ਯੂਕਰੇਨ ਨਾਲ ‘ਵਧੀਕੀ` ਪਿੱਛੋਂ ਰੂਸ ਦੀ ਆਰਥਿਕ ਪੱਖੋਂ ਘੇਰਾਬੰਦੀ

ਵਾਸ਼ਿੰਗਟਨ: ਯੂਕਰੇਨ ਉਤੇ ਹਮਲੇ ਪਿੱਛੋਂ ਅਮਰੀਕਾ, ਯੂਰਪੀ ਯੂਨੀਅਨ, ਇੰਗਲੈਂਡ ਸਣੇ ਵੱਡੀ ਗਿਣਤੀ ਮੁਲਕਾਂ ਨੇ ਰੂਸ ਦੀ ਆਰਥਿਕ ਪੱਖੋਂ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਯੂਰਪੀ ਯੂਨੀਅਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਦੇ ਅਸਾਸੇ ਜਾਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਲਾਤਵੀਆ ਦੇ ਵਿਦੇਸ਼ ਮੰਤਰੀ ਐਡਗਰਸ ਰਿਨਕੈਵਿਕਸ ਨੇ ਟਵੀਟ ਕਰਕੇ ਯੂਰਪੀ ਯੂਨੀਅਨ ਦੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਪੂਤਿਨ ਤੇ ਲੈਵਰੋਵ ਤੇ ਖਾਤੇ ਜਾਮ ਕਰਨ ਦੇ ਫੈਸਲੇ ਤੋਂ ਸਾਫ ਹੈ ਕਿ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਨੂੰ ਰੋਕਣ ਲਈ ਪੱਛਮ ਵੱਲੋਂ ਆਉਂਦੇ ਦਿਨਾਂ ‘ਚ ਰੂਸ ਖਿਲਾਫ ਹੋਰ ਸਖਤ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਅਮਰੀਕਾ ਅਤੇ ਜਾਪਾਨ ਸਣੇ ਹੋਰ ਕਈ ਮੁਲਕਾਂ ਨੇ ਰੂਸ ਖਿਲਾਫ ਪਹਿਲਾ ਹੀ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਅਮਰੀਕਾ, ਯੂਰਪੀਅਨ ਯੂਨੀਅਨ ਤੇ ਇੰਗਲੈਂਡ ਨੇ ਰੂਸ ਦੇ ਕੇਂਦਰੀ ਬੈਂਕ ‘ਤੇ ਪਾਬੰਦੀਆਂ ਲਗਾਉਣ ‘ਤੇ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਚੋਣਵੇਂ ਰੂਸੀ ਬੈਂਕਾਂ ਨੂੰ ਸਵਿਫਟ ਆਲਮੀ ਫਾਇਨਾਂਸ਼ੀਅਲ ਮੈਸੇਜਿੰਗ ਸਿਸਟਮ ਨੂੰ ਬਲਾਕ ਕਰਨ ਦਾ ਵੀ ਫੈਸਲਾ ਲਿਆ ਹੈ। ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਕਾਰਨ ਸਾਂਝੇ ਤੌਰ ‘ਤੇ ਨਵੀਆਂ ਵਿੱਤੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਵ੍ਹਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ ‘ਤੇ ਬੇਮਿਸਾਲ ਪਾਬੰਦੀਆਂ ਲਗਾਈਆਂ ਗਈਆਂ ਹਨ, ਜੋ ਕਿ ਰੂਸ ਨੂੰ ਵਿਸ਼ਵ ਦੀ ਵਿੱਤੀ ਪ੍ਰਣਾਲੀ ਤੋਂ ਵੱਖ ਕਰ ਦੇਣਗੀਆਂ ਅਤੇ ਅਤਿ ਆਧੁਨਿਕ ਤਕਨੀਕ ਤੱਕ ਉਸ ਦੀ ਪਹੁੰਚ ਖਤਮ ਕਰ ਦੇਣਗੀਆਂ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨੇੜਲੇ ਸਹਿਯੋਗੀ, ਭਾਰਤੀ-ਅਮਰੀਕੀ ਦਲੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਕਦਮਾਂ ਵਿਚ ਰੂਸੀ ਫੌਜੀ ਬਲਾਂ ‘ਤੇ ਵਿਆਪਕ ਪਾਬੰਦੀ ਲਗਾਉਣਾ ਸ਼ਾਮਲ ਹੈ ਅਤੇ ਇਨ੍ਹਾਂ ਪਾਬੰਦੀਆਂ ਰਾਹੀਂ ਰੂਸ ਦੇ ਰੱਖਿਆ, ਹਵਾਈ ਅਤੇ ਸਮੁੰਦਰੀ ਖੇਤਰਾਂ ‘ਤੇ ਵੀ ਨਿਸ਼ਾਨਾ ਸੇਧਿਆ ਜਾਵੇਗਾ। ਇਸ ਤੋਂ ਪਹਿਲਾਂ, ਬਾਇਡਨ ਨੇ ਰੂਸ ਖਿਲਾਫ ਕਈ ਸਖਤ ਆਰਥਿਕ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਦਲੀਪ ਸਿੰਘ ਕੌਮਾਂਤਰੀ ਅਰਥਸ਼ਾਸਤਰ ਨਾਲ ਸਬੰਧਤ ਮਾਮਲਿਆਂ ਵਿਚ ਅਮਰੀਕਾ ਦੇ ਕੌਮੀ ਉਪ ਸੁਰੱਖਿਆ ਸਲਾਹਕਾਰ ਹਨ ਅਤੇ ਕੌਮੀ ਆਰਥਿਕ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ। ਉਨ੍ਹਾਂ ਕਿਹਾ, ”ਅਸੀਂ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਵਿੱਤੀ ਸੰਸਥਾਵਾਂ ਸਾਈਬਰ ਬੈਂਕ ਅਤੇ ਵੀ.ਟੀ.ਬੀ. ‘ਤੇ ਪਾਬੰਦੀ ਲਗਾਵਾਂਗੇ, ਜਿਨ੍ਹਾਂ ਕੋਲ 750 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਸੰਪਤੀ ਹੈ, ਜੋ ਰੂਸ ਦੀ ਬੈਂਕਿੰਗ ਪ੍ਰਣਾਲੀ ਦੀ ਕੁੱਲ ਸੰਪਤੀ ਦਾ ਅੱਧ ਨਾਲੋਂ ਵੱਧ ਹੈ।“ ਉਨ੍ਹਾਂ ਕਿਹਾ, ”ਵੀ.ਟੀ.ਬੀ. ਦੇ ਮਾਮਲੇ ਵਿਚ ਅਸੀਂ ਅਮਰੀਕੀ ਵਿੱਤੀ ਪ੍ਰਣਾਲੀ ਨਾਲ ਸਬੰਧਤ ਇਸ ਦੀਆਂ ਸਾਰੀਆਂ ਸੰਪਤੀਆਂ ਨੂੰ ਫਰੀਜ ਕਰ ਦੇਵਾਂਗੇ ਅਤੇ ਅਮਰੀਕੀ ਨਾਗਰਿਕਾਂ ਦੇ ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ‘ਤੇ ਪਾਬੰਦੀ ਲਗਾ ਦੇਵਾਂਗੇ।“ ਸਿੰਘ ਮੁਤਾਬਕ ਅਮਰੀਕੀ ਪ੍ਰਸ਼ਾਸਨ ਯੂਰਪੀ ਸੰਘ, ਆਸਟਰੇਲੀਆ, ਜਪਾਨ, ਕੈਨੇਡਾ, ਨਿਊਜ਼ੀਲੈਂਡ, ਬਰਤਾਨੀਆ ਅਤੇ ਤਾਇਵਾਨ ਦੇ ਨਾਲ ‘ਇਤਿਹਾਸਕ ਤੌਰ ‘ਤੇ ਨਜਦੀਕੀ ਤਾਲਮੇਲ‘ ਨਾਲ ਤਿਆਰ ਕਈ ਬੇਮਿਸਾਲ ਬਰਾਮਦਗੀ ਪਾਬੰਦੀਆਂ ਵੀ ਲਾਗੂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਪਾਬੰਦੀਆਂ ਵਿਚ ਰੂਸ ਦੇ ਫੌਜੀ ਬਲਾਂ ‘ਤੇ ਵਿਆਪਕ ਪਾਬੰਦੀਆਂ ਲਗਾਉਣੀਆਂ ਅਤੇ ਰੱਖਿਆ, ਹਵਾਈ ਅਤੇ ਸਮੁੰਦਰੀ ਖੇਤਰ ਵਿਚ ਅਤਿ ਆਧੁਨਿਕ ਤਕਨੀਕ ਨੂੰ ਰੂਸ ਦੀ ਪਹੁੰਚ ਤੋਂ ਦੂਰ ਕਰਨਾ ਸ਼ਾਮਲ ਹੈ, ਜਿਸ ਨਾਲ ਪੂਤਿਨ ਦੀ ਫੌਜੀ ਤਾਕਤ ਵਿਚ ਘਾਟ ਆਵੇਗੀ।
ਯੂਕਰੇਨ ‘ਤੇ ਹਮਲਾ ਕੀਤੇ ਜਾਣ ਦੇ ਜਵਾਬ ਵਿਚ ਜਪਾਨ ਨੇ ਰੂਸ ‘ਤੇ ਹੋਰ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਕਿਹਾ ਕਿ ਰੂਸੀ ਸਮੂਹਾਂ, ਬੈਂਕਾਂ ਅਤੇ ਵਿਅਕਤੀਗਤ ਅਸਾਸੇ ਫਰੀਜ ਕਰਨ ਅਤੇ ਸੈਮੀਕੰਡਕਟਰਜ ਤੇ ਰੂਸ ਵਿਚ ਫੌਜ ਨਾਲ ਸਬੰਧਤ ਸੰਸਥਾਵਾਂ ਨੂੰ ਹੋਰ ਸੰਵੇਦਨਸ਼ੀਲ ਵਸਤਾਂ ਬਰਾਮਦ ਕਰਨ ‘ਤੇ ਰੋਕ ਲਗਾਉਣ ਸਮੇਤ ਹੋਰ ਕਈ ਨਵੇਂ ਕਦਮ ਉਠਾਏ ਗਏ ਹਨ। ਕਿਸ਼ਿਦਾ ਨੇ ਕਿਹਾ ਕਿ ਜਪਾਨ ਆਪਣਾ ਪੱਖ ਬਿਲਕੁਲ ਸਪੱਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਉਹ ਕਦੇ ਵੀ ਤਾਕਤ ਦੇ ਜੋਰ ‘ਤੇ ਕਿਸੇ ਦੀ ਮੌਜੂਦਾ ਸਥਿਤੀ ਬਦਲਣ ਦੀ ਕੋਸ਼ਿਸ਼ ਨੂੰ ਸਹਿਣ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵੀ ਜਪਾਨ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਸਨ।
ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਵਾਂਗੇ: ਬਾਇਡਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਵੱਲੋਂ ਯੂਕਰੇਨ ‘ਤੇ ਬਿਨਾਂ ਕਿਸੇ ਭੜਕਾਹਟ ਤੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਹਮਲੇ ਨੂੰ ਰੂਸ ਦੀ ਧੱਕੇਸ਼ਾਹੀ ਕਰਾਰ ਦਿੱਤਾ। ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਤੇ ਇਸ ਦੇ ਭਾਈਵਾਲਾਂ ਵੱਲੋਂ ‘ਰੂਸ ਨੂੰ ਜਵਾਬਦੇਹ‘ ਬਣਾਇਆ ਜਾਵੇਗਾ। ਪੂਤਿਨ ਦੀ ਇਸ ਪੇਸ਼ਕਦਮੀ ‘ਤੇ ਆਪਣੇ ਪ੍ਰਤੀਕਰਮ ਵਿਚ ਬਾਇਡਨ ਨੇ ਕਿਹਾ ਉਨ੍ਹਾਂ ਦੇ ਰੂਸੀ ਹਮਰੁਤਬਾ ਨੇ ”ਗਿਣਮਿੱਥੀ ਜੰਗ ਦੀ ਚੋਣ ਕੀਤੀ ਹੈ, ਜਿਸ ਨਾਲ ਮਨੁੱਖੀ ਜਾਨਾਂ ਦਾ ਵਿਨਾਸ਼ਕਾਰੀ ਨੁਕਸਾਨ ਹੋਵੇਗਾ।“
ਮੇਰੇ ਕਾਰਜਕਾਲ ਦਾ ਸਭ ਤੋਂ ਗਮਗੀਨ ਲਮਹਾ: ਗੁਟੇਰੇਜ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ ਨੇ ਰੂਸੀ ਸਦਰ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ਵਿਚ ਵਿਸ਼ੇਸ਼ ਫੌਜੀ ਕਾਰਵਾਈ ਦੇ ਕੀਤੇ ਐਲਾਨ ਨੂੰ ‘ਆਪਣੇ ਕਾਰਜਕਾਲ ਦਾ ਸਭ ਤੋਂ ਗਮਗੀਨ ਲਮਹਾ` ਕਰਾਰ ਦਿੱਤਾ ਹੈ। ਗੁਟੇਰੇਜ ਨੇ ਕਿਹਾ, ‘’ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਵਜੋਂ ਇਹ ਮੇਰੇ ਕਾਰਜਕਾਲ ਦਾ ਸਭ ਤੋਂ ਉਦਾਸ ਲਮਹਾ ਹੈ। ਮੈਂ ਰਾਸ਼ਟਰਪਤੀ ਪੂਤਿਨ ਨੂੰ ਸੰਬੋਧਨ ਹੁੰਦਿਆਂ ਸੁਰੱਖਿਆ ਕੌਂਸਲ ਮੀਟਿੰਗ ਦੀ ਸ਼ੁਰੂਆਤ ਕੀਤੀ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਰੂਸੀ ਸਦਰ ਨੂੰ ਆਖਦਾ ਹਾਂ: ਆਪਣੀਆਂ ਫੌਜਾਂ ਨੂੰ ਯੂਕਰੇਨ ਖਿਲਾਫ ਹਮਲਾਵਰ ਹੋਣ ਤੋਂ ਰੋਕਣ, ਸ਼ਾਂਤੀ ਤੇ ਅਮਨ ਦਾ ਇਕ ਮੌਕਾ ਦਿੱਤਾ ਜਾਵੇ ਕਿਉਂਕਿ ਪਹਿਲਾਂ ਹੀ ਕਈ ਲੋਕ ਮਾਰੇ ਜਾ ਚੁੱਕੇ ਹਨ।“
ਜੰਗ ਲਈ ਅਮਰੀਕਾ ਤੇ ਉਸ ਦੇ ਭਾਈਵਾਲ ਦੋਸ਼ੀ: ਚੀਨ
ਚੀਨ ਨੇ ਯੂਕਰੇਨ ‘ਤੇ ਹਮਲੇ ਲਈ ਰੂਸ ਦਾ ਸਾਥ ਦਿੰਦਿਆਂ ਕਿਹਾ ਹੈ ਕਿ ਜੰਗ ਲਈ ਅਮਰੀਕਾ ਤੇ ਉਸ ਦੇ ਭਾਈਵਾਲ ਦੋਸ਼ੀ ਹਨ। ਉਸ ਨੇ ਰੂਸ ਤੋਂ ਕਣਕ ਮੰਗਵਾਉਣ ਨੂੰ ਪ੍ਰਵਾਨਗੀ ਦੇ ਕੇ ਆਪਣੀ ਦੋਸਤੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਚੀਨ ਦੇ ਇਸ ਕਦਮ ਨਾਲ ਰੂਸ ‘ਤੇ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦੇ ਸੰਭਾਵੀ ਅਸਰ ਘੱਟ ਸਕਦੇ ਹਨ। ਚੀਨ ਨੇ ਹੋਰ ਧਿਰਾਂ ਨੂੰ ਕਿਹਾ ਹੈ ਕਿ ਉਹ ਦੂਜਿਆਂ ਦੇ ਜਾਇਜ਼ ਸੁਰੱਖਿਆ ਖਤਰਿਆਂ ਵੱਲ ਧਿਆਨ ਦੇਣ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਤਣਾਅ ਵਧਾਉਣ ਜਾਂ ਜੰਗ ਦੀ ਸੰਭਾਵਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ।