‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

ਵਰਿਆਮ ਸਿੰਘ ਸੰਧੂ
ਫੋਨ: 747-535-1539
‘ਚੌਥੀ ਕੂਟ’ (1998) ਤੋਂ ਲਗਭਗ ਤੇਈ ਸਾਲ ਬਾਅਦ ਛਪੇ ਮੇਰੇ ਕਹਾਣੀ-ਸੰਗ੍ਰਹਿ ‘ਜਮਰੌਦ’ (ਦਸੰਬਰ 2021) ਵਿਚ ਕਹਾਣੀ ‘ਜਮਰੌਦ’ ਨੂੰ ਲਿਖੇ ਜਾਣ ਦਾ ਸਬੱਬ ਕਿਵੇਂ ਬਣਿਆ, ਉਹ ਕਿਹੜੇ ਪ੍ਰੇਰਕ ਸਨ ਜਿਨ੍ਹਾਂ ਨੇ ਮੈਨੂੰ ਕਹਾਣੀ ਲਿਖਣ ਲਈ ਮਜਬੂਰ ਕੀਤਾ, ਇਨ੍ਹਾਂ ਸਭਨਾਂ ਗੱਲਾਂ ਦਾ ਵੇਰਵਾ ਮੈਂ ‘ਜਮਰੌਦ’ ਕਹਾਣੀ-ਸੰਗ੍ਰਹਿ ਵਿਚ ਲਿਖੇ ਮੁੱਖ-ਬੰਧ ‘ਇਹ ਕਹਾਣੀਆਂ ਕਿਵੇਂ ਬਣੀਆਂ?’ ਵਿਚ ਦਰਜ ਕੀਤਾ ਹੈ। ਅਜਿਹੇ ਵੇਰਵੇ ਦੂਜੀਆਂ ਕਹਾਣੀਆਂ ਬਾਰੇ ਵੀ ਸਾਂਝੇ ਕੀਤੇ ਗਏ ਹਨ। ਪਰ ਇਥੇ ਕੇਵਲ ‘ਜਮਰੌਦ’ ਕਹਾਣੀ ਦੀ ਰਚਨਾ ਪ੍ਰਕਿਰਿਆ ਦੇ ਹਵਾਲੇ ਨਾਲ ਹੀ ਗੱਲ ਕੀਤੀ ਜਾ ਰਹੀ ਹੈ। ਉਹ ਵੀ ਕੇਵਲ ਅੱਧੀ ਕੁ ਹੀ। ਪੁਰੀ ਜਾਣਕਾਰੀ ਕਿਤਾਬ ਵਿਚੋਂ ਹੀ ਮਿਲ ਸਕਦੀ ਹੈ। ‘ਜਮਰੌਦ’ ਕਿਉਂ ਤੇ ਕਿਵੇਂ ਲਿਖੀ ਗਈ? ਇਸ ਬਾਰੇ ਕੁਝ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ।

ਦਸੰਬਰ ਵਿਚ ਹੋਣ ਵਾਲੇ ਇਮਤਿਹਾਨ ਚੱਲ ਰਹੇ ਸਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਮਹਾਰਾਜਾ ਰਣਜੀਤ ਸਿੰਘ ਬਲਾਕ ਦੀ ਦੂਜੀ ਮੰਜ਼ਿਲ ’ਤੇ ਇੱਕ ਕਮਰੇ ਵਿਚ ਮੇਰੀ ਨਿਗ਼ਰਾਨ ਵਜੋਂ ਡਿਊਟੀ ਲੱਗੀ ਹੋਈ ਸੀ। ਵਿਦਿਆਰਥੀ ਪਰਚੇ ਕਰ ਰਹੇ ਸਨ। ਮੈਂ ਕੁਰਸੀ ’ਤੇ ਬੈਠਾ ਧਿਆਨ ਰੱਖ ਰਿਹਾ ਸਾਂ। ਲਾਗਲੇ ਕਮਰੇ ਵਿਚ ਡਿਊਟੀ ਦੇ ਰਿਹਾ ਮੇਰਾ ਸਹਿਕਰਮੀ ਪ੍ਰੋ ਹਰਬੰਸ ਸਿੰਘ ਬੋਲੀਨਾ ਪੋਲੇ ਪੈਰੀਂ ਤੁਰਦਾ ਮੇਰੇ ਕੋਲ ਆ ਗਿਆ। ਮੈਂ ਹੱਥ ਮਿਲਾ ਕੇ ਉਹਨੂੰ ਨਾਲ ਦੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਹਨੇ ਕੁਰਸੀ ’ਤੇ ਬਹਿ ਕੇ ਕੁਰਸੀ ਦਾ ਮੂੰਹ ਮੇਰੇ ਵੱਲ ਮੋੜਿਆ ਤੇ ਹੌਲੀ ਜਿਹੀ ਕਹਿੰਦਾ, ‘ਭਾ ਜੀ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਣ ਲੱਗਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ’ਤੇ ਕਹਾਣੀ ਲਿਖੋ।’
ਮੈਂ ਹੱਸ ਪਿਆ। ਬੜੇ ਲੋਕਾਂ ਨੇ ਬਹੁਤ ਵਾਰ ਮੈਨੂੰ ਇਹ ਗੱਲ ਆਖੀ ਹੈ ਕਿ ਮੈਂ ਉਨ੍ਹਾਂ ਵੱਲੋਂ ਸੁਝਾਏ ਵਿਸ਼ੇ ਬਾਰੇ ਕਹਾਣੀ ਲਿਖਾਂ। ਕਹਾਣੀ ਇੰਝ ਥੋੜ੍ਹਾ ਲਿਖੀ ਜਾਂਦੀ ਹੈ ਕਿ ਕਿਸੇ ਨੇ ਕੋਈ ਗੱਲ ਸੁਣਾਈ ਤੇ ਤੁਸੀਂ ਉਸ ’ਤੇ ਕਹਾਣੀ ਲਿਖ ਦਿਓ। ਮੈਨੂੰ ਲੱਗਾ ਕਿ ਹਰਬੰਸ ਵੀ ਕੋਈ ਏਹੋ ਜਿਹੀ ਹੀ ‘ਕਥਾ-ਕਹਾਣੀ’ ਸੁਣਾਵੇਗਾ।
ਮੇਰੇ ਹਾਸੇ ਦਾ ਅਰਥ ਸਮਝਦਿਆਂ ਉਹ ਪੂਰੀ ਗੰਭੀਰਤਾ ਨਾਲ ਬੋਲਿਆ, ‘ਭਾ ਜੀ, ਇਹ ਉਸਤਰ੍ਹਾਂ ਦੀ ਸਾਧਾਰਣ ਗੱਲ ਨਹੀਂ। ਸੁਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ।’
ਮੈਂ ਗੰਭੀਰ ਹੋ ਗਿਆ। ਉਹਨੇ ਰਹੱਸ ਉਦਘਾਟਨ ਕਰਦਿਆਂ ਕਿਹਾ, ‘ਮੈਂ ਇਹ ਗੱਲ ਅੱਜ ਹੀ ਤੁਹਾਡੇ ਨਾਲ ਕਰਨ ਲੱਗਾ ਹਾਂ। ਘਰ ਦੇ ਜੀਆਂ ਤੋਂ ਇਲਾਵਾ ਹੋਰ ਕਿਸੇ ਨਾਲ ਨਹੀਂ ਕੀਤੀ। ਦਸ ਕੁ ਦਿਨ ਹੋਏ ਹੋਣਗੇ ਕਿ ਮੈਨੂੰ ਇੰਗਲੈਂਡ ਤੋਂ ਫ਼ੋਨ ਆਇਆ ਕਿ ਅਮਰ ਸਿੰਘ (ਅਸਲ ਵਿਚ ਨਾਂ ਹੋਰ ਸੀ) ਨੂੰ ਬੜਾ ਹੀ ਖ਼ਾਸ ਤੇ ਗੁਪਤ ਸੁਨੇਹਾ ਦੇਣਾ ਹੈ। ਕਿਸੇ ਹੋਰ ਨਾਲ ਇਹ ਗੱਲ ਨਹੀਂ ਕਰਨੀ।’
ਫਿਰ ਉਹਨੇ ਕਹਾਣੀ ਵਿਚਲਾ ਵੇਰਵਾ ਆਪਣੇ ਸ਼ਬਦਾਂ ਵਿਚ ਸੁਣਾਇਆ। ਅਮਰ ਸਿੰਘ ਨੂੰ ਉਹਦੇ ਪੁੱਤਰ ਨੇ ਕਨੇਡਾ ਦੀ ਸਪਾਂਸਰਸ਼ਿਪ ਭੇਜੀ ਹੋਈ ਸੀ। ਉਨ੍ਹਾਂ ਦੇ ਸਾਰੇ ਪਰਿਵਾਰ ਦਾ ਮੈਡੀਕਲ ਹੋ ਚੁਕਾ ਸੀ। ਵੀਜ਼ੇ ਲੱਗ ਕੇ ਪਾਸਪੋਰਟ ਆ ਚੁੱਕੇ ਸਨ। ਕਣਕਾਂ ਪੱਕਣ ’ਤੇ ਸਨ। ਵਾਢੀਆਂ ਦੇ ਦਿਨ ਆਉਣ ਵਾਲੇ ਸਨ। ਅਮਰ ਸਿੰਘ ਦੀ ਯੋਜਨਾ ਸੀ ਕਿ ਮਹੀਨੇ-ਖੰਡ ਵਿਚ ਕਣਕ ਸਾਂਭ ਲਈ ਜਾਵੇ। ਪਿੱਛੋਂ ਘਰ ਦੀ ਸਾਂਭ-ਸਭਾਲ ਦੀ ਸਪੁਰਦਗੀ ਕਰਨ ਦਾ ਕੰਮ ਵੀ ਨਿਪਟ ਜਾਵੇ। ਹੋਰ ਨਿੱਕੇ-ਮੋਟੇ ਪਰਿਵਾਰਕ ਕੰਮ ਵੀ ਨਿਬੇੜ ਲਏ ਜਾਣ। ਇਸ ਲਈ ਕੁਝ ਦਿਨ ਤਾਂ ਚਾਹੀਦੇ ਹੀ ਸਨ। ਪਰ ਫ਼ੋਨ ਕਰਨ ਵਾਲੇ ਨੇ ਆਖਿਆ ਸੀ ਕਿ ਅਮਰ ਸਿੰਘ ਦੇ ਪੁੱਤ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਹੈ। ਉਹਨੇ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਉਹਦੀ ਮੌਤ ਦੀ ਖ਼ਬਰ ਬਾਹਰ ਨਹੀਂ ਨਿਕਲਣੀ ਚਾਹੀਦੀ। ਇਸ ਗੱਲ ਦਾ ਡਰ ਸੀ ਕਿ ਕਿਤੇ ਕਨੇਡੀਅਨ ਅੰਬੈਸੀ ਨੂੰ ਇਸ ਗੱਲ ਪਤਾ ਨਾ ਲੱਗ ਜਾਵੇ, ਜਾਂ, ਪਤਾ ਲੱਗਣ ’ਤੇ ਕੋਈ ਦੁਸ਼ਮਣ ਹੀ ਨਾ ਮੁਖ਼ਬਰੀ ਕਰ ਦੇਵੇ। ਜਦ ਸਪਾਂਸਰਸ਼ਿੱਪ ਭੇਜਣ ਵਾਲਾ ਉਹਦਾ ਪੁੱਤ ਹੀ ਨਹੀਂ ਰਿਹਾ ਤਾਂ ਉਨ੍ਹਾਂ ਦੇ ਪਰਿਵਾਰ ਦੀ ਕਨੇਡਾ ਜਾਣ ਦੀ ਯੋਗਤਾ ਆਪਣੇ ਆਪ ਹੀ ਰੱਦ ਹੋ ਸਕਦੀ ਹੈ! ਸੁਨੇਹਾ ਸੀ ਕਿ ਹਰਬੰਸ ਜਾ ਕੇ ‘ਅਮਰ ਸਿੰਘ’ ਨੂੰ ਵੱਖਰੇ ਕਰ ਕੇ ਇਹ ਗੱਲ ਸਮਝਾ ਦੇਵੇ ਕਿ ਉਹ ਦੋ-ਤਿੰਨ ਦਿਨ ਵਿਚ ਹੀ ਟਿਕਟਾਂ ਲੈ ਕੇ ਸਹਿ-ਪਰਿਵਾਰ ਕਨੇਡਾ ਆ ਜਾਵੇ। ਪਰ ਨਾਲ ਹੀ ਇਹ ਤਾਕੀਦ ਵੀ ਕਰ ਦੇਵੇ ਕਿ ‘ਅਮਰ ਸਿੰਘ’ ਇਹ ਦੁਖਦਾਈ ਖ਼ਬਰ ਆਪਣੇ ਪਰਿਵਾਰ ਦੇ ਵੀ ਕਿਸੇ ਜੀਅ ਨਾਲ ਸਾਂਝੀ ਨਾ ਕਰੇ। ਕਿਸੇ ਕੋਲ ਵੀ ਇਸ ਗੱਲ ਦੀ ਧੁੱਖ ਨਹੀਂ ਨਿਕਲਣੀ ਚਾਹੀਦੀ। ਘਰ ਦੇ ਜੀਆਂ ਨੂੰ ਪਤਾ ਲੱਗਦਾ ਤਾਂ ਰੋਣ-ਪਿੱਟਣ ਪੈ ਜਾਣਾ ਸੀ ਤੇ ਸਾਰੀ ਗੱਲ ਖੁੱਲ੍ਹ ਜਾਣੀ ਸੀ। ਉਹਨੇ ਹਰਬੰਸ ਨੂੰ ਵੀ ਕਿਹਾ ਕਿ ਉਹ ਵੀ ਇਸ ਭੇਤ ਨੂੰ ਓਨਾ ਚਿਰ ਸਾਂਭ ਕੇ ਰੱਖੇ, ਜਿੰਨਾ ਚਿਰ ‘ਅਮਰ ਸਿੰਘ’ ਹੁਰੀਂ ਕਨੇਡਾ ਨਹੀਂ ਪਹੁੰਚ ਜਾਂਦੇ।
ਸਾਰੀ ਗੱਲ ਸੁਣਾ ਕੇ ਹਰਬੰਸ ਨੇ ਲੰਮਾਂ ਸਾਹ ਲਿਆ।
‘ਸ਼ੁਕਰ ਹੈ ਭਾ ਜੀ, ਕੱਲ੍ਹ ਓਸੇ ਬੰਦੇ ਦਾ ਫ਼ੋਨ ਆਇਆ ਸੀ ਕਿ ਅਮਰ ਸਿੰਘ ਹੁਰੀਂ ਇਮੀਗ੍ਰੇਸ਼ਨ ਦਾ ਭਵ-ਸਾਗਰ ਪਾਰ ਕੇ ‘ਸੁੱਖੀ-ਸਾਂਦੀ’ ਕਨੇਡਾ ਪਹੁੰਚ ਗਏ ਨੇ। ਅੱਜ ਇਹ ਭੇਤ ਪਹਿਲੀ ਵਾਰ ਸਵੇਰੇ ਘਰਦਿਆਂ ਨੂੰ ਦੱਸਿਆ ਤੇ ਹੁਣ ਤੁਹਾਡੇ ਨਾਲ ਸਾਂਝਾ ਕੀਤਾ ਹੈ।’
ਏਨਾ ਆਖ ਕੇ ਉਹ ਕੁਝ ਚਿਰ ਲਈ ਖ਼ਾਮੋਸ਼ ਹੋ ਗਿਆ। ਫਿਰ ਕਹਿੰਦਾ, ‘ਭਾ ਜੀ, ਪਿਛਲੇ ਦਿਨਾਂ ਤੋਂ, ਜਦ ਦਾ ਫ਼ੋਨ ਅਇਆ ਸੀ, ਮੇਰੇ ਮਨ ’ਤੇ ਬੜਾ ਭਾਰ ਸੀ। ਸੋਚਦਾ ਹੀ ਬੌਂਦਲ ਜਾਂਦਾ ਸਾਂ ਕਿ ਇਹ ਭੇਤ ਅਮਰ ਸਿੰਘ ਨੇ ਆਪਣੇ ਅੰਦਰ ਕਿਵੇਂ ਸਾਂਭਿਆ ਹੋਵੇਗਾ!’
ਹਰਬੰਸ ਤਾਂ ਆਪਣੇ ਕਮਰੇ ਵਿਚ ਮੁੜ ਗਿਆ ਪਰ ਆਪਣਾ ਭਾਰ ਮੇਰੇ ਮਨ ’ਤੇ ਚੜ੍ਹਾ ਗਿਆ। ਅਮਰ ਸਿੰਘ ਨੇ ਪੁੱਤ ਦੀ ਮੌਤ ਦੀ ਖ਼ਬਰ ਦੀ ਅੱਗ ਆਪਣੇ ਕਲੇਜੇ ਵਿਚ ਕਿਵੇਂ ਸਾਂਭੀ ਹੋਵੇਗੀ ਕਿ ਉਹਦੀ ਲਾਟ ਤਾਂ ਕੀ ਉਸਦਾ ਧੂੰਆਂ ਵੀ ਬਾਹਰ ਨਾ ਨਿਕਲਣ ਦਿੱਤਾ!
ਇਸ ਵਿਸ਼ੇ ’ਤੇ ਕਹਾਣੀ ਲਿਖੀ ਤਾਂ ਜਾ ਸਕਦੀ ਸੀ, ਪਰ ਇਸੇ ਵਿਸ਼ੇ ਨੂੰ ਲੈ ਕੇ ਮੇਰੇ ਸਾਹਮਣੇ ਪਹਾੜ ਜਿੱਡੀ ਕਹਾਣੀ ਪਹਿਲਾਂ ਹੀ ਖਲੋਤੀ ਸੀ, ‘ਧਰਤੀ ਹੇਠਲਾ ਬੌਲਦ’! ਕੁਲਵੰਤ ਸਿੰਘ ਵਿਰਕ ਦੀ ਇਸ ਮੀਲ-ਪੱਥਰ ਕਹਾਣੀ ਦਾ ਵਿਸ਼ਾ ਵੀ ਮੁੱਖ ਤੌਰ ’ਤੇ ਤਾਂ ਇਹੋ ਹੀ ਸੀ। ਪਿਉ ਆਪਣੇ ਪੁੱਤ ਦੀ ਮੌਤ ਦੀ ਖ਼ਬਰ, ਦਿਲ ’ਤੇ ਪੱਥਰ ਰੱਖ ਕੇ, ਓਨਾ ਚਿਰ ਫੌਜ ’ਚੋਂ ਛੁੱਟੀ ਆਏ ਆਪਣੇ ਪੁੱਤ ਕਰਮ ਸਿੰਘ ਦੇ ਦੋਸਤ ਮਾਨ ਸਿੰਘ ਨੂੰ ਪਤਾ ਨਹੀਂ ਲੱਗਣ ਦਿੰਦਾ, ਜਿੰਨਾਂ ਚਿਰ ਡਾਕੀਆ ਆ ਕੇ ਇਸ ਦਾ ਭੇਤ ਖੋਲ੍ਹ ਨਹੀਂ ਦਿੰਦਾ। ਇਹ ਵੱਖਰੀ ਗੱਲ ਸੀ ਕਿ ਦੋਵਾਂ ਵੱਲੋਂ ਪੁੱਤ ਦੀ ਮੌਤ ਦਾ ਦੁੱਖ ਸਹਿਣ ਦੇ ਕਾਰਨ ਵੱਖੋ-ਵੱਖਰੇ ਸਨ।
ਮੈਂ ਕਈ ਮਹੀਨੇ ਆਪਣੇ ਨਾਲ ਖੌਝਲਦਾ ਰਿਹਾ। ਅਮਰ ਸਿੰਘ ਦੇ ਦੁੱਖ ਦੀ ਲਾਟ ਮੇਰੇ ਅੰਦਰ ਬਲਦੀ ਪਈ ਸੀ। ਜਦ ਘਰਵਾਲੀ ਨੂੰ ਇਹ ਗੱਲ ਦੱਸੀ ਤਾਂ ਮੇਰਾ ਗੱਚ ਭਰ ਆਇਆ। ਕਹਿੰਦੀ, ‘ਤੁਹਾਡਾ ਅੰਦਰ ਇਸ ਦੁੱਖ ਤੋਂ ਓਨਾ ਚਿਰ ਮੁਕਤ ਨਹੀਂ ਹੋਣਾ, ਜਿੰਨਾ ਚਿਰ ਕਹਾਣੀ ਲਿਖ ਕੇ ਸਿਰੋਂ ਭਾਰ ਨਹੀਂ ਲਾਹ ਲੈਂਦੇ।’
ਪਰ ਜਦ ਵੀ ਕਹਾਣੀ ਲਿਖਣ ਬਾਰੇ ਸੋਚਦਾ ਤਾਂ ਵਿਚਕਾਰ ‘ਧਰਤੀ ਹੇਠਲਾ ਬੌਲਦ’ ਆਣ ਖਲੋਂਦੀ।
ਇੱਕ ਦਿਨ ਮੈਂ ਆਪਣੀ ਐਮ ਏ ਦੀ ਜਮਾਤ ਨੂੰ ਅਮਰ ਸਿੰਘ ਵਾਲੀ ਗੱਲ ਸੁਣਾਈ। ਦੱਸਿਆ ਕਿ ਇਸ ਬਾਰੇ ਕਹਾਣੀ ਲਿਖਣੀ ਚਾਹੁੰਦਾ ਹਾਂ, ਪਰ ‘ਧਰਤੀ ਹੇਠਲਾ ਬੌਲਦ’ ਪੇਸ਼ ਨਹੀਂ ਜਾਣ ਦਿੰਦੀ। ਵਿਦਿਆਰਥੀ ਇੱਕੋ-ਸਾਹੇ ਬੋਲੇ, ‘ਜੀ ਕਹਾਣੀ ਜ਼ਰੂਰ ਲਿਖਣੀ ਚਾਹੀਦੀ ਹੈ। ਇਹ ਉਸ ਨਾਲੋਂ ਵੱਖਰੀ ਗੱਲ ਹੈ।’
ਇੱਕ ਕੁੜੀ ਉਠ ਕੇ ਖਲੋ ਗਈ। ਕਹਿੰਦੀ, ‘ਸਰ! ਕਹਾਣੀ ਜ਼ਰੂਰ ਲਿਖੋ। ਸਾਡੇ ਟੱਬਰ ਵਿਚ ਵੀ ਕੁਝ ਸਾਲ ਪਹਿਲਾਂ ਇਹੋ ਜਿਹਾ ਦੁਖਾਂਤ ਵਾਪਰਿਆ ਸੀ। ਮੈਂ ਆਪ ਏਸੇ ਪੀੜ ਵਿਚੋਂ ਲੰਘੀ ਹਾਂ।’
ਮੈਂ ਉਹਨੂੰ ਕਿਹਾ ਕਿ ਉਹ ਆਪਣੀ ਦੁਖਾਂਤ-ਕਹਾਣੀ ਮੈਨੂੰ ਪੂਰੇ ਵਿਸਥਾਰ ਨਾਲ ਲਿਖ ਕੇ ਦੇਵੇ। ਉਹ ਦੋ ਦਿਨ ਕਾਲਜ ਨਾ ਆਈ ਤੇ ਤੀਜੇ ਦਿਨ ਕਾਪੀ ਦੇ ਚਾਲੀ-ਪੰਜਾਹ ਸਫ਼ਿਆਂ ’ਤੇ ਲਿਖਿਆ ਬਿਰਤਾਂਤ ਮੇਰੇ ਹਵਾਲੇ ਕਰ ਦਿੱਤਾ। ਕੁੜੀ ਆਪਣੇ ਮਾਮੇ ਦੇ ਘਰ ਰਹਿ ਕੇ ਪਲੀ ਸੀ। ਮਾਮੇ ਦੇ ਪੁੱਤ ਨੇ ਉਹਨੂੰ ਛੋਟੀ ਭੈਣ ਵਾਂਗ ਲਡਿਆਇਆ ਸੀ। ਭਰਾ ਖੱਟੀ-ਕਮਾਈ ਕਰਨ ਡੁਬਈ ਚਲਾ ਗਿਆ। ਕੁਝ ਸਾਲਾਂ ਬਾਅਦ ਉਹਦੀ ਵੀ ਕਿਸੇ ਦੁਰਘਟਨਾਂ ਵਿਚ ਮੌਤ ਹੋ ਗਈ। ਉਹਦੀ ਮ੍ਰਿਤਕ ਦੇਹ ਦੇ ਪੰਜਾਬ ਲਿਆਂਦੇ ਜਾਣ ਦਾ ਬੰਦੋਬਸਤ ਹੋ ਗਿਆ ਸੀ। ਜਦ ਖ਼ਬਰ ਮਿਲੀ ਤਾਂ ਮੁੰਡੇ ਦੇ ਬਾਪ, ਉਸ ਕੁੜੀ ਦੇ ਮਾਮੇ ਨੇ ਸਭ ਨੂੰ ਕਿਹਾ ਕਿ ਉਹਦੀ ਘਰਵਾਲੀ ਨੂੰ ਇਸ ਗੱਲ ਦਾ ਓਨਾ ਚਿਰ ਪਤਾ ਨਹੀਂ ਲੱਗਣਾ ਚਾਹੀਦਾ, ਜਿੰਨਾ ਚਿਰ ਪੁੱਤ ਦੀ ਦੇਹ ਘਰ ਨਹੀਂ ਪਹੁੰਚ ਜਾਂਦੀ। ਅੱਗੇ ਇਸ ਖ਼ਬਰ ਨੂੰ ਲੁਕਾਉਣ ਲਈ ਕੀਤੇ ਯਤਨਾਂ ਦੇ ਦੁਖਾਂਤਕ ਵੇਰਵੇ ਦਰਜ ਸਨ। ਭੈਣ-ਭਰਾ ਦੇ ਪਿਆਰ ਦੀਆਂ ਕਹਾਣੀਆਂ ਸਨ। ਅਗਲੇ ਦਿਨ ਮੈਂ ਕੁੜੀ ਨੂੰ ਕੋਲ ਬੁਲਾ ਕੇ ਉਹਦੇ ਸਿਰ ’ਤੇ ਪਿਆਰ ਨਾਲ ਹੱਥ ਫੇਰ ਕੇ ਗਲ ਨਾਲ ਲਾਇਆ, ਜਿਸਨੂੰ ਖ਼ੁਦ ਇਸ ਖ਼ਬਰ ਨੂੰ ਲੁਕਾਉਣ ਲਈ ਭਾਰੀ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਸੀ। ਕਹਾਣੀ ਵਿਚ ਅਮਰੀਕ ਵੱਲੋਂ ਆਪਣੀ ਭੈਣ ਛਿੰਦਰ ਨੂੰ ਲਸੂੜੇ ’ਤੇ ਚੜ੍ਹਾ ਕੇ ਲਾਡਲੀ ਤੇ ਪਿਆਰੀ ਛੇੜ-ਛਾੜ ਵਾਲਾ ਬਿਰਤਾਂਤ ਉਸ ਕੁੜੀ ਦੀ ਲਿਖਤ ਦਾ ਹੀ ਸੋਧਿਆ ਰੂਪ ਹੈ।
ਦਸ-ਬਾਰਾਂ ਸਾਲ ਇਹ ਦੁੱਖ ਮੇਰੇ ਅੰਦਰ ਰਿੱਝਦਾ ਰਿਹਾ। ਮੈਂ ਮਨ ਵਿਚ ਲਿਖੇ ਜਾਣ ਵਾਲੀ ਕਹਾਣੀ ਦੀ ਭੰਨ-ਤੋੜ ਕਰਦਾ ਰਿਹਾ। ਆਖ਼ਰਕਾਰ ਕਹਾਣੀ ਲਿਖਣ ਲਈ ਪ੍ਰੇਰਕ ਨੁਕਤਾ ਮੇਰੇ ਮਨ ਵਿਚ ਲਿਸ਼ਕਿਆ। ‘ਧਰਤੀ ਹੇਠਲਾ ਬੌਲਦ’ ਦਾ ਬਿਰਤਾਂਤ ‘ਮਾਨਵੀ ਦਾਇਰੇ’ ਵਿਚ ਵਿਚਰਨ ਵਾਲਾ ਸੀ ਪਰ ਮੈਂ ਆਪਣੀ ਕਹਾਣੀ ਨੂੰ ਪੰਜਾਬੀਆਂ ਦੇ ਪਰਵਾਸ ਧਾਰਨ ਕਰਨ ਦੀ ਲੰਮੀ ਪ੍ਰਕਿਰਿਆ ਦੇ ਇਤਿਹਾਸ ਨਾਲ ਜੋੜ ਕੇ ‘ਇਤਿਹਾਸਕ ਦਾਇਰੇ’ ਵਿਚ ਸਿਰਜਣ ਦਾ ਮਨ ਬਣਾ ਲਿਆ। ਪਰ ਅਜਿਹਾ ਕਰਦਿਆਂ ਮੈਂ ‘ਧਰਤੀ ਹੇਠਲਾ ਬੌਲਦ’ ਤੋਂ ਅੱਖ ਚੁਰਾ ਕੇ ਨਹੀਂ ਸਾਂ ਲੰਘ ਸਕਦਾ। ‘ਅਰਜਨ’ ਨੂੰ ‘ਆਪਣਾ ਯੁੱਧ’ ਸ਼ੁਰੂ ਕਰਨ ਤੋਂ ਪਹਿਲਾਂ ਦ੍ਰੋਣਾਚਾਰਯ ਦੇ ਪੈਰਾਂ ਵਿਚ ਨਮਸਕਾਰੀ ਤੀਰ ਚਲਾਉਣਾ ਚਾਹੀਦਾ ਸੀ! ਮੈਂ ਕੁਲਵੰਤ ਸਿੰਘ ਵਿਰਕ ਨੂੰ ਨਮਸਕਾਰ ਕੀਤੀ ਤੇ ਆਪਣੀ ਕਹਾਣੀ ਨੂੰ ਵੀ ‘ਧਰਤੀ ਹੇਠਲਾ ਬੌਲਦ’ ਵਾਲੇ ਪਿੰਡ ਅਤੇ ਪਰਿਵਾਰ ਨਾਲ ਜੋੜ ਦਿੱਤਾ।
ਧਿਆਨ ਨਾਲ ਵੇਖਿਆਂ ਪਤਾ ਚੱਲ ਜਾਵੇਗਾ ਕਿ ਕਹਾਣੀ ਵਿਚ ਜਰਨੈਲ ਸਿੰਘ ਦਾ ਪਾਤਰ ਉਸ ਮੁੰਡੇ ਨੂੰ ਬਣਾਇਆ ਗਿਆ ਹੈ, ਜੋ ‘ਧਰਤੀ ਹੇਠਲਾ ਬੌਲਦ’ ਵਾਲੇ ‘ਕਰਮ ਸਿੰਘ’ ਦਾ ਪੁੱਤਰ ਹੈ, ਜਿਹੜਾ ਮਾਨ ਸਿੰਘ ਦੇ ਆਉਣ ’ਤੇ ਡਿਉੜ੍ਹੀ ਵਿਚ ਖੇਡਦਾ ਫਿਰਦਾ ਸੀ। ‘ਧਰਤੀ ਹੇਠਲਾ ਬੌਲਦ’ ਵਾਲਾ ਕਰਮ ਸਿੰਘ ‘ਜਮਰੌਦ’ ਵਿਚ ਵੀ ‘ਕਰਮ ਸਿੰਘ’ ਹੀ ਰਹਿੰਦਾ ਹੈ, ਪਰ, ‘ਧਰਤੀ ਹੇਠਲਾ ਬੌਲਦ’ ਵਿਚਲੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਦਾ ਨਾਂ ਮੈਂ ‘ਜਮਰੌਦ’ ਵਿਚ ਜਾਣ-ਬੁੱਝ ਕੇ ਸਾਹਿਤਕ ਓਹਲਾ ਰੱਖਣ ਲਈ ਧਰਮ ਸਿੰਘ ਰੱਖਿਆ ਹੈ। ਬਰ੍ਹਮਾਂ ਦੇ ਫ਼ਰੰਟ ’ਤੇ ਕਰਮ ਸਿੰਘ ਦੇ ਮਾਰੇ ਜਾਣ ਦਾ ਬਿਰਤਾਂਤ ਅਤੇ ਜਦ ਉਹ ਜਿਊਂਦੇ-ਜੀਅ ਛੁੱਟੀ ਆਉਂਦਾ ਸੀ, ਤਾਂ, ਉਹਦਾ ਖੂਹੀ ’ਤੇ ਨਹਾਉਣ ਦਾ ਬਿਰਤਾਂਤ, ਵਿਰਕ ਦੀ ਕਹਾਣੀ ਨਾਲ ਜੁੜਦੇ ਸੰਕੇਤ ਹੀ ਨੇ। ਜਿਵੇਂ ਵਿਰਕ ਦੀ ਕਹਾਣੀ ਵਿਚ ਤਰਨਤਾਰਨ ਮੱਥਾ ਟੇਕਣ ਦਾ ਹਵਾਲਾ ਹੈ, ‘ਜਮਰੌਦ’ ਵਿਚ ਵੀ ਇਹ ਹਵਾਲਾ ਮਿਲਦਾ ਹੈ। ਸੋ ਉਨੀ-ਇੱਕੀ ਦੇ ਫਰਕ ਨਾਲ ਇਹ ਓਹੋ ਪਰਿਵਾਰ ਹੈ, ਚੜ੍ਹਤ ਸਿੰਘ ਦਾ, ਜੋ ਵਿਰਕ ਦੀ ਕਹਾਣੀ ਵਿਚਲਾ ਦੁੱਖ ਸਹਿਣ ਵਾਲਾ ਬਜ਼ੁਰਗ ਵੀ ਹੈ; ਭਾਵੇਂ ਆਪਣੀ ਕਹਾਣੀ ਦੀਆਂ ਆਪਣੀਆਂ ਲੋੜਾਂ ਮੁਤਾਬਕ ਇਸ ਵਿਚ ਕਈ ਤਬਦੀਲੀਆਂ ਵੀ ਕਰਨੀਆਂ ਪਈਆਂ। ਮਸਲਨ: ਕਰਮ ਸਿੰਘ ਦੀ ਮੌਤ ਵੇਲੇ ਮੇਰਾ ਪਾਤਰ ਚੜ੍ਹਤ ਸਿੰਘ ਜੇਲ੍ਹ ਵਿਚ ਹੈ ਤੇ ਵਿਰਕ ਦੀ ਕਹਾਣੀ ਵਾਲਾ ਬਜ਼ੁਰਗ ਬਾਪ ਘਰ ਵਿਚ ਹੀ ਹੈ। ਉਂਝ ਫੌਜੀ ਗਾਰਦ ਕੋਲੋਂ ਹਥਿਆਰ ਖੋਹਣ ਲਈ ‘ਵੱਲੇ’ ਪਿੰਡ ਦੀ ਨਹਿਰ ਦੇ ਪੁਲ ’ਤੇ ਮਾਰੇ ਡਾਕੇ ਵਿਚ ਹੋਰਨਾਂ ਗ਼ਦਰੀਆਂ ਨਾਲ ਜਿਹੜੇ ਗ਼ਦਰੀ ਗਏ ਸਨ, ਉਨ੍ਹਾਂ ਵਿਚ ਠੱਠੀ ਖਾਰੇ ਪਿੰਡ ਦੇ ਗ਼ਦਰੀ ਹਰਨਾਮ ਸਿੰਘ ਤੇ ਆਤਮਾ ਸਿੰਘ ਵੀ ਸਨ, ਜਿਹੜੇ ਫੜੇ ਜਾਣ ਬਾਅਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਫਾਂਸੀ ਲਾ ਦਿੱਤੇ ਗਏ। ਸੋ ਮੂਲ ਰੂਪ ਵਿਚ ਇਹ ਮਾਝੇ ਦਾ ਉਹੋ ਪਿੰਡ ਹੈ, ਜੋ ਵਿਰਕ ਦੀ ਕਹਾਣੀ ਵਾਲਾ ਪਿੰਡ ਹੀ ਹੈ, ‘ਠੱਠੀ ਖਾਰਾ’।
ਵਿਰਕ ਦੀ ਕਹਾਣੀ ਵਿਚ ਕਰਮ ਸਿੰਘ ਦੇ ਪਿਤਾ ਦਾ ਧਰਤੀ ਜੇਡਾ ਜੇਰਾ ਹੈ, ਤੇ, ਇਸ ਜੇਰੇ ਦਾ ਆਧਾਰ ਤੇ ਪ੍ਰੇਰਨਾ-ਸ੍ਰੋਤ ਵੀ ਇਹ ‘ਧਰਤੀ’ ਅਤੇ ਇਹਦਾ ਵੱਡੇ ਜੇਰੇ ਵਾਲੇ ਸੂਰਮਿਆਂ ਦਾ ਇਤਿਹਾਸ ਹੈ। ਇਸ ਇਤਿਹਾਸ ਵੱਲ ਵਿਰਕ ਨੇ ਕਹਾਣੀ ਦੇ ਆਖ਼ਰੀ ਪੈਰੇ ਵਿਚ ਸੰਕੇਤਕ ਜ਼ਿਕਰ ਕੁਝ ਇਸਤਰ੍ਹਾਂ ਕੀਤਾ ਹੈ: ‘ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ, ਜਿਨ੍ਹਾਂ ਦਾ ਬਾਬਾ ਜੰਮਪਲ ਸੀ। ਇਨ੍ਹਾਂ ਦੁਆਲੇ ਬਚਾਅ ਲਈ ਕਿਲ੍ਹੇ ਕੋਟ ਉਸਰੇ ਹੋਏ ਸਨ, ਥਾਂ ਥਾਂ ਮੜ੍ਹੀਆਂ ਅਤੇ ਸਮਾਧਾਂ ਸਨ, ਜਿਹੜੀਆਂ ਪਿਛਲੀਆਂ ਪੀੜ੍ਹੀਆਂ ਵਿਚ ਇਨ੍ਹਾਂ ਲੋਕਾਂ ਦੀ ਭਾਰਤ ’ਤੇ ਧਾਵਾ ਕਰਨ ਵਾਲਿਆਂ ਨਾਲ ਲੜਨ-ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ। ਇਸੇ ਕਰ ਕੇ ਬਾਬੇ ਦੀ ਸਹਿਣ-ਸ਼ਕਤੀ ਇੰਨੀ ਵਧੀ ਹੋਈ ਸੀ। ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ।’
ਵਿਰਕ ਦੀ ਕਹਾਣੀ ਦੇ ਅੰਤ ’ਤੇ ਸੁਝਾਈ ਗਈ ਇਤਿਹਾਸ ਦੀ ਇਸ ਸੰਕੇਤਕ ਸ਼ਕਤੀ ਨੂੰ ਮੈਂ ਇਤਿਹਾਸਕ ਪ੍ਰਸੰਗਾਂ ਦੀ ਪ੍ਰਕਿਰਿਆ ਵਿਚ ਫੈਲਾਉਣਾ ਅਤੇ ਬਿਆਨਣਾ ਸੀ। ਮਾਝੇ ਦੇ ਪਿੰਡਾਂ ਦੁਆਲੇ ਭਾਰਤ ’ਤੇ ਧਾਵਾ ਕਰਨ ਵਾਲਿਆਂ ਨਾਲ ਲੜਨ-ਮਰਨ ਦੀਆਂ ਕਹਾਣੀਆਂ ਦੱਸਣ ਵਾਲੇ ਕਿਲ੍ਹੇ-ਕੋਟਾਂ, ਮੜ੍ਹੀਆਂ ਅਤੇ ਸਮਾਧਾਂ ਨਾਲ ਜੋੜ ਕੇ ਸਜਿੰਦ ਬਿਰਤਾਂਤ ਉਸਾਰਨਾ ਮੇਰੀ ਸਿਰਜਣਾਤਮਕ ਜ਼ਿੰਮੇਵਾਰੀ ਸੀ।
ਅਸਲ ਵਿਚ ‘ਜਮਰੌਦ’ ਵਿਚ ‘ਠੱਠੀ ਖਾਰਾ’ ਪਿੰਡ ਨੂੰ ਜਾਣ-ਬੁੱਝ ਕੇ ਬੇਨਾਮ ਰੱਖਿਆ ਗਿਆ ਹੈ। ਇਹ ਇਸ ਕਰ ਕੇ, ਕਿਉਂਕਿ, ਇਹ ਇੱਕ ਪਿੰਡ ਹੀ ਨਹੀਂ, ਪੂਰਾ ਪੰਜਾਬ ਹੈ, ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ਼ ਇਤਿਹਾਸ ਹੈ। ਰਾਜਨੀਤਕ, ਸਮਾਜਿਕ, ਸਭਿਆਚਾਰਕ ਜਾਂ ਆਰਥਿਕ ਹੀ ਨਹੀਂ, ਸਾਹਿਤਕ-ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਵਿਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿਚ ਇਸ ਇਤਿਹਾਸਕ ਨਿਰੰਤਰਤਾ ਦੇ ਸੰਕੇਤ ਸਾਫ਼ ਲੱਭਦੇ ਹਨ। ਇਹ ਕਹਾਣੀ ‘ਧਰਤੀ ਹੇਠਲਾ ਬੌਲਦ’ ਵਾਲੀ ਪਰੰਪਰਾ ਦੀ ਵਾਰਿਸ ਕਹਾਣੀ ਹੈ, ਜਿਸ ਦੇ ਨਾਇਕ ਅਸਲੋਂ ਸਾਧਾਰਨ ਮਨੁੱਖ ਹੋਣ ਦੇ ਬਾਵਜੂਦ, ਸਿਰ ਤੇ ਪਈ ਝੱਲਣ ਵੇਲੇ ਅਸਾਧਾਰਨ ਜਿਗਰੇ ਵਾਲੇ ਹੋ ਨਿੱਬੜਦੇ ਨੇ। ਇਹੋ ਬੰਦੇ ਪੰਜਾਬੀ ਬੰਦੇ ਦੀ ਪ੍ਰਮਾਣਿਕ ਪਛਾਣ ਨੇ; ਜਿਹੜੇ ਡਿੱਗਣ-ਡਿੱਗਣ ਕਰਦੇ ਪੰਜਾਬ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਮੁੜ ਖੜਾ ਕਰ ਸਕਦੇ ਸਨ।
ਇੰਝ ਹਾਲਾਤ ਅਤੇ ਇਤਿਹਾਸ ਦੇ ਦਬਾਵਾਂ ਅਧੀਨ ਇਕੋ ਪਿੰਡ ਅਤੇ ਦੋ ਭਰਾਵਾਂ (ਮੋਹਣ ਸਿੰਘ ਉਰਫ਼ ਚੜ੍ਹਤ ਸਿੰਘ ਅਤੇ ਸੋਹਣ ਸਿੰਘ) ਦੇ ਇੱਕੋ ਪਰਿਵਾਰ ਦੀ ਨਾਭੀ ਵਿਚੋਂ ਸੌ-ਡੇਢ ਸੌ ਸਾਲਾਂ ਵਿਚ ਬਦਲ ਗਏ ਪੰਜਾਬੀ ਪਿੰਡ ਅਤੇ ਪੰਜਾਬੀ ਬੰਦੇ ਦੀ ਹਸਤੀ ਤੇ ਹੋਣੀ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਹੀ ਹੈ ਇਹ ਕਹਾਣੀ। ਏਸੇ ਕੋਸ਼ਿਸ਼ ਵਿਚੋਂ ਮੈਂ ਇਸ ਸਵਾਲ ਨਾਲ ਦਸਤਪੰਜਾ ਲੈਣਾ ਸੀ ਕਿ ਅਸਾਧਾਰਨ ਜਿਗਰਿਆਂ ਵਾਲੇ ਇਹ ਲੋਕ ਹੁਣ ਡਿੱਗ ਰਹੇ ਪੰਜਾਬ ਨੂੰ ਮੋਢਾ ਦੇਣ ਤੋਂ ਅਸਮਰੱਥ ਕਿਉਂ ਹੁੰਦੇ ਜਾ ਰਹੇ ਨੇ! ਹੁਣ ਇਹ ‘ਧਰਤੀ ਹੇਠਲੇ ਬੌਲਦ’ ਕਿੱਥੇ ਤੇ ਕਿਉਂ ਗ਼ਰਕਦੇ ਜਾ ਰਹੇ ਨੇ ਤੇ ਇਨ੍ਹਾਂ ਹੇਠਲੇ ਪੈਰਾਂ ਹੇਠਲੀ ਜ਼ਮੀਨ ਅਮਰੀਕਾ-ਕਨੇਡਾ ਕਿਉਂ ਖੋਹ ਕੇ ਲੈ ਚੱਲਿਆ ਏ! ?
ਇੰਝ ਇਹ ਕਹਾਣੀ ਜਿੱਥੇ ਪੰਜਾਬ ਦੇ ਇਤਿਹਾਸ ਦੇ ਹੋਰ ਪੱਖਾਂ ਨਾਲ ਜੁੜਦੀ ਹੈ, ਓਥੇ ਪੰਜਾਬੀ ਕਹਾਣੀ ਦੇ ਇਤਿਹਾਸ ਨਾਲ ਵੀ ਜੁੜਦੀ ਹੈ। ਏਥੇ ਮਕਸਦ ਸਿਰਫ਼ ਏਸ ਤੱਥ ਵੱਲ ਧਿਆਨ ਦਿਵਾਉਣਾ ਹੈ ਕਿ ਪੰਜਾਬੀ ਕਹਾਣੀ ਦੇ ਇਤਿਹਾਸ ਵਿਚ ਦੋਵਾਂ ਕਹਾਣੀਆਂ ਦੇ ਮਿਲਣ ਬਿੰਦੂ ਤੇ ਵਿਛੜਣ ਬਿੰਦੂ ਦੇ ਦਰਮਿਆਨ ਪੰਜਾਬ ਦੇ ਇਤਿਹਾਸ ਵਿਚ ਤੇ ਸਾਹਿਤ ਦੇ ਇਤਿਹਾਸ ਵਿਚ (ਕਹਾਣੀ-ਵਿਧਾ ਦੇ ਨਿਰੋਲ ‘ਮਾਨਵੀ ਦਾਇਰੇ’ ਵਿਚੋਂ ਨਿਕਲ ਕੇ ‘ਇਤਿਹਾਸਕ ਦਾਇਰੇ’ ਦੀ ਯਾਤਰਾ ਤੱਕ) ਵੀ, ਕੀ-ਕੁਝ ਤੇ ਕਿੰਨਾ-ਕੁਝ ਵਾਪਰ/ਬਦਲ ਗਿਆ ਏ ਤੇ ਕਿਉਂ ਵਾਪਰ/ਬਦਲ ਗਿਆ ਏ!