦਾ ਹਾਣੀ ਵੀ ਸੀ ਤੇ ਜੋਟੀਦਾਰ ਵੀ।
‘ਭਾ ਜੀ, ਮਾਮਾ ਜ਼ਿਆਦਾ ਢਿੱਲਾ ਮੱਠਾ ਹੋ ਗਿਆ ਸੀ? ਤੁਸੀਂ ਕਿਤੇ ਫੋਨ-ਫਾਨ ਕਰ ਦਿੰਦੇ ਤਾਂ ਮਿਲ ਜਾਂਦੇ ਅਸੀਂ।’ ਭੂਆ ਦੇ ਪੁੱਤ ਨੇ ਆਉਂਦਿਆਂ ਹੀ ਮੇਰੇ ਸੱਜੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ। ਮਾਮੂਲੀ ਹੂੰ-ਹਾਂ ਤੋਂ ਬਿਨਾਂ ਬਹੁਤਾ ਜਵਾਬ ਨਹੀਂ ਅਹੁੜਦਾ ਮੈਨੂੰ। ਪਰ ਦਿਹਾੜੀ ਪਹਿਲਾਂ ਦੇ ਹੋਏ ਹਾਲ ਦਾ ਚੇਤਾ ਆਉਂਦਿਆਂ ਹੀ ਰੂਹ ਕੰਬਦੀ ਹੈ। ਨਾ ਚਾਹੁੰਦਿਆਂ ਵੀ ਇਕ ਇਕ ਸੀਨ ਮੇਰੇ ਅੱਗਿਓਂ ਦੀ ਗੁਜ਼ਰਦਾ ਹੈ। ਉਸ ਦਿਨ ਹਾਲੇ ਗੁਰਦੁਆਰੇ ਬਾਬਾ ਨਹੀਂ ਸੀ ਬੋਲਿਆ ਜਦੋਂ ਬਾਪੂ ਦੀ ਉਚੀ ਵੱਜੀ ਚੀਖ਼ ਨਾਲ ਘਰ ਦੇ ਜੀਅ ਅੱਭੜਵਾਹੇ ਉਠ ਖਲੋਤੇ ਸਨ। ਕੰਧ ਨਾਲ ਢੋਹ ਲਾ ਕੇ ਬੈਠੇ ਬਾਪੂ ਨੂੰ ਮੈਂ ਗਹੁ ਨਾਲ ਵੇਖਿਆ। ਉਸ ਦਾ ਮੱਥਾ ਤ੍ਰੇਲੀਓ-ਤ੍ਰੇਲੀ ਹੋਇਆ ਪਿਆ ਸੀ। ਅੱਖਾਂ ਵਿਚੋਂ ਪਾਣੀ ਆਪ ਮੁਹਾਰੇ ਵਗੀ ਜਾਂਦਾ ਸੀ। ਉਹ ਡੌਰ-ਭੌਰ ਜਿਹਾ ਹੋਇਆ ਆਸੇ ਪਾਸੇ ਡੇਲੇ ਫੇਰਦਾ ਇਉਂ ਲੱਗਦਾ ਸੀ, ਜਿਵੇਂ ਗੂੜ੍ਹੇ ਹਨੇਰੇ ਵਿਚ ਕਿਸੇ ਨੂੰ ਸਿਆਣ ਰਿਹਾ ਹੋਵੇ। ਮੈਂ ਉਸ ਨੂੰ ਸਹਿਜ ਨਾਲ ਲਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗਿਓਂ ਉਚੀ-ਉਚੀ ਡਾਡਾਂ ਮਾਰਨ ਲੱਗ ਪਿਆ, ‘ਛੱਡੋ ਓਏ ਮੈਨੂੰ। ਕਾਹਤੋਂ ਮੇਰੇ ਹੱਥ ਪੈਰ ਬੰਨ੍ਹ ਰਹੇ ਜੇ। ਓਏ ਪਾਣੀ ਵਿਚ ਗੋਤੇ ਨਾ ਦਿਓ ਓਏ। ਮੇਰਾ ਸਾਹ ਨਹੀਂ ਜੇ ਨਿਕਲਦਾ।’
ਫਿਰ ਅਵਾਜ਼ਾਂ ਮਾਰ ਘਰ ਸਿਰ ‘ਤੇ ਚੁੱਕ ਲਿਆ, ‘ਮੰਗਿਆ, ਓ ਮੰਗਿਆ, ਹਈਥੋਂ ਡਾਂਗ ਫੜ ਸੰਮਾਂ ਵਾਲੀ। ਬੌਲਦ ਆਉਂਦਾ ਈ ਭੂਤਰਿਆ ਇਕ, ਇਹਦੇ ਸਿੰਗ ਵੇਖ ਕਿਵੇਂ ਤਿੱਖੇ ਐ, ਨੇਜਿਆਂ ਵਰਗੇ। ਲੱਗਦੈ ਮੇਰੇ ਢਿੱਡ ‘ਚ ਖੋਭੂਗਾ ਇਹ ਤੇ ਕੱਢ ਦਏਗਾ ਆਂਦਰ-ਪੇਟਾ ਬਾਹਰ ਮੇਰਾ। ਪੁੱਤ ਮੰਗਿਆ। ਵੇਖ ਓਧਰ, ਕਿੱਦਾਂ ਵਿਹੜੇ ‘ਚ ਖੌਰੂ ਪਾ ਰਿਹਾ ਸਾਨ੍ਹ ਚੌਂਕੇ ਦੇ ਓਟੇ ਨੂੰ ਕਿਵੇਂ ਢੁੱਡਾਂ ਮਾਰਦੈ ਹਟ-ਹਟ ਕੇ। ਅਗਾਂਹ ਹੋ, ਸਿੰਗ ਭੰਨ ਇਹਦੇ। ਨਹੀਂ ਤਾਂ ਢੱਠ ਜਾਊਗਾ ਚੁੱਲਾ-ਚੌਂਕਾ ਤੇ ਭਾਂਡੇ ਮੂਧੇ ਵੱਜ ਜਾਣੇ ਜੇ।’
ਉਸ ਵੇਲੇ ਡਰ ਅਤੇ ਖੌਫ਼ ਦਾ ਸੰਘਣਾ ਪਰਛਾਵਾਂ ਸਾਰਿਆਂ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। ਮੇਰੀ ਘਰਵਾਲੀ ਨੇ ਸਰੋਵਰ ਵਿਚੋਂ ਲਿਆਂਦੇ ਜਲ ਦਾ ਛਿੱਟਾ ਘਰ ਵਿਚ ਦਿੱਤਾ ਤੇ ਦੋ ਘੁੱਟ ਬਾਪੂ ਦੇ ਮੂੰਹ ਵਿਚ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਆਪਣੀ ਜ਼ਬਾਂ ਤੇ ਡਿੱਗੇ ਅੱਧੇ ਕੁ ਚਿਮਚੇ ਪਾਣੀ ਨੂੰ ਉਸਨੇ ਮੂੰਹ ਮੀਚ ਕੇ ਸੰਘੋਂ ਹੇਠਾਂ ਸੁੱਟਿਆ। ਫਿਰ ਤਰਲੋ-ਮੱਛੀ ਹੁੰਦੇ ਨੇ ਕੰਬਦੇ ਹੱਥਾਂ ਨਾਲ ਪਾਣੀ ਪਾਉਂਦੀ ਮੇਰੀ ਪਤਨੀ ਦੇ ਪੋਟਿਆਂ ਨੂੰ ਫੜਿਆ ਤੇ ਟੁੱਟਦੇ ਜਿਹੇ ਬੋਲਾਂ ਵਿਚ ਕਿਹਾ, ‘ਪੁੱਤ ਗੁਰਮੀਤ ਕੁਰੇ, ਆਹ ਕਾਲੇ ਰੰਗ ਦੇ ਝੁੰਗਲਮਾਟੇ ਜਿਹੇ ‘ਚ ਕੌਣ ਜ਼ਨਾਂੀਆਂ ਖੜ੍ਹੀਆਂ ਨੇ ਬਾਹਰ? ਇਨ੍ਹਾਂ ਦੇ ਮੂੰਹ ਸਿਰ ਕਿਉਂ ਨਹੀਂ ਦਿਸਦੇ? ਇਹ ਤਾਂ ਕੋਈ ਕਲਜੋਗਣਾਂ ਲੱਗਦੀਆਂ ਨੇ ਲਹੂ ਪੀਣੀਆਂ। ਵਸਦੇ ਘਰਾਂ ‘ਚ ਤਾਂ ਇਨ੍ਹਾਂ ਦਾ ਪ੍ਰਛਾਵਾਂ ਵੀ ਮਾੜਾ। ਉਜਾੜਾ ਭਾਲਦੀਆਂ ਇਹ।’
‘ਕੋਈ ਨਹੀਂ ਐ ਬਾਪੂ ਜੀ। ਐਵੇਂ ਡਰੀ ਜਾਂਦੇ ਓ।’ ਗੁਰਮੀਤ ਨੇ ਦਿਲਾਸਾ ਦਿੱਤਾ।
ਗਲੀ-ਗੁਆਂਢ ਵਿਚੋਂ ਜਿਹਨੇ ਸੁਣਿਆ, ਪਤਾ ਲੈਣ ਆਇਆ। ਕਿਸੇ ਮੰਜੀ ਦੀ ਹੀਂਹ ਲਾਗੇ ਥੋੜ੍ਹਾ ਝੁਕਦਿਆਂ ਪੁੱਛਿਆ, ‘ਕਿਵੇਂ ਭਈ ਚੈਂਚਲ ਸਿਹਾਂ, ਕੀ ਹਾਲ ਐ? ਸਿਆਣਦੈਂ ਮੈਨੂੰ?’ ਤਾਂ ਬਾਪੂ ਬੋਲਦਾ, ‘ਹੋਰ ਤੂੰ ਮੈਨੂੰ ਭੁੱਲਿਆਂ, ਖੋਰਿਆਂ ਦੀ ਪੱਤੀ ਵਾਲਾ ਫੱਜਾ ਤੇਲੀ। ਜਿਹਦੀ ਬਾਂਹ ਵੱਢੀ ਸੀ ਇੱਕੋ ਟਪ ਨਾਲ। ਪਰ੍ਹਾਂ ਹਟਵਾਂ ਹੋ ਕੇ ਖਲੋ ਉਏ। ਤੇਰੇ ਜ਼ਖ਼ਮਾਂ ‘ਚੋਂ ਖੂਨ ਡਿੱਗਦੈ ਮੇਰੇ ਲੀੜਿਆਂ ‘ਤੇ।’
ਕਿਸੇ ਨੂੰ ਮਿਹਰਦੀਨ ਤੇ ਕਿਸੇ ਨੂੰ ਫ਼ਜਲਦੀਨ। ਕੋਈ ਅਰਾਈਆਂ ਦੀ ਨੂੰਹ ਜੈਨਬ ਤੇ ਕੋਈ ਸਯਦਾਂ ਦੀ ਜਵਾਂ ਕੁੜੀ ਜਨਤੇ।
ਸਿਆਣੀ ਉਮਰ ਦੀ ਇਕ ਜ਼ਨਾਨੀ ਆਖਿਆ, ‘ਗੁਰਮੀਤ ਕੁਰੇ, ਬਾਪੂ ਜੀ ਦੀ ਤਾਂ ਸੁਰਤੀ ਟੁੱਟ ਗਈ ਏਸ ਜਹਾਂ ਨਾਲੋਂ। ਇਹ ਤਾਂ ਹੁਣ ਅਗਲਿਆਂ ਨਾਲ ਗੱਲਾਂ ਕਰਦਾ ਈ। ਐਂ ਕਰ, ਬਾਪੂ ਜੀ ਦੇ ਹੱਥ ਲੁਆ ਕੇ ਦਾਣੇ ਛੱਜ ‘ਚ ਪਾ ਤੇ ਸਿਰਹਾਣੇ ਰੱਖ ਇਨ੍ਹਾਂ ਦੇ। ਦਾਨ-ਪੁੰਨ ਕੀਤਿਆਂ ਇਨ੍ਹਾਂ ਦਾ ਅਗਲਾ ਰਾਹ ਸੁਖਾਲਾ ਹੋ ਜੂ।’ ਦੂਜੀ ਨੇ ਦੋਵੇਂ ਹੱਥ ਜੋੜ ਕੇ ਅਸਮਾਨ ਵੱਲ ਮੂੰਹ ਕਰਦਿਆਂ ਕਿਹਾ, ਆਹ ਵੇਲੇ ਦਾ ਨਹੀਂ ਪਤਾ ਕਿਹੋ ਜਿਹਾ ਆਉਣੈ। ਇਸ ਬਿਖੜੇ ਰਾਹ ‘ਤੇ ਤਾਂ ਆਪਣੀ ਜਾਨ ‘ਤੇ ਹੀ ਝੱਲਣਾ ਪੈਣਾ ਸਭ ਕੁਝ।’
ਵਿਹੜੇ ਵਿਚ ਖਲੋਤੇ ਆਦਮੀ ਵੀ ਇਹੋ ਜਿਹੀਆਂ ਹੀ ਗੱਲਾਂ ਕਰਦੇ ਸੁਣਾਈ ਦਿੱਤੇ। ਇਕ ਆਖਿਆ, ‘ਬਜ਼ੁਰਗ ਜ਼ਿਆਦਾ ਹੋਣ ਕਰਕੇ ਅਪਲ-ਟਪਲੀਆਂ ਮਾਰਦਾ ਤਾਇਆ।’
ਦੂਜਾ ਬੋਲਿਆ, ‘ਪਿਛਲੇ ਦਿਨੀਂ ਚਾਚੇ ਨੂੰ ਪੀਲੀਆ ਹੋ ਗਿਆ ਸੀ। ਲੱਗਦਾ ਦਿਮਾਗ ਨੂੰ ਅਸਰ ਹੋ ਗਿਆ, ਤਾਹੀਓਂ ਆਏ-ਗਏ ਦੀ ਸੋਝੀ ਨਹੀਂ ਰਹੀ।’ ਤੀਜੇ ਨੇ ਆਪਣੀ ਅਕਲ ਝਾੜੀ, ‘ਪੀਲੀਆ ਸੁਆਹ ਚੜ੍ਹਿਆ, ਜਿਨ੍ਹਾਂ ਨੂੰ ਵੱਢਿਆ-ਟੁੱਕਿਆ ਤੇ ਅਣਿਆਈ ਮੌਤੇ ਮਾਰਿਆ, ਉਹੋ ਆਪਣਾ ਲੇਖਾ ਮੰਗ ਰਹੇ ਐ ਸਿਰਹਾਣੇ ਖਲੋ ਕੇ।’
‘ਲਹਿਣਾ ਦੇਣਾ ਤਾਂ ਭਾਈ ਬੰਦੇ ਨੂੰ ਦੇਣਾ ਹੀ ਪੈਣਾ ਇਕ ਦਿਨ।’ ਚੌਥੇ ਗੱਲ ਮੁਕਾਈ।
ਮੈਨੂੰ ਯਾਦ ਆਇਆ, ਜਦੋਂ ਬਾਪੂ ਲੈਅ ਵਿਚ ਆਇਆ ਉਨ੍ਹਾਂ ਦਿਨਾਂ ਦੀਆਂ ਗੱਲਾਂ ਦੱਸਦਾ ਹੁੰਦਾ ਤਾਂ ਉਹਦੀਆਂ ਗੱਲ੍ਹਾਂ ਦਾ ਰੰਗ ਭਖ-ਭਖ ਜਾਂਦਾ ਸੀ। ਉਹ ਕੀਤੀ ਮਾਰ-ਧਾੜ ਦੀ ਕਹਾਣੀ ਸ਼ੁਰੂ ਕਰਦਾ ਤੇ ਮੁਕਾ ਕੇ ਹਟਦਾ। ‘ਬਈ ਜਦੋਂ ਸਾਨੂੰ ਇੱਧਰ ਪਤਾ ਲੱਗਿਆ ਕਿ ਉਧਰ ਸਾਡੀਆਂ ਤੀਵੀਆਂ ਨੰਗੀਆਂ ਕਰਕੇ ਸੜਕਾਂ ‘ਤੇ ਜਲੂਸ ਕੱਢੇ ਐ। ਅਸੀਂ ਸੋਚਿਆ ਕਿ ਉਧਰਲਿਆਂ ਸਾਡੀਆਂ ਧੀਆਂ ਭੈਣਾਂ ਦਾ ਇਹ ਹਾਲ ਕੀਤਾ, ਇਹ ਸਾਡੇ ਕੀ ਲੱਗਦੇ ਐ? ਉਂਝ ਵੀ ਨੌ ਗਜੇ ਪੀਰ ਦੇ ਮੇਲੇ ‘ਚ ਉਨ੍ਹਾਂ ਦੀਆਂ ਜ਼ਨਾਨੀਆਂ ਵੇਖੀਦੀਆਂ ਸੀ, ਤਾਂ ਧਰਮ ਨਾਲ ਮੂੰਹ ‘ਚ ਪਾਣੀ ਆ ਜਾਂਦਾ ਸੀ। ਫਿਰਦੀਆਂ ਬਹਿਸ਼ਤ ਦੀਆਂ ਹੂਰਾਂ ਲੱਗਦੀਆਂ।
ਬਾਪੂ ਨੂੰ ਇਹ ਦੱਸਦਿਆਂ ਨਾ ਤਾਂ ਆਪਣੀ ਉਮਰ ਦਾ ਧਿਆਨ ਹੁੰਦਾ ਅਤੇ ਨਾ ਹੀ ਘਰ ਦੇ ਬਾਕੀ ਜੀਆਂ ਦੀ ਕੋਈ ਪਰਵਾਹ। ਉਹਦੇ ਚਿਹਰੇ ‘ਤੇ ਬੇਪਛਾਣੀ ਜਿਹੀ ਰੌਣਕ ਫੈਲਦੀ। ਤੇਜ਼ੀ ਨਾਲ ਘੁੰਮਦੇ ਅੱਖਾਂ ਦੇ ਸੁਰਖ਼ ਡੇਲੇ ਥੋੜ੍ਹਾ ਸਥਿਰ ਹੋਣ ਲੱਗਦੇ। ਉਹ ਸੁਣਨ ਵਾਲੇ ਦਾ ਹੁੰਗਾਰਾ ਉਡੀਕੇ ਬਿਨਾ ਹੀ ਆਪਣੀ ਗੱਲ ਜਾਰੀ ਰੱਖਦਾ, ‘ਲੌਢੇ ਕੁ ਵੇਲੇ ਘੇਰਾ ਘੱਤ ਕੇ ਉਸ ਪਿੰਡ ‘ਚ ਵੜੇ ਸਾਂ। ਇਕੱਲੇ-ਇਕੱਲੇ ਨੂੰ ਧੂਹ ਕੇ ਘਰਾਂ ‘ਚੋਂ ਲਿਆਂਦਾ ਅਸੀਂ। ਨਾ ਕੋਈ ਬੁੱਢਾ ਵੇਖਿਆ ਤੇ ਨਾ ਹੀ ਕੋਈ ਛੋਟੇ ਬੱਚੇ ਦਾ ਲਿਹਾਜ਼ ਕੀਤਾ। ਜਿਹੜਾ ਵੀ ਅੱਗੇ ਆਇਆ, ਪਾਰ। ਪੂਰੀ ਦਹਿਸ਼ਤ ਮੱਚ ਗਈ ਪਿੰਡ ਦੀਆਂ ਗਲੀਆਂ ‘ਚ। ਲਹੂ -ਲੁਹਾਨ ਹੋ ਗਈ ਸੀ ਉਸ ਦਿਨ ਪਿੰਡ ਦੀ ਜੂਹ। ਚਿੱਟੇ ਦਿਨ ਉਲੂ ਬੋਲਣ ਲੱਗ ਪਏ ਸੀ। ਭਈ ਜਿਹੜੇ ਉਥੇ ਵੱਢੇ-ਟੁੱਕੇ, ਉਨ੍ਹਾਂ ਜਿਉਂਦੇ-ਮੋਇਆਂ ਨੂੰ ਗੱਡਿਆਂ ਉਤੇ ਸੁੱਟਿਆ। ਪਿੰਡ ਦੇ ਨਾਲ ਵਗਦੇ ਦਰਿਆ ਦੇ ਪੁਲ ‘ਤੇ ਜਾ ਖਲਿਹਾਰਿਆ ਗੱਡਿਆਂ ਨੂੰ। ਜਦੋਂ ਅਸੀਂ ਖਲੋ ਕੇ ਪਿੱਛੇ ਝਾਤੀ ਮਾਰੀ ਤਾਂ ਵੀਹ-ਪੰਝੀ ਜ਼ਨਾਨੀਆਂ ਸਿਰ ਸੁੱਟੀ ਤੁਰੀਆਂ ਆਉਣ, ਚੁੱਪ ਚੁੱਪੀਤੀਆਂ। ਅਸੀਂ ਸੋਚਿਆ, ਪਹਿਲਾਂ ਗੱਡਿਆਂ ਤੇ ਲੱਦਿਆਂ ਨੂੰ ਕਿਸੇ ਬੰਨੇ ਲਾ ਲਈਏ। ਫਿਰ ਜਿਸ ਨੂੰ ਜਿਹੜੀ ਚਾਹੀਦੀ ਹੋਵੇਗੀ ਲੈ ਜਾਏਗਾ। ਬੱਸ ਫਿਰ ਕੀ ਸੀ, ਹੋ ਗਏ ਸ਼ੁਰੂ। ਦੋ-ਦੋ ਜਣੇ ਇੱਕ ਨੂੰ ਫੜਦੇ ਤੇ ਭੁਆਂ ਕੇ ਹੇਠ ਵਗਦੇ ਦਰਿਆ ‘ਚ ਮਾਰਦੇ ਤੇ ਕਹਿੰਦੇ ਚਲੋ ਨਿਕਲੋ, ਆਪਣੇ ਦੇਸ਼ ‘ਚ ਵੇਲੇ ਸਿਰ। ਆਪਣਿਆਂ ‘ਚ ਰਲੋ ਜਾ ਕੇ। ਹਟਵੀਆਂ ਖਲੋਤੀਆਂ ਜ਼ਨਾਨੀਆਂ ਇਸ ਸਾਰੇ ਦ੍ਰਿਸ਼ ਨੂੰ ਵਿਹੰਦੀਆਂ ਰਹੀਆਂ, ਚੁੱਪ ਚਾਪ। ਉਪਰ ਲਏ ਲੀੜਿਆਂ ‘ਚ ਵਲ੍ਹੇਟੇ ਮੂੰਹ ਸਿਰ ਨਾਲ ਕਿਸੇ ਇੱਕ ਜਣੀ ਦਾ ਵੀ ਹਉਕਾ ਨਹੀਂ ਸੁਣਿਆ ਅਸੀਂ। ਸੂਰਜ ਝਾੜੀਆਂ ਤੇ ਰੁੱਖਾਂ ਦੇ ਝੁੰਡ ‘ਚ ਛਿਪਦਾ ਜਾ ਰਿਹਾ ਸੀ। ਗੱਡਿਆਂ ਅੱਗੇ ਜੁਤੇ ਬਲਦਾਂ ਦੇ ਖੁਰਾਂ ਨਾਲ ਕੱਚੇ ਪਹੇ ਤੋਂ ਧੂੜ ਮਿੱਟੀ ਉਡ-ਉਡ ਕੇ ਸਾਡੇ ਸਿਰਾਂ ‘ਚ ਪੈ ਰਹੀ ਸੀ। ਗਲ ਪਾਏ ਲੀੜੇ ਥਾਂ-ਥਾਂ ਤੋਂ ਲਹੂ ਨਾਲ ਰੰਗੇ ਪਏ ਸਨ। ਇਕ ਵੱਡੇ ਮੋਰਚੇ ਦੀ ਫਤਿਹ ਨਾਲ ਸਾਡਾ ਚਾਅ ਸਾਂਭਿਆ ਨਹੀਂ ਸੀ ਜਾਂਦਾ।
‘ਇੱਕ ਗੁੱਠੇ ਮੁਰਗੀਆਂ ਵਾਂਗ ਦੜ ਕੇ ਖਲੋਤੀਆਂ ਜ਼ਨਾਨੀਆਂ ਵੱਲ ਵੇਖਦਿਆਂ ਹੀ ਦਿਮਾਗ ‘ਚੋਂ ਇਕ ਤਰੰਗ ਜਿਹੀ ਉਠੀ, ਜਿਹੜੀ ਹਿੱਕ ਨੂੰ ਚੀਰਦੀ ਖਲਬਲੀ ਜਿਹੀ ਮਚਾ ਕੇ ਪੈਰਾਂ ਵੱਲ ਦੌੜੀ। ਸਾਡੇ ਪੈਰ ਭੋਂਏ ‘ਤੇ ਨਹੀਂ ਸਨ ਟਿਕ ਰਹੇ।’ ਬਾਪੂ ਸ਼ਬਦ ਜਾਲ ਬੁਣ-ਬੁਣ ਕੇ ਐਸੀ ਕਸੀਦਾਕਾਰੀ ਕਰਦਾ ਕਿ ਸੁਣਨ ਵਾਲੇ ਦੀ ਉਤਸੁਕਤਾ ਵਧਦੀ ਜਾਂਦੀ। ਬਗੈਰ ਕੋਈ ਹਿਲਜੁਲ ਕੀਤਿਆਂ ਅਗਲਾ ਕੰਨ ਲਾ ਕੇ ਉਸਦੀ ਗੱਲ ਸੁਣਦਾ।
ਉਹ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ‘ਗੱਡਿਆਂ ਤੋਂ ਵਿਹਲੇ ਹੋ ਕੇ ਸਾਡਾ ਸਾਰਿਆਂ ਦਾ ਧਿਆਨ ਲਹਿੰਦੇ ਵੱਲ ਖਲੋਤੀਆਂ ਜ਼ਨਾਨੀਆਂ ਵੱਲ ਸੀ। ਉਨ੍ਹਾਂ ਦੇ ਤੇ ਸਾਡੇ ਵਿਚਾਲੇ ਐਂਵੇਂ ਦਸ-ਬਾਰਾਂ ਕਦਮਾਂ ਦੀ ਵਿੱਥ ਸੀ। ਇਕ-ਦੂਜੀ ਨਾਲ ਜੁੜ ਕੇ ਖੜ੍ਹੀਆਂ ਵਿਚ ਥੋੜ੍ਹੀ ਹਿਲਜੁਲ ਹੋਈ। ਇਉਂ ਲੱਗਦਾ ਸੀ ਕਿ ਉਨ੍ਹਾਂ ਨੂੰ ਮਨਾਉਣ ਲਈ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਏਗੀ। ਸਾਡੇ ਮੂਹਰੇ ਆਪੇ ਹੀ ਆਪਣਾ-ਆਪ ਪੇਸ਼ ਕਰ ਦੇਣਗੀਆਂ। ਅੱਗੇ ਪਿੱਛੇ ਤਾਂ ਇਨ੍ਹਾਂ ਦਾ ਰਿਹਾ ਕੋਈ ਨਹੀਂ ਸੀ, ਜਾਣਾ ਕਿੱਥੇ ਸੀ ਇਨ੍ਹਾਂ? ਆਪਣਾ ਪਿੰਡ ਤਾਂ ਛੱਡੋ, ਦੂਰ ਦੂਰ ਰਿਸ਼ਤੇਦਾਰੀ ਵਿਚ ਵੀ ਕੋਈ ਜ਼ਨਾਨੀ ਵਿਹੂਣਾ ਨਹੀਂ ਰਹਿਣ ਦੇਣਾ।’
‘ਫਿਰ?’ ਸੁਣਨ ਵਾਲੇ ਬਾਪੂ ਕੋਲੋਂ ਅਗਲੀ ਗੱਲ ਜਲਦੀ ਸੁਣਨ ਲਈ ਹੋਰ ਉਤਾਵਲੇ ਹੋ ਜਾਂਦੇ।
ਬਾਪੂ ਸੁਣਨ ਵਾਲੇ ਦੇ ਕੰਨ ਰਸ ਦਾ ਪੂਰਾ ਧਿਆਨ ਰੱਖਦਿਆਂ ਆਪਣੀ ਲੜੀ ਟੁੱਟਣ ਨਾ ਦਿੰਦਾ। ਦੱਸਦਾ, ‘ਭਈ ਮਿੱਤਰੋ, ਜ਼ਨਾਨੀਆਂ ਹਿੱਲੀਆਂ ਫਿਰ ਹੌਲੀ ਹੌਲੀ। ਪਤਾ ਨਹੀਂ ਕਿੰਨੀਆਂ ਕੁ ਡਰੀਆਂ ਤੇ ਸਹਿਮੀਆਂ ਹੋਣਗੀਆਂ ਉਹ ਕਿ ਉਨ੍ਹਾਂ ਦੇ ਪੈਰਾਂ ਦਾ ਖੜਾਕ ਵੀ ਨਹੀਂ ਸੀ ਸੁਣਾਈ ਦਿੱਤਾ ਕਿਧਰੇ। ਇਕ ਦੂਜੀ ਦੇ ਅੱਗੇ ਪਿੱਛੇ ਹੀ ਖਿਸਕਦੀਆਂ-ਖਿਸਕਦੀਆਂ ਉਹ ਪੁਲ ਦੀ ਪਾਰਲੀ ਬਾਹੀ ਨੂੰ ਸਰਕੀਆਂ, ਜਿੱਧਰ ਪਾਣੀ ਦੀ ਠੋਕਰ ਵੱਜਦੀ ਸੀ। ਸਾਡੇ ‘ਚੋ ਹੀ ਕਿਸੇ ਨੇ ਦੋ ਕੁ ਪੈਰ ਉਨ੍ਹਾਂ ਵੱਲ ਪੁੱਟੇ ਤੇ ਹੌਲੀ ਜਿਹੀ ਬੋਲਿਆ, ‘ਘਬਰਾਓ ਨਾ, ਕੁਝ ਨਹੀਂ ਕਹਿੰਦੇ ਤੁਹਾਨੂੰ। ਬਹੁਤਾ ਨਾ ਹੇਰਵਾ ਕਰੋ। ਸਰਦਾਰਨੀਆਂ ਬਣ ਕੇ ਘਰ-ਬਾਹਰ ਸੰਭਾਲਿਉ। ਭੁੱਲ ਜਾਓ ਉਨ੍ਹਾਂ ਨੂੰ। ਗਏ ਨਹੀਂ ਮੁੜਦੇ ਹੁੰਦੇ ਕਦੀ।’
ਉਨ੍ਹਾਂ ਦੀਆਂ ਪਿਛਾੜੀਆਂ ਸਾਡੇ ਵੱਲ ਸਨ। ਉਹ ਪੁਲ ਦੇ ਹੇਠੋਂ ਗੁਜ਼ਰਦੇ ਪਾਣੀ ਨੂੰ ਨੀਝ ਲਾ ਕੇ ਝਾਕ ਰਹੀਆਂ ਇਵੇਂ ਲੱਗਦੀਆਂ ਸਨ, ਜਿਵੇਂ ਡੂੰਘੇ ਵਹਿਣ ‘ਚ ਰੁੜ੍ਹ ਗਿਆਂ ਦਾ ਕੋਈ ਖੁਰਾ-ਖੋਜ ਲੱਭ ਰਹੀਆਂ ਹੋਣ।
‘ਸਾਰੇ ਸਾਹ ਰੋਕ ਕੇ ਉਨ੍ਹਾਂ ਦੀ ਨਿੱਕੀ ਨਿੱਕੀ ਹਰਕਤ ਨੂੰ ਵੇਖਦੇ ਸੋਚ ਰਹੇ ਸਾਂ ਕਿ ਹੁਣੇ ਇਹ ਆਪਣੇ ਚਿਹਰੇ ਸਾਡੇ ਵੱਲ ਭਵਾਉਣਗੀਆਂ। ਸਾਰੇ ਹਥਿਆਰ ਸੁੱਟ ਦੇਣਗੀਆਂ ਤੇ ਆਪਣੇ-ਆਪ ਨੂੰ ਸਾਡੇ ਹਵਾਲੇ ਕਰ ਦੇਣਗੀਆਂ।’
ਫਿਰ ਬਾਪੂ ਗੱਲ ਦੱਸਦਾ-ਦੱਸਦਾ ਥੋੜ੍ਹਾ ਕੁ ਰੁਕਦਾ। ਉਦਾਸੀ ਦੀ ਇਕ ਲਹਿਰ ਉਹਦੇ ਚਿਹਰੇ ‘ਤੇ ਪਸਰਦੀ ਤੇ ਉਹ ਡਾਢੇ ਅਫਸੋਸ ਜਿਹੇ ‘ਚ ਸਿਰ ਮਾਰਦਾ! ‘ਉਨ੍ਹਾਂ ਧੀ ਜਾਵ੍ਹੀਆਂ ਕਿਤੇ ਉਂਗਲ ਲਾਉਣ ਦਾ ਵੀ ਮੌਕਾ ਨਾ ਦਿੱਤਾ ਸਾਨੂੰ। ਵਿਹੰਦਿਆਂ-ਵਿਹੰਦਿਆਂ ਹੀ ਗੜੰਮ-ਗੜੰਮ ਦਰਿਆ ‘ਚ ਛਾਲਾਂ ਮਾਰ ਗਈਆਂ।।’
‘ਜਿਨ੍ਹਾਂ ਮਾਈਆਂ-ਬੀਬੀਆਂ ਨੇ ਭਾਣਾ ਮਿੱਠਾ ਕਰਕੇ ਮੰਨਿਆ…।’ ਗ੍ਰੰਥੀ ਲਹਿਣਾ ਸਿਹੁੰ ਦੇ ਅਰਦਾਸ ਕਰਦੇ ਦੇ ਬੋਲ ਮੇਰੇ ਕੰਨੀ ਪੈਂਦੇ ਹਨ।
‘ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਵਾਕ ਨਾਲ ਸਾਰੇ ਉਂਗਲਾਂ ਜ਼ਮੀਨ ਨਾਲ ਛੁਹਾ ਕੇ ਮੱਥੇ ਲਾਉਂਦੇ ਹਨ। ਪਰਾਲੀ ਦਾ ਬੁੱਥਾ ਕੋਈ ਮੇਰੇ ਹੱਥ ਫੜਾਉਂਦਾ ਹੈ ਤੇ ਨਾਲ ਹੀ ਡੱਬੀ ਚੋਂ ਪੰਜ ਸੱਤ ਤੀਲ੍ਹਾਂ ਕੱਢ ਇਕੱਠੀਆਂ ਬਾਲ ਕੇ ਸਿਰੇ ਨੂੰ ਅੱਗ ਵਿਖਾ ਦਿੰਦਾ ਹੈ। ਲੋਕਾਂ ਦੀ ਆਸੇ-ਪਾਸੇ ਜੁੜੀ ਭੀੜ ਦੋ-ਦੋ ਪੈਰ ਪਿੱਛੇ ਹਟ ਜਾਂਦੀ ਹੈ। ਮੈਂ ਸਿਆਣਿਆਂ ਦਾ ਆਦੇਸ਼ ਮੰਨਦਿਆਂ ਪਹਿਲਾਂ ਸਿਰ ਵੱਲ ਅੱਗ ਛੁਹਾਉਂਦਾ ਹਾਂ, ਫਿਰ ਹੌਲੀ ਹੌਲੀ ਪੈਰਾਂ ਵੱਲ ਵਧਦਾ ਹਾਂ। ਬੁੱਥੇ ਦੀ ਅੱਗ ਤੇਜ਼ੀ ਨਾਲ ਵਧਦੀ ਮੇਰੇ ਹੱਥਾਂ ਤੱਕ ਆ ਜਾਂਦੀ ਹੈ ਤੇ ਮੈਂ ਉਹਨੂੰ ਚਿਖਾ ਦੇ ਉਤੇ ਸੁੱਟ ਦਿੰਦਾ ਹਾਂ।
ਤਿੜ-ਤਿੜ ਕਰਦੀ ਅੱਗ ਪਲਾਂ-ਛਿਣਾਂ ਵਿਚ ਸਾਰੀ ਚਿਖ਼ਾ ਨੂੰ ਘੇਰ ਲੈਂਦੀ ਹੈ। ਆਸੇ-ਪਾਸੇ ਖੜ੍ਹੇ ਲੋਕ ਹੋਰ ਪਿੱਛੇ ਹਟ ਜਾਂਦੇ ਹਨ। ਛੋਟੀਆਂ ਤੇ ਪਤਲੀਆਂ ਟਾਹਣੀਆਂ ਦੀ ਤਿੜ-ਤਿੜ ਮੱਚਦੀ ਅੱਗ ਅਚਾਨਕ ਮੈਨੂੰ ਵਟਾਲੇ ਦੁਸਹਿਰਾ ਗਰਾਉਂਡ ਵਿਚ ਵੇਖੇ ਬਲਦੇ ਪੁਤਲਿਆਂ ਦਾ ਚੇਤਾ ਕਰਵਾ ਦਿੰਦੀ ਹੈ। ਬਦੀ ਦੇ ਅੰਤ ਬਾਰੇ ਸੋਚਦਿਆਂ ਜਿਵੇਂ ਮੇਰਾ ਮਨ ਹਲਕਾ ਹੋ ਜਾਂਦਾ ਹੈ ਤੇ ਮੈਂ ਹੱਥ ਝਾੜਦਾ ਪਿੱਛੇ ਖਲੋਤੇ ਲੋਕਾਂ ਵਿਚ ਜਾ ਰਲਦਾ ਹਾਂ।