ਵਰਤੋਂ ਕੰਪਿਊਟਰ ਦੀ : ਟੇਬਲ 2

ਲੇਅ-ਆਊਟ: ਇਸ ਕਮਾਂਡ ਟੈਬ ਵਿਚ ਸੱਤ; ਟੇਬਲ, ਡਰਾਅ, ਰੋਅਜ਼ ਐਂਡ ਕਾਲਮਜ਼, ਮਰਜ, ਸੈੱਲ ਸਾਈਜ਼, ਅਲਾਈਨਮੈਂਟ ਤੇ ਡੈਟਾ ਕਮਾਂਡ ਸੈੱਟ ਹਨ ਅਤੇ ਜਿਨ੍ਹਾਂ ਵਿਚ ਉਸ ਗਰੁੱਪ ਦੀਆਂ ਹੋਰ ਕਮਾਂਡਾਂ ਹਨ। ਤਿੰਨ ਅਤੇ ਪੰਜ ਕਮਾਂਡ ਸੈੱਟ ਵਿਚ ਡਾਇਲੌਗ ਬੌਕਸ ਲਾਂਚਿੰਗ ਐਰੋ ਵੀ ਹਨ।

ਕਾਲਮਾਂ ਦੀ ਗਿਣਤੀ ਵੱਧ-ਘੱਟ ਕਰਨਾ: ਟੇਬਲ ਬਣਾ ਲੈਣ ਪਿੱਛੋਂ ਕਿਸੇ ਸਮੇਂ ਵੀ ਉਸ ਦੇ ਕਾਲਮਾਂ ਦੀ ਗਿਣਤੀ ਵੱਧ ਘੱਟ ਕਰਨ ਦੀ ਲੋੜ ਪੈ ਸਕਦੀ ਹੈ। ਕਮਾਂਡ ਪਾਥ ਇਸ ਪ੍ਰਕਾਰ ਹੈ; ‘ਟੇਬਲ ਟੂਲਜ਼ ਸਬੰਧਤ ਟੈਬ’ ਵਿਚ ਲੇਅਆਊਟ ਸੱਤ ਕਮਾਂਡ ਸੈੱਟਾਂ ਵਿਚੋਂ ਤੀਸਰੇ ‘ਰੋਅਜ਼ ਐਂਡ ਕਾਲਮਜ਼’ (ਵੱਡੀ ਤਸਵੀਰ ਨੰਬਰ 1) ਵਿਚ ਗਰੇਅ ਤੀਰਾਂ ਵਾਲ਼ੀਆਂ ਚਾਰ ਕਮਾਂਡਾਂ ਹਨ; ਇਨਸਰਟ ਅਬੱਵ, ਬੀਲੋਅ, ਲੈੱਫਟ ਅਤੇ ਰਾਈਟ। ਪਹਿਲੀਆਂ ਦੋ ਕਮਾਂਡਾਂ ਵਿਚ ਟੇਬਲ ਵਿਚ ਸਿਲੈਕਟ ਕੀਤੀਆਂ ਖੱਬੇ ਤੋਂ ਸੱਜੇ ਲਾਈਨਾਂ, ਰੋਅਜ਼ ਨੂੰ ਪਰਗਟ ਕਰਦੀਆਂ ਹਨ ਅਤੇ ਬਾਕੀ ਦੀਆਂ ਦੋ ਲਾਈਨਾਂ ਉੱਪਰ ਤੋਂ ਥੱਲੇ ਨੂੰ, ਕਾਲਮਾਂ ਨੂੰ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਨਾਲ਼ ਇਨ੍ਹਾਂ ਨਾਲ਼ ਲੱਗੇ ਗਰੇਅ ਤੀਰ ਪੈਣ ਵਾਲ਼ੀ ਨਵੀਂ ਰੋਅ ਕਰਸਰ ਵਾਲ਼ੀ ਰੋਅ ਤੋਂ ਉੱਪਰ ਜਾਂ ਥੱਲੇ ਪਵੇ, ਅਤੇ ਨਵਾਂ ਪੈਣ ਵਾਲ਼ਾ ਕਾਲਮ ਕਰਸਰ ਵਾਲ਼ੇ ਕਾਲਮ ਤੋਂ ਖੱਬੇ ਜਾਂ ਸੱਜੇ ਪਵੇ, ਦੀ ਸੇਧ ਦਿੰਦੇ ਹਨ। ਜਿਸ ਕਮਾਂਡ ਨੂੰ ਵੀ ਕਲਿੱਕ ਕੀਤਾ ਜਾਂਦਾ ਹੈ ਉਹੋ ਹੀ ਪੈ ਜਾਂਦੀ ਹੈ।
ਡੀਲੀਟ ਕਰਨਾ: ਤਸਵੀਰ 1 ਦੇ ਖੱਬੇ ਪਾਸੇ ਡਿਲੀਟ ਦੀ ਕਮਾਂਡ ਹੈ। ਉਸ ਹੇਠਲੇ ਤੀਰ ਨੂੰ ਕਲਿੱਕ ਕਰਨ ਨਾਲ਼ ਉਸਦੇ ਖੱਬੇ ਪਾਸੇ (ਤਸਵੀਰ 2 ਵਾਲ਼ੀ) ਵਿੰਡੋ ਖੁੱਲ੍ਹ ਜਾਇਗੀ, ਜਿਸ ਵਿਚ ਡਿਲੀਟ ਸੈੱਲਜ਼, ਕਾਲਮਜ਼, ਰੋਅਜ਼ ਅਤੇ ਟੇਬਲ ਦੀਆਂ ਕਮਾਂਡਾਂ ਹਨ। ਜਿਸ ਨੂੰ ਕਲਿੱਕ ਕੀਤਾ ਜਾਇਗਾ, ਕਰਸਰ ਵਾਲ਼ਾ ਓਹੀ ਮੂਲ ਤੱਤ ਡਿਲੀਟ ਹੋ ਜਾਇਗਾ।
ਇੱਕ ਤੋਂ ਵੱਧ …: ਕਿਸੇ ਵੇਲ਼ੇ ਲੋੜ ਇਹ ਵੀ ਹੋ ਸਕਦੀ ਹੈ ਕਿ ਇੱਕ ਤੋਂ ਵੱਧ ਕਾਲਮਾਂ ਜਾਂ ਰੋਆਂ ਨੂੰ ਪਾਉਣਾ ਜਾਂ ਹਟਾਉਣਾ ਹੋਵੇ। ਇਸ ਕਾਰਵਾਈ ਦਾ ਵਰਣਨ ਕਰਨ ਤੋਂ ਪਹਿਲਾਂ ‘ਕਰਸਰ’ ਸਬੰਧੀ ਜਾਣਕਾਰੀ ਸਾਂਝੀ ਕਰ ਲੈਣੀ ਜ਼ਰੂਰੀ ਹੈ। ਕ) ਜੋ ਵੀ ਕਮਾਂਡ ਦਿੱਤੀ ਜਾਂਦੀ ਹੈ ਉਹ ਕਰਸਰ ਵਾਲ਼ੀ ਥਾਂ ਉੱਤੇ ਲਾਗੂ ਹੁੰਦੀ ਹੈ। ਖ) ਕਰਸਰ ਇੱਕ ਖੜ੍ਹੀ ਲਕੀਰ ਹੈ, ਜੋ ਇੱਕ ਇਕੱਲਾ ਕਰੈਕਟਰ ਹੈ। ਗ) ਕਰਸਰ ਲਕੀਰ ਤੋਂ ਫੈਲ ਕੇ, ਦੋ ਚਾਰ ਕਰੈਕਟਰ ਕੀ, ਸਾਰੇ ਡਾਕੂਮੈਂਟ ਉੱਤੇ ਛਾ ਸਕਦਾ ਹੈ। ਸਿਲੈੱਕਟ ਕੀਤਾ ਹੋਇਆ ਸਾਰਾ ਭਾਗ ‘ਕਰਸਰ’ ਦਾ ਹੀ ਵਧਿਆ ਹੋਇਆ ਰੂਪ ਹੁੰਦਾ ਹੈ। ਸੋ ਜੇ ਇੱਕ ਤੋਂ ਵੱਧ ਕਾਲਮ ਜਾਂ ਰੋਆਂ ਪਾਉਣੀਆਂ ਹੋਣ, ਪਹਿਲੋਂ ਉਤਨੀ ਗਿਣਤੀ ਦੇ ਕਾਲਮ ਜਾਂ ਰੋਆਂ ਸਿਲੈੱਕਟ ਕਰ ਲੈਣੀਆਂ ਹੋਣਗੀਆਂ। ਫਿਰ ਕਮਾਂਡ ਮਿਲਣ ਉੱਤੇ ਉਤਨੇ ਕਾਲਮ ਅਤੇ ਰੋਆਂ ਹੋਰ ਪੈ ਜਾਣਗੀਆਂ। ਇਵੇਂ ਹੀ ਸਿਲੈੱਕਟ ਕਰਕੇ ਇੱਕ ਤੋਂ ਵੱਧ ਕਾਲਮ ਜਾਂ ਰੋਆਂ ਡਿਲੀਟ ਕੀਤੀਆਂ ਜਾ ਸਕਦੀਆਂ ਹਨ।
ਜੇ ਲੋੜ ਅਨੁਸਾਰ ਕਾਲਮਾਂ ਜਾਂ ਰੋਆਂ ਦੀ ਗਿਣਤੀ ਨਾ ਹੋਵੇ ਤਾਂ ਵਾਰ-ਵਾਰ ਕਮਾਂਡ ਦੇ ਕੇ ਆਪਣੀ ਲੋੜ ਪੂਰੀ ਕਰ ਲਈ ਜਾਂਦੀ ਹੈ। ਕਮਾਲ ਦੀ ਕਮਾਂਡ ਇਹ ਵੀ ਹੈ ਕਿ ਜੇ ਸੂਚੀ ਬਣਾਉਂਦਿਆਂ ਰੋਆਂ ਦੀ ਗਿਣਤੀ ਖਤਮ ਹੋ ਜਾਵੇ ਤਾਂ ਕਰਸਰ ਦੇ ਅਖੀਰਲੇ ਸੈੱਲ ਵਿਚ ਜਾਣ ਉੱਤੇ ‘ਟੈਬ ਕੀਅ’ ਦੱਬਣ ਨਾਲ਼ ਟੇਬਲ ਦੇ ਅੰਤ ਉੱਤੇ ਇੱਕ ਹੋਰ ਨਵੀਂ ਰੋਅ ਪੈ ਜਾਵੇਗੀ। ਇਸੇ ਤਰ੍ਹਾਂ ਹੋਰ ਅੱਗੇ ਹੋਰ ਅੱਗੇ ਅਨੰਤ ਰੋਆਂ ਪਾ ਸਕਦੇ ਹੋ। ਪਰ ਇਸ ਵਿਧੀ ਨਾਲ਼ ਹੋਰ ਕਾਲਮ ਨਹੀਂ ਪਾਇਆ ਜਾ ਸਕਦਾ।
ਜਿਵੇਂ ਕਿ ਪਹਿਲੋਂ ਦੱਸਿਆ ਜਾ ਚੁੱਕਾ ਹੈ ਕਿ ਟੇਬਲ ਵਿਚ ਜੇ ਕਰਸਰ ਅਗਲੇ ਘਰ ਵਿਚ ਲੈ ਕੇ ਜਾਣਾ ਹੋਵੇ ਤਾਂ ‘ਟੈਬ ਕੀਅ’ ਨੂੰ ਖੱਬੀ ਚੀਚੀ ਨਾਲ਼ ਇੱਕ ਵਾਰ ਦਬਾਓ ਅਤੇ ਜੇ ਕਰਸਰ ਨੂੰ ਇੱਕ ਸੈੱਲ ਪਿੱਛੇ ਮੋੜਨਾ ਹੋਵੇ ਤਾਂ ਸੱਜੀ ਚੀਚੀ ਨਾਲ਼ ਸੱਜੀ ਸ਼ਿਫਟ ਕੀਅ ਦੱਬੀ ਰੱਖ ਕੇ ਖੱਬੀ ਚੀਚੀ ਨਾਲ਼ ‘ਟੈਬ ਕੀਅ’ ਦਬਾਓ। ਜੇ ਸੈੱਲ ਦੇ ਵਿਚ ਹੀ ‘ਟੈਬ ਕਮਾਂਡ’ ਦੇਣੀ ਹੋਵੇ ਤਾਂ ‘ਕੰਟਰੋਲ + ਟੈਬ ਕੀਅ’ ਦਬਾਓ ਟੈਬ ਪੈ ਜਾਇਗੀ। ਮੋਟੇ ਤੌਰ ਉੱਤੇ ਇੱਕ ਟੈਬ ਕੀਅ ਪੰਜ ਸਪੇਸਾਂ ਜਿਤਨੀ ਥਾਂ ਕਵਰ ਕਰਦੀ ਹੈ।
ਸੈੱਲ ਦਾ ਘੱਟ ਵੱਧ ਕਰਨਾ: ਜਦੋਂ ਸੈੱਲ ਨੂੰ ਡਿਲੀਟ ਕਰਨਾ ਹੋਵੇ ਤਾਂ ਸਬੰਧਤ ਸੈੱਲ ਵਿਚ ਕਰਸਰ ਲੈ ਜਾਵੋ। ਡੀਲੀਟ ਸੈੱਲ ਦੀ ਕਮਾਂਡ ਤਸਵੀਰ 3 ਵਰਗੀ ਡਿਲੀਟ ਸੈੱਲ ਵਾਲ਼ੀ ਵਿੰਡੋ ਖੁੱਲ੍ਹ ਜਾਇਗੀ। ਸੈੱਲ ਨੂੰ ਕਿਸ ਪਾਸੇ ਸ਼ਿਫਟ ਕਰਨਾ ਹੈ ਕਲਿੱਕ ਕਰਕੇ, ਓਕੇ ਕਰਨ ਨਾਲ਼ ਕਮਾਂਡ ਲਾਗੂ ਹੋ ਜਾਇਗੀ। ਜੇ ਸੈੱਲ ਇਨਸਰਟ ਕਰਨਾ ਹੋਵੇ ਤਾਂ ਤਸਵੀਰ 1 ਦੇ ਸੱਜੇ ਹੇਠਲੇ ਕੋਨੇ ਵਿਚ ਬਣੇ ਨਿੱਕੇ ਜਿਹੇ ਡਾਇਲੌਗ ਬੌਕਸ ਡਰੌਪ ਡਾਊਨ ਲਾਂਚਿੰਗ ਐਰੋ ਨੂੰ ਦਬਾਉਣ ਨਾਲ਼ ਤਸਵੀਰ 3 ਵਾਲ਼ੀ ‘ਇਨਸਰਟ ਸੈੱਲ’ ਦੀ ਵਿੰਡੋ ਖੁੱਲ੍ਹ ਜਾਇਗੀ ਤੇ ਆਪਣੀ ਲੋੜ ਅਨੁਸਾਰ ਕਮਾਂਡ ਦਿਓ। (ਚੱਲਦਾ …)