ਅਮਰਜੀਤ ਗੁਰਦਾਸਪੁਰੀ ਦਾ ਕਲਾ ਜਗਤ

ਗੁਲਜ਼ਾਰ ਸਿੰਘ ਸੰਧੂ
ਅਮਰਜੀਤ ਗੁਰਦਾਸਪੁਰੀ ਮੇਰੇ ਨਾਲੋਂ ਤਿੰਨ ਸਾਲ ਵੱਡਾ ਸੀ। ਇਹ ਸਬੱਬ ਦੀ ਗੱਲ ਹੈ ਕਿ ਅਸੀਂ ਕਦੀ ਨਹੀਂ ਮਿਲੇ ਪਰ ਉਸ ਦੀ ਲੰਮੀ ਹੇਕ ਦੇ ਬੋਲ ਸਾਰੀ ਉਮਰ ਮੇਰੇ ਅੰਗ-ਸੰਗ ਰਹੇ ਹਨ। ਉਹ ਸਿਹਤਮੰਦ ਗਾਇਕੀ ਦਾ ਉੱਚਾ ਬੁਰਜ ਸੀ। ਉਸ ਦੀ ਉੱਚੀ ਤੇ ਲੰਮੀ ਹੇਕ ਦਿਸਹੱਦੇ ਪਾੜਨ ਵਾਲੀ ਸੀ।

ਉਹ ਇਪਟਾ ਦੀ ਜਿੰਦ ਜਾਨ ਸੀ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਉਸ ਦੀ ਸਹਿ-ਗਾਇਕਾ ਰਹੀ ਤੇ ਅੰਮ੍ਰਿਤਸਰ ਦੀ ਜੰਮੀ ਜਾਈ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜੀਵਨ ਸਾਥਣ ਗੁਰਸ਼ਰਨ ਕੌਰ ਇਪਟਾ ਦੀਆਂ ਸਟੇਜਾਂ ਉਤੇ ਉਸ ਦੀ ਸਕੀ ਭੈਣ ਵਾਂਗ ਵਿਚਰਦੀ ਸੀ। ਗੁਰਮੀਤ ਬਾਵਾ ਤੋਂ ਬਿਨਾਂ ਲੋਕ ਗਾਇਕੀ ਵਿਚ ਹੋਰ ਕੋਈ ਉਸ ਦੇ ਨੇੜੇ-ਤੇੜੇ ਨਹੀਂ ਢੁਕ ਸਕਿਆ। ਉਸ ਦੇ ਗਾਏ ਗੀਤ ਦਹਾਕਿਆਂ ਬੱਧੀ ਆਕਾਸ਼ਵਾਣੀ ਦਾ ਸ਼ਿੰਗਾਰ ਰਹੇ। ਉਹ ਜਿਸ ਕਿਸੇ ਵੀ ਗੀਤ ਨੂੰ ਆਪਣੀ ਆਵਾਜ਼ ਦਿੰਦਾ ਰਿਹਾ ਏਦਾਂ ਜਾਪਦਾ ਜਿਵੇਂ ਗੀਤਕਾਰ ਦੀ ਰੂਹ ਉਸਦੇ ਅੰਦਰ ਉਤਰ ਆਈ ਹੋਵੇ। ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਅਮਨ ਦੇ ਹੱਕ ਵਿਚ ਲਿਖੇ ਤੇਰਾ ਸਿੰਘ ਚੰਨ ਦੇ ਇਹ ਬੋਲ ਹਰ ਕਿਸੇ ਦੇ ਤਨ-ਮਨ ਵਸਾਉਣ ਵਾਲਾ ਉਹੀਓ ਸੀ:
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਮਾਖਿਓਂ ਵਰਗੀ ਮਸਤੀ ਜਿਸ ਕਣ ਕਣ ਘੋਲੀ
ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ
ਧਰਤੀ ਉੱਤੇ ਏਸਨੇ ਮਿਹਰਾਂ ਬਰਸਾਈਆਂ
ਜਿਵੇਂ ਫੁਲੇਰਾਂ ਉਲਟ ਦਏ ਫੁੱਲਾਂ ਦੀ ਝੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਉਸ ਦੇ ਅਕਾਲ ਚਲਾਣੇ ਨੇ ਤੇਰਾ ਸਿੰਘ ਚੰਨ ਤੋਂ ਬਿਨਾਂ ਉਸ ਸਮੇਂ ਦਾ ਵਾਰਾਂ ਦਾ ਬਾਦਸ਼ਾਹ ਹਜ਼ਾਰਾ ਸਿੰਘ ਗੁਰਦਾਸਪੁਰੀ, ਲੋਕ ਕਵੀ ਕਰਤਾਰ ਸਿੰਘ ਬਲੱਗਣ, ਯਮਲਾ ਜੱਟ ਤੇ ਬਾਬੂ ਸਿੰਘ ਮਾਨ ਵਰਗੇ ਕਈ ਮਹਾਰਾਥੀ ਚੇਤੇ ਕਰਵਾ ਦਿੱਤੇ ਹਨ। ਉਸ ਗੁਮਨਾਮ ਗੀਤਕਾਰ ਸਮੇਤ ਜਿਨ੍ਹਾਂ ਨੇ ਹੇਠ ਲਿਖੇ ਬੋਲ ਲਿਖੇ:
ਚੁੰਨੀ ਮੇਰੀ ਲੀਰ ਕਤੀਰਾਂ
ਵੇ ਭੈਣਾਂ ਦਿਓ ਵੀਰੋ।
ਬੁੱਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ।
ਸਹਿਕ ਗਈਆਂ ਤਕਦੀਰਾਂ
ਵੇ ਭੈਣਾਂ ਦਿਓ ਵੀਰੋ।
ਵੱਡੇ ਸਾਹਿਬਜ਼ਾਦਿਆਂ ਦੇ ਗੀਤ ਵਿਚਲੀ ਇਕ ਹੇਕ ‘ਸਿੰਘਾਂ ਜੇ ਚਲਿਆ ਚਮਕੌਰ ਓਥੇ ਸੁੱਤੇ ਨੇ ਦੋ ਭੌਰ’ ਲੋਕ ਮਨਾਂ ਵਿਚ ਅੱਜ ਤਕ ਵੱਸੀ ਹੋਈ ਹੈ। ਉਸ ਨੇ ਧਰਮ, ਰਾਜਨੀਤੀ ਤੇ ਕਲਾ ਵਿਚਲੇ ਅੰਤਰ ਮਿਟਾ ਛੱਡੇ ਸਨ। ਉਹ ਆਪਣੇ ਪਿੰਡ ਉੱਦੋਵਾਲ ਦਾ ਸਰਪੰਚ ਬਣਿਆ ਤੇ ਪੰਜਾਬੀਆਂ ਦੇ ਦਿਲਾਂ ਦਾ ਬਾਦਸ਼ਾਹ। ਸ਼ਿਵ ਕੁਮਾਰ, ਜਸਵੰਤ ਸਿੰਘ ਕੰਵਲ, ਬਲਰਾਜ ਸਾਹਨੀ, ਜੋਗਿੰਦਰ ਬਾਹਰਲਾ, ਜਗਜੀਤ ਸਿੰਘ ਆਨੰਦ, ਜਗਦੀਸ਼ ਫਰਿਆਦੀ ਤੇ ਸ਼ੀਲਾ ਭਾਟੀਆ ਉਸਦੇ ਸ਼ੈਦਾਈ ਰਹੇ। ਨਿੰਦਰ ਘੁਗਿਆਣਵੀ ਨੇ 2010 ਵਿਚ ਉਹਦੇ ਬਾਰੇ ਇਕ ਡਾਕੂਮੈਂਟਰੀ ਫ਼ਿਲਮ ਤਿਆਰ ਕੀਤੀ ਜਿਸ ਵਿਚ ਉਹਦੇ ਵਲੋਂ ਗਾਈ ਹੀਰ ਦੇ ਉਹ ਬੋਲ ਭਰੇ ਜਿਹੜੇ ਉਸ ਨੇ ਸੰਨ 1978 ਵਿਚ ਗਾਏ ਸਨ। ਪੰਜਾਬ ਆਰਟਸ ਕਾਊਂਸਲ ਚੰਡੀਗੜ੍ਹ ਨੇ ਉਸਨੂੰ ਉਸ ਦੇ ਤੁਰ ਜਾਣ ਤੋਂ ਕੁਝ ਦਿਨ ਪਹਿਲਾਂ ਪੰਜਾਬ ਗੌਰਵ ਸਨਮਾਨ ਨਾਲ ਨਿਵਾਜਿਆ ਅਤੇ ਸੱਤ ਸਮੰੁਦਰ ਪਾਰ ਤਕ ਦੇ ਪੰਜਾਬੀਆਂ ਦਾ ਦਿਲ ਜਿੱਤਿਆ। ਉਸ ਦੀ ਲੰਮੀ ਹੇਕ ਪੰਜਾਬ ਦੀ ਆਤਮਾ ਦੀ ਆਵਾਜ਼ ਸੀ।
ਹਰਚਰਨ ਬੈਂਸ ਦੀ ਵਡੇਰੀ ਜ਼ਿੰਮੇਵਾਰੀ
ਮੈਂ ਅਕਾਲੀ ਦਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਹਰਚਰਨ ਬੈਂਸ ਨੂੰ ਬੜੇ ਰੰਗਾਂ ਵਿਚ ਤੱਕਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ ਵਿਚ ਆਪਣੇ ਕੁਲੀਗ ਤੇ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ਵਾਸ ਪਾਤਰ ਵਜੋਂ ਅਤੇ ਫੇਰ ਕੌਮੀ ਤੇ ਕੌਮਾਂਤਰੀ ਮੀਡੀਆ ਵਿਚ ਉਸ ਦੀਆਂ ਲਿਖਤਾਂ ਸਦਕਾ। ਮੇਰਾ ਨਿਸ਼ਚਾ ਹੈ ਕਿ ਉਹ ਅਕਾਲੀ ਦਲ ਦੀਆਂ ਰਵਾਇਤੀ ਤੇ ਪ੍ਰਮੁੱਖ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਲਈ ਦਿਨ ਰਾਤ ਇਕ ਕਰੇਗਾ। ਆਸ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਬਜ਼ੁਰਗੀ ਕਾਰਨ ਪਾਰਟੀ ਵਿਚ ਆਏ ਪਾੜੇ ਨੂੰ ਦੂਰ ਕਰਨ ਦਾ ਯਤਨ ਕਰੇਗਾ। ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਵਾਂਗ ਔਖੇ ਸਮੇਂ ਵਿਚੋਂ ਲੰਘ ਰਿਹਾ ਹੈ। ਮੇਰੇ ਮਿੱਤਰ ਹਰਚਰਨ ਬੈਂਸ ਦੇ ਸਿਰ ਵਡੇਰੀ ਜ਼ਿੰਮੇਵਾਰੀ ਆ ਪਈ ਹੈ। ਨਿਸ਼ਚੇ ਹੀ ਮੈਂ ਉਸ ਨੂੰ ਇਸ ਉੱਤੇ ਪੂਰਾ ਉਤਰਦਾ ਵੇਖਣਾ ਚਾਹਾਂਗਾ। ਸਵਾਗਤ ਹੈ।
ਲਾੜੀ ਪ੍ਰੀਤ ਤੇ ਲਾੜਾ ਹਰਪ੍ਰੀਤ
ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਵੱਸ ਚੁਕਿਆ ਮੇਰਾ ਸ਼ਰਧਾਲੂ ਸੁਖਵਿੰਦਰ ਕੰਦੋਲਾ ਆਪਣੀ ਬੇਟੀ ਪ੍ਰੀਤ ਨੂੰ ਗੜ੍ਹਸ਼ੰਕਰ ਤਹਿਸੀਲ ਵਿਚ ਪੈਂਦੇ ਪਿੰਡ ਧਮਾਈ ਦੇ ਜੰਮਪਲ ਹਰਪ੍ਰੀਤ ਦੇ ਲੜ ਲਾਉਣ ਆਇਆ ਹੋਇਆ ਹੈ। ਮੇਰਾ ਰੱਬ ਸਬੱਬੀਂ ਹੋਇਆ ਜਾਣੁ ਉਹ ਮੈਨੂੰ ਬਾਪੂ ਜੀ ਕਹਿੰਦਾ ਤੇ ਮੰਨਦਾ ਹੈ। ਉਸਦਾ ਪਿਛਲਾ ਪਿੰਡ ਢਾਹਾਂ ਕਲੇਰਾਂ ਹੈ। ਮੇਰੇ ਪਿੰਡ ਤੋਂ 5-6 ਕਿਲੋਮੀਟਰ ਦੂਰ। ਵਿਆਹ ਉਪਰੰਤ ਉਹ ਨਵ-ਵਿਆਹੀ ਜੋੜੀ ਨੂੰ ਸਾਡਾ ਆਸ਼ੀਰਵਾਦ ਦਿਵਾਉਣ ਲੈ ਕੇ ਆਇਆ ਤਾਂ ਮੈਨੂੰ ਆਪਣੇ ਬਚਪਨ ਸਮੇਂ ਦਾ ਪੇਂਡੂ ਭਾਈਚਾਰਾ ਤੇ ਰਸਮ ਰਿਵਾਜ ਚੇਤੇ ਆ ਗਏ। ਚੰਗਾ ਲੱਗਿਆ।
ਤੁਰ ਗਿਆ ਮੇਰਾ ਹਮ-ਉਮਰ ਤੇ ਹਮ-ਜਮਾਤੀ ਮਾਮਾ
ਤੀਹ ਸਾਲਾਂ ਤੋਂ ਜਰਮਨੀ ਦੇ ਸ਼ਹਿਰ ਹੈਮਬਰਗ `ਚ ਰਹਿ ਰਿਹਾ ਸਵਰਨ ਸਿੰਘ ਭੰਗੂ ਮੇਰਾ ਹਮ-ਉਮਰ ਤੇ ਹਮ-ਜਮਾਤੀ ਮਾਮਾ ਸੀ। ਅਸੀਂ ਇਕੋ ਘਰ ਪੈਦਾ ਹੋਏ ਤੇ ਮਿਡਲ ਤਕ ਇੱਕੋ ਸਕੂਲ ਵਿਚ ਪੜ੍ਹੇ। ਇਕੋ ਇਕ ਪੁਸਤਕ ਲੈ ਕੇ ਤੇ ਇਕੋ ਡੈਸਕ `ਤੇ ਬਹਿ ਕੇ। ਉਹ ਮੇਰੇ ਨਾਲੋਂ ਮਹੀਨਾ ਸਵਾ ਮਹੀਨਾ ਵੱਡਾ ਸੀ ਪਰ ਕਾਗਜ਼ਾਂ ਵਿਚ ਸਕੂਲ ਮਾਸਟਰ ਨੇ ਸਾਡੀ ਦੋਵਾਂ ਦੀ ਜਨਮ ਮਿਤੀ ਇਕ ਹੀ ਲਿਖ ਦਿੱਤੀ। 27 ਫਰਵਰੀ, 1935। ਸਾਡੀ ਅਸਲੀ ਉਮਰ ਤੋਂ ਸਾਲ ਖੰਡ ਘੱਟ। ਇਹ ਸਬੱਬ ਦੀ ਗੱਲ ਹੈ ਕਿ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਲਈ ਵੀ ਇਹੀਓ ਮਿਤੀ ਚੁਣੀ। ਹੁਣ ਮੇਰੀ ਅਲਵਿਦਾ ਇਕ ਸਾਲ ਅੱਗੇ ਜਾ ਪਈ ਹੈ।
ਸਾਡੇ ਦੋਵਾਂ ਵਿਚ ਰਚਨਾਕਾਰੀ ਦਾ ਬੀਜ ਵੀ ਸਾਡੇ ਜਨਮ ਸਥਾਨ ਨੇ ਬੀਜਿਆ। ਉਹ ਕਵੀ ਦਰਬਾਰਾਂ ਵਿਚ ਕਵਿਤਾਵਾਂ ਪੜ੍ਹਨ ਦਾ ਸ਼ੌਕੀਨ ਸੀ। ਉਸ ਨੇ ਜਰਮਨ ਜਾਣ ਤੋਂ ਪਹਿਲਾਂ ਇਕ ਨਾਵਲ ਵੀ ਲਿਖਿਆ ‘ਸਾਂਝਾਂ ਤੇ ਸਮਝੌਤੇ।’ ਇਸ ਦਾ ਖਰੜਾ ਮੇਰੇ ਕੋਲੋਂ ਦਿੱਲੀ ਤੋਂ ਚੰਡੀਗੜ੍ਹ ਆਉਂਦਿਆਂ ਗੁੰਮ ਗਿਆ ਸੀ, ਜਿਹੜਾ ਹੁਣ ਮਿਲ ਤਾਂ ਗਿਆ ਪਰ ਉਸ ਦੇ ਹਸਪਤਾਲ ਦਾਖਲ ਹੋਣ ਦੇ ਦਿਨਾਂ ਵਿਚ ਇਸ ਨੂੰ ਲੋਕਗੀਤ ਪ੍ਰਕਾਸ਼ਨ ਵਾਲੇ ਛਾਪ ਰਹੇ ਹਨ। ਅਗਲੇ ਹਫ਼ਤੇ ਛਪ ਜਾਵੇਗਾ। ਮੈਨੂੰ ਅਫ਼ਸੋਸ ਹੈ ਕਿ ਉਹ ਇਸ ਦਾ ਪੁਸਤਕ ਰੂਪ ਨਹੀਂ ਵੇਖ ਸਕੇਗਾ। ਹਸਪਤਾਲ ਵਿਚ ਇਸ ਦੇ ਟਾਈਟਲ ਕਵਰ ਉੱਤੇ ਆਪਣੀ ਛਪਣ ਵਾਲੀ ਤਸਵੀਰ ਹੀ ਵੇਖ ਸਕਿਆ। ਉਸ ਨੇ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਪਾਪੜ ਵੇਲੇ। ਆਪਣੀ ਜਨਮ ਭੂਮੀ ਛੱਡ ਕੇ ਜਰਮਨੀ ਜਾ ਵੱਸਣਾ ਇਸ ਲੜੀ ਦਾ ਅੰਤ ਸੀ। ਉਸ ਦੇ ਤਿੰਨੋਂ ਬੇਟੇ ਉਹਦੇ ਵਰਗੇ ਜ਼ਿੰਦਾ ਦਿਲ ਨੇ। ਵੱਡੇ ਲਵਲੀ ਨੇ ਉਸ ਦੇ ਤੁਰ ਜਾਣ `ਤੇ ਹੇਠ ਲਿਖੇ ਬੋਲ ਬੋਲੇ:
ਏਸ ਕਥਾ ਦਾ ਮਾਲਿਕ ਇੱਕ ਤੂੰ ਹੈਂ,
ਲਵਲੀ ਵਰਗੇ ਐਵੇਂ ਹੱਕ ਜਮਾ ਲੈਂਦੇ ਨੇ।
ਇਹ ਸਭ ਰੂਹਾਂ ਤੂੰ ਹੀ ਘੱਲੇਂ,
ਬੰਦੇ ਅੰਗ ਸੰਗ ਲਾ ਲੈਂਦੇ ਨੇ।
ਆਪਣੇ ਡੈਡੀ ਦੇ ਜੀਊਂਦੇ ਜੀ ਲਵਲੀ ਜੋ ਵੀ ਬੋਲਦਾ ਰਿਹਾ ਉਸ ਤੋਂ ਛੋਟਾ ਮੌਂਟੀ ਉਸ ਦੇ ਬੋਲਾਂ ਨੂੰ ਆਪਣੀ ਆਵਾਜ਼ ਦਿੰਦਾ ਰਿਹਾ। ਹੁਣ ਇਹ ਬੋਲ ਤੇ ਆਵਾਜ਼ ਮੈਂ ਹੀ ਸੁਣਾਂਗਾ। ਮੇਰਾ ਹਮ-ਉਮਰ ਮਾਮਾ ਤੇ ਮਿੱਤਰ ਨਹੀਂ।
ਅੰਤਿਕਾ
ਆਦੇਸ਼ ਅੰਕੁਸ਼
ਜਾਲ ਵਿਛੇ ਨੇ ਸੜਕਾਂ ਵਾਲੇ,
ਪੱਥਰ ਲੱਗੇ ਮੀਲਾਂ ਦੇ,
ਹੁਣ ਤਾਂ ਮਨ ਦੀ ਪਗਡੰਡੀ `ਤੇ
ਕਰਮਾਂ ਵਾਲੇ ਜਾਂਦੇ ਨੇ।
ਲੋਕੀਂ ਪੁੱਛ ਲੈਂਦੇ ਨੇ ਅੱਜ-ਕੱਲ੍ਹ,
ਖੈਰ ਖੈਰੀਅਤ ਫੋਨਾਂ `ਤੇ,
ਇਕ ਦੂਜੇ ਨੂੰ ਜ਼ਿੰਦਾ ਤੱਕਣ
ਵਿਚ ਵਿਚਾਲੇ ਜਾਂਦੇ ਨੇ।