ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਵਾਲਾ ਵਰਿਆਮ ਮਸਤ

ਸੁਰਜੀਤ ਜੱਸਲ 98146-07737
ਪੰਜਾਬੀ ਰੰਗਮੰਚ, ਫ਼ਿਲਮਾਂ ’ਚ ਬਤੌਰ ਲੇਖਕ, ਨਿਰਦੇਸ਼ਕ, ਅਦਾਕਾਰ ਗੂੜ੍ਹੀਆਂ ਪੈੜਾਂ ਪਾਉਣ ਵਾਲਾ ਵਰਿਆਮ ਮਸਤ ਉਹ ਮਸਤ ਮੌਲਾ ਕਲਾਕਾਰ ਹੈ, ਜਿਸਨੇ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਦੀ ਕਹਾਣੀ ਤੇ ਗੀਤ ਹੀ ਨਹੀਂ ਲਿਖੇ, ਬਲਕਿ ਸਾਹਿਤ ਦੇ ਖੇਤਰ ਵਿਚ ਵੀ ਚੰਗਾ ਨਾਮਣਾ ਖੱਟਿਆ। ਜ਼ਿਕਰਯੋਗ ਹੈ ਕਿ ਇਸੇ ਸਾਲ 13 ਮਈ ਨੂੰ ਚੰਨ ਪ੍ਰਦੇਸੀ ਫ਼ਿਲਮ ਤਕਰੀਬਨ 40 ਸਾਲਾਂ ਬਾਅਦ ਮੁੜ ਪੰਜਾਬੀ ਸਿਨੇਮਿਆਂ ਦਾ ਸਿੰ਼ਗਾਰ ਬਣਨ ਜਾ ਰਹੀ ਹੈ।

ਵਰਿਆਮ ਮਸਤ ਨੇ ਜਿੱਥੇ ‘ਚੰਨ ਪ੍ਰਦੇਸੀ’ ਫ਼ਿਲਮ ਦੀ ਕਹਾਣੀ ਤੇ ਗੀਤ ਲਿਖੇ ਉਥੇ ਨਿੰਮੋ, ਭਾਬੋ, ਜੈ ਮਾਂ ਚਿੰਤਪੂਰਨੀ’ ਸਮੇਤ ਹੋਰ ਵੀ ਕਈ ਫਿਲਮਾਂ ਲਈ ਗੀਤ ਲਿਖੇ। ਵੱਖ-ਵੱਖ ਵਿਸ਼ਿਆਂ `ਤੇ ਆਧਾਰਤ 200 ਤੋਂ ਵੱਧ ਡਾਕੂਮੈਂਟਰੀ ਫ਼ਿਲਮਾਂ ਲਈ ਵੀ ਕੰਮ ਕੀਤਾ। ਸ੍ਰੀ ਹੇਮਕੁੰਟ ਸਾਹਿਬ, ਚਿੱਤਰਕਾਰ ਸੋਭਾ ਸਿੰਘ…ਬਾਰੇ ਬਣੀਆਂ ਡਾਕੂਮੈਂਟਰੀਆਂ ਨੇ ਨੈਸ਼ਨਲ ਐਵਾਰਡ ਵੀ ਪ੍ਰਾਪਤ ਕੀਤੇ।
ਚੰਨ ਪ੍ਰਦੇਸੀ ਦੇ ਮੁੜ ਰਿਲੀਜ਼ ਹੋਣ ਬਾਰੇ ਵਰਿਆਮ ਮਸਤ ਦਾ ਕਹਿਣਾ ਹੈ ਕਿ ਇਸ ਸ਼ੁਭ ਕਾਰਜ ਲਈ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਸਨ। ਵੇਖਿਆ ਜਾਵੇ ਤਾਂ ਇਹ ਬਹੁਤ ਔਖਾ ਤੇ ਚੁਣੌਤੀ ਭਰਿਆ ਵੀ ਸੀ ਪਰ ਸਭਨਾਂ ਦੀ ਮਿਹਨਤ ਤੇ ਹੌਸਲੇ ਨਾਲ ਇਹ ਸੰਭਵ ਹੋਇਆ ਹੈ। ਫ਼ਿਲਮ ਦੀ ਕਹਾਣੀ ਅਤੇ ਗੀਤ ਉਹੀ ਹਨ, ਸਿਰਫ਼ ਉਸ ਵੇਲੇ ਤੇ ਅੱਜ ਦੇ ਸਿਨਮੇ ਨੂੰ ਵੇਖਦਿਆਂ ਕੁਝ ਤਕਨੀਕੀ ਪਰਿਵਰਤਨ ਕੀਤੇ ਗਏ ਹਨ, ਤਾਂ ਕਿ ਇਸ ਫਿਲਮ ਨੂੰ ਆਧੁਨਿਕ ਸਿਨਮੇ ਦੇ ਸਾਂਚੇ ਵਿਚ ਢਾਲ ਕੇ ਪਰਦੇ `ਤੇ ਚਲਾਇਆ ਜਾ ਸਕੇ। ਸਾਨੂੰ ਪੂਰੀ ਆਸ ਹੈ ਕਿ ‘ਚੰਨ ਪ੍ਰਦੇਸੀ’ ਪੰਜਾਬੀ ਦਰਸ਼ਕਾਂ ਦਾ ਪਹਿਲਾਂ ਨਾਲੋਂ ਵੀ ਵਧੇਰੇ ਪਿਆਰ ਹਾਸਲ ਕਰੇਗੀ।
ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਵਰਿਆਮ ਮਸਤ ਨੇ ਦੱਸਿਆ, ‘ਉਨ੍ਹਾਂ ਦਿਨਾਂ ਵਿਚ ਮੈਂ, ਬਲਦੇਵ ਗਿੱਲ ਤੇ ਚੀਮਾ ਚੰਡੀਗੜ੍ਹ ਇੱਕੋ ਕਮਰੇ ਵਿਚ ਰਹਿੰਦੇ ਸੀ। ਇੱਕ ਦਿਨ ਬਲਦੇਵ ਗਿੱਲ ਨੇ ਕਿਹਾ ਕਿ ਤੂੰ ਕਹਾਣੀਆਂ ਲਿਖਦਾ ਰਹਿਨੈਂ, ਕੋਈ ਚੰਗੀ ਜਿਹੀ ਕਹਾਣੀ ਦੱਸ ਜਿਸ ‘ਤੇ ਫ਼ਿਲਮ ਬਣਾਈ ਜਾ ਸਕੇ। ਮੈਂ ਕਿਹਾ, ‘ਮੇਰੇ ਦਿਮਾਗ ਵਿਚ ਬਹੁਤ ਚਿਰਾਂ ਤੋਂ ਇੱਕ ਕਹਾਣੀ ਹੈ ਜਿਸ ’ਤੇ ਚੰਗੀ ਫ਼ਿਲਮ ਬਣਾ ਸਕਦੇ ਹਾਂ।’ ਕਹਾਣੀ ਸੁਣਾਈ ਤਾਂ ਸਭ ਨੂੰ ਪਸੰਦ ਆ ਗਈ। ਬਲਦੇਵ ਗਿੱਲ ਨੇ ਕਹਾਣੀ ਨੂੰ ਹੋਰ ਵਿਸਥਾਰ ਦੇ ਕੇ ਡਾਇਲਾਗ ਤੇ ਸਕਰੀਨ ਪਲੇਅ ਤਿਆਰ ਕੀਤਾ। ਇਸ ਫਿਲਮ ਦੇ ਗੀਤ ਬਹੁਤ ਹਰਮਨ ਪਿਆਰੇ ਹੋਏ। ਵਰਿਆਮ ਮਸਤ ਦਾ ਲਿਖਿਆ ‘ਰੋਜ਼ ਤੱਕਦੀ ਫਿਰਾਂ ਮੈਂ ਤੇਰਾ ਰਾਹ…’, ਮੈਂ ਵਣਜਾਰਾ…ਅਤੇ ‘ਨੀਂ ਮੈਂ ਮੰਨਦੀ ਮਨਾਊਂਤਾ ਪੀਰ ਔਲੀਏ ਦੇ ਜਾਵਾਂ’ ਵੀ ਕਾਫ਼ੀ ਚੱਲੇ।’ ਜਦ ਇਹ ਫਿਲਮ ਬਣ ਕੇ ਰਿਲੀਜ਼ ਹੋਈ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਫਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ। ਵਰਿਆਮ ਨੇ ਇਸ ਫ਼ਿਲਮ ’ਚ ਕਰਤਾਰੇ ਦਾ ਕਿਰਦਾਰ ਵੀ ਨਿਭਾਇਆ।
ਇਕ ਦਿਨ ਉਸਨੂੰ ‘ਵਰਿੰਦਰ’ ਮਿਲਿਆ ਤਾਂ ਉਸਨੇ ਵਰਿਆਮ ਦੇ ਗੀਤਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਆਪਣੀ ਫ਼ਿਲਮ ‘ਨਿੰਮੋ’ ਲਈ ਵੀ ਕੋਈ ਗੀਤ ਲਿਖ ਕੇ ਦੇਵੇ ਤਾਂ ਉਸ ਨੇ ‘ਇਕ ਤੂੰ ਹੋਵੇਂ ਇਕ ਮੈਂ ਹੋਵਾਂ…ਇਕ ਚਰਖੇ ਦੀ ਹੋਵੇ ਗੁੱਝ ਮਿੱਤਰਾ…’ ਗੀਤ ਲਿਖ ਕੇ ਦਿੱਤਾ ਜੋ ਸੁਰੇਸ਼ ਵਾਡੇਕਰ ਅਤੇ ਸਲਮਾ ਆਗਾ ਦੀ ਆਵਾਜ਼ ਵਿਚ ਰਿਕਾਰਡ ਹੋਇਆ।
ਵਰਿਆਮ ਨੇ ਪ੍ਰੀਤੀ ਸਪਰੂ ਦੀ ਫਿਲਮ ‘ਭਾਬੋ’ ਅਤੇ ਧਾਰਮਿਕ ਫਿਲਮ ‘ਜੈ ਮਾਤਾ ਚਿੰਤਪੂਰਨੀ’ ਵਿਚ ਵੀ ਅਦਾਕਾਰੀ ਕੀਤੀ। ‘ਚੰਨ ਪ੍ਰਦੇਸੀ, ‘ਨਿੰਮੋ’ ਫਿਲਮਾਂ ਤੋਂ ਇਲਾਵਾ ਸਵਿਤਾ ਸਾਥੀ ਦੀ ਆਵਾਜ਼ ਵਿਚ ਵਰਿਆਮ ਮਸਤ ਦਾ ਇੱਕ ਗੀਤ ‘ਨਿੰਮੀ ਨਿੰਮੀ ਬੀਨ ਨਾ ਵਜਾ ਵੇ ਜੋਗੀ’ ਵੀ ਬਹੁਤ ਹਰਮਨ ਪਿਆਰਾ ਹੋਇਆ।
ਅੱਜ-ਕੱਲ੍ਹ ਦਿੱਲੀ ਰਹਿੰਦੇ ਵਰਿਆਮ ਮਸਤ ਦਾ ਜਨਮ 15 ਅਪ੍ਰੈਲ 1951 ਨੂੰ ਰਾਜਪੁਰਾ ਨੇੜਲੇ ਪਿੰਡ ਫ਼ਰੀਦਪੁਰ ਗੁੱਜਰਾਂ ਵਿਖੇ ਪਿਤਾ ਸਵ. ਜੈਮਲ ਸਿੰਘ ਰੋਮਾਣਾ ਤੇ ਮਾਤਾ ਅਪਾਰ ਕੌਰ ਦੇ ਘਰ ਹੋਇਆ ਤੇ ਬਚਪਨ ਲਿਖਾਰੀਆਂ ਦੇ ਸ਼ਹਿਰ ਬਰਨਾਲੇ ਗੁਜ਼ਰਿਆ, ਜਿੱਥੋਂ ਦੇ ਪੌਣ-ਪਾਣੀ ਤੇ ਕਲਾਤਮਿਕ ਮਾਹੌਲ ਨੇ ਉਸਨੂੰ ਆਪਣੇ ਰੰਗ ਵਿਚ ਰੰਗ ਲਿਆ। ਕਲਾ ਦੇ ਖੇਤਰ ਨਾਲ ਜੁੜਨ ਦਾ ਸਬੱਬ ਉਸਨੂੰ ਬਰਨਾਲੇ ਦੀ ਮਹਾਂਸ਼ਕਤੀ ਕਲਾ ਮੰਦਰ ਤੋਂ ਹੀ ਬਣਿਆ, ਜਿਥੇ ਉਹ ਰਾਮਲੀਲ੍ਹਾ ਵੇਖਣ ਜਾਂਦਾ ਸੀ ਅਤੇ ਇਸੇ ਮੰਚ ਤੋਂ ਖੇਡੇ ਜਾਂਦੇ ਸਮਾਜ-ਸੁਧਾਰ ਡਰਾਮਿਆਂ ਨੇ ਉਸਦੇ ਅੰਦਰਲੇ ਕਲਾਕਾਰ ਨੂੰ ਹਲੂਣਾ ਦਿੱਤਾ। 1973 ਵਿਚ ਜਦ ਗਰੇਜੂਏਸ਼ਨ ਪੂਰੀ ਹੋਈ ਤਾਂ ਵਰਿਆਮ ਚੰਡੀਗੜ੍ਹ ਦੀ ਬੱਸ ਫੜ, ਬਲਵੰਤ ਗਾਰਗੀ ਦੇ ਚਰਨੀਂ ਜਾ ਲੱਗਿਆ। ਵਰਿਆਮ ਨੇ ਬਲਵੰਤ ਗਾਰਗੀ ਦੀ ਟੀਮ ’ਚ ਅਨੇਕਾਂ ਨਾਟਕ ਖੇਡੇ। ਅਨੇਕਾਂ ਨਾਟਕ ਲਿਖੇ, ਕਈ ਸਾਲ ਗਾਰਗੀ ਨਾਲ ਰਹਿੰਦਿਆਂ ਉਸਨੇ ਗਾਰਗੀ ਦੀ ਜ਼ਿੰਦਗੀ ਨੂੰ ਬਹੁਤ ਨੇੜੇ ਤੋਂ ਵੇਖਿਆ। ਵਰਿਆਮ ਨੇ ਦੱਸਿਆ ਕਿ ਉਸਨੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਚੀਟਿਊਟ ਆਫ ਇੰਡੀਆ ਪੂਨਾ (ਮਹਾਰਾਸ਼ਟਰ) ਤੋਂ ਵੀ ਪੜ੍ਹਾਈ ਕੀਤੀ। ਚੰਡੀਗੜ੍ਹ ਰਹਿੰਦਿਆਂ ਵਰਿਆਮ ਨੇ ਆਪਣਾ ਇੱਕ ਨਾਟਕ ਗਰੁੱਪ ਬਣਾ ਲਿਆ ਤੇ ਅਨੇਕਾਂ ਨਾਟਕ ਖੇਡੇ ਤੇ ਫ਼ਿਲਮਾਂ ਕੀਤੀਆਂ। ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਕਲਚਰ ਵਿੰਗ ਦੇ ਪੰਜਾਬ ਡਰਾਮਾ ਰੈਪਰਟਰੀ ਕੰਪਨੀ ਵਿਚ ਬਤੌਰ ਪ੍ਰੋਫੈਸ਼ਨਲ ਆਰਟਿਸਟ ਕੰਮ ਕਰਦਿਆਂ ਪੰਜਾਬ ਭਰ ਵਿਚ ਕਲਾਕਾਰਾਂ ਦੀ ਟੀਮ ਲੈ ਕੇ ਨਾਟਕ ਖੇਡੇ।
ਉਸਨੇ ਫਿਰ ਪੰਜਾਬ ਸਰਕਾਰ ਦੇ ਅਦਾਰੇ ਫ਼ਿਲਮ ਐਂਡ ਥੀਏਟਰ ਡਿਪਾਰਟਮੈਂਟ ਨਾਲ ਜੁੜ ਕੇ ਸਕ੍ਰਿਪਟ ਲੇਖਕ ਦੇ ਤੌਰ `ਤੇ ਨੌਕਰੀ ਕੀਤੀ, ਜਿਸ ਦੌਰਾਨ 200 ਦੇ ਕਰੀਬ ਡਾਕੂਮੈਂਟਰੀ ਫ਼ਿਲਮਾਂ ਲਿਖੀਆਂ ਤੇ ਡਾਇਰੈਕਟ ਕੀਤੀਆਂ। ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਸਿਨਮਾ ਘਰਾਂ ’ਚ ਫ਼ਿਲਮ ਚੱਲਣ ਤੋਂ ਪਹਿਲਾਂ 10-15 ਮਿੰਟ ਦੀ ਇੱਕ ਬਲੈਕ ਐਂਡ ਵ੍ਹਾਈਟ ਡਾਕੂਮੈਂਟਰੀ ਫ਼ਿਲਮ ਵਿਖਾਈ ਜਾਂਦੀ ਸੀ, ਜੋ ਇਤਿਹਾਸਕ, ਸਮਾਜਿਕ ਜਾਂ ਦੇਸ਼ ਭਗਤੀ ਆਧਾਰਤ ਵਿਸ਼ੇ ’ਤੇ ਹੁੰਦੀ ਸੀ। ਉਸ ਫ਼ਿਲਮ ’ਚ ਪਰਦੇ ਪਿਛਲੀ ਆਵਾਜ਼, ਐਡੀਟਿੰਗ ਤੇ ਡਾਇਰੈਕਸ਼ਨ ਵਰਿਆਮ ਮਸਤ ਦੀ ਹੁੰਦੀ ਸੀ।
ਫਿਰ 1991 ਵਿਚ ਉਸ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਦੇ ਗੀਤ ਅਤੇ ਡਰਾਮਾ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਰਹਿੰਦਿਆਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਮਾਜਿਕ ਮੁੱਦਿਆਂ `ਤੇ ਆਧਾਰਤ ਲੋਕ ਚੇਤਨਾ ਦਾ ਚਾਨਣ ਵੰਡਦੇ ਨਾਟਕਾਂ ਅਤੇ ਸੰਗੀਤਕ ਪ੍ਰੋਗਰਾਮਾਂ ਦਾ ਮੰਚਨ ਕੀਤਾ।
ਵਰਿਅਮ ਮਸਤ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਹੀ ਉਸ ਦੀ ਲੇਖਣੀ ਦਾ ਕਾਰਜ ਵੀ ਜ਼ੋਰਾਂ ‘ਤੇ ਰਿਹਾ। ਉਸਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਅਨੇਕਾਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕਾਂ ਦੀਆਂ ਕਿਤਾਬਾਂ ਲਿਖੀਆਂ, ਜਿਨ੍ਹਾਂ ’ਚ ‘ਵਿਹੜੇ ਦੀ ਮਹਿਕ’, ‘ਰਿਸ਼ਤੇ’, ‘ਨੈਣਾਂ’ ਨਾਟਕ ਬਹੁਤ ਮਸ਼ਹੂਰ ਹੋਏ। ਇਸ ਤੋਂ ਇਲਾਵਾ ਕਵਿਤਾਵਾਂ ਦੀਆਂ ਚਾਰ ਪੁਸਤਕਾਂ ‘ਪਲ ਦੇ ਪ੍ਰਾਹੁਣੇ, ‘ਸੁਮੇਲ’, ‘ਪੈਂਸ਼ਨ’ ਤੇ ‘ਸੁਮੰਦਰ ਉਘਲਾਅ ਰਿਹਾ ਹੈ’ ਛਪ ਚੁੱਕੀਆਂ ਹਨ। ‘ਨਾਟਕ ਬਾਕੀ ਹੈ’, ‘ਤਮਾਸ਼ਾ’, ‘ਕੁੰਡਲੀ’, ‘ਘਰਲੀ’, ‘ਉਡਾਰੀ’, ‘ਅੱਜ ਦੀ ਸਾਹਿਬਾ’, ‘ਖਾਰਾ ਪਾਣੀ’, ‘ਬੂਟੀਕ’, ‘ਭੰਬੂਕਾਂ’ ਆਦਿ ਨਾਟਕਾਂ ਦੀਆਂ ਕਿਤਾਬਾਂ ਛਪੀਆਂ। ਉਸਦਾ ਨਾਟਕ ‘ਖਾਰਾ ਪਾਣੀ’ ਦਾ ਆਸਾਮੀ ਭਾਸ਼ਾ ਵਿਚ ਵੀ ਅਨੁਵਾਦ ਹੋ ਕੇ ਛਪਿਆ ਹੈ। ਇਸ ਤੋਂ ਇਲਾਵਾ `ਸੈਲਫੀ`, `ਟਵੀਟੀ`, `ਬੱਤਖ ਜੈਸੀ ਆਂਖੇਂ`, `ਟੱਚਿੰਗ ਮੂਮੈਂਟਸ`, ਕਹਾਣੀਆਂ ਦੀਆਂ ਕਿਤਾਬਾਂ ਵੀ ਛਪੀਆਂ ਹਨ। ‘ਮਾਈ ਥੀਏਟਰ ਡੇਅਜ਼ (ਸਵੈ ਜੀਵਨੀ-ਅੰਗਰੇਜ਼ੀ) ਪੰਜਾਬੀ ਨਾਵਲ ‘ਕਾਲੀ ਧਰਤੀ ਗੋਰੇ ਲੋਗ’, ‘ਲੇਹ `ਤੇ ਕਹਿਰ’, ‘ਸੁਲਾਬ੍ਹੇ ਚੁੱਲ੍ਹੇ’ ਵੀ ਛਪੇ ਹਨ।
ਈ ਟੀ ਸੀ ਪੰਜਾਬੀ ਚੈਨਲ ‘ਤੇ ਇਕ ਸੀਰੀਅਲ ‘ਉਡੀਕ’ ਵੀ ਬਹੁਤ ਹਰਮਨ-ਪਿਆਰਾ ਹੋਇਆ। 60 ਕਿਸ਼ਤਾਂ ਦਾ ਇਹ ਸੀਰੀਅਲ ਦੋ-ਤਿੰਨ ਸਾਲ ਚੱਲਿਆ। ਇਸ ਤੋਂ ਇਲਾਵਾ ਇਸ ਸੀਰੀਅਲ ਵਿਚ ਉਸ ਨੇ ਮੁੱਖ ਭੂਮਿਕਾ ਵੀ ਨਿਭਾਈ। ਇਸ ਤੋਂ ਇਲਾਵਾ ਵਰਿਆਮ ਨੇ ਪ੍ਰੀਤੀ ਸਪਰੂ ਦੀ ਫਿਲਮ ‘ਭਾਬੋ ’ ਅਤੇ ਧਾਰਮਿਕ ਫਿਲਮ ‘ਜੈ ਮਾਤਾ ਚਿੰਤਪੂਰਨੀ’ ਵਿਚ ਵੀ ਅਦਾਕਾਰੀ ਕੀਤੀ। ਉਸਦੀਆਂ ਲਿਖੀਆਂ ਤਿੰਨ ਫ਼ਿਲਮਾਂ ‘ਚੰਨ ਪ੍ਰਦੇਸੀ’, ‘ਪ੍ਰੋਫਾਇਲ ਆਫ਼ ਪੇਂਟਰ-ਸ਼ੋਭਾ ਸਿੰਘ’ ਅਤੇ ‘ਸ੍ਰੀ ਹੇਮਕੁੰਟ ਸਾਹਿਬ’ ਨੂੰ ਨੈਸ਼ਨਲ ਐਵਾਰਡ ਮਿਲਿਆ।
ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਉਸ ਦੱਸਿਆ, ‘ਮੇਰੀ ਜੀਵਨ ਸਾਥਣ ਬਲਵੀਰ ਮਸਤ ਨੇ ਕਲਾ ਅਤੇ ਜ਼ਿੰਦਗੀ ਦੇ ਹਰ ਮੋੜ ‘ਤੇ ਮੇਰਾ ਸਾਥ ਦਿੱਤਾ ਹੈ। ਮੇਰਾ ਬੇਟਾ ਟੋਰਾਂਟੋ (ਕੈਨੇਡਾ) ਰਹਿੰਦੈ, ਜੋ ਸਾਫਟਵੇਅਰ ਇੰਜੀਨੀਅਰ ਹੈ। ਬੇਟੀ ਡਾਕਟਰ ਹੈ ਜੋ ਬੋਸਟਨ ਅਮਰੀਕਾ ਰਹਿੰਦੀ ਹੈ। ਮੈਂ ਆਪਣੇ ਬੱਚਿਆਂ ‘ਤੇ ਇਹ ਥੋਪਣਾ ਨਹੀਂ ਚਾਹਿਆ ਕਿ ਉਹ ਆਰਟਿਸਟ ਹੀ ਬਣਨ…ਜੇ ਉਨ੍ਹਾਂ ਦੇ ਮਨ ’ਚ ਹੁੰਦਾ ਤਾਂ ਉਹ ਇੱਧਰ ਆ ਜਾਂਦੇ। ਮੈਂ ਮਜਬੂਰ ਨਹੀਂ ਕੀਤਾ। ਵੇਖਿਆ ਜਾਵੇ ਤਾਂ ਰੰਗਮੰਚ ਕਰਨਾ ਤਾਂ ਘਰ ਫੂਕ ਤਮਾਸ਼ਾ ਵੇਖਣਾ ਹੀ ਹੈ। ਅੱਜ-ਕੱਲ੍ਹ ਤਾਂ ਰੰਗਮੰਚ ਕਲਾਕਾਰਾਂ ਦੀ ਸਿਨਮੇ ਕਰਕੇ ਕਦਰ ਪੈਣ ਲੱਗੀ ਹੈ। ਸਾਡੇ ਦੌਰ ਵਿਚ ਤਾਂ ਬਹੁਤ ਮਾੜੀ ਹਾਲਤ ਸੀ। ਭੁੱਖੇ-ਭਾਣੇ ਤੁਰੇ ਫਿਰਦੇ ਸੀ, ਰੰਗਮੰਚ ਦਾ ਜਨੂੰਨ ਲੈ ਕੇ…।’
ਬਰਨਾਲੇ ਬਾਰੇ ਗੱਲ ਕਰਦਿਆਂ ਵਰਿਆਮ ਮਸਤ ਨੇ ਕਿਹਾ ਕਿ ਇਸ ਖੇਤਰ ਦੀ ਸਾਹਿਤ ਅਤੇ ਰੰਗਮੰਚ ਨੂੰ ਬਹੁਤ ਵੱਡੀ ਦੇਣ ਹੈ। ਬਲਵੰਤ ਗਾਰਗੀ ਦੀ ਜਨਮ ਭੂਮੀ (ਪਿੰਡ ਸ਼ਹਿਣਾ) ਹੋਣ ਦਾ ਬਰਨਾਲਾ ਜ਼ਿਲ੍ਹੇ ਨੂੰ ਮਾਣ ਹੈ। ਮੇਰੀ ਕੋਸ਼ਿਸ਼ ਹੈ ਕਿ ਇੱਥੇ ਕਲਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਕੋਈ ਓਪਨ ਏਅਰ ਥੀਏਟਰ ਜਾਂ ਐਡੀਟੋਰੀਅਲ ਬਣਾਇਆ ਜਾਵੇ, ਜਿਸ ਵਿਚ ਰੰਗਮੰਚ ਵੀ ਹੋਵੇ, ਇੱਕ ਲਾਇਬ੍ਰੇਰੀ ਹੋਵੇ ਤੇ ਮਿਊਜ਼ੀਅਮ ਹੋਵੇ। ਸਾਹਿਤਕਾਰਾਂ, ਰੰਗਕਰਮੀਆਂ ਦੀ ਜਾਣਕਾਰੀ ਦੇਣ ਵਾਲੀ ਆਰਟ ਗੈਲਰੀ ਹੋਵੇ।