ਦਿੱਲੀ ਦਾ ਸਫਰ: ਦਿਲੀ ਯਾਤਰਾ

ਅਵਤਾਰ ਸਿੰਘ
ਫ਼ੋਨ: 94175-18384
ਸਫ਼ਰ ਅਤੇ ਯਾਤਰਾ ਵਿਚ ਕਿਸੇ ਲਈ ਕੋਈ ਫਰਕ ਨਹੀਂ ਹੁੰਦਾ; ਮੇਰੇ ਲਈ ਹੈ। ਸਫਰ ਵਿਚ ਸਫਰਿੰਗ ਹੁੰਦੀ ਹੈ ਤੇ ਯਾਤਰਾ ਵਿਚ ਚਾਅ। ਇਸੇ ਲਈ ਸਫ਼ਰ ਵਿਚ ਹਮਸਫ਼ਰ ਦੀ ਜ਼ਰੂਰਤ ਹੁੰਦੀ ਹੈ।

ਪਿਛਲੇ ਦਿਨੀਂ ਦਿੱਲੀ ਦੇ ਦਿਆਲ ਸਿੰਘ ਕਾਲਜ ਵਿਖੇ ਭਗਤ ਰਵਿਦਾਸ ਜੀ `ਤੇ ਵਿਸ਼ੇਸ਼ ਲੈਕਚਰ ਦੇਣ ਲਈ ਸੱਦਾ ਆਇਆ। ਮੇਰੇ ਲਈ ਕੋਈ ਵੀ ਸਫਰ ਸਫਰਿੰਗ ਤੋਂ ਖਾਲੀ ਨਹੀਂ ਹੁੰਦਾ। ਕਹਿੰਦੇ ਹਨ ਖੁਸ਼ੀ ਵੰਡਿਆਂ ਵਧ ਜਾਂਦੀ ਹੈ ਤੇ ਦੁੱਖ ਵੰਡਿਆਂ ਘਟ ਜਾਂਦਾ ਹੈ।
ਮੇਰੇ ਅਧਿਆਪਕ ਪ੍ਰੋ. ਹਰਪਾਲ ਸਿੰਘ ਅਜਿਹੇ ਦੋਸਤ ਹਨ, ਜਿਨ੍ਹਾਂ ਨਾਲ਼ ਮੈਂ ਆਪਣਾ ਹਰ ਦੁੱਖ ਵੰਡ ਲੈਂਦਾ ਹਾਂ ਤੇ ਉਹ ਆਪਣੀ ਹਰ ਖੁਸ਼ੀ ਮੇਰੇ ਨਾਲ ਸਾਂਝੀ ਕਰ ਲੈਂਦੇ ਹਨ। ਪਰ ਉਹ ਆਪਣਾ ਹਰ ਦੁੱਖ ਖ਼ੁਦ ਝੱਲਦੇ ਹਨ, ਕਿਸੇ ਨੂੰ ਨਹੀਂ ਦੱਸਦੇ। ਮੈਂ ਦਿੱਲੀ ਦੇ ਸਫਰ ਦੀ ਸਫਰਿੰਗ ਘਟਾਉਣ ਲਈ, ਉਨ੍ਹਾਂ ਨੂੰ ਨਾਲ਼ ਜਾਣ ਲਈ ਕਿਹਾ ਤਾਂ ਉਹ ਹਮੇਸ਼ਾਂ ਦੀ ਤਰ੍ਹਾਂ ਝੱਟ ਮੰਨ ਗਏ ਤੇ ਅਸੀਂ ਦਿੱਲੀ ਪੁੱਜ ਗਏ।
ਦਿਆਲ ਸਿੰਘ ਕਾਲਜ, ਦਿੱਲੀ ਦੇ ਪ੍ਰੋ. ਲਖਵੰਤ ਸਾਨੂੰ ਸਟੇਸ਼ਨ ‘ਤੇ ਲੈਣ ਆਏ। ਉਹ ਸਾਨੂੰ ਦੱਸਣ ਲੱਗੇ ਕਿ ਉਹ ਕਿੱਥੇ ਖੜ੍ਹੇ ਹਨ ਤੇ ਅਸੀਂ ਕਿੱਥੇ ਜਾਈਏ। ਪਰ ਸਾਨੂੰ ਨਾ ਉਨ੍ਹਾਂ ਦੀ ਸਮਝ ਲੱਗੇ ਕਿ ਉਹ ਕਿੱਥੇ ਖੜ੍ਹੇ ਹਨ ਤੇ ਨਾ ਇਹ ਦੱਸਣਾ ਆ ਰਿਹਾ ਸੀ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਸੇ ਧੁਖਧੁਖੀ ਵਿਚ ਅਸੀਂ ਏਧਰ ਸੋਲ਼ਾਂ ਪਲੇਟਫ਼ਾਰਮ ਟੱਪੇ ਤੇ ਓਧਰ ਇਸੇ ਸ਼ਸ਼ੋਪੰਜ ਵਿਚ ਉਨ੍ਹਾਂ ਦਾ ਚਲਾਨ ਹੋ ਗਿਆ। ਜਿੱਦਾਂ-ਕਿੱਦਾਂ ਉਹ ਸਾਨੂੰ ਕਾਲਜ ਲੈ ਗਏ ਤੇ ਅਸੀਂ ਉਨ੍ਹਾਂ ਦੀ ਬੇਸ਼ਿਕਨ ਅਵਾਰਗੀ ਤੋਂ ਬੇਹੱਦ ਮੁਤਾਸਰ ਹੋਏ।
ਕਾਲਜ ਦਾ ਪੰਜਾਬੀ ਵਿਭਾਗ ਸਾਨੂੰ ਇਵੇਂ ਉਡੀਕ ਰਿਹਾ ਸੀ, ਜਿਵੇਂ ਵਿਆਹ ਸ਼ਾਦੀ ‘ਤੇ ਕੋਈ ਮੇਲ ਨੂੰ ਉਡੀਕਦਾ ਹੋਵੇ। ਉਨ੍ਹਾਂ ਦੇ ਤੇਹ ਨੂੰ ਦੇਖ-ਦੇਖ ਸਾਨੂੰ ਉਨ੍ਹਾਂ ਦੇ ਖ਼ਾਸ ਰਿਸ਼ਤੇਦਾਰ ਹੋਣ ਦਾ ਭੁਲੇਖਾ ਪਿਆ। ਏਨੇ ਪਿਆਰ, ਸਤਿਕਾਰ, ਸਲੀਕੇ ਤੇ ਅਪਣੱਤ ਨਾਲ਼ ਉਨ੍ਹਾਂ ਨੇ ਸਾਨੂੰ ਚਾਹ ਪਿਲਾਈ, ਖਾਣਾ ਖਵਾਇਆ ਤੇ ਗਜਰੇਲਾ ਮੁੜ-ਮੁੜ ਹੋਰ ਪੁੱਛਿਆ, ਕਿ ਪੁੱਛੋ ਕੁਝ ਨਾ।
ਪ੍ਰੋ. ਕਮਲਜੀਤ ਦਾ ਤਕੱਲਫ ਡੁੱਲ੍ਹ ਡੁੱਲ੍ਹ ਪਵੇ ਤੇ ਪ੍ਰੋ. ਹਰਮੀਤ ਦਾ ਬੇਤਕੱਲਫ਼ ਤੇਹ, ਕਿ ਛੋਟੀ ਭੈਣ ਦਾ ਭੁਲੇਖਾ ਪਵੇ। ਮੈਨੂੰ ਦਿਲ ਹੀ ਦਿਲ ਵਿਚ ਲੱਗਣ ਲੱਗਾ, ਜਿਵੇਂ ਮੈਂ ਵੀ ਡਾ. ਜਗਬੀਰ ਸਿੰਘ ਦਾ ਬੇਟਾ ਹੋਵਾਂ। ਰਤਨਦੀਪ, ਮੀਨਾਕਸ਼ੀ ਤੇ ਨਵਨੀਤ ਦਾ ਤੇਹ ਮੋਹ ਵੀ ਕਿਸੇ ਗੱਲੋਂ ਘੱਟ ਨਹੀਂ ਸੀ। ਪਰ ਉਨ੍ਹਾਂ ਵਿਚ ਕੁਝ ਸੰਕੋਚ ਸੀ, ਜਿਵੇਂ ਸਾਡੇ ਸਮਾਜ ਵਿਚ ਹਰ ਅਜਨਬੀ ਨਾਲ਼ ਰੱਖਣਾ ਹੀ ਪੈਂਦਾ ਹੈ।
ਉਥੇ ਏਨੀਆਂ ਗੱਲਾਂ ਹੋਈਆਂ ਕਿ ਏਨੀਆਂ ਗੱਲਾਂ ਦਾ ਸਬੱਬ ਕਦੇ-ਕਦੇ ਹੀ ਬਣਦਾ ਹੈ। ਉਨ੍ਹਾਂ ਨੇ ਮੈਨੂੰ ਇਸ ਤਰਾਂ ਦਾ ਅਹਿਸਾਸ ਦਿੱਤਾ, ਜਿਵੇਂ ਉਨ੍ਹਾਂ ਨੂੰ ਪਹਿਲੀ ਵਾਰੀ ਕੋਈ ਚੰਗਾ ਵਿਅਕਤੀ ਮਿਲਿਆ ਹੋਵੇ। ਉਨ੍ਹਾਂ ਨੇ ਕੁਝ ਗੱਲਾਂ ਪੁਛੀਆਂ, ਜਿਨ੍ਹਾਂ ਦੇ ਜਵਾਬ ਮੈਂ ਦੇ ਸਕਿਆ। ਮੈਂ ਦੇਖਿਆ ਕਿ ਨਾ ਉਨ੍ਹਾਂ ਦਾ ਉਠਣ ਨੂੰ ਜੀ ਕਰੇ ਤੇ ਨਾ ਮੇਰਾ ਜਾਣ ਨੂੰ।
ਉਨ੍ਹਾਂ ਵਿਚ ਪ੍ਰੋ. ਲਖਵੰਤ ਤੇ ਪ੍ਰੋ. ਰਾਜਿੰਦਰ ਇਸ ਤਰ੍ਹਾਂ ਬੈਠੇ ਸਨ, ਜਿਵੇਂ ਉਨ੍ਹਾਂ ਦੇ ਅੰਦਰ ਏਨੀਆਂ ਕਹਾਣੀਆਂ ਹੋਣ, ਜਿਨ੍ਹਾਂ ਨੂੰ ਕਹਿਣ ਦਾ ਉਨ੍ਹਾਂ ਦਾ ਹੌਸਲਾ ਨਾ ਪੈਂਦਾ ਹੋਵੇ ਜਾਂ ਉਹ ਆਪਣੇ ਅੰਦਰ ਹੀ ਚੁੱਪ-ਚੁਪੀਤੇ ਉਹ ਕਹਾਣੀਆਂ ਕਹਿ ਰਹੇ ਹੋਣ। ਉਨ੍ਹਾਂ ਦੇ ਅਬੁੱਝ ਚਿਹਰਿਆਂ ਨੂੰ ਦੇਖ ਕੇ ਮੈਨੂੰ ਇਕਬਾਲ ਦਾ ਸ਼ਿਅਰ ਯਾਦ ਆਇਆ: ਇਫ਼ਕਾਰ ਜਵਾਨੋ ਕੇ ਖ਼ਫ਼ੀ ਹੋਂ ਕਿ ਜਲੀ ਹੋਂ, ਪੌਸ਼ੀਦਾ ਨਹੀਂ ਮਰਦਿ ਕਲੰਦਰ ਕੀ ਨਿਗ਼ਾ ਸੇ। ਸ਼ਿਅਰ ਤਾਂ ਯਾਦ ਆ ਗਿਆ, ਪਰ ਉਥੇ ਕਲੰਦਰ ਕੋਈ ਨਹੀਂ ਸੀ, ਜਿਹੜਾ ਉਨ੍ਹਾਂ ਦੇ ਦਿਲ ਦੀਆਂ ਜਾਣ ਸਕਦਾ। ਜੀ ਕਰੇ, ਉਨ੍ਹਾਂ ਨੂੰ ਕਹਾਂ ਕਿ ਆਪਣੀਆਂ ਕਹਾਣੀਆਂ ਕਹਿਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਉਨ੍ਹਾਂ ਨੇ ਇਹੋ ਜਿਹੇ ਅੰਤ-ਹੀਣ ਨਾਵਲ ਬਣ ਜਾਣਾ, ਜਿਹਨੂੰ ਪੜ੍ਹਨ ਤੋਂ ਹਰ ਕਿਸੇ ਨੇ ਕਤਰਾਉਣਾ।
ਪ੍ਰੋ. ਕਮਲਜੀਤ ਆਪਣੇ ਮੋਬਾਇਲ ਵਿਚ ਮਗਨ ਸਨ। ਜਿੰਨੇ ਫ਼ੋਨ ਉਹ ਕਰ ਰਹੇ ਸਨ, ਉਹਤੋਂ ਦੁੱਗਣੇ ਉਨ੍ਹਾਂ ਨੂੰ ਆ ਰਹੇ ਸਨ ਤੇ ਵੱ੍ਹਟਸਐਪ ਵੱਖਰਾ। ਫ਼ੋਨ ‘ਤੇ ਏਨੇ ਬਿਜ਼ੀ ਕਿ ਫੇਸਬੁੱਕ ਜੋਗਾ ਸਮਾਂ ਸ਼ਾਇਦ ਹੀ ਬਚਦਾ ਹੋਵੇ। ਪਰ ਮੈਂ ਹੈਰਾਨ ਹੋਇਆ ਕਿ ਉਨ੍ਹਾਂ ਨੂੰ ਹਰ ਕਾਸੇ ਦੀ ਚਿੰਤਾ ਤੇ ਹਰ ਕਾਸੇ ਦਾ ਪਤਾ ਸੀ ਕਿ ਕਿੱਥੇ ਕੀ ਹੋ ਗਿਆ, ਕੀ ਹੋਣ ਵਾਲਾ, ਕੀ ਗਲਤ ਹੋ ਗਿਆ ਤੇ ਹੁਣ ਠੀਕ ਕਿੱਦਾਂ ਹੋਣਾ।
ਪ੍ਰੋ. ਕਮਲਜੀਤ ਵਿਹਲੇ ਹੋਏ ਤਾਂ ਉਹ ਸਾਨੂੰ ਆਪਣੇ ਘਰ ਲੈ ਗਏ। ਉਨ੍ਹਾਂ ਦਾ ਲਾਡਲਾ ਤੇ ਛਿੰਦਾ ਸਹਿਜ ਮੁੜ-ਮੁੜ ਸਾਡੇ ਕੋਲ਼ ਆਵੇ, ਲਾਡ ਲਵੇ, ਜਿਵੇਂ ਅਸੀਂ ਉਹਦੇ ਦਾਦੇ-ਬਾਬੇ ਹੋਈਏ।
ਏਨੇ ਨੂੰ ਕਾਲਜ ਤੋਂ ਪ੍ਰੋ. ਨਵਨੀਤ ਵੀ ਆ ਗਈ। ਪਤਾ ਲੱਗਾ ਕਿ ਉਹ ਦੂਰੋਂ-ਨੇੜਿਓਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਭਾਈ ਗੁਰਮੇਲ ਸਿੰਘ ਦੀ ਰਿਸ਼ਤੇਦਾਰੀ ਵਿਚੋਂ ਹੈ। ਮੈਨੂੰ ਭਾਈ ਸਾਹਿਬ ਦੇ ਗਾਏ ਸਾਰੇ ਸ਼ਬਦ ਯਾਦ ਆਉਣ ਲੱਗੇ ਤੇ ਉਨ੍ਹਾਂ ਦੀ ਸੁਰੀਲੀ ਆਵਾਜ਼ ਮੇਰੇ ਕੰਨਾਂ ‘ਚ ਇਸ ਤਰ੍ਹਾਂ ਗੂੰਜਣ ਲੱਗੀ ਕਿ ਮੈਂ ਨਵਨੀਤ ਨੂੰ ਸੁਣਨ ਲਈ ਬਿਹਬਲ ਹੋ ਗਿਆ ਤੇ ਉਹਦੇ ਬਹਿੰਦੇ ਸਾਰ ਹੀ ਉਹਨੂੰ ਸ਼ਬਦ ਸੁਣਾਉਣ ਲਈ ਕਹਿ ਦਿੱਤਾ। ਉਹਨੇ ਹਾਰਮੋਨੀਅਮ ਖੋਲ੍ਹਿਆ ਤੇ ਸੁਤੇ-ਸਿੱਧ ਹੀ ਉਹਦਾ ਖੱਬਾ ਹੱਥ ਪੱਖੇ ‘ਤੇ ਚਲਾ ਗਿਆ, ਜਿਵੇਂ ਉਹ ਇਸੇ ਲਈ ਬਣਿਆ ਹੋਵੇ ਤੇ ਉਹਦਾ ਸੱਜਾ ਹੱਥ ਹਾਰਮੋਨੀਅਮ ਦੀਆਂ ਚਿੱਟੀਆਂ ਸੁਰਾਂ ‘ਤੇ ਇਵੇਂ ਫਿਰਨ ਲੱਗਾ, ਜਿਵੇਂ ਕੋਈ ਬੱਚਾ ਬੋਚ-ਬੋਚ ਕੇ ਪੱਬ ਧਰਦਾ ਹੈ।
ਉਹਨੇ ਅਲਾਪ ਲਿਆ ਤਾਂ ਲੱਗਿਆ ਜਿਵੇਂ ਕਿਸੇ ਅੰਬ ਦੀ ਟਾਹਣੀ ‘ਚੋਂ ਆਵਾਜ਼ ਆਈ ਹੋਵੇ ਜਾਂ ਜਿਵੇਂ ਉਹਦੇ ਗਲ਼ੇ ਵਿਚ ਹੀ ਕਿਤੇ ਕੋਇਲ ਛੁਪੀ ਹੋਵੇ। ਕਿਸੇ ਦੀ ਆਵਾਜ਼ ਸੁਰੀਲੀ ਹੁੰਦੀ ਹੈ, ਰਸੀਲੀ ਨਹੀਂ ਹੁੰਦੀ। ਕਿਸੇ ਦੀ ਰਸੀਲੀ ਹੁੰਦੀ ਹੈ, ਸੁਰੀਲੀ ਨਹੀਂ। ਨਵਨੀਤ ਦੀ ਆਵਾਜ਼ ਵਿਚ ਇਹ ਦੋਵੇਂ ਦੌਲਤਾਂ ਦੇਖ ਕੇ ਜੀ ਅਸ਼-ਅਸ਼ ਕਰ ਉਠਿਆ। ਉਹਦੀ ਆਵਾਜ਼ ਤੋਂ ਵੀ ਵੱਧ, ਦੂਜੀ ਦੌਲਤ, ਉਹਦੀ ਆਸਥਾ ਤੋਂ ਮਹਿਸੂਸ ਹੋਇਆ, ਜਿਵੇਂ ਉਹ ਕਿਸੇ ਵਿਵੇਕੀ ਸਿੱਖ ਦੀ ਬੇਟੀ ਹੋਵੇ। ਸ਼ਬਦ ਸੁਣ ਕੇ ਅਸੀਂ ਨਿਹਾਲ ਹੋ ਗਏ। ਕੁਝ ਹੋਰ ਸੁਣਾਉਣ ਲਈ ਕਿਹਾ ਤਾਂ ਉਹਨੇ ਸੁਹਾਗ ਗਾਇਆ। ਉਹਦੀ ਸੂਰਤ ਅਤੇ ਸੀਰਤ ਸਾਡੇ ਸਾਹਮਣੇ, ਇਵੇਂ ਉਭਰ ਕੇ ਸਨਮੁਖ ਹੋਈ, ਜਿਵੇਂ ਉਹ ਸ਼ਿਵ ਕੁਮਾਰ ਦੀ ਕਵਿਤਾ ਵਾਲ਼ੀ ਗੁੰਮ ਕੁੜੀ ਹੋਵੇ। ਇਹੋ ਜਿਹੇ ਬੱਚੇ ਕਿੱਥੇ ਲੱਭਦੇ ਹਨ।
ਉਹਦੇ ਨਾਲ਼ ਪ੍ਰੋ. ਕਮਲਜੀਤ ਨੇ ਤਬਲੇ ਦੀ ਜੁਗਲਬੰਦੀ ਕੀਤੀ। ਉਨ੍ਹਾਂ ਨੂੰ ਦੇਖ ਕੇ ਮੰਝੇ ਹੋਏ ਤਬਲਾਵਾਦਕ ਦੇ ਭੁਲੇਖੇ ਪੈਂਦੇ। ਨਵਨੀਤ ਦੀ ਆਵਾਜ਼ ਅਤੇ ਲੈ ਸੁਰ ਦੀ ਬਹਿਜਾ ਬਹਿਜਾ, ਪ੍ਰੋ. ਸਾਹਿਬ ਦੀ ਤਾਲ ਦੀ ਧੰਨ-ਧੰਨ ਤੇ ਦੋ ਸਾਲ ਦੇ ਬੇਟੇ ਸਹਿਜ ਦਾ ਤਬਲਾ ਵਜਾਉਣ ਦਾ ਬਾਲ-ਹੱਠ, ਕਿਆ ਬਾਤਾਂ, ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ। ਮੈਂ ਸ਼ਬਦ ਦੇ ਸਤਿਕਾਰ ਵਿਚ ਚੱਪਲ ਉਤਾਰ ਦਿੱਤੀ ਸੀ। ਬੇਟੇ ਸਹਿਜ ਨੇ ਮੇਰੇ ਨੰਗੇ ਪੈਰ ਦੇਖੇ ਤੇ ਛੂਹ ਕੇ ਛਪਨ ਹੋ ਗਿਆ।

ਪ੍ਰੋ. ਕਮਲਜੀਤ ਦੀ ਅਣਥੱਕ ਮੁਹੱਬਤ, ਸੋਨੀਆ ਦਾ ਪੈਰ ਧਰਤੀ `ਤੇ ਨਾ ਲਗੇ। ਜਿਵੇਂ ਅਸੀਂ ਪੌੜੀਆਂ ਦੀ ਬਜਾਏ, ਅਕਾਸ਼ੋਂ ਉੱਤਰੇ ਮਹਿਮਾਨ ਹੋਈਏ। ਕਿਹੜੀ ਚੀਜ਼ ਸੀ, ਜਿਹੜੀ ਉਹਨੇ ਨਹੀਂ ਬਣਾਈ ਤੇ ਸਾਨੂੰ ਨਹੀਂ ਖੁਆਈ। ਏਨੀ ਪ੍ਰਾਹੁਣਚਾਰੀ ਮੈਂ ਪਹਿਲੀ ਵਾਰ ਦੇਖੀ। ਪ੍ਰੋ. ਸਾਹਿਬ ਉਹਤੋਂ ਉਤਾਵਲੇ ਤੇ ਉਹ ਉਨ੍ਹਾਂ ਤੋਂ ਉਤਾਵਲੀ। ਜਿਵੇਂ ਉਨ੍ਹਾਂ ਦੋਹਾਂ ਵਿਚ ਮਹਿਮਾਨ-ਨਿਵਾਜ਼ੀ ਦਾ ਕੰਪੀਟੀਸ਼ਨ ਚਲਦਾ ਹੋਵੇ।
ਦਸਤਰਖ਼ਾਨ ਤੋਂ ਵਿਹਲੇ ਹੋਏ ਤਾਂ ਕੁਝ ਚਿਰ ਸੈਰ ਕਰ ਕੇ ਅਸੀਂ ਬਿਸਤਰਖ਼ਾਨ ਦੇ ਹਵਾਲੇ ਹੋ ਗਏ। ਦੇਰ ਰਾਤ ਤਕ ਸਹਿਜ ਦੇ ਤਬਲਾ-ਵਾਦਨ ਦੀ ਬਾਲ-ਤਾਲ ਕੰਨੀਂ ਟੁਣਕਦੀ ਰਹੀ ਤੇ ਅਸੀਂ ਮਨੋ-ਮਨੀ ਕਮਾਲ-ਕਮਾਲ ਕਰਦੇ ਨੀਂਦ ਦੇ ਸੁਪਨ ਸੰਸਾਰ ਵਿਚ ਪ੍ਰਵੇਸ਼ ਕਰ ਗਏ।
ਸਵੇਰੇ ਉੱਠੇ, ਇਸ਼ਨਾਨ ਪਾਣੀ ਉਪਰੰਤ ਨਾਸ਼ਤਾ ਕੀਤਾ ਤੇ ਦਿਆਲ ਸਿੰਘ ਕਾਲਜ ਪੁੱਜ ਗਏ। ਪ੍ਰੋ. ਰਵਿੰਦਰ ਸਿੰਘ ਏਨੇ ਪਿਆਰ ਨਾਲ ਮਿਲੇ, ਜਿਵੇਂ ਉਹ ਸਾਨੂੰ ਹੀ ਮਿਲਣ ਆਏ ਹੋਣ। ਉਨ੍ਹਾਂ ਦੀ ਪ੍ਰੋਫੈਸਰਾਂ ਵਾਲੀ ਸੱਜ, ਵਿਦਵਾਨਾਂ ਵਾਲ਼ੀ ਧਜ, ਇਨਸਾਨਾਂ ਵਾਲ਼ੀ ਫੱਬ ਤੇ ਭਾਈਆਂ ਜਿਹੀ ਮੁਹੱਬਤ ਵਿਚ ਅਸੀਂ ਗੁਆਚ ਹੀ ਗਏ। ਉਨ੍ਹਾਂ ਨੂੰ ਦੇਖ ਕੇ ਮਨ ਵਿਚ, ਨੱਕੋ-ਨੱਕ ਦੁੱਧ ਭਰੇ ਕੌਲ ਜਿਹਾ ਅਹਿਸਾਸ ਜਾਗਦਾ ਹੈ। ਹਰਮੀਤ ਦਾ ਪਿਆਰ ਸਤਿਕਾਰ, ਪਲ-ਪਲ ਦੀ ਤਵੱਜੋ ਤੇ ਇਖ਼ਲਾਕੀ ਸਲੀਕਾ ਕੌਣ ਭੁੱਲ ਸਕਦਾ ਹੈ। ਪਹਿਲੀ ਵਾਰ ਪ੍ਰੋ. ਜਗਬੀਰ ਸਿੰਘ ਦੀ ਲਗਨ, ਮਿਹਨਤ ਤੇ ਮੁਹੱਬਤ ਦੇ ਸੁੱਚੇ ਮੋਤੀ ਇਕੱਠੇ ਦੇਖੇ।
ਮੁੱਖ ਮਹਿਮਾਨ ਦੀ ਉਡੀਕ ਕਰਦਿਆਂ, ਚਾਹ ਪਾਣੀ ਤੇ ਗੱਲਬਾਤ ਦਰਮਿਆਨ ਪ੍ਰੋ. ਹਰਮੀਤ ਨੂੰ ਮੈਂ ਆਪਣੀ ਕਿਤਾਬ ਭੇਟ ਕੀਤੀ, ਜਿਵੇਂ ਮੇਰੀ ਕਿਤਾਬ ਦਿੱਲੀ ਦੇ ਦਿਲ ਦੇ ਦਰਬਾਰ ਵਿਚ ਪੁੱਜ ਗਈ ਹੋਵੇ।
ਮਹੀਨੇ ਭਰ ਤੋਂ ਮੈਂ ‘ਰਵਿਦਾਸ ਜੀ ਦੀ ਬਾਣੀ ਅਤੇ ਜੀਵਨ ਦੇ ਪਰਿਪੇਖ ਤੇ ਮਹੱਤਵ’ ਉੱਤੇ ਲਗਾਤਾਰ ਬੰਦਗੀ ਕਰ ਰਿਹਾ ਸੀ। ਸਮਾਗਮ ਵਿਚ ਹੋ ਰਹੀ ਦੇਰੀ ਕਾਰਨ ਮੈਂ ਆਪਣੇ ਵਖਿਆਨ ਦੀ ਪ੍ਰੈਸੀ ਕਰਨ ਲੱਗਾ। ਸਮਾਗਮ ਸ਼ੁਰੂ ਹੋਇਆ ਤਾਂ ਖ਼ਸੂਸੀ ਮਹਿਮਾਨਾਂ ਦੀ ਸਿ਼ਸ਼ਟਾਚਾਰਕ ਜਾਣ-ਪਛਾਣ ਨੇ ਹੋਰ ਸਮਾਂ ਖਾ ਲਿਆ ਤਾਂ ਮੈਨੂੰ ਉਸ ਪ੍ਰੈਸੀ ਦੀ ਪ੍ਰੈਸੀ ਕਰਨੀ ਪਈ। ਮੇਰਾ ਨਾਂ ਬੋਲਿਆ ਤਾਂ ਮੈਂ ਪ੍ਰੈਸੀ ਦੀ ਪ੍ਰੈਸੀ ਸਰੋਤਿਆਂ ਦੇ ਸਨਮੁਖ ਪੇਸ਼ ਕੀਤੀ। ਮੇਰੇ ਸਾਹਮਣੇ ਹਰਮੀਤ, ਰਤਨ, ਮੀਨਾਕਸ਼ੀ, ਨਵਨੀਤ, ਲਖਵੰਤ, ਰਾਜਿੰਦਰ, ਬਹੁਤ ਸਾਰੇ ਵਿਦਿਆਰਥੀ ਤੇ ਸੰਤ ਪ੍ਰੇਮਦਾਸ ਇਸ ਤਰ੍ਹਾਂ ਸੁਣ ਰਹੇ ਸਨ ਕਿ ਮਹਿਸੂਸ ਹੋ ਰਿਹਾ ਸੀ ਜਿਵੇਂ ਪਹਿਲੀ ਵਾਰ ਮੈਨੂੰ ਕਿਸੇ ਨੇ ਏਨੀ ਤਵੱਜੋ ਨਾਲ਼ ਸੁਣਿਆ ਹੋਵੇ। ਕੋਈ ਕੀ ਜਾਣੇ ਕਿ ਸੰਤ ਪ੍ਰੇਮਦਾਸ ਦੇ ਸਾਹਮਣੇ, ਸੰਤ ਰਵਿਦਾਸ ਬਾਰੇ ਬੋਲਣਾ, ਮੇਰੇ ਜਿਹੇ ਅਸੰਤ ਲਈ ਕਿੰਨਾ ਮੁਸ਼ਕਲ ਸੀ। ਕਿਵੇਂ ਨਾ ਕਿਵੇਂ ਮੈਂ ਵਕਤ ਟਪਾ ਲਿਆ ਤੇ ਟਪਾ ਦਿੱਤਾ।
ਬੇਟਾ ਮਹਿਤਾਬ ਆਪਣੇ ਦੋਸਤ ਸੰਦੀਪ ਨਾਲ ਦਿੱਲੀ ਯੂਨੀਵਰਸਿਟੀ ਵਿਚ ਪੀਜੀ ਦਾ ਬੰਦੋਬਸਤ ਕਰਨ ਆਇਆ ਸੀ ਤੇ ਮੈਂ ਉਨ੍ਹਾਂ ਨੂੰ ਪ੍ਰੋ. ਯਾਦਵਿੰਦਰ ਦੇ ਵਿਦਿਆਰਥੀ ਸੁਖਚੈਨ ਦੇ ਸਪੁਰਦ ਕਰ ਦਿੱਤਾ ਸੀ। ਉਹ ਵੀ ਨੱਠ ਭੱਜ ਕੇ, ਮੇਰੇ ਬੋਲਦੇ-ਬੋਲਦੇ ਦਿਆਲ ਸਿੰਘ ਕਾਲਜ ਆ ਗਏ ਤੇ ਸਾਡੇ ਨਾਲ ਹੀ ਰੌਣਕਾਂ ਵਿਚ ਇੰਜ ਘੁਲ਼ ਮਿਲ਼ ਗਏ, ਜਿਵੇਂ ਦੁੱਧ ਵਿਚ ਖੰਡ।
ਸਮਾਪਤੀ ਉਪਰੰਤ ਫਿਰ ਪ੍ਰ. ਕਮਲਜੀਤ ਦੇ ਘਰ ਮਹਿਫਿਲ ਜੁੜੀ, ਜਿਵੇਂ ਨਾਨਕਾ ਤੇ ਦਾਦਕਾ ਮੇਲ਼ ਇਕੱਠਾ ਹੋਇਆ ਹੋਵੇ। ਪ੍ਰੇਮ, ਮੁਹੱਬਤ, ਸੁਹਜ ਅਤੇ ਸਲੀਕੇ ਦੇ ਏਸ ਤਰ੍ਹਾਂ ਦੇ ਮੇਲੇ ਜਿ਼ੰਦਗੀ ਵਿਚ ਕਦੇ ਕਦਾਈਂ ਲੱਗਦੇ ਹਨ। ਸਾਡੀ ਗੱਡੀ ਸਾਢੇ ਚਾਰ ਵਜੇ ਚੱਲਣੀ ਸੀ। ਭਰਿਆ ਮੇਲਾ ਛੱਡ ਕੇ ਆਉਣ ਨੂੰ ਜੀ ਨਾ ਕਰੇ। ਗੱਡੀ ਅੱਗੇ ਕਿਹਦਾ ਜ਼ੋਰ। ਮਿਲ-ਮਿਲਾ ਕੇ ਅਸੀਂ ਬੜੀ ਹੀ ਭਾਵਨਾਤਮਿਕ ਵਿਦਾਇਗੀ ਲਈ ਤੇ ਪ੍ਰੋ. ਲਖਵੰਤ ਦੀ ਕਾਰ ਵਿਚ ਬੈਠ ਗਏ। ਦੂਰ ਤਕ ਪਿੱਛਿਓਂ ਹੱਥ ਹਿੱਲਦੇ ਰਹੇ ਤੇ ਅਸੀਂ ਦੇਖਦੇ ਰਹੇ।
ਸਟੇਸ਼ਨ ਪੁੱਜੇ, ਅਵਾਰਗੀ ਦੇ ਮੁਜੱਸਮੇ ਪ੍ਰੋ. ਲਖਵੰਤ ਨੇ ਸਾਨੂੰ ਉਸੇ ਪਾਸੇ ਉਤਾਰ ਦਿੱਤਾ, ਜਿੱਧਰੋਂ ਲੈ ਕੇ ਗਿਆ ਸੀ। ਦੌੜ-ਦੌੜ ਕੇ ਸੋਲ਼ਾਂ ਪਲੇਟਫ਼ਾਰਮ ਟੱਪੇ ਤੇ ਭੱਜ-ਭੱਜ ਕੇ ਗੱਡੀ ਫੜੀ। ਤਿੰਨ ਮਿੰਟ ਹੋਰ ਹੋ ਜਾਂਦੇ ਤਾਂ ਗੱਡੀ ਖੁੱਸ ਜਾਣੀ ਸੀ। ਗੱਡੀ ਅੱਗੇ ਕਿਹਦਾ ਜ਼ੋਰ …