ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (3)

ਔਰਤ ਦੀ ਹਸਤੀ ਤੇ ਹੀਲਾ
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਆਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਕੀਤੀ ਹੈ। ਹਰ ਬੁੱਧੀਜੀਵੀ ਅਤੇ ਪਾਠਕ ਨੇ ਇਸ ਨਾਵਲ ਦੇ ਟੈਕਸਟ ਦੇ ਵੱਖ-ਵੱਖ ਅਰਥ ਸਿਰਜਣ ਦਾ ਯਤਨ ਕੀਤਾ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਅਰੰਭ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਕਹਿੰਦੇ-ਕਹਾਉਂਦੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਮਹਾਂਕਾਵਿਕ ਪਾਸਾਰ ਵਾਲੇ ਨਾਵਲ ‘ਮਾਇਆ’ ਨੇ ਮੇਰੇ ਮਨ ਨੂੰ ਇਤਨਾ ਜ਼ਿਆਦਾ ਸਰਸ਼ਾਰ ਕੀਤਾ ਕਿ ਇਸ ਨੂੰ ਪੜ੍ਹਦਿਆਂ ਸਾਰੀ ਜ਼ਿੰਦਗੀ ਅੱਜ ਤੱਕ ਪੜ੍ਹੀਆਂ ਕਥਾ ਕਹਾਣੀਆਂ ਅਤੇ ਸ਼ਖਸੀਅਤਾਂ ਬਾਰੇ ਅਨੇਕਾਂ ਪ੍ਰਸੰਗ ਚੇਤਿਆਂ ਵਿਚ ਉਭਰ ਆਏ। ਇਹ ਨਾਵਲ ਚਕ੍ਰਿਤ ਕਰਨ ਵਾਲੇ ਵੇਰਵਿਆਂ ਨਾਲ ਭਰਿਆ ਹੋਇਆ ਹੈ। ਸਭ ਤੋਂ ਪਹਿਲਾਂ ਅਜਿਹਾ ਵੇਰਵਾ ਸਾਨੂੰ ਨਾਵਲ ਦੇ ਸ਼ੁਰੂ ਵਿਚ ਹੀ ਪੰਨਾ 39 ਉਪਰ ਬਲਬੀਰ ਦੇ ਮੰਗੇਤਰ ਗਗਨ ਦੀ ਚਾਚੀ ਭਜਨੀ ਦੇ ਤ੍ਰਾਸਦਿਕ ਵਰਣਨ ਨਾਲ ਸਾਹਮਣੇ ਆਉਂਦਾ ਹੈ।
ਅਸਲ ਵਿਚ ਇਨਸਾਨੀ ਸਭਿਅਤਾ ਦਾ ਇਹ ਵੀ ਸਿਰੇ ਦਾ ਘਿਨਾਉਣਾ ਅਜੀਬ ਵਿਰੋਧਾਭਾਸ ਰਿਹਾ ਹੈ ਕਿ ਇਕ ਪਾਸੇ ਤਾਂ ਯੁੱਗਾਂ-ਯੁਗਾਂਤਰਾਂ ਤੋਂ ਜ਼ਿੰਦਗੀ ਦੀ ਖੂਬਸੂਰਤੀ ਦੇ ਭਾਂਤ-ਭਾਂਤ ਦੇ ‘ਢਾਡੀਆਂ’ ਨੇ ਔਰਤ ਦੇ ਜਿਸਮਾਨੀ ਅਤੇ ਰੂਹਾਨੀ ਸੁਹੱਪਣ ਦਾ ਨਿਰੰਤਰ ਗੀਤ ਗਾਇਆ ਹੈ, ਦੂਜੇ ਪਾਸੇ ਕਿਤੇ ਪਿਉ ਦਾਦੇ ਦੀ ਪੱਗ ਤੇ ਕਿਤੇ ਕਬੀਲੇ ਦੇ ਇੱਜ਼ਤ/ਵੱਕਾਰ ਦੇ ਨਾਂ ‘ਤੇ ਸਭਿਅਤਾ ਦੇ ਗਿਠਮੁਠੀਏ ਪਹਿਰਦਾਰਾਂ ਵਲੋਂ ਔਰਤ ਨੂੰ ਫੁੱਲਾਂ ਵਾਂਗੂ ਖਿੜ ਕੇ ਜਿਉਣ ਤੋਂ ਰੋਕੀ ਰੱਖਣ ਲਈ, ਕਿਧਰੇ ਘੁੰਡ ਅੰਦਰ, ਕਿਧਰੇ ਬੁਰਕੇ ਅੰਦਰ, ਕਿਧਰੇ ਜੰਮਦਿਆਂ ਹੀ ਉਸ ਦੇ ਪੈਰੀਂ ਲੋਹੇ ਦੀ ਜੁੱਤੀ ਵਿਚ ਪਵਾ ਦੇਣ, ਉਸ ਨੂੰ ਮਹਿਜ਼ ਭੋਗ ਦੀ ਵਸਤੂ ਬਣਾਈ ਰੱਖਣ ਅਤੇ ਪਤਾ ਹੀ ਨਹੀਂ ਹੋਰ ਕਿਸ-ਕਿਸ ਤਰ੍ਹਾਂ ਦੇ ਬੇਸਿਰ-ਪੈਰ/ਬੇਹੂਦਾ ਉਸ਼ਟੰਡ ਖੜ੍ਹੇ ਕਰੀ ਰੱਖੇ ਹਨ। ਉਂਜ, ਅੱਜ ਕਲ੍ਹ ਯੂਨੀਵਰਸਿਟੀ ਕੈਂਪਸ ਵਿਚ ਜੀਨ ਪਹਿਨੀ ਕੁੜੀਆਂ ਨੂੰ ਭੱਜ-ਭੱਜ ਕੇ ਆਪਣੇ ਹਾਣੀਆਂ ਨੂੰ ਮਿਲਦਿਆਂ ਜਦੋਂ ਵੇਖੀਦਾ ਹੈ ਤਾਂ ਮਨ ਨੂੰ ਬੇਹੱਦ ਖੁਸ਼ੀ ਅਤੇ ਤਸੱਲੀ ਹੁੰਦੀ ਹੈ। ਅਸੀਂ ਜ਼ਿੰਦਗੀ ਵਿਚ ਕਾਰਲ ਮਾਰਕਸ ਦੇ ਖੁਆਬਾਂ ਦਾ ਇਨਕਲਾਬ ਵਾਪਰਦਾ ਵੇਖਣ ਦੀ ਕੋਈ ਕਾਮਨਾ ਕੀਤੀ ਸੀ; ਉਹ ਤਾਂ ਪੂਰਾ ਨਹੀਂ ਹੋਇਆ, ਪਰ ਸਾਡੇ ਜਿਉਂਦੇ-ਜੀਅ ਕੁੜੀਆਂ ਨੂੰ ਸਵੈ-ਪ੍ਰਗਟਾਵੇ ਲਈ ਮਿਲੀ ਖੁੱਲ੍ਹ ਦਾ ਇਨਕਲਾਬ, ਕੀ ਨਿੱਕੀ ਕਰਾਮਾਤ ਨਹੀਂ ਹੈ?
ਬਲਬੀਰ ਨੂੰ ਪਹਿਲਾਂ ਉਸ ਦਾ ਬਾਪ ਗੀਤ ਗਾਉਣ ਤੋਂ ਤਾਂ ਫਿਟੇ-ਤੋਏ ਕਰ ਕੇ ਰੋਕ ਦਿੰਦਾ ਹੈ; ਤੇ ਫਿਰ ਗਗਨ, ਉਸੇ ਤਰ੍ਹਾਂ ਦੀ ‘ਰਾਜਨੀਤੀ’ ਭਜਨੋ ਚਾਚੀ ਦੇ ਦੁਖਾਂਤ ਦੀ ਕਹਾਣੀ ਬਲਬੀਰ ਨੂੰ ਸੁਣਾ ਕੇ ਆਪਣੇ ਕਲਾਤਮਿਕ ਆਪੇ ਦੀ ਤਲਾਸ਼ ਦੇ ਰਾਹ ਪੈਣੋਂ ਵਰਜਦਾ ਨਜ਼ਰ ਆਉਂਦਾ ਹੈ (ਸਫਾ 39)। ਸਾਡੀਆਂ ਕੁੜੀਆਂ ਨੂੰ ਜਿਉਣ ਦੀ ਜੋ ਖੁੱਲ੍ਹ ਮਿਲੀ ਹੈ, ਉਸ ਪਿੱਛੇ ਸੰਸਾਰ ਸਾਹਿਤ ਅੰਦਰ ਜਾਗੀ ਹੋਈ ਜ਼ਮੀਰ ਵਾਲੇ ਅਨੇਕਾਂ ਲੇਖਕਾਂ ਅਤੇ ਮਹਾਨ ਕਲਾਕਾਰਾਂ ਨੇ ਦਿਲ ਦੇ ਲਹੂ ਦੇ ਰੂਪ ਵਿਚ ਭਾਰੀ ਕੀਮਤ ਅਦਾ ਕੀਤੀ ਹੋਈ ਹੈ। ਇਸੇ ਪ੍ਰਥਾਏ ਅਸੀਂ ਵੇਖਾਂਗੇ ਕਿ ‘ਟੈਸ’ ਨਾਵਲ ਜੋ ਸੰਸਾਰ ਸਾਹਿਤ ਦਾ ਕਲਾਸਿਕ ਹੈ, ਉਹ ਮਹਿਜ਼ ਟੈਸ ਦੇ ਦੁਖਾਂਤ ਦੀ ਹੀ ਕਹਾਣੀ ਨਹੀਂ ਹੈ। ਹਾਰਡੀ ਨੇ ਆਪਣੇ ਨਾਵਲ ਦਾ ਨਾਂ ‘ਡਰਬਰਵਿਲੇ ਦੀ ਟੈਸ: ਪਵਿੱਤਰ ਔਰਤ’ ਰੱਖਿਆ ਸੀ ਤਾਂ ਇੰਗਲੈਂਡ ਦੀ ਭੱਦਰ ਕਲਾਸ ਨੇ ਤੂਫਾਨ ਖੜ੍ਹਾ ਕਰ ਦਿੱਤਾ ਸੀ।
ਹਾਰਡੀ ਦੀ ‘ਟੈਸ’ ਈਸਾ ਮਸੀਹ ਵਾਂਗ ਪਵਿੱਤਰ ਹੈ। ਨਾਵਲ ਪੜ੍ਹਦਿਆਂ ਹਾਰਡੀ ਦਾ ਏਜੰਡਾ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ। ਤੇ ਇੰਗਲੈਂਡ ਦੇ ਉਨ੍ਹਾਂ ਸਮਿਆਂ ਦੇ ਮੁਨਸਿਫ ਉਸ ਦਾ ਰੇਪ ਕਰਨ ਵਾਲੇ ਐਲਕ ਵਰਗੇ ਕੁੱਤੇ ਬੰਦੇ ਦੀ ਹੱਤਿਆ ਕਰਨ ਦੇ ਦੋਸ਼ ਵਿਚ ਜਦੋਂ ਉਸ ਨੂੰ ‘ਸੂਲੀ’ ਉਤੇ ਚੜ੍ਹਾਉਣ ਦੀ ਸਜ਼ਾ ਸੁਣਾਉਂਦੇ ਹਨ ਤਾਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਟਾਮਸ ਹਾਰਡੀ ਕਿਸ ਸ਼ਿੱਦਤ ਨਾਲ ਟੈਸ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਿਹਾ ਹੈ।
30 ਕੁ ਵਰ੍ਹੇ ਪਹਿਲਾਂ ਹਰਿੰਦਰ ਸਿੰਘ ਮਹਿਬੂਬ ਨਾਲ ‘ਕਰਾਈਮ ਐਂਡ ਪਨਿਸ਼ਮੈਂਟ’ ਬਾਰੇ ਗੱਲਾਂ ਚੱਲ ਰਹੀਆਂ ਸਨ। ਮਹਿਬੂਬ ਦਾ ਵਿਸ਼ਵਾਸ ਸੀ ਕਿ ਦਾਸਤੋਵਸਕੀ ਗਰੀਬਾਂ ਦੀ ਮੁਕਤੀ ਦੇ ਨਾਂ ‘ਤੇ ਕਿਸੇ ਵੀ ਕਿਸਮ ਦੇ ਹਿੰਸਕ ਇਨਕਲਾਬ ਬੇਸ਼ਕ ਵਿਰੁਧ ਸੀ, ਪਰ ਉਸ ਦੀਆਂ ਲਿਖਤਾਂ ਗਰੀਬ ਤੇ ਬੇਸਹਾਰਾ ਲੋਕਾਈ ਦੇ ਦੁੱਖ ਦੀ ਬਾਤ ਅਜਿਹੇ ਦਰਦ ਅਤੇ ਸ਼ਿੱਦਤ ਨਾਲ ਪਾਉਂਦੀਆਂ ਹਨ ਕਿ ਸ਼ੋਸ਼ਣ ਕਰਨ ਵਾਲੀ ਰੱਜੀ-ਪੁੱਜੀ ਧਿਰ ਦੇ ਲੋਕ ਉਨ੍ਹਾਂ ਨੂੰ ਪੜ੍ਹ ਕੇ ਜੇ ਬੰਦੇ ਦੇ ਪੁੱਤ ਹੋਣ ਤਾਂ ਕਿਧਰੇ ਸ਼ਰਮ ਨਾਲ ਹੀ ਗਰਕ ਜਾਵਣ!
‘ਕਰਾਈਮ ਐਂਡ ਪਨਿਸ਼ਮੈਂਟ’ ਵਿਚ ਨਾਇਕਾ ਸੋਨੀਆ ਦੇ ਪਿਤਾ ਮਰਮੇਲਾਦੋਵ ਦੀ ਪਤਨੀ ਕੈਟੇਰੀਨਾ ਆਪਣੇ ਪਤੀ ਦੇ ਮਰਗ ਦੇ ਭੋਜ ਸਮੇਂ ਮਕਾਨ ਮਾਲਕਣ ਵਲੋਂ ਘਰੋਂ ਕੱਢ ਦਿੱਤੇ ਜਾਣ ‘ਤੇ ਆਪਣੇ ਮਾਸੂਮ ਬੱਚਿਆਂ ਨਾਲ ਸੜਕ ‘ਤੇ ਆ ਕੇ ਥਾਲੀ ਵਜਾਉਂਦਿਆਂ ਜਿਸ ਢੰਗ ਨਾਲ ਆਤਮਾ ਨੂੰ ਧੁਰ ਅੰਦਰ ਤਕ ਕੰਬਾ ਦੇਣ ਵਾਲਾ ਵਿਰਲਾਪ ਗੀਤ ਗਾਉਂਦੀ ਹੈ-ਸਿਰਜਣਹਾਰ ਵਿਰੁਧ ਉਸ ਕਿਸਮ ਦਾ ਭਿਆਨਕ ਰੋਸ ਪੂਰੇ ਵਿਸ਼ਵ ਸਾਹਿਤ ਵਿਚ ਅੱਜ ਤੱਕ ਸ਼ਾਇਦ ਹੀ ਕੋਈ ਪ੍ਰਗਟਾ ਸਕਿਆ ਹੋਵੇ। ਟਾਮਸ ਹਾਰਡੀ ਨੇ ਟੈਸ ਦੀ ਆਤਮਾ ਦੀ ਪਵਿੱਤਰਤਾ ਦਾ ‘ਗੀਤ’ ਲਿਖ ਕੇ ਉਸੇ ਤਰ੍ਹਾਂ ਦਾ ਕੌਤਕ ਕੀਤਾ ਸੀ। ਸੁਰਿੰਦਰ ਨੀਰ, ਬਲਬੀਰ ਦੀ ਹੋਂਦ ਦੇ ਅਰਥਾਂ ਦੀ ਤਲਾਸ਼ ਲਈ ਜਦੋ-ਜਹਿਦ ਦਾ ਤਰਕ ਦੇਣ ਖਾਤਰ ‘ਮਾਇਆ’ ਨਾਵਲ ਰਾਹੀਂ ਸਵੈ-ਪ੍ਰਗਟਾਵੇ ਅਤੇ ਸੁਤੰਤਰਤਾ ਦੀ ਤਾਂਘ ਬਾਰੇ ਅਜਿਹੇ ਸਦੀਵੀ ਪ੍ਰਾਜੈਕਟ ਵਿਚ ਹੀ ਤਾਂ ਹਿੱਸਾ ਪਾ ਰਹੀ ਹੈ। ਫਿਓਦੋਰ ਦਾਸਤੋਵਸਕੀ ਵੀ ਇਨਸਾਨ ਦੇ ਸਵੈ-ਮਾਣ ਨੂੰ ਜ਼ਿੰਦਗੀ ਦੀ ਸਭ ਤੋਂ ਮੁੱਲਵਾਨ ਕਦਰ ਮੰਨ ਕੇ ਆਪਣੇ ਸਾਰੇ ਨਾਵਲਾਂ ਵਿਚ ਇਹੋ ਕੰਮ ਹੋਰ ਵੀ ਵਧੇਰੇ ਸ਼ਿੱਦਤ ਨਾਲ ਕਰ ਰਿਹਾ ਸੀ।
‘ਜੰਗ ਤੇ ਅਮਨ’ ਨਾਵਲ ਨੂੰ ਬੇਸ਼ਕ ‘ਮਾਇਆ’ ਵਾਂਗੂ ਸਵੈ ਦੇ ਅਰਥਾਂ ਦੀ ਤਲਾਸ਼ ਦਾ ਨਾਵਲ ਨਹੀਂ ਕਿਹਾ ਜਾ ਸਕਦਾ, ਪਰ ਉਸ ਵਿਚ ਜੀਵਨ ਦੀ ਲੀਲ੍ਹਾ ਦਾ ਜਲਵਾ ਜਿਸ ਸ਼ਾਨ ਨਾਲ ਟਾਲਸਟਾਏ ਨੇ ਉਜਾਗਰ ਕੀਤਾ ਹੈ, ਉਸ ਰੂਪ ਵਿਚ ਪਹਿਲਾਂ ਜਾਂ ਪਿੱਛੋਂ ਕਿਸੇ ਵੀ ਹੋਰ ਲੇਖਕ ਤੋਂ ਪੈਦਾ ਨਹੀਂ ਹੋ ਸਕਿਆ। ਨਾਵਲ ਵਿਚ 500 ਤੋਂ ਵੱਧ ਜੋ ਕਿਰਦਾਰ ਹਨ, ਹਰ ਇਕ ਦੀ ਆਪੋ-ਆਪਣੀ ਵਿਲੱਖਣ ਸ਼ਖਸੀਅਤ ਉਜਾਗਰ ਹੁੰਦੀ ਹੈ। ਲੇਖਕ ਨੇ ਇਤਿਹਾਸ ਦੇ ਪੂਰੇ ਯੁੱਗ ਦੀ ਸਪਿਰਟ ਨੂੰ ਹੀ ਕੈਪਚਰ ਕਰਨ ਦੀ ਬੇਮਿਸਾਲ ਕੋਸ਼ਿਸ਼ ਕੀਤੀ ਹੋਈ ਹੈ। ਨਿਪੋਲੀਅਨ ਦੀਆਂ ਜੰਗੀ ਮੁਹਿੰਮਾਂ ਦੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਬਾਰੇ ਵੇਰਵੇ ਜੇ ਸਾਰੇ ਨਾਵਲੀ ਬਿਰਤਾਂਤ ਦੇ ਆਰ-ਪਾਰ ਫੈਲੇ ਹੋਏ ਹਨ ਤਾਂ ਕਿਸੇ ਜ਼ਮਾਨੇ ਵਿਚ ਚੱਲੀ ਸਿੰਘ ਸਭਾ ਲਹਿਰ ਦੇ ਪੈਟਰਨ ‘ਤੇ ਉਨ੍ਹਾਂ ਜ਼ਮਾਨਿਆਂ ਵਿਚ ਰੂਸ ਅੰਦਰ ਚੱਲ ਰਹੇ ਫਰੀਮੇਸਨਰੀ ਨਾਂ ਦੇ ਧਾਰਮਿਕ ਅੰਦੋਲਨ ਦੇ ਪ੍ਰਭਾਵਾਂ ਦਾ ਜ਼ਿਕਰ ਵੀ ਟਾਲਸਟਾਏ ਨੇ ਭਰਪੂਰ ਰੂਪ ਵਿਚ ਕੀਤਾ ਹੈ। ਨਾਵਲ ਦੇ ਨਾਇਕ ਰਾਜਕੁਮਾਰ ਪੇਅਰ ਨੂੰ ਵਜੂਦਯੇਵ ਨਾਂ ਦੇ ਫਰੀਮੇਸਨ ਫਕੀਰ ਦੇ ਪ੍ਰਵਚਨਾਂ ਦੀ ਸਹਾਇਤਾ ਨਾਲ ਚੜ੍ਹਦੀ ਜਵਾਨੀ ਵਿਚ ਘੋਰ ਨਿਰਾਸ਼ਾ ਦੀ ਸਥਿਤੀ ਵਿਚੋਂ ਉਭਰਦਾ ਵਿਖਾਇਆ ਗਿਆ ਹੈ। ਰਾਜਕੁਮਾਰ ਆਂਦਰੇਈ ਦੀ ਸ਼ਖਸੀਅਤ ਦਾ ਵਰਣਨ ਕਮਾਲ ਦਾ ਹੈ, ਪਰ ਪੂਰੇ ਯੁੱਗ ਦਾ ਚਿਤਰਨ ਹੋਣ ਦੇ ਬਾਵਜੂਦ ਬਾਕੀ ਸਾਰੀ ਕਹਾਣੀ ਨਾਵਲ ਦੀ ਨਾਇਕਾ ਨਤਾਸ਼ਾ ਦੇ ਅਲੌਕਿਕ ਸੁਹੱਪਣ ਦਾ ਜਲਵਾ ਖੜ੍ਹਾ ਕਰਨ ਲਈ ਰਚਿਆ ਗਿਆ ਵਿਸ਼ਾਲ ਪ੍ਰਵਚਨ ਹੀ ਪ੍ਰਤੀਤ ਹੋਣ ਲੱਗ ਪੈਂਦੀ ਹੈ।
ਸੁਰਿੰਦਰ ਨੀਰ ਬਲਬੀਰ ਦੀ ਸ਼ਖਸੀਅਤ ਨੂੰ ਉਸੇ ਸੁਹਜ ਨਾਲ ਉਸਾਰਦੀ ਹੈ ਜਿਸ ਸੁਹਜ ਨਾਲ ਟਾਲਸਟਾਏ ਨੇ ਨਤਾਸ਼ਾ ਦੇ ਕਿਰਦਾਰ ਦੀ ਉਸਾਰੀ ਕੀਤੀ ਸੀ। ‘ਮਾਇਆ’ ਦੇ ਪੰਨਾ 23 ਉਪਰ ਲੇਖਿਕਾ ਵੱਲੋਂ ਬਲਬੀਰ ਦੇ ਜਨਮ ਸਮੇਂ ਕਾਇਨਾਤ ਵਿਚ ਉਸ ਦਾ ਸੁਆਗਤ ਅੰਮਾਂ ਵਲੋਂ ਉਸ ਦੇ ਕੰਨਾਂ ਵਿਚ
ਮੈਂ ਵਾਰੀ ਮੈਂ ਵਾਰੀ ਨੀ ਸੰਮੀਏ
ਸੰਮੀ ਮੇਰੀ ਵਾਰæææ
ਮੈਂ ਵਾਰੀ ਮੈਂ ਵਾਰੀ ਨੀ ਸੰਮੀਏ।
ਦੇ ਬੋਲਾਂ ਨਾਲ ਕੀਤਾ ਗਿਆ ਦੱਸਿਆ ਹੈ। ਕਮਾਲ ਦੀ ਗੱਲ ਹੈ ਕਿ ਇਸ ਲੋਕ ਗੀਤ ਦੀ ਆਤਮਾ ਨੂੰ ਧੂਹ ਪਾਉਣ ਵਾਲੇ ਬੋਲ ਨਾਵਲ ਦੀ ਸਾਰੀ ਲੰਮੀ ਕਥਾ ਦੇ ਆਰ-ਪਾਰ ਫੈਲੇ ਹੋਏ ਹਨ। ਅਖੀਰ ਬਲਬੀਰ ਦੇ ਬੱਚੇ ਦੇ ਜਨਮ ‘ਤੇ ਉਸ ਦਾ ਨਾਂ ਵੀ ਸੰਮੀ ਹੀ ਧਰਿਆ ਜਾਵੇਗਾ।
ਲਿਓ ਟਾਲਸਟਾਏ ਜਿਸ ਤਰ੍ਹਾਂ ਵੱਖ-ਵੱਖ ਨਾਚਾਂ ਤੇ ਮੁਦਰਾਵਾਂ ਦੇ ਦਿਲਕਸ਼ ਬਿਆਨ ਰਾਹੀਂ ਨਾਵਲੀ ਬਿਰਤਾਂਤ ਨੂੰ ਤਾਕਤਵਰ ਬਣਾਉਂਦਾ ਹੈ, ਉਸੇ ਤਰ੍ਹਾਂ ਸੰਮੀ ਗੀਤ ਦੇ ਬੋਲ ‘ਮਾਇਆ’ ਦੇ ਬਿਰਤਾਂਤ ਨੂੰ ਨਿਰੰਤਰ ਤਾਜ਼ਗੀ ਬਖਸ਼ਦੇ ਹਨ। ਪੀਟਰਸਬਰਗ ਵਿਖੇ ਜ਼ਾਰ ਅਲੈਗਜੈਂਡਰ ਦੀ ਮੌਜੂਦਗੀ ਵਿਚ 17 ਵਰ੍ਹਿਆਂ ਦੀ ਨਤਾਸ਼ਾ ਜਦੋਂ ਪਹਿਲੀ ਵਾਰ ਰਾਜਕੁਮਾਰ ਆਂਦਰੇਈ ਨਾਲ ਨਾਚ ਦੇ ਗੇੜੇ ‘ਤੇ ਗੇੜੇ ਦਿੰਦੀ ਹੈ, ਉਸ ਬਾਰੇ ਅਜਿਹਾ ਦਿਲਕਸ਼ ਬਿਰਤਾਂਤ ਭਲਾ ਦੁਬਾਰਾ ਕੋਈ ਕੀ ਲਿਖੇਗਾ? ਤੇ ਕਿਹੜਾ ਮਾਈ ਦਾ ਲਾਲ ਕੇਰਾਂ ਪੜ੍ਹ ਲੈਣ ਤੋਂ ਬਾਅਦ ਉਸ ਨੂੰ ਭੁੱਲ ਸਕੇਗਾ? ਕਲਾ ਦਾ ਸਮੁੱਚਾ ਜੁਗਾੜ ਸਮਰੱਥਾ ਦੀ ਇੰਤਹਾ ਛੂਹ ਸਕਣ ਦੀ ਮਨੁੱਖੀ ਸਿੱਕ ਦਾ ਇਤਿਹਾਸ ਹੀ ਤਾਂ ਹੈ ਅਤੇ ‘ਮਾਇਆ’ ਵਿਚ ਅਜਿਹੇ ਜਲਵੇ ਇਕ ਵਾਰ ਨਹੀਂ, ਅਨੇਕ ਵਾਰ ਸਾਹਮਣੇ ਆਉਂਦੇ ਹਨ।
ਵਰਮੌਂਟ ਵਿਚ ਬਲਬੀਰ ਜਦੋਂ ਜਾਂਬੀਆ ਦੀ ਕਾਲੀ ਸ਼ਹਿਜ਼ਾਦੀ ਈਮਾ ਦੇ ਨਗਨ ਜਿਸਮ ‘ਤੇ ਪੇਂਟਿੰਗ ਕਰਦੀ ਹੈ ਅਤੇ ਬਾਅਦ ਵਿਚ ਉਸੇ ਸੂਰਤ ਵਿਚ ਉਸ ਦੇ ਨ੍ਰਿਤ ਦਾ ਬਿਰਤਾਂਤ ਜਿਵੇਂ ਸੁਰਿੰਦਰ ਨੀਰ ਨੇ ਖੜ੍ਹਾ ਕੀਤਾ ਹੈ, ਪੜ੍ਹਦਿਆਂ ਆਦਮੀ ਰੂਹ ਥੱਰਥਰਾ ਜਾਂਦੀ ਹੈ! ਇਹ ਸੁਹੱਪਣ ਦਾ ਜਸ਼ਨ ਜਾਂ ਕਲਪਨਾ ਸ਼ਕਤੀ ਦਾ ਕਮਾਲ ਨਹੀਂ ਤਾਂ ਹੋਰ ਕੀ ਹੈ?
ਨਾਵਲ ਦੇ ਪੰਨਾ 411 ਉਪਰ ਜ਼ਰਾ ਈਮਾ ਦੇ ਸ਼ਬਦਾਂ ਵਿਚ ਸੁਣੋ:
“ਅੱਜ ਮੇਰੇ ਸਰੀਰ ਦਾ ਸਹੀ ਉਪਯੋਗ ਹੋਇਆ ਹੈ। ਮਾਇਆ ਕੁਦਰਤ ਨੇ ਅਗਰ ਮੈਨੂੰ ਏਨਾ ਖੂਬਸੂਰਤ ਜਿਸਮ ਦਿੱਤਾ ਹੋਇਆ ਹੈ ਤਾਂ ਸਿਰਫ ਇਸ ਲਈ ਹੀ ਨਹੀਂ ਕਿ ਮੈਂ ਚਟਕੀਲੇ, ਛਮ-ਛਮ ਕਰਦੇ ਕੱਪੜੇ ਪਾ ਕੇ ਸਟੇਜ ਉਤੇ ਉਤੇਜਿਤ ਨ੍ਰਿਤ ਕਰ ਕੇ ਦਰਸ਼ਕਾਂ ਨੂੰ ਖੁਸ਼ ਕਰਾਂ; ਬਲਕਿ ਇਹ ਸਰੀਰ ਰੱਬ ਨੇ ਮੈਨੂੰ ਵਰਦਾਨ ਵਾਂਗ ਦਿੱਤਾ ਹੈ ਕਿ ਮੈਂ ਇਸ ਨੂੰ ਆਰਟ ਦਾ ਨਮੂਨਾ ਬਣਾਵਾਂ। ਤੇ ਤੂੰ ਅੱਜ ਮੇਰੇ ਜਿਸਮ ਨੂੰ ਕਲਾਕ੍ਰਿਤੀ ਦਾ ਰੂਪ ਦੇ ਕੇ ਇਸ ਦਾ ਸਹੀ ਮਾਅਨਿਆਂ ਵਿਚ ਆਦਰ ਕੀਤਾ ਹੈ।” ਆਖਦਿਆਂ ਈਮਾ ਨੇ ਮਾਇਆ ਦਾ ਮੱਥਾ, ਮੂੰਹ ਤੇ ਬੁੱਲ੍ਹ ਚੁੰਮ ਲਏ।
‘ਜੰਗ ਅਤੇ ਅਮਨ’ ਨਾਵਲ ਵਿਚ ਟਾਲਸਟਾਏ ਨੇ ਆਰਤੀ ਤਾਂ ਨਤਾਸ਼ਾ ਦੇ ਰੂਪ ਵਿਚ ਜ਼ਿੰਦਗੀ ਦੇ ਸੁਹੱਪਣ ਦੇ ਸਿਖਰ ਦੀ ਉਤਾਰਨੀ ਹੈ, ਜ਼ਿੰਦਗੀ ਦੇ ਵਿਸ਼ਾਲ ਮੇਲੇ ਦਾ ਬਾਕੀ ਸਾਰਾ ਬਿਰਤਾਂਤ ਉਸ ਦੇ ਆਭਾ ਮੰਡਲ ਨੂੰ ਅਲੌਕਿਤ ਕਰਨ ਲਈ ਹੀ ਖੜ੍ਹਾ ਕੀਤਾ ਜਾਵੇਗਾ। ਇਸੇ ਤਰ੍ਹਾਂ ਸੁਰਿੰਦਰ ਨੀਰ ਦੀ ਕਥਾ ਅੰਦਰ ਬਲਬੀਰ ਸਵੈ ਜਾਂ ਜੀਵਨ ਦੇ ਅਰਥਾਂ ਦੀ ਤਲਾਸ਼ ਦੀ ਯਾਤਰਾ ‘ਤੇ ਤੁਰਦਿਆਂ ਆਪਣੀ ਸਾਰੀ ਸਾਦਗੀ ਵਿਚ ਭਾਂਤ-ਸੁਭਾਂਤੇ ਰਹੱਸਵਾਦੀ ਪ੍ਰਵਚਨਾਂ ਦੇ ਪ੍ਰਪੰਚ ਦੀ ਨੁਮਾਇੰਦਗੀ ਕਰ ਰਹੇ ਗੁਰੂ ਸਿਧਾਰਥ ਨਾਲ ਸਿਖਰਲੇ ਸੰਵਾਦ ਵੱਲ ਜਦੋਂ ਵਧੇਗੀ ਤਾਂ ਪਿੱਠ-ਭੂਮੀ ਵਿਚ ਜ਼ਿੰਦਗੀ ਦੇ ਸਮੂਹ ਦੁੱਖਾਂ-ਸੁੱਖਾਂ, ਨੇਕੀ-ਬਦੀ ਅਤੇ ਸਮਕਾਲੀ ਇਤਿਹਾਸ ਦੇ ਤਮਾਮ ਵੇਰਵੇ ਵੀ ‘ਜੰਗ ਤੇ ਅਮਨ’ ਨਾਵਲ ਦੇ ਵੇਰਵਿਆਂ ਵਾਂਗ ਸ਼ਾਮਲ ਹੁੰਦੇ ਚਲੇ ਜਾਣਗੇ।
ਬਲਬੀਰ ਅਤੇ ਉਸ ਤੋਂ ਪਹਿਲਾਂ ਉਸ ਦੀ ਸਹੇਲੀ ਸਪੱਰਸ਼ ਅਤੇ ਸਾਹਿਬਜੀਤ ਦੀ ਵੱਡੀ ਭੈਣ ਰੀਟਾ ਰਵਾਇਤ ਦੇ ਖਿਲਾਫ ਵਿਦਰੋਹ ਕਰਦਿਆਂ ਘਰੋਂ ਨਿਕਲ ਕੇ ਜਦੋਂ ਆਪੋ-ਆਪਣੇ ਸੰਗਰਾਮ ਦੇ ਰਾਸਤੇ ਪੈਂਦੀਆਂ ਹਨ ਤਾਂ ਐਨ ਉਸੇ ਸਮੇਂ ਉਨ੍ਹਾਂ ਦਾ ਸਿੱਖ ਭਾਈਚਾਰਾ ਵੀ ਆਪਣੀ ‘ਹਸਤੀ ਤੇ ਹੋਣੀ’ ਨੂੰ ਨਵੇਂ ਸਿਰਿਉਂ ਪਰਿਭਾਸ਼ਤ ਕਰਨ ਖਾਤਰ ਕੇਂਦਰੀ ਸਰਕਾਰ ਵਿਰੁਧ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਲਈ ਤਿਆਰ ਹੋ ਰਿਹਾ ਹੈ।
ਨਾਵਲ ਦੇ ਪੰਨਾ 75 ਉਪਰ ਮੋਰਚੇ ਦਾ ਪਿਛੋਕੜ ਇਸ ਤਰ੍ਹਾਂ ਦੱਸਿਆ ਗਿਆ ਹੈ:
ਅਜ਼ਾਦੀ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵਰਗੇ ਸਿੱਖ ਸਿਆਸਤਦਾਨਾਂ ਨੇ ਜਦੋਂ ਮੁਹੰਮਦ ਅਲੀ ਜਿਨਾਹ ਦੀ ਵੱਖਰੇ ਮੁਸਲਿਮ ਦੇਸ਼ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਹਿੰਦੋਸਤਾਨ ਦੇ ਟੁਕੜੇ ਕਰ ਕੇ ਗਲਤ ਫੈਸਲਾ ਹੋਵੇਗਾ; ਫਿਰ ਵੀ ਮੁਸਲਮਾਨਾਂ ਨੂੰ ਜੇਕਰ ਵੱਖਰਾ ਮੁਲਕ ਦਿੱਤਾ ਗਿਆ ਤਾਂ ਸਿੱਖ ਵੀ ਤੀਜੀ ਧਿਰ ਹੋਣ ਦੇ ਨਾਤੇ ਆਜ਼ਾਦ ਪੰਜਾਬ ਦੇ ਨਾਂ ਉਤੇ ਆਪਣੇ ਲਈ ਵੱਖਰਾ ਹੋਮਲੈਂਡ ਮੰਗਣ ਲਈ ਮਜਬੂਰ ਹੋ ਜਾਣਗੇ। (ਕਾਂਗਰਸੀ ਨੇਤਾਵਾਂ ਨੇ) ਇਸ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਇਸ ਦਾ ਸਮਰਥਨ ਤਾਂ ਕੀਤਾ, ਪਰ ਪਾਕਿਸਤਾਨ ਬਣ ਜਾਣ ਪਿੱਛੋਂ ਜਦੋਂ ਸਿੱਖਾਂ ਨੇ ਨਵੀਂ ਬਣੀ ਸਰਕਾਰ ਤੋਂ ਵੱਧ ਅਧਿਕਾਰਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਨਿਰਾਸ਼ਾ ਤੋਂ ਸਿਵਾਏ ਕੱਖ ਪੱਲੇ ਨਾ ਪਿਆ। ਇਹੀ ਗਮ, ਬੇਇਜ਼ਤੀ ਤੇ ਨਿਰਾਸ਼ਾ ਪੰਜਾਬ ਦੇ ਸੰਘਰਸ਼ ਨੂੰ ਧਾਰਮਿਕ, ਸਮਾਜਕ ਤੇ ਸਿਆਸੀ ਤੌਰ ‘ਤੇ ਉਸ ਮੋੜ ਤੱਕ ਲੈ ਆਈ ਜਿੱਥੇ ਅੱਗ ਦੇ ਬੀਜ ਵੀ ਪੰਜਾਬ ਦੀ ਧਰਤੀ ਵਿਚ ਵਧੇਰੇ ਝਾੜ ਦੇਣ ਵਾਲੀਆਂ ਵਿਦੇਸ਼ੀ ਫਸਲਾਂ ਵਾਂਗ ਹੀ ਬੀਜੇ ਗਏ।
ਅੱਗ ਦੇ ਇਸ ਦਾਵਾਨਲ ਦੀਆਂ ਲਪਟਾਂ ਆਮ ਮਜ਼ਲੂਮ ਲੋਕਾਂ ਦੇ ਸਮੂਹਿਕ ਕਤਲਾਂ, ਧਰਮ ਸਥਾਨਾਂ ਦੀ ਬੇਅਦਬੀ ਤੇ ਲੁੱਟ-ਮਾਰ ਦੇ ਰੂਪ ਵਿਚ ਉਠਣ ਲੱਗ ਪਈਆਂ ਤਾਂ ਪੰਜਾਬ ਦੇ ਨਾਲ-ਨਾਲ ਸਾਰਾ ਦੇਸ਼ ਹੀ ਥਰਥਰਾ ਉਠਿਆ।

ਸੁਰਿੰਦਰ ਨੀਰ ਲਿਖਦੀ ਹੈ, ਪੰਜਾਬ ਨੂੰ ਗੁਲਾਮੀ ਤੋਂ ਮੁਕਤ ਕਰਨਾ ਹੈ, ਸਿਆਸੀ ਸਲੋਗਨ ਸੀ ਜਾਂ ਧਾਰਮਿਕ। ਇਸ ਸਲੋਗਨ ਦੀ ਅਸਲੀਅਤ ਜਾਂ ਇਸ ਦੇ ਸਹੀ ਅਰਥਾਂ ਨੂੰ ਪਤਾ ਨਹੀਂ ਕਿਤਨੇ ਕੁ ਲੋਕ ਸਮਝਦੇ ਸਨ, ਪਰ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਿੱਖਾਂ ਨੂੰ ਕਿਸ ਗੁਲਾਮੀ ਤੋਂ ਅਜ਼ਾਦੀ ਚਾਹੀਦੀ ਸੀ? ਉਨ੍ਹਾਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਿੱਖ ਪੰਥ ਖਤਰੇ ਵਿਚ ਹੈ। ਧਰਮ ਦੀ ਆਨ ਬਚਾਉਣੀ ਹੈ। ਇਸ ਲਈ ਉਹ ਜਥਿਆਂ ਦੇ ਰੂਪ ਵਿਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵੱਲ ਕੂਚ ਕਰ ਕੇ ਧਰਮ ਯੁੱਧ ਮੋਰਚੇ ਵਿਚ ਸ਼ਾਮਲ ਹੋਣ।
ਨਾਵਲ ਦੇ ਪੰਨਾ 76 ਦੇ ਬਿਰਤਾਂਤ ਅਨੁਸਾਰ ਜੰਮੂ ਦਾ ਨੌਜਵਾਨ ਸਤਿੰਦਰ ਸਿੰਘ ਖਾਲਸਾ, ਸੰਤਾਂ ਦਾ ਪੈਰੋਕਾਰ ਬਣ ਚੁੱਕਾ ਹੈ ਅਤੇ ਆਪਣੀ ਭੈਣ ਰੀਟਾ ਦੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਮਹਾਜਨਾਂ ਦੇ ਮੁੰਡੇ ਨਾਲ ਘਰੋਂ ਭੱਜਣ ਤੋਂ ਨਿਰਾਸ਼ ਅਤੇ ਬਦਲੇ ਦੀ ਅੱਗ ਵਿਚ ਭੱਜ ਰਿਹਾ ਨੌਜਵਾਨ ਸਾਹਿਬਜੀਤ ਸਿੰਘ ਵੀ ਇਸ ਅੰਦੋਲਨ ਵਿਚ ਸ਼ਾਮਲ ਹੋਣ ਲਈ ਸਤਿੰਦਰ ਸਿੰਘ ਖਾਲਸਾ ਕੋਲ ਜਾ ਤਰਲਾ ਮਾਰਦਾ ਹੈ।
ਇਸ ਤੋਂ ਬਾਅਦ ਆਪ੍ਰੇਸ਼ਨ ਬਲੂ ਸਟਾਰ ਦਾ ਭਿਆਨਕ ਕਾਂਡ, ਦਿੱਲੀ ਦੰਗਿਆਂ ਦਾ ਦੁਖਾਂਤ, ਆਪ੍ਰੇਸ਼ਨ ਬਲੈਕ ਥੰਡਰ ਅਤੇ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਬਲਬੀਰ ਤੇ ਸਾਹਿਬਜੀਤ ਦੇ ਪਰਿਵਾਰ ਅਤੇ ਜੰਮੂ ਕਸ਼ਮੀਰ ਸਮੇਤ ਦੇਸ਼ ਭਰ ਵਿਚ ਸਮੂਹ ਸਿੱਖ ਭਾਈਚਾਰੇ ‘ਤੇ ਪੈਣ ਵਾਲੇ ਮਨਹੂਸ ਸਾਏ ਨਾਲ ਸਬੰਧਤ ਵੇਰਵੇ ਨਾਵਲ ਦੀ ਕਥਾ ਵਿਚ ਇੰਜ ਨਿਰਪੱਖਤਾ ਅਤੇ ਸਪੱਸ਼ਟਤਾ ਨਾਲ ਸੰਜੋਏ ਹੋਏ ਹਨ ਕਿ ਪਾਠਕ ਦੰਗ ਰਹਿ ਜਾਂਦਾ ਹੈ। ਸਤਿੰਦਰ ਸਿੰਘ ਖਾਲਸਾ ਆਪ੍ਰੇਸ਼ਨ ਦੌਰਾਨ ਸ਼ਹੀਦ ਹੋ ਜਾਂਦਾ ਹੈ ਜਦੋਂ ਕਿ ਸਾਹਿਬਜੀਤ ਸਿੰਘ ਅਤੇ ਸੰਦੀਪ ਸਿੰਘ ਵਿਪਰੀਤ ਦਿਸ਼ਾਵਾਂ ਵਿਚ ਆਪੋ-ਆਪਣੇ ਰਾਹਾਂ ‘ਤੇ ਅੱਗੇ ਵਧ ਜਾਂਦੇ ਹਨ। ਅੰਦੋਲਨ ਦੇ ਅੰਤਿਮ ਦੌਰ ਵਿਚ ਲਹਿਰ ਦੇ ਵਿਚਲਤ ਹੋ ਜਾਣ ‘ਤੇ ਜੋ ਭਿਆਨਕ ਘੜਮੱਸ ਪੈਂਦੀ ਹੈ, ਉਸ ਨੂੰ ਸ਼ਮਸ਼ੇਰ ਤੇ ਤਾਰਿਕ ਚੌਧਰੀ ਅਤੇ ਉਨ੍ਹਾਂ ਦੇ ਨਾਲ ਹੀ ਸੰਦੀਪ ਸਿੰਘ ਦੀ ਬਰਬਾਦੀ ਨੂੰ ਜਿਸ ਡੂੰਘੀ ਨੀਝ ਨਾਲ ਅੰਕਿਤ ਕੀਤਾ ਗਿਆ ਹੈ; ਉਹ ਹੈਰਤ-ਅੰਗੇਜ਼ ਹੈ। ਇਹ ਬਿਰਤਾਂਤ ਪੜ੍ਹਦਿਆਂ ‘ਜੰਗ ਅਤੇ ਅਮਨ’ ਸਮੁੱਚੇ ਬਿਰਤਾਂਤ ਦੇ ਆਰ-ਪਾਰ ਫੈਲੇ ਹੋਏ ਨਿਪੋਲੀਅਨ ਦੀ ਜਿੱਤ ਅਤੇ ਬਾਅਦ ਵਿਚ ਬਰਬਾਦੀ ਦੇ ਵੇਰਵੇ ਚੇਤਿਆਂ ਵਿਚ ਉਭਰੀ ਜਾਂਦੇ ਹਨ।
ਬਲਬੀਰ ਦੀ ਮਾਤਾ, ਸਪੱਰਸ਼, ਸਾਹਿਬਜੀਤ, ਜਸਬੀਰ ਕੌਰ, ਸੂਖਮ, ਪ੍ਰੋæ ਬ੍ਰਹਮ ਜਗਦੀਸ਼, ਸੋਨੀਆ, ਤਾਬਿੰਦਾ, ਡਾæ ਕੇਮੂੰ ਰਤਨ, ਈਮਾ, ਅੰਜ਼ੁਮ ਕਾਜ਼ਮੀ ਨੇਕੀ ਦੀਆਂ ਸ਼ਕਤੀਆਂ ਦੇ ਰੂਪ ਵਿਚ ਅਤੇ ਦੂਜੇ ਪਾਸੇ ਬਲਬੀਰ ਦਾ ਭਰਾ ਸੰਦੀਪ ਸਿੰਘ, ਰਘੁਦੇਵ ਮਹਾਜਨ, ਚੰਡੀਗੜ੍ਹ ਸਮੀਰ ਆਰਟ ਸਟੂਡੀਓ ਵਾਲਾ ਸਮੀਰ ਅਤੇ ਮੈਨਿਨ ਬਦੀ ਦੀਆਂ ਸ਼ਕਤੀਆਂ ਦੇ ਰੂਪ ਵਿਚ ਬਲਬੀਰ ਦੀ ਅਰਥਾਂ ਦੀ ਤਲਾਸ਼ ਦੀ ਯਾਤਰਾ ਦੀ ਇਸ ਮਹਾਂ-ਕਥਾ ਵਿਚ ਪੂਰੀ ਸ਼ਿੱਦਤ ਨਾਲ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਇਕ ਤਰ੍ਹਾਂ ਨਾਲ ਇਹ ਸਾਰੇ ਲੋਕ ਮਾਧਿਅਮ ਹਨ ਜਿਨ੍ਹਾਂ ਰਾਹੀਂ ਸੁਰਿੰਦਰ ਨੀਰ ਪਾਠਕਾਂ ਦੇ ਜ਼ਿਹਨ ਵਿਚ ਬਲਬੀਰ ਦੀ ਮਨਮੋਹਕ ਤਸਵੀਰ ਉਸਾਰਨ ਲਈ ਜਦੋ-ਜਹਿਦ ਕਰ ਰਹੀ ਹੈ।
ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਕਲਾ ਸਾਡੀ ਕਿਧਰੇ ਇਕ ਅਤੇ ਕਿਧਰੇ ਦੂਜੀ ਫਾਰਮ ਵਿਚ ਕਾਇਨਾਤ ਦੇ ਸੁਹੱਪਣ ਦਾ ਗਾਇਨ ਤਾਂ ਹੈ ਹੀ, ਇਹ ਇਨਸਾਨੀ ਸ਼ਖਸੀਅਤ ਦੇ ਰਹੱਸ ਅਤੇ ਵੱਖ-ਵੱਖ ਆਯਾਮਾਂ ਦੀ ਪੜਤਾਲ ਦਾ ਯਤਨ ਵੀ ਹੈ। ਕਾਦਰ ਦਾ ਰੂਪ ਜਾਂ ਸੁਭਾਅ ਕੀ ਹੈ; ਕਾਇਨਾਤ ਜਾਂ ਇਨਸਾਨ ਨਾਲ ਕਾਦਰ ਦਾ ਰਿਸ਼ਤਾ ਕੀ ਹੈ; ਇਹ ਕੇਂਦਰੀ ਸਵਾਲ ਹਨ, ਠੀਕ ਹੈ; ਪਰ ਜਿਸ ਸਵਾਲ ਨੇ ਕਲਾਕਾਰਾਂ ਦਾ ਧਿਆਨ ਸਭ ਤੋਂ ਵੱਧ ਸ਼ਿੱਦਤ ਨਾਲ ਸਦਾ ਹੀ ਮੱਲੀ ਰੱਖਿਆ ਹੈ, ਉਹ ਹੈ ਇਨਸਾਨ ਦੀ ਆਪਣੀ ਹੋਂਦ ਦੇ ਅਰਥਾਂ ਦੀ ਤਲਾਸ਼ ਅਤੇ ਔਰਤ ਤੇ ਮਰਦ ਦੀ ਖਿੱਚ ਜਾਂ ਰਿਸ਼ਤੇ ਦੇ ਵੱਖ-ਵੱਖ ਪਹਿਲੂਆਂ ਦੀ ਨਿਰੰਤਰ ਦੀ ਇਨਕੁਐਰੀ। ਦਰਅਸਲ ਇਹ ਇਕੋ ਪ੍ਰੋਜੈਕਟ ਹੈ ਅਤੇ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਨਹੀਂ ਜਾ ਸਕਦਾ।
ਔਰਤ ਨੂੰ ਮਰਦ ਦੀ ਸਵੀਕ੍ਰਿਤੀ ਦੀ ਜ਼ਰੂਰਤ ਹੈ, ਬੱਚੇ ਦੀ ਜ਼ਰੂਰਤ ਹੈ ਅਤੇ ਆਪਣੇ ਕਲਾਤਮਿਕ ਆਪੇ ਦੀ ਅਭਿਵਿਅਕਤੀ ਲਈ ਸੁਤੰਤਰਤਾ ਦੀ ਵੀ ਜ਼ਰੂਰਤ ਹੈ। ਜ਼ਿੰਦਗੀ ਦੇ ਮਹਾਂ ਜਸ਼ਨ ਵਿਚ ਵੱਖ-ਵੱਖ ਨਾਇਕਾਵਾਂ ਨੂੰ ਲੈ ਕੇ ਅਸੀਂ ਵੇਖ ਚੁੱਕੇ ਹਾਂ ਕਿ ਅਕਸਰ ਹੀ ਕਿਸੇ ਪ੍ਰਮਾਣਕ ਬਾਹਰੀ ਆਤਮਾ ਦੀ ਭਟਕਣ ਨੂੰ ਅੰਤਿਮ ਰਾਹਤ ਅਜਿਹਾ ਸਾਰਾ ਕੁਝ ਵਾਪਰ/ਪ੍ਰਾਪਤ ਹੋ ਜਾਣ ‘ਤੇ ਵੀ ਨਹੀਂ ਮਿਲਦੀ; ਮਿਲ ਸਕਦੀ ਹੀ ਨਹੀਂ।
(ਚਲਦਾ)

Be the first to comment

Leave a Reply

Your email address will not be published.