ਬਲਦੇਵ ਸਿੰਘ ਦੇ ਖੇਡ ਨਾਵਲੈੱਟ

ਪ੍ਰਿੰ. ਸਰਵਣ ਸਿੰਘ
ਬਲਦੇਵ ਸਿੰਘ ਨੇ `ਬੰਦਾ ਸਿੰਘ ਬਹਾਦਰ`, `ਸੂਰਜ ਦੀ ਅੱਖ` ਤੇ `ਪੰਜਵਾਂ ਸਾਹਿਬਜ਼ਾਦਾ` ਵਰਗੇ ਵੱਡੇ ਇਤਿਹਾਸਕ ਨਾਵਲ ਲਿਖਣ ਪਿੱਛੋਂ ਬਾਲਕਾਂ ਲਈ ਨਿੱਕੇ ਖੇਡ ਨਾਵਲੈੱਟ ਲਿਖਣੇ ਵੀ ਸ਼ੁਰੂ ਕੀਤੇ ਹਨ। ਇੰਜ ਉਹ ਇਤਿਹਾਸਕ ਨਾਵਲਕਾਰ ਹੋਣ ਦੇ ਨਾਲ ਨਾਲ ਖੇਡ ਨਾਵਲਕਾਰ ਵੀ ਬਣ ਚੱਲਿਆ ਹੈ।

ਪੰਜਾਬੀ ਖੇਡ ਸਾਹਿਤ `ਚ ਗਲਪ ਰਚਨਾ ਦੀ ਘਾਟ ਸੀ, ਲੱਗਦੈ ਹੁਣ ਉਹ ਵੀ ਪੂਰੀ ਹੋ ਜਾਵੇਗੀ। ਉਸ ਦੇ ਇਕ ਨਾਵਲੈੱਟ ਦਾ ਨਾਂ ‘ਉੱਡਣਾ ਸਿੱਖ ਮਿਲਖਾ ਸਿੰਘ’ ਹੈ, ਦੂਜੇ ਦਾ ‘ਰੁਸਤਮੇ ਹਿੰਦ ਦਾਰਾ ਸਿੰਘ’ ਤੇ ਤੀਜੇ ਦਾ ‘ਮੁੱਕੇਬਾਜ਼ਾਂ ਦੀ ਰਾਣੀ’ ਐਮ.ਸੀ. ਮੈਰੀ ਕਾੱਮ। ਸਕੂਲੀ ਵਿਦਿਆਰਥੀਆਂ ਲਈ ਲਿਖੇ ਇਨ੍ਹਾਂ ਨਾਵਲੈੱਟਾਂ ਦਾ ਆਕਾਰ 36, 38, 40 ਪੰਨਿਆਂ ਦਾ ਹੈ। ਜਿਨ੍ਹਾਂ ਖਿਡਾਰੀਆਂ ਦੇ ਮੈਂ ਸ਼ਬਦ ਚਿੱਤਰ ਲਿਖਦਾ ਆ ਰਿਹਾਂ, ਉਨ੍ਹਾਂ ਦਾ ਉਸ ਨੇ ਗਲਪੀਕਰਨ ਕਰ ਕੇ ਦਿਲਚਸਪ ਨਾਵਲੈੱਟ ਬਣਾ ਦਿੱਤੇ ਹਨ। ਸੰਭਵ ਹੈ ਕਿ ਕੋਈ ਲੇਖਕ ਖਿਡਾਰੀਆਂ ਨੂੰ ਨਾਟਕੀ ਰੂਪ ਵਿਚ ਵੀ ਪੇਸ਼ ਕਰੇ। ਕਿਸੇ ਖੇਡ ਨਾਇਕ ਬਾਰੇ ਲਿਖਣ ਲਈ ਤੱਥ ਤਾਂ ਉਹੀ ਹੁੰਦੇ ਹਨ, ਲੇਖਕ ਦੀ ਕਲਾ ਉਨ੍ਹਾਂ ਨੂੰ ਆਪੋ ਆਪਣੇ ਕਲਾਤਮਿਕ ਰੂਪ ਦੇਣ ਵਿਚ ਹੁੰਦੀ ਹੈ।
ਬਲਦੇਵ ਸਿੰਘ ਮੰਨਿਆ ਦੰਨਿਆ ਨਾਵਲਕਾਰ ਹੈ। ਭਾਰਤੀ ਸਾਹਿਤ ਅਕਾਦਮੀ ਤੇ ਢਾਹਾਂ ਅਵਾਰਡ ਦਾ ਜੇਤੂ। ਉਸ ਨੇ ਕਾਫੀ ਸਾਰਾ ਬਾਲ ਸਾਹਿਤ ਰਚਿਆ ਹੈ। ਨਾਟਕ ਵੀ ਲਿਖੇ ਹਨ ਤੇ ਸਫ਼ਰਨਾਮੇ ਵੀ। ਸੰਪਾਦਨਾ ਵੀ ਕੀਤੀ ਹੈ ਤੇ ਰੀਵਿਊਕਾਰੀ ਵੀ। ਡਰਾਈਵਰਾਂ ਬਾਰੇ ਲਿਖੇ ਰੌਚਕ ਕਾਲਮ ‘ਸੜਕਨਾਮਾ’ ਨੇ ਤਾਂ ਉਹਦਾ ਨਾਂ ਹੀ ਸੜਕਨਾਮਾ ਪਕਾ ਦਿੱਤਾ ਸੀ। ਬਲਦੇਵ ਸਿੰਘ ਸੜਕਨਾਮਾ। ਉਂਜ ਉਸ ਦੀ ਪਹਿਲੀ ਕਹਾਣੀ ਬਲਦੇਵ ਸਿੰਘ ‘ਪ੍ਰੇਮੀ’ ਦੇ ਨਾਂ ਹੇਠ ਛਪੀ ਸੀ। ਪ੍ਰੇਮੀ ਤਖ਼ੱਲਸ ਉਸ ਨੇ ਕੰਵਲ, ਮਾਹਿਰ, ਦੀਵਾਨਾ, ਬਾਗੀ, ਉਪਾਸ਼ਕ ਤੇ ਪੰਛੀ ਹੋਰਾਂ ਦੀ ਰੀਸ ਕਰਦਿਆਂ ਆਪਣੇ ਨਾਂ ਨਾਲ ਲਾਇਆ ਸੀ ਬਈ ਮੈਂ ਵੀ ਉਨ੍ਹਾਂ ਵਾਂਗ ਲੇਖਕ ਲੱਗਾਂ।
ਬਾਅਦ ਵਿਚ ਜਿਵੇਂ ਅਜੀਤ ਸਿੰਘ ਢੁੱਡੀਕੇ ਨੇ ਪੰਛੀ ਉਡਾ ਕੇ ਡਾ. ਜੋੜ ਲਿਆ ਉਵੇਂ ਬਲਦੇਵ ਸਿੰਘ ਨੇ ਪ੍ਰੇਮੀ ਦਾ ਅਰਥ ‘ਲਵਰ’ ਹੋਣ ਦੇ ਡਰੋਂ ਆਪਣੇ ਨਾਂ ਨਾਲੋਂ ਪ੍ਰੇਮੀ ਲਾਹ ਕੇ ‘ਚੰਦ ਨਵਾਂ’ ਲਾ ਲਿਆ। ਚੰਦ ਨਵਾਂ ਉਹਦੇ ਪਿੰਡ ਦਾ ਨਾਂ ਸੀ। ਉਹ ਦਰਸ਼ਨ ਗਿੱਲ ਨੇ ਲੁਹਾ ਦਿੱਤਾ ਅਖੇ ਤੂੰ ਕਿੱਥੋਂ ਦਾ ਨਵਾਂ ਚੰਦ ਐਂ? ਉਸ ਪਿੱਛੋਂ ਉਹ ਬਿਨਾਂ ਕਿਸੇ ਤਖ਼ੱਲਸ ਦੇ ਹੀ ਆਪਣਾ ਨਾਂ ਲਿਖਦਾ ਆ ਰਿਹੈ। ਫੇਰ ਵੀ ਪਾਠਕਾਂ ਨੇ ਉਹਦੇ ਨਾਂ ਨਾਲ ਕਦੇ ‘ਸੜਕਨਾਮਾ’ ਜੋੜਿਆ, ਕਦੇ ‘ਲਾਲ ਬੱਤੀ’, ਕਦੇ ‘ਮੋਗੇ ਵਾਲਾ’।
1977 ਵਿਚ ਛਪੀ ‘ਗਿੱਲੀਆਂ ਛਿੱਟੀਆਂ ਦੀ ਅੱਗ’ ਤੋਂ ਲੈ ਕੇ 2022 ਵਿਚ ਛਪੇ ਨਾਵਲੈੱਟ ‘ਰੁਸਤਮੇ ਹਿੰਦ ਦਾਰਾ ਸਿੰਘ’ ਤਕ ਉਸ ਦੀਆਂ ਕਿਤਾਬਾਂ ਦੀ ਗਿਣਤੀ ਸੱਤਰ ਤੋਂ ਟੱਪ ਚੁੱਕੀ ਹੈ। ਚਾਂਦੀ ਦੇ ਇਕ ਰੁਪਈਏ ਤੋਂ 25 ਹਜ਼ਾਰ ਡਾਲਰ ਤਕ ਦੇ ਇਨਾਮ ਮਿਲ ਚੁੱਕੇ ਹਨ। ਸਾਡੇ ਪਿੰਡ ਨੇੜੇ ਨੇੜੇ ਹੋਣ ਕਰਕੇ ਸਾਡੀ ਬੋਲ ਚਾਲ ਇਕੋ ਜਿਹੀ ਹੈ। ਮਾੜੀ ਮੋਟੀ ਹਾਸੇ ਠੱਠੇ ਵਾਲੀ। ਮੈਂ ਉਹਦੀ ਸਵੈ-ਜੀਵਨੀ ਪੜ੍ਹੀ ਤਾਂ ਸਾਡਾ ਜਨਮ ਦਿਨ ਵੀ ਇਕੋ ਨਿਕਲਿਆ। ਮੇਰਾ 8 ਜੁਲਾਈ 1940, ਉਹਦਾ 8 ਜੁਲਾਈ 1943। ਹੈਗਾ ਉਹ ਤਿੰਨ ਸਾਲ ਛੋਟਾ ਪਰ ਵਿਆਹ ਮੈਥੋਂ ਪੰਜ ਸਾਲ ਪਹਿਲਾਂ ਕਰਾ ਗਿਆ। ਨਿਆਣੇ ਤੇ ਪਾਠਕ ਤਾਂ ਫਿਰ ਵੱਧ ਹੋਣੇ ਹੀ ਹੋਏ!
ਇਕ ਦਿਨ ਗੂਗਲ ਤੋਂ ਪਤਾ ਲੱਗਾ ਕਿ ਵਾਸਕੋ ਦਾ ਗਾਮਾ 1469 `ਚ ਜੰਮਿਆ ਅਤੇ 8 ਜੁਲਾਈ 1497 ਨੂੰ ਇੰਡੀਆ ਲੱਭਣ ਨਿਕਲਿਆ ਸੀ। ਪੁਰਤਗਾਲੀਆਂ ਨੂੰ ਗਰਮ ਮਸਾਲੇ ਮਿਲਣ ਵਾਂਗ ਮੈਨੂੰ ਲਿਖਣ ਦਾ ਮਸਾਲਾ ਮਿਲ ਗਿਆ: ਵਾਸਕੋ ਦਾ ਗਾਮਾ ਤਾਂ ਫੇਰ ਗੁਰੂ ਨਾਨਕ ਦਾ ਹਾਣੀ ਹੋਇਆ! ਦੋਹਾਂ ਦਾ ਜਨਮ 1469 ਦਾ ਨਿਕਲਿਆ। ਦੋਹਾਂ ਦੀਆਂ ਪੰਜਵੀਆਂ ਜਨਮ ਸ਼ਤਾਬਦੀਆਂ 1969 `ਚ ਮਨਾਈਆਂ ਗਈਆਂ। ਵਾਸਕੋ ਦਾ ਗਾਮਾ ਦੀ ਯਾਦ ਵਿਚ ਪੁਰਤਗਾਲ ਸਰਕਾਰ ਨੇ ਯਾਦਗਾਰੀ ਸਿੱਕੇ ਕੱਢੇ, ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇ ਨਾਂ ਉਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਸਥਾਪਿਤ ਕੀਤੀ। ਜਦੋਂ ਪੂਰਬ ਵੱਲੋਂ ਗੁਰੂ ਨਾਨਕ ਉਦਾਸੀਆਂ `ਤੇ ਚੱਲੇ ਉਦੋਂ ਪੱਛਮ ਵੱਲੋਂ ਵਾਸਕੋ ਦਾ ਗਾਮਾ ਸਮੁੰਦਰ `ਚ ਠਿੱਲ੍ਹਿਆ।
ਗੁਰੂ ਨਾਨਕ ਰਾਇ ਭੋਇੰ ਦੀ ਤਲਵੰਡੀ ਜਨਮੇ ਸਨ, ਵਾਸਕੋ ਦਾ ਗਾਮਾ ਪੁਰਤਗਾਲ ਦੇ ਸ਼ਹਿਰ ਸਾਈਨਜ਼ ਵਿਚ ਜੰਮਿਆ। ਹਜ਼ਾਰਾਂ ਮੀਲ ਦੂਰ ਜੰਮਿਆਂ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕੀਤਾ। ਇਕ ਨੇ ਪੈਦਲ, ਦੂਜੇ ਨੇ ਸਮੁੰਦਰੀ ਬੇੜੇ ਉਤੇ। ਉਨ੍ਹਾਂ ਦੇ ਔਝੜ ਪੈਂਡਿਆਂ ਦਾ ਉਦੇਸ਼ ਕੀ ਸੀ? ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸੀ, ਪਰਾਇਆ ਹੱਕ ਨਾ ਮਾਰੋ, ਮਾਇਆ ਦੀ ਲੁੱਟ-ਖਸੁੱਟ ਨਾ ਕਰੋ ਤੇ ਸਾਰੀ ਉਮਰ ਮਾਇਆ ਦੀ ਖ਼ਾਤਰ ਹੀ ਪਾਪੜ ਨਾ ਵੇਲੀ ਜਾਓ। ਮਾਇਆ ਦੀ ਮਾਰ-ਧਾੜ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰੀ, ਪਾਪਾ ਵਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ। ਭਾਵ ਪਾਪ ਕਰੇ ਬਿਨਾਂ ਮਾਇਆ `ਕੱਠੀ ਨਹੀਂ ਹੁੰਦੀ ਤੇ ਮਰਨ ਪਿੱਛੋਂ ਨਾਲ ਵੀ ਨਹੀਂ ਜਾਂਦੀ। ਬੰਦਾ ਕਿਰਤ ਕਰੇ, ਵੰਡ ਛਕੇ ਤੇ ਨਾਮ ਜਪੇ। ਇਹ ਉਦੇਸ਼ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ, ਬਾਣੀ ਉਚਾਰੀ ਜੋ ਮਰਦਾਨੇ ਨੇ ਰਬਾਬ ਨਾਲ ਗਾਈ। ਸਿੱਧਾਂ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ ਤੇ ਪਾਖੰਡ ਛੱਡਣ ਲਈ ਕਿਹਾ।
ਵਾਸਕੋ ਦਾ ਗਾਮਾ ਜਾਂਬਾਜ ਼ਮਲਾਹ ਸੀ। ਪੁਰਤਗਾਲ ਦੇ ਰਾਜੇ ਨੇ ਉਸ ਨੂੰ ਸਮੁੰਦਰੀ ਬੇੜੇ ਨਾਲ ਇੰਡੀਆ ਭੇਜਿਆ। ਉਸ ਦਾ ਉਦੇਸ਼ ਸੀ, ਨਵਾਂ ਮੁਲਕ ਲੱਭਣਾ ਤੇ ਵਣਜ ਵਪਾਰ ਦੇ ਨਾਂ `ਤੇ ਮਾਇਆ `ਕੱਠੀ ਕਰਨੀ। ਇਹ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਤੋਂ ਉਲਟ ਸੀ। ਗੁਰੂ ਨਾਨਕ 1496 ਵਿਚ ਉਦਾਸੀ ਦੇ ਪੰਧ ਪਏ ਤੇ ਵਾਸਕੋ ਦਾ ਗਾਮਾ 8 ਜੁਲਾਈ 1497 ਨੂੰ ਸਮੁੰਦਰ `ਚ ਠਿੱਲ੍ਹਿਆ। ਉਹ 20 ਮਈ 1498 ਨੂੰ ਕਾਲੀਕਟ ਪੁੱਜਾ। ਗੁਰੂ ਨਾਨਕ ਵਾਂਗ ਨਾ ਕਿਸੇ ਨਾਲ ਗੋਸ਼ਟ ਕੀਤੀ, ਨਾ ਜੀਵਨ ਉਦੇਸ਼ ਦੱਸਿਆ, ਨਾ ਮੁਕਤੀ ਦਾ ਰਾਹ। ਉਹ ਇੰਡੀਆ ਪਹੁੰਚਿਆ ਤੇ ਮਸਾਲਿਆਂ ਦਾ ਬੇੜਾ ਭਰ ਕੇ ਯੂਰਪ `ਚ ਮਹਿੰਗੇ ਭਾਅ ਵੇਚਣ ਲੈ ਗਿਆ। ਗੁਰੂ ਨਾਨਕ ਦਾ ਮਿਸ਼ਨ ਮਾਇਆ ਤੋਂ ਮੁਕਤ ਜੀਵਨ ਜਿਊਣਾ ਸੀ ਜਦਕਿ ਵਾਸਕੋ ਦਾ ਗਾਮਾ ਨੂੰ ਭੇਜਣ ਵਾਲੇ ਰਾਜੇ ਦਾ ਮੰਤਵ ਮਾਇਆ `ਕੱਠੀ ਕਰਨਾ ਸੀ।
ਵਾਸਕੋ ਦੇ ਬੇੜੇ ਨੇ ਇੰਡੀਆ ਦੇ ਚਾਰ ਗੇੜੇ ਲਾਏ। ਚੌਥਾ ਗੇੜਾ ਲਾਉਂਦਿਆਂ 24 ਦਸੰਬਰ 1524 ਨੂੰ ਉਹ ਇੰਡੀਆ ਦੇ ਸ਼ਹਿਰ ਕੋਚੀ ਵਿਚ ਚਲਾਣਾ ਕਰ ਗਿਆ। ਪਹਿਲਾਂ ਉਹਦੀ ਦੇਹ ਕੋਚੀ ਵਿਚ ਦਫ਼ਨ ਕੀਤੀ ਫਿਰ ਪੁਰਤਗਾਲ ਲਿਜਾ ਕੇ ਦਫਨਾਈ ਗਈ। ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਫਿਰ ਰਾਵੀ ਕੰਢੇ ਕਰਤਾਰਪੁਰ ਨਗਰ ਵਸਾਇਆ। ਖ਼ੁਦ ਖੇਤੀਬਾੜੀ ਕੀਤੀ, ਲੰਗਰ ਲਾਏ ਤੇ 1539 ਵਿਚ ਸ਼੍ਰੀ ਕਰਤਾਰਪੁਰ ਸਾਹਿਬ ਹੀ ਜੋਤੀ ਜੋਤ ਸਮਾਏ।
ਸਮੇਂ ਦਾ ਗੇੜ ਵੇਖੋ। ਵਾਸਕੋ ਦਾ ਗਾਮਾ ਨੂੰ ਬਿਖੜੇ ਪੈਂਡਿਆਂ `ਤੇ ਪਾਉਣ ਵਾਲੇ ਮਾਇਆਧਾਰੀ ਮੁਨਾਫ਼ੇਖੋਰ ਮਲਟੀਨੈਸ਼ਨਲ ਕੰਪਨੀਆਂ ਬਣਾ ਕੇ ਕੁਲ ਦੁਨੀਆ ਦੀ ਦੌਲਤ ਲੁੱਟ ਰਹੇ ਤੇ ਮਾਇਆ `ਕੱਠੀ ਕਰਨ ਡਹੇ ਨੇ। ਹੋਰ ਮਾਇਆ `ਕੱਠੀ ਕਰਨ ਲਈ ਉਹ ਜੰਗੀ ਹਥਿਆਰ ਬਣਾ ਰਹੇ, ਮੁਲਕਾਂ ਨੂੰ ਪਾੜ ਰਹੇ, ਆਪਸ ਵਿਚ ਲੜਾ ਰਹੇ, ਨਸ਼ੇ ਵਰਤਾਅ ਰਹੇ, ਦਹਿਸ਼ਤ ਫੈਲਾਅ ਰਹੇ, ਵੱਡੇ ਵੱਡੇ ਮਾਲਜ਼ ਬਣਾ ਰਹੇ, ਵਣਜ ਵਪਾਰ ਹਥਿਆ ਰਹੇ, ਕਰੰਸੀ ਦੀ ਖੇਡ ਖੇਡ ਰਹੇ ਅਤੇ ਲੋਕਰਾਜਾਂ ਦੀ ਪੱਟੀ ਮੇਸ ਕਰਨ ਲਈ ਵੋਟਾਂ ਵੇਚ ਵੱਟ ਰਹੇ ਨੇ! ਮਾਇਆ ਦਾ ਖਿਲਾਰਾ, ਮਾੜਾ ਪਸਾਰਾ, ਹੁਣ ਸਭ ਦੇ ਸਾਹਮਣੇ ਹੈ।
ਨਾਵਲੈੱਟ ਉੱਡਣਾ ਸਿੱਖ ਮਿਲਖਾ ਸਿੰਘ `ਚੋਂ
ਰੋਮ ਵਿਚ ਪੂਰਾ ਜਸ਼ਨ ਦਾ ਮਾਹੌਲ ਸੀ। ਕੁੱਝ ਦੇਰ ਪਹਿਲਾਂ ਹੀ ਭਾਰਤੀ ਦਸਤਾ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਹਵਾਈ ਅੱਡੇ ਉੱਪਰ ਉੱਤਰਿਆ ਸੀ। ਰੋਮ ਸ਼ਹਿਰ ਝੰਡਿਆਂ ਅਤੇ ਬੈਨਰਾਂ ਨਾਲ ਚਮਕਾਇਆ ਹੋਇਆ ਸੀ। ਉਦਘਾਟਨੀ ਸਮਾਰੋਹ ਬੜਾ ਵਿਲੱਖਣ ਅਤੇ ਸ਼ਾਨਦਾਰ ਸੀ। ਸਾਰੀ ਦੁਨੀਆ ਤੋਂ ਸਜੇ-ਫਬੇ ਖਿਡਾਰੀਆਂ ਦੇ ਦਸਤੇ ਇਟਲੀ ਦੇ ਰਾਸ਼ਟਰਪਤੀ ਜਿਓਂਵਾਨੀ ਗ੍ਰੋਂਚੀ ਦੇ ਕੈਬਿਨ ਅੱਗਿਓਂ ਦੀ ਚੁਸਤੀ ਨਾਲ ਮਾਰਚ-ਪਾਸਟ ਕਰਦੇ ਲੰਘੇ।
400 ਮੀਟਰ ਦੌੜ ਵਿਚ ਲਗਭਗ 150 ਦੇਸ਼ਾਂ ਦੇ ਦੌੜਾਕ ਹਿੱਸਾ ਲੈ ਰਹੇ ਸਨ। ਮਿਲਖਾ ਸਿੰਘ ਸੈਮੀਫ਼ਾਈਨਲ ਤਕ ਹਰ ਇੱਕ ਹੀਟ ਵਿਚ ਜੇਤੂ ਰਿਹਾ। ਫਿਰ ਸੈਮੀਫ਼ਾਈਨਲ ਹੋਏ ਤੇ ਮਿਲਖਾ ਸਿੰਘ ਫ਼ਾਈਨਲ ਵਿਚ ਪਹੁੰਚ ਗਿਆ ਪਰ ਇੱਥੇ ਮਿਲਖਾ ਸਿੰਘ ਸ਼ਾਇਦ ਮਾਨਸਿਕ ਤਣਾਅ ਵਿਚ ਸੀ। ਫ਼ਾਈਨਲ ਤੋਂ ਪਹਿਲਾਂ ਦੋ ਰਾਤਾਂ ਉਸਨੂੰ ਨੀਂਦ ਨਾ ਆਈ। ਉਹ ਹਰ ਸਮੇਂ ਦੌੜ ਬਾਰੇ ਹੀ ਸੋਚਦਾ ਰਿਹਾ। ਇਸ ਨਾਲ ਉਸ ਉੱਪਰ ਦਬਾਅ ਬਣ ਗਿਆ। ਉਂਜ ਵੀ ਸੈਮੀਫ਼ਾਈਨਲ ਤੋਂ ਫ਼ਾਈਨਲਜ਼ ਵਿਚ ਸਿਰਫ਼ ਦੋ ਰਾਤਾਂ ਦਾ ਫ਼ਰਕ ਸੀ।
ਕੋਚ ਅਤੇ ਮੈਨੇਜਰ ਉਮਾਰਓ ਸਿੰਘ ਨੇ ਮਿਲਖਾ ਸਿੰਘ ਨੂੰ ਇੱਕ ਸ਼ਾਮ ਪਹਿਲਾਂ ਗੁਰੂਆਂ ਅਤੇ ਦਲੇਰ ਨਾਇਕਾਂ ਦੇ ਕਿੱਸੇ ਸੁਣਾ ਕੇ ਉਸਦਾ ਮਨੋਬਲ ਵਧਾਉਣ ਵਿਚ ਕਾਫ਼ੀ ਯੋਗਦਾਨ ਪਾਇਆ। ਅਗਲੀ ਸਵੇਰ ਫ਼ਾਈਨਲ ਦੌੜ ਸੀ। ਮਿਲਖਾ ਸਿੰਘ ਵੀ ਦੂਜੇ ਦੌੜਨ ਵਾਲਿਆਂ ਦੇ ਨਾਲ ਸਟਾਰਟਿੰਗ ਲਾਈਨ `ਤੇ ਆ ਖੜ੍ਹਾ। ਕਾਰਲ ਕਾਫਮੈਨ ਪਹਿਲੀ ਲੇਨ ਵਿਚ ਸੀ, ਦੂਜੀ ਵਿਚ ਅਮਰੀਕੀ ਓ. ਡੇਵਿਸ ਸੀ। ਤੀਜੀ ਲੇਨ ਵਿਚ ਪੋਲੈਂਡ ਦਾ ਦੌੜਾਕ, ਚੌਥੀ ਵਿਚ ਸਾਊਥ ਅਫਰੀਕਾ ਦਾ ਸਪੈਂਸ, ਪੰਜਵੀਂ ਵਿਚ ਮਿਲਖਾ ਸਿੰਘ ਤੇ ਛੇਵੀਂ ਲੇਨ ਵਿਚ ਜਰਮਨ ਦੌੜਾਕ ਸੀ। ਜਦੋਂ ‘ਆਨ ਯੂਅਰ ਮਾਰਕਸ’ ਕਿਹਾ ਤਾਂ ਗੋਡਿਆਂ ਭਾਰ ਹੋ ਕੇ ਮਿਲਖਾ ਸਿੰਘ ਨੇ ਅਰਦਾਸ ਕੀਤੀ, “ਐ ਧਰਤੀ ਮਾਤਾ, ਤੂੰ ਮੇਰੇ ਉੱਤੇ ਬੜੀ ਮਿਹਰ ਕੀਤੀ ਹੈ। ਮੈਂ ਦੁਆ ਕਰਦਾ ਹਾਂ, ਅੱਜ ਵੀ ਮੇਰੇ `ਤੇ ਮਿਹਰ ਕਰੀਂ”।
ਤੇ ਜਦੋਂ ਪਿਸਤੌਲ ਚੱਲੀ ਤਾਂ ਸਾਰੇ ਬਿਜਲੀ ਦੀ ਰਫ਼ਤਾਰ ਨਾਲ ਉੱਡ ਪਏ।
ਮਿਲਖਾ ਸਿੰਘ 250 ਮੀਟਰ ਖ਼ਤਰਨਾਕ ਤੇਜ਼ੀ ਨਾਲ ਦੌੜਿਆ। ਉਹ ਡਰ ਗਿਆ ਕਿਤੇ ਡਿੱਗ ਹੀ ਨਾ ਪਵਾਂ, ਹੌਲੀ ਹੋ ਜਾਵਾਂ। ਬੱਸ ਇੱਥੇ ਹੀ ਗ਼ਲਤੀ ਹੋ ਗਈ। ਮਿਲਖਾ ਸਿੰਘ ਲਿਖਦਾ ਹੈ:
“ਇਹ ਅਜਿਹਾ ਮਾਰੂ ਫ਼ੈਸਲਾ ਸੀ। ਜਿਸ `ਤੇ ਮੈਨੂੰ ਅੱਜ ਵੀ ਪਛਤਾਵਾ ਹੈ।”
ਬੱਸ ਉਸ ਉਕਾਈ ਨੇ ਮਿਲਖਾ ਸਿੰਘ ਨੂੰ ਪਿੱਛੇ ਧੱਕ ਕੇ ਚੌਥੀ ਥਾਂ `ਤੇ ਕਰ ਦਿੱਤਾ। ਉਸਨੇ ਇਹ ਦੌੜ 45.6 ਸਕਿੰਟ ਵਿਚ ਦੌੜੀ ਸੀ ਤੇ ਇਹ ਇੱਕ ਨਵਾਂ ਓਲੰਪਿਕ ਰਿਕਾਰਡ ਸੀ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਾਲਿਆਂ ਨੇ ਵੀ ਨਵੇਂ ਓਲੰਪਿਕ ਰੀਕਾਰਡ ਸਥਾਪਿਤ ਕੀਤੇ ਸਨ। ਪਹਿਲੀ ਪੁਜ਼ੀਸ਼ਨ ਵਾਲੇ ਡੇਵਿਸ ਤੇ ਦੂਜੀ ਪੁਜ਼ੀਸ਼ਨ ਵਾਲੇ ਕਾਫਮੈਨ ਦਾ ਸਮਾਂ 44.9 ਸਕਿੰਟ ਸੀ।
ਅਗਲੇ ਦਿਨ ਮਿਲਖਾ ਸਿੰਘ ਨੇ ਆਪਣੇ ਖੇਡ ਜੀਵਨ ਤੋਂ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ। ਪਰ ਹਰ ਕੋਈ ਚਾਹੁੰਦਾ ਸੀ, ‘ਦੇਸ਼ ਨੂੰ ਮਿਲਖਾ ਸਿੰਘ ਦੀ ਲੋੜ ਹੈ। ਦੇਸ਼ ਦੀ ਸ਼ਾਨ ਲਈ ਉਸਨੂੰ ਦੌੜਦੇ ਰਹਿਣਾ ਚਾਹੀਦਾ ਹੈ। ਇਸ ਵਾਰ ਭਾਵੇਂ ਉਹ ਜਿੱਤ ਨਹੀਂ ਸਕਿਆ। ਹਾਰ-ਜਿੱਤ ਖੇਡਾਂ ਦਾ ਹਿੱਸਾ ਹਨ। ਮਿਲਖਾ ਸਿੰਘ ਅਜੇ ਵੀ ਭਾਰਤੀ ਐਥਲੀਟਾਂ ਦੀ ਉਮੀਦ ਬਣਿਆ ਹੋਇਆ ਹੈ।’
ਪ੍ਰੈੱਸ, ਖੇਡ ਅਧਿਕਾਰੀਆਂ ਅਤੇ ਦੋਸਤਾਂ ਦੇ ਜ਼ੋਰ ਦੇਣ `ਤੇ ਮਿਲਖਾ ਸਿੰਘ ਨੇ ਸੰਨਿਅਸ ਲੈਣ ਦਾ ਫ਼ੈਸਲਾ ਰੱਦ ਕਰ ਦਿੱਤਾ ਤੇ ਫਿਰ ਆਪਣਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।
ਮਿਲਖਾ ਸਿੰਘ ਨੇ ਲਿਖਿਆ: ‘ਅੱਜ ਵੀ ਜਦੋਂ ਮੈਂ ਆਪਣੇ ਪਿਛਲੇ ਜੀਵਨ `ਤੇ ਝਾਤ ਮਾਰਦਾ ਹਾਂ ਤਾਂ ਦੋ ਘਟਨਾਵਾਂ ਹਨ ਜੋ ਅਜੇ ਵੀ ਮੇਰਾ ਪਿੱਛਾ ਨਹੀਂ ਛੱਡਦੀਆਂ। ਬਟਵਾਰੇ ਦੌਰਾਨ ਮੇਰੇ ਪਰਿਵਾਰ ਦਾ ਕਤਲਾਮ ਅਤੇ ਰੋਮ ਵਿਚ ਮੇਰੀ ਹਾਰ।’
***
ਉਸ ਵੇਲੇ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਮਿਲਖਾ ਸਿੰਘ ਨੂੰ ਸੁਝਾਅ ਦਿੱਤਾ ਕਿ ਉਹ ਫ਼ੌਜ ਦੀ ਨੌਕਰੀ ਛੱਡ ਕੇ ਪੰਜਾਬ ਦੇ ਸਰਕਾਰੀ ਅਹੁਦੇ `ਤੇ ਆ ਜਾਵੇ। ਤਨਖ਼ਾਹ ਵੀ ਫ਼ੌਜ ਨਾਲੋਂ ਵੱਧ ਦੇਣ ਦਾ ਵਾਅਦਾ ਕੀਤਾ। ਉਧਰ ਮਿਲਖਾ ਸਿੰਘ ਨੂੰ ਲੈਫਟੀਨੈਂਟ ਦੇ ਅਹੁਦੇ ਦੀ ਤਰੱਕੀ ਦੇਣ ਲਈ ਰੱਖਿਆ ਮੰਤਰੀ ਨੂੰ ਸਿਫ਼ਾਰਸ਼ ਭੇਜੀ ਹੋਈ ਸੀ। ਮਿਲਖਾ ਸਿੰਘ ਦੁਚਿੱਤੀ ਵਿਚ ਪਿਆ ਹੋਇਆ ਸੀ। ਕੈਰੋਂ ਸਾਹਬ ਨੇ ਉਸਨੂੰ ਮਨਾਉਣਾ ਜਾਰੀ ਰੱਖਿਆ। ਉਸਨੇ ਪੰਜਾਬ ਵਿਚ ਖੇਡ ਮਹਿਕਮਾ ਸਥਾਪਤ ਕਰਨ ਦੀ ਯੋਜਨਾ ਬਣਾਈ ਹੋਈ ਸੀ। ਉਸਦੀ ਇੱਛਾ ਸੀ ਕਿ ਮਿਲਖਾ ਸਿੰਘ ਦੀ ਨਿਗਰਾਨੀ ਵਿਚ ਨੌਜਵਾਨ ਮੁੰਡੇ ਕੁੜੀਆਂ ਨੂੰ ਖੇਡਾਂ ਦੀ ਸਿਖਲਾਈ ਮਿਲੇ।
ਇੱਕ ਵਾਰ ਕੈਰੋਂ, ਮਿਲਖਾ ਸਿੰਘ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਤੇ ਉੱਥੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਕਿਹਾ, ‘ਮਿਲਖਾ ਸਿੰਘ ਨੂੰ ਫ਼ੌਜ ਵਿਚੋਂ ਡਿਸਚਾਰਜ ਕਰਨ ਦੀ ਆਗਿਆ ਦਿਓ ਤਾਂ ਕਿ ਮੈਂ ਇਸ ਨੂੰ ਪੰਜਾਬ ਸਰਕਾਰ ਦੇ ਖੇਡ ਅਹੁਦੇ `ਤੇ ਤੈਨਾਤ ਕਰ ਸਕਾਂ…।’
ਫੌਜ ਤੋਂ ਮਿਲਖਾ ਸਿੰਘ ਦੀ ਵਿਦਾਇਗੀ ਬੜੀ ਉਦਾਸ ਅਤੇ ਵਿਲੱਖਣ ਸੀ। ਮਿਲਖਾ ਸਿੰਘ ਨੂੰ ਯੂਨਿਟ ਵੱਲੋਂ ਤੋਹਫ਼ੇ ਭੇਟ ਕੀਤੇ ਗਏ ਜੋ ਯਾਦਗਾਰੀ ਨਿਸ਼ਾਨੀਆਂ ਵਾਂਗ ਸੰਭਾਲੇ ਗਏ।
1961 ਦੇ ਨਵੰਬਰ ਮਹੀਨੇ ਮਿਲਖਾ ਸਿੰਘ ਨੇ ਪੰਜਾਬ ਸਰਕਾਰ ਦਾ ਖੇਡ ਮਹਿਕਮਾ ਜੁਆਇਨ ਕਰ ਲਿਆ। ਉਸ ਲਈ ਡਿਪਟੀ ਡਾਇਰੈਕਟਰ ਸਪੋਰਟਸ ਦੀ ਅਸਾਮੀ ਬਣਾਈ ਗਈ। ਮਿਲਖਾ ਸਿੰਘ ਕੋਲ 1958 ਵਿਚ ਖ਼ਰੀਦੀ ਫ਼ੀਅਟ ਕਾਰ ਸੀ ਤੇ ਉਹ ਦਿੱਲੀ ਤੋਂ ਚੰਡੀਗੜ੍ਹ ਰੋਜ਼ ਸਫ਼ਰ ਕਰਨ ਲੱਗਾ। ਬਾਅਦ ਵਿਚ ਮੁੱਖ ਮੰਤਰੀ ਕੈਰੋਂ ਦੇ ਦਖ਼ਲ ਨਾਲ ਚੰਡੀਗੜ੍ਹ `ਚ ਉਸਨੂੰ ਰਿਹਾਇਸ਼ ਮਿਲ ਗਈ ਤੇ ਉਹ 1962 ਵਿਚ ਜਕਾਰਤਾ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਅਭਿਆਸ ਕਰਨ ਲੱਗਾ। ਜਕਾਰਤਾ ਦੀਆਂ ਖੇਡਾਂ ਵਿਚੋਂ ਮਿਲਖਾ ਸਿੰਘ ਨੇ 400 ਮੀਟਰ ਅਤੇ 4+400 ਮੀਟਰ ਰਿਲੇਅ ਦੌੜ ਵਿਚੋਂ ਦੋ ਗੋਲਡ ਮੈਡਲ ਜਿੱਤੇ। 1964 ਵਿਚ ਟੋਕੀਓ ਓਲੰਪਿਕਸ ਹੋਣੀਆਂ ਸਨ ਜਿਥੇ ਉਸ ਨੇ ਭਾਗ ਲਿਆ ਪਰ ਕੋਈ ਮੈਡਲ ਨਾ ਜਿੱਤ ਸਕਿਆ। ਇਸ ਦੌਰਾਨ ਮਿਲਖਾ ਸਿੰਘ ਅਤੇ ਨਿੰਮੀ ਬਾਰੇ ਅਫ਼ਵਾਹਾਂ ਦਾ ਧੂੰਆਂ ਉੱਠਣ ਲੱਗ ਪਿਆ। ਭਿਣਕ ਮੁੱਖ ਮੰਤਰੀ ਕੈਰੋਂ ਨੂੰ ਵੀ ਲੱਗ ਗਈ। ਇੱਕ ਦਿਨ ਉਸ ਨੇ ਕਿਹਾ, “ਤੇਰੀ ਨਿਰਮਲ ਨਿੰਮੀ ਨਾਲ ਨੇੜਤਾ ਇੱਕ ਪਬਲਿਕ ਸਕੈਂਡਲ ਬਣ ਸਕਦੀ ਹੈ। ਇਹ ਬੜੀ ਮਾੜੀ ਗੱਲ ਹੈ।”
ਮਿਲਖਾ ਸਿੰਘ ਨੇ ਸਫ਼ਾਈ ਦਿੰਦਿਆਂ ਸਾਰੀ ਗੱਲ ਦੱਸੀ ਤੇ ਕਿਹਾ, “ਸਰ, ਜੇ ਤੁਸੀਂ ਨਾਰਾਜ਼ ਹੋ ਤਾਂ ਮੈਂ ਅਸਤੀਫ਼ਾ ਦੇ ਕੇ ਚੰਡੀਗੜ੍ਹ ਛੱਡ ਜਾਵਾਂਗਾ। ਪਰ ਮੈਂ ਨਿੰਮੀ ਨੂੰ ਪਿਆਰ ਕਰਦਾ ਹਾਂ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ।”
ਪਰਤਾਪ ਸਿੰਘ ਕੈਰੋਂ ਇਹ ਸੁਣ ਕੇ ਖ਼ੁਸ਼ ਹੋ ਗਏ ਤੇ ਕਿਹਾ, “ਜੇ ਤੂੰ ਨਿਰਮਲ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਹੁਣੇ ਕਰਵਾ ਲੈ, ਨਹੀਂ ਮਿਲਣਾ ਛੱਡ ਦੇ।” ਉਸ ਵੇਲੇ ਨਿੰਮੀ ਲੇਡੀ ਇਰਵਿਨ ਕਾਲਜ ਦਿੱਲੀ ਦੀ ਨੌਕਰੀ ਛੱਡ ਕੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿਚ ਸਹਾਇਕ ਡਾਇਰੈਕਟਰ ਦੇ ਅਹੁਦੇ ਉੱਪਰ ਸੀ। ਇੱਥੇ ਹੀ ਮਿਲਖਾ ਸਿੰਘ ਡਿਪਟੀ ਡਾਇਰੈਕਟਰ ਸੀ। ਦੋਹਾਂ ਦਾ ਹਰ ਰੋਜ਼ ਮਿਲਣਾ ਤਾਂ ਸੁਭਾਵਕ ਸੀ।
ਨਿਰਮਲ ਦੇ ਮਾਤਾ-ਪਿਤਾ ਉਸਨੂੰ ਕੈਨੇਡਾ ਤੋਂ ਮੁੜੇ ਇੱਕ ਇੰਜਨੀਅਰ ਨਾਲ ਵਿਆਹੁਣਾ ਚਾਹੁੰਦੇ ਸਨ। ਪਰ ਕੈਰੋਂ ਸਾਹਬ ਦੇ ਪ੍ਰਭਾਵ ਨਾਲ ਸਭ ਅੜਚਣਾਂ ਦੂਰ ਹੋ ਗਈਆਂ ਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। ਇਹ ਵਿਆਹ ਪੂਰੀ ਧੂਮਧਾਮ ਨਾਲ ਹੋਇਆ। ਮਿਲਖਾ ਸਿੰਘ ਨੇ ਲਿਖਿਆ, ‘ਮੇਰੇ ਜੀਵਨ ਦੀ ਇਹ ਸਭ ਤੋਂ ਵਧੀਆ ਤੇ ਕੀਮਤੀ ਟਰਾਫ਼ੀ ਸੀ, ਜਿਹੜੀ ਪ੍ਰਮਾਤਮਾ ਨੇ ਮੈਨੂੰ ਬਖ਼ਸ਼ੀ।’
1964 ਵਿਚ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਦੂਜੀ ਧੀ ਮੋਨਾ 1965 ਵਿਚ ਪੈਦਾ ਹੋਈ। 1967 ਵਿਚ ਤੀਸਰੀ ਧੀ ਸੋਨੀਆ ਨੇ ਜਨਮ ਲਿਆ ਤੇ 1970 ਵਿਚ ਦਸੰਬਰ ਮਹੀਨੇ ਬੇਟਾ ਚਿਰੰਜੀਵ ਮਿਲਖਾ ਸਿੰਘ ਪੈਦਾ ਹੋਇਆ। ਗ੍ਰਹਿਸਥੀ ਜੀਵਨ ਨੇ ਮਿਲਖਾ ਸਿੰਘ ਦੀਆਂ ਜ਼ਿੰਮੇਵਾਰੀਆਂ ਵੀ ਵਧਾ ਦਿੱਤੀਆਂ ਸਨ।
ਰੁਸਤਮੇ ਹਿੰਦ ਦਾਰਾ ਸਿੰਘ ਵਿਚੋਂ
1952 ਵਿਚ ਪਹਿਲਵਾਨ ਦਾਰਾ ਸਿੰਘ ਨੇ ਪਹਿਲੀ ਵਾਰ ਮਦਰਾਸ ਦੀ ਇੱਕ ਫ਼ਿਲਮ ‘ਦੀ ਵਰਲਡ’ ਵਿਚ ਫ਼ਿਲਮੀ ਕੁਸ਼ਤੀ ਲੜੀ ਸੀ। ਫਿਰ 1954 ਵਿਚ ਹਿੰਦੀ ਫ਼ਿਲਮਾਂ ਦੇ ਹਾਸਰਸ ਕਲਾਕਾਰ ਓਮ ਪਰਕਾਸ਼ ਨਾਲ ਕੁਸ਼ਤੀ ਲੜੀ। ਹੋਰ ਵੀ ਕੁੱਝ ਫ਼ਿਲਮਾਂ ਵਿਚ ਕੁਸ਼ਤੀਆਂ ਲੜੀਆਂ। ਕੁੱਝ ਫ਼ਿਲਮਾਂ ਵਿਚ ਸੰਵਾਦ ਵੀ ਬੋਲੇ। 1960 ਵਿਚ ਉਸਨੂੰ ਪੂਰਨ ਤੌਰ `ਤੇ ਫਿਲਮ ਵਿਚ ਕੰਮ ਕਰਨ ਦਾ ਸੱਦਾ ਮਿਲਿਆ। ਫਿਰ ਦੇਵੀ ਸ਼ਰਮਾ ਨੇ ਇੱਕ ਫ਼ਿਲਮ ਬਣਾਈ ‘ਕਿੰਗ ਕਾਂਗ’। ਇਹ ਫ਼ਿਲਮ ਪੂਰੀ ਸਫ਼ਲ ਰਹੀ। ਫ਼ਿਲਮਾਂ ਦੇ ਨਾਲ ਨਾਲ ਦਾਰਾ ਸਿੰਘ ਨੇ ਅਖਾੜੇ ਵਿਚ ਜ਼ੋਰ ਕਰਨਾ ਨਹੀਂ ਛੱਡਿਆ ਤੇ ਉਹ ਦੇਸ਼ ਅਤੇ ਵਿਦੇਸ਼ ਵਿਚ ਕੁਸ਼ਤੀਆਂ ਲੜਨ ਵੀ ਜਾਂਦਾ ਰਿਹਾ।
ਹੁਣ ਫ਼ਿਲਮੀ ਦੁਨੀਆ ਦੇ ਕੁੱਝ ਪੋ੍ਰਡਿਊਸਰ ਦਾਰਾ ਸਿੰਘ ਦੇ ਅੱਗੇ ਪਿੱਛੇ ਉਸ ਨੂੰ ‘ਸਾਈਨ’ ਕਰਨ ਲਈ ਘੁੰਮਣ ਲੱਗੇ। ਕੁਸ਼ਤੀ ਦੇ ਪ੍ਰਮੋਟਰਾਂ ਨੂੰ ਫਿਕਰ ਪੈ ਗਿਆ। ਸ਼ਾਇਦ ਫ਼ਿਲਮਾਂ ਦੇ ਚੱਕਰ ਵਿਚ ਦਾਰਾ ਸਿੰਘ ਕੁਸ਼ਤੀਆਂ ਲੜਨਾ ਹੀ ਛੱਡ ਦੇਵੇ। ਪਰ ਦਾਰਾ ਸਿੰਘ ਨੇ ਪੂਰੇ ਭਰੋਸੇ ਨਾਲ ਕਿਹਾ, “ਮੈਂ ਜਾਨਤਾ ਹੂੰ, ਫਿਲਮੋਂ ਮੇਂ ਕਾਮ ਕਰਨੇ ਕੇ ਲੀਏ ਮੈਂ ਕੁਸ਼ਤੀਆਂ ਨਹੀਂ ਛੋੜੂੰਗਾ।”
1962 ਵਿਚ ਦਾਰਾ ਸਿੰਘ ਦੇ ਘਰ ਲੜਕੀ ਨੇ ਜਨਮ ਲਿਆ। ਉਸਨੇ ਬੇਹੱਦ ਖ਼ੁਸ਼ੀ ਮਨਾਈ ਅਤੇ ਆਪਣੇ ਸਾਥੀ ਪਹਿਲਵਾਨਾਂ ਨੂੰ ਦਾਅਵਤ ਦਿੱਤੀ। ਇਸ ਦੌਰਾਨ ਦਾਰਾ ਸਿੰਘ ਨੇ ਰਾਜ ਕੁਮਾਰ ਕੋਹਲੀ ਦੀ ਫ਼ਿਲਮ, ‘ਏਕ ਥਾ ਅਲੀ ਬਾਬਾ’ ਸਾਈਨ ਕਰ ਲਈ। ਡਾਇਲਾਗ ਬੋਲਣ ਲਈ ਉਰਦੂ ਜ਼ਬਾਨ ਸਿੱਖਣ ਲਈ ਇੱਕ ਮਾਸਟਰ ਰੱਖ ਲਿਆ ਤੇ ਫਿਰ ਸਮਾਂ ਪਾ ਕੇ ਦਾਰਾ ਸਿੰਘ ਖ਼ੁਦ ਆਪਣੇ ਡਾਇਲਾਗ ਬੋਲਣ ਵਿਚ ਮਾਹਿਰ ਹੋ ਗਿਆ। ਪਹਿਲਾਂ ਉਸਦੇ ਡਾਇਲਾਗ ਕਿਸੇ ਹੋਰ ਦੀ ਆਵਾਜ਼ ਵਿਚ ਡੱਬ ਕੀਤੇ ਜਾਂਦੇ ਸਨ।
1964 ਵਿਚ ਦਾਰਾ ਸਿੰਘ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਬਣਾਈ ‘ਜੱਗਾ’। ਇਸ ਫ਼ਿਲਮ ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ। ਇੰਦਰਾ ਗਾਂਧੀ ਹੱਥੋਂ ਦਾਰਾ ਸਿੰਘ ਨੂੰ ਸਾਲ ਦੀ ਵਧੀਆ ਫ਼ਿਲਮ ਦਾ ਐਵਾਰਡ ਵੀ ਮਿਲਿਆ। ਦਾਰੇ ਦੀ ਖ਼ੁਸ਼ੀ ਦੁੱਗਣੀ ਹੋ ਗਈ। ਇਸੇ ਸਾਲ ਉਸਦੇ ਘਰ ਬੇਟੇ ਨੇ ਜਨਮ ਲਿਆ। ਹੁਣ ਦਾਰਾ ਸਿੰਘ ਨੇ ਬੰਬਈ ਵਿਖੇ ਪੱਕੀ ਰਿਹਾਇਸ਼ ਕਰ ਲਈ।
1965 ਵਿਚ ਦਾਰਾ ਸਿੰਘ ਦੀਆਂ ਇਕੱਠੀਆਂ ਬਾਰਾਂ ਫ਼ਿਲਮਾਂ ਰਿਲੀਜ਼ ਹੋਈਆਂ। ਇੱਕ ਵਾਰ ਤਾਂ ਅਜਿਹਾ ਹੋਇਆ, 1964 ਦੀਆਂ ਫ਼ਿਲਮਾਂ ਮਿਲਾ ਕੇ ਬੰਬਈ ਸ਼ਹਿਰ ਵਿਚ ਦੋ ਦਰਜਨਾਂ ਤੋਂ ਜ਼ਿਆਦਾ ਸਿਨੇਮਾ ਘਰਾਂ ਵਿਚ ਦਾਰਾ ਸਿੰਘ ਦੀਆਂ ਫ਼ਿਲਮਾਂ ਹੀ ਚੱਲ ਰਹੀਆਂ ਸਨ। ਬੰਬਈ ਦੇ ਇੱਕ ਰੋਜ਼ਾਨਾ ਅਖ਼ਬਾਰ ਨੇ ਲਿਖਿਆ: ਦੁਨੀਆ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਇੱਕ ਸਟਾਰ ਦੀਆਂ ਐਨੀਆਂ ਫ਼ਿਲਮਾਂ ਇਕੱਠੀਆਂ ਨਹੀਂ ਲੱਗੀਆਂ।
ਨਾਲ ਨਾਲ ਕੁਸ਼ਤੀਆਂ ਵੀ ਚਲਦੀਆਂ ਰਹੀਆਂ ਤੇ ਦਾਰਾ ਸਿੰਘ ਦੇ ਪਰਿਵਾਰ ਵਿਚ ਵਾਧਾ ਵੀ ਹੁੰਦਾ ਰਿਹਾ। 1965 ਦੀ ਪਾਕਿਸਤਾਨ ਨਾਲ ਲੱਗੀ ਜੰਗ ਵੇਲੇ ਦਾਰਾ ਸਿੰਘ ਨੇ ਪਰਮਵੀਰ ਚੱਕਰ, ਮਹਾਂਵੀਰ ਚੱਕਰ ਤੇ ਵੀਰ ਚੱਕਰ ਪ੍ਰਾਪਤ ਕਰਨ ਵਾਲੇ ਜਵਾਨਾਂ ਨੂੰ ਨਕਦ ਪੁਰਸਕਾਰਾਂ ਨਾਲ ਸਨਮਾਨਣ ਦਾ ਐਲਾਨ ਕਰ ਦਿੱਤਾ।
29 ਮਈ 1968 ਨੂੰ ਦਾਰਾ ਸਿੰਘ ਨੇ ਵਰਲਡ ਚੈਂਪੀਅਨਸ਼ਿਪ ਦੀ ਕੁਸ਼ਤੀ ਜਿੱਤ ਲਈ। ਉਸ ਨੇ ਵਰਲਡ ਚੈਂਪੀਅਨ ਲੋਏ ਥੀਸਜ਼ ਨੂੰ ਹਰਾਇਆ। ਇਸ ਤੋਂ ਬਾਅਦ ਦਾਰਾ ਸਿੰਘ ਨੇ ਕੁਸ਼ਤੀਆਂ ਛੱਡਣ ਦਾ ਇਰਾਦਾ ਦੱਸਿਆ ਤਾਂ ਉਸਦੇ ਪ੍ਰਸ਼ੰਸਕਾਂ ਨੇ ਬਹੁਤ ਇਤਰਾਜ਼ ਕੀਤਾ। ਦਾਰਾ ਸਿੰਘ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਉਸ ਨੇ ਆਖ਼ਰੀ ਕੁਸ਼ਤੀ 1983 ਨੂੰ ਦਿੱਲੀ ਦੇ ਇੰਦਰਾਪ੍ਰਸਥ ਸਟੇਡੀਅਮ ਵਿਖੇ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਲੜੀ ਤੇ ਬਿਨਾਂ ਹਾਰਿਆਂ ਕੁਸ਼ਤੀਆਂ ਤੋਂ ਰਿਟਾਇਰਮੈਂਟ ਲੈ ਲਈ।
ਫਿਰ ਦਾਰਾ ਸਿੰਘ ਦਾ ਸਾਰਾ ਧਿਆਨ ਫ਼ਿਲਮਾਂ ਵੱਲ ਹੋ ਗਿਆ। 1970 ਵਿਚ ਉਸਨੇ ਖ਼ੁਦ ਨਿਰਮਾਤਾ ਬਣਨ ਦੀ ਯੋਜਨਾ ਬਣਾਈ ਸੀ ਤੇ ਆਪਣੇ ਇੱਕ ਦੋਸਤ ਰਮਿੰਦਰ ਸਿੰਘ ਨਾਲ ਮਿਲ ਕੇ, ‘ਨਾਨਕ ਦੁਖੀਆ ਸਭ ਸੰਸਾਰ’ ਪੰਜਾਬੀ ਫ਼ਿਲਮ ਦਾ ਨਿਰਮਾਣ ਕੀਤਾ ਸੀ। ਇਸ ਫ਼ਿਲਮ ਦੀ ਫ਼ਿਲਮੀ ਪਟਕਥਾ ਦਾਰਾ ਸਿੰਘ ਨੇ ਖ਼ੁਦ ਲਿਖੀ ਤੇ ਬਲਰਾਜ ਸਾਹਨੀ, ਪ੍ਰਿਥਵੀ ਰਾਜ ਕਪੂਰ ਤੇ ਅਚਲਾ ਸਚਦੇਵ ਜਿਹੇ ਵੱਡੇ ਫ਼ਿਲਮੀ ਕਲਾਕਾਰਾਂ ਨੂੰ ਫ਼ਿਲਮ ਵਿਚ ਲਿਆ। ਇਹ ਫ਼ਿਲਮ ਬਹੁਤ ਕਾਮਯਾਬ ਰਹੀ ਤੇ ਫਿਰ ਦਾਰਾ ਸਿੰਘ ਨੇ ਇੱਕ ਹਿੰਦੀ ਫਿਲਮ ‘ਮੇਰਾ ਦੇਸ਼ ਮੇਰਾ ਧਰਮ’ ਬਣਾਈ। ਫਿਰ ‘ਭਗਤ ਧੰਨਾ ਜੱਟ’ ਬਣਾਈ। ਪੰਜਾਬੀ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ ਸਿੱਖ ਇਤਿਹਾਸ ਨਾਲ ਸਬੰਧਿਤ ਸੀ। ਇਸ ਫ਼ਿਲਮ ਦੇ ਫ਼ਿਲਮਾਂਕਣ ਤੇ ਰਿਲੀਜ਼ ਕਰਨ ਵਿਚ ਦਾਰਾ ਸਿੰਘ ਨੂੰ ਕਾਫੀ ਮੁਸ਼ਕਲਾਂ ਆਈਆਂ।
ਪਿਛਲੇ ਕੁੱਝ ਸਾਲਾਂ ਤੋਂ ਦਾਰਾ ਸਿੰਘ ਦੇ ਮਨ ਵਿਚ ਸੀ, ਪੰਜਾਬ ਵਿਚ ਫ਼ਿਲਮ ਇੰਡਸਟਰੀ ਵਿਕਸਤ ਕਰਨ ਲਈ ਫ਼ਿਲਮੀ ਸਟੂਡੀਓ ਵੀ ਚਾਹੀਦਾ ਹੈ। ਇਸ ਕੰਮ ਲਈ ਉਸ ਨੇ ਮੋਹਾਲੀ ਵਿਖੇ 5 ਏਕੜ ਜ਼ਮੀਨ ਲੈ ਕੇ ‘ਦਾਰਾ ਸਟੂਡੀਓ’ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਇਹ ਸਟੂਡੀਓ ਤਾਂ ਅੱਜ ਵੀ ਹੈ, ਪਰ ਕਦੇ ਨਹੀਂ ਸੁਣਿਆ ਕਿ ਇਸ ਸਟੂਡੀਓ ਵਿਚ ਫ਼ਿਲਮਾਂ ਦੀ ਕਦੇ ਸ਼ੂਟਿੰਗ ਹੋਈ ਹੋਵੇ।
ਟੀ.ਵੀ. ਸੀਰੀਅਲ ਰਮਾਇਣ ਵਿਚ ਦਾਰਾ ਸਿੰਘ ਨੇ ਹਨੂੰਮਾਨ ਦੀ ਭੂਮਿਕਾ ਨਿਭਾਈ ਜੋ ਪੂਰੇ ਭਾਰਤ ਦੇ ਦਰਸ਼ਕਾਂ ਵੱਲੋਂ ਸਲਾਹੀ ਗਈ। ਪਹਿਲਵਾਨ ਤਾਂ ਉਂਜ ਵੀ ਹਨੂੰਮਾਨ ਦੇ ਭਗਤ ਹੁੰਦੇ ਹਨ। ਦਾਰਾ ਸਿੰਘ ਨੇ ਇਹ ਕਿਰਦਾਰ ਆਪਣੀ ਰੂਹ ਨਾਲ ਨਿਭਾਇਆ।
ਪਹਿਲਵਾਨੀ ਦਾ ਸ਼ੌਕ ਰੱਖਣ ਵਾਲਿਆਂ ਲਈ ਦਾਰਾ ਸਿੰਘ ਨੇ ਆਪਣੀ ਰੋਜ਼ਾਨਾ ਖੁਰਾਕ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ, ‘ਹਰ ਰੋਜ਼ ਸੌ ਗਰਾਮ ਦੇਸੀ ਘਿਓ, ਦੋ ਕਿਲੋ ਦੁੱਧ, ਸੌ ਗਰਾਮ ਬਦਾਮਾਂ ਦੀਆਂ ਗਿਰੀਆਂ ਦੀ ਸ਼ਰਦਾਈ, ਦੋ ਕੁੱਕੜ ਜਾਂ 500 ਗਰਾਮ ਬੱਕਰੇ ਦਾ ਮਹਾਂ ਪਰਸ਼ਾਦ, ਸੌ ਗਰਾਮ ਔਲੇ ਦਾ ਜਾਂ ਗਾਜਰ ਦਾ ਜਾਂ ਸੇਬ ਦਾ ਮੁਰੱਬਾ। ਚਾਂਦੀ ਦੇ ਵਰਕ 10 ਪੰਨੇ, ਜੇ ਮੁਰੱਬਾ ਨਾ ਮਿਲੇ ਤਾਂ ਮੌਸਮੀ ਫਲ, ਤਿੰਨ ਜਾਂ ਚਾਰ ਰੋਟੀਆਂ ਦੋਨੋਂ ਵੇਲੇ। ਇੱਕ ਵੇਲੇ ਦਾਲ-ਸਬਜ਼ੀ ਨਾਲ ਤੇ ਇੱਕ ਵੇਲੇ ਕੁੱਕੜ ਜਾਂ ਮਹਾਂ ਪਰਸ਼ਾਦ ਨਾਲ। ਉੱਪਰ ਲਿਖੇ ਕੁੱਕੜ ਹੋਣ ਤਾਂ ਇੱਕ ਦੀ ਤਰੀ ਤੇ ਇੱਕ ਦਾ ਸੂਪ, ਮਹਾਂ ਪਰਸ਼ਾਦ ਹੋਵੇ ਤਾਂ ਅੱਧੇ ਦੀ ਤਰੀ ਤੇ ਅੱਧੇ ਦੀ ਯਖ਼ਨੀ। ਇਸ ਖੁਰਾਕ ਦਾ ਹਫ਼ਤੇ ਵਿਚ ਇੱਕ ਦਿਨ ਨਾਗਾ ਜ਼ਰੂਰੀ ਹੈ।’
ਇੰਨਾ ਕੁੱਝ ਖਾ ਕੇ ਇਸਨੂੰ ਹਜ਼ਮ ਕਰਨ ਲਈ ਵਰਜ਼ਿਸ ਵੀ ਜ਼ਰੂਰੀ ਹੈ। ਐਵੇਂ ਤਾਂ ਨੀ ਲੋਕ ਕਹਿੰਦੇ, “ਦਾਰਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ।”
ਇਸ ਮਹਾਨ ਪਹਿਲਵਾਨ, ਰੁਸਤਮੇ-ਹਿੰਦ, ਵਰਲਡ ਚੈਂਪੀਅਨ ਦਾਰਾ ਸਿੰਘ ਦਾ ਦਿਹਾਂਤ 12 ਜੁਲਾਈ 2012 ਨੂੰ ਮੁੰਬਈ ਵਿਖੇ ਹੋ ਗਿਆ।