ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਆਈਨੇ ਵਿਚ ਨਾਰੀ ਦਿਵਸ

ਮੁਹੰਮਦ ਅੱਬਾਸ ਧਾਲੀਵਾਲ
ਫੋਨ: 98552-59650
ਅੱਠ ਮਾਰਚ ‘ਵਿਸ਼ਵ ਔਰਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ `ਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ। ਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ।

ਇਤਫਾਕਨ 8 ਮਾਰਚ ਨੂੰ ਹੀ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੇ ਪ੍ਰਗਤੀਵਾਦੀ ਸ਼ਾਇਰ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ ਦਿਨ ਵੀ ਹੈ। ਸਾਹਿਰ ਦਾ ਜਨਮ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਇਕ ਵੱਡੇ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਹੋਇਆ। (ਸਾਹਿਰ ਦਾ ਅਸਲ ਨਾਂ ਅਬਦੁਲ ਹੱਈ ਸੀ, ਤਖੱ਼ਲਸ ਦੇ ਰੂਪ ਸਾਹਿਰ ਇਸਤੇਮਾਲ ਕਰਦੇ ਸਨ)। ਸਾਹਿਰ ਦੇ ਮਾਤਾ-ਪਿਤਾ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਸਨ ਤੇ ਸਾਹਿਰ ਆਪਣੀ ਮਾਤਾ ਨਾਲ ਰਹਿੰਦੇ ਸਨ। ਉਨ੍ਹਾਂ ਨੇ ਆਪਣੀ ਮਾਂ ਨੂੰ ਦੁੱਖਾਂ ਅਤੇ ਤੰਗੀਆਂ-ਤੁਰਸ਼ੀਆਂ ‘ਚ ਜ਼ਿੰਦਗੀ ਬਸਰ ਕਰਦਿਆਂ ਵੇਖਿਆ, ਜਿਸ ਦਾ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਪਿਆ। ਇਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿਚ ਥਾਂ-ਥਾਂ ਵੇਖੀ ਜਾ ਸਕਦੀ ਹੈ। ਇਕ ਥਾਂ ਖੁ਼ਦ ਆਖਦੇ ਹਨ:
ਦੁਨੀਆ ਨੇ ਤਜਰਬਾਤ–ਹਵਾਦਿਸ ਕੀ ਸ਼ਕਲ ਮੇਂ,
ਜੋ ਕੁਛ ਮੁਝੇ ਦੀਆ ਵੋਹ ਲੋਟਾ ਰਹਾ ਹੂੰ ਮੈਂ।
ਸਾਹਿਰ ਨੇ ਦਸਵੀਂ ਹਾਈ ਸਕੂਲ ਲੁਧਿਆਣਾ ਤੋਂ 1937 ਵਿਚ ਕੀਤੀ। ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿਚ ਦਾਖਲ ਹੋ ਗਿਆ। ਕਾਲਜ ਵਿਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਨ ਵਿਚ ਬੈਠਣ ਕਰਕੇ ਕਾਲਜ ਵਿਚੋਂ ਕੱਢ ਦਿੱਤਾ ਗਿਆ। (ਜ਼ਿਕਰਯੋਗ ਹੈ ਕਿ ਜਿਸ ਕਾਲਜ ਨੇ ਸਾਹਿਰ ਨੂੰ ਕੱਢਿਆ ਸੀ, ਉਸੇ ਕਾਲਜ ਨੇ ਉਨ੍ਹਾਂ ਨੂੰ ਜਦੋਂ ਉਹ ਇੱਕ ਸ਼ਾਇਰ ਵਜੋਂ ਦੁਨੀਆ ਭਰ ਵਿਚ ਮਸ਼ਹੂਰ ਹੋ ਗਏ, ਤਾਂ ਆਪਣੇ ਡਿਗਰੀ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੁਲਾਇਆ ਸੀ)
ਉਪਰੰਤ ਉਹ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਚ ਦਾਖਲ ਹੋ ਗਏ, ਪਰ ਉਥੋਂ ਵੀ ਉਨ੍ਹਾਂ ਨੂੰ ਇਨਕਲਾਬੀ ਸ਼ਾਇਰੀ ਕਰਕੇ ਕੱਢ ਦਿੱਤਾ ਗਿਆ। ਇਸ ਉਪਰੰਤ ਉਹ ਇਸਲਾਮੀਆ ਕਾਲਜ, ਲਾਹੌਰ ਵਿਚ ਦਾਖਲ ਹੋ ਗਏ।
ਜ਼ਿਕਰਯੋਗ ਹੈ ਕਿ ਸਾਹਿਰ ਇਸਲਾਮਿਕ ਪਾਕਿ ਦੀ ਬਜਾਏ ਸੈਕੂਲਰ ਭਾਰਤ ਚਾਹੁੰਦੇ ਸਨ। ਉਹ ਪਹਿਲਾਂ ਪਾਕਿ ਚਲੇ ਗਏ ਬਾਅਦ ਵਿਚ ਭਾਰਤ ਆ ਗਏ ਪਰ ਇਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿਸਤਾਨ ਚਲੇ ਗਏ।
1944 ਵਿਚ ਉਨ੍ਹਾਂ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਏ। ਉਨ੍ਹਾਂ ਸਮਿਆਂ ਵਿਚ ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀ। ਉਹ ਸਾਹਿਰ ‘ਤੇ ਫਿਦਾ ਸੀ। ਆਪਣੇ ਤੇ ਸਾਹਿਰ ਵਿਚਕਾਰ ਇਸ਼ਕ ਦੀ ਕਹਾਣੀ ਦਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਨੇ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿਚ ਕੀਤਾ ਹੈ। ਇਸ ਦਾ ਜ਼ਿਕਰ ਇਕ ਸੀ ਅਨੀਤਾ ਵਿਚ ਕੀਤਾ ਹੈ। ‘ਸੁਨੇਹੜੇ’, ਜਿਸ ‘ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਦੀਆਂ ਤਕਰੀਬਨ ਸਾਰੀਆਂ ਨਜ਼ਮਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨ। ਇਸੇ ਤਰ੍ਹਾਂ ਸਾਹਿਰ ਦੇ ਕਾਵਿ ਸੰਗ੍ਰਹਿ ਤਲਖ਼ੀਆਂ ਦੀਆਂ ਨਜ਼ਮਾਂ ਵਿਚ ਅੰਮ੍ਰਿਤਾ ਪ੍ਰੀਤਮ ਦੀ ਝਲਕ ਦਿਖਾਈ ਦਿੰਦੀ ਹੈ।
ਲਾਹੌਰ ਤੋਂ ਸਾਹਿਰ ਫ਼ਿਲਮੀ ਦੁਨੀਆ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਆ ਗਿਆ, ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ। ਕਾਫੀ ਸੰਘਰਸ਼ ਪਿੱਛੋਂ 1950 ਵਿਚ ਰਿਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ-ਨਿਗਾਰੀ ਵਿਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ, ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿਚ ਕੀਤਾ ਸੀ।
ਸਾਹਿਰ ਨੇ ਫ਼ਿਲਮਾਂ ਦੇ ਹਿੱਟ ਗੀਤ ਲਿਖ ਕੇ ਇਨਾਮ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ-ਨਿਗਾਰ ਸੀ। ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ। ਇਸ ਪਦਵੀ ‘ਤੇ ਹੁੰਦਿਆਂ ਉਸ ਨੇ ਨਗ਼ਮਾਂ-ਨਿਗਾਰਾਂ ਨੂੰ ਫ਼ਿਲਮੀ ਦੁਨੀਆ ਅਤੇ ਰੇਡੀਓ ਵਿਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ। ਜਿਵੇਂ ਫ਼ਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ-ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ‘ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿਚ ਨਗ਼ਮਾ-ਨਿਗਾਰ ਦਾ ਨਾਂ ਵੀ ਦੱਸਿਆ ਜਾਵੇ। ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ `ਤੇ ਨਗ਼ਮਾ-ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ। ਇੱਕ ਸੰਗੀਤ ਡਾਇਰੈਕਟਰ ਨੇ ਮਿਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ, ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫ਼ਿਲਮ ਲਈ ਗਾਣੇ ਲਿਖੇਗਾ, ਜਿਸ ਵਿਚ ਲਤਾ ਤੋਂ ਨਾ ਗਵਾਏ ਜਾਣ। ਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼’।
ਸ਼ਾਇਰੀ ਦਾ ਸ਼ੌਕ ਉਨ੍ਹਾਂ ਨੂੰ ਸਕੂਲ ਵਿਚ ਹੀ ਸੀ। ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ
‘ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ,
ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ’
ਤਾਂ ਉਸ ਨੇ ਆਪਣਾ ਤਖੱ਼ਲਸ ਸਾਹਿਰ ਰੱਖ ਲਿਆ। ਤਖੱ਼ਲਸ ਉਨ੍ਹਾਂ ਦੀ ਸ਼ਖ਼ਸੀਅਤ ‘ਤੇ ਪੂਰਾ ਢੁਕਦਾ ਸੀ। ਸਾਹਿਰ ਹਰ ਮੁਸ਼ਾਇਰੇ ਦੀ ਰੌਣਕ ਹੁੰਦੇ ਸਨ। ਉਨ੍ਹਾਂ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣ ਦੀ ਤਰਜਮਾਨੀ ਕਰਦੀਆਂ। ਇਹੋ ਵਜ੍ਹਾ ਹੈ ਕਿ ਨੌਜਵਾਨ ਮੁੰਡੇ-ਕੁੜੀਆਂ `ਚ ਬੇਹੱਦ ਹਰਮਨ ਪਿਆਰੇ ਸਨ।
ਜ਼ਿਕਰਯੋਗ ਹੈ ਕਿ ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਕਿਸਮ ਦੇ ਰਹੇ। ਉਨ੍ਹਾਂ ਨਾ ਇਨ੍ਹਾਂ ਨੂੰ ਸਰੀਰਕ ਸਬੰਧਾਂ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿਚ ਬਦਲਿਆ, ਸਗੋਂ ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਪ੍ਰੇਰਣਾ ਲਈ। ਭਾਵੇਂ ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਉਸ ਦੀ ਪਛਾਣ ਨਜ਼ਮ ਦੇ ਸ਼ਾਇਰ ਵਜੋਂ ਹੋਈ। ਉਸ ਦੀਆਂ ਨਜ਼ਮਾਂ ਦਾ ਪੱਧਰ ਬਹੁਤ ਉਚਾ ਹੈ। ਬਹੁਤੀਆਂ ਰੁਮਾਂਸ ਦੀ ਚਾਸ਼ਨੀ ‘ਚ ਲਬਰੇਜ਼ ਹਨ ਜਦਕਿ ਕੁਝ ਕੁ ਵਿਚ ਇਨਕਲਾਬੀ ਰੰਗ ਦੀ ਝਲਕ ਮਿਲਦੀ ਹੈ। ਉਨ੍ਹਾਂ ਦੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ। ਉਨ੍ਹਾਂ ਦੀਆਂ ਨਜ਼ਮਾਂ ‘ਐ ਸ਼ਰੀਫ ਇਨਸਾਨੋਂ’ ਅਤੇ ‘ਤਾਜ ਮਹਿਲ’ ਸ਼ਾਹਕਾਰ ਰਚਨਾਵਾਂ ਹਨ। ਕੁਝ ਪੰਕਤੀਆਂ:
ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ
ਤੁਮੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ
ਮੁਝੇ ਭੀ ਲੋਗ ਕਹਿਤੇ ਹੈਂ ਕਿ ਯਹ ਜਲਵੇ ਪਰਾਏ ਹੈਂ
ਮੇਰੇ ਹਮਰਾਹ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ
ਤੁਮਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈਂ।
ਜੇਕਰ ਸਾਹਿਰ ਦੇ ਫ਼ਿਲਮੀ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਉਨ੍ਹਾਂ ਫਿਲਮੀ ਗੀਤਾਂ ਨੂੰ ਤੁਕਬੰਦੀ ਤੋਂ ਆਜ਼ਾਦੀ ਦਿਵਾਉਂਦਿਆਂ ਹਕੀਕੀ ਰੂਪ ਸ਼ਾਇਰੀ ਦਾ ਜਾਮਾ ਪਹਿਨਾਇਆ।
ਜੇਕਰ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਸੰਦਰਭ ਵਿਚ ਔਰਤਾਂ ਦੇ ਹਾਲਾਤ ਦੀ ਗੱਲ ਕਰੀਏ, ਤਾਂ ਉਨ੍ਹਾਂ ਔਰਤਾਂ ਦੀ ਦੁਰਦਸ਼ਾ ਸੰਬੰਧੀ ਅੱਜ ਤੋਂ ਲਗਭਗ ਛੇ-ਸੱਤ ਦਹਾਕੇ ਪਹਿਲਾਂ ਜੋ ਨਕਸ਼ਾ ਆਪਣੀਆਂ ਨਜ਼ਮਾਂ ਤੇ ਗੀਤਾਂ ਵਿਚ ਖਿੱਚਿਆ ਸੀ, ਹਾਲਾਤ ਅੱਜ ਵੀ ਉਹੋ ਹਨ। ਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿਚ ਉਸ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਦਿਆਂ ਕਿਹਾ ਹੈ:
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀਅ ਚਾਹਾ ਮਸਲਾ ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਆ।
ਤਿਤਲੀ ਹੈ ਕਹੀਂ ਦੀਨਾਰੋਂ ਮੇਂ ਬਿਕਤੀ, ਹੈ ਕਹੀਂ ਬਾਜ਼ਾਰੋਂ ਮੇਂ।
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ।
ਯੇਹ ਵੋਹ ਬੇਇੱਜ਼ਤ ਚੀਜ਼ ਹੈ ਜੋ, ਬਟ ਜਾਤੀ ਹੈ ਇੱਜ਼ਤਦਾਰੋਂ ਮੇਂ।
ਜੇਕਰ ਅੱਜ ਅਸੀਂ ਆਪਣੇ ਸਮਾਜ ਵਿਚਲੀਆਂ ਔਰਤਾਂ ਦੇ ਜੀਵਨ ‘ਤੇ ਝਾਤ ਮਾਰੀਏ ਤਾਂ ਸਾਨੂੰ ਇੱਕ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਵਿਚ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਔਰਤ ਦੀ ਕੁੱਖੋਂ ਦੁਨੀਆ ਦੇ ਮਹਾਨ ਮਹਾਪੁਰਸ਼ਾਂ ਨੇ ਜਨਮ ਲਿਆ, ਜਿਸ ਦੀ ਕੁੱਖੋਂ ਵੱਡੇ-ਵੱਡੇ ਨਬੀਆਂ, ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ, ਜਿਸ ਨੇ ਕਦੀ ਟੀਪੂ ਸੁਲਤਾਨ, ਕਦੇ ਭਗਤ ਸਿੰਘ, ਕਦੀ ਊਧਮ ਸਿੰਘ, ਕਦੇ ਚੰਦਰ ਸ਼ੇਖਰ ਆਜ਼ਾਦ ਅਤੇ ਕਦੇ ਰਾਮ ਪ੍ਰਸਾਦ ਬਿਸਮਿਲ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਵੀਰਾਂ ਨੂੰ ਜਨਮ ਦਿੱਤਾ ਅਤੇ ਉਹ ਆਪਣੀਆਂ ਅਦੁੱਤੀ ਤੇ ਬੇਮਿਸਾਲ ਕੁਰਬਾਨੀਆਂ ਸਦਕਾ ਰਹਿੰਦੀ ਦੁਨੀਆਂ ਤਕ ਆਪਣੇ ਨਾਵਾਂ ਨੂੰ ਅਮਰ ਕਰ ਗਏ।
ਔਰਤ ਨੂੰ ਹਰ ਧਰਮ ਵਿਚ ਇੱਜ਼ਤ ਤੇ ਅਹਿਤਰਾਮ ਦਿੱਤਾ ਗਿਆ ਹੈ। ਇਸਲਾਮ ਵਿਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ ਜਦਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ:
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਅੱਜ ਇਸ ਸਮਾਜ ਵਿਚ ਔਰਤ ਦੀ ਜੋ ਦੁਰਗਤ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿਚੋਂ ਵੀ ਢੂੰਡ ਪਾਉਣਾ ਮੁਸ਼ਕਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਘਟੀਆਂ ਹਨ, ਵੱਖ ਵੱਖ ਸ਼ੈਲਟਰ ਹਾਊਸਾਂ ਵਿਚ ਮੌਜੂਦ ਬੱਚੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਯਕੀਨਨ ਉਹ ਸਭ ਸਾਡੇ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ।
ਇੱਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ `ਤੇ ਪੀੜਤਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਲਈ ਜਿਸ ਤਰ੍ਹਾਂ ਦਰ-ਬ-ਦਰ ਜ਼ਲੀਲ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤੱਕ ਖਤਰਨਾਕ ਹੈ। ਉਸ ਸੰਦਰਭ ਵਿਚ ਤਾਂ ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿਚ ਇਹੋ ਕਿਹਾ ਜਾ ਸਕਦਾ ਹੈ:
ਮਦਦ ਚਾਹਤੀ ਹੈ ਯੇਹ ਹਵਾ ਕੀ ਬੇਟੀ।
ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ।
ਪੈਅੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ।
ਔਰਤਾਂ ਨਾਲ ਮਰਦ ਪ੍ਰਧਾਨ ਸਮਾਜ ਵਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜ਼ੁਲਮ ਦੇ ਸੰਦਰਭ ਸਾਹਿਰ ਲਿਖਦੇ ਹਨ:
ਮਰਦੋਂ ਕੇ ਲੀਏ ਹਰ ਜ਼ੁਲਮ ਰਵਾ,
ਔਰਤ ਕੇ ਲੀਏ ਰੋਣਾ ਭੀ ਖਤਾ।
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ,
ਔਰਤ ਕੇ ਲੀਏ ਜੀਨਾ ਭੀ ਖਤਾ।
ਮਰਦੋਂ ਕੇ ਲੀਏ ਲਾਖੋਂ ਸੇਜੇਂ,
ਔਰਤ ਕੇ ਲੀਏ ਬੱਸ ਏਕ ਚਿਤਾ।
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਇਸੇ ਨਜ਼ਮ `ਚ ਅੱਗੇ ਚੱਲ ਕੇ ਉਹ ਆਖਦੇ ਹਨ:
ਔਰਤ ਸੰਸਾਰ ਕੀ ਕਿਸਮਤ ਹੈ
ਫਿਰ ਭੀ ਤਕਦੀਰ ਕੀ ਬੇਟੀ ਹੈ।
ਅਵਤਾਰ ਪੈਗੰਬਰ ਜਣਤੀ ਹੈ
ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ
ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।
ਔਰਤ ਨੇ ਜਨਮ ਦੀਆ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਯਾ।
1948 ਤੱਕ ਸਾਹਿਰ ਨੇ ਲਾਹੌਰ ਵਿਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ ਕੀਤਾ ਅਤੇ ਬਾਅਦ ਵਿਚ ਮੁੰਬਈ ਉਨ੍ਹਾਂ ਦੀ ਕਰਮਭੂਮੀ ਰਹੀ।
ਸਾਹਿਰ ਨੂੰ 1958 ਵਿਚ ਫਿਲਮ ਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ। ਇਸ ਗੀਤ ਦੇ ਬੋਲ ਸਨ ‘ਔਰਤ ਨੇ ਜਨਮ ਦਿਤਾ ਮਰਦਾਂ ਨੂੰ’ ਫਿਲਮ ‘ਸਾਧਨਾ’। ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ 1964 ਵਿਚ ‘ਜੋ ਵਾਧਾ ਕੀਆ’ ਫਿਲਮ ‘ਤਾਜ ਮਹਿਲ।’
ਅਤੇ 1977 ਵਿਚ ਫਿਲਮ ਫੇਅਰ ਦੇ ਵਧੀਆ ਗੀਤਕਾਰ ਵਜੋਂ ‘ਕਭੀ ਕਭੀ ਮੇਰੇ ਦਿਲ ਮੇਂ’ ਫਿਲਮ ‘ਕਭੀ ਕਭੀ’ ਲਈ ਇਨਾਮ ਹਾਸਲ ਕੀਤਾ।
1971 ਵਿਚ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਮਰਨ ਉਪਰੰਤ ਭਾਰਤ ਦੇ ਰਾਸ਼ਟਰਪਤੀ, ਪ੍ਰਣਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ‘ਤੇ ਯਾਦਗਾਰੀ ਸਟੈਂਪ ਜਾਰੀ ਕੀਤੀ।
ਸਾਹਿਰ ਦੀ ਮਾਂ ਜੋ ਉਨ੍ਹਾਂ ਨਾਲ ਸਾਰੀ ਉਮਰ ਰਹੀ ਅਖੀਰ 1976 ਵਿਚ ਚਲ ਵਸੀ, ਸਾਹਿਰ ਬੇਹੱਦ ਉਦਾਸ ਰਹਿਣ ਲੱਗੇ ਤੇ ਅਖੀਰ 25 ਅਕਤੂਬਰ, 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਆਪ ਵੀ ਇਸ ਫਾਨੀ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।