ਧਰਤ ਪਰਾਈ ‘ਤੇ ਵੱਸਦੇ ਆਪਣੇ ਲੋਕਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾਂ ਨਾਲ ਸਾਂਝ ਪਾਉਂਦੀਆਂ ਕਹਾਣੀਆਂ-‘ਪਰਾਈ ਧਰਤੀ ਆਪਣੇ ਲੋਕ’

ਨਿਰੰਜਣ ਬੋਹਾ
ਫੋਨ: 89682-82700

ਉਤਰੀ ਅਮਰੀਕਾ ਦੀ ਪੰਜਾਬੀ ਕਹਾਣੀ ਸਮੁੱਚੀ ਪੰਜਾਬੀ ਕਹਾਣੀ ਦਾ ਹਿੱਸਾ ਹੋਣ ‘ਤੇ ਵੀ ਪਰਵਾਸ ਨਾਲ ਜੁੜੇ ਆਪਣੇ ਨਿਵੇਕਲੇ ਅਨੁਭਵਾਂ ਕਾਰਨ ਆਪਣੀ ਵੱਖਰੀ ਵਿਸ਼ਾਗਤ ਤੇ ਰੂਪਗਤ ਪਛਾਣ ਰੱਖਦੀ ਹੈ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵੱਲੋਂ ਪ੍ਰਬੁੱਧ ਕਹਾਣੀਕਾਰਾ ਅਮਰਜੀਤ ਕੌਰ ਪੰਨੂ, ਸੁਰਜੀਤ (ਟੋਰਾਂਟੋ) ਤੇ ਲਾਜ ਨੀਲਮ ਸੈਣੀ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੇ ਗਏ ਕਹਾਣੀ ਸੰਗ੍ਰਹਿ ‘ਧਰਤ ਪਰਾਈ ਆਪਣੇ ਲੋਕ’ ਰਾਹੀਂ ਉਘੜਦੀ ਇਸ ਖੇਤਰ ਦੀ ਕਹਾਣੀ ਦੀ ਪਛਾਣ ਦੋ-ਤਿੰਨ ਦਹਾਕੇ ਪਹਿਲੋਂ ਲਿਖੀ ਜਾਂਦੀ ਰਹੀ ਪਰਵਾਸੀ ਕਹਾਣੀ ਨਾਲੋਂ ਬਹੁਤ ਵੱਖਰੀ ਹੈ।

ਹੁਣ ਪਰਵਾਸੀ ਭਾਰਤੀ ਲੋਕਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾਂ ਭੂ-ਹੇਰਵੇ ਤੱਕ ਸੀਮਤ ਨਹੀਂ ਰਹੀਆਂ, ਸਗੋਂ ਨਵੀਂ ਧਰਤੀ ਵਿਚ ਆਪਣੀਆਂ ਸਮਾਜਿਕ ਤੇ ਆਰਥਿਕ ਜੜ੍ਹਾਂ ਲਾਉਣ ਨਾਲ ਅੰਤਰ-ਸੰਬੰਧਤ ਹਨ। ਇਥੇ ਜਨਮੀ ਨਵੀਂ ਪੀੜ੍ਹੀ ਨਾ ਤਾਂ ਆਪਣੇ ਪੁਰਖਿਆਂ ਦੇ ਮੁਲਕ ਨਾਲ ਕੋਈ ਮਾਨਸਿਕ ਲਗਾਓ ਰੱਖਦੀ ਹੈ, ਤੇ ਨਾ ਹੀ ਉਹ ਉਥੋਂ ਦੀਆਂ ਸਮਾਜਿਕ ਕੀਮਤਾਂ ਨੂੰ ਸਵੀਕਾਰਦੀ ਹੈ।
ਦੂਸਰੇ ਪਾਸੇ ਪੁਰਾਣੀ ਪੀੜ੍ਹੀ ਪਰਵਾਸ ਕਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਆਪਣੀਆਂ ਪੂਰਵਜੀ ਮਾਨਤਾਵਾਂ ਤੇ ਸੰਸਕਾਰਾਂ ਤੋਂ ਮੁਕਤ ਹੋਣ ਲਈ ਤਿਆਰ ਨਹੀਂ ਹੋਈ। ਇਸ ਤਰ੍ਹਾਂ ਪਰਵਾਸੀ ਭਾਰਤੀਆਂ ਦੀਆਂ ਦੋ ਪੀੜ੍ਹੀਆਂ ਦੇ ਵਿਚਾਰਧਾਰਕ ਪਾੜੇ ਨੇ ਨਵੇਂ ਕਿਸਮ ਦੇ ਸਮਾਜਿਕ ਤੇ ਪਰਿਵਾਰਕ ਸੰਕਟ ਪੈਦਾ ਕਰ ਦਿੱਤੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਇਨ੍ਹਾਂ ਸੰਕਟਾਂ ਦੀਆਂ ਵਿਭਿੰਨ ਪਰਤਾਂ ਉਘੇੜ ਕੇ ਇਨ੍ਹਾਂ ਦੇ ਨਿਵਾਰਨ ਲਈ ਵੀ ਨਵੀਂ ਸੰਵਾਦਕ ਚਰਚਾ ਦੀ ਸ਼ੁਰੂਆਤ ਕਰਦੀਆਂ ਹਨ।
ਸੰਗ੍ਰਹਿ ਵਿਚ ਸ਼ਾਮਿਲ ਗੁਰਮੀਤ ਪਨਾਗ ਦੀ ਕਹਾਣੀ ‘ਕਾਸ਼ਨੀ ਸੁਪਨੇ’ ਢਲਦੀ ਉਮਰ ਵਿਚ ਇਕੱਲਤਾ ਦਾ ਸੰਤਾਪ ਭੋਗਣ ਵਾਲੇ ਬਜ਼ੁਰਗਾਂ ਦੇ ਮਨੁੱਖੀ ਹੱਕਾਂ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਨਵੇਂ ਰਿਸ਼ਤੇ ਜੋੜਨ ਦਾ ਹੱਕ ਪ੍ਰਦਾਨ ਕਰਦੀ ਹੈ। ਕਹਾਣੀ ਵਿਚਲੀ ਕੁਲਦੀਪ ਕੌਰ ਆਪਣੇ ਪੁੱਤਰ-ਨੂੰਹ ਦੇ ਮੋਹ ਰਹਿਤ ਵਤੀਰੇ ਕਾਰਨ ਆਪਣੇ ਅੰਦਰ ਪੈਦਾ ਹੋਏ ਮਾਨਸਿਕ ਖਲਾਅ ਨੂੰ ਆਪਣੀ ਗੁਆਂਢਣ ਰੂਬੀ ਤੇ ਉਸਦੇ ਬੱਚਿਆਂ ਨਾਲ ਨੇੜਤਾ ਪੈਦਾ ਕਰ ਕੇ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿੰਦਗੀ ਦੇ ਇਕ ਮੋੜ ‘ਤੇ ਆਪਣੇ ਹਮ ਉਮਰ ਤੇ ਆਪਣੇ ਵਰਗੀ ਹੀ ਮਾਨਸਿਕ ਸਥਿਤੀ ਵਿਚੋਂ ਲੰਘ ਰਹੇ ਮਿਸਟਰ ਗਿੱਲ ਨਾਲ ਹੋਇਆ ਉਸਦਾ ਮੇਲ ਦੋਸਤੀ ਵਿਚ ਬਦਲਦਾ ਹੈ ਤਾਂ ਦੋਵਾਂ ਦੇ ਮਨ ਵਿਚਲੇ ਕਾਸ਼ਨੀ ਸੁਪਨੇ ਫਿਰ ਤੋਂ ਅੰਗੜਾਈ ਲੈਣ ਲੱਗਦੇ ਹਨ। ਜਤਿੰਦਰ ਰੰਧਾਵਾ ਦੀ ਕਹਾਣੀ ‘ਪ੍ਰਾਈਵੇਸੀ’ ਵਿਚਲੀ ਰੀਤ ਪੂਰਬੀ ਤਰਜ਼ ਦੇ ਸਮਾਜਿਕ ਤੇ ਪਰਿਵਾਰਕ ਜਾਬਤਿਆਂ ਤੋਂ ਆਜ਼ਾਦ ਹੋ ਕੇ ਵਿਅਕਤੀਗਤ ਆਜ਼ਾਦੀ ਮਾਨਣ ਦੀ ਇੱਛਾ ਪੂਰੀ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਆਪਣੀ ਮਾਂ ਦੀ ਉਸ ਬਾਰੇ ਪ੍ਰਗਟਾਈ ਚਿੰਤਾ ਵੀ ਆਪਣੀ ਪ੍ਰਾਈਵੇਸੀ ਵਿਚ ਦਖਲ ਅੰਦਾਜ਼ੀ ਲੱਗਦੀ ਹੈ। ਆਪਣੇ ਘਰ ਨੂੰ ਛੱਡ ਜਾਣ ਤੋਂ ਬਾਅਦ ਜਦੋਂ ਉਸਨੂੰ ਮਾਂ ਦੀ ਚਿੰਤਾ ਵਿਚ ਛੁਪੀ ਮਮਤਾ ਦਾ ਅਹਿਸਾਸ ਹੁੰਦਾ ਹੈ, ਤਾਂ ‘ਆਈ ਐਮ ਸਾਰੀ ਮਾਮ’ ਦੇ ਬੋਲ ਇਸ ਕਹਾਣੀ ਦੀ ਉਦੇਸ਼ਾਤਮਕ ਪਛਾਣ ਬਣ ਜਾਂਦੇ ਹਨ। ਮਨੁੱਖ ਤੇ ਕੁਦਰਤ ਦੇ ਪਰਸਪਰ ਸੰਬੰਧਾਂ ਨੂੰ ਪਰਿਭਾਸ਼ਤ ਕਰਦੀ ਸੁਰਜੀਤ (ਟੋਰਾਂਟੋ) ਦੀ ਕਹਾਣੀ ‘ਤੂੰ ਭਰੀਂ ਹੁੰਗਾਰਾ’ ਪਰਾਈ ਧਰਤੀ `ਤੇ ਨਵੇਂ ਸਿਰੇ ਤੋਂ ਆਪਣੀਆਂ ਸਮਾਜਿਕ ਤੇ ਸਭਿਆਚਾਰਕ ਜੜ੍ਹਾਂ ਲਾਉਣ ਸਮੇਂ ਆਉਂਦੀਆਂ ਮੁਸ਼ਕਲਾਂ ਨੂੰ ਇਕ ਰਬੜ ਪਲਾਂਟ ਦੇ ਇਕ ਥਾਂ ਤੋਂ ਦੂਜੀ ਥਾਂ `ਤੇ ਪੁੱਟ ਕੇ ਲਾਏ ਜਾਣ ਦੀ ਘਟਨਾ ਰਾਹੀਂ ਸੰਕੇਤਕ ਰੂਪ ਵਿਚ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦੀ ਹੈ। ਇਕ ਥਾਂ ਤੋਂ ਪੁੱਟ ਕੇ ਦੂਜੀ ਥਾਂ `ਤੇ ਲਾਇਆ ਇਹ ਬੂਟਾ ਕਮਲਾਉਣ ਲੱਗਦਾ ਹੈ ਤਾਂ ਕਹਾਣੀ ਵਿਚਲੀ ਮਾਂ ਦਾ ਉਦਰੇਵਾਂ ਵੀ ਹੋਰ ਵਧਣ ਲੱਗਦਾ ਹੈ। ਬੂਟੇ ਨੂੰ ਨਵੇਂ ਸਿਰੇ ਤੋਂ ਜੜ੍ਹਾਂ ਫੈਲਾਉਂਦੇ ਵੇਖ ਕੇ ਉਸਨੂੰ ਇਹ ਸੋਚ ਕੇ ਵਿਸ਼ੇਸ਼ ਰਾਹਤ ਮਿਲਦੀ ਹੈ ਕਿ ਕੁਦਰਤ ਹਰ ਸਥਾਨ ਸਥਾਨ `ਤੇ ਜ਼ਿੰਦਗੀ ਨੂੰ ਵਿਗਸਣ ਤੇ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰਦੀ ਹੈ।
ਅਮਰਜੀਤ ਕੌਰ ਪੰਨੂ ਦੀ ਕਹਾਣੀ ‘ਕੰਡਿਆਲੀਆਂ ਥੋਹਰਾਂ’ ਤੇ ਪਰਵੇਜ਼ ਸੰਧੂ ਦੀ ਕਹਾਣੀ ‘ਟੁਕੜੇ’ ਔਰਤ ਵੱਲੋਂ ਆਪਣੀ ਸਮਾਜਿਕ ਹੋਂਦ ਨੂੰ ਸਥਾਪਿਤ ਕਰਨ ਦੀ ਸਮੱਸਿਆ ਨਾਲ ਸੰਬੰਧਤ ਹਨ। ਕਹਾਣੀ ‘ਕੰਡਿਆਲੀਆਂ ਥੋਹਰਾਂ’ ਦੀ ਪਾਤਰ ਸੁੱਖੀ ਤੇ ਗਲੋਰੀਆ ਦਾ ਸਹੇਲਪੁਣਾ ਤੇ ਲੈਜ਼ਬੀਨ ਰਿਸ਼ਤਾ ਉਨ੍ਹਾਂ ਦੋਵਾਂ ਦੀ ਉਤਪੀੜਤ ਹੋਈ ਮਾਨਸਿਕਤਾ ਵਿਚੋਂ ਜਨਮ ਲੈਂਦਾ ਹੈ। ਸੁੱਖੀ ਆਪਣੇ ਪਤੀ ਗੈਰੀ ਦੀ ਬੇਵਫਾਈ ਕਾਰਨ ਬਿਗਾਨੀ ਧਰਤੀ ‘ਤੇ ਮਾਨਸਿਕ ਸੰਤਾਪ ਭੋਗ ਰਹੀ ਹੈ ਤਾਂ ਗੁਲੇਰੀਆ ਉਥੋਂ ਦੇ ਭੋਗੀ ਸਭਿਆਚਾਰ ਤੋਂ ਮਾਨਸਿਕ ਤੌਰ ‘ਤੇ ਪੀੜਤ ਹੈ। ਗੁਲੇਰੀਆ ਗੈਰੀ ਨਾਲ ਜੁੜ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਇੱਛਾ ਰੱਖਦੀ ਹੈ ਪਰ ਜਦੋਂ ਪਤਨੀ ‘ਤੇ ਜ਼ੁਲਮ ਕਰਨ ਵਾਲਾ ਉਸਦਾ ਅਸਲ ਚਿਹਰਾ ਵੇਖਦੀ ਹੈ, ਤਾਂ ਉਸਦੀ ਮਾਨਸਿਕ ਬੇਚੈਨੀ ਵਿਚ ਹੋਰ ਵੀ ਵਧ ਜਾਂਦੀ ਹੈ ਤੇ ਇਸ ਤਰ੍ਹਾਂ ਇਕ ਕੰਡਿਆਲੀ ਥੋਹਰ ਦੂਜੀ ਥੋਹਰ ਦਾ ਸਹਾਰਾ ਬਣ ਜਾਂਦੀ ਹੈ। ਪਰਵੇਜ਼ ਸੰਧੂ ਦੀ ਕਹਾਣੀ ‘ਟੁਕੜੇ’ ਔਰਤ ਵੱਲੋਂ ਆਜ਼ਾਦ ਹਸਤੀ ਕਾਇਮ ਕਰਨ ਦੇ ਰਾਹ ਵਿਚਲੀਆਂ ਰੁਕਾਵਟਾਂ ਨੂੰ ਰੂਪਮਾਨ ਕਰਦਿਆਂ ਪਲ-ਪਲ ਬਦਲਦੇ ਸਮਾਜਿਕ ਸਮੀਕਰਨਾਂ ਦੀ ਸ਼ਨਾਖ਼ਤ ਵੀ ਕਰਦੀ ਹੈ। ਇਹ ਬਦਲਦੇ ਸਮੀਕਰਨ ਔਰਤ ਅੰਦਰ ਅਸੁਰੱਖਿਆ ਦਾ ਭੈਅ ਵੀ ਪੈਦਾ ਕਰਦੇ ਹਨ ਤੇ ਉਸਦੀ ਮਾਨਸਿਕ ਦ੍ਰਿੜ੍ਹਤਾ ਨੂੰ ਵੀ ਪਰਖਦੇ ਹਨ। ਟੁਕੜਿਆਂ ਵਿਚ ਵੰਡੀ ਗਈ ਆਪਣੀ ਹੋਂਦ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਕਹਾਣੀ ਦੀ ਬਿਰਤਾਂਤਕਾਰ ਨੂੰ ਅਨੇਕਾਂ ਵਾਰ ਕੱਚ ਦੇ ਟੁਕੜਿਆਂ ‘ਤੇ ਤੁਰਨਾ ਪੈਂਦਾ ਹੈ।
ਸੰਗ੍ਰਹਿ ਦੀਆਂ ਕਹਾਣੀਆਂ ਪੱਛਮੀ ਮੁਲਕਾਂ ਵੱਲੋਂ ਆਪਣੇ ਸਭਿਅਕ ਤੇ ਨਿਆਂਕਾਰੀ ਹੋਣ ਬਾਰੇ ਸਿਰਜੇ ਭੁਲੇਖੇ ਨੂੰ ਬੇਕਿਰਕੀ ਨਾਲ ਤੋੜਦੀਆਂ ਹਨ। ਪ੍ਰੋ. ਹਰਭਜਨ ਸਿੰਘ ਦੀ ਕਹਾਣੀ ‘ਪਾਗਲ ਮੌਸਮ ਠੱਗ ਨਿਜ਼ਾਮ’ ਇਸ ਧਾਰਨਾ ਦੀ ਪੁਸ਼ਟੀ ਕਰਦੀ ਹੈ ਕਿ ਉਚੀ ਸੁਰ ਮਨੁੱਖੀ ਹੱਕਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲਾ ਅਮਰੀਕਾ ਕਹਿਣ ਨੂੰ ਹੀ ਵੈੱਲਫੇਅਰ ਸਟੇਟ ਹੈ, ਪਰਵਾਸੀ ਲੋਕਾਂ ਤੋਂ ਬੰਧੂਆ ਮਜ਼ਦੂਰੀ ਕਰਾਉਣ ਤੇ ਉਨ੍ਹਾਂ ਦੀ ਮਿਨਹਤ ਦੀ ਲੁੱਟ ਕਰਨ ਦੇ ਮਾਮਲੇ ਵਿਚ ਇਸ ਮੁਲਕ ਦਾ ਵਿਹਾਰ ਅਮਾਨਵੀ ਤੇ ਅਨਿਆਂਸ਼ੀਲ ਹੀ ਨਹੀਂ ਸਗੋਂ ਗੈਰ-ਲੋਕਤੰਤਰੀ ਵੀ ਹੈ। ਜਰਨੈਲ ਸਿੰਘ ਦੀ ਕਹਾਣੀ ‘ਪੱਤਿਆਂ ਨਾਲ ਢਕੇ ਜਿਸਮ’ ਵਿਸ਼ਵ ਬਾਜ਼ਾਰ ਦੀ ਲੋੜ ਅਨੁਸਾਰ ਔਰਤ ਨੂੰ ਇਕ ਭੋਗੀ ਵਸਤੂ ਵਜੋਂ ਉਭਾਰਨ ਲਈ ਕਰਵਾਏ ਜਾਂਦੇ ਸੁੰਦਰਤਾ ਮੁਕਾਬਲਿਆਂ ਦੇ ਕੱਚ-ਸੱਚ ਨੂੰ ਬਿਆਨਦੀ ਹੈ। ਇਨ੍ਹਾਂ ਮੁਕਾਬਲਿਆਂ ਦੀ ਚਕਾਚੌਂਧ ਤੇ ਆਰਥਿਕਤਾ ਭਾਰਤੀ ਮੂਲ ਦੀਆਂ ਮਨੀਸ਼ਾ ਵਰਗੀਆਂ ਮਾਡਲਾਂ ਨੂੰ ਆਪਣੇ ਵੱਲ ਖਿਚਦੀ ਹੈ ਪਰ ਪੱਛਮੀ ਮਾਡਲ ਕੁੜੀ ਮੀਸ਼ੈਲ ਵਾਂਗ ਆਪਣੀ ਨਗਨਤਾ ਨੂੰ ਬਾਜ਼ਾਰੀ ਵਸਤ ਨਾ ਬਣਾ ਸਕਣ ਕਾਰਨ ਅੰਤ ਉਹ ਮੁਕਾਬਲੇ ਤੋਂ ਬਾਹਰ ਹੋ ਜਾਂਦੀਆਂ ਹਨ। ਤਾਰਾ ਸਿੰਘ ਸਾਗਰ ਦੀ ਕਹਾਣੀ ‘ਬੇਵਸੀ’ ਅਨੁਸਾਰ ਸਮੇਂ-ਸਮੇਂ `ਤੇ ਆਉਣ ਵਾਲਾ ਆਰਥਿਕ ਮੰਦਵਾੜਾ ਇਸ ਮੁਲਕ ਦੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਦੇ ਭਰਮ ਨੂੰ ਤੋੜ ਕੇ ਇੱਥੋਂ ਦੇ ਵਸਨੀਕਾਂ ਨੂੰ ਐਨਾ ਬੇਵਸ ਬਣਾ ਦਿੰਦਾ ਹੈ ਕਿ ਉਹ ਆਪਣੇ ਸਿਰ ਉਪਰਲੀ ਛੱਤ ਵੀ ਵੇਚਣ ਲਈ ਮਜਬੂਰ ਹੋ ਜਾਂਦੇ ਹਨ।
ਜਿੱਥੇ ਇਸ ਸੰਗ੍ਰਹਿ ਦੀਆਂ ਕਹਾਣੀਆਂ ਅਮਰੀਕੀ ਤੇ ਕੈਨੇਡੀਅਨ ਵਿਵਸਥਾ ਦੇ ਮਾਨਵਤਾ ਵਿਰੋਧੀ ਵਰਤਾਰਿਆਂ ਦੀ ਬੇ-ਕਿਰਕ ਆਲੋਚਨਾ ਕਰਦੀਆਂ ਹਨ, ਉਥੇ ਇਨ੍ਹਾਂ ਮੁਲਕਾਂ ਦੀਆਂ ਮਾਨਵਤਾਵਾਦ ਦਾ ਪੱਖ ਪੂਰਨ ਵਾਲੀਆਂ ਕਦਰਾਂ-ਕੀਮਤਾਂ ਦੀ ਖੁਲ੍ਹੇ ਮਨ ਨਾਲ ਪ੍ਰਸੰ਼ਸਾ ਵੀ ਕਰਦੀਆਂ ਹਨ। ਕਰਮ ਸਿੰਘ ਮਾਨ ਦੀ ਕਹਾਣੀ ‘ਮੁਤਬੰਨਾ’ ਰੰਗ-ਭੇਦ ਤੇ ਜਾਤ-ਪਾਤ ਦੀਆਂ ਹੱਦਾਂ ਲੰਘ ਕੇ ਇੱਕ ਨਵੇਂ ਮਾਨਵੀ ਸਮਾਜ ਦੀ ਸਿਰਜਣਾ ਵੱਲ ਸੇਧਤ ਹੈ। ਇਹ ਕਹਾਣੀ ਮਨੁੱਖੀ ਸਾਂਝ ਦੇ ਅਰਥਾਂ ਨੂੰ ਵਿਆਪਕਤਾ ਪ੍ਰਦਾਨ ਕਰਦਿਆਂ ਇਸ ਧਾਰਨਾ ਨੂੰ ਪੱਕੇ ਪੈਰੀਂ ਕਰਦੀ ਹੈ ਕਿ ਮਨੁੱਖਤਾ ਨੂੰ ਆਪਣਾ ਧਰਮ ਸਮਝਣ ਵਾਲੇ ਵਾਲੇ ਲੋਕ ਹਮੇਸ਼ਾ ਰੰਗ ਭੇਦ ਤੇ ਜਾਤਪਾਤ ਦੇ ਵਿਤਕਰਿਆਂ ਤੋਂ ਉਪਰ ਉਠ ਕੇ ਹੀ ਸੋਚਦੇ ਹਨ। ਰਬਿੰਦਰ ਅਟਵਾਲ ਦੀ ਕਹਾਣੀ ‘ਤੇਰੀ ਮੇਰੀ ਧਰਤੀ’ ਤੇਰ-ਮੇਰ ਦਾ ਭੇਦ ਮੇਟਣ ਦੀ ਗੱਲ ਕਰਦਿਆਂ ਧਰਤੀ ਦੇ ਸਾਰਿਆਂ ਲਈ ਸਾਂਝੀ ਹੋਣ ਦੇ ਸਕੰਲਪ ਨੂੰ ਉਭਾਰਦੀ ਹੈ। ਕਹਾਣੀ ਵਿਚਲਾ ਜਸਵੰਤ ਗੈਰ-ਕਾਨੂੰਨੀ ਢੰਗ ਨਾਲ ਪੱਛਮੀ ਮੁਲਕਾਂ ਦੀਆਂ ਸਰਹੱਦਾਂ ਵਿਚ ਦਾਖਲ ਹੋਇਆ ਹੈ ਪਰ ਪੁਲੀਸ ਅਫ਼ਸਰ ਸੈਰਿਫ ਵੱਲੋਂ ਮਾਨਵੀ ਅਧਾਰ ‘ਤੇ ਉਸਦੀ ਮੱਦਦ ਕੀਤੇ ਜਾਣ ਨਾਲ ਆਪਣੇ-ਪਰਾਏ ਦਾ ਭੇਦ ਖਤਮ ਹੋ ਜਾਂਦਾ ਹੈ। ਲਾਜ ਨੀਲਮ ਸੈਣੀ ਦੀ ਕਹਾਣੀ ‘ਚੀਸ’ ਸੰਸਾਰ ਅਮਨ ਦੇ ਹੱਕ ਵਿਚ ਉਭਰਨ ਵਾਲੀਆਂ ਆਵਾਜ਼ਾਂ ਦੇ ਹੱਕ ਵਿਚ ਆਪਣੀ ਆਵਾਜ਼ ਮਿਲਾਉਂਦੀ ਹੈ। ਕਿਸੇ ਸਮੇਂ ਖਾੜਕੂ ਰਹੇ ਕਹਾਣੀ ਦੇ ਪਾਤਰ ਗੁਰਜੋਤ ਦੇ ਅੰਦਰ ਉਠੀ ਪਛਤਾਵੇ ਦੀ ਇਹ ਚੀਸ ‘ਸਾਨੂੰ ਨਹੀਂ ਚਾਹੀਦਾ ਇਹ ਖੂਨ ਖਰਾਬਾ…ਨਹੀਂ ਚਾਹੀਦਾ ਕੋਈ ਹੋਰ ਬਟਵਾਰਾ’ ਕਹਾਣੀ ਦੇ ਮਾਨਵੀ ਪੱਖ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀ।
ਕੁਲਜੀਤ ਮਾਨ ਦੀ ਕਹਾਣੀ ‘ਵਰਜਿਤ ਫਲ’ ਔਰਤ-ਮਰਦ ਦੇ ਰਿਸ਼ਤੇ ਦੀ ਵਿਆਖਿਆ ਅਰਧ ਸੰਕਲਪ ਦੀ ਇਸ ਮਿੱਥਤ ਧਾਰਨਾ ਅਨੁਸਾਰ ਕਰਦੀ ਹੈ ਕਿ ਹਰ ਪੁਰਸ਼ ਵਿਚ ਅਰਧ ਨਾਰੀ ਤੇ ਹਰ ਨਾਰੀ ਵਿਚ ਅਰਧ ਪੁਰਸ਼ ਦਾ ਵਾਸਾ ਹੁੰਦਾ ਹੈ। ਮਨੁੱਖੀ ਮਨੋ-ਵਿਗਿਆਨ ਦੀਆਂ ਡੂੰਘੀਆਂ ਤੈਹਾਂ ਵਿਚ ਉਤਰਦੀ ਇਹ ਕਹਾਣੀ ਔਰਤ-ਮਰਦ ਦੇ ਮੇਲ ਨੂੰ ਉਨ੍ਹਾਂ ਦੋਵਾਂ ਵੱਲੋਂ ਆਪ ਨਾਲ ਹੀ ਕੀਤੇ ਮੇਲ ਦੇ ਅਰਥਾਂ ਵਿਚ ਲੈਂਦਿਆਂ ਪਤੀ-ਪਤਨੀ ਦੇ ਰਿਸ਼ਤੇ ਨੂੰ ਇਕ ਦੂਜੇ ਦਾ ਪੂਰਕ ਵਜੋਂ ਸਵੀਕਾਰਦੀ ਹੈ। ਦੋਵੇਂ ਧਿਰਾਂ ਦੇ ਸਰੀਰਕ ਮੇਲ ਨੂੰ ਪੂਰਨ ਸਮਰਪਣ ਤੇ ਸੁੰਨ ਸਮਾਧੀ ਵਰਗੀ ਮਾਨਸਿਕ ਇਕਾਗਰਤਾ ਨਾਲ ਤੁਲਨਾਉਂਦਿਆਂ ਇਹ ਕਹਾਣੀ ਇਹ ਸਤੁੰਲਨ ਵਿਗੜਨ ‘ਤੇ ਪੈਦਾ ਹੋ ਸਕਦੀਆਂ ਮਨੋ-ਸਮਾਜਿਕ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਕਰ ਜਾਂਦੀ ਹੈ। ਚਰਨਜੀਤ ਸਿੰਘ ਪੰਨੂ ਦੀ ਕਹਾਣੀ ‘ਸ਼ਗਨਾਂ ਦਾ ਲਿਫਾਫਾ’ ਪੱਛਮ ਤੇ ਪੂਰਬ ਦੀ ਧਰਤੀ ਨਾਲ ਜੁੜੇ ਰਿਸ਼ਤਿਆਂ ਨੂੰ ਇੱਕੋ ਵੇਲੇ ਨਿਭਾਉਣ ਦੀ ਕੋਸ਼ਿਸ਼ ਵਿਚੋਂ ਮਿਲਣ ਵਾਲੀ ਅਸਫਲਤਾ ਨੂੰ ਪਰਵਾਸੀ ਜੀਵਨ ਦੇ ਕੌੜੇ ਸੱਚ ਵਜੋਂ ਉਭਾਰਦੀ ਹੈ। ਆਪਣੇ ਭਾਰਤ ਰਹਿੰਦੇ ਬਜ਼ੁਰਗ ਬਾਪ ਦੀ ਸੇਵਾ ਸੰਭਾਲ ਦੀ ਚਿੰਤਾ ਕਹਾਣੀ ਦੀ ਪਾਤਰ ਗੁਰਵਿੰਦਰ ਨੂੰ ਵਾਰ-ਵਾਰ ਭਾਰਤ ਖਿੱਚ ਲਿਆਉਂਦੀ ਹੈ ਤਾਂ ਕੈਨੇਡਾ ਵਿਚ ਰਹਿ ਰਿਹਾ ਉਸਦਾ ਪਤੀ ਡੇਵਿਡ ਉਸ ਨਾਲ ਆਪਣਾ ਰਿਸ਼ਤਾ ਪੂਰੀ ਤਰ੍ਹਾਂ ਤੋੜ ਲੈਂਦਾ ਹੈ।
ਬਲਬੀਰ ਕੌਰ ਸੰਘੇੜਾ ਦੀ ਕਹਾਣੀ ‘ਆਖਿਰ ਉਹ ਜਿੱਤ ਗਿਆ’ ਵਿਚਲਾ ਹਾਰ ਵਿਚੋਂ ਜਿੱਤ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਲਾ ਮਨੋ-ਵਿਗਿਆਨਕ ਫ਼ਲਸਫਾ ਮਨੁੱਖੀ ਜੀਵਨ ਤੋਰ ਨੂੰ ਅੱਗੇ ਲਿਜਾਣ ਵਿਚ ਲਾਹੇਵੰਦ ਸਾਬਤ ਹੋਣ ਵਾਲਾ ਹੈ। ਕਹਾਣੀ ਵਿਚਲੇ ਕੁਲਦੀਪ ਨੂੰ ਬੁਰਾਈ ਦੀ ਇੰਤਹਾ ‘ਤੇ ਪਹੁੰਚ ਕੇ ਹੀ ਆਪਣੇ ਬੁਰੇਪਣ ਦਾ ਤੀਖਣ ਅਹਿਸਾਸ ਹੁੰਦਾ ਹੈ। ਭਾਵੇਂ ਉਹ ਆਪਣਾ ਘਰ ਪਰਿਵਾਰ ਗੁਆ ਚੁੱਕਾ ਹੈ ਤੇ ਆਪਣੇ ਆਪ ਨੂੰ ਮੁਆਫ ਕੀਤੇ ਦੀ ਉਮੀਦ ਵੀ ਨਹੀਂ ਰੱਖਦਾ, ਫਿਰ ਵੀ ਉਸਦੀ ਕੋਸ਼ਿਸ਼ ਹੈ ਕਿ ਇਹ ‘ਨਫਰਤ ਦੀ ਪਰੰਪਰਾ’ ਉਸਦੇ ਪਰਿਵਾਰ ਦੀ ਵਿਰਾਸਤ ਨਾ ਬਣੇ। ਮੇਜਰ ਮਾਂਗਟ ਦੀ ਕਹਾਣੀ ‘ਲੱਕੜ ਦੀ ਲੱਤ’ ਵਿਚਲਾ ਮਨੋ-ਵਿਗਿਆਨ ਥੱਕੇ ਟੁੱਟੇ ਤੇ ਆਪਣੇ ਖਾਤਮਾ ਚਾਹੁਣ ਵਾਲੇ ਨਿਰਾਸ਼ ਜੀਵਨ ਵਿਚ ਫਿਰ ਤੋਂ ਜਿਉਣ ਦਾ ਨਵਾਂ ਉਤਸ਼ਾਹ ਪੈਦਾ ਕਰਨ ਵਾਲਾ ਹੈ। ਕਹਾਣੀ ਦੀ ਮੁੱਖ ਪਾਤਰ ਜੀਤ ਭਾਰਤ ਤੋਂ ਮੰਗਵਾਏ ਆਪਣੇ ਪਤੀ ਜਤਿੰਦਰ ਨੂੰ ਇੰਜੀਨੀਅਰ ਬਣਾਉਣ ਲਈ ਨਿਰਸੁਆਰਥ ਕੁਰਬਾਨੀਆਂ ਕਰਦੀ ਹੈ। ਜਦੋਂ ਜਤਿੰਦਰ ਆਪਣੇ ਪਰਿਵਾਰਕ ਫਰਜ਼ਾਂ ਨੂੰ ਭੁੱਲ ਕੇ ਗੋਰੀ ਕੁੜੀ ਅਲੀਸਾ ਨਾਲ ਵਿਆਹ ਕਰਵਾ ਲੈਂਦਾ ਹੈ, ਤਾਂ ਉਸਨੂੰ ਆਤਮ ਘਾਤ ਤੋਂ ਇਲਾਵਾ ਜੀਵਨ ਦਾ ਕੋਈ ਹੋਰ ਬਦਲ ਹੀ ਨਹੀਂ ਵਿਖਾਈ ਦਿੰਦਾ। ਸੋਚਾਂ ਦੇ ਇਸ ਪੜਾਅ ‘ਤੇ ਹਸਪਤਾਲ ਵਿਚ ਉਸਦੇ ਨੇੜਲੇ ਬੈਡ ‘ਤੇ ਬਿਹਤਰ ਜ਼ਿੰਦਗੀ ਲਈ ਲੜ ਰਹੀ ਔਰਤ ਉਸ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉਸਨੂੰ ਆਪਣੇ-ਆਪ ਤੋਂ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੀ ਹੈ ਕਿ ਜੇ ਇਹ ਔਰਤ ਆਪਣੀ ਇਕ ਲੱਤ ਕੱਟੇ ਜਾਣ ਤੋਂ ਬਾਅਦ ਵੀ ਜਿਉਂਦੀ ਹੈ ਤਾਂ ਉਹ ਸਾਬਤ-ਸਬੂਤੇ ਜਿਸਮ ਦੇ ਹੁੰਦਿਆਂ ਕਿਉਂ ਨਹੀਂ ਜਿਉਂ ਸਕਦੀ?
ਇਸ ਕਹਾਣੀ ਸੰਗ੍ਰਹਿ ਰਾਹੀਂ ਉਤਰੀ ਅਮਰੀਕਾ ਦੀ ਕਹਾਣੀ ਬਾਰੇ ਬਣਦਾ ਸਮੁੱਚਾ ਪ੍ਰਭਾਵ ਲੇਖਕਾਂ-ਪਾਠਕਾਂ ਨੂੰ ਵੱਡੀ ਮਾਨਸਿਕ ਰਾਹਤ ਦੇਣ ਵਾਲਾ ਹੈ ਕਿ ਪਰਾਈ ਧਰਤੀ ‘ਤੇ ਬੈਠੇ ਕਹਾਣੀਕਾਰ ਪੰਜਾਬੀ ਕਹਾਣੀ ਦੀ ਅਮੀਰੀ ਵਿਚ ਵਾਧਾ ਕਰਨ ਲਈ ਇਧਰਲੇ ਕਹਾਣੀਕਾਰਾਂ ਦੇ ਬਰਾਬਰ ਦਾ ਹੀ ਯੋਗਦਾਨ ਪਾ ਰਹੇ ਹਨ। ਕਹਾਣੀਆਂ ਦੇ ਸੰਪਾਦਨ ਦੀ ਜ਼ਿੰਮੇਵਾਰੀ ਭਾਵੇਂ ਔਰਤ ਸੰਪਾਦਕਾਂ ਨੂੰ ਦਿੱਤੀ ਗਈ ਹੈ ਪਰ ਇਸ ਵਿਚਲੀਆਂ ਕਹਾਣੀਆਂ ਕੇਵਲ ਨਾਰੀ ਮਨ ਤੇ ਉਸ ਨਾਲ ਨਾਲ ਅੰਤਰ ਸਬੰਧਤ ਸਰੋਕਾਰਾਂ ਦਾ ਬਿਰਤਾਂਤ ਸਿਰਜਣ ਤੱਕ ਸੀਮਤ ਨਾ ਰਹਿ ਕੇ ਪਰਾਈ ਧਰਤ ‘ਤੇ ਬੈਠੇ ਹਰ ਵਰਗ ਦੇ ਲੋਕਾਂ ਦੇ ਦੁੱਖਾ-ਸੁੱਖਾਂ ਨਾਲ ਸਾਂਝ ਪਾਉਂਦੀਆਂ ਹਨ। ਕੈਨੇਡਾ ਤੇ ਉਤਰੀ ਅਮਰੀਕਾ ਲੋਕਾਂ ਦੇ ਜੀਵਨ ਨੂੰ ਨਿਯਮਬੱਧ ਕਰਨ ਵਾਲੀ ਉਥੋਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਵਿਵਸਥਾ ਦਾ ਯਥਾਰਥਕ ਚਿਤਰਨ ਕਰਨ ਦੇ ਦ੍ਰਿਸ਼ਟੀਕੋਣ ਤੋਂ ਵੀ ਇਸ ਸੰਗ੍ਰਹਿ ਦੇ ਪ੍ਰਕਾਸ਼ਿਤ ਕੀਤੇ ਜਾਣ ਦਾ ਆਪਣਾ ਵੱਖਰਾ ਮਹੱਤਵ ਹੈ। ਪੁਸਤਕ ਲਈ ਚੁਣੀਆਂ ਗਈਆਂ ਸਾਰੀਆਂ ਕਹਾਣੀਆਂ ਸੰਪਾਦਕੀ ਮੰਡਲ ਦੀ ਚੋਣ ਕਸਵੱਟੀ ‘ਤੇ ਪਰਖੇ ਜਾਣ ਤੋਂ ਬਾਅਦ ਹੀ ਇਸ ਪੁਸਤਕ ਵਿਚ ਆਪਣਾ ਸਥਾਨ ਗ੍ਰਹਿਣ ਕਰ ਸਕੀਆਂ ਹਨ, ਇਸ ਲਈ ਇਨ੍ਹਾਂ ਦਾ ਕਲਾਤਮਿਕ ਮਿਆਰ ਨਵੀਂ ਪੰਜਾਬੀ ਕਹਾਣੀ ਨਾਲ ਵਰ ਮੇਚਣ ਵਾਲਾ ਹੈ। ਭਾਵੇਂ ਕੁਝ ਕਹਾਣੀਆਂ ਦੀਆਂ ਸੰਗਠਾਤਮਕ ਤੇ ਕਲਾਤਮਿਕ ਜੁਗਤਾਂ ਦੁਹਰਾਓ ਦਾ ਪ੍ਰਭਾਵ ਦਿੰਦੀਆਂ ਹਨ, ਪਰ ਕੁਲ ਮਿਲਾ ਕੇ ਇਹ ਸੰਗ੍ਰਹਿ ਪਰਵਾਸੀ ਸਮਾਜਕਿਤਾ ਦੇ ਗੁਣਾਂ-ਦੋਸ਼ਾਂ ਬਾਰੇ ਪਾਠਕੀ ਮਾਨਸਿਕਤਾ `ਤੇ ਬੱਝਵਾਂ ਪ੍ਰਭਾਵ ਪਾਉਣ ਵਾਲਾ ਹੈ। 272 ਪੰਨਿਆਂ ‘ਤੇ ਅਧਾਰਿਤ 300 ਮੁੱਲ ਦੀ ਇਸ ਪੁਸਤਕ ਨੂੰ ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਛਾਪਿਆ ਹੈ।