ਸਰਹੱਦ ਬਨਾਮ ਸੰਨ ਸੰਤਾਲੀ

ਐਤਕੀਂ ਭਾਰਤ ਅਤੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਆਏ ਹਨ, ਤਾਂ ਸਰਹੱਦ ਉਤੇ ਡਾਢਾ ਤਣਾਅ ਹੈ। ਬੰਦੂਕਾਂ ਅਤੇ ਬਾਰੂਦ ਆਪਣਾ ਰੰਗ ਦਿਖਾ ਰਹੇ ਹਨ। ਸਰਹੱਦ ਦੇ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛੜ ਹੋ ਰਹੀ ਹੈ। ਇਸ ਨੇ ਕੁਝ ਘਰਾਂ ਵਿਚ ਸੱਥਰ ਵੀ ਵਿਛਾ ਦਿੱਤੇ ਹਨ। ਘਰੋਂ ਕਮਾਈ ਕਰਨ ਗਏ ਜਵਾਨ ਪੁੱਤ, ਲੋਥਾਂ ਬਣ ਕੇ ਘਰਾਂ ਦੀ ਦਹਿਲੀਜ਼ ਅੰਦਰ ਦਾਖਲ ਹੋਏ ਹਨ। ਇਹ ਅਰੁਕ ਸਿਲਸਿਲਾ ਹੈ ਜਿਹੜਾ ਆਮ ਲੋਕਾਂ ਦੇ ਚਾਹੁਣ ਦੇ ਬਾਵਜੂਦ ਰੁਕ ਨਹੀਂ ਰਿਹਾ, ਕਿਉਂਕਿ ਇਸ ਸਿਲਸਿਲੇ ਬਾਰੇ ਗਿਣਤੀਆਂ-ਮਿਣਤੀਆਂ ਆਮ ਲੋਕ ਨਹੀਂ, ਸਗੋਂ ਹੋਰ ਲੋਕ ਕਰਦੇ ਹਨ ਅਤੇ ਬੜੀ ਚੁਸਤੀ ਤੇ ਚਲਾਕੀ ਨਾਲ ਕਰਦੇ ਹਨ। ਸਰਹੱਦ ਹੁਣ ਦੋਹਾਂ ਪਾਸਿਆਂ ਦੇ ਲੋਕਾਂ ਦੇ ਸਾਹ ਸੂਤੀ ਰੱਖਣ ਵਾਲਾ ਅਜਗਰ ਜਾਪਣ ਲੱਗ ਪਈ ਹੈ। ਤਕਰੀਬਨ ਸਾਢੇ ਛੇ ਦਹਾਕੇ ਪਹਿਲਾਂ ਜਦੋਂ ਆਜ਼ਾਦੀ ਦੇ ਪਲੇਠੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਪੰਜਾਬ ਇਉਂ ਬਾਰੂਦ ਤਾਂ ਨਹੀਂ, ਮਨੁੱਖੀ ਮਨਾਂ ਅੰਦਰ ਡੂੰਘੇ ਲਹਿ ਚੁੱਕੇ ਫਤੂਰ ਕਾਰਨ ਪੀੜ-ਪੀੜ ਹੋਇਆ ਪਿਆ ਸੀ। ਮਨੁੱਖਤਾ ਨੂੰ ਚੌਰਾਹੇ ਲਿਆ ਕੇ ਫਾਹੇ ਟੰਗ ਦਿੱਤਾ ਗਿਆ ਸੀ। ਗੁਆਂਢ ਮੱਥੇ ਲਗਦੇ ਲੋਕਾਂ ਦੀਆਂ ਨਜ਼ਰਾਂ ਫਿਰ ਗਈਆਂ ਸਨ। ਚਾਰੇ ਪਾਸੇ ਲਹੂ ਦੇ ਖੱਪਰ ਭਰੇ ਪਏ ਸਨ। ਉਨ੍ਹਾਂ ਲਹੂ-ਲੁਹਾਣ ਹੋਏ ਦਿਨਾਂ ਬਾਰੇ ਅੱਜ ਤੱਕ, ਅਕਸਰ ਇਹੀ ਕਹਿਣ-ਸੁਣਨ ਨੂੰ ਮਿਲਦਾ ਹੈ ਕਿ ‘ਉਸ ਵਕਤ ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ, ਜਾਂ ਕਿਹੜੀ ਕਾਲੀ ਹਨੇਰੀ ਵਗ ਗਈ ਸੀ ਕਿ ਲੋਕ ਰਾਤੋ-ਰਾਤ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਸਨ।’ ਉਂਜ, ਜੇ ਰਤਾ ਕੁ ਘੋਖ ਕੀਤੀ ਜਾਵੇ ਤਾਂ ਸਭ ਕੁਝ ਸਮਝ ਪੈਣ ਲਗਦਾ ਹੈ। ਉਦੋਂ ਵਕਤ ਨੂੰ ਕੁਝ ਹੋਇਆ ਸੀ ਜਾਂ ਨਹੀਂ, ਪਰ ਸ਼ਾਸਕਾਂ ਦੀ ਨੀਅਤ, ਬਦ-ਨੀਅਤੀ ਵਿਚ ਜ਼ਰੂਰ ਬਦਲ ਚੁੱਕੀ ਸੀ। ਇਕ ਪਾਸੇ ਤਾਂ ਅੰਗਰੇਜ਼ਾਂ ਵੱਲੋਂ ਚਿਰਾਂ ਤੋਂ ਧਾਰਮਿਕ ਪੱਧਰ ਉਤੇ ਪਾਇਆ ਗਿਆ ਪਾੜਾ ਜ਼ਰਬਾਂ ਦੇ ਰਿਹਾ ਸੀ, ਤੇ ਦੂਜੇ ਪਾਸੇ ਕਤਲੋ-ਗਾਰਤ ਰੋਕਣ ਲਈ ਯਤਨ ਕੋਈ ਨਹੀਂ ਕੀਤਾ ਗਿਆ। ਸ਼ਾਇਦ ਇਹ ਸੰਭਵ ਵੀ ਨਹੀਂ ਸੀ। ਹੁਣ ਤਾਂ ਬਹੁਤ ਸਾਰੇ ਅਜਿਹੇ ਤੱਥ ਵੀ ਸਾਹਮਣੇ ਆ ਗਏ ਹਨ ਕਿ ਉਸ ਵੇਲੇ ਜਿੰਨੇ ਕੁ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਉਨ੍ਹਾਂ ਤੋਂ ਇਹ ਕਤਲੋ-ਗਾਰਤ ਰੁਕਣੀ ਵੀ ਨਹੀਂ ਸੀ। ਇਨ੍ਹਾਂ ਦੋਹਾਂ ਨੁਕਤਿਆਂ ਨੂੰ ਵਿਚਾਰੀਏ ਤਾਂ ਇਹੀ ਸਿੱਟਾ ਮਿਲਦਾ ਹੈ ਕਿ ਅੰਗਰੇਜ਼ ਦੇ ਜਿਸ ਰਾਜ ਵਿਚ ਚਿੜੀ ਵੀ ਨਹੀਂ ਸੀ ਫੜਕ ਸਕਦੀ, ਉਸ ਰਾਜ ਵਿਚ ਕਤਲੋ-ਗਾਰਤ ਲਈ ਛੁੱਟੀ ਮਿਲ ਗਈ ਸੀ। ਫਿਰਕੂ ਨਫਰਤ ਦਾ ਜੋ ਬੀਜ ਵਿਦੇਸ਼ੀ ਸ਼ਾਸਕਾਂ ਨੇ ਬਹੁਤ ਸਮਾਂ ਪਹਿਲਾਂ ਬੀਜਿਆ ਸੀ, ਉਹ ਵੱਖ-ਵੱਖ ਸਮਿਆਂ ਦੌਰਾਨ ਸਿੰਜਿਆ ਸੁਆਰਿਆ, ਹੁਣ ਪੂਰਾ-ਸੂਰਾ ਦਰਖਤ ਬਣ ਚੁੱਕਾ ਸੀ। ਸੋ, ਇਕ ਵਾਰ ਜਦੋਂ ਪਿਆਰ ਦੀ ਕੜੀ ਟੁੱਟੀ, ਫਿਰ ਟੁੱਟਦੀ ਹੀ ਚਲੀ ਗਈ।
ਇਸ ਘੱਲੂਘਾਰੇ ਤੋਂ 37 ਸਾਲਾਂ ਬਾਅਦ 1984 ਵਿਚ ਦਿੱਲੀ ਵਿਚ ਵੀ ਇਹੀ ਭਾਣਾ ਵਰਤਾਇਆ ਗਿਆ। ਸਿੱਖਾਂ ਨੂੰ ਲੱਭ-ਲੱਭ ਕੇ ਕਤਲ ਕਰ ਰਹੀਆਂ ਭੀੜਾਂ ਡੱਕੀਆਂ ਹੀ ਨਹੀਂ ਗਈਆਂ। ਇਹ ਨਾਸੂਰ ਅੱਜ ਤੱਕ ਰਿਸ ਰਹੇ ਹਨ। ਫਿਰ 1984 ਤੋਂ 18 ਵਰ੍ਹਿਆਂ ਬਾਅਦ 2002 ਵਿਚ ਇਹੀ ਕਾਂਡ ਗੁਜਰਾਤ ਵਿਚ ਦੁਹਰਾਇਆ ਗਿਆ। ਉਦੋਂ ਨਿਸ਼ਾਨਾ ਮੁਸਲਮਾਨ ਸਨ। ਉਦੋਂ ਵੀ ਕਤਲ ਹੋ ਰਹੇ ਲੋਕਾਂ ਨੂੰ ਬਚਾਉਣ ਲਈ ਕਿਸੇ ਸੁਰੱਖਿਆ ਬਲ ਨੂੰ ਹੁਕਮ ਨਹੀਂ ਮਿਲੇ। æææ ਤੇ ਹੁਣ 11 ਸਾਲਾਂ ਬਾਅਦ ਜੰਮੂ-ਕਸ਼ਮੀਰ ‘ਚ ਕਿਸ਼ਤਵਾੜ ਵਿਚ ਵੀ ਉਹੀ ਕੁਝ ਵਾਪਰਿਆ ਹੈ। ਉਥੇ ਈਦ ਦੇ ਜਲੂਸ ਮੌਕੇ ਹੋਇਆ ਮਾਮੂਲੀ ਤਕਰਾਰ ਵਧਦਾ-ਵਧਦਾ ਵਧ ਗਿਆ ਅਤੇ ਫਿਰ ਇਕ ਹਿੰਦੂ ਦਾ ਕਤਲ ਹੋ ਗਿਆ; ਭਾਈਚਾਰੇ ਉਤੇ ਹਮਲੇ ਵੀ ਹੋਏ, ਪਰ ਪ੍ਰਸ਼ਾਸਨ ਦੀ ਨੀਂਦ ਨਾ ਖੁੱਲ੍ਹੀ। ਜਦੋਂ ਨੀਂਦ ਖੁੱਲ੍ਹੀ ਤਾਂ ਬਹੁਤ ਕੁਝ ਵਾਪਰ ਚੁੱਕਿਆ ਸੀ। ਲੋਕਾਂ ਵਿਚਾਲੇ ਪਾੜਾ ਹੋਰ ਵਧ ਚੁੱਕਾ ਸੀ। ਕਿਸ਼ਤਵਾੜ ਅੱਜ ਵੀ ਸਿਸਕ ਰਿਹਾ ਹੈ। ਕਿਸ਼ਤਵਾੜ ਜੰਮੂ-ਕਸ਼ਮੀਰ ਦਾ ਉਹ ਇਲਾਕਾ ਹੈ ਜਿੱਥੇ ਸ੍ਰੀਨਗਰ ਸ਼ਹਿਰ ਵਾਂਗ ਮੁਸਲਮਾਨਾਂ ਦੀ, ਜਾਂ ਜੰਮੂ ਸ਼ਹਿਰ ਵਾਂਗ ਹਿੰਦੂਆਂ ਦੀ ਬਹੁ-ਗਿਣਤੀ ਨਹੀਂ ਹੈ; ਸਗੋਂ ਸਾਂਝੀ, ਮਿੱਸੀ ਵਸੋਂ ਹੈ। ਇਹ ਦੱਸਣ ਦੀ ਤਾਂ ਸ਼ਾਇਦ ਹੀ ਲੋੜ ਹੋਵੇ ਕਿ ਜੰਮੂ-ਕਸ਼ਮੀਰ ਵਿਚ ਜਹਾਦੀਆਂ ਨਾਲ ਲੜ ਰਹੀਆਂ ਪੇਂਡੂ ਸੁਰੱਖਿਆ ਕਮੇਟੀਆਂ ਸਭ ਤੋਂ ਵੱਧ ਇਸੇ ਇਲਾਕੇ ਵਿਚ ਸਰਗਰਮ ਹਨ। ਇਹ ਉਹੀ ਕਮੇਟੀਆਂ ਹਨ ਜਿਨ੍ਹਾਂ ਨੂੰ ਸਰਕਾਰ ਨੇ ਬਾਕਾਇਦਾ ਹਥਿਆਰ ਦਿੱਤੇ ਹੋਏ ਹਨ।
ਇਨ੍ਹਾਂ ਚਾਰਾਂ ਘੱਲੂਘਾਰਿਆਂ/ਘਟਨਾਵਾਂ ਦੇ ਪਿਛੋਕੜ ਅਤੇ ਤੱਟ-ਫੱਟ ਬਣੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਇਨ੍ਹਾਂ ਵਿਚ ਇਕ ਗੱਲ ਸਾਂਝੀ ਹੈ, ਕਤਲੋ-ਗਾਰਤ ਰੋਕਣ ਦਾ ਯਤਨ ਨਹੀਂ ਕੀਤਾ ਗਿਆ। ਇਹ ਘਟਨਾਵਾਂ 65 ਸਾਲਾਂ ਦੇ ਸਮੇਂ ਦੌਰਾਨ ਵਾਪਰੀਆਂ। ਸਮਾਂ ਅਤੇ ਸਥਾਨ ਵੀ ਵੱਖੋ-ਵੱਖਰੇ ਹਨ। ਫਿਰ 65 ਸਾਲਾਂ ਵਿਚ ਖੱਟਿਆ ਕੀ ਹੈ? 19ਵੀਂ ਸਦੀ ਦੇ ਅੰਤ ਤੱਕ ਪੁੱਜਦਿਆਂ ਜਦੋਂ ਆਜ਼ਾਦੀ ਲਈ ਕੀਤੇ ਜਾ ਰਹੇ ਬੰਨ-ਸੁੱਬ੍ਹ, ਤਿੱਖਾ ਰੁਖ ਅਖਤਿਆਰ ਕਰ ਰਹੇ ਸਨ ਤਾਂ ਅੰਗਰੇਜ਼ਾਂ ਨੇ ਧਾਰਮਿਕ ਵੰਡ ਨੂੰ ਜਿਹੜੀ ਹਵਾ ਦਿੱਤੀ; ਉਹ 1947, 1984, 2002 ਅਤੇ 2013 ਵਿਚ ਝੱਖੜ ਬਣ ਕੇ ਝੁੱਲ ਗਈ, ਤੇ ਅੱਜ ਵੀ ਇਸ ਦਾ ਕੋਈ ਅੰਤ ਨਜ਼ਰੀਂ ਨਹੀਂ ਪੈ ਰਿਹਾ। ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਆਜ਼ਾਦੀ ਕਿਸ ਤੋਂ ਅਤੇ ਕਿਸ ਨੂੰ ਮਿਲੀ ਹੈ? ਜਿਹੜਾ ਗਾਡੀ ਰਾਹ ਪਹਿਲਾਂ ਸੀ, ਅੱਜ ਵੀ ਉਹੀ ਹੈ। ਵਰ੍ਹਿਆਂ ਤੋਂ ਇਕੱਠੇ ਰਹਿੰਦੇ ਲੋਕ ਪਲਾਂ-ਛਿਣਾਂ ਵਿਚ ਹੀ ਨਫਰਤ ਦਾ ਅਖਾੜਾ ਲਾ ਲੈਂਦੇ ਹਨ, ਮੌਤ ਦਾ ਤਾਂਡਵ ਨਾਚ ਅਰੰਭ ਹੋ ਜਾਂਦਾ ਹੈ। ਇਹ ਤਾਂਡਵ ਨਾਚ ਮਰਜ਼ੀ ਨਾਲ ਹੀ ਅਰੰਭ ਹੁੰਦਾ ਹੈ ਅਤੇ ਫਿਰ ਕਹਿਰ ਵਰਤਾ ਕੇ ਮਰਜ਼ੀ ਨਾਲ ਹੀ ਬੰਦ ਹੁੰਦਾ ਹੈ। ਮਨੋਵਿਗਿਆਨੀਆਂ ਨੇ ਮਨੁੱਖੀ ਮਨ ਦੀਆਂ ਕਈ ਤਹਿਆਂ ਫਰੋਲੀਆਂ ਹਨ ਅਤੇ ਕਈ ਤਰ੍ਹਾਂ ਦੇ ਸਿੱਟੇ ਕੱਢੇ ਹਨ। ਹੁਣ ਜਾਪਦਾ ਹੈ ਕਿ ਕੁਹਜ ਨਾਲ ਭਰੀ ਸਿਆਸਤ ਕਰ ਰਹੇ ਸਿਆਸਤਦਾਨਾਂ ਦੀਆਂ ਤਹਿਆਂ ਜ਼ਰੂਰ ਫਰੋਲੀਆਂ ਜਾਣ, ਕਿਉਂਕਿ ਅਜਿਹੇ ਘੱਲੂਘਾਰਿਆਂ ਲਈ ਹਰ ਵਾਰੀ ਵਿਸ਼ੇਸ਼ ਕਿਸਮ ਦੀ ਸਿਆਸਤ ਹੀ ਜ਼ਿੰਮੇਵਾਰ ਨਿਕਲਦੀ ਹੈ। ਜੇ ਲੋਕ ਇਕੱਠੇ ਹੋ ਕੇ ਇਹ ਕਿਲਾ ਫਤਿਹ ਕਰ ਲੈਣ ਤਾਂ ਵਾਰ-ਵਾਰ ਵਾਪਰ ਰਹੇ ਸੰਤਾਲੀਆਂ ਨੂੰ ਲਗਾਮ ਪਾਈ ਜਾ ਸਕਦੀ ਹੈ।

Be the first to comment

Leave a Reply

Your email address will not be published.