ਗੁਲਜ਼ਾਰ ਸਿੰਘ ਸੰਧੂ
ਸੁਤੰਤਰਤਾ ਪ੍ਰਾਪਤੀ ਲਈ ਮਿਥੀ ਗਈ ਮਿਤੀ 15 ਅਗਸਤ ਦੇ ਨੇੜੇ-ਤੇੜੇ ਅਖੰਡ ਹਿੰਦੁਸਤਾਨ ਦੇ ਵਾਸੀਆਂ ਨੇ ਜਿਹੜੇ ਦੁੱਖ ਦੇਖੇ, ਕਿਸੇ ਨੂੰ ਭੁੱਲੇ ਹੋਏ ਨਹੀਂ। ਇਸ ਮਿਤੀ ਤੋਂ ਪਹਿਲਾਂ ਦਾ ਸਮਾਂ ਵੀ ਘੱਟ ਦੁਖਦਾਈ ਨਹੀਂ ਸੀ। ਜਦੋਂ ਮੁਹੰਮਦ ਅਲੀ ਜਿਨਾਹ ਅਤੇ ਬੰਗਾਲ ਦੇ ਮੁੱਖ ਮੰਤਰੀ ਸੁਹਰਾਵਰਦੀ ਨੇ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਹਰ ਪਾਸੇ ਹਫੜਾ-ਤਫੜੀ ਮੱਚ ਗਈ। ਅਸੁਰਖਿਅਤ ਥਾਂਵਾਂ ਦੇ ਹਿੰਦੂ ਤੇ ਸਿੱਖ ਆਪਣੇ ਘਰਾਂ ਨੂੰ ਜੰਦਰੇ ਮਾਰ ਕੇ ਸੈਨਿਕ ਅੱਡਿਆਂ ਦੀ ਬੁਕਲ ਵਿਚ ਪਨਾਹ ਲੈਣ ਲਈ ਕੈਂਪਾਂ ਵਿਚ ਜਾ ਵੜੇ। ਖਾਣ-ਪੀਣ ਤੇ ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਨ ਕੈਂਪਾਂ ਵਿਚ ਹੈਜ਼ਾ ਫੈਲ ਗਿਆ। ਖਾਰਸ਼-ਜਲਣ ਤੇ ਚੇਚਕ ਆਦਿ ਰੋਗਾਂ ਦਾ ਡਰ ਹੋਰ ਵੀ ਭਿਆਨਕ ਸੀ। ਲਾਹੌਰ, ਰਾਵਲਪਿੰਡੀ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਬੰਦ ਕਰਕੇ ਉਨ੍ਹਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਕੈਂਪਾਂ ਵਿਚ ਭੇਜਿਆ ਗਿਆ। ਜੇ ਰਾਵਲਪਿੰਡੀ, ਲਾਹੌਰ ਤੇ ਅੰਮ੍ਰਿਤਸਰ ਦੇ ਮੁਸਲਮਾਨ ਬਿਹਾਰ ਤੇ ਦੂਜੇ ਰਾਜਾਂ ਨੂੰ ਆਏ ਤਾਂ ਇਧਰ ਦੇ ਹਿੰਦੂ ਵਿਦਿਆਰਥੀ ਤੇ ਅਧਿਆਪਕ ਕਾਲਾ ਕੈਂਪ (ਜਿਹਲਮ) ਤੇ ਵਾਹ ਕੈਂਪ (ਕੋਹਿਸਤਾਨ) ਲਈ ਰਵਾਨਾ ਹੋਏ। ਮੈਨੂੰ ਇਹ ਜਾਣਕਾਰੀ ਵਰਤਮਾਨ ਗਵਾਂਢੀ ਕਰਨਲ ਰਾਜ ਕੁਮਾਰ ਦੱਤਾ (ਸੇਵਾਮੁਕਤ) ਤੋਂ ਮਿਲੀ ਹੈ ਜਿਹੜਾ ਦੇਸ਼ ਵੰਡ ਉਪਰੰਤ ਡਾæ ਜਸਵੰਤ ਸਿੰਘ ਨੇਕੀ ਦਾ ਜਮਾਤੀ ਰਿਹਾ ਹੈ। ਡਾæ ਦੱਤਾ ਤੇ ਡਾæ ਯਸ਼ਪਾਲ ਭੰਡਾਰੀ ਕਾਲਾ ਕੈਂਪ ਲਈ ਤੁਰੇ ਤਾਂ ਲਾਹੌਰ ਤੋਂ ਬਾਲਕ ਰਾਮ ਮੈਡੀਕਲ ਕਾਲਜ ਤੋਂ ਵਿਸ਼ਵਾਨਾਥ ਵੀ ਉਨ੍ਹਾਂ ਦੇ ਨਾਲ ਰਲ ਗਿਆ। ਇਸ ਟੋਲੀ ਕੋਲ ਸਹਾਇਕਾਂ ਤੋਂ ਬਿਨਾਂ ਢੇਰ ਸਾਰੀਆਂ ਦਵਾਈਆਂ, ਟੀਕੇ ਤੇ ਮਲ੍ਹਮ ਪੱਟੀ ਦਾ ਸਾਮਾਨ ਸੀ। ਜਿਹਲਮ ਵਿਚ ਇਨ੍ਹਾਂ ਦਾ ਸਵਾਗਤ ਉਘੇ ਸਮਾਜ ਸੇਵਕ ਅਵਤਾਰ ਨਾਰਾਇਣ (ਇੰਦਰ ਕੁਮਾਰ ਗੁਜਰਾਲ ਦੇ ਪਿਤਾ) ਨੇ ਕੀਤਾ ਅਤੇ ਨੌਜਵਾਨ ਇੰਦਰ ਤੇ ਉਸ ਦੇ ਸਾਥੀ ਵੀ ਸਹਾਇਤਾ ਲਈ ਹਾਜ਼ਰ ਹੋਏ। ਕਾਲਾ ਕੈਂਪ ਉਸ ਵੇਲੇ ਬਹੁਤ ਵੱਡਾ ਬਾਰੂਦ ਡਿਪੂ ਹੋਣ ਕਾਰਨ ਆਰਮੀ ਮੈਡੀਕਲ ਕੋਰ ਦਾ ਅਮਲਾ ਵੀ ਟੋਲੀ ਦੀ ਸਹਾਇਤਾ ਲਈ ਵਚਨਬੱਧ ਸੀ। ਇਹ ਟੋਲੀ ਜਿੰਨੇ ਸ਼ਰਨਾਰਥੀਆਂ ਨੂੰ ਸਿਹਤ ਸਹੂਲਤਾਂ ਤੇ ਵਿਸ਼ਵਾਸ ਵਿਚ ਲੈ ਕੇ ਘਰੋ-ਘਰੀ ਤੋਰਦੀ ਸੀ, ਉਸ ਤੋਂ ਵੱਧ ਨਵੇਂ ਸ਼ਰਨਾਰਥੀ ਕੈਂਪ ਵਿਚ ਆ ਵੜਦੇ ਸਨ।
ਕਾਲਾ ਕੈਂਪ ਵਿਚ ਅਮਨ ਸ਼ਾਂਤੀ ਆਈ ਤਾਂ ਇਸ ਟੋਲੀ ਨੂੰ ਪੰਜਾ ਸਾਹਿਬ ਦੇ ਨੇੜੇ ਕੋਹਿਸਤਾਨ ਵਾਲੇ ਵਾਹ ਕੈਂਪ ਭੇਜਿਆ ਗਿਆ। ਉਥੇ ਸ਼ਰਨ ਲੈਣ ਵਾਲਿਆਂ ਦੀ ਗਿਣਤੀ ਓਨੀ ਨਹੀਂ ਸੀ ਪਰ ਬੱਚੇ ਬੁੱਢਿਆਂ ਦਾ ਚੀਕ ਦਿਹਾੜਾ ਓਨਾ ਹੀ ਸੀ। ਇਥੇ ਪੰਜਾ ਸਾਹਿਬ ਦਾ ਗੁਰਦੁਆਰਾ ਨੇੜੇ ਹੋਣ ਕਾਰਨ ਅਨੇਕਾਂ ਸ਼ਰਨਾਰਥੀ ਆਪਣੇ ਆਪ ਨੂੰ ਉਥੇ ਵਧੇਰੇ ਸੁਰੱਖਿਅਤ ਅਨੁਭਵ ਕਰ ਰਹੇ ਸਨ। ਨਤੀਜੇ ਵਜੋਂ ਡਾਕਟਰਾਂ ਦੀ ਟੀਮ ਆਪਣੇ ਆਪ ਨੂੰ ਦੋ ਟੋਲੀਆਂ ਵਿਚ ਵੰਡ ਕੇ ਵਲੀ ਕੰਧਾਰੀ ਦੇ ਅੱਡੇ ਤਕ ਵੀ ਹੋ ਆਈ।
ਡਾæ ਆਰ ਕੇ ਦੱਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਜ਼ਿੰਮੇ 15 ਅਗਸਤ ਤੋਂ ਪਿੱਛੋਂ ਉਧਰੋਂ-ਏਧਰ ਆਉਣ ਵਾਲੇ ਸ਼ਰਨਾਰਥੀਆਂ ਦੀ ਸਾਂਭ ਸੰਭਾਲ ਦਾ ਕੰਮ ਵੀ ਲਾਇਆ ਗਿਆ। ਹੁਣ ਸ਼ਰਨਾਰਥੀਆਂ ਦੀ ਗਿਣਤੀ ਤੇ ਉਨ੍ਹਾਂ ਦੇ ਦੁੱਖਾਂ ਦੇ ਕਿੱਸੇ ਹੋਰ ਵੀ ਦਿਲ ਕੰਬਾਉ ਸਨ। ਨਵੇਂ ਸ਼ਰਨਾਰਥੀ ਵੱਢ ਟੁੱਕ ਦੀ ਦੁਨੀਆਂ ਵਿਚੋਂ ਲੰਘ ਕੇ ਆਏ ਸਨ। ਪਰ ਇਥੇ ਭਾਰਤ ਦੀ ਨਵੀਂ ਸਰਕਾਰ ਵਲੋਂ ਭੇਜੀ ਗਈ ਪੰਡਤ ਨਹਿਰੂ ਦੀ ਸਲਾਹਕਾਰ ਸਾਰਾ ਭੈਣ ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਮੌਜੂਦ ਸੀ। ਉਸ ਦਾ ਠਰ੍ਹੰਮਾ ਤੇ ਢਾਰਸ ਡਾਕਟਰਾਂ ਤੇ ਸ਼ਰਨਾਰਥੀਆਂ ਨੂੰ ਕਮਾਲ ਦਾ ਹੌਸਲਾ ਦਿੰਦਾ ਸੀ। ਉਨ੍ਹਾਂ ਸਮਿਆਂ ਦੀ ਬਾਤ ਪਾਉਂਦਿਆਂ ਡਾæ ਦੱਤਾ ਅੱਜ ਵੀ ਸਕਤੇ ਵਿਚ ਆ ਜਾਂਦਾ ਹੈ। ਉਹ ਬੰਗਾ ਦਾ ਜੰਮਪਲ ਹੈ।
ਸੁਤੰਤਰ ਭਾਰਤ ਦੇ ਪਾਣੀ, ਪੁਲ ਤੇ ਰਾਸ਼ਟਰੀ ਮਾਰਗ
ਮੇਰੀ ਉਮਰ ਦੇ ਪੰਜਾਬੀ ਅੰਗਰੇਜ਼ੀ ਸਰਕਾਰ ਤੋਂ ਪ੍ਰਾਪਤ ਹੋਈਆਂ ਨਹਿਰਾਂ ਅਤੇ ਰੇਲ ਗੱਡੀਆਂ ਦਾ ਗੁਣ ਗਾਇਨ ਕਰਦੇ ਨਹੀਂ ਥੱਕਦੇ। ਪਰ ਜਿਹੜੇ ਮੇਰੇ ਵਰਗੇ ਆਏ ਦਿਨ ਵਰਤਮਾਨ ਰਾਸ਼ਟਰੀ ਮਾਰਗਾਂ ‘ਤੇ ਸਫ਼ਰ ਕਰਦੇ ਹਨ ਉਹ ਸੁਤੰਤਰਤਾ ਪ੍ਰਾਪਤੀ ਪਿੱਛੋਂ ਹੋਂਦ ਵਿਚ ਆਏ ਪੁਲਾਂ ਤੇ ਫਲਾਈ ਓਵਰਾਂ ਦੀ ਉਸਾਰੀ ਵੇਖ ਕੇ ਹੈਰਾਨ ਹੋਏ ਬਿਨਾਂ ਨਹੀਂ ਰਹਿੰਦੇ। ਸ਼ੇਰ ਸ਼ਾਹ ਸੂਰੀ ਮਾਰਗ ਉਰਫ ਜੀ ਟੀ ਰੋਡ (ਕਰਨਾਲ-ਅੰਬਾਲਾ ਦਾ ਟੋਟਾ ਛੱਡ ਕੇ) ਹਵਾ ਨਾਲ ਗੱਲਾਂ ਕਰਨ ਲਾ ਦਿੰਦੀ ਹੈ। ਚੰਡੀਗੜ੍ਹ ਤੋਂ ਹਿਮਾਚਲ ਨੂੰ ਚੜ੍ਹੀਏ ਤਾਂ ਪਿੰਜੌਰ-ਕਾਲਕਾ ਬਾਈ ਪਾਸ ਅੱਖਾਂ ਖੋਲ੍ਹ ਦਿੰਦਾ ਹੈ। ਦਿੱਲੀ, ਨਵੀਂ ਦਿੱਲੀ, ਗੁੜਗਾਵਾਂ, ਫਰੀਦਾਬਾਦ, ਨੋਇਡਾ ਤੇ ਗਾਜ਼ੀਆਬਾਦ ਦੀਆਂ ਸੜਕਾਂ, ਪੁਲ ਤੇ ਫਲਾਈਓਵਰ ਵੇਖਿਆਂ ਦਿਲ ਬਾਗ ਬਾਗ ਹੋ ਜਾਂਦਾ ਹੈ। ਇਨ੍ਹਾਂ ਮਾਰਗਾਂ ਉਤੇ ਗੱਡੀਆਂ ਦੀ ਗਿਣਤੀ, ਸਕੂਲੀ ਬੱਚਿਆਂ ਦੇ ਬੂਟ ਤੇ ਵਰਦੀਆਂ ਬਦਲੇ ਹੋਏ ਯੁਗ ਦਾ ਪ੍ਰਮਾਣ ਹਨ। ਵੱਡੀ ਗੱਲ ਇਹ ਕਿ ਸਾਰਾ ਕੁਝ ਠੇਕੇਦਾਰਾਂ ਦੀ ਲੁਟ-ਖਸੁੱਟ, ਭੂ-ਮਾਫੀਆ ਦੀ ਧੌਂਸ ਤੇ ਰਾਜਨੀਤਕ ਪਾਰਟੀਆਂ ਦੀ ਖਹਿਬਾਜ਼ੀ ਦੇ ਹੁੰਦਿਆਂ-ਸੁੰਦਿਆਂ ਹੋ ਰਿਹਾ ਹੈ। ਸੰਸਦ ਦੀ ਕਾਰਵਾਈ ਚੱਲੇ ਨਾ ਚੱਲੇ, ਵਿਕਾਸ ਜਾਰੀ ਹੈ। ਅੰਗਰੇਜ਼ੀ ਰਾਜ ਦੇ ਦੋ ਸੌ ਸਾਲਾਂ ਤੋਂ ਇਕ ਚੁਥਾਈ ਸਮੇਂ ਦੀ ਦੇਣ। ਜੇ ਗੋਰੀ ਸਰਕਾਰ ਨੇ ਦੋ ਸੌ ਸਾਲਾਂ ਵਿਚ ਦਿੱਲੀ-ਸ਼ਾਹਦਰਾ ਨੂੰ ਜੋੜਨ ਵਾਲਾ ਇੱਕ ਪੁਲ ਬਣਾਇਆ ਸੀ ਤਾਂ ਅੱਜ ਇਸ ਦੀ ਬੁੱਕਲ ਵਿਚ ਚਾਰ ਨਵੇਂ ਤੇ ਵੱਡੇ ਪੁਲ ਬਣ ਚੁੱਕੇ ਹਨ। ਆਵਾਜਾਈ ਤੇ ਮੋਟਰ ਗੱਡੀਆਂ ਦਾ ਅੰਤ ਨਹੀਂ ਰਿਹਾ।
ਭਾਖੜਾ ਰੂਪੀ ਡੈਮ ਤੇ ਬੰਧਾਂ ਦਾ ਜਾਲ ਦੂਰ-ਦੁਰੇਡੇ ਪਿੰਡਾਂ ਵਿਚ ਬਿਜਲੀ, ਪਾਣੀ, ਸੀਮਿੰਟ, ਇੱਟਾਂ ਤੇ ਤਾਜ ਮਹੱਲ ਵਾਲਾ ਸੰਗ ਮਰਮਰ ਲੈ ਵੜਿਆ ਹੈ। ਅਸੀਂ ਰੁਖ ਲਾਏ ਬਿਨਾਂ ਅਨਿਯਮਤ ਉਸਾਰੀ ਕਰਕੇ ਮਾਰ ਖਾਧੀ ਹੈ ਤੇ ਏਸ ਪਾਸੇ ਵੱਧ ਤੋਂ ਵਧ ਧਿਆਨ ਦੇਣ ਦੀ ਲੋੜ ਹੈ, ਦੇ ਵੀ ਰਹੇ ਹਾਂ। ਇਹ ਤੱਥ ਵੀ ਕਿਸੇ ਨੂੰ ਭੁੱਲਿਆ ਨਹੀਂ ਕਿ ਤਾਨਾਸ਼ਾਹੀ ਦਾ ਵਿਕਾਸ ਲਹੂ ਭਿਜਿਆ ਹੁੰਦਾ ਹੈ ਤੇ ਲੋਕਤੰਤਰ ਦਾ ਪਿਆਰ ਮੁਹੱਬਤ ਵਾਲਾ। ਗੋਰੇ ਤਾਨਾਸ਼ਾਹ ਸਨ ਤੇ ਸੁਤੰਤਰ ਭਾਰਤ ਵਿਚ, ਐਮਰਜੈਂਸੀ ਦੇ ਦਿਨਾਂ ਨੂੰ ਛੱਡ ਕੇ, ਸਦਾ ਲੋਕਤੰਤਰ ਪ੍ਰਧਾਨ ਰਿਹਾ ਹੈ। ਸੁਤੰਤਰਤਾ ਦੇ ਸਾਢੇ ਛੇ ਦਹਾਕੇ ਮਾਣਦਿਆਂ ਸਾਨੂੰ ਆਪਣੇ ਦੇਸ਼ ਦੇ ਚਾਲਕਾਂ ਨੂੰ ਸਲਾਮ ਕਹਿਣਾ ਬਣਦਾ ਹੈ। ਇਹ ਜਾਣਦਿਆਂ ਵੀ ਕਿ ਜੇ ਰਾਜਨੀਤਕ ਖਹਿਬਾਜ਼ੀ ਨਾ ਹੁੰਦੀ ਤਾਂ ਇਸ ਵਿਚ ਹੋਰ ਵੀ ਵਾਧਾ ਹੋ ਸਕਦਾ ਸੀ।
ਅੰਤਿਕਾ:
ਸੜਕਾਂ, ਸਫਰ ਤੇ ਮੰਜ਼ਿਲ
ਤੱਕਿਆ ਜਦ ਨੇੜਿਓਂ
ਤੇ ਪੁੱਛਿਆ ਮੈਂ ਹਾਲ ਚਾਲ,
ਸੜਕ ਚੱਲਦੇ ਵਾਹਨਾਂ ਦੇ
ਹੇਠ ਕੁਰਲਾਉਂਦੀ ਮਿਲੀ।
-ਸਤੀਸ਼ ਗੁਲਾਟੀ
–
ਕੁਦਰਤ ਦੀ ਹਰ ਖੇਡ
ਇਸ਼ਾਰਾ ਕਰਦੀ ਏ ਕੁੱਝ ਕਰਨ ਲਈ,
ਤੁਰਨ ਨਾਲ ਹੀ ਮੰਜ਼ਿਲ ਮਿਲਦੀ
ਕੱਟ ਕੱਟ ਵਾਟ ਲੰਮੇਰੀ ਨੂੰ।
-ਤੋਤਾ ਰਾਮ ਚੀਮਾ
Leave a Reply