ਨਵੀਂ ਦਿੱਲੀ: ਭਾਰਤ ਤੋਂ ਪੜ੍ਹਾਈ ਕਰਨ ਲਈ ਯੂਕਰੇਨ ਗਏ ਹਜ਼ਾਰਾਂ ਵਿਦਿਆਰਥੀ ਪਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਯੁੱਧ ਕਾਰਨ ਕਈ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ। ਭਾਵੇਂ ਯੂਕਰੇਨ ਵਿਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ‘ਅਪਰੇਸ਼ਨ ਗੰਗਾ` ਚਲਾਇਆ ਹੋਇਆ ਹੈ ਪਰ ਦੇਰ ਨਾਲ ਸ਼ੁਰੂ ਕੀਤੇ ਇਸ ਮਿਸ਼ਨ ਕਾਰਨ ਹਾਲਾਤ ਔਖੇ ਹੋ ਗਏ ਹਨ। ਯੂਕਰੇਨ ਵਿਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ `ਤੇ ਰੂਸੀ ਫੌਜਾਂ ਵੱਲੋਂ ਕਬਜ਼ਾ ਕਰਨ ਮਗਰੋਂ ਘੱਟੋ-ਘੱਟ ਸੈਂਕੜੇ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ ਵਿਚ ਸ਼ਰਨ ਲਈ ਹੋਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ।
ਡਾਕਟਰ ਬਣਨ ਲਈ ਯੂਕਰੇਨ ਗਏ ਵਿਦਿਆਰਥੀ ਅਤੇ ਇਧਰ ਰਹਿ ਰਹੇ ਉਨ੍ਹਾਂ ਦੇ ਮਾਪਿਆਂ ਦੀ ਪਰੇਸ਼ਾਨੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਯੂਕਰੇਨ ਵਿਚ ਸਿਰਫ ਮਸ਼ੀਨੀ ਫਿਲਟਰ ਪਾਣੀ ਹੀ ਪੀਤਾ ਜਾ ਸਕਦਾ ਹੈ ਤੇ ਉਸ ਦਾ ਵੀ ਸੰਕਟ ਖੜ੍ਹਾ ਹੋ ਰਿਹਾ ਹੈ। ਉਥੇ ਫਸੇ ਵਿਦਿਆਰਥੀਆਂ ਨੇ ਦੱਸਿਆ ਕਿ ਮਾਰਕੀਟ ‘ਚ ਦੁੱਧ ਤੇ ਬਰੈੱਡ ਖਤਮ ਹੋ ਗਏ ਹਨ। ਉਨ੍ਹਾਂ ਨੂੰ 1-1 ਪੈਕਟ ਬਿਸਕੁਟ ਦੇ ਮਿਲੇ ਹਨ। ਕੋਈ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਹੈ। ਕੁਝ ਬੱਚੇ ਕੀਵ ਜਾਣ ਵਾਲੀ ਰੇਲ ਗੱਡੀ ਵਿਚ ਚੜ੍ਹ ਗਏ ਪਰ ਉਨ੍ਹਾਂ ਨੂੰ ਰਾਹ ਵਿਚ ਹੀ ਉਤਾਰ ਦਿੱਤਾ ਗਿਆ। ਹੁਣ ਉਹ ਅਸੁਰੱਖਿਅਤ ਰੁਲ ਰਹੇ ਹਨ।
ਵਿਦਿਆਰਥੀਆਂ ਦੇ ਮਾਪਿਆਂ ਦਾ ਗਿਲਾ ਹੈ ਕਿ ਯੂਕਰੇਨ ਵਿਚ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਅਸਲ ਸਮੱਸਿਆ ਖਾਰਕੋਵ ਅਤੇ ਕੀਵ ਵਰਗੇ ਸ਼ਹਿਰਾਂ ਦੀ ਹੈ। ਇਹ ਰੂਸ ਦੀ ਸਰਹੱਦ ਨਾਲ ਲੱਗਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਰੂਸ ਵਿਚੋਂ ਸੁਰੱਖਿਅਤ ਲਾਂਘਾ ਮਿਲ ਸਕਦਾ ਹੈ ਪਰ ਭਾਰਤ ਸਰਕਾਰ ਰੂਸ ਨਾਲ ਕੋਈ ਗੱਲ ਨਹੀਂ ਕਰ ਰਹੀ। ਖਾਰਕੋਵ ਦੇ ਵਿਦਿਆਰਥੀਆਂ ਲਈ ਸੈਂਕੜੇ ਕਿਲੋਮੀਟਰ ਸਫਰ ਕਰ ਕੇ ਪੋਲੈਂਡ, ਹੰਗਰੀ, ਅਰਮਾਨੀਆ ਜਾਣਾ ਸੰਭਵ ਨਹੀਂ।
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੈਣ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ 1.10 ਕਰੋੜ ਰੁਪਏ ਵਿਚ ਪੈ ਰਹੀ ਹੈ। ਇਹ ਆਉਣ-ਜਾਣ ਦਾ ਖਰਚਾ ਦੱਸਿਆ ਜਾ ਰਿਹਾ ਹੈ ਤੇ ਖਰਚ ਉਡਾਣ ਦੇ ਸਮੇਂ ਉਤੇ ਨਿਰਭਰ ਹੈ। ਸੂਤਰਾਂ ਮੁਤਾਬਕ ਏਅਰ ਇੰਡੀਆ ਨੂੰ ਉਡਾਣ 7-8 ਲੱਖ ਰੁਪਏ ਪ੍ਰਤੀ ਘੰਟਾ ਪੈ ਰਹੀ ਹੈ। ਏਅਰਲਾਈਨ ਵੱਡੇ ਆਕਾਰ ਵਾਲੇ ਬੋਇੰਗ 787 ਜਹਾਜ਼ ਜਿਨ੍ਹਾਂ ਨੂੰ ਡਰੀਮਲਾਈਨਰ ਵੀ ਕਿਹਾ ਜਾਂਦਾ ਹੈ, ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਭੇਜ ਰਹੀ ਹੈ ਜਿੱਥੋਂ ਭਾਰਤੀਆਂ ਨੂੰ ਚੁੱਕਿਆ ਜਾ ਰਿਹਾ ਹੈ।
ਇਹ ਰੋਮਾਨੀਆ ਤੇ ਹੰਗਰੀ ਜਾ ਰਹੇ ਹਨ। ਏਅਰ ਇੰਡੀਆ ਪਹਿਲਾਂ ਹੀ ਸੈਂਕੜੇ ਭਾਰਤੀਆਂ ਨੂੰ ਵਾਪਸ ਲਿਆ ਚੁੱਕੀ ਹੈ। ਇਹ ਉਡਾਣਾਂ ਭਾਰਤ ਸਰਕਾਰ ਨੇ ਚਾਰਟਰਡ ਆਧਾਰ ਉਤੇ (ਕਿਰਾਏ ਉਤੇ) ਏਅਰਲਾਈਨ ਤੋਂ ਲਈਆਂ ਹਨ। ਏਅਰਲਾਈਨ ਦੇ ਇਕ ਸੂਤਰ ਨੇ ਦੱਸਿਆ ਕਿ ਚਾਰਟਰਡ ਫਲਾਈਟ ਦਾ ਪ੍ਰਤੀ ਘੰਟਾ ਖਰਚ ਸੱਤ ਤੋਂ 8 ਲੱਖ ਰੁਪਏ ਪੈਂਦਾ ਹੈ ਤੇ ਕੁੱਲ ਖਰਚਾ ਇਸ ਗੱਲ ਉਤੇ ਨਿਰਭਰ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਿੰਨਾ ਸਮਾਂ ਲੱਗੇਗਾ। ਇਸ ਸਾਰੇ ਖਰਚੇ ਵਿਚ ਸਟਾਫ, ਈਂਧਨ, ਨੇਵੀਗੇਸ਼ਨ, ਲੈਂਡਿੰਗ ਤੇ ਪਾਰਕਿੰਗ ਦੇ ਖਰਚੇ ਸ਼ਾਮਲ ਹਨ।
ਏਅਰ ਇੰਡੀਆ ਦੀਆਂ ਉਡਾਣਾਂ ਇਸ ਵੇਲੇ ਬੁਖਾਰੈਸਟ (ਰੋਮਾਨੀਆ) ਤੇ ਬੁਡਾਪੈਸਟ (ਹੰਗਰੀ) ਤੋਂ ਉਡਾਣਾਂ ਚਲਾ ਰਹੀ ਹੈ। ਇਨ੍ਹਾਂ ਦੋਵਾਂ ਥਾਵਾਂ ਉਤੇ ਏਅਰਲਾਈਨ ਦੀਆਂ ਉਡਾਣਾਂ ਸ਼ਡਿਊਲ ਤਹਿਤ ਨਹੀਂ ਜਾਂਦੀਆਂ, ਇਹ ਆਫਲਾਈਨ ਸਟੇਸ਼ਨ ਹਨ। ਉਡਾਣ ਟਰੈਕ ਕਰਨ ਵਾਲੀ ਵੈੱਬਸਾਈਟ ‘ਫਲਾਈਟ ਅਵੇਅਰ` ਮੁਤਾਬਕ ਬੁਖਾਰੈਸਟ ਤੋਂ ਮੁੰਬਈ ਉਡਾਣ ਨੇ ਛੇ ਘੰਟੇ, ਬੁਡਾਪੈਸਟ ਤੋਂ ਦਿੱਲੀ ਦੀ ਉਡਾਣ ਨੇ ਛੇ ਘੰਟੇ ਤੇ ਦਿੱਲੀ ਤੋਂ ਬੁਖਾਰੈਸਟ ਦੀ ਇਕ ਉਡਾਣ ਨੇ ਸੱਤ ਘੰਟੇ ਲਏ ਹਨ। ਇਸ ਤਰ੍ਹਾਂ ਆਉਣ-ਜਾਣ ਦਾ ਸਮਾਂ 14 ਘੰਟੇ ਬਣਦਾ ਹੈ ਤੇ ਖਰਚ ਕਰੀਬ 1.10 ਕਰੋੜ ਰੁਪਏ ਬਣਦਾ ਹੈ।
ਯੂਕਰੇਨ ਵਿਚ ਪੜ੍ਹਨ ਗਏ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਆਪਣੇ ਬੱਚਿਆਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਪਰ ਉਹ ਅਜੇ ਵੀ ਬਹੁਤ ਜਿਆਦਾ ਚਿੰਤਤ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਦੇਸ਼ ਲਿਆਂਦਾ ਜਾਵੇ।
ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਵਾਪਸੀ ਲਈ ਫਿਕਰਮੰਦ ਮਾਪਿਆਂ ਨੇ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ। ਕਈ ਵਿਦਿਆਰਥੀ ਖਰਕੀਵ ਵਿਚ ਮੈਟਰੋ ਸਟੇਸ਼ਨਾਂ ਅਤੇ ਕਈ ਵਿਦਿਆਰਥੀ ਹੋਸਟਲਾਂ ਦੀਆਂ ਬੇਸਮੈਂਟਾਂ ਵਿਚ ਠਹਿਰੇ ਹੋਏ ਹਨ। ਕਈ ਵਿਦਿਆਰਥੀਆਂ ਨੇ 26 ਅਤੇ 27 ਫਰਵਰੀ ਨੂੰ ਵਾਪਸੀ ਦੀ ਤਿਆਰੀ ਕੀਤੀ ਹੋਈ ਸੀ ਪਰ ਅਚਾਨਕ ਬਦਲੇ ਹਾਲਾਤ ਕਾਰਨ ਵਾਪਸ ਨਹੀਂ ਆ ਸਕੇ। ਉਨ੍ਹਾਂ ਕੋਲ ਖਾਣ-ਪੀਣ ਦਾ ਰਾਸ਼ਨ ਵੀ ਨਹੀਂ ਹੈ, ਏ.ਟੀ.ਐਮ. ਬੰਦ ਹੋ ਚੁੱਕੇ ਹਨ, ਸੁਰੱਖਿਅਤ ਥਾਵਾਂ ਦੀ ਵੀ ਘਾਟ ਹੈ। ਮਾਪਿਆਂ ਨੇ ਕਿਹਾ ਕਿ ਭਾਵੇਂ ਉਹ ਆਪਣੇ ਬੱਚਿਆਂ ਦੇ ਸੰਪਰਕ ਵਿਚ ਹਨ ਪਰ ਉਨ੍ਹਾਂ ਦੇ ਫਿਕਰ ਵਧ ਰਹੇ ਹਨ।
ਵਿਦਿਆਰਥੀਆਂ ਦੀ ਹਰ ਸੰਭਵ ਮਦਦ ਲਈ ਯਤਨ ਜਾਰੀ: ਹਰਸਿਮਰਤ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ‘ਤੇ ਲਾਈਵ ਹੁੰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਦੀ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਹੈ। ਉਹ ਉਮੀਦ ਕਰਦੇ ਹਨ ਕਿ ਮਾਲਵਾ ਖੇਤਰ ਦੇ ਬੱਚੇ ਜਲਦੀ ਹੀ ਆਪਣੇ ਮਾਪਿਆਂ ਕੋਲ ਪੁੱਜ ਜਾਣਗੇ।
ਔਖੇ ਵੇਲੇ ਪਿੱਠ ਦਿਖਾਉਣੀ ਸਰਕਾਰ ਦੀ ਆਦਤ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸਰਕਾਰ ਉਤੇ ਔਖੇ ਵੇਲੇ ਪਿੱਠ ਦਿਖਾਉਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਸੁੱਖ ਦੀ ਨੀਂਦ ‘ਚੋਂ ਜਾਗਣ ਤੇ ਯੂਕਰੇਨ ਵਿਚ ਫਸੇ 20 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਕੱਢਣ। ਵਿਰੋਧੀ ਪਾਰਟੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਉਸ ਨੇ ਸਮਾਂ ਰਹਿੰਦਿਆਂ ਇਨ੍ਹਾਂ 20 ਹਜ਼ਾਰ ਭਾਰਤੀ ਨੌਜਵਾਨਾਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਪ੍ਰਬੰਧ ਕਿਉਂ ਨਹੀਂ ਕੀਤੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, “ਯੂਕਰੇਨ ਵਿਚ ਫਸੇ 20,000 ਭਾਰਤੀਆਂ ਦੀ ਸੁਰੱਖਿਆ ਸਾਡੇ ਲਈ ਸਰਵੋਤਮ ਹੈ। ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਯਤਨਾਂ ਨੂੰ ਤੇਜ ਕਰੇ।”
ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਵੇ ਕੇਂਦਰ: ਭਗਵੰਤ
ਚੰਡੀਗੜ੍ਹ: ‘ਆਪ` ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਯੂਕਰੇਨ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਏਅਰ ਲਾਈਨਜ਼ ਕੰਪਨੀਆਂ ਵੱਲੋਂ ਜਹਾਜ਼ਾਂ ਦੀਆਂ ਟਿੱਕਟਾਂ ਦੀ ਕੀਮਤ `ਚ ਕੀਤੇ ਕਈ ਗੁਣਾ ਵਾਧੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਹ ਸੰਕਟ `ਚ ਘਿਰੇ ਲੋਕਾਂ ਦੀ ਅੰਨ੍ਹੀ ਲੁੱਟ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।