‘ਪੰਜਾਬ ਟਾਈਮਜ਼’ ਦੇ 33ਵੇਂ ਅੰਕ ਵਿਚ ਛਪੇ ਦਲਜੀਤ ਅਮੀ ਦੇ ਆਰਟੀਕਲ ‘ਪੰਜਾਬੀ ਬੰਦੇ ਅੰਦਰ ਸੁਲਗਦਾ ਜਵਾਲਾਮੁਖੀ’ ਵਿਚ ਬੜੇ ਅਹਿਮ ਸਵਾਲ ਪਾਏ ਗਏ ਹਨ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਬਾਰੇ ਜਿਹੜੇ ਵਿਚਾਰ ਇਸ ਲੇਖ ਵਿਚ ਪੜ੍ਹੇ ਹਨ, ਉਨ੍ਹਾਂ ਬਾਰੇ ਸੋਚੀਦਾ-ਵਿਚਾਰੀਦਾ ਤਾਂ ਸੀ ਪਰ ਜਿਸ ਢੰਗ-ਤਰੀਕੇ ਨਾਲ ਲੇਖਕ ਨੇ ਤੱਥ ਜੋੜੇ ਹਨ, ਉਸ ਤਰ੍ਹਾਂ ਪਹਿਲਾਂ ਕਦੀ ਗੌਰ ਨਹੀਂ ਸੀ ਕੀਤਾ। ਪੰਜਾਬੀ ਬੰਦੇ ਦੀ ਮਾਨਸਿਕ ਹਾਲਤ ਦੀ ਚੀਰ-ਫਾੜ ਜਿਨ੍ਹਾਂ ਨੁਕਤਿਆਂ ਤੋਂ ਕੀਤੀ ਗਈ ਹੈ ਅਤੇ ਜਿਸ ਤਰ੍ਹਾਂ ਇਨ੍ਹਾਂ ਦਾ ਸਬੰਧ ਪੁਲਿਸ ਤੇ ਸਿਆਸਤਦਾਨਾਂ ਦੀਆਂ ਚਲਾਕੀਆਂ ਨਾਲ ਜੋੜਿਆ ਹੈ, ਉਹ ਪੜ੍ਹ ਕੇ ਲੱਗਣ ਲੱਗ ਪਿਆ ਕਿ ਬੰਦਾ ਕਿੰਜ ਇਨ੍ਹਾਂ ਦਾ ਮੋਹਰਾ ਬਣ ਜਾਂਦਾ ਹੈ।
ਇਹ ਗੱਲਾਂ ਠੀਕ ਹਨ ਕਿ ਬਹੁਤ ਸਾਰੇ ਮਸਲਿਆਂ ਦਾ ਹੱਲ ਸੰਜੀਦਾ ਸੰਵਾਦ ਰਾਹੀਂ ਕੱਢਿਆ ਜਾ ਸਕਦਾ ਹੈ ਪ੍ਰੰਤੂ ਸੰਵਾਦ ਰਚਾਉਂਦਾ ਕੌਣ ਹੈ? ਸੰਵਾਦ ਦੀ ਕਿਸ ਨੂੰ ਲੋੜ ਹੈ? ਨਿੱਤ ਬਥੇਰੇ ਲੋਕ ਮਿਲਦੇ ਹਨ ਜਿਹੜੇ ਕਿਸੇ ਮਸਲੇ ਬਾਰੇ ਗੱਲ ਨਹੀਂ ਕਰਦੇ ਸਗੋਂ ਆਪਣਾ ਵਿਚਾਰ ਅਗਲੇ ਉਤੇ ਥੋਪਦੇ ਹਨ। ਸਾਰੇ ‘ਆਪੋ-ਆਪਣੀ ਡਫਲੀ, ਆਪੋ-ਆਪਣਾ ਰਾਗ’ ਮੁਤਾਬਕ ਚੱਲੀ ਜਾਂਦੇ ਹਨ। ਹਾਕਮਾਂ ਨੂੰ ਇਹੀ ਕੁਝ ਚਾਹੀਦਾ ਹੁੰਦਾ ਹੈ। ਪਤਾ ਨਹੀਂ ਹਾਕਮਾਂ ਦੀ ਇਸ ਚਲਾਕੀ ਨੂੰ ਕੋਈ ਸੰਨ੍ਹ ਮਾਰ ਵੀ ਸਕੇਗਾ ਜਾਂ ਨਹੀਂ। ਚਲੋ, ਤੁਸੀਂ ਅਜਿਹੀਆਂ ਲਿਖਤਾਂ ਛਾਪ ਕੇ ਇਸ ਪਾਸੇ ਜਗਾਉਣ ਦੀ ਕੋਸ਼ਿਸ਼ ਤਾਂ ਕੀਤੀ ਹੀ ਹੈ।
-ਗੁਰਬਖਸ਼ ਸਿੰਘ ਸੋਢੀ
ਹਿਊਸਟਨ, ਟੈਕਸਸ।
—
ਰਿਬੇਰੋ ਦੀ ਕਿਤਾਬ ਸਿੱਖਾਂ ਵਾਸਤੇ ਮਿੱਠੀ ਜ਼ਹਿਰ
ਪੰਜਾਬ ਪੁਲਿਸ ਦੇ ਸਾਬਕਾ ਮੁਖੀ ਰਿਬੇਰੋ ਦੀ ਕਿਤਾਬ ‘ਬੁੱਲਟ ਫਾਰ ਬੁੱਲਟ’ ਸਿੱਖਾਂ ਵਾਸਤੇ ਮਿੱਠੀ ਜ਼ਹਿਰ ਹੈ। ਜੇ ਇਹ ਕਿਤਾਬ ਅੰਗਰੇਜ਼ੀ ਵਿਚ ਹੀ ਰਹਿੰਦੀ ਤਾਂ ਇਸ ਨੂੰ ਅੰਗਰੇਜ਼ੀ ਜਾਣਨ ਵਾਲੇ ਹੀ ਪੜ੍ਹਦੇ, ਪਰ ਹਰਪਾਲ ਸਿੰਘ ਪੰਨੂ ਇਸ ਦਾ ਅਨੁਵਾਦ ਕਰ ਕੇ ਇਸ ਨੂੰ ਸਿੱਖਾਂ ਦੇ ਗਲ ਪਾ ਰਹੇ ਹਨ। ਰਿਬੇਰੋ ਦਾ ਝੂਠ ਛੱਡ ਕੇ ਤੁਸੀਂ ਉਹ ਕੁਝ ਛਾਪੋ, ਜਿਸ ਤੋਂ ਸਿੱਖਾਂ ਨੂੰ ਸਹੀ ਸੇਧ ਮਿਲੇ। ਅਜਿਹੀਆਂ ਰਚਨਾਵਾਂ ਦੀ ਕੋਈ ਘਾਟ ਵੀ ਨਹੀਂ ਹੈ। ਕਲਮ ਦੀ ਸੇਵਾ ਕ੍ਰਿਪਾਨ ਦੀ ਸੇਵਾ ਤੋਂ ਕਿਤੇ ਘੱਟ ਨਹੀਂ ਹੁੰਦੀ। ਉਮੀਦ ਹੈ ਕਿ ਮੇਰੇ ਇਸ ਸੁਝਾਅ ਬਾਰੇ ਤੁਸੀਂ ਜ਼ਰੂਰ ਵਿਚਾਰ ਕਰੋਗੇ।
-ਅਮਰੀਕ ਸਿੰਘ ਮਨਟੀਕਾ
ਫੋਨ: 209-321-1893
—
ਸ਼ਖਸੀਅਤਾਂ ਦੇ ਨਾ ਆਉਣ ਬਾਰੇ ਚਰਚਾ
ਪੰਜਾਬ ਟਾਈਮਜ਼ ਦੇ ਦਫਤਰ ਵਿਚ ਸਿਆਸੀ ਆਗੂਆਂ ਅਤੇ ਹੋਰ ਸ਼ਖਸੀਅਤਾਂ ਦੇ ਨਾ ਆਉਣ ਜਾਂ ਉਨ੍ਹਾਂ ਦੀਆਂ ਤਸਵੀਰਾਂ ਅਖਬਾਰ ਵਿਚ ਨਾ ਛਪਣ ਬਾਰੇ ਚਰਚਾ ਪੜ੍ਹੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਟਾਈਮਜ਼ ਅਜਿਹਾ ਅਖਬਾਰ ਨਹੀਂ ਜਿਸ ਨੂੰ ਬਹੁਤ ਲੋਕਪ੍ਰਿਅ ਦੱਸਣ ਲਈ ਇਨ੍ਹਾਂ ਸ਼ਖਸੀਅਤਾਂ ਦੇ ਆਸਰੇ ਦੀ ਲੋੜ ਪਵੇ। ਸਾਡੇ ਲਈ ਤਾਂ ਸਭ ਤੋਂ ਵੱਡੀ ਸ਼ਖਸੀਅਤ ਅਖਬਾਰ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਹਨ ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਟਾਈਮਜ਼ ਦਾ ਸਟਾਫ, ਕਾਲਮਨਵੀਸ ਅਤੇ ਲੇਖਕ ਹਨ ਜੋ ਸਖਤ ਮਿਹਨਤ ਕਰਕੇ ਸਾਨੂੰ ਇਹ ਮਿਆਰੀ ਅਤੇ ਮੁਕੰਮਲ ਅਖਬਾਰ ਮੁਹੱਈਆ ਕਰਦੇ ਹਨ। ਪੰਜਾਬ ਟਾਈਮਜ਼ ਦੇ ਪਾਠਕ ਵੀ ਧੰਨਵਾਦ ਦੇ ਹੱਕਦਾਰ ਹਨ ਜੋ ਇਸ ਅਖਬਾਰ ਨੂੰ ਇੰਨਾ ਪਿਆਰ ਕਰਦੇ ਹਨ। ਸਾਡੀ ਬੇਨਤੀ ਹੈ ਕਿ ਆਉਣ ਵਾਲੇ ਅੰਕਾਂ ਵਿਚ ਪੰਜਾਬ ਟਾਈਮਜ਼ ਦੇ ਸਾਰੇ ਸਟਾਫ ਦੀ ਤਸਵੀਰ ਛਾਪੀ ਜਾਵੇ। ਅਸੀਂ ਉਨ੍ਹਾਂ ਦੇ ਤਹਿ ਦਿਲੋਂ ਰਿਣੀ ਹਾਂ ਅਤੇ ਆਪਣੇ ਪਿਆਰੇ ਅਖਬਾਰ ਦੀ ਹੋਰ ਤਰੱਕੀ ਲਈ ਅਰਦਾਸ ਕਰਦੇ ਹਾਂ। ਇਕ ਹੋਰ ਸੁਝਾਅ ਵੀ ਹੈ ਕਿ ਪੰਜਾਬ ਟਾਈਮਜ਼ ਦੀ ਵਰ੍ਹੇਗੰਢ ਬੇ-ਏਰੀਆ ਵਿਚ ਵੀ ਮਨਾਈ ਜਾਵੇ ਤਾਂ ਜੋ ਸਾਨੂੰ ਪੰਜਾਬ ਟਾਈਮਜ਼ ਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲ ਸਕੇ।
-ਇੰਦਰਜੀਤ ਮੰਗਾ, ਨੀਲਮ ਮੰਗਾ
ਪਿਟਸਬਰਗ, ਕੈਲੀਫੋਰਨੀਆ।
Leave a Reply