ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ

ਸੁਖਵੰਤ ਹੁੰਦਲ
8 ਮਾਰਚ ਦਾ ਦਿਨ ਸੰਸਾਰ ਭਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯਾਦ ਕਰਦਿਆਂ ਹਿੰਦੀ, ਪੰਜਾਬੀ, ਬੰਗਾਲੀ ਅਤੇ ਅੰਗਰੇਜ਼ੀ ਦੀਆਂ ਉਨ੍ਹਾਂ ਕੁਝ ਫਿਲਮਾਂ ਦੀ ਸੂਚੀ ਪੇਸ਼ ਹੈ ਜੋ ਔਰਤਾਂ ਨਾਲ ਸੰਬੰਧਤ ਕਿਸੇ ਨਾ ਕਿਸੇ ਮਸਲੇ ਦੀ ਗੱਲ ਕਰਦੀਆਂ ਹਨ।
ਪਿਛਲੇ ਡੇਢ-ਦੋ ਦਹਾਕਿਆਂ ਦੌਰਾਨ ਤਕਨਾਲੌਜੀ ਵਿਚ ਹੋਈਆਂ ਤਬਦੀਲੀਆਂ ਕਾਰਨ ਇਨ੍ਹਾਂ ਵਿਚੋਂ ਬਹੁਤੀਆਂ ਫਿਲਮਾਂ ਆਨਲਾਈਨ ਜਾਂ ਹੋਰ ਢੰਗਾਂ ਨਾਲ ਸੌਖਿਆਂ ਹੀ ਦੇਖੀਆਂ ਜਾ ਸਕਦੀਆਂ ਹਨ। ਤੁਸੀਂ ਇਨ੍ਹਾਂ ਫਿਲਮਾਂ ਨੂੰ ਇਕੱਲੇ ਜਾਂ ਇਨ੍ਹਾਂ ਫਿਲਮਾਂ ਨੂੰ ਦੂਜਿਆਂ ਦੇ ਨਾਲ ਇਕੱਠੇ ਦੇਖ ਕੇ ਆਪਣੇ ਸੰਗੀ-ਸਾਥੀਆਂ ਨਾਲ ਸਾਂਝ ਪੈਦਾ ਕਰਨ ਦੇ ਮੌਕੇ ਪੈਦੇ ਕਰ ਸਕਦੇ ਹੋ। ਸਭਿਆਚਾਰਕ ਕਾਰਕੁਨ ਬਦਲਵਾਂ ਸਭਿਆਚਾਰ ਉਸਾਰਨ ਦੇ ਆਪਣੇ ਕਾਰਜ ਵਿਚ ਇਨ੍ਹਾਂ ਫਿਲਮਾਂ ਨੂੰ ਮਹੱਤਵਪੂਰਨ ਸੰਦ ਵਜੋਂ ਵਰਤ ਸਕਦੇ ਹਨ।

ਜ਼ਰੂਰੀ ਨਹੀਂ ਕਿ ਇਨ੍ਹਾਂ ਫਿਲਮਾਂ ਵਿਚ ਪੇਸ਼ ਕੀਤੇ ਗਏ ਸਾਰੇ ਵਿਚਾਰ ਤੁਹਾਨੂੰ ਠੀਕ ਲੱਗਣ। ਹੋ ਸਕਦਾ ਹੈ ਕਿ ਕੋਈ ਇਕ ਫਿਲਮ ਦੇਖ ਕੇ ਤੁਹਾਨੂੰ ਲੱਗੇ ਕਿ ਫਿਲਮ ਵਿਚ ਔਰਤਾਂ ਦੀ ਸਥਿਤੀ ਦਾ ਕੀਤਾ ਗਿਆ ਵਿਸ਼ਲੇਸ਼ਣ ਸਹੀ ਨਹੀਂ। ਇਸ ਕਾਰਨ ਫਿਲਮ ਨੂੰ ਮੁੱਢੋਂ-ਸੁੱਢੋਂ ਰੱਦ ਕਰਨ ਦੀ ਥਾਂ ਆਪਣੀ ਅਸਹਿਮਤੀ ਨੂੰ ਦਲੀਲ ਨਾਲ ਪੇਸ਼ ਕਰ ਕੇ ਅਜਿਹੇ ਮੌਕਿਆਂ ਨੂੰ ਹੋਰ ਸਿੱਖਣ/ਸਿਖਾਉਣ ਦੇ ਮੌਕਿਆਂ ਵਿਚ ਬਦਲਿਆ ਜਾ ਸਕਦਾ ਹੈ। ਲਿਸਟ ਹਾਜ਼ਰ ਹੈ।
ਦੁਨੀਆ ਨਾ ਮਾਨੇ (ਹਿੰਦੀ, 1937)
ਵੀ. ਸ਼ਾਂਤਾਰਾਮ ਦੇ ਨਿਰਦੇਸ਼ਨ ਵਿਚ ਪ੍ਰਭਾਤ ਸਟੂਡੀਓਜ਼ ਵਲੋਂ ਬਣਾਈ ਗਈ ਫਿਲਮ ‘ਦੁਨੀਆ ਨਾ ਮਾਨੇ’ ਨੌਜਵਾਨ ਔਰਤਾਂ ਦੇ ਬੁੱਢਿਆਂ ਨਾਲ ਜ਼ਬਰਦਸਤੀ ਕੀਤੇ ਜਾਂਦੇ ਵਿਆਹਾਂ ਦੇ ਮਸਲੇ ਨਾਲ ਸੰਬੰਧਤ ਹੈ। ਇਸ ਵਿਚ ਇਕ ਨੌਜਵਾਨ ਕੁੜੀ ਨਿਰਮਲਾ ਦਾ ਵਿਆਹ ਇਕ ਬੁੱਢੇ ਵਕੀਲ ਨਾਲ ਤੈਅ ਹੋ ਜਾਂਦਾ ਹੈ। ਨਿਰਮਲਾ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਵਿਆਹ ਸਮੇਂ ਉਹ ਆਪਣੇ ਬੁੱਢੇ ਪਤੀ ਨੂੰ ਦੇਖਦੀ ਹੈ ਤਾਂ ਉਹ ਉਸ ਦੇ ਗਲ ਵਿਚ ਵਰਮਾਲਾ ਪਾਉਣ ਤੋਂ ਰੁਕ ਜਾਂਦੀ ਹੈ, ਪਰ ਉਸ ਦੇ ਹੱਥੋਂ ਬੁੱਢੇ ਦੇ ਗਲ ਵਿਚ ਵਰਮਾਲਾ ਮੱਲੋ-ਮੱਲੀ ਪਵਾ ਦਿੱਤੀ ਜਾਂਦੀ ਹੈ। ਨਿਰਮਲਾ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਉਸ ਨੂੰ ਰਵਾਇਤ ਅਤੇ ਰੀਤੀ ਰਿਵਾਜ਼ਾਂ ਦਾ ਵਾਸਤਾ ਪਾ ਕੇ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਜੁਆਬ ਦਿੰਦੀ ਹੈ, ‘ਆਪਣੀ ਉਮਰ ਕਾ ਖਿਆਲ ਨਾ ਕਰਤੇ ਹੂਏ ਜਿਨਕੀ ਮੈਂ ਬੇਟੀ ਨਜ਼ਰ ਆਤੀ ਹੂੰ, ਮੁਝ ਸੇ ਸ਼ਾਦੀ ਕਰਤੇ ਹੂਏ ਇਨਹੋਂ ਨੇ ਸ਼ਰਮ ਕੀ ਥੀ? ਬੜੇ ਬੂੜੋਂ ਨੇ ਅਪਨੀ ਸ਼ਰਮ ਛੋੜ ਦੀ ਔਰ ਮੁਝੇ ਸ਼ਰਮ ਕਰਨੇ ਕੇ ਲੀਏ ਕਹਿਤੇ ਹੋ।’ ਫਿਰ ਉਸ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ ‘ਯਾਦ ਰੱਖ ਅਬ ਤੂ ਆਜ਼ਾਦ ਨਹੀਂ ਕਿਸੀ ਕੀ ਔਰਤ ਹੈ।’ ਇਸ ਦੇ ਜੁਆਬ ਵਿਚ ਉਹ ਕਹਿੰਦੀ ਹੈ, ‘ਹਾਂ ਔਰਤ ਹੂੰ, ਔਰਤ ਹੂੰ, ਔਰ ਔਰਤ ਹੂੰ ਇਸ ਲਈ ਆਪ ਮੇਰਾ ਸਫਾਈ ਸੇ ਗਲਾ ਕਾਟ ਸਕੇ।’ ਇਹ ਡਾਇਲਾਗ ਬਹੁਤ ਹੀ ਸਾਫ ਅਤੇ ਥੋੜ੍ਹੇ ਸ਼ਬਦਾਂ ਵਿਚ ਹਿੰਦੁਸਤਾਨੀ ਸਮਾਜ ਵਿਚ ਔਰਤ ਦੀ ਸਥਿਤੀ ਬਿਆਨ ਕਰ ਦਿੰਦਾ ਹੈ।
ਫਿਲਮ ਦੇ ਅਖੀਰ ‘ਤੇ ਨਿਰਮਲਾ ਦੇ ਬੁੱਢੇ ਪਤੀ ਨੂੰ ਨਿਰਮਲਾ ਨਾਲ ਹੋਈ ਵਧੀਕੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਕਿ ਨਿਰਮਲਾ ਲਈ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਣ ਲਈ ਰਸਤਾ ਪੱਧਰਾ ਹੋ ਸਕੇ। ਪਰ ਇਸ ਨਾਲ ਵੀ ਨਿਰਮਲਾ ਦੀ ਸਮੱਸਿਆ ਖਤਮ ਨਹੀਂ ਹੁੰਦੀ। ਹੁਣ ਉਸ ਦੇ ਸਾਹਮਣੇ ਵਿਧਵਾ ਵਿਆਹ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਹਿੰਦੂ ਸਮਾਜ ਵਿਚ ਵਿਧਵਾ ਵਿਆਹ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਫਿਲਮ ਵਿਚ ਸਮਾਜ ਵਿਚ ਔਰਤ ਦੀ ਤ੍ਰਾਸਦੀ ਦੇ ਵੱਖ ਵੱਖ ਪੱਖਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਫਿਲਮ ਇਤਿਹਾਸਕਾਰਾਂ ਅਨੁਸਾਰ ਇਸ ਫਿਲਮ ਦੀ ਸਪੱਸ਼ਟ ਅਤੇ ਸਿੱਧੀ ਪੇਸ਼ਕਾਰੀ ਨੇ ਦਰਸ਼ਕਾਂ ਉਤੇ ਕਾਫੀ ਅਸਰ ਪਾਇਆ ਸੀ ਅਤੇ ਫਿਲਮ ਬਾਅਦ ਦੇ ਸਾਲਾਂ ਦੌਰਾਨ ਵਾਰ ਵਾਰ ਦਿਖਾਈ ਜਾਂਦੀ ਰਹੀ ਸੀ।
ਮੁੱਖ ਕਲਾਕਾਰ: ਸ਼ਾਂਤਾ ਆਪਟੇ, ਕੇਸ਼ਾਵਰਾਓ ਦੱਤੇ, ਵਿਮਲਾ ਵਸਿ਼ਸ਼ਟ, ਸ਼ਕੰੁਤਲਾ ਪ੍ਰਾਂਜਪਾਈ ਆਦਿ।
ਸਾਰਾ ਆਕਾਸ਼ (ਹਿੰਦੀ, 1969)
ਰਾਜਿੰਦਰ ਯਾਦਵ ਦੇ ਨਾਵਲ `ਤੇ ਆਧਾਰਤ ਇਹ ਫਿਲਮ ਇਕ ਨਵੇਂ ਵਿਆਹੇ ਜੋੜੇ ਦੀ ਅਣਬਣ `ਤੇ ਕੇਂਦਰਿਤ ਹੈ। ਫਿਲਮ ਦਰਸਾਉਂਦੀ ਹੈ ਕਿ ਮਾਪਿਆਂ ਵਲੋਂ ਨੌਜਵਾਨਾਂ ਦੇ ਵਿਆਹਾਂ ਵਿਚ ਕੀਤੀ ਜ਼ਬਰਦਸਤੀ ਕਿਸ ਤਰ੍ਹਾਂ ਉਨ੍ਹਾਂ ਵਿਚਕਾਰ ਕਲੇਸ਼ ਦਾ ਕਾਰਨ ਬਣਦੀ ਹੈ ਅਤੇ ਇਸ ਕਲੇਸ਼ ਵਿਚ ਸਭ ਤੋਂ ਵੱਧ ਦੁੱਖ ਸਹਿਣ ਵਾਲੀ ਧਿਰ ਔਰਤ ਹੁੰਦੀ ਹੈ। ਫਿਲਮ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਕਿਸੇ ਇਕ ਵਿਅਕਤੀ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਪਿੱਤਰਸੱਤਾ ਵਾਲੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਬਾਸੂ ਚੈਟਰਜੀ ਵੱਲੋਂ ਨਿਰਦੇਸਿ਼ਤ ਇਸ ਫਿਲਮ ਦੇ ਕਲਾਕਾਰ ਸਨ: ਰਾਕੇਸ਼ ਪਾਂਡੇ, ਮਧੂ ਚੱਕਰਵਰਤੀ, ਨੰਦੀਤਾ ਠਾਕੁਰ, ਏ.ਕੇ. ਹੰਗਲ, ਦੀਨਾ ਪਾਠਕ, ਮਨੀ ਕੌਲ, ਤਾਰਲਾ ਮਹਿਤਾ, ਸ਼ੈਲੀ ਸ਼ੈਲੇਂਦਰ, ਜਲਾਲ ਆਗਾ ਅਤੇ ਆਰਤੀ ਬੋਲ।

ਅੰਕੁਰ (ਹਿੰਦੀ , 1974)
ਨਿਰਦੇਸ਼ਕ ਸ਼ਿਆਮ ਬੈਨੇਗਲ ਦੀ ਇਹ ਫਿਲਮ ਜਗੀਰਦਾਰੀ ਪ੍ਰਬੰਧ ਵਿਚ ਗਰੀਬਾਂ, ਨੀਵੀਂ ਜਾਤ ਵਾਲਿਆਂ ਅਤੇ ਔਰਤਾਂ ਦੇ ਸ਼ੋਸ਼ਣ ਦੀ ਕਹਾਣੀ ਪੇਸ਼ ਕਰਦੀ ਹੈ। ਪਿੰਡ ਦੇ ਗੈਰਹਾਜ਼ਰ ਜਗੀਰਦਾਰ ਦਾ ਸ਼ਹਿਰ `ਚ ਪੜ੍ਹਿਆ ਲਿਖਿਆ ਮੁੰਡਾ ਸੂਰਯਾ ਪੜ੍ਹਾਈ ਖਤਮ ਕਰ ਕੇ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਪਿੰਡ ਆਉਂਦਾ ਹੈ। ਇੱਥੇ ਘੁਮਾਰ ਜਾਤ ਦੀ ਲਕਸ਼ਮੀ ਅਤੇ ਉਸ ਦਾ ਗੂੰਗਾ ਅਤੇ ਬੋਲਾ ਘਰਵਾਲਾ ਕਿਸ਼ਤੀਆ ਉਸ ਦੇ ਖੇਤਾਂ ਅਤੇ ਘਰ ਨੂੰ ਸੰਭਾਲਣ ਦਾ ਕੰਮ ਕਰਦੇ ਹਨ। ਸੂਰਯਾ ਜਿਸ ਢੰਗ ਨਾਲ ਲਕਸ਼ਮੀ ਅਤੇ ਕਿਸ਼ਤੀਆ ਨਾਲ ਵਰਤਾਅ ਕਰਦਾ ਹੈ, ਉਸ ਤੋਂ ਜਗੀਰਦਾਰੀ ਲੁੱਟ ਦੀਆਂ ਵੱਖ ਵੱਖ ਪਰਤਾਂ ਉਜਾਗਰ ਹੁੰਦੀਆਂ ਹਨ। ਫਿਲਮ ਵਿਚ ਇਸ ਲੁੱਟ ਵਿਰੁੱਧ ਕੋਈ ਸਿੱਧਾ ਸੰਘਰਸ਼ ਨਹੀਂ ਦਿਖਾਇਆ ਗਿਆ। ਸਿਰਫ ਫਿਲਮ ਦੇ ਅੰਤ `ਤੇ ਇਕ ਬੱਚਾ ਜਗੀਰਦਾਰ ਦੇ ਘਰ ਦੀ ਸ਼ੀਸ਼ੇ ਦੀ ਬਾਰੀ `ਤੇ ਇਕ ਪੱਥਰ ਮਾਰਦਾ ਹੈ ਅਤੇ ਸਕਰੀਨ ਲਾਲ ਹੋ ਜਾਂਦਾ ਹੈ। ਇਸ ਸੰਕੇਤਕ ਢੰਗ ਨਾਲ ਨਿਰਦੇਸ਼ਕ ਦਰਸ਼ਕਾਂ ਨੂੰ ਜਗੀਰਦਾਰੀ ਪ੍ਰਬੰਧ ਦੀ ਬੇਇਨਸਾਫੀ ਵਿਰੁੱਧ ਲੜਨ ਦਾ ਸੁਨੇਹਾ ਦਿੰਦਾ ਹੈ। ਪਰ ਕਈ ਆਲੋਚਕਾਂ ਦਾ ਮੱਤ ਹੈ ਕਿ ਫਿਲਮ ਵਿਚ ਦਿਖਾਇਆ ਗਿਆ ਇਹ ਵਿਰੋਧ ਬਹੁਤ ਹੀ ਨਿਗੂਣਾ ਅਤੇ ਕਮਜ਼ੋਰ ਹੈ।
ਕਲਾਕਾਰ: ਸ਼ਬਾਨਾ ਆਜ਼ਮੀ, ਅਨੰਤ ਨਾਗ, ਸਾਧੂ ਮੇਹਰ ਅਤੇ ਪ੍ਰਿਆ ਤੇਂਦੂਲਕਰ।
ਏਕ ਦਿਨ ਪ੍ਰਤੀਦਿਨ (ਬੰਗਾਲੀ, 1979)
ਮ੍ਰਿਣਾਲ ਸੇਨ ਵਲੋਂ ਨਿਰਦੇਸਿ਼ਤ ਫਿਲਮ ‘ਏਕ ਦਿਨ ਪ੍ਰਤੀਦਿਨ’ ਇਕ ਨੌਜਵਾਨ, ਅਣਵਿਆਹੀ ਅਤੇ ਘਰ ਤੋਂ ਬਾਹਰ ਕੰਮ ਕਰਨ ਵਾਲੀ ਕੁੜੀ ਦੀ ਕਹਾਣੀ ਹੈ ਜਿਸ ਦੀ ਕਮਾਈ ਛੇ ਜੀਆਂ ਦੇ ਨਿਮਨ ਮੱਧਵਰਗੀ ਪਰਿਵਾਰ ਦੇ ਗੁਜ਼ਾਰੇ ਦਾ ਮੁੱਖ ਸਾਧਨ ਹੈ। ਇਕ ਦਿਨ ਇਹ ਕੁੜੀ ਸ਼ਾਮ ਨੂੰ ਮਿੱਥੇ ਸਮੇਂ ‘ਤੇ ਕੰਮ ਤੋਂ ਵਾਪਸ ਨਹੀਂ ਆਉਂਦੀ। ਨਤੀਜੇ ਵਜੋਂ ਪਰਿਵਾਰ ਜਿਸ ਤਰ੍ਹਾਂ ਦੀ ਚਿੰਤਾ ਅਤੇ ਸੋਚ-ਵਿਚਾਰ ਵਿਚੋਂ ਦੀ ਗੁਜ਼ਰਦਾ ਹੈ, ਉਹ ਇਸ ਫਿਲਮ ਦਾ ਵਿਸ਼ਾ ਹੈ। ਪਰਿਵਾਰ ਨੂੰ ਇਕ ਪਾਸੇ ਉਸ ਦੀ ਸੁਰੱਖਿਆ ਦਾ ਫਿਕਰ ਹੈ ਅਤੇ ਦੂਸਰੇ ਪਾਸੇ ਇਸ ਗੱਲ ਦਾ ਫਿਕਰ ਹੈ ਕਿ ਜੇ ਆਂਢ-ਗੁਆਂਢ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਨੌਜਵਾਨ ਕੁੜੀ ਕੰਮ ਤੋਂ ਵਾਪਸ ਘਰ ਨਹੀਂ ਆਈ ਤਾਂ ਉਹ ਕੀ ਕਹਿਣਗੇ। ਬੜੀ ਹੀ ਸਰਲ ਕਹਾਣੀ ਵਾਲੀ ਇਸ ਫਿਲਮ ਵਿਚ ਸੇਨ ਨੇ ਇਕ ਮਰਦ ਪ੍ਰਧਾਨ ਸਮਾਜ ਦੇ ਔਰਤਾਂ ਬਾਰੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਇਹ ਕੁੜੀ ਇਕ ਹੱਦ ਤਕ ਆਰਥਿਕ ਪੱਖੋਂ ਤਾਂ ਆਜ਼ਾਦ ਹੈ, ਪਰ ਸਮਾਜਕ ਪੱਖੋਂ ਆਜ਼ਾਦ ਨਹੀਂ।
ਇਹ ਫਿਲਮ ਲੋਕਾਂ ਵਲੋਂ ਕਾਫੀ ਸਲਾਹੀ ਗਈ। ਦੂਸਰੇ ਪਾਸੇ ਕੁਝ ਹੋਰ ਲੋਕਾਂ ਨੂੰ ਲੱਗਾ ਕਿ ਮ੍ਰਿਣਾਲ ਸੇਨ ਹੁਣ ਨਰਮ ਪੈ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਉਹ ਸਿਆਸਤ ਬਾਰੇ ਫਿਲਮਾਂ ਬਣਾਉਣ ਤੋਂ ਪਾਸਾ ਵੱਟ ਰਿਹਾ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਉਸ ਦੀ ਇਸ ਫਿਲਮ ਵਿਚ ਕੋਈ ਸੁਨੇਹਾ ਨਹੀਂ। ਇਸ ਤਰ੍ਹਾਂ ਦੀ ਆਲੋਚਨਾ ਦੇ ਜੁਆਬ ਸੇਨ ਨੇ ਕਿਹਾ, ‘ਮੈਂ ਅਜਿਹੀਆਂ ਫਿਲਮਾਂ ਬਣਾਈਆਂ ਹਨ ਜਿਨ੍ਹਾਂ ਦਾ ਸਿਆਸੀ ਸਥਿਤੀ ਨਾਲ ਸੰਬੰਧ ਹੈ ਅਤੇ ਉਨ੍ਹਾਂ ਵਿਚ ਸਿਆਸੀ ਪਾਤਰ ਹਨ, ਪਰ ਮੈਂ ਅਜਿਹੀਆਂ ਫਿਲਮਾਂ ਵੀ ਬਣਾਈਆਂ ਹਨ ਜਿਨ੍ਹਾਂ ਦੀ ਸਿੱਧੇ ਤੌਰ `ਤੇ ਕੋਈ ਸਿਆਸੀ ਪ੍ਰਸੰਗਤਾ ਨਹੀਂ ਹੈ। ਪਰ ਉਨ੍ਹਾਂ ਸਾਰੀਆਂ ਵਿਚ ਮੈਂ ਹਮੇਸ਼ਾਂ ਇਕ ਸਮਾਜਿਕ, ਸਿਆਸੀ ਅਤੇ ਆਰਥਿਕ ਨਜ਼ਰੀਆ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਕਿਸੇ ਮਰਦ ਅਤੇ ਔਰਤ ਦੇ ਰਿਸ਼ਤੇ ਬਾਰੇ ਫਿਲਮ ਬਣਾਉਂਦਾ ਹਾਂ ਤਾਂ ਮੈਂ ਉਸ ਰਿਸ਼ਤੇ ਨੂੰ ਵੱਡੇ ਸੰਦਰਭ ਵਿਚ ਸਮਝਣ ਦਾ ਯਤਨ ਕਰਦਾ ਹਾਂ। ‘ਏਕ ਦਿਨ ਪ੍ਰਤੀਦਿਨ’ ਵਿਚ ਭਾਵੇਂ ਕਿ ਕੈਮਰਾ ਘਰ ਤੋਂ ਬਾਹਰ ਬਹੁਤ ਘੱਟ ਜਾਂਦਾ ਹੈ, ਫਿਰ ਵੀ ਫਿਲਮ ਵਿਚ ਉਨ੍ਹਾਂ ਸਮਾਜਿਕ, ਸਿਆਸੀ ਅਤੇ ਸਦਾਚਾਰਕ ਬੰਦਸ਼ਾਂ ਬਾਰੇ ਗੱਲ ਕੀਤੀ ਗਈ ਹੈ ਜੋ ਸਾਡੇ ਸਮਾਜਿਕ ਵਰਤਾਅ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ‘ਤੇ ਅਸਰ ਕਰਦੀਆਂ ਹਨ।’
ਕਲਾਕਾਰ: ਸਤਿਆ ਬੈਨਰਜੀ, ਗੀਤਾ ਸੇਨ, ਸਰੀਲਾ ਮਜੂਮਦਰ, ਮਮਤਾ ਸ਼ੰਕਰ, ਤਪਨ ਦਾਸ ਅਤੇ ਮਮਤਾ ਭੱਟਾਚਾਰੀਆ
ਅਰਥ (ਹਿੰਦੀ, 1982)
ਨਿਰਦੇਸ਼ਕ ਮਹੇਸ਼ ਭੱਟ ਦੀ ਸ਼ਹਿਰੀ ਮੱਧਵਰਗ ਦੇ ਜੀਵਨ `ਤੇ ਆਧਾਰਤ ਇਹ ਫਿਲਮ ਵਿਆਹ ਦੀ ਸੰਸਥਾ ਵਿਚ ਬੱਝੇ ਮਰਦ ਅਤੇ ਔਰਤ ਦੇ ਨਾਬਰਾਬਰ ਸੰਬੰਧਾਂ ਨੂੰ ਦੇਖਣ ਦਾ ਯਤਨ ਕਰਦੀ ਹੈ।
ਕਲਾਕਾਰ: ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ, ਕੁਲਭੂਸ਼ਨ ਖਰਬੰਦਾ, ਰਾਜ ਕਿਰਨ ਅਤੇ ਰੋਹਨੀ ਹਤੰਗੜੀ।
ਕਮਲਾ (ਹਿੰਦੀ, 1985 )
ਨਿਰਦੇਸ਼ਕ ਜਗਮੋਹਨ ਮੂੰਧੜਾ ਵਲੋਂ ਨਿਰਦੇਸ਼ਤ ਫਿਲਮ ‘ਕਮਲਾ’ ਦੇ ਸ਼ੁਰੂ ਵਿਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਮੱਧ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿਚੋਂ ਇਕ ਗਰੀਬ ਔਰਤ ਕਮਲਾ ਨੂੰ ਖ੍ਰੀਦ ਕੇ ਦਿੱਲੀ ਲਿਆਉਂਦਾ ਹੈ। ਉਸ ਦੀ ਯੋਜਨਾ ਕਮਲਾ ਨੂੰ ਇਕ ਸਬੂਤ ਵਜੋਂ ਪ੍ਰੈਸ ਕਾਨਫਰੰਸ ਵਿਚ ਪੇਸ਼ ਕਰਨ ਦੀ ਹੈ ਤਾਂ ਕਿ ਉਹ ਭਾਰਤ ਵਿਚ ਔਰਤਾਂ ਦੇ ਵਪਾਰ ਦੇ ਇਸ ‘ਘਿਣਾਉਣੇ’ ਵਰਤਾਰੇ ਨੂੰ ਇਕ ਧਮਾਕੇ ਭਰਪੂਰ ਢੰਗ ਨਾਲ ਨੰਗਾ ਕਰ ਸਕੇ।
ਉਸ ਵਲੋਂ ਕੀਤਾ ਗਿਆ ਇਹ ਯਤਨ ਭਾਰਤ ਦੇ ਗਰੀਬ ਇਲਾਕਿਆਂ ਵਿਚੋਂ ਕੀਤੀ ਜਾਂਦੀ ਔਰਤਾਂ ਦੀ ਖ੍ਰੀਦੋ-ਫਰੋਖਤ ਨੂੰ ਨੰਗਾ ਕਰਨ ਦੇ ਨਾਲ ਨਾਲ ਭਾਰਤੀ ਸਮਾਜ ਵਿਚ ਪਿੱਤਰਸੱਤਾ ਦੇ ਦਾਬੇ ਹੇਠ ਰਹਿ ਰਹੀਆਂ ਭਾਰਤੀ ਔਰਤਾਂ ਦੇ ਸ਼ੋਸ਼ਣ ਨੂੰ ਨੰਗਾ ਕਰ ਦਿੰਦਾ ਹੈ। ਦਰਸ਼ਕ ਜਦੋਂ ਇਸ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਦੇ ਘਰ ਵਿਚ ਉਸ ਦੀ ਪਤਨੀ ਦੇ ਜੀਵਨ ਨੂੰ ਦੇਖਦਾ ਹੈ ਤਾਂ ਉਸ ਨੂੰ ਇਹ ਸਮਝਣ ਵਿਚ ਦੇਰ ਨਹੀਂ ਲਗਦੀ ਕਿ ਯਾਦਵ ਦੀ ਪਤਨੀ ਦੀ ਸਥਿਤੀ ਕਿਸੇ ਵੀ ਤਰ੍ਹਾਂ ਕਮਲਾ ਦੀ ਸਥਿਤੀ ਤੋਂ ਵੱਖਰੀ ਨਹੀਂ ਹੈ।
ਭਾਰਤੀ ਸਮਾਜ ਵਿਚ ਔਰਤਾਂ ਦੀ ਸਥਿਤੀ ਦੇ ਸੱਚ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹ ਫਿਲਮ ਸਨਸਨੀਖੇਜ਼ ਅਤੇ ਧਮਾਕੇਦਾਰ ਖਬਰਾਂ `ਤੇ ਕੇਂਦਰਿਤ ਪੱਤਰਕਾਰੀ ਦੀ ਕਾਰਜ ਪ੍ਰਣਾਲੀ ਅਤੇ ਭੂਮਿਕਾ ਉਤੇ ਵੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਫਿਲਮ ਦੇਖਦਿਆਂ ਦਰਸ਼ਕ ਦੇ ਮਨ ਵਿਚ ਇਹ ਸਵਾਲ ਵਾਰ-ਵਾਰ ਉਠਦਾ ਹੈ ਕਿ ਆਪਣੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਅਨੂਠੇ ਸਮਾਚਾਰਾਂ (ਸਕੂਪਾਂ) ਅਤੇ ਸਕੈਂਡਲਾਂ ਦਾ ਸਹਾਰਾ ਲੈਣ ਵਾਲੀ ਪੱਤਰਕਾਰੀ, ਕੀ ਪਾਠਕਾਂ ਨੂੰ ਆਪਣੀਆਂ ਸਥਿਤੀਆਂ ਦੀ ਅਸਲੀਅਤ ਸਮਝਣ ਲਈ ਜਾਗਰੂਕ ਕਰ ਸਕਦੀ ਹੈ?
ਅੰਤ ਵਿਚ ਜਿੱਥੇ ਕਮਲਾ ਸਮਾਜ ਵਿਚ ਔਰਤ ਦੀ ਸਥਿਤੀ ਅਤੇ ਪੱਤਰਕਾਰੀ ਦੀ ਭੂਮਿਕਾ ਨੂੰ ਸਮਝਣ ਵਿਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ, ਉਥੇ ਦਰਸ਼ਕਾਂ ਨੂੰ ਇਹ ਸੁਨੇਹਾ ਵੀ ਦਿੰਦੀ ਹੈ ਕਿ ਸਮਾਜ ਵਿਚ ਵੱਖ ਵੱਖ ਪੱਧਰਾਂ `ਤੇ ਹੋ ਰਹੇ ਸ਼ੋਸ਼ਣ ਇਕ ਦੂਸਰੇ ਨਾਲ ਸੰਬੰਧਤ ਹੁੰਦੇ ਹਨ। ਕਿਸੇ ਵੀ ਇਕ ਪੱਧਰ `ਤੇ ਹੋ ਰਹੇ ਸ਼ੋਸ਼ਣ ਨੂੰ ਖਤਮ ਕਰਨ ਲਈ ਜ਼ਰੂਰੀ ਹੈ, ਅਸੀਂ ਸਾਰੇ ਸ਼ੋਸ਼ਣਾਂ ਦੇ ਤਾਣੇ-ਬਾਣੇ ਨੂੰ ਸਮਝੀਏ ਅਤੇ ਉਨ੍ਹਾਂ ਵਿਰੁੱਧ ਸਾਂਝੀ ਲੜਾਈ ਲੜੀਏ।
ਮੁੱਖ ਕਲਾਕਾਰ: ਮਾਰਕ ਜ਼ੁਬੇਰ, ਦੀਪਤੀ ਨਵਲ ਅਤੇ ਸ਼ਬਾਨਾ ਆਜ਼ਮੀ।
ਮਿਰਚ ਮਸਾਲਾ (ਹਿੰਦੀ, 1987)
ਕੇਤਨ ਮਹਿਤਾ ਦੀ ਨਿਰਦੇਸ਼ਨਾ ਵਿਚ ਬਣੀ ਫਿਲਮ ‘ਮਿਰਚ ਮਸਾਲਾ’ ਦਾ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬਣੀਆਂ ਫਿਲਮਾਂ ਵਿਚ ਮਹੱਤਵਪੂਰਨ ਸਥਾਨ ਹੈ। ਫਿਲਮ ਦੀ ਕਹਾਣੀ ਸਮਾਜ ਵਿਚ ਔਰਤ ਦੇ ਦਮਨ ਅਤੇ ਇਸ ਦਮਨ ਵਿਰੁੱਧ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਲੜਨ ਦੀ ਸ਼ਕਤੀਸ਼ਾਲੀ ਕਹਾਣੀ ਹੈ। ਸਮਾਜ ਵਿਚ ਪਿੱਤਰਸੱਤਾ, ਜਮਾਤ ਅਤੇ ਜਾਤ ਕਿਸ ਤਰ੍ਹਾਂ ਮਿਲ ਕੇ ਔਰਤਾਂ ਦੇ ਦਮਨ ਦਾ ਕਾਰਨ ਬਣਦੀਆਂ ਹਨ, ਇਸ ਗੱਲ ਨੂੰ ਫਿਲਮ ਵਿਚ ਬਹੁਤ ਬਾਰੀਕੀ ਅਤੇ ਸਪੱਸ਼ਟਤਾ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਅੰਤ `ਤੇ ਆਪਣੇ ਤਰ੍ਹਾਂ-ਤਰ੍ਹਾਂ ਦੇ ਡਰਾਂ `ਤੇ ਕਾਬੂ ਪਾ, ਮਰਦਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਤੋਂ ਬਿਨਾਂ, ਔਰਤਾਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਜ਼ਾਲਮ ਨੂਂ ਠੋਕਵਾਂ ਜਵਾਬ ਦਿੰਦੀਆਂ ਹਨ, ਉਹ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜਨ ਵਾਲਿਆਂ ਲਈ ਪ੍ਰੇਰਨਾ ਸ੍ਰੋਤ ਬਣ ਜਾਂਦਾ ਹੈ। ਦਰਸ਼ਕ ਨੂੰ ਸੁਨੇਹਾ ਮਿਲਦਾ ਹੈ ਕਿ ਇਕੱਠੇ ਹੋ ਕੇ ਅਤੇ ਆਪਣੇ ਆਪ `ਤੇ ਵਿਸ਼ਵਾਸ ਰੱਖ ਕੇ ਲੜੀ ਗਈ ਲੜਾਈ ਵਿਚ ਜਿੱਤ ਲੜਨ ਵਾਲਿਆਂ ਦੀ ਹੀ ਹੁੰਦੀ ਹੈ, ਬੇਸ਼ੱਕ ਉਨ੍ਹਾਂ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਹੋਣ। ਆਜ਼ਾਦੀ ਤੋਂ ਪਹਿਲਾਂ ਦੇ ਹਿੰਦੁਸਤਾਨ ਦੀਆਂ ਸਥਿਤੀਆਂ ਬਾਰੇ ਬਣਾਈ ਗਈ ਇਹ ਫਿਲਮ ਹਿੰਦੁਸਤਾਨ ਦੀਆਂ ਅਜੋਕੀਆਂ ਸਥਿਤੀਆਂ ਵਿਚ ਵੀ ਉਨੀ ਹੀ ਪ੍ਰਸੰਗਕ ਹੈ ਜਿੰਨੀ ਪਹਿਲਾਂ ਸੀ।
ਮੁੱਖ ਕਲਾਕਾਰ: ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਓਮ ਪੁਰੀ, ਸੁਰੇਸ਼ ਓਬਰਾਇ, ਦੀਪਤੀ ਨਵਲ, ਦੀਨਾ ਪਾਠਕ, ਮੋਹਨ ਗੋਖਲੇ ਅਤੇ ਪਾਰੇਸ਼ ਰਾਵਲ।
ਰਿਹਾਈ (ਹਿੰਦੀ, 1988)
ਰੋਜ਼ੀ ਰੋਟੀ ਦੀ ਭਾਲ ਵਿਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿਚ ਜੇ ਠੀਕ ਨਹੀਂ ਸਮਝਿਆ ਜਾਂਦਾ ਤਾਂ ਸੁਭਾਵਕ ਜ਼ਰੂਰ ਸਮਝਿਆ ਜਾਂਦਾ ਹੈ। ਜੇ ਉਸ ਦੀ ਔਰਤ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਅਣਗੌਲਿਆ ਕਰ ਦੇਵੇ। ਸਮਝਿਆ ਜਾਂਦਾ ਹੈ ਕਿ ਮਰਦ ਤੋਂ ਇਹ ਸਭ ਕੁਝ ਉਸ ਦੀ ਇਕੱਲਤਾ ਭਰੀਆਂ ਹਾਲਤਾਂ ਨੇ ਕਰਵਾਇਆ ਹੈ, ਇਸ ਵਿਚ ਉਸ ਦਾ ਕੋਈ ਵੱਡਾ ਦੋਸ਼ ਨਹੀਂ। ਦੂਸਰੇ ਪਾਸੇ ਜੇ ਮਰਦ ਦੀ ਲੰਮੀ ਗੈਰਹਾਜ਼ਰੀ ਦੌਰਾਨ ਉਸ ਦੀ ਔਰਤ ਦਾ ਸੰਬੰਧ ਕਿਸੇ ਹੋਰ ਨਾਲ ਬਣ ਜਾਵੇ ਤਾਂ ਇਸ ਨੂੰ ਨਾ-ਬਖਸ਼ਣਯੋਗ ਅਪਰਾਧ ਸਮਝਿਆ ਜਾਂਦਾ ਹੈ। ਔਰਤ ਨੂੰ ਬਦਚਲਨ ਸਮਝਿਆ ਜਾਂਦਾ ਹੈ ਅਤੇ ਮਰਦ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਛੱਡ ਦੇਵੇ।
ਅਰੂਨਾ ਰਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਇਸ ਮਸਲੇ ਬਾਰੇ ਸਮਾਜ ਦੇ ਦੋਹਰੇ ਕਿਰਦਾਰ ਦੇ ਦੰਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿਚ ਜਦੋਂ ਪਿੰਡ ਦੀ ਪੰਚਾਇਤ ਵਿਚ ਔਰਤਾਂ ਇਕੱਠੀਆਂ ਹੋ ਕੇ ਇਸ ਮਸਲੇ ਬਾਰੇ ਸਾਂਝਾ ਸਟੈਂਡ ਲੈਂਦੀਆਂ ਹਨ ਤਾਂ ਮਰਦਾਂ ਕੋਲ ਪੰਚਾਇਤ ਵਿਚੇ ਛੱਡ ਕੇ ਨੱਠ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਫਿਲਮ ਸਮਾਜ ਵਿਚਲੀ ਮਰਦਪ੍ਰਧਾਨਤਾ `ਤੇ ਕਰਾਰੀ ਸੱਟ ਮਾਰਦੀ ਹੈ।
ਮੁੱਖ ਕਲਾਕਾਰ: ਹੇਮਾ ਮਾਲਿਨੀ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਰੀਮਾ ਲਗੂ, ਨੀਨਾ ਗੁਪਤਾ, ਪੱਲਵੀ ਜੋਸ਼ੀ, ਮੋਹਨ ਆਗਾਸ਼ੇ, ਅਛੂਤ ਪੋਤਦਾਰ।
ਬੈਂਡਿਟ ਕੁਈਨ (ਹਿੰਦੀ, 1995)
ਸ਼ੇਖਰ ਕਪੂਰ ਵਲੋਂ ਨਿਰਦੇਸਿ਼ਤ ਫਿਲਮ ‘ਬੈਂਡਿਟ ਕੁਈਨ’ ਮਸ਼ਹੂਰ ਡਕੈਤ ਫੂਲਨ ਦੇਵੀ ਦੀ ਜਿ਼ੰਦਗੀ `ਤੇ ਆਧਾਰਤ ਹੈ। ਫਿਲਮ ਦਿਖਾਉਂਦੀ ਹੈ ਕਿ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਫੂਲਨ ਦੇਵੀ ਨੂੰ ਬਚਪਨ ਤੋਂ ਹੀ ਕਿਸ ਤਰ੍ਹਾਂ ਜਾਤ-ਪਾਤ ਅਤੇ ਮਰਦ-ਪ੍ਰਧਾਨਤਾ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ ਸੀ। ਫਿਲਮ ਇਕ ਪਾਸੇ ਜਾਤ-ਪਾਤ ਅਤੇ ਮਰਦ-ਪ੍ਰਧਾਨਤਾ `ਤੇ ਟਿਕੇ ਸਮਾਜ ਦੀ ਕਰੂਰਤਾ ਨੂੰ ਨੰਗਾ ਕਰਦੀ ਹੈ, ਦੂਸਰੇ ਪਾਸੇ ਫੂਲਨ ਦੇਵੀ ਵਲੋਂ ਇਸ ਕਰੂਰਤਾ ਵਿਰੁੱਧ ਹੌਂਸਲੇ ਅਤੇ ਦ੍ਰਿੜ੍ਹਤਾ ਨਾਲ ਲੜੀ ਲੜਾਈ ਨੂੰ ਵੀ ਉਜਾਗਰ ਕਰਦੀ ਹੈ। ਫਿਲਮ ਦੇਖਣ ਬਾਅਦ ਦਰਸ਼ਕ ਫੂਲਨ ਦੇਵੀ ਵਲੋਂ ਵਿਅਕਤੀਗਤ ਹਿੰਸਾ ਅਪਨਾਉਣ ਦੇ ਰਸਤੇ ਨਾਲ ਸਹਿਮਤ ਹੋਣ ਜਾਂ ਨਾ, ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਕਿਸੇ ਸਮਾਜ ਵਲੋਂ ਅਪਣਾਈ ਗਈ ਢਾਂਚਾਗਤ ਹਿੰਸਾ ਅਤੇ ਵਹਿਸ਼ਤ ਉਸ ਹੀ ਤਰ੍ਹਾਂ ਦੀ ਹਿੰਸਾ ਅਤੇ ਵਹਿਸ਼ਤ ਪੈਦਾ ਕਰਨ ਵਿਚ ਵੱਡਾ ਰੋਲ ਨਿਭਾਉਂਦੀ ਹੈ।
ਕਲਾਕਾਰ: ਸੀਮਾ ਬਿਸਵਾਸ, ਨਿਰਮਲ ਪਾਂਡੇ, ਆਦਿੱਤਿਆ ਸ਼੍ਰੀਵਾਸਤਵ, ਰਾਮ ਚਰਨ ਨਿਰਮਾਲਕਰ, ਸਾਵਿੱਤਰੀ ਰਾਇਕਵਾਰਸ, ਗਜਰਾਜ ਰਾਓ, ਸੌਰਭ ਸ਼ੁਕਲਾ, ਮਨੋਜ ਬਾਜਪਾਈ, ਰਘੁਬੀਰ ਯਾਦਵ, ਆਦਿ।
ਸੰਸ਼ੋਧਨ (ਹਿੰਦੀ, 1996)
ਗੋਬਿੰਦ ਨਿਹਾਲਨੀ ਵਲੋਂ ਨਿਰਦੇਸ਼ਤ ਇਹ ਫਿਲਮ ਪਿੰਡ ਦੀਆਂ ਪੰਚਾਇਤਾਂ ਵਿਚ ਔਰਤਾਂ ਦੀਆਂ ਸੀਟਾਂ ਰਾਖਵੀਆਂ ਕਰਨ ਦੇ ਮਸਲੇ ਨੂੰ ਸੰਬੋਧਿਤ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਆਮ ਤੌਰ `ਤੇ ਔਰਤਾਂ ਲਈ ਰਾਖਵੀਆਂ ਸੀਟਾਂ `ਤੇ ਬੇਸ਼ੱਕ ਇਲੈਕਸ਼ਨ ਔਰਤਾਂ ਲੜਦੀਆਂ ਹਨ ਪਰ ਅਸਲੀਅਤ ਵਿਚ ਉਨ੍ਹਾਂ ਦੇ ਅਹੁਦੇ ਦੀ ਤਾਕਤ ਉਨ੍ਹਾਂ ਦੇ ਮਰਦਾਂ ਦੇ ਹੱਥ ਹੀ ਰਹਿੰਦੀ ਹੈ। ਇਸ ਤਰ੍ਹਾਂ ਦੀ ਇਲੈਕਸ਼ਨ ਜਿੱਤ ਕੇ ਜਦੋਂ ਕੋਈ ਔਰਤ ਆਪਣੇ ਆਪ ਫੈਸਲੇ ਕਰਨ ਲੱਗ ਪਏ ਤਾਂ ਕੀ ਹੁੰਦਾ ਹੈ? ਸੰਸ਼ੋਧਨ ਇਸ ਸਵਾਲ ਦਾ ਜੁਆਬ ਦੱਸਣ ਦੀ ਕੋਸਿ਼ਸ਼ ਕਰਦੀ ਹੈ।
ਕਲਾਕਾਰ: ਮਨੋਜ ਬਾਜਪਾਈ, ਵਾਨਿਆ ਜੋਸ਼ੀ, ਆਸ਼ੂਤੋਸ਼ ਰਾਣਾ, ਕਿਸ਼ੋਰ ਕਦਮ, ਲਲਿਤ ਪਰੀਮੂ ਅਤੇ ਵਿਨਿਤ ਕੁਮਾਰ।
ਚਾਂਦਨੀ ਬਾਰ (ਹਿੰਦੀ, 2001)
ਮਧੂ ਭੰਡਾਰਕਰ ਦੀ ਫਿਲਮ ‘ਚਾਂਦਨੀ ਬਾਰ’ ਬੰਬਈ ਦੀਆਂ ਬੀਅਰ ਬਾਰਾਂ ਵਿਚ ਨਾਚੀਆਂ ਵਜੋਂ ਕੰਮ ਕਰਦੀਆਂ ਔਰਤਾਂ ਦੀ ਜ਼ਿੰਦਗੀ `ਤੇ ਕੇਂਦਰਿਤ ਹੈ। ਫਿਲਮ ਵਿਚ ਉਨ੍ਹਾਂ ਸਥਿਤੀਆਂ ਨੂੰ ਘੋਖਣ ਦਾ ਯਤਨ ਵੀ ਹੈ ਜਿਨ੍ਹਾਂ ਕਾਰਨ ਔਰਤਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਅਤੇ ਇਸ ਕੰਮ ਉਪਰ ਹੁੰਦੇ ਔਰਤਾਂ ਦੇ ਸ਼ੋਸ਼ਣ ਨੂੰ ਵੀ ਨੰਗਾ ਕੀਤਾ ਗਿਆ ਹੈ।
ਕਲਾਕਾਰ: ਤੱਬੂ, ਅਤੁਲ ਕੁਲਕਰਨੀ, ਰਾਜਪਾਲ ਯਾਦਵ, ਵੱਲਭ ਵਿਆਸ, ਵਿਨੇ ਅਪਟੇ, ਅਨੰਨਿਆ ਖਰੇ, ਉਪਿੰਦਰ ਲਿਮਾਏ, ਵਿਸ਼ਾਲ ਠੱਕਰ, ਮੀਨਾਕਸ਼ੀ ਸਾਹਨੀ, ਅਭੇ ਭਾਰਗਵ।
ਖਾਮੋਸ਼ ਪਾਣੀ (ਪੰਜਾਬੀ, 2003)
ਸਬੀਹਾ ਸਮਰ ਵਲੋਂ ਨਿਰਦੇਸ਼ਤ ਪੰਜਾਬੀ ਦੀ ਬਿਹਤਰੀਨ ਫਿਲਮ ਖਾਮੋਸ਼ ਪਾਣੀ ਇਕ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ ਸੰਨ 1947 ਦੇ ਰੌਲਿਆਂ ਵੇਲੇ ਅਗਵਾ ਕਰ ਲਿਆ ਗਿਆ ਸੀ। ਫਿਲਮ ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ੱਕ ਸਮਾਜ ਵਿਚ ਧਾਰਮਿਕ ਕੱਟੜਵਾਦ ਅਧਾਰਤ ਹਿੰਸਾ ਫੈਲਾਉਣ ਵਿਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਨ੍ਹਾਂ ਨੂੰ ਇਸ ਕੱਟੜਵਾਦੀ ਹਿੰਸਾ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿਚ ਕਰਨ ਦੀ ਜੱਦੋ-ਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ।
ਮੁੱਖ ਕਲਾਕਾਰ: ਕਿਰਨ ਖੇਰ, ਆਮਿਰ ਮਲਿਕ, ਨਵਤੇਜ ਜੌਹਰ ਸਿੰਘ, ਸਿ਼ਲਪਾ ਸ਼ੁਕਲਾ ਅਤੇ ਸਲਮਨ ਸ਼ਾਹਿਦ।
ਡੋਰ (ਹਿੰਦੀ, 2006)
ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ‘ਡੋਰ’ ਵਿਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿਚ ਖੜ੍ਹੀਆਂ ਦੋ ਔਰਤਾਂ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਮਾਇਤੀ ਬਣ ਜਾਂਦੀਆਂ ਹਨ ਅਤੇ ਦੁਸ਼ਮਣਾਂ ਤੋਂ ਹਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ‘ਡੋਰ’ ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ ਸਨਮੁੱਖ ਰੱਖਦੀ ਹੈ ਅਤੇ ਮੁਸਲਿਮ ਔਰਤ ਨੂੰ ਵਧੇਰੇ ਬੰਧਨ ਮੁਕਤ ਦਿਖਾਉਂਦੀ ਹੈ, ਸਗੋਂ ਇਸ ਫਿਲਮ ਵਿਚ ਇਕ ਜਵਾਨ ਹਿੰਦੂ, ਰਾਜਸਥਾਨੀ ਵਿਧਵਾ ਦਿਖਾਉਣ ਦੀ ਦਲੇਰੀ ਵੀ ਹੈ, ਜੋ ਰੋਂਦੀ ਨਹੀਂ, ਨੱਚਣਾ ਚਾਹੁੰਦੀ ਹੈ, ਸੰਗੀਤ ਸੁਣਨਾ ਚਾਹੁਦੀ ਹੈ ਅਤੇ ਜਿਸ ਲਈ ਪਤੀ ਦੀ ਮੌਤ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ। ਮੌਜੂਦਾ ਢਾਂਚੇ ਦੁਆਰਾ ਖਿੱਚੀਆਂ ਹੱਦਾਂ ਅੰਦਰ ਕੰਮ ਕਰਦੇ ਹੋਏ ਵੀ ਪਿੱਤਰਸੱਤਾ ਵਾਲੇ ਢਾਂਚੇ ਤੋਂ ਬਾਹਰ ਆਉਣ ਦਾ ਫੈਸਲਾ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਹੀ ਭਵਿੱਖ ਦੇ ਪਾਪੂਲਰ ਸਿਨੇਮਾ ਵਿਚ ਔਰਤਾਂ ਦੀ ਰੂਪ-ਰੇਖਾ ਨੂੰ ਪਰਿਭਾਸਿ਼ਤ ਕਰਨਗੀਆਂ। ਮੈਨੂੰ ਇਹੀ ਉਮੀਦ ਹੈ।
ਕਲਾਕਾਰ: ਆਇਸ਼ਾ ਟਾਕੀਆ, ਗੁਲ ਪਨਾਗ, ਸ੍ਰੀਆਸ ਤਲਪਡੇ, ਗਿਰੀਸ਼ ਕਰਨਾਰਡ, ਉਤਾਰਾ ਭਾਵਕਰ ਅਤੇ ਪ੍ਰਤੀਕਸ਼ਾ ਲੋਨਕਰ।
ਪ੍ਰੋਵੋਕਡ (ਅੰਗਰੇਜ਼ੀ, 2006)
ਜੈਗ ਮੂੰਧੜਾ ਵੱਲੋਂ ਨਿਰਦੇਸਿ਼ਤ ਫਿਲਮ ‘ਪ੍ਰੋਵੋਕਡ’ ਇੰਗਲੈਂਡ ਵਿਚ ਵਿਆਹੀ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ `ਤੇ ਆਧਾਰਿਤ ਹੈ। ਕਿਰਨਜੀਤ ਭਾਰਤੀ ਮੂਲ ਦੇ ਇਕ ਬਰਤਾਨਵੀ ਮਰਦ ਨਾਲ ਵਿਆਹ ਕਰਵਾ ਕੇ 1980 ਦੇ ਨੇੜੇ-ਤੇੜੇ ਇੰਗਲੈਂਡ ਪਹੁੰਚਦੀ ਹੈ। ਇਸ ਉਮਰ ਦੀਆਂ ਆਮ ਕੁੜੀਆਂ ਵਾਂਗ ਉਸ ਦੇ ਮਨ ਵਿਚ ਵੀ ਵਿਆਹ ਤੋਂ ਬਾਅਦ ਇਕ ਚੰਗਾ ਘਰ ਵਸਾਉਣ ਦੇ ਸੁਫਨੇ ਹਨ। ਪਰ ਇੰਗਲੈਂਡ ਪਹੁੰਚਣ ਬਾਅਦ ਛੇਤੀ ਹੀ ਉਸ ਦੇ ਇਹ ਸੁਫਨੇ ਚਕਨਾਚੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਉਸ ਦਾ ਪਤੀ ਉਸ ਨੂੰ ਪਿਆਰ ਅਤੇ ਇੱਜ਼ਤ ਦੇਣ ਦੀ ਥਾਂ ਨਮੋਸ਼ੀ, ਬੇਵਿਸ਼ਵਾਸੀ, ਧੋਖਾ ਅਤੇ ਮਾਰ ਕੁੱਟ ਦਿੰਦਾ ਹੈ। ਪਤੀ ਲਈ ਕਿਰਨਜੀਤ ਦੀ ਹੋਂਦ ਦਾ ਕੋਈ ਅਰਥ ਨਹੀਂ। ਸਮਾਂ ਪੈਣ ਨਾਲ ਕਿਰਨਜੀਤ ਦੀ ਜ਼ਿੰਦਗੀ ਵਿਚਲੀ ਜ਼ਿੱਲਤ ਅਤੇ ਹਿੰਸਾ ਘਟਣ ਦੀ ਥਾਂ ਵਧਦੀ ਜਾਂਦੀ ਹੈ। ਅਖੀਰ 1989 ਵਿਚ ਕਿਰਨਜੀਤ ਆਪਣੇ ਸੁੱਤੇ ਹੋਏ ਪਏ ਪਤੀ ਨੂੰ ਅੱਗ ਲਾ ਦਿੰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਦਿਨ ਹਸਪਤਾਲ ਵਿਚ ਰਹਿ ਕੇ ਮੌਤ ਹੋ ਜਾਂਦੀ ਹੈ। ਫਿਲਮ ਪ੍ਰੋਵੋਕਡ ਦੀ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ।
ਫਿਲਮ ਵਿਚ ਕਿਰਨਜੀਤ ਦੇ ਜੀਵਨ ਵਿਚਲੀ ਹਿੰਸਾ ਦਿਖਾਉਣ ਲਈ ਹਿੰਸਾ ਭਰੇ ਦ੍ਰਿਸ਼ਾਂ ਦੀ ਵਰਤੋਂ ਬਹੁਤ ਸੰਜਮ ਨਾਲ ਕੀਤੀ ਗਈ ਹੈ। ਨਤੀਜੇ ਵਜੋਂ ਦਰਸ਼ਕਾਂ ਨੂੰ ਔਰਤਾਂ ਵਿਰੁੱਧ ਵਾਪਰਦੀ ਪਰਿਵਾਰਕ ਹਿੰਸਾ ਇਕ ਆਮ ਅਤੇ ਕੁਦਰਤੀ ਵਰਤਾਰਾ ਨਹੀਂ ਜਾਪਦੀ ਸਗੋਂ ਇਕ ਅਜਿਹਾ ਵਰਤਾਰਾ ਜਾਪਦੀ ਹੈ ਜਿਸ ਨੂੰ ਨਫਰਤ ਕਰਨੀ ਚਾਹੀਦੀ ਹੈ। ਹਿੰਸਾ ਭਰੇ ਦ੍ਰਿਸ਼ਾਂ ਦੀ ਥਾਂ ਜੇਲ੍ਹ ਵਿਚ ਕਿਰਨਜੀਤ ਵੱਲੋਂ ਬੋਲਿਆ ਇਕ ਡਾਇਲਾਗ ਉਸ ਦੇ ਘਰ ਦੇ ਹਿੰਸਾ ਭਰੇ ਵਾਤਾਵਰਨ ਬਾਰੇ ਬਹੁਤ ਵੱਡਾ ਪ੍ਰਗਟਾਵਾ ਕਰ ਜਾਂਦਾ ਹੈ। ਨਾਰੀ ਹੱਕਾਂ ਲਈ ਕੰਮ ਕਰਦੀ ਇਕ ਕਾਰਕੁਨ ਰਾਧਾ, ਕਿਰਨ ਨੂੰ ਜੇਲ੍ਹ ਵਿਚ ਮਿਲਣ ਆਈ ਉਸ ਨੂੰ ਪੁੱਛਦੀ ਹੈ ਕਿ ਉਹ ਜੇਲ੍ਹ ਵਿਚ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ। ਕਿਰਨਜੀਤ ਜੁਆਬ ਦਿੰਦੀ ਹੈ, “ਮੈਂ ਆਜ਼ਾਦ ਮਹਿਸੂਸ ਕਰ ਰਹੀ ਹਾਂ।”
ਫਿਲਮ ਵਿਚ ਇੰਗਲੈਂਡ ਦੇ ਨਿਆਂ ਪ੍ਰਬੰਧ ਉਪਰ ਵੀ ਆਲੋਚਨਾਤਮਕ ਰੌਸ਼ਨੀ ਪਾਈ ਗਈ ਹੈ ਅਤੇ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਉਹ ਔਰਤਾਂ ਇੰਗਲੈਂਡ ਦੇ ਨਿਆਂ ਪ੍ਰਬੰਧ ਵਿਚ ਦੁਹਰੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਿਨ੍ਹਾਂ ਦਾ ਸਭਿਆਚਾਰ ਐਂਗਲੋ ਸੈਕਸਨ ਸਭਿਆਚਾਰ ਨਾਲੋਂ ਵੱਖਰਾ ਹੈ।
ਫਿਲਮ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਸ਼ੱਕ ਪੰਜਾਬੀ ਸਭਿਆਚਾਰ ਘਰਾਂ ਵਿਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਸਮਰਥਨ ਨਾ ਵੀ ਕਰਦਾ ਹੋਵੇ, ਫਿਰ ਵੀ ਪੰਜਾਬੀ ਲੋਕ (ਪਰਿਵਾਰ ਦੇ ਮੈਂਬਰ ਅਤੇ ਦੂਸਰੇ) ਇਸ ਹਿੰਸਾ ਨੂੰ ਦੇਖ ਕੇ ਅਣਗੌਲਿਆਂ ਜ਼ਰੂਰ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਵਾਪਰਨਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਸੰਦਰਭ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਮ, ਪਰਿਵਾਰਕ ਇੱਜ਼ਤ ਆਦਿ ਗੱਲਾਂ ਕਰ ਕੇ ਪੰਜਾਬੀ ਔਰਤਾਂ ਇਸ ਹਿੰਸਾ ਬਾਰੇ ਬਾਹਰ ਗੱਲ ਨਹੀਂ ਕਰਦੀਆਂ। ਨਤੀਜੇ ਵਜੋਂ ਇਹ ਹਿੰਸਾ ਕਰਨ ਵਾਲੇ ਪੰਜਾਬੀ ਮਰਦ ਬਿਨਾਂ ਕਿਸੇ ਡਰ-ਭੈਅ ਦੇ ਹਿੰਸਾ ਕਰਨਾ ਜਾਰੀ ਰੱਖਦੇ ਹਨ। ਫਿਲਮ ਦੇ ਅਖੀਰ ਵਿਚ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਈ ਕਿਰਨਜੀਤ ਦੇ ਇਹ ਸ਼ਬਦ “’ਜ਼ਿੰਦਗੀ ਵਿਚ ਚੁੱਪ ਚਾਪ (ਜ਼ੁਲਮ) ਸਹੀ ਜਾਣ ਵਿਚ ਕੋਈ ਇੱਜ਼ਤ ਨਹੀਂ’ ਪੰਜਾਬੀ ਸਭਿਆਚਾਰ ਦੀ ਇਸ ਧਾਰਨਾ ਨੂੰ ਚੁਣੌਤੀ ਦੇਣ ਦੀ ਅਪੀਲ ਕਰਦੇ ਹਨ।
ਮੁੱਖ ਕਲਾਕਾਰ: ਐਸ਼ਵਰਿਆ ਰਾਏ, ਨਵੀਨ ਐਂਡਰਿਊ, ਮਿਰਾਂਡਾ ਰਿਚਰਡਸਨ ਅਤੇ ਹੋਰ।
ਬਵੰਡਰ (ਹਿੰਦੀ, 2011)
ਨਿਰਦੇਸ਼ਕ ਜਗਮੋਹਨ ਮੂੰਧੜਾ ਦੀ ਫਿਲਮ ‘ਬਵੰਡਰ’ ਰਾਜਸਥਾਨ ਵਿਚ ਗੈਂਗ ਰੇਪ ਦਾ ਸ਼ਿਕਾਰ ਹੋਈ ਇਕ ਔਰਤ ਬਨਵਾਰੀ ਦੇਵੀ ਦੀ ਸੱਚੀ ਕਹਾਣੀ `ਤੇ ਆਧਾਰਤ ਹੈ। ਫਿਲਮ ਵਿਚ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਸਾਂਵਰੀ ਦੇਵੀ ਇਕ ਪਿੰਡ ਵਿਚ ਸਰਕਾਰ ਵਲੋਂ ਚਲਾਏ ਜਾਂਦੇ ਔਰਤ ਵਿਕਾਸ ਦੇ ਪ੍ਰੋਜੈਕਟ ਵਿਚ ਕੰਮ ਕਰਦੀ ਹੈ। ਆਪਣੇ ਇਸ ਕੰਮ ਦੌਰਾਨ ਉਹ ਪਿੰਡ ਦੀਆਂ ਔਰਤਾਂ ਨੂੰ ਬੱਚਿਆਂ ਦੇ ਛੋਟੀ ਉਮਰ ਵਿਚ ਕੀਤੇ ਜਾਂਦੇ ਵਿਆਹਾਂ ਅਤੇ ਔਰਤਾਂ ਦੇ ਸ਼ੋਸ਼ਣ ਬਾਰੇ ਜਾਗਰੂਕ ਕਰਦੀ ਹੈ। ਪਿੰਡ ਦੀ ਪੰਚਾਇਤ ਦੇ ਗੁੱਜਰ ਜਾਤੀ (ਅਖੌਤੀ ਉਚੀ ਜਾਤੀ) ਦੇ ਮੈਂਬਰਾਂ ਨੂੰ ਉਸ ਵਲੋਂ ਕੀਤਾ ਜਾਂਦਾ ਇਹ ਕੰਮ ਪਸੰਦ ਨਹੀਂ। ਉਹ ਉਸ ਨੂੰ ਰੋਕਣ ਲਈ ਸਾਂਵਰੀ ਦੇਵੀ ਅਤੇ ਉਸ ਦੇ ਪਰਿਵਾਰ ਵਿਰੁੱਧ ਸਮਾਜਿਕ ਅਤੇ ਆਰਥਿਕ ਬਾਈਕਾਟ ਦਾ ਹੁਕਮ ਜਾਰੀ ਕਰਦੇ ਹਨ। ਜਦੋਂ ਸਾਂਵਰੀ ਦੇਵੀ ਪਿੰਡ ਵਿਚ ਇਕ ਗੁੱਜਰ ਪਰਿਵਾਰ ਵਿਚ ਹੋ ਰਹੇ ਬਾਲ ਵਿਆਹ ਬਾਰੇ ਪੁਲੀਸ ਨੂੰ ਸੂਚਨਾ ਦਿੰਦੀ ਹੈ ਤਾਂ ਉਸ ਨੂੰ ਸਬਕ ਸਿਖਾਉਣ ਲਈ ਉਸ ਗੁੱਜਰ ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ।
ਗੈਂਗ ਰੇਪ ਤੋਂ ਬਾਅਦ ਸਾਂਵਰੀ ਚੁੱਪ ਕਰ ਕੇ ਨਹੀਂ ਬਹਿੰਦੀ ਸਗੋਂ ਆਪਣੇ ਵਿਰੁੱਧ ਹੋਏ ਇਸ ਜੁਰਮ ਲਈ ਇਨਸਾਫ ਲੈਣ ਲਈ ਲੜਾਈ ਸ਼ੁਰੂ ਕਰਦੀ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਲੜਾਈ ਨੂੰ ਜਾਰੀ ਰੱਖਦੀ ਹੈ। ਆਪਣੇ ਲਈ ਇਨਸਾਫ ਲੈਣ ਦੀ ਲੜਾਈ ਵਿਚ ਉਸ ਵੱਲੋਂ ਵਿਖਾਈ ਗਈ ਇਹ ਦ੍ਰਿੜਤਾ ਬੇਇਨਸਾਫੀ ਵਿਰੁੱਧ ਲੜਾਈ ਲੜ ਰਹੇ ਹੋਰ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣ ਸਕਦੀ ਹੈ।
ਕਲਾਕਾਰ: ਦੀਪਤੀ ਨਵਲ, ਨੰਦੀਤਾ ਦਾਸ, ਰਘੁਬੀਰ ਯਾਦਵ, ਰਾਹੁਲ ਖੰਨਾ ਆਦਿ।