ਯੂਕਰੇਨ `ਤੇ ਹਮਲੇ ਤੋਂ ਬਾਅਦ ਰੂਸ ਖਿਲਾਫ ਰੋਹ ਭਖਿਆ

ਬਰਲਿਨ: ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੇ ਵਿਰੋਧ ਅਤੇ ਯੂਕਰੇਨੀ ਲੋਕਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਅਤੇ ਇੰਗਲੈਂਡ ‘ਚ ਲੱਖਾਂ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤੇ। ਬਰਲਿਨ ‘ਚ ਕਰੀਬ ਇਕ ਲੱਖ ਲੋਕਾਂ ਨੇ ਪ੍ਰਦਰਸ਼ਨ ‘ਚ ਹਿੱਸਾ ਲਿਆ। ਸੈਂਟਰਲ ਬਰਲਿਨ ਦੇ ਬ੍ਰੈਂਡਨਬਰਗ ਗੇਟ ਦੇ ਆਲੇ-ਦੁਆਲੇ ਲੋਕ ਜੁੜੇ ਹੋਏ ਸਨ। ਸ਼ਾਂਤਮਈ ਪ੍ਰਦਰਸ਼ਨ ‘ਚ ਬਹੁਤੇ ਪਰਿਵਾਰ ਅਤੇ ਬੱਚੇ ਹਾਜਰ ਸਨ। ਲੋਕਾਂ ਨੇ ਆਪਣੀ ਹਮਾਇਤ ਦਿੰਦਿਆਂ ਯੂਕਰੇਨ ਦੇ ਝੰਡੇ ਲਹਿਰਾਏ। ਕੁਝ ਲੋਕਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ‘ਯੂਕਰੇਨ ਤੋਂ ਲਾਂਭੇ ਹੋਵੋ‘ ਅਤੇ ‘ਪੂਤਿਨ ਆਪਣਾ ਇਲਾਜ ਕਰਵਾਓ ਅਤੇ ਯੂਕਰੇਨ ਤੇ ਦੁਨੀਆਂ ਨੂੰ ਸ਼ਾਂਤੀ ਲਈ ਛੱਡ ਦਿਓ‘ ਲਿਖਿਆ ਹੋਇਆ ਸੀ।

ਉਧਰ, ਬ੍ਰਿਟੇਨ ਦੇ ਕਈ ਹਿੱਸਿਆਂ ‘ਚ ਵੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰੈਲੀਆਂ ਕੱਢੀਆਂ। ਲੰਡਨ ‘ਚ ਰੂਸ ਦੇ ਸਫ਼ਾਰਤਖ਼ਾਨੇ ‘ਤੇ ਲੋਕਾਂ ਨੇ ਅੰਡੇ ਸੁੱਟੇ ਅਤੇ ਦੀਵਾਰਾਂ ‘ਤੇ ਜੰਗ ਖਤਮ ਕਰਨ ਸਬੰਧੀ ਨਾਅਰੇ ਲਿਖ ਦਿੱਤੇ। ਲੰਡਨ ‘ਚ ਡਾਊਨਿੰਗ ਸਟਰੀਟ, ਮੈਨਚੈਸਟਰ ਅਤੇ ਐਡਿਨਬਰਾ ‘ਚ ਪ੍ਰਦਰਸ਼ਨ ਹੋਏ ਸਨ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਉਨ੍ਹਾਂ ਰੂਸ ਨੂੰ ਆਲਮੀ ਵਿੱਤੀ ਪ੍ਰਣਾਲੀ ਤੋਂ ਬਾਹਰ ਕੱਢਣ ਲਈ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਰਲ ਕੇ ਕੰਮ ਕਰਨ ਤਾਂ ਜੋ ਪੂਤਿਨ ਨੂੰ ਜੰਗ ਦੀ ਕੀਮਤ ਚੁਕਾਉਣੀ ਪਵੇ।
ਰੂਸੀ ਹਮਲੇ ਦਰਮਿਆਨ ਜਦੋਂ ਲੱਖਾਂ ਲੋਕ ਯੂਕਰੇਨ ਛੱਡ ਰਹੇ ਹਨ ਤਾਂ ਕੁਝ ਯੂਕਰੇਨੀ ਮਰਦ ਅਤੇ ਔਰਤਾਂ ਯੂਰਪੀਅਨ ਮੁਲਕਾਂ ਤੋਂ ਵਤਨ ਪਰਤ ਰਹੇ ਹਨ ਤਾਂ ਜੋ ਆਪਣੀ ਮਾਤ-ਭੂਮੀ ਦੀ ਰੱਖਿਆ ਕੀਤੀ ਜਾ ਸਕੇ। ਪੋਲੈਂਡ ਦੇ ਦੱਖਣ-ਪੂਰਬ ‘ਚ ਮੇਦਿਕਾ ਨਾਕੇ ‘ਤੇ ਕਈ ਵਾਹਨ ਯੂਕਰੇਨ ‘ਚ ਦਾਖਲ ਹੋਣ ਲਈ ਕਤਾਰ ‘ਚ ਖੜ੍ਹੇ ਸਨ। ਯੂਕਰੇਨ ‘ਚ ਦਾਖਲ ਹੋਣ ਲਈ ਨਾਕੇ ਵੱਲ ਜਾ ਰਹੇ 20 ਟਰੱਕ ਡਰਾਈਵਰਾਂ ਸਾਹਮਣੇ ਇਕ ਵਿਅਕਤੀ ਨੇ ਕਿਹਾ,”ਸਾਨੂੰ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨੀ ਪਵੇਗੀ। ਜੇਕਰ ਅਸੀਂ ਰੱਖਿਆ ਨਹੀਂ ਕਰਾਂਗੇ ਤਾਂ ਹੋਰ ਕੌਣ ਅੱਗੇ ਆਵੇਗਾ।“ ਗਰੁੱਪ ‘ਚ ਸ਼ਾਮਲ ਇਕ ਹੋਰ ਵਿਅਕਤੀ ਨੇ ਕਿਹਾ,”ਰੂਸੀਆਂ ਨੂੰ ਡਰਨਾ ਚਾਹੀਦਾ ਹੈ। ਸਾਨੂੰ ਕੋਈ ਡਰ ਨਹੀਂ ਹੈ।“
ਅਮਰੀਕਾ ਤੇ ਕੈਨੇਡਾ ਵਿਚ ਰੂਸੀ ਵੋਦਕਾ ਦਾ ‘ਬਾਈਕਾਟ`
ਵਾਸ਼ਿੰਗਟਨ: ਅਮਰੀਕਾ ਵਿਚ ਕੁਝ ਬਾਰ ਤੇ ਸ਼ਰਾਬ ਦੇ ਠੇਕੇ ਅਨੋਖੇ ਢੰਗ ਨਾਲ ਰੂਸ ਦਾ ਵਿਰੋਧ ਕਰ ਰਹੇ ਹਨ। ਯੂਕਰੇਨ ‘ਤੇ ਹਮਲਾ ਕਰਨ ਦੇ ਵਿਰੋਧ ਵਿਚ ਉਨ੍ਹਾਂ ਰੂਸੀ ਵੋਦਕਾ (ਸ਼ਰਾਬ) ਨੂੰ ਕਾਊਂਟਰ ਤੋਂ ਹਟਾ ਦਿੱਤਾ ਹੈ ਤੇ ਯੂਕਰੇਨੀ ਬਰਾਂਡ ਵੇਚੇ ਜਾ ਰਹੇ ਹਨ। ਮਿਸ਼ੀਗਨ ਵਿਚਲੇ ਬੌਬਸ ਬਾਰ ਦੇ ਮਾਲਕ ਬੌਬ ਕੁਆਏ ਨੇ ਕਿਹਾ ਕਿ ਬੇਸ਼ੱਕ ਅਮਰੀਕੀ ਸਰਕਾਰ ਪਾਬੰਦੀਆਂ ਲਾ ਰਹੀ ਹੈ ਪਰ ਉਨ੍ਹਾਂ ਆਪਣਾ ਢੰਗ ਚੁਣਿਆ ਹੈ। ਉਨ੍ਹਾਂ ਰੂਸ ਦੇ ਬਰਾਂਡ ਹਟਾ ਕੇ ਯੂਕਰੇਨ ਦੀ ਵੈਕਟਰ ਨੂੰ ਥਾਂ ਦੇਣੀ ਸ਼ੁਰੂ ਕਰ ਦਿੱਤੀ ਹੈ।
ਪੂਤਿਨ ਵੱਲੋਂ ਰੂਸ ਦੇ ਪਰਮਾਣੂ ਦਲ ਨੂੰ ਹਾਈ ਅਲਰਟ
ਕੀਵ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸ ਦੇ ਪਰਮਾਣੂ ਦਲਾਂ ਨੂੰ ਹਾਈ ਅਲਰਟ ਦੇ ਰਹਿਣ ਦੇ ਹੁਕਮ ਦਿੱਤੇ ਹਨ। ਰੂਸ ਵੱਲੋਂ ਯੂਕਰੇਨ ਖਿਲਾਫ ਫੌਜੀ ਕਾਰਵਾਈ ਜਾਰੀ ਹੈ ਤੇ ਅਜਿਹੇ ਦੌਰ ਵਿਚ ਪਰਮਾਣੂ ਦਲਾਂ ਨੂੰ ਹਾਈ ਅਲਰਟ ਦੇ ਰਹਿਣ ਦੇ ਹੁਕਮਾਂ ਕਾਰਨ ਤਣਾਅ ਹੋਰ ਵਧਣ ਦੇ ਆਸਾਰ ਹਨ। ਇਸ ਸਬੰਧੀ ਪੂਤਿਨ ਨੇ ਕਿਹਾ ਕਿ ਨਾਟੋ (ਨਾਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ) ਦੇ ਪ੍ਰਮੁੱਖ ਮੈਂਬਰ ਦੇਸ਼ਾਂ ਵੱਲੋਂ ਦਿੱਤੀ ਜਾ ਰਹੀ ਹਮਲਾਵਰ ਬਿਆਨਬਾਜ਼ੀ ਕਾਰਨ ਉਨ੍ਹਾਂ ਨੇ ਪਰਮਾਣੂ ਹਾਈ ਅਲਰਟ ਦੇ ਹੁਕਮ ਦਿੱਤੇ ਹਨ।