ਸੰਯੁਕਤ ਰਾਸ਼ਟਰ `ਚ ਰੂਸ ਖਿਲਾਫ ਮਤੇ ਤੋੋਂ ਭਾਰਤ ਨੇ ਬਣਾਈ ਦੂਰੀ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਰੂਸ ਦੇ ਹਮਲੇ ਦੀ ਸਖਤ ਆਲੋਚਨਾ ਕਰਨ ਲਈ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਮਤੇ ਸਬੰਧੀ ਵੋਟਿੰਗ ‘ਚ ਭਾਰਤ ਨੇ ਹਿੱਸਾ ਨਹੀਂ ਲਿਆ। ਭਾਰਤ ਨੇ ਜੰਗ ਤੁਰਤ ਪ੍ਰਭਾਵ ਤੋਂ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਤਭੇਦਾਂ ਅਤੇ ਵਿਵਾਦਾਂ ਦਾ ਹੱਲ ਸਿਰਫ ਗੱਲਬਾਤ ਰਾਹੀਂ ਹੋ ਸਕਦਾ ਹੈ। ਸੁਰੱਖਿਆ ਕੌਂਸਲ ਵਿਚ ਇਹ ਮਤਾ ਪਾਸ ਨਹੀਂ ਹੋ ਸਕਿਆ ਕਿਉਂਕਿ ਸਥਾਈ ਮੈਂਬਰ ਰੂਸ ਅਤੇ ਫਰਵਰੀ ਮਹੀਨੇ ਲਈ ਸੁਰੱਖਿਆ ਕੌਂਸਲ ਦੇ ਪ੍ਰਧਾਨ ਵੱਲੋਂ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਗਿਆ। ਮਤੇ ਦੇ ਹੱਕ ਵਿਚ 11 ਵੋਟਾਂ ਪਈਆਂ ਜਦਕਿ ਭਾਰਤ, ਚੀਨ ਤੇ ਸੰਯੁਕਤ ਅਰਬ ਅਮੀਰਾਤ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਕੌਂਸਲ ਵਿਚ ਭਾਰਤ ਨੇ ਮਤੇ ਦੇ ਹੱਕ ‘ਚ ਵੋਟ ਨਾ ਪਾਉਣ ਬਾਰੇ ਬੋਲਦਿਆਂ ਕਿਹਾ, ”ਯੂਕਰੇਨ ਦੇ ਹਾਲ ਦੇ ਘਟਨਾਕ੍ਰਮ ਤੋਂ ਭਾਰਤ ਕਾਫੀ ਚਿੰਤਤ ਹੈ। ਅਸੀਂ ਹਿੰਸਾ ਤੇ ਦੁਸ਼ਮਣੀ ਨੂੰ ਤੁਰੰਤ ਪ੍ਰਭਾਵ ਤੋਂ ਖਤਮ ਕਰਨ ਲਈ ਹਰ ਸੰਭਵ ਕਦਮ ਉਠਾਉਣ ਦੀ ਅਪੀਲ ਕਰਦੇ ਹਾਂ।“ ਉਨ੍ਹਾਂ ਕਿਹਾ, ”ਮਤਭੇਦਾਂ ਅਤੇ ਵਿਵਾਦਾਂ ਦੇ ਹੱਲ ਦਾ ਇਕੋ-ਇਕ ਰਾਹ ਗੱਲਬਾਤ ਹੈ। ਸਾਨੂੰ ਕੂਟਨੀਤੀ ਦੇ ਰਾਹ ‘ਤੇ ਪਰਤਣਾ ਚਾਹੀਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਭਾਰਤ ਨੇ ਮਤੇ ‘ਤੇ ਵੋਟਿੰਗ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ।“
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਮਤੇ ‘ਤੇ ਵੋਟਿੰਗ ਹੋਈ। ਇਸ ਨੂੰ ਆਸਟਰੇਲੀਆ, ਐਸਤੋਨੀਆ, ਫਿਨਲੈਂਡ, ਜੌਰਜੀਆ, ਜਰਮਨੀ, ਇਟਲੀ ਸਣੇ ਕਈ ਹੋਰ ਦੇਸ਼ਾਂ ਨੇ ਸਹਿ-ਪ੍ਰਸਤਾਵਿਤ ਕੀਤਾ ਸੀ।
15 ਮੈਂਬਰੀ ਸੁਰੱਖਿਆ ਕੌਂਸਲ ਵਿਚ ਇਕ ਸਥਾਈ ਮੈਂਬਰ ਰੂਸ ਨੇ ਆਸ ਮੁਤਾਬਕ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਅਤੇ ਮਤਾ ਅਸਫਲ ਰਿਹਾ ਪਰ ਪੱਛਮੀ ਦੇਸ਼ਾਂ ਨੇ ਕਿਹਾ ਕਿ ਇਹ ਮਤਾ ਯੂਕਰੇਨ ਖਿਲਾਫ ਕਾਰਵਾਈਆਂ ਤੇ ਹਮਲੇ ਲਈ ਰੂਸ ਨੂੰ ਵਿਸ਼ਵ ਤੋਂ ਵੱਖ ਕਰਨ ਦੀ ਮੰਗ ਕਰਦਾ ਹੈ।
ਇਸ ਦੌਰਾਨ ਸਾਰੀਆਂ ਅੱਖਾਂ ਭਾਰਤ ‘ਤੇ ਸਨ ਕਿ ਉਹ ਇਸ ਮਤੇ ‘ਤੇ ਕਿਹੜੇ ਪਾਸੇ ਵੋਟ ਪਾਉਂਦਾ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਕਾਫੀ ਮਜ਼ਬੂਤ ਸਬੰਧ ਹਨ। ਕੌਂਸਲ ਦਾ ਇਹ ਮਤਾ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ, ਏਕਤਾ ਅਤੇ ਉਸ ਦੀ ਖੇਤਰੀ ਅਖੰਡਤਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਾ ਸੀ।
ਪ੍ਰਿੰਸ ਵਿਲੀਅਮ ਯੂਕਰੇਨ ਵਾਸੀਆਂ ਦੇ ਹੱਕ `ਚ ਨਿੱਤਰੇ
ਲੰਡਨ: ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਤੇ ਉਸ ਦੀ ਪਤਨੀ ਕੇਟ ਨੇ ਕਿਹਾ ਕਿ ਉਹ ਯੂਕਰੇਨ ਦੇ ਲੋਕਾਂ ਦੇ ਸਮਰਥਨ ਵਿਚ ਖੜ੍ਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਕਿਸੇ ਸਿਆਸੀ ਵਿਸ਼ੇ ‘ਤੇ ਅਜਿਹਾ ਵਿਲੱਖਣ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਤੂਬਰ 2020 ਵਿਚ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੰਸਕੀ ਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਸੀ ਤੇ ਦੋਹਾਂ ਨੇ ਯੂਕਰੇਨ ਦੇ ਚੰਗੇ ਭਵਿੱਖ ਦੀ ਆਸ ਜਤਾਈ ਸੀ। ਪ੍ਰਿੰਸ ਵਿਲੀਅਮ ਨੇ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਤੇ ਯੂਕਰੇਨੀ ਲੋਕਾਂ ਦਾ ਸਮਰਥਨ ਕਰਦੇ ਹਨ ਜੋ ਰੂਸ ਖਿਲਾਫ ਜੰਗ ਲੜ ਰਹੇ ਹਨ।
ਰਿਪਬਲਿਕਨ ਸੈਨੇਟਰ ਭਾਰਤ ਤੋਂ ਨਿਰਾਸ਼
ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੇ ਸੈਨੇਟਰ ਜੌਹਨ ਕੋਰਨਿਨ ਨੇ ਸਲਾਮਤੀ ਪਰਿਸ਼ਦ ‘ਚ ਰੂਸ ਖਿਲਾਫ ਮਤੇ ‘ਚੋਂ ਭਾਰਤ ਦੇ ਗੈਰਹਾਜ਼ਰ ਰਹਿਣ ‘ਤੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਦੋਸ਼ ਲਾਇਆ ਕਿ ਭਾਰਤ ਨੇ ਜਨਤਕ ਤੌਰ ‘ਤੇ ਮਾਸਕੋ ਦੀ ਨਿਖੇਧੀ ਕੀਤੀ ਹੈ ਪਰ ਉਹ ਰੂਸ ਨਾਲ ਰਣਨੀਤਕ ਸਬੰਧਾਂ ‘ਚ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੋ ਹੋਰ ਕਾਂਗਰਸਮੈਨ ਨੇ ਭਾਰਤ ਦੇ ਸੁਰੱਖਿਆ ਕੌਂਸਲ ‘ਚ ਵੋਟਿੰਗ ‘ਚੋਂ ਗੈਰਹਾਜ਼ਰ ਰਹਿਣ ਦੇ ਫੈਸਲੇ ਖਿਲਾਫ ਪ੍ਰਤੀਕਰਮ ਦਿੱਤਾ ਸੀ। ਭਾਰਤੀ ਅਮਰੀਕੀ ਕਾਂਗਰਸਮੈਨ ਰੋ ਖੰਨਾ ਨੇ ਟਵੀਟ ਕਰਕੇ ਕਿਹਾ ਸੀ ਕਿ 1962 ਦੀ ਜੰਗ ਸਮੇਂ ਭਾਰਤ ਨਾਲ ਰਾਸ਼ਟਰਪਤੀ ਕੈਨੇਡੀ ਖੜ੍ਹੇ ਹੋਏ ਸਨ। ਇਸੇ ਤਰ੍ਹਾਂ ਇਕ ਹੋਰ ਕਾਂਗਰਸਮੈਨ ਐਰਿਕ ਸਵਾਲਵੈੱਲ ਨੇ ਵੀ ਭਾਰਤ ਦੇ ਸਟੈਂਡ ‘ਤੇ ਨਿਰਾਸ਼ਾ ਜਤਾਈ ਸੀ।