ਸੌਣ ਲੱਗਿਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਸੌਣ ਲੱਗਿਆਂ ਅਸੀਂ ਸਾਰੇ ਕੁਝ ਨਾ ਕੁਝ ਸੋਚਦੇ, ਸਮਝਦੇ, ਸੰਤੋਖਦੇ ਅਤੇ ਸਮੇਟਦਿਆਂ ਰਾਤ ਦੀ ਆਗੋਸ਼ ਵਿਚ ਜਾਣ ਲਈ ਉਤਾਵਲੇ ਹੁੰਦੇ ਹਾਂ।
ਕੁਝ ਲੋਕ ਰਾਤਾਂ ਨੂੰ ਸੋਂਦੇ। ਤਰੋ-ਤਾਜੇ਼ ਹੋ ਕੇ ਅਗਲੀ ਸਵੇਰ ਨੂੰ ਖੁਸ਼-ਆਮਦੀਦ ਕਹਿੰਦੇ। ਜੀਵਨੀ ਸਫ਼ਰ ਨੂੰ ਨਵੀਂ ਸੋਚ, ਸਾਧਨਾ, ਸਮਰਪਿਤਾ ਅਤੇ ਸਫ਼ਲਤਾ ਨਾਲ ਜਾਰੀ ਰੱਖਦੇ ਨਵੇਂ ਸਿਰਨਾਵਿਆਂ ਦੀ ਖੋਜ ਵਿਚ ਨਵੀਆਂ ਧਰਾਤਲਾਂ ਦੀ ਨਿਸ਼ਾਨਦੇਹੀ ਕਰਦੇ। ਉਨ੍ਹਾਂ ਲਈ ਜੀਵਨੀ ਸਿ਼ਲਾਲੇਖ਼ ਨੂੰ ਨਵੀਆਂ ਪ੍ਰਾਪਤੀਆਂ ਦਾ ਨਾਮਕਰਨ ਦੇਣ ਦਾ ਜੋਸ਼ ਤੇ ਜਨੂੰਨ ਹੁੰਦਾ।

ਕੁਝ ਲੋਕ ਰਾਤਾਂ ਨੂੰ ਜਾਗਦੇ ਨੀਂਦ ਉਚਾਟ ਕਰਦੇ ਅਤੇ ਕਈਆਂ ਹੋਰਨਾਂ ਦੀਆਂ ਨੀਂਦਰਾਂ ਵੀ ਹੰਘਾਲਦੇ। ਉਨ੍ਹਾਂ ਦੀ ਸੋਚ ਵਿਚਲੀ ਭਟਕਣਾ ਉਨ੍ਹਾਂ ਨੂੰ ਸੌਣ ਲਈ ਅਵਾਜ਼ਾਰੀ ਪੈਦਾ ਨਹੀਂ ਕਰਦੀ ਅਤੇ ਉਹ ਰਾਤ ਦੇ ਹਨੇਰਿਆਂ ਵਿਚ ਆਪਣੀਆਂ ਮੰਜ਼ਲਾਂ ਗੁਆ ਬਹਿੰਦੇ। ਉਨ੍ਹਾਂ ਦੇ ਪੈਂਡਿਆਂ ਵਿਚ ਖਾਈਆਂ ਅਤੇ ਖੱਡੇ ਉਗਦੇ। ਇਨ੍ਹਾਂ ਨੂੰ ਸਰ ਕਰਨ ਦੀ ਅਸਫ਼ਲ ਕੋਸਿ਼ਸ਼ ਵਿਚ ਆਪਣੇ ਸਾਹਾਂ ਨੂੰ ਅਰਥੀ ਲਈ ਮੋਢਾ ਦੇਣ ਜੋਗੇ ਰਹਿ ਜਾਂਦੇ।
ਕੁਝ ਲੋਕ ਸੁੱਤਿਆਂ ਵੀ ਜਾਗਦੇ ਅਤੇ ਕਈ ਲੋਕ ਜਾਗਦਿਆਂ ਵੀ ਸੁੱਤੇ ਹੁੰਦੇ। ਉਨ੍ਹਾਂ ਲਈ ਦੁਚਿੱਤੀ ਵਿਚੋਂ ਅੱਧ-ਸੁਤਿਆਂ ਅਤੇ ਅੱਧ-ਜਾਗਦਿਆਂ ਹੀ ਜੀਵਨ ਨੂੰ ਪੂਰਾ ਕਰਨ ਦੀ ਮਜਬੂਰੀ ਹੁੰਦੀ।
ਕੁਝ ਲੋਕ ਸੌਣ ਲੱਗਿਆਂ ਨੀਂਦ ਦੀ ਆਗੋਸ਼ ਵਿਚ ਜਾ ਕੇ ਸੁਪਨਸਾਜ਼ੀ ਨੂੰ ਮਾਨਣਾ ਲੋਚਦੇ ਕਿਉਂਕਿ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਸੁਪਨੇ ਲੈਣਾ। ਇਨ੍ਹਾਂ ਸੁਪਨਿਆਂ ਰਾਹੀਂ ਆਪਣੀਆਂ ਮਨੋਭਾਵਨਾਵਾਂ ਦੀ ਪੂਰਤੀ ਕਰਨਾ। ਮਨਚਾਹੇ ਰਾਹਾਂ ਦੇ ਰਾਹੀ ਬਣਨਾ ਅਤੇ ਦਿਲਲਗੀ ਕਰਦਿਆਂ ਜੀਵਨ ਦੀਆਂ ਅਸੀਮ ਖੁਸ਼ੀਆਂ ਨੂੰ ਆਪਣੇ ਨਾਮ ਕਰਨਾ।
ਕੁਝ ਲੋਕ ਸੌਣ ਲੱਗਿਆਂ ਪਰੀ ਦੇਸ਼ ਵਿਚ ਜਾਣ ਦੇ ਚਾਹਵਾਨ। ਹੁਸੀਨ ਨਜ਼ਾਰਿਆਂ ਨੂੰ ਮਾਨਣ ਦੀ ਤਾਂਘ। ਕੋਸੇ ਕੋਸੇ ਪਲਾਂ ਨੂੰ ਆਪਣੇ ਨਾਮ ਕਰਨ ਦੀ ਤਤਪਰਤਾ। ਨਿੱਘੇ ਸਾਹਾਂ ਦੀ ਮਹਿਕੀਲੀ ਲਬਰੇਜ਼ਤਾ ਮਾਨਣਾ ਲੋਚਦੇ। ਉਹ ਜੀਵਨ ਨੂੰ ਭਰਪੂਰਤਾ ਨਾਲ ਜਿਊਣ ਦੇ ਹਾਮੀ। ਉਹ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਆਪਣੇ ਰੰਗ ਵਿਚ ਮਾਨਣ ਦੇ ਅਜ਼ਲੀ ਲੋਕ।
ਕੁਝ ਲੋਕ ਸੌਣ ਲੱਗਿਆਂ ਬੰਦ ਕਮਰਿਆਂ ਦੀ ਬਦਹਵਾਸੀ ਪੌਣ ਵਿਚ ਸਾਹਾਂ ਦੀ ਖ਼ੈਰਾਤ ਮੰਗਦੇ। ਬੰਦ ਬੂਹਿਆਂ ਅਤੇ ਬਾਰੀਆਂ ਦੇ ਮੋਟੇ ਪਰਦਿਆਂ ਵਿਚੋਂ ਆਉਣ ਵਾਲੀ ਚਾਨਣ ਝੀਤ ਨੂੰ ਮਨਾਹੀ। ਉਹ ਘੁੱਪ ਹਨੇਰ ਵਿਚ ਆਪਣੇ ਕਾਲੇ ਕਾਰਨਾਮਿਆਂ ਦੀ ਕਾਲਖ਼ੀ ਤਵਾਰੀਖ਼ ਲਿਖਣ ਲਈ ਉਤਾਵਲੇ। ਆਪਣੀਆਂ ਕਰਤੂਤਾਂ, ਕਮੀਨਗੀਆਂ ਅਤੇ ਕੁਤਾਹੀਆਂ ਕਾਰਨ ਹੀ ਉਹ ਚਾਨਣ ਤੋਂ ਤ੍ਰਿਹੰਦੇ।
ਕੁਝ ਲੋਕ ਸੌਣ ਲੱਗਿਆਂ ਕੱਚੀ ਛੱਤ `ਤੇ ਅਲਾਣੀ ਮੰਜੇ `ਤੇ ਲੋਟਣੀਆਂ ਮਾਰਦੇ। ਉਹ ਸੱਜਣ ਪਿਆਰੇ ਦੇ ਸਾਥ ਵਿਚ ਚਾਨਣੀ ਵਿਚ ਭਿੱਜਣਾ ਚਾਹੁੰਦੇ ਅਤੇ ਚਾਨਣੀ ਦੀ ਚਾਦਰ ਲੈ ਕੇ ਪਿਆਰੇ ਦੇ ਸਾਥ ਨੂੰ ਮਾਨਣਾ ਚਾਹੁੰਦੇ। ਤਾਰਿਆਂ ਵਰਗੇ ਇਹ ਲੋਕ ਅੰਬਰ ਨੂੰ ਆਪਣਾ ਹਾਣੀ ਬਣਾਉਂਦੇ ਅਤੇ ਲੋਅ ਵੰਡਦੇ। ਜੀਵਨੀ ਸੁੱਚਮਤਾ ਨੂੰ ਆਪਣੀ ਤਰਜੀਹੀ ਤਸ਼ਬੀਹ ਬਣਾ ਕੇ ਤਵਾਰੀਖ਼ੀ ਤਕਦੀਰ ਨੂੰ ਮਸਤਕ `ਤੇ ਚਿਪਕਾਉਂਦੇ ਅਤੇ ਚਾਨਣ ਦਾ ਗੀਤ ਗਾਉਂਦੇ। ਇਨ੍ਹਾਂ ਨੂੰ ਪਲੋਸਦੀ ਹੈ ਹਲਕੀ ਹਲਕੀ ਵਗਦੀ ਹਵਾ ਅਤੇ ਦੂਰ ਬਹਿਸ਼ਤ ਵਿਚੋਂ ਆਇਆ ਮਹਿਕੀਲੀ ਬੁੱਲ੍ਹਾ। ਉਹ ਪਹੁ-ਫੁਟਾਲੇ ਵਰਗੀ ਲਾਲੀ ਨੂੰ ਜਿ਼ੰਦਗੀ ਦੇ ਨਾਮ ਕਰ ਕੇ ਸੱਜਰੇ ਫੁੱਲਾਂ ਵਾਂਗ ਖਿੜੇ, ਸਵੇਰ ਸਾਰ ਨਵੀਆਂ ਪੈੜਾਂ ਸਿਰਜਣ ਲਈ ਪੈਰਾਂ ਨੂੰ ਰਾਹਾਂ ਦੀ ਧੂੜ ਵਿਚ ਰੰਗਦੇ।
ਕੁਝ ਲੋਕ ਸੌਣ ਲੱਗਿਆਂ ਦਿਨ ਭਰ ਦਾ ਲੇਖਾ-ਜੋਖਾ ਕਰਦੇ। ਕੀ ਖੱਟਿਆ ਤੇ ਕੀ ਕਮਾਇਆ? ਕਿਹੜਾ ਪੁੰਨ ਕੀਤਾ ਤੇ ਕਿਹੜਾ ਪਾਪ ਕਮਾਇਆ? ਕਿਸ ਨੂੰ ਹਸਾਇਆ ਅਤੇ ਕਿਸ ਨੂੰ ਰੁਆਇਆ? ਕਿਸ ਨੂੰ ਦੁਖੀ ਕੀਤਾ ਅਤੇ ਕਿਸ ਦਾ ਦਰਦ ਵੰਡਾਇਆ? ਕਿਸ ਦੀ ਚੀਸ ਨੂੰ ਚੁਲਬੁਲੀ ਚੀਕ ਸਮਝਿਆ ਅਤੇ ਕਿਸ ਦੀ ਚੀਖ਼ ਨੂੰ ਸੀਨੇ ਵਿਚ ਸਮਾਇਆ? ਕਿਸ ਦੇ ਅੱਥਰੂਆਂ ਨੂੰ ਪੂੰਝਿਆ ਅਤੇ ਕਿਸ ਨੂੰ ਜ਼ਾਰੋ-ਜ਼ਾਰ ਰੁਆਇਆ? ਕਿਸ ਦੇ ਸੁਪਨਿਆਂ ਦੇ ਪਰ ਕੁਤਰੇ ਅਤੇ ਕਿਸ ਦੇ ਦੀਦਿਆਂ ਵਿਚ ਸੁਪਨਿਆਂ ਨੂੰ ਸਜਾਇਆ? ਕਿਸ ਨੂੰ ਜ਼ਖ਼ਮ ਦਿੱਤੇ ਅਤੇ ਕਿਸ ਦੇ ਜ਼ਖ਼ਮਾਂ ਨੂੰ ਸਹਿਲਾਇਆ? ਕਿਸ ਦੀ ਰੂਹ ਨੂੰ ਦਰਦ ਅਰਪੇ ਅਤੇ ਕਿਸ ਦੀ ਰੂਹ ਨੂੰ ਸੁਖ਼ਨ ਅਤੇ ਸਕੂਨ ਦਾ ਰੰਗ ਚੜ੍ਹਾਇਆ? ਕਿਸ ਦੇ ਰਾਹਾਂ ਵਿਚ ਸੂਲਾਂ ਬੀਜੀਆਂ ਅਤੇ ਕਿਸ ਦੇ ਰਾਹਾਂ ਵਿਚ ਚਿਰਾਗਾਂ ਦਾ ਮੇਲਾ ਲਾਇਆ? ਕਿਸ ਦੇ ਬੋਲਾਂ ਵਿਚ ਸਹਿਮ ਬੀਜਿਆ ਅਤੇ ਕਿਸ ਦੀ ਬੋਲਬਾਣੀ ਨੂੰ ਬਹਾਦਰੀ ਦਾ ਨਿਉਂਦਾ ਪਾਇਆ? ਕਿਸ ਦੀ ਤੜਪ ਨੂੰ ਘਟਾਇਆ ਅਤੇ ਕਿਸ ਦੀ ਭਟਕਣ ਨੂੰ ਵਧਾਇਆ? ਬਹੁਤ ਕੁਝ ਹੁੰਦਾ ਹੈ ਹਿਸਾਬ-ਕਿਤਾਬ ਕਰਨ ਵਾਲਾ। ਅਜਿਹੇ ਲੋਕ ਨਫ਼ਾ-ਨੁਕਸਾਨ ਜੋਖ਼ਦਿਆਂ ਹੀ ਤਾਰਿਆਂ ਦੀਆਂ ਖਿੱਤੀਆਂ ਨੂੰ ਡੁੱਬਣ ਜੋਗਾ ਕਰ ਦਿੰਦੇ।
ਕੁਝ ਲੋਕ ਸੌਣ ਲੱਗਿਆਂ ਨੀਂਦ ਦੇ ਲਾਡਲੇ ਪੁੱਤ। ਨੀਂਦ ਉਨ੍ਹਾਂ ਨੂੰ ਲੋਰੀਆਂ ਸੁਣਾਉਂਦੀ। ਸੁਪਨਈ ਸੰਸਾਰ ਦੀ ਸੈਰ ਕਰਵਾਉਂਦੀ। ਉਹ ਰੇਸ਼ਮੀ ਤੇ ਮਖ਼ਮਲੀ ਸੇਜਾਂ ਵਰਗਾ ਅਹਿਸਾਸ ਮਨਾਂ ਵਿਚ ਉਪਜਾਉਂਦੇ ਭਾਵੇਂ ਉਹ ਰੋੜਾਂ `ਤੇ ਸੁੱਤੇ ਹੋਣ। ਬਾਂਹ ਦਾ ਸਿਰਹਾਣਾ ਲੈ ਕੇ ਕਿਰਤੀ ਸੁੱਤਾ ਹੋਵੇ ਜਾਂ ਕਣਕ ਦੀ ਗਹਾਈ ਕਰਦਿਆਂ ਕਣਕ ਦੇ ਬੋਹਲ `ਤੇ ਹੀ ਕਿਸਾਨ ਸੁੱਤਾ ਹੋਵੇ। ਭਾਵੇਂ ਇਹ ਚਿਤਕਬਰੀ ਛਾਂ `ਚ ਘੁਰਾੜੇ ਮਾਰ ਰਿਹਾ ਹੋਵੇ ਜਾਂ ਕਿਸੇ ਜੇਲ੍ਹ ਦੀ ਕਾਲ ਕੋਠੜੀ ਵਿਚ ਸੂਲੀ `ਤੇ ਚੜ੍ਹਨ ਦੀ ਉਡੀਕ ਕਰ ਰਿਹਾ ਹੋਵੇ। ਇਨ੍ਹਾਂ ਲਈ ਰਾਤ ਦਾ ਮਤਲਬ ਨੀਂਦ ਨੂੰ ਮਾਨਣਾ ਹੁੰਦਾ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਗਲੇ ਦਿਨ ਨੇ ਨਵੀਆਂ ਚੁਣੌਤੀਆਂ, ਸੰਭਾਵਨਾਵਾਂ ਅਤੇ ਸਮਰੱਥਾਵਾਂ ਲੈ ਕੇ ਆਉਣਾ ਹੈ। ਇਨ੍ਹਾਂ ਦੇ ਮੁਕਾਬਲੇ ਲਈ ਨਵੇਂ ਜਜ਼ਬਾਤ ਅਤੇ ਜਨੂੰਨ ਵਿਚੋਂ ਹੀ ਜਗਿਆਸਾ ਅਤੇ ਜਿ਼ੰਦਾਦਿਲੀ ਨੂੰ ਚਿਰੰਜੀਵ ਕੀਤਾ ਜਾ ਸਕਦਾ।
ਕੁਝ ਲੋਕ ਸੌਣ ਲੱਗਿਆਂ ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਲੈ ਕੇ ਰਾਤ ਦੇ ਦਰੀਂ ਜਾਂਦੇ। ਬਹੁਤ ਔਖਾ ਹੁੰਦਾ ਏ ਵਸਲ ਦੀਆਂ ਤਿੱਖੀਆਂ ਸੂਲਾਂ ਭਰੀ ਸੇਜ `ਤੇ ਸੌਣਾ, ਅਲਸਾਈਆਂ ਸੱਧਰਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨਾ ਅਤੇ ਵੰਗਾਂ ਦੀ ਖਣਕਾਰ ਨੂੰ ਰੁਦਨ ਦਾ ਨਾਮ ਦੇਣਾ। ਸਿਰਹਾਣੇ ਨੂੰ ਹੰਝੂਆਂ ਨਾਲ ਗਿੱਲਾ ਕਰਨਾ ਅਤੇ ਫਿਰ ਉਸਦੇ ਗਲ ਲੱਗ ਆਪਣਾ ਦਰਦ ਸੁਣਾਉਣਾ। ਦੂਰ ਗਏ ਨੂੰ `ਵਾਵਾਂ ਹੱਥੀਂ ਪੈਗਾਮ ਪਹੁੰਚਾਉਣਾ ਬਹੁਤ ਔਖਾ ਹੁੰਦਾ। ਤਾਂ ਹੀ ਉਨ੍ਹਾਂ ਲਈ ਰਾਤ ਦੇ ਪਹਿਰ ਸੂਲੀ `ਤੇ ਲਟਕਦੇ ਉਹ ਪਲ ਹੁੰਦੇ ਜੋ ਪਲ ਪਲ ਜਿੰਦ ਨੂੰ ਪੀੜਦੇ ਤੇ ਰੱਤ ਨਿਚੋੜਦੇ। ਉਹ ਹਉਕਿਆਂ ਵਿਚੋਂ ਮਿਲਣ ਰੁੱਤ ਦਾ ਮਸਨੂਈ ਕਿਆਸ ਸਿਰਜਣ ਦੇ ਆਹਰ ਵਿਚ ਹੀ ਸਾਰੀ ਉਮਰ ਵਿਹਾਜ ਦਿੰਦੇ।
ਕੁਝ ਲੋਕ ਸੌਣ ਲੱਗਿਆਂ, ਨੀਂਦ ਦੇ ਹਾੜੇ ਕੱਢਦੇ, ਲਿਲਕੜੀਆਂ ਲੈਂਦੇ ਤੇ ਤਰਲੇ ਪਾਉਂਦੇ। ਨੀਂਦ ਦੀਆਂ ਗੋਲੀਆਂ ਦਾ ਆਸਰਾ ਲੈਂਦੇ। ਦਰਅਸਲ ਅਜਿਹੇ ਲੋਕ ਮਾਨਸਿਕ ਭਟਕਣਾ ਅਤੇ ਮਾਇਕ ਦੌੜ ਵਿਚ ਹੰਭੇ-ਹਾਰੇ ਉਹ ਲੋਕ ਹੁੰਦੇ ਹਨ, ਜਿਨ੍ਹਾਂ ਲਈ ਅੱਗੇ ਲੰਘਣ ਦੀ ਹੋੜ ਜਿ਼ਆਦਾ ਮਹੱਤਵਪੂਰਨ ਹੁੰਦੀ। ਕੁਝ ਸਮਾਂ ਬੀਤਣ ਤੋਂ ਬਾਅਦ ਜਦ ਖੁ਼ਦ ਦੀ ਯਾਦ ਆਉਂਦੀ ਤਾਂ ਉਮਰ ਦਾ ਆਖ਼ਰੀ ਪੜਾਅ ਸਿਰਫ਼ ਕਬਰ ਦੀ ਉਡੀਕ `ਤੇ ਜਾ ਕੇ ਖ਼ਤਮ ਹੋ ਜਾਂਦਾ। ਉਹ ਇਕ ਪਛਤਾਵਾ ਲੈ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਕਿ ਕਾਸ਼ ਉਨ੍ਹਾਂ ਨੇ ਉਸ ਜਿ਼ੰਦਗੀ ਨੂੰ ਰੱਜ ਕੇ ਮਾਣਿਆ ਹੁੰਦਾ, ਜਿਹੜੀ ਉਨ੍ਹਾਂ ਦੇ ਹੱਥ ਵੱਸ ਸੀ। ਆਪਣੀ ਨੀਂਦੇ ਸੌਣ ਤੇ ਜਾਗਣ ਵਾਲੇ ਬਹੁਤ ਹੀ ਵਿਰਲੇ ਲੋਕ ਹੁੰਦੇ ਜਿਨ੍ਹਾਂ ਲਈ ਰਾਤ ਸਿਰਫ਼ ਰਾਤ ਹੁੰਦੀ ਅਤੇ ਦਿਨ ਸਿਰਫ਼ ਦਿਨ। ਉਹ ਕਦੇ ਵੀ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਸਮਝਣ ਦੀ ਕੁਤਾਹੀ ਨਹੀਂ ਕਰਦੇ। ਨਾ ਹੀ ਕਦੇ ਕੁਦਰਤ ਦੀ ਅਵੱਗਿਆ ਵਿਚੋਂ ਆਪਣੀ ਸਮਰੱਥਾ ਨੂੰ ਜ਼ਾਹਰ ਕਰਨ ਦਾ ਕੁਕਰਮ ਕਰਦੇ।
ਕੁਝ ਲੋਕ ਸੌਣ ਲੱਗਿਆਂ ਸ਼ੁਕਰਗੁਜ਼ਾਰ ਹੁੰਦੇ ਜੀਵਨੀ ਰਹਿਮਤਾਂ ਦਾ, ਕੁਦਰਤੀ ਨਿਆਮਤਾਂ ਦਾ ਤੇ ਮਿਲੀਆਂ ਬਰਕਤਾਂ ਦਾ। ਹੰਢਾਈਆਂ ਬਹਾਰਾਂ ਦਾ ਤੇ ਲੰਘੀਆਂ ਪੱਤਝੜਾਂ ਦਾ। ਮੌਸਮੀ ਰੰਗ-ਬਿਰੰਗਤਾ ਵਿਚੋਂ ਜੀਵਨ ਦੇ ਵਿਭਿੰਨ ਰੰਗਾਂ ਦੀ ਕਲਾਕਾਰੀ ਦਾ। ਸਾਹਾਂ ਦੀ ਸੁਖ਼ਨਤਾ ਦਾ, ਜਿ਼ੰਦਗੀ `ਚ ਮਿਲੇ ਰੱਜ ਦਾ, ਸਿਰ ਲਈ ਮਿਲੀ ਛੱਤ ਦਾ ਅਤੇ ਤਨ ਦੇ ਕੱਜਣ ਦਾ। ਪਰਿਵਾਰਕ ਸੰਗਤ ਮਾਨਣ ਦਾ ਤੇ ਬੱਚਿਆਂ ਵਿਚ ਬੱਚੇ ਬਣ ਕੇ ਉਨ੍ਹਾਂ ਨੂੰ ਬਚਪਨਾ ਅਰਪਣ ਦਾ। ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦਾ ਅਤੇ ਇਨ੍ਹਾਂ ਸੁਪਨਿਆਂ ਰਾਹੀਂ ਸਮਾਜ ਨੂੰ ਕੁਝ ਵਾਪਸ ਕਰਨ ਦਾ। ਮਨ ਵਿਚ ਬੰਦਿਆਈ, ਭਲਿਆਈ ਅਤੇ ਚੰਗਿਆਈ ਦਾ ਰਾਗ ਪੈਦਾ ਕਰਨ ਅਤੇ ਜੀਵਨ ਦੀ ਸੁੱਚਮਤਾ ਵਿਚੋਂ ਸੁੱਚਾ ਕਰਮ ਕਰਨ ਦਾ। ਉਨ੍ਹਾਂ ਦੇ ਹੋਠਾਂ `ਤੇ ਹਾਸੀ, ਮੁਖ਼ਾਰਬਿੰਦ ਵਿਚ ਸਬਰ ਤੇ ਸੰਤੋਖ, ਸੋਚ ਵਿਚ ਸੀਮਤ ਸਾਧਨ ਅਤੇ ਸੁਖ ਸਹੂਲਤਾਂ ਵਿਚੋਂ ਅਸੀਮਤ ਖੁਸ਼ੀਆਂ ਅਤੇ ਖੇੜੇ ਮਾਨਣ ਦੀ ਭਰਪੂਰਤਾ। ਉਹ ਜਿ਼ੰਦਗੀ ਨੂੰ ਜਿਊਂਦੇ। ਸਾਹ ਪੂਰੇ ਨਹੀਂ ਕਰਦੇ।
ਕੁਝ ਲੋਕ ਸੌਣ ਲੱਗਿਆਂ ਘਤਿੱਤਾਂ, ਘੁੱਣਤਰਾਂ, ਘੁੰਡੀਆਂ ਅਤੇ ਘ੍ਰਿਣਾਮਈ ਵਰਤਾਰਿਆਂ ਦੀਆਂ ਸਾਜ਼ਸ਼ਾਂ ਘੜਨ ਵਿਚ ਸਮੇਂ ਨੂੰ ਖੱਚਤ ਕਰਦੇ। ਉਨ੍ਹਾਂ ਲਈ ਰੰਜਸ਼ਾਂ, ਰੋਸਿਆਂ ਅਤੇ ਵਖਰੇਵਿਆਂ ਵਿਚੋਂ ਹੀ ਵਿਲੱਖਣਤਾ ਅਤੇ ਵਡੇਰੇਪਣ ਦਾ ਵਿਡੰਬਣਾਮਈ ਵਰਤਾਰਾ ਜੱਗ ਜ਼ਾਹਰ ਹੁੰਦਾ। ਉਹ ਨੀਂਦ ਵਿਚ ਵੀ ਕਲੀਆਂ ਮਰੁੰਡਦੇ, ਫੁੱਲਾਂ ਨੂੰ ਮਸਲਦੇ ਅਤੇ ਫੁੱਲ-ਪੱਤੀਆਂ ਨੂੰ `ਵਾਵਾਂ ਵਿਚ ਖਿੰਡਾਉਂਦੇ। ਉਹ ਤਿਤਲੀਆਂ ਅਤੇ ਭੌਰਿਆਂ ਦੇ ਰਾਗ ਅਤੇ ਉਨ੍ਹਾਂ ਦੀ ਰੂਹ-ਰਮਤਾ ਨੂੰ ਕਤਲ ਕਰਨ ਦੇ ਦੋਸ਼ੀ। ਉਹ ਸੂਖ਼ਮ ਕਲਾਵਾਂ ਦੀ ਕ੍ਰਿਤਾਰਥਾ ਨੂੰ ਕਮੀਨਗੀ ਬਣਾਉਂਦੇ। ਉਨ੍ਹਾਂ ਲਈ ਕਵਿਤਾ, ਕਲਮ, ਕਲਾ, ਕਿਰਤ ਜਾਂ ਕਿਰਤਯੋਗ ਦੇ ਕੋਈ ਅਰਥ ਨਹੀਂ। ਉਹ ਤਾਂ ਸੁਪਨਈ ਤਿਕੜਮਬਾਜ਼ੀ ਵਿਚ ਹੀ ਆਪਣੀ ਰਾਤ ਨੂੰ ਸੰਤਾਪਦੇ ਅਤੇ ਸਵੇਰ ਦੀਆਂ ਕਿਰਨਾਂ ਵਿਚ ਵੀ ਧੁਆਂਖੇ ਪਲਾਂ ਦੀ ਪਰਤ ਹੀ ਹੁੰਦੇ।
ਕੁਝ ਲੋਕ ਸੌਣ ਲੱਗਿਆਂ ਆਪਣੇ ਬਜ਼ੁਰਗਾਂ ਦੇ ਮੰਜੇ ਦੀ ਪੈਂਦ `ਤੇ ਬਹਿੰਦੇ। ਉਨ੍ਹਾਂ ਦੇ ਜੀਵਨ ਦੀਆਂ ਬਾਤਾਂ ਸੁਣਦੇ। ਜੀਵਨੀ ਮੂਸ਼ੱਕਤ ਤੇ ਸਹਿਜ ਸਿਆਣਪਾਂ ਭਰੀ ਜਿ਼ੰਦਗੀ ਦੇ ਵਰਕੇ ਫਰੋਲਦੇ ਅਤੇ ਆਪਣੀ ਵਿਰਾਸਤ `ਤੇ ਮਾਣ ਕਰਨ ਦੀ ਸੋਚ ਮਨ ਵਿਚ ਪੈਦਾ ਕਰਦੇ। ਉਨ੍ਹਾਂ ਲਈ ਬਜ਼ੁਰਗਾਂ ਦੀਆਂ ਅਸੀਸਾਂ, ਜਿਉਂਦੇ ਰਹਿਣ ਦੀ ਦੁਆ ਅਤੇ ਜੀਵਨ ਵਿਚ ਕਾਮਯਾਬ ਹੋਣ ਦੀ ਸ਼ੁਭ ਇੱਛਾ। ਉਨ੍ਹਾਂ ਨੂੰ ਰਾਤ ਹੁਲਾਸ ਨਾਲ ਭਰੀ ਰੱਖਦੀ। ਉਹ ਰਾਤ ਨੂੰ ਉਚੀਆਂ ਪ੍ਰਾਪਤੀਆਂ ਅਤੇ ਮਰਤਬਿਆਂ ਦੇ ਸੁਪਨੇ ਲੈਂਦੇ। ਉਹ ਆਤਮਿਕ ਉਡਾਣ ਦਾ ਮਾਣ। ਸਚਾਈ ਅਤੇ ਰਹਿਨੁਮਾਈ ਦੀ ਪੈਗ਼ੰਬਰੀ ਸੂਰਤ ਬਣ ਕੇ ਜੀਵਨ ਦੀਆਂ ਉਹ ਅਪਹੁੰਚ ਮੰਜ਼ਲਾਂ ਵੀ ਸਰ ਕਰ ਲੈਂਦੇ ਜੋ ਕਦੇ ਉਨ੍ਹਾਂ ਖਿ਼ਆਲੀਆਂ ਵੀ ਨਹੀਂ ਹੁੰਦੀਆਂ। ਸੁਪਨ-ਜਾਗ ਲਾਉਣ ਵਾਲੇ ਮਾਪਿਆਂ ਦੀ ਸੁਯੋਗ ਰਹਿਨੁਮਾਈ ਅਤੇ ਉਨ੍ਹਾਂ ਦੀਆਂ ਸੁਮੱਤਾਂ ਵਿਚੋਂ ਨਿਖਰ ਕੇ ਆਏ ਬੱਚੇ ਹੀ ਆਉਣ ਵਾਲੀਆਂ ਪੀਹੜੀਆਂ ਦੇ ਧੰਨਭਾਗ।
ਕੁਝ ਲੋਕ ਸੌਣ ਲੱਗਿਆਂ ਅੱਖਰਾਂ ਦੀ ਪਨਾਹ ਵਿਚ ਜਾਂਦੇ। ਉਹ ਸ਼ਬਦਾਂ ਨਾਲ ਗੁਫ਼ਤਗੂ ਕਰਦੇ। ਇਨ੍ਹਾਂ ਵਿਚ ਅਰਥਾਂ ਦੇ ਦੀਵੇ ਜਗਾਉਂਦੇ ਜੋ ਰਾਤ ਦੀ ਵੱਖੀ ਵਿਚ ਜੁਗਨੂੰਆਂ ਦੀ ਉਡਾਣ ਬਣਦੇ। ਇਹ ਗਿਆਨ ਦੇ ਜੁਗਨੂੰ ਵਰਕਿਆਂ ਵਿਚ ਜਗਦੇ, ਆਉਣ ਵਾਲੀਆਂ ਕਈ ਨਸਲਾਂ ਦਾ ਰਾਹ-ਦਸੇਰਾ ਬਣ ਕੇ ਰੁਸ਼ਨਾਈ ਦਿੰਦੇ। ਸ਼ਬਦਾਂ ਦੇ ਸਾਥ ਵਿਚੋਂ ਹੀ ਕਦੇ ਕੋਈ ਕਵਿਤਾ, ਕਦੇ ਕਹਾਣੀ ਅਤੇ ਕਦੇ ਕੋਈ ਹੋਰ ਕਿਰਤ ਜਨਮ ਲੈਂਦੀ। ਤਾਂ ਹੀ ਕਈ ਵਾਰ ਰਾਤ ਨੂੰ ਅਚਨਚੇਤੀ ਆਇਆ ਕੋਈ ਖਿ਼ਆਲ ਹੀ ਵਿਲੱਖਣ ਕਵਿਤਾ ਅਤੇ ਜਾਂ ਕਿਰਤ ਬਣ ਕੇ ਕਿਸੇ ਵਿਅਕਤੀ ਦੀ ਪਛਾਣ ਵੀ ਬਣ ਜਾਂਦਾ।
ਕੁਝ ਲੋਕ ਸੌਣ ਲੱਗਿਆਂ, ਮਨ ਦੇ ਪਰਿੰਦੇ ਨੂੰ ਖ਼ਾਬਾਂ ਅਤੇ ਖਿ਼ਆਲਾਂ ਦੇ ਅੰਬਰ ਵਿਚ ਉਡਾਉਂਦੇ। ਉਹ ਚਾਹੁੰਦੇ ਕਿ ਉਸਦੇ ਨਾਲ ਲੇਟਿਆਂ ਵਿਚ ਕੋਈ ਦੂਰੀ, ਵਾੜ, ਕੰਧ ਜਾਂ ਵੱਟ ਨਾ ਹੋਵੇ। ਉਹ ਇਕ ਦੂਜੇ ਦੀ ਛੋਹ ਵਿਚ ਸੂਖ਼ਮ ਅਹਿਸਾਸਾਂ ਨੂੰ ਮਾਨਣਾ ਚਾਹੁੰਦੇ। ਅਪਣੱਤ ਨਾਲ ਭਿੱਜੇ ਰੂਹਾਨੀਅਤ ਤੇ ਆਤਮਿਕਤਾ ਭਰੇ ਪਲਾਂ ਨੂੰ ਰੁਆਂਸੀ ਜਿ਼ੰਦਗੀ ਦੇ ਨਾਮ ਲਾਉਣਾ ਚਾਹੁੰਦੇ। ਹਸਾਸਮਈ ਵਰਤਾਰੇ ਨਾਲ ਇਕ ਦੂਜੇ ਦੀ ਨੇੜਤਾ ਅਤੇ ਭਰਵੀਂ ਸਹਿਯੋਗਤਾ ਨੂੰ ਆਪਣੇ ਨਾਵੇਂ ਕਰਨਾ ਚਾਹੁੰਦੇ। ਇਕ ਦੂਜੇ ਵਿਚ ਰਮਾਉਣਾ, ਸਮਾਉਣਾ ਅਤੇ ਸਿਮੇਟਣਾ ਚਾਹੁੰਦੇ। ਪਰ ਇਕ ਹੀ ਬੇਵਕਤੀ ਬੋਲ/ਕੁਰੱਖ਼ਤਾ ਖ਼ਾਬਾਂ-ਖਿਆਲਾਂ ਦੀ ਅਰਸ਼ੀ ਉਡਾਣ ਨੂੰ ਰਸਾਤਲ ਵਿਚ ਸੁੱਟਦੀ। ਸੁਪਨਿਆਂ ਦੀ ਰੰਗ ਬਿਰੰਗੀ ਦੁਨੀਆਂ ਨੂੰ ਉਜੜੀ ਬਸਤੀ ਬਣਾ ਦਿੰਦੀ। ਫਿਰ ਉਹ ਵਿਅਕਤੀ ਸਿਰਫ਼ ਖੰਡਰਾਤ ਵਿਚ ਬਹਿ ਕੇ ਮਿੱਟੀ ਹੋਏ ਚਾਵਾਂ, ਧੁੱਧਲ ਵਿਚ ਲਿਪਟੀਆਂ ਇਛਾਵਾਂ ਅਤੇ ਮਨ ਦੀਆਂ ਦੁਆਵਾਂ ਨੂੰ ਦੁਖਾਉਣ ਜੋਗੇ ਹੀ ਹੁੰਦੇ। ਉਹ ਆਪਣੀ ਅਰਥੀ ਨੂੰ ਮੋਢਾ ਦੇ ਕੇ ਸਿਵਿਆਂ ਦਾ ਸਾਥ ਮਾਨਣ ਦੀ ਲੋਚਾ ਹੀ ਮਨ ਵਿਚ ਪਾਲਣ ਦੇ ਆਦੀ ਹੋ ਜਾਂਦੇ। ਬਹੁਤ ਕੁਝ ਵਾਪਰ ਜਾਂਦਾ ਏ ਸੌਣ ਲੱਗਿਆਂ ਇਕ ਪਲ ਵਿਚ ਜੋ ਸਮੁੱਚੀ ਜਿ਼ੰਦਗੀ ਨੂੰ ਪ੍ਰਭਾਵਿਤ ਕਰਦਾ। ਭਵਿੱਖ ਦੇ ਵਿਹੜੇ ਕਮਲ ਦਾ ਫੁੱਲ ਵੀ ਬਣ ਸਕਦਾ ਜਾਂ ਰੱਕੜਾਂ ਵਿਚ ਉਗੀ ਥੋਹਰ ਵੀ। ਬਹੁਤ ਔਖਾ ਹੁੰਦਾ ਤੇ ਮਾਰੂਥਲ ਵਿਚ ਉਗੀ ਕਿੱਕਰ ਦੇ ਫੁੱਲਾਂ ਵਰਗੀ ਜੂਨ ਹੰਢਾਉਣਾ।
ਕੁਝ ਲੋਕ ਸੌਣ ਲੱਗਿਆਂ ਅਰਦਾਸ ਕਰਦੇ, ਆਰਤੀ ਉਤਰਾਦੇ ਜਾਂ ਅਜ਼ਾਨ ਪੜ੍ਹਦੇ। ਉਹ ਖੁ਼ਦਾ ਦੀ ਦਰਗਾਹ ਵਿਚ ਜੋਦੜੀ ਕਰਦੇ। ਉਹ ਕੁਦਰਤ ਦੀ ਰਹਿਮਤ ਵਿਚ ਆਪਣੀ ਜਿ਼ੰਦਗੀ ਦੇ ਹਰ ਪਲ ਨੂੰ ਉਸ ਦੀ ਇਨਾਇਤ ਸਮਝਦੇ। ਇਸ ਇਨਾਇਤ ਵਿਚੋਂ ਹੀ ਉਹ ਜੀਵਨ ਦਾ ਮੂਲ-ਮੰਤਰ ਜਾਣਦੇ ਕਿ ਖ਼ੁਦ ਵਿਚੋਂ ਹੀ ਖ਼ੁਦ ਦੀ ਖੋਜ ਕਰ ਕੇ ਖੁ਼ਦ ਨੂੰ ਸਮਝਿਆ ਅਤੇ ਖੁ਼ਦ ਨੂੰ ਪਾਇਆ ਜਾ ਸਕਦਾ। ਖੁ਼ਦੀ ਨੂੰ ਮਿਟਾਇਆ ਜਾ ਸਕਦਾ। ਖੁ਼ਦ ਨਾਲ ਸੰਵਾਦ ਰਚਾਉਣ ਵਾਲੇ ਇਹ ਲੋਕ ਦਰਅਸਲ ਆਪਣੇ ਅੰਦਰ ਨਾਲ ਜੁੜੇ ਹੋਏ ਲੋਕ ਹੁੰਦੇ ਜੋ ਰੂਹਾਨੀਅਤ ਦਾ ਸੁੱਚਾ ਹਰਫ਼ ਅਤੇ ਸੁੱਚਮਤਾ ਦਾ ਸੰੁਦਰ ਅਹਿਸਾਸ ਹੁੰਦੇ। ਅਜਿਹੇ ਲੋਕਾਂ ਲਈ ਸੌਣ ਲੱਗਿਆ ਇਕ ਮੌਕਾ ਹੁੰਦਾ ਅੰਦਰਲੀ ਮੈਲ ਨੂੰ ਧੋਣ ਅਤੇ ਖੁਦ ਨੂੰ ਹੋਰ ਚਮਕਾਉਣ ਲਈ ਨਵੀਆਂ ਤਦਬੀਰਾਂ ਦੀ ਆਜਿ਼ਜ਼ੀ ਕਰਨੀ। ਇਸਦੀ ਨਿੱਤਨੇਮਤਾ ਵਿਚੋਂ ਹੀ ਉਹ ਆਪਣੇ ਹਨੇਰੇ ਪੱਖ ਨੂੰ ਰੁਸ਼ਨਾਉਣ ਲਈ ਮਨ ਦੀ ਦਿਸ਼ਾ ਬਦਲਦੇ ਰਹਿੰਦੇ।
ਕੁਝ ਲੋਕ ਸੌਣ ਲੱਗਿਆਂ ਅਜਿਹੀਆਂ ਲਿਖਤਾਂ ਪੜ੍ਹਦੇ ਜਿਨ੍ਹਾਂ ਦਾ ਇੱਕ ਹੀ ਵਾਕ ਉਨ੍ਹਾਂ ਲਈ ਨਵੇਂ ਰਹੱਸ ਖੋਲ੍ਹਦਾ। ਮਨ ਦੇ ਜੰਗਾਲੇ ਕਿਵਾੜ ਖੁੱਲ੍ਹ ਜਾਂਦੇ। ਸੀਮਤ ਜਿਹੀ ਸੋਚ ਨੂੰ ਵਿਸ਼ਾਲਣ ਦਾ ਮੌਕਾ ਮਿਲਦਾ। ਨਵੇਂ ਖਿ਼ਆਲਾਂ ਦੀ ਰੁਸ਼ਨਾਈ ਵਿਚ ਬੰਦਾ ਆਪਣੇ ਆਪ ਨੂੰ ਨਵੇਂ ਪੱਖ ਦਾ ਹਾਸਲ ਬਣਾਉਂਦਾ। ਵੱਖਰੇ ਵਿਚਾਰ ਸਾਡੇ ਮਾਨਸਿਕ ਦਾਇਰੇ ਨੂੰ ਵਿਸ਼ਾਲ ਕਰਨ, ਸਮਰੱਥਾ ਦੀਆਂ ਸੀਮਾਵਾਂ ਨੂੰ ਵਿਉਂਤਣ ਅਤੇ ਨਵੀਆਂ ਪੇਸ਼ਕਦਮੀਆਂ ਵੱਲ ਅਹੁਲਣ ਲਈ ਪ੍ਰੇਰਤ ਕਰਦੇ। ਮਹਾਂ ਨਾਇਕਾਂ ਦੀਆਂ ਜੀਵਨੀਆਂ ਵਿਚੋਂ ਬਹੁਤ ਕੁਝ ਅਜਿਹਾ ਮਿਲਦਾ ਜੋ ਸਾਡੇ ਜੀਵਨ-ਮਾਰਗ ਲਈ ਨਵੀਆਂ ਰਾਹਾਂ ਦੀ ਕਤਾਰਬੰਦੀ ਕਰਦਾ।
ਕੁਝ ਲੋਕ ਸੌਣ ਲੱਗਿਆਂ ਬਹੁਤ ਉਦਾਸ, ਮਾਯੂਸ ਤੇ ਰੌਣਹਾਕੇ। ਅਸੰਤੁਸ਼ਟ ਅਤੇ ਨਿਰਾਸ਼। ਉਨ੍ਹਾਂ ਲਈ ਜਿ਼ੰਦਗੀ ਦਾ ਭਾਰ ਢੋਣਾ ਬਹੁਤ ਔਖਾ। ਜਿ਼ੰਦਗੀ ਸਦਾ ਉਦਾਸੀਨ ਹੀ ਨਹੀਂ ਰਹਿੰਦੀ। ਕਦੇ ਸੌਣ ਲੱਗਿਆਂ ਕਿਸੇ ਚੰਗੇ ਵਿਚਾਰ ਬਾਰੇ ਸੋਚੋ ਜੋ ਤੁਹਾਡੇ ਲਈ ਮੁਸਕਰਾਹਟ ਬਣੇ। ਵਧੀਆ ਮਾਨਸਿਕਤਾ ਨਾਲ ਨੀਂਦ ਚੰਗੀ ਆਵੇਗੀ ਅਤੇ ਸਵੇਰੇ ਉਠ ਕੇ ਤੁਸੀਂ ਉਸਾਰੂ ਬਿਰਤੀ ਨਾਲ ਜਿੰ਼ਦਗੀ ਦੀਆਂ ਚੁਣੌਤੀਆਂ ਨੂੰ ਕਬੂਲ ਕਰੋਗੇ।
ਕੁਝ ਲੋਕ ਸੌਣ ਲੱਗਿਆਂ, ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦਿੰਦੇ ਜਿਨ੍ਹਾਂ ਨੇ ਕੋਈ ਬਦਤਮੀਜ਼ੀ ਕੀਤੀ ਹੁੰਦੀ, ਗਾਲ੍ਹ਼ ਕੱਢੀ ਹੁੰਦੀ, ਮੰਦਾ ਬੋਲਿਆ ਹੁੰਦਾ, ਕਿਸੇ ਦੀ ਸ਼ਾਨ ਵਿਚ ਅਪਸ਼ਬਦ ਬੋਲੇ ਹੁੰਦੇ, ਮਾਇਕ ਨੁਕਸਾਨ ਕੀਤਾ ਹੁੰਦਾ ਜਾਂ ਕਿਸੇ ਸਮਾਗਮ ਵਿਚ ਜ਼ਲੀਲ ਕੀਤਾ ਹੁੰਦਾ। ਫਿਰ ਉਹ ਆਪਣੀ ਮਾਨਸਿਕ ਬੇਚੈਨੀ ਤੋਂ ਰਾਹਤ ਪਾ ਕੇ ਚੈਨ ਦੀ ਨੀਂਦੇ ਸੌਂਦੇ।
ਕੁਝ ਲੋਕ ਸੌਣ ਲੱਗਿਆਂ ਕਿਸੇ ਨੂੰ ਗੁਲਾਬ ਦੇਣਾ ਚਾਹੁੰਦੇ, ਕੁਝ ਸ਼ਰਾਬ ਦੇਣਾ, ਕੁਝ ਰਬਾਬ ਚਾਹੁੰਦੇ ਅਤੇ ਕੁਝ ਫੁੱਲਾਂ ਦਾ ਬਾਗ ਦੇਣਾ ਚਾਹੁੰਦੇ। ਪਰ ਜੇ ਦੇਣਾ ਚਾਹੁੰਦੇ ਹੋ ਤਾਂ ਕਿਸੇ ਨੂੰ ਜੀਵਨ ਰੱਤਾ ਖੁ਼ਆਬ ਜ਼ਰੂਰ ਦੇ ਦੇਣਾ ਸੌਣ ਲੱਗਿਆਂ।
ਸੌਣ ਲੱਗਿਆਂ ਰਾਤ ਖਾਮੋਸ਼ ਹੁੰਦੀ ਹੈ, ਚੰਨ ਵੀ ਖਾਮੋਸ਼ ਹੁੰਦਾ ਹੈ। ਪਰ ਜੇ ਰਜਾਈ ਖਾਮੋਸ਼ ਹੋ ਗਈ ਤਾਂ ਜਿ਼ੰਦਗੀ ਨੇ ਰੁੱਸ ਜਾਣਾ ਹੈ। ਯਾਦ ਰੱਖਣਾ! ਰੁੱਸੀ ਹੋਈ ਜਿੰ਼ਦਗੀ ਨੂੰ ਮਨਾਉਣਾ ਬਹੁਤ ਕਠਿਨ ਹੁੰਦਾ।
ਕਈ ਵਾਰ ਸੌਣ ਲੱਗਿਆਂ ਬੰਦਾ ਸੋਚਦਾ ਕਿ ਉਮਰ ਕਰ ਗਈ ਹੈ ਕੰਧ `ਤੇ ਲਟਕਦੇ ਕੈਲੰਡਰ ਨਾਲ ਛੇੜਖਾਨੀ। ਸਾਰਾ ਦਿਨ ਖੇਡਣ ਵਿਚ ਹੀ ਲੰਘ ਜਾਣ ਵਾਲਾ ਐਤਵਾਰ ਅੱਜ ਕੱਲ੍ਹ ਚਿੰਤਾਵਾਂ ਵਿਚ ਹੀ ਬੀਤ ਜਾਂਦਾ ਹੈ ਕਿਉਂਕਿ ਸੋਮਵਾਰ ਮੂੰਹ ਅੱਡੀ ਖੜ੍ਹਾ ਦੈਂਤ ਵਾਂਗ ਦਿਖਾਈ ਜੁ ਦਿੰਦਾ ਹੈ।
ਕੁਝ ਲੋਕ ਸੌਣ ਲੱਗਿਆਂ ਬੱਚੇ ਬਣ ਜਾਂਦੇ ਨੇ ਅਤੇ ਬੇਫਿ਼ਕਰੀ ਭਰੀ ਰਾਤ ਲੰਘਾਉਂਦੇ। ਕੁਝ ਲੋਕ ਜਵਾਨੀ ਦੀ ਰੰਗੀਨੀ ਮਨ ਵਿਚ ਧਾਰਦੇ ਅਤੇ ਜਵਾਨ ਤਮੰਨਾਵਾਂ ਦੇ ਰਾਂਗਲੇ ਪਹਿਰ ਨੂੰ ਮਾਣਦੇ। ਕੁਝ ਲੋਕ ਸੌਣ ਲੱਗਿਆਂ ਬਜ਼ੁਰਗੀ ਤੁਸੱਵਰਾਂ ਵਿਚ ਵਿਚਰਦੇ ਅਤੇ ਫਿਰ ਰਾਤ ਉਨ੍ਹਾਂ ਨੂੰ ਆਪਣੀਆਂ ਉਂਗਲੀਆਂ `ਤੇ ਨਚਾਉਂਦੀ।
ਪਰ ਅਜੇ ਵੀ ਕੁਝ ਲੋਕ ਸੌਣ ਲੱਗਿਆਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਨੇ। ਸਾਡੀਆਂ ਮਾਵਾਂ ਸ਼ਾਮ ਨੂੰ ਸੌਣ ਲੱਗਿਆਂ ਅਕਸਰ ਹੀ ਕਹਿੰਦੀਆਂ ਸਨ, “ਹੇ ਵਾਹਿਗੁਰੂ! ਨਗਰ ਖੇੜੇ `ਤੇ ਸੁੱਖ ਵਰਤਾਈਂ। ਕੱਲ੍ਹ ਨੂੰ ਭਾਗਾਂ ਭਰਿਆ ਦਿਨ ਚੜੇ੍ਹ।” ਪਤਾ ਨਹੀਂ ਕਿਵੇਂ ਸਾਡੇ ਬਜ਼ੁਰਗਾਂ ਦੀ ਸਭ ਤੋਂ ਵੱਡੀ ਇਨਾਇਤ ਸਾਡੇ ਕੋਲੋਂ ਗਵਾਚ ਗਈ ਏ? ਕੋਸਿ਼ਸ਼ ਕਰਨਾ ਇਹ ਇਨਾਇਤ ਸਾਡੀ ਸੋਚ ਦਾ ਹਿੱਸਾ ਬਣੀ ਰਹੇ ਤਾਂ ਕਿ ਸੌਣ ਲੱਗਿਆਂ ਅਸੀਂ ਸਮੁੱਚੀ ਲੋਕਾਈ ਦੇ ਸਰਬ-ਸੁਖ਼ਨ ਦੀ ਕਾਮਨਾ ਕਰਦਿਆਂ ਰਾਤ ਨੂੰ ਖੁਸ਼-ਆਮਦੀਦ ਆਖੀਏ।