ਪ੍ਰੋæ ਹਰਪਾਲ ਸਿੰਘ
ਇਸ ਯਾਤਰਾ ਦੇ ਕੀ ਕਾਰਨ ਸਨ, ਲਿਖਾਰੀਆਂ ਨੇ ਆਪੋ-ਆਪਣੀ ਸਮਝ ਅਨੁਸਾਰ ਇਸ ਬਾਰੇ ਦੱਸਣ ਦਾ ਯਤਨ ਕੀਤਾ ਹੈ। ਕੁਝ ਵਿਚਾਰ ਤਾਂ ਗੰਭੀਰ ਤੇ ਸੱਚਾਈ ਦੇ ਨੇੜੇ ਹਨ ਅਤੇ ਕੁਝ ਸਿਰਫ਼ ਖਿਆਲੀ ਹੀ ਹਨ। ਗੁਰੂ ਜੀ ਰਾਜਪੂਤਾਨੇ ਅਤੇ ਦੱਖਣ ਨੂੰ ਇਸ ਲਈ ਗਏ ਸਨ ਕਿ ਰਾਜਪੂਤਾਂ ਅਤੇ ਮਰਹੱਟਿਆਂ ਨਾਲ ਸਾਂਝਾ ਮੁਹਾਜ਼ ਕਾਇਮ ਕਰ ਕੇ ਮੁਗਲਾਂ ਦੀ ਜ਼ਾਲਮ ਹਕੂਮਤ ਦਾ ਸਦਾ ਲਈ ਖਾਤਮਾ ਕੀਤਾ ਜਾਏ। ਡਾæ ਹਰੀ ਰਾਮ ਗੁਪਤਾ ‘ਹਿਸਟਰੀ ਆਫ ਦਿ ਸਿੱਖਸ ਜਿਲਦ 2’ ਵਿਚ ਲਿਖਦੇ ਹਨ ਕਿ ਫੁਲੇਰੇ (ਰਾਜਸਥਾਨ) ਤੋਂ 15 ਮੀਲ ਦੂਰ ਨਰੈਣੇ ਪਿੰਡ ਵਿਚ ਗੁਰੂ ਜੀ ਦੀ ਮੁਲਾਕਾਤ ਜੈਤ ਰਾਮ ਮਹੰਤ ਨਾਲ ਹੋਈ। ਗੱਲਬਾਤ ਦੌਰਾਨ ਗੁਰੂ ਜੀ ਨੇ ਮਹੰਤ ਤੋਂ ਪੁੱਛਿਆ ਕਿ ਕੀ ਉਹ ਰਾਜਪੂਤ ਸਰਦਾਰਾਂ ਦੀ ਮਦਦ ਹਾਸਲ ਕਰਵਾ ਸਕਦਾ ਹੈ? ਉਸ ਦਾ ਜਵਾਬ ਸੀ, ਇਹ ਅਸੰਭਵ ਹੈ, ਰਾਜਪੂਤ ਸਰਦਾਰ ਕਿਸੇ ਦੇ ਮਿੱਤ ਨਹੀਂ। ਆਪਸੀ ਈਰਖਾ ਅਤੇ ਧੜੇਬੰਦੀ ਇਨ੍ਹਾਂ ਦੇ ਪਤਨ ਦਾ ਕਾਰਨ ਬਣੀ ਹੈ। ਆਪਣਾ ਮੁਫਾਦ ਪੂਰਾ ਕਰਨ ਲਈ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਡੋਲੇ ਮੁਗਲ ਬਾਦਸ਼ਾਹਾਂ ਨੂੰ ਭੇਟ ਕੀਤੇ, ਉਨ੍ਹਾਂ ਤੋਂ ਅਣਖ ਅਤੇ ਸਵੈਮਾਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਜਦੋਂ ਗੁਰੂ ਜੀ ਬਗੋਰ ਦੇ ਸਥਾਨ ‘ਤੇ ਸਨ ਤਾਂ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਮਿਲੀ। ਉਥੋਂ ਗੁਰੂ ਜੀ ਨੇ ਦੱਖਣ ਜਾਣ ਦੀ ਥਾਂ ਦਿੱਲੀ ਵੱਲ ਰੁਖ ਕੀਤਾ।
ਹੈਨਰੀ ਇਲੀਅਟ ਅਨੁਸਾਰ ਗੁਰੂ ਜੀ ਦੱਖਣ (ਨਿਰੋਲ) ਘੁੰਮਣ ਲਈ ਹੀ ਸ਼ਾਹੀ ਕੈਂਪ ਦੇ ਨਾਲ ਆਏ ਸਨ। ਉਹ ਆਪਣੇ ਸੁਭਾਅ ਅਨੁਸਾਰ ਦੁਨੀਆਂ ਦੇ ਲੋਕਾਂ ਨੂੰ ਧਾਰਮਿਕ ਸਿੱਖਿਆ ਦੇ ਰਹੇ ਸਨ। ਮੈਕਾਲਿਫ ਅਨੁਸਾਰ ਗੁਰੂ ਜੀ ਨੇ ਤਲਵੰਡੀ ਸਾਬੋ ਤੋਂ ਹੀ ਦੱਖਣ ਨੂੰ ਜਾਣ ਦਾ ਮਨ ਬਣਾ ਲਿਆ ਸੀ। ਉਹ ਲਿਖਦਾ ਹੈ ਕਿ ਗੁਰੂ ਜੀ ਨੇ ਡੱਲੇ ਨੂੰ ਆਖਿਆ ਕਿ ਉਹ ਉਨ੍ਹਾਂ ਨਾਲ ਦੱਖਣ ਨੂੰ ਚੱਲੇ। ਡੱਲੇ ਨੇ ਕਿਹਾ ਕਿ ਦਮਦਮਾ ਸਾਹਿਬ ਦੀ ਗੱਦੀ ਵੀ ਉਹਦੇ ਲਈ ਦਿੱਲੀ ਦੇ ਤਖ਼ਤ ਦੇ ਬਰਾਬਰ ਹੈ। ਗੁਰੂ ਸਾਹਿਬ ਦੀ ਸੇਵਾ ਵਿਚ ਹਾਜ਼ਰ ਬਰਾੜਾਂ ਨੇ ਵੀ ਗੁਰੂ ਸਾਹਿਬ ਨੂੰ ਪ੍ਰਸਤਾਵਤ ਯਾਤਰਾ ਰੱਦ ਕਰਨ ਦੀ ਬੇਨਤੀ ਕੀਤੀ। ਜਦੋਂ ਗੁਰੂ ਜੀ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਕਾਫ਼ੀ ਸਾਰੇ ਉਨ੍ਹਾਂ ਨੂੰ ਛੱਡ ਕੇ ਤੁਰ ਗਏ। ਹੁਣ ਗੁਰੂ ਜੀ ਨਾਲ ਰਹਿ ਗਏ ਸਨ-ਡੱਲਾ ਸਿੰਘ, ਭਾਈ ਭਗਤੂ ਦੇ ਪੋਤਰੇ ਰਾਮ ਸਿੰਘ ਅਤੇ ਉਸ ਦਾ ਭਰਾ ਫਤਿਹ ਸਿੰਘ, ਭਾਈ ਰੂਪ ਦੇ ਵੰਸ਼ਜ਼ ਵਿਚੋਂ ਪਰਮ ਸਿੰਘ ਤੇ ਧਰਮ ਸਿੰਘ ਅਤੇ ਭਾਈ ਮਨੀ ਸਿੰਘ। ਅਚੰਭਾ ਤਾਂ ਇਸ ਗੱਲ ਦਾ ਹੈ ਕਿ ਡੱਲਾ ਵੀ ਰਸਤੇ ਵਿਚੋਂ ਹੀ ਇਕ ਰਾਤ ਗਾਇਬ ਹੋ ਗਿਆ ਅਤੇ ਆਪਣੇ ਨਾਲ ਇਕ ਸੋਢੀ ਅਤੇ ਕਈ ਬਰਾੜਾਂ ਨੂੰ ਵੀ ਲੈ ਗਿਆ।
ਜਦੋਂ ਗੁਰੂ ਜੀ ਦਮਦਮਾ ਸਾਹਿਬ ਠਹਿਰੇ ਹੋਏ ਸਨ ਤਾਂ ਉਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਮਿਲੀ ਜਿਸ ਵਿਚ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਉਸ ਨੂੰ ਦੱਖਣ ਵਿਚ ਆ ਕੇ ਮਿਲਣ। ਇਹ 1706 ਈਸਵੀ ਦੀ ਗੱਲ ਲੱਗਦੀ ਹੈ। ਬੈਰਾੜਾਂ ਦੀ ਸੰਗਤ ਵੱਲ ਲਿਖਿਆ ਹੋਇਆ ਹੁਕਮਨਾਮਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਹੁਕਮਨਾਮਾ ਇਸ ਪ੍ਰਕਾਰ ਹੈ,
ੴ ਸਿਰੀ ਸਤਿਗੁਰ ਜੀ
“ਸਿਰੀ ਗੁਰੂ ਕੀ ਆਗਿਆ ਹੈ, ਸਰਬਤਿ ਸੰਗਤ ਬੈਰਾੜ ਦੀ ਗੁਰੂ ਰਖੇਗਾ। ਚਾਰ ਬੈਲ ਚਾਰ ਹਠੇ, ਬਹਿਲਾਂ ਕੋ ਭੇਜਣੇ ਹੁਕਮ ਦੇਖਦਿਆਂ। ਮੇਰੀ ਤੁਸਾਂ ਉਪਰਿ ਖੁਸ਼ੀ ਹੈ। ਅਸਾਂ ਦੱਖਣ ਨੂੰ ਕੂਚ ਕੀਤਾ ਹੈ। ਜਿਨ ਸਿੱਖ ਸਾਡੇ ਨਾਲਿ ਚਲਣਾ ਹੋਇ ਤਿਨ ਹੁਕਮ ਦੇਖਦਿਆਂ ਹਜੂਰਿ ਆਵਣਾ। ਮੇਰੀ ਤੁਸਾਂ ਉਪਰਿ ਖੁਸ਼ੀ ਹੈ। ਗੁਰੂ ਜੀ ਤੁਹਾਡੀ ਰਖੇਗਾ, ਸੰਮਤ 1763 ਮਿਤੀ ਕਤਕੋ 20, ਸਤਰਾਂ 9।”
ਡਾæ ਗੰਡਾ ਸਿੰਘ ਅਨੁਸਾਰ ਗੁਰੂ ਜੀ ਨੇ ਬਾਦਸ਼ਾਹ ਨੂੰ ਪੱਤਰ ਲਿਖਿਆ ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਬਾਦਸ਼ਾਹ ਨੂੰ ਕਾਂਗੜ ਦੇ ਪਰਗਨੇ ਵਿਚ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ। ਬਾਦਸ਼ਾਹ ਨੂੰ ਚਿੱਠੀ ਲਿਜਾਣ ਵਾਲਾ ਭਾਈ ਦਇਆ ਸਿੰਘ ਆਪਣੇ ਸਮੇਂ ਸਿਰ ਬਾਦਸ਼ਾਹ ਵੱਲੋਂ ਮੁੜ ਕੇ ਵਾਪਸ ਨਹੀਂ ਸੀ ਆਇਆ ਅਤੇ ਪਤਾ ਨਹੀਂ ਸੀ ਲੱਗਾ ਕਿ ਉਹ ਬਾਦਸ਼ਾਹ ਨੂੰ ਮਿਲ ਕੇ ਚਿੱਠੀ ਪਹੁੰਚਾ ਭੀ ਸਕਿਆ ਹੈ ਕਿ ਨਹੀਂ। ਇਸ ਲਈ ਗੁਰੂ ਸਾਹਿਬ ਨੇ ਬਾਦਸ਼ਾਹ ਨਾਲ ਗੱਲਬਾਤ ਕਰਨ ਲਈ ਆਪ ਹੀ ਦੱਖਣ ਜਾਣ ਦਾ ਇਰਾਦਾ ਕਰ ਲਿਆ। æææ ਇਹ ਗੱਲ ਠੀਕ ਨਹੀਂ ਲੱਗਦੀ। ਬਿਨਾਂ ਬਾਦਸ਼ਾਹ ਦੇ ਉਤਰ ਦੇ, ਗੁਰੂ ਜੀ ਕਦੀ ਵੀ ਬਾਦਸ਼ਾਹ ਨੂੰ ਮਿਲਣ ਲਈ ਦੱਖਣ ਵੱਲ ਨਹੀਂ ਜਾ ਸਕਦੇ ਸਨ।
ਅਨੰਦਪੁਰ ਦੀ ਚੌਥੀ ਲੜਾਈ ਵਿਚ ਮੁਗਲ ਅਤੇ ਪਹਾੜੀ ਰਾਜਿਆਂ ਦੀ ਸੈਨਾ ਨੇ ਕਿਲਾ ਘੇਰ ਰੱਖਿਆ ਸੀ। ਉਹ ਇਸ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਜੇ ਗੁਰੂ ਜੀ ਕਿਲਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਔਰੰਗਜ਼ੇਬ ਨੇ ਵੀ ਆਪਣੇ ਦਸਤਖ਼ਤਾਂ ਹੇਠ ਚਿੱਠੀ ਲਿਖੀ ਕਿ ਉਹ (ਗੁਰੂ ਜੀ) ਜੰਗ ਬੰਦ ਕਰ ਕੇ ਉਸ ਨੂੰ ਮਿਲਣ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਫੌਜ ਦੇ ਕਮਾਂਡਰਾਂ ਵੱਲੋਂ ਕੁਰਾਨ ਅਤੇ ਗਊ ਮਾਤਾ ਦੀ ਸਹੁੰ ਵੀ ਖਾਧੀ ਗਈ। ਕਿਲਾ ਛੱਡਣ ‘ਤੇ ਹੀ ਬਾਦਸ਼ਾਹ ਦੇ ਹੁਕਮ ਅਤੇ ਕੁਰਾਨ ਦੀ ਸਹੁੰ ਤੋੜ ਦਿੱਤੀ ਗਈ ਅਤੇ ਸ਼ਾਹੀ ਸੈਨਾ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ। ਇਹ ਸਾਰਾ ਕੁਝ ਬਾਦਸ਼ਾਹ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਇਹ ਬਾਦਸ਼ਾਹ ਦੀ ਬਦਨੀਤੀ ਦਾ ਪ੍ਰਮਾਣ ਸੀ। ਇਸ ਤਰ੍ਹਾਂ ਦੇ ਫਰੇਬੀ, ਮੱਕਾਰ, ਜ਼ਾਲਮ ਅਤੇ ਬੇਈਮਾਨ ਬਾਦਸ਼ਾਹ ਜੋ ਕੁਰਾਨ ਦੀਆਂ ਕਸਮਾਂ ਖਾ ਕੇ ਉਨ੍ਹਾਂ ਨੂੰ ਪਲ ਭਰ ਵਿਚ ਹੀ ਤੋੜ ਸਕਦਾ ਹੈ, ਉਸ ਉਤੇ ਭਰੋਸਾ ਕਰ ਕੇ ਗੁਰੂ ਜੀ ਕਿਵੇਂ ਦੱਖਣ ਨੂੰ ਜਾ ਸਕਦੇ ਸਨ?
ਨਾਲੇ ਮਰਹੱਟਾ ਸਰਦਾਰ ਸ਼ਿਵਾ ਜੀ ਨੂੰ ਧੋਖੇ ਨਾਲ ਬਾਦਸ਼ਾਹ ਦੁਆਰਾ ਬੰਦੀ ਬਣਾਉਣ ਦਾ ਕਿੱਸਾ ਵੀ ਗੁਰੂ ਜੀ ਤੋਂ ਛੁਪਿਆ ਨਹੀਂ ਸੀ। ਮੁਲਾਕਾਤ ਦਾ ਸੱਦਾ ਦੇ ਕੇ, ਕੀ ਗੁਰੂ ਜੀ ਨਾਲ ਇਹ ਭਾਣਾ ਨਹੀਂ ਸੀ ਵਰਤ ਸਕਦਾ? ਕਈ ਸਿੱਖ ਲਿਖਾਰੀ ਲਿਖਦੇ ਹਨ ਕਿ ਗੁਰੂ ਜੀ ਦਾ ਖਤ (ਜ਼ਫਰਨਾਮਾ) ਮਿਲਣ ‘ਤੇ ਅਤੇ ਬਾਦਸ਼ਾਹ ਦੇ ਉਮਰ ਦੇ ਆਖਰੀ ਪੜਾਅ ਹੋਣ ‘ਤੇ ਉਸ ਦਾ ਮਨ ਬਦਲ ਗਿਆ ਸੀ ਅਤੇ ਉਸ ਨੂੰ ਆਪਣੇ ਕੀਤੇ ਪਾਪਾਂ ‘ਤੇ ਪਛਤਾਵਾ ਸੀ, ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਚੋਰ ਚੋਰੀ ਤੋਂ ਜਾਏ, ਪਰ ਹੇਰਾਫੇਰੀ ਤੋਂ ਨਾ ਜਾਏ। ਜਿਸ ਬਾਦਸ਼ਾਹ ਨੇ ਆਪਣੇ ਅੰਤਮ ਸਮੇਂ ਤਕ ਵੀ ਦੱਖਣ ਦੇ ਲੋਕਾਂ ਨੂੰ ਚੈਨ ਨਾਲ ਜੀਣ ਨਹੀਂ ਦਿੱਤਾ ਅਤੇ ਅੰਤ ਤੱਕ ਦੱਖਣ ਨੂੰ ਜਿੱਤਣ ਦੀ ਜ਼ਿਦ ‘ਤੇ ਅੜਿਆ ਰਿਹਾ, ਉਸ ਉਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ? ਉਮਰਾਂ ਦੀਆਂ ਆਦਤਾਂ ਮਹੀਨਿਆਂ ਜਾਂ ਦਿਨਾਂ ਵਿਚ ਬਦਲੀਆਂ ਨਹੀਂ ਜਾ ਸਕਦੀਆਂ। ਹਉਮੈ ਨੂੰ ਮਾਰ ਕੇ ਸੱਚ ਉਤੇ ਚੱਲਣ ਦਾ ਰਾਹ ਬੜਾ ਕਠਿਨ ਹੈ। ਗੁਰੂ ਜੀ ਵਰਗੀ ਮਹਾਨ ਸ਼ਖ਼ਸੀਅਤ ਦਾ ਹੀ ਇਹ ਵਿਰਸਾ ਹੈ; ਬਾਦਸ਼ਾਹ ਵਰਗੇ ਜ਼ਾਲਮ, ਕਾਇਰ ਤੇ ਲੋਭੀ ਲੋਕਾਂ ਦਾ ਇਸ ਨਾਲ ਕੁਝ ਲੈਣਾ-ਦੇਣਾ ਨਹੀਂ।
ਕੁਝ ਲੋਕਾਂ ਦਾ ਵਿਚਾਰ ਹੈ ਕਿ ਬੰਦਾ ਜੋ ਹੰਕਾਰੀ ਸਾਧੂ ਸੀ, ਦਾ ਹੰਕਾਰ ਤੋੜਨ ਲਈ ਅਤੇ ਉਸ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਨ ਲਈ ਗੁਰੂ ਜੀ ਦੱਖਣ ਨੂੰ ਗਏ। ਇਹ ਹਾਸੋਹੀਣਾ ਵਿਚਾਰ ਹੈ। ਉਸ ਸਾਧ ਦੇ ਹੰਕਾਰੀ ਹੋਣ ਨਾਲ ਸਿੱਖ ਧਰਮ ਨੂੰ ਕਿਹੜਾ ਨੁਕਸਾਨ ਹੋ ਰਿਹਾ ਸੀ ਕਿ ਗੁਰੂ ਜੀ ਨੂੰ ਬੁਹਰਾਨਪੁਰ ਤੋਂ ਅੱਗੇ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰ ਕੇ ਦੱਖਣ ਨੂੰ ਜਾਣਾ ਪਿਆ? ਕੀ ਇਹ ਮੁਮਕਿਨ ਹੈ ਕਿ ਕਿਸੇ ਬੈਰਾਗੀ ਹੰਕਾਰੀ ਸਾਧੂ ਜਿਸ ਨੂੰ ਗੁਰੂ ਜੀ ਕੇਵਲ ਕੁਝ ਸਮੇਂ ਲਈ ਹੀ ਜਾਣਦੇ ਸਨ, ਨੂੰ ਅੰਮ੍ਰਿਤ ਛਕਾ ਕੇ ਸਿੱਖ ਕੌਮ ਦੀ ਵਾਗਡੋਰ ਉਸ ਦੇ ਹੱਥ ਸੌਂਪੀ ਜਾਵੇ? ਲੰਬੇ ਸਮੇਂ ਤੋਂ ਗੁਰੂ ਦੀ ਸੰਗਤ ਕਰ ਰਹੇ ਸਿੰਘਾਂ ਵਿਚੋਂ ਕੀ ਕੋਈ ਵੀ ਐਸਾ ਕੱਦਾਵਾਰ ਸਿੰਘ ਨਹੀਂ ਸੀ ਜੋ ਸਿੱਖ ਕੌਮ ਦੀ ਅਗਵਾਈ ਸੰਭਾਲਣ ਦੇ ਯੋਗ ਹੁੰਦਾ?
ਜਾਜੋਂ ਦੀ ਜਿੱਤ ਤੋਂ ਬਾਅਦ ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਆਗਰੇ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਕਾਫਲੇ ਦੀ ਅਗਵਾਈ ਕਰਨ ਬੰਦਾ ਬਹਾਦਰ ਜੋ ਉਸ ਦੀ ਫੌਜ ਦਾ ਉਘਾ ਕਮਾਂਡਰ ਸੀ, ਨੂੰ ਖਾਸ ਜ਼ਿੰਮੇਵਾਰੀ ਸੌਂਪੀ। ਬਾਦਸ਼ਾਹ ਨੇ ਆਪਣੇ ਸੁਨੇਹੇ ਵਿਚ ਇਹ ਇੱਛਾ ਵੀ ਪ੍ਰਗਟਾਈ ਕਿ ਉਹ ਖੁਦ ਗੁਰੂ ਦੇ ਦਰਬਾਰ ਵਿਚ ਹਾਜ਼ਰ ਹੋਣਾ ਚਾਹੁੰਦਾ ਹੈ। ਕੱਟੜ ਮੁਲਾਣਿਆਂ ਦੇ ਵਿਰੋਧ ਕਾਰਨ ਬਾਦਸ਼ਾਹ ਇਸ ਤਰ੍ਹਾਂ ਨਾ ਕਰ ਸਕਿਆ।
ਬਾਦਸ਼ਾਹ ਵੱਲੋਂ ਸੱਦਾ ਪੱਤਰ ਮਿਲਣ ‘ਤੇ ਗੁਰੂ ਜੀ ਦਿੱਲੀ ਤੋਂ ਬਾਦਸ਼ਾਹ ਨੂੰ ਮਿਲਣ ਆਗਰੇ ਗਏ। ਦੋਹਾਂ ਵਿਚਕਾਰ ਇਹ ਮੁਲਾਕਾਤ 23 ਜੁਲਾਈ ਨੂੰ ਹੋਈ। ਬਾਦਸ਼ਾਹ ਨੇ ਗੁਰੂ ਜੀ ਵੱਲੋਂ ਵੇਲੇ ਸਿਰ ਦਿੱਤੀ ਸਹਾਇਤਾ ਦਾ ਧੰਨਵਾਦ ਕੀਤਾ ਅਤੇ ਭੇਟ ਵਜੋਂ ਸੱਠ ਹਜ਼ਾਰ ਦੀ ਜੜਾਊ ਧੁਖਧੁਖੀ, ਕਲਗੀ ਅਤੇ ਸਿਰੋਪਾਓ ਦਿੱਤੇ। ਬਾਦਸ਼ਾਹ ਨੇ ਗੁਰੂ ਜੀ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਕੁਝ ਸਮਾਂ ਉਨ੍ਹਾਂ ਪਾਸ ਠਹਿਰਨ ਅਤੇ ਉਨ੍ਹਾਂ ਨਾਲ ਦੱਖਣ ਦੀ ਯਾਤਰਾ ਕਰਨ। ਗੁਰੂ ਜੀ ਨੇ ਇਹ ਬੇਨਤੀ ਪ੍ਰਵਾਨ ਕਰ ਲਈ। ਕੁਝ ਦਿਨ ਆਗਰੇ ਠਹਿਰਨ ਮਗਰੋਂ ਬਾਦਸ਼ਾਹ ਜੈਪੁਰ (ਰਾਜਸਥਾਨ) ਚਲਾ ਗਿਆ। ਸੁਨੇਹਾ ਮਿਲਣ ‘ਤੇ ਗੁਰੂ ਜੀ ਵੀ ਬਾਦਸ਼ਾਹ ਨਾਲ ਜਾ ਮਿਲੇ ਅਤੇ ਦੋਨੋਂ ਜੋਧਪੁਰ ਅਤੇ ਚਿਤੌੜ ਵਿਚ ਦੀ ਹੁੰਦੇ ਹੋਏ ਬੁਹਰਾਨਪੁਰ ਪਹੁੰਚ ਗਏ। ਇਸ ਸਫ਼ਰ ਵਿਚ ਗੁਰੂ ਜੀ ਨਾਲ ਉਨ੍ਹਾਂ ਦੇ ਆਪਣੇ 200 ਜਾਂ 300 ਪੈਦਲ ਹਥਿਆਰਬੰਦ ਸਿੱਖ ਸੈਨਿਕ ਸਨ। ਬੁਹਰਾਨਪੁਰ ਤੋਂ ਬਾਅਦ ਨਾਂਦੇੜ ਦੇ ਸਥਾਨ ‘ਤੇ ਟਿਕਾਣਾ ਕੀਤਾ ਗਿਆ। ਇਹ ਗੱਲ ਅੱਧ ਸਤੰਬਰ 1708 ਈਸਵੀ ਦੀ ਹੈ। (ਡਾæ ਗੋਪਾਲ ਸਿੰਘ)
ਕਨਿੰਘਮ ‘ਹਿਸਟਰੀ ਆਫ ਦਿ ਸਿੱਖਸ’ ਵਿਚ ਇਹ ਵਿਚਾਰ ਪੇਸ਼ ਕਰਦਾ ਹੈ ਕਿ ਆਗਰੇ ਗੁਰੂ ਜੀ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੋਦਾਵਰੀ ਦੀ ਵਾਦੀ ਵਿਚ ਫੌਜੀ ਕਮਾਂਡ ਸੰਭਾਲ ਦਿੱਤੀ ਗਈ। ਸਈਅਦ ਮੁਹੰਮਦ ਲਤੀਫ ‘ਹਿਸਟਰੀ ਆਫ ਦਿ ਪੰਜਾਬ’ ਵਿਚ ਲਿਖਦਾ ਹੈ ਕਿ ਬਾਦਸ਼ਾਹ ਨੇ ਵਿਦਰੋਹੀ ਨੇਤਾ ਦੀਆਂ ਸੇਵਾਵਾਂ ਆਪਣੇ ਹੱਕ ਵਿਚ ਹਾਸਲ ਕਰਨ ਦੀ ਮਨਸ਼ਾ ਨਾਲ ਗੁਰੂ ਜੀ ਨੂੰ ਫੌਜ ਵਿਚ ਪੰਜ ਹਜ਼ਾਰੀ ਨਿਯੁਕਤ ਕੀਤਾ ਸੀ। ਜੇæਡੀæ ਕਨਿੰਘਮ ਅਤੇ ਲਤੀਫ ਦੇ ਕਥਨਾਂ ਦੀ ਪ੍ਰੋੜਤਾ ਬਖਤ ਮੱਲ ਦੇ ‘ਖਾਲਸਾਨਾਮਾ’ ਤੋਂ ਵੀ ਹੁੰਦੀ ਹੈ ਜਿਸ ਵਿਚ ਲਿਖਿਆ ਗਿਆ ਹੈ, ‘ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਫਰਮਾਨ ਜਾਰੀ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਤਿੰਨ ਸੌ ਰੁਪਈਆ ਰੋਜ਼ਾਨਾ ਅਦਾ ਕਰੇ।’ ਮੇਜਰ ਏæਈæ ਬਾਰਸਟੋਅ ‘ਹੈਂਡਬੁੱਕ ਆਫ ਦਿ ਸਿੱਖਸ’ ਵਿਚ ਲਿਖਦੇ ਹਨ, “ਬਾਦਸ਼ਾਹ ਨੇ ਗੋਦਾਵਰੀ ਵਾਦੀ ਵਿਚ ਫੌਜੀ ਕਮਾਂਡ ਗੁਰੂ ਸਾਹਿਬ ਨੂੰ ਇਸ ਉਮੀਦ ਨਾਲ ਦਿੱਤੀ ਸੀ ਕਿ ਵਿਦਰੋਹੀ ਜੱਟਾਂ ਦੇ ਇਸ ਲੀਡਰ ਦੀਆਂ ਸੇਵਾਵਾਂ ਮਰਾਠਿਆਂ ਦੀ ਬਗਾਵਤ ਨੂੰ ਠੱਲ੍ਹਣ ਲਈ ਢੁਕਵੀਆਂ ਰਹਿਣਗੀਆਂ।”
ਇਨ੍ਹਾਂ ਸਾਰੇ ਲਿਖਾਰੀਆਂ ਦੇ ਵਿਚਾਰ ਸਹੀ ਨਹੀਂ ਹਨ, ਕਿਉਂਕਿ ਇਹ ਸਭ ਕੁਝ ਉਨ੍ਹਾਂ ਦੀਆਂ ਸਿਖਿਆਵਾਂ ਅਤੇ ਤਰਜ਼-ਏ-ਜ਼ਿੰਦਗੀ ਦੇ ਉਲਟ ਹੈ। ਗੁਰੂ ਜੀ ਨੇ ਬਾਦਸ਼ਾਹ ਨੂੰ ਪੂਰਨ ਸਹਿਯੋਗ ਇਸ ਉਮੀਦ ਨਾਲ ਦਿੱਤਾ ਹੋਵੇਗਾ ਕਿ ਬਾਦਸ਼ਾਹ ਵਜ਼ੀਰ ਖਾਨ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੇਗਾ। ਗੁਰੂ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਹਾਂਗੀਰ ਦੇ ਰਾਜ ਕਾਲ ਦੌਰਾਨ ਬਾਦਸ਼ਾਹ ਨਾਲ ਦੋਸਤੀ ਨਿਭਾਈ ਸੀ। ਗੁਰੂ ਜੀ ਜ਼ੁਲਮ ਦੇ ਵਿਰੁਧ ਸਨ, ਕਿਸੇ ਧਰਮ ਦੇ ਨਹੀਂ।
ਮੁਗਲ ਬਾਦਸ਼ਾਹ ਬਹਾਦਰ ਸ਼ਾਹ ਭਾਵੇਂ ਗੁਰੂ ਜੀ ਪ੍ਰਤੀ ਸਤਿਕਾਰਯੋਗ ਅਤੇ ਆਦਰ ਵਾਲੇ ਵਿਚਾਰ ਰੱਖਦਾ ਸੀ, ਪਰ ਉਸ ਦੀਆਂ ਆਪਣੀਆਂ ਮਜਬੂਰੀਆਂ ਅਤੇ ਸੀਮਾਵਾਂ ਸਨ। ਗੁਰੂ ਜੀ ਵੱਲੋਂ ਵਜ਼ੀਰ ਖਾਨ ਦੀ ਮੰਗ ਕਰਨਾ, ਉਸ ਲਈ ਮੁਸ਼ਕਿਲਾਂ ਖੜ੍ਹੀਆਂ ਕਰਨ ਦਾ ਸੰਕੇਤ ਸੀ। ਉਸ ਦਾ ਖਜ਼ਾਨਾ ਖਾਲੀ ਸੀ। ਤਖ਼ਤ ਦਾ ਇਕ ਹੋਰ ਦਾਅਵੇਦਾਰ ਉਸ ਦਾ ਆਪਣਾ ਭਰਾ ਕਾਮ ਬਖ਼ਸ਼ ਦੱਖਣ ਵਿਚ ਹਿਲਜੁਲ ਕਰ ਰਿਹਾ ਸੀ। ਸੂਬੇਦਾਰ ਮਨਮਰਜ਼ੀ ‘ਤੇ ਉਤਾਰੂ ਸਨ ਅਤੇ ਉਨ੍ਹਾਂ ਵਿਚ ਅਨੁਸ਼ਾਸਨਹੀਣਤਾ ਘਰ ਕਰ ਗਈ ਸੀ। ਗੁਰੂ ਜੀ ਦੀ ਮੰਗ ਭਾਵੇਂ ਕਿੰਨੀ ਵੀ ਜਾਇਜ਼ ਸੀ, ਪਰ ਬਾਦਸ਼ਾਹ ਗੁਰੂ ਜੀ ਦੀ ਖਾਤਰ ਸਮੁੱਚੇ ਮੁਗਲ ਸੂਬੇਦਾਰ, ਮੁਲਾਣਿਆਂ ਅਤੇ ਮੁਸਲਿਮ ਭਾਈਚਾਰੇ ਦਾ ਵਿਰੋਧ ਨਹੀਂ ਸੀ ਸਹੇੜ ਸਕਦਾ। ਬਾਦਸ਼ਾਹ ਨੇ ਸੋਚੀ ਸਮਝੀ ਸਕੀਮ ਅਨੁਸਾਰ ਗੁਰੂ ਜੀ ਨੂੰ ਦੱਖਣ ਜਾਣ ਦੀ ਬੇਨਤੀ ਕੀਤੀ ਸੀ ਤਾਂ ਜੋ ਵਜ਼ੀਰ ਖਾਨ ਅਤੇ ਗੁਰੂ ਜੀ ਦਰਮਿਆਨ ਟਕਰਾ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕੇ।
ਦੂਜੇ ਬੰਨ੍ਹੇ ਗੁਰੂ ਜੀ ਦੀ ਸਥਿਤੀ ਬਹੁਤੀ ਸੁਖਾਵੀਂ ਨਹੀਂ ਸੀ। ਨਾਨਕਪੰਥੀ ਅਤੇ ਦਿੱਲੀ ਦੇ ਸਿੱਖ ਜਿਹੜੇ ਖੰਡੇ ਦੀ ਪਾਹੁਲ ਤੋਂ ਇਨਕਾਰੀ ਸਨ, ਧਰਮ ਯੁੱਧ ਲਈ ਬਹੁਤੇ ਉਤਸ਼ਾਹਤ ਨਹੀਂ ਸਨ। ਬਰਾੜਾਂ ਵਰਗੇ ਭਾੜੇ ਦੇ ਸੈਨਿਕ ਵੀ ਗੁਰੂ ਜੀ ਦਾ ਸਾਥ ਛੱਡ ਚੁੱਕੇ ਸਨ। ਮਾਝੇ, ਮਾਲਵੇ ਅਤੇ ਦੋਆਬੇ ਦੇ ਸਿੱਖਾਂ ਵਿਚ ਲੜਨ ਮਰਨ ਦੀ ਸਪਿਰਟ ਦਮ ਤੋੜ ਚੁੱਕੀ ਸੀ। ਸੰਭਾ ਜੀ ਦੀ ਮੌਤ ਤੋਂ ਬਾਅਦ ਮਰਾਠਿਆਂ ਦਾ ਦਮ ਵੀ ਟੁੱਟ ਚੁੱਕਿਆ ਸੀ। ਰਾਜਪੂਤ ਪਹਿਲਾਂ ਹੀ ਹਾਰ ਮੰਨ ਕੇ ਮੁਗਲਾਂ ਨੂੰ ਧੀਆਂ ਦੇ ਡੋਲੇ ਦੇ ਚੁੱਕੇ ਸਨ। ਇਸ ਤਰ੍ਹਾਂ ਦੇ ਹਾਲਾਤ ਵਿਚ ਗੁਰੂ ਜੀ ਦਾ ਬਾਦਸ਼ਾਹ ਨਾਲ ਮੇਲ-ਮਿਲਾਪ ਉਨ੍ਹਾਂ ਦੀ ਮਜਬੂਰੀ ਸੀ। ਡਾæ ਗੋਪਾਲ ਸਿੰਘ ਆਪਣੀ ਪੁਸਤਕ ‘ਹਿਸਟਰੀ ਆਫ ਦੀ ਸਿੱਖ ਸਿੱਖ ਪਿਪਲ’ ਵਿਚ ਲਿਖਦੇ ਹਨ, “ਗੁਰੂ ਜੀ ਲਈ ਵੀ ਬਾਦਸ਼ਾਹ ਕੈਂਪ ਨਾਲ ਅਨੰਤ ਸਮੇਂ ਲਈ ਤੁਰੇ ਜਾਣਾ ਮੁਸ਼ਕਿਲ ਸੀ। ਇਸ ਲਈ ਨਾਂਦੇੜ ਦੇ ਸਥਾਨ ‘ਤੇ ਦੋਹਾਂ ਧਿਰਾਂ ਵਿਚ ਗੱਲਬਾਤ ਟੁੱਟ ਗਈ।” ਜਦੋਂ ਬਾਦਸ਼ਾਹ ਨੇ ਗੋਦਾਵਰੀ ਪਾਰ ਕਰਕੇ ਹੈਦਾਰਾਬਾਦ ਦੱਖਣ ਜਾਣ ਦੀ ਤਿਆਰੀ ਕਰ ਲਈ ਤਾਂ ਗੁਰੂ ਸਾਹਿਬ ਨੇ ਕੁਝ ਸਮੇਂ ਲਈ ਨਾਂਦੇੜ ਡੇਰਾ ਲਾ ਲਿਆ। ਗੱਲਬਾਤ ਟੁੱਟਣ ਦਾ ਸਮਾਂ ਸਤੰਬਰ 1708 ਈæ ਦੇ ਆਖਰੀ ਹਫਤੇ ਦਾ ਹੈ। ਗੱਲਬਾਤ ਟੁੱਟਣ ਦਾ ਕਾਰਨ ਦੱਸਦਿਆਂ ‘ਗੁਰੂ ਗੋਬਿੰਦ ਸਿੰਘ ਦਾ ਜੀਵਨ’ ਪੁਸਤਕ ਦਾ ਕਰਤਾ ਦੌਲਤ ਰਾਮ ਲਿਖਦਾ ਹੈ ਕਿ ਜਦੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਮਰਹੱਠਿਆਂ ਵਿਰੁਧ ਉਸ ਦੀ ਮਦਦ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਬਾਦਸ਼ਾਹ ਨਾਲੋਂ ਨਾਤਾ ਤੋੜ ਲਿਆ ਕਿਉਂਕਿ ਉਹ ਕਿਸੇ ਵੀ ਕੀਮਤ ‘ਤੇ ਦੇਸ਼ ਭਰਾ ਮਰਹੱਠਿਆਂ ਵਿਰੁਧ ਜਾਣਾ ਨਹੀਂ ਸਨ ਚਾਹੁੰਦੇ। ਇਹ ਲਿਖਾਰੀ ਦਾ ਨਿਜੀ ਵਿਚਾਰ ਹੈ, ਕੋਈ ਇਤਿਹਾਸਕ ਸੱਚਾਈ ਨਹੀਂ। ਮੁੱਖ ਕਾਰਨ ਤਾਂ ਵਜ਼ੀਰ ਖਾਨ ਦਾ ਸੀ। ਬਾਦਸ਼ਾਹ ਵਜ਼ੀਰ ਖਾਨ ਵਿਰੁਧ ਕੋਈ ਵੀ ਐਸੀ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾ ਸਮੁੱਚੇ ਪੰਜਾਬ ਵਜ਼ੀਰ ਖਾਨ ਦੇ ਸਹਿਯੋਗੀ ਬਾਦਸ਼ਾਹ ਵਿਰੁਧ ਬਗਾਵਤ ਕਰ ਦੇਣ।
Leave a Reply